ਚੰਦਰਸ਼ੇਖਰ ਆਜ਼ਾਦ ਜਿੰਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਜ਼ਿੰਦਾ ਫੜ੍ਹਣ ''''ਚ ਅਸਫਲ ਰਹੀ ਸੀ

02/27/2021 8:04:53 AM

ਇਹ ਗੱਲ ਸਾਲ 1925 ਦੀ ਹੈ। ਉਸ ਸਮੇਂ ਅੱਸ਼ਫ਼ਾਕਉੱਲਾ, ਸ਼ਤੀਂਦਰਨਾਥ ਬਖ਼ਸ਼ੀ ਅਤੇ ਰਾਜਿੰਦਰ ਲਹਿੜੀ ਅੱਠ ਡਾਊਨ ਯਾਤਰੂ ਰੇਲਗੱਡੀ ਦੇ ਦੂਜੇ ਦਰਜੇ ਦੇ ਡੱਬੇ ''ਚ ਸਵਾਰ ਹੋਏ ਸਨ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਤੈਅ ਜਗ੍ਹਾ ''ਤੇ ਜ਼ੰਜੀਰ ਖਿੱਚ ਕੇ ਰੇਲਗੱਡੀ ਨੂੰ ਰੋਕ ਦੇਣ।

ਉਨ੍ਹਾਂ ਦੇ ਦੂਜੇ ਸੱਤ ਸਾਥੀ ਰਾਮਪ੍ਰਸਾਦ ਬਿਸਮਿਲ, ਕੇਸ਼ਵ ਚੱਕਰਵਤੀ, ਮੁਰਾਰੀਲਾਲ, ਮੁਕੁੰਦੀਲਾਲ, ਬਨਵਾਰੀ ਲਾਲ, ਮੰਮਥਨਾਥ ਗੁਪਤ ਅਤੇ ਚੰਦਰਸ਼ੇਖਰ ਆਜ਼ਾਦ ਉਸੇ ਟ੍ਰੇਨ ਦੇ ਤੀਜੇ ਦਰਜੇ ਦੇ ਡੱਬੇ ''ਚ ਸਵਾਰ ਸਨ।

ਉਨ੍ਹਾਂ ''ਚੋਂ ਕੁੱਝ ਨੂੰ ਡਰਾਇਵਰ ਅਤੇ ਗਾਰਡ ਨੂੰ ਫੜਣ ਦਾ ਕੰਮ ਸੌਂਪਿਆ ਗਿਆ ਸੀ। ਬਾਕੀਆਂ ਨੂੰ ਰੇਲਗੱਡੀ ਦੇ ਦੋਵੇਂ ਪਾਸੇ ਪਹਿਰਾ ਦੇਣ ਅਤੇ ਖ਼ਜ਼ਾਨਾ ਲੁੱਟਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਜਿਸ ਸਮੇਂ ਰੇਲਗੱਡੀ ਦੀ ਜ਼ੰਜ਼ੀਰ ਖਿੱਚੀ ਗਈ ਸੀ, ਉਸ ਸਮੇਂ ਲਗਭਗ ਹਨੇਰਾ ਹੀ ਹੋ ਗਿਆ ਸੀ। ਗਾਰਡ ਅਤੇ ਡਰਾਇਵਰ ਨੂੰ ਮੁੱਦੇ ਮੂੰਹ ਲਿਟਾ ਦਿੱਤਾ ਗਿਆ ਸੀ ਅਤੇ ਤਿਜੋਰੀ ਨੂੰ ਟ੍ਰੇਨ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ

  • ਨੌਦੀਪ ਕੌਰ ਨੇ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਕੀ ਕਿਹਾ
  • ਪੁਲਿਸ ਨੇ ਇੱਕ ਰੇਪ ਕੇਸ ਦਾ ਮੁੱਖ ਮੁਲਜ਼ਮ ਵਾਰਦਾਤ ਦੇ 20 ਸਾਲ ਮਗਰੋਂ ਕਿਵੇਂ ਫੜ੍ਹਿਆ
  • ਦੁਬਈ ਦੀ ਰਾਜਕੁਮਾਰੀ ਲਤੀਫ਼ਾ ਨੇ ਯੂਕੇ ਪੁਲਿਸ ਨੂੰ ਭੈਣ ਦੇ ਅਗਵਾ ਹੋਣ ਦਾ ਕੇਸ ਮੁੜ ਖੋਲ੍ਹਣ ਲਈ ਕਿਉਂ ਕਿਹਾ

ਤਿਜੋਰੀ ਕਾਫ਼ੀ ਭਾਰੀ ਅਤੇ ਮਜ਼ਬੂਤ ਸੀ। ਹਥੌੜਿਆਂ ਅਤੇ ਛੇਨੀ ਨਾਲ ਉਸ ਨੂੰ ਤੋੜਿਆਂ ਜਾਣ ਲੱਗਾ। ਕਾਕੋਰੀ ਟ੍ਰੇਨ ਡਕੈਤੀ ''ਚ ਆਜ਼ਾਦ ਨੂੰ ਛੱਡ ਕੇ ਬਾਕੀ ਸਾਰੇ ਹੀ ਕ੍ਰਾਂਤੀਕਾਰੀ ਫੜੇ ਗਏ ਸਨ। ਅੱਸ਼ਫਾਕਉੱਲਾ ਦੇ ਜ਼ੋਰਦਾਰ ਹਥੌੜੇ ਦੀ ਮਾਰ ਨਾਲ ਤਿਜੋਰੀ ਦਾ ਮੂੰਹ ਖੁੱਲ ਗਿਆ।

ਉਸ ''ਚ ਵੱਡੀ ਮਾਤਰਾ ''ਚ ਨਕਦੀ ਪਈ ਹੋਈ ਸੀ। ਇਸ ਲਈ ਨਕਦੀ ਨੂੰ ਕੱਪੜੇ ਦੀ ਪੰਡ ''ਚ ਬੰਨ੍ਹਿਆ ਗਿਆ ਅਤੇ ਕ੍ਰਾਂਤੀਕਾਰੀਆਂ ਨੇ ਪੈਦਲ ਹੀ ਲਖਨਾਊ ਵੱਲ ਚਾਲੇ ਪਾਏ।

ਸ਼ਹਿਰ ''ਚ ਦਾਖ਼ਲ ਹੁੰਦਿਆਂ ਹੀ ਖਜ਼ਾਨੇ ਨੂੰ ਸੁਰੱਖਿਅਤ ਜਗ੍ਹਾ ''ਤੇ ਰੱਖਿਆ ਗਿਆ। ਸਾਰੇ ਕ੍ਰਾਂਤੀਕਾਰੀ ਪਹਿਲਾਂ ਤੋਂ ਤੈਅ ਠਿਕਾਣੇ ''ਤੇ ਚਲੇ ਗਏ। ਪਰ ਚੰਦਰ ਸ਼ੇਖਰ ਆਜ਼ਾਦ ਨੇ ਉਹ ਰਾਤ ਇੱਕ ਪਾਰਕ ''ਚ ਹੀ ਬੈਠ ਕੇ ਕੱਢੀ। ਸਵੇਰ ਹੁੰਦਿਆਂ ਹੀ ਇੰਡੀਅਨ ਡੇਲੀ ਟੈਲੀਗ੍ਰਾਫ਼ ਅਖ਼ਬਾਰ ਵੇਚਣ ਵਾਲਾ ਜ਼ੋਰ-ਜ਼ੋਰ ਨਾਲ ਚੀਕ ਰਿਹਾ ਸੀ " ਕਾਕੋਰੀ ਦੇ ਕੋਲ ਸਨਸਨੀਖੇਜ਼ ਲੁੱਟ"।

ਇਸ ਟ੍ਰੇਨ ਡਕੈਤੀ ਨਾਲ ਬ੍ਰਿਟਿਸ਼ ਸ਼ਾਸਨ ਪੂਰੀ ਤਰ੍ਹਾਂ ਨਾਲ ਬੌਖਲਾ ਗਿਆ ਸੀ। ਖੁਫ਼ੀਆ ਵਿਭਾਗ ਦੇ ਲੋਕ ਸੁਚੇਤ ਹੋ ਗਏ ਅਤੇ ਉਨ੍ਹਾਂ ਸਾਰੇ ਲੋਕਾਂ ''ਤੇ ਨਜ਼ਰ ਰੱਖਣ ਲੱਗੇ ਜਿੰਨ੍ਹਾਂ ''ਤੇ ਕ੍ਰਾਂਤੀਕਾਰੀ ਹੋਣ ਦਾ ਥੋੜਾ ਵੀ ਖਦਸ਼ਾ ਸੀ।

47 ਦਿਨਾਂ ਬਾਅਦ, ਯਾਨੀ ਕਿ 26 ਸਤੰਬਰ, 1925 ਨੂੰ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ''ਚ ਛਾਪੇਮਾਰੀ ਕੀਤੀ ਗਈ ਅਤੇ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ। ਇੰਨ੍ਹਾਂ ''ਚੋਂ ਚਾਰ ਲੋਕਾਂ ਨੂੰ ਤਾਂ ਫਾਂਸੀ ''ਤੇ ਵੀ ਲਟਕਾਇਆ ਗਿਆ ਸੀ।

ਚਾਰ ਨੂੰ ਕਾਲਾਪਾਣੀ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ 17 ਲੋਕਾਂ ਨੂੰ ਲੰਬੀ ਕੈਦ ਦੀ ਸਜ਼ਾ ਦਿੱਤੀ ਗਈ ਸੀ। ਇਸ ਡਕੈਤੀ ''ਚ ਸ਼ਾਮਲ ਚੰਦਰਸ਼ੇਖਰ ਆਜ਼ਾਦ ਅਤੇ ਕੁੰਦਰ ਲਾਲ ਹੀ ਪੁਲਿਸ ਦੇ ਹੱਥੇ ਨਾ ਚੜ੍ਹੇ। ਆਜ਼ਾਦ ਨੂੰ ਤਾਂ ਪੁਲਿਸ ਕਦੇ ਵੀ ਜ਼ਿੰਦਾ ਫੜ੍ਹ ਹੀ ਨਾ ਸਕੀ।

ਭਗਤ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਬਚਾਇਆ ਸੀ ਆਜ਼ਾਦ ਨੇ

ਆਜ਼ਾਦ ਬਾਰੇ ਇਹ ਮਸ਼ਹੂਰ ਸੀ ਕਿ ਉਨ੍ਹਾਂ ਦਾ ਨਿਸ਼ਾਨਾ ਬਹੁਤ ਪੱਕਾ ਹੈ। 17 ਦਸੰਬਰ, 1927 ਨੂੰ ਅੰਗ੍ਰੇਜ਼ ਡੀਐਸਪੀ ਜਾਨ ਸਾਉਂਡਰਸ ਨੂੰ ਮਾਰਨ ਤੋਂ ਬਾਅਦ ਭਗਤ ਸਿੰਘ ਅਤੇ ਰਾਜਗੁਰੂ ਡੀਏਵੀ ਕਾਲਜ ਦੇ ਹਾਸਟਲ ਵੱਲ ਭੱਜ ਰਹੇ ਸਨ ਤਾਂ ਇੱਕ ਪੁਲਿਸ ਹਵਲਦਾਰ ਚੰਨਣ ਸਿੰਘ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ।

ਹਾਸਟਲ ਤੋਂ ਸਾਰਾ ਨਜ਼ਾਰਾ ਵੇਖ ਰਹੇ ਆਜ਼ਾਦ ਨੂੰ ਇਹ ਭਿਣਕ ਲੱਗ ਗਈ ਸੀ ਕਿ ਭਗਤ ਸਿੰਘ ਅਤੇ ਰਾਜਗੁਰੂ ਨੇ ਆਪਣੀ ਪਿਸਤੌਲ ਦੀਆਂ ਸਾਰੀਆਂ ਗੋਲੀਆਂ ਸਾਉਂਡਰਸ ''ਤੇ ਚਲਾ ਦਿੱਤੀਆਂ ਸਨ ਅਤੇ ਹੁਣ ਉਨ੍ਹਾਂ ਦੀ ਪਿਸਤੌਲ ''ਚ ਇੱਕ ਵੀ ਗੋਲੀ ਨਹੀਂ ਸੀ।

ਚੰਦਰ ਸ਼ੇਖਰ ਆਜ਼ਾਦ ਦੇ ਸਾਥੀ ਰਹੇ ਸ਼ਿਵ ਵਰਮਾ ਆਪਣੀ ਕਿਤਾਬ ''ਰੇਮਿਨੇਸੇਂਜ਼ ਆਫ ਫ਼ਿਲੋ ਰੇਵੀਲਿਊਸ਼ਨ'' ''ਚ ਲਿਖਦੇ ਹਨ ਕਿ "ਇਹ ਜ਼ਿੰਦਗੀ ਅਤੇ ਮੌਤ ਦੀ ਦੌੜ ਸੀ ਅਤੇ ਦੋਵਾਂ ਦੇ ਵਿਚਾਲੇ ਦੀ ਦੂਰੀ ਹੌਲੀ-ਹੌਲੀ ਘੱਟਦੀ ਹੀ ਜਾ ਰਹੀ ਸੀ। ਭੱਜਦਿਆਂ ਹੋਇਆਂ ਚੰਨਣ ਸਿੰਘ ਦੀਆਂ ਬਾਹਾਂ ਭਗਤ ਸਿੰਘ ਨੂੰ ਫੜ੍ਹਣ ਹੀ ਵਾਲੀਆਂ ਸਨ।"

"ਪਰ ਇਸ ਤੋਂ ਪਹਿਲਾਂ ਕਿ ਭਗਤ ਸਿੰਘ ਚੰਨਣ ਸਿੰਘ ਦੀ ਗ੍ਰਿਫ਼ਤ ''ਚ ਆਉਂਦੇ, ਇੱਕ ਗੋਲੀ ਉਨ੍ਹਾਂ ਦੇ ਪੱਟ ''ਚ ਆ ਕੇ ਲੱਗੀ। ਉਹ ਡਿੱਗ ਗਏ ਅਤੇ ਬਾਅਦ ''ਚ ਜ਼ਿਆਦਾ ਖੂਨ ਨਿਕਲ ਜਾਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇਹ ਗੋਲੀ ਆਪਣੀ ਮਾਊਜ਼ਰ ਪਿਸਤੌਲ ''ਚੋਂ ਚੰਦਰ ਸ਼ੇਖਰ ਆਜ਼ਾਦ ਨੇ ਚਲਾਈ ਸੀ।"

Getty Images
ਸਾਲ 1931 ''ਚ ਆਜ਼ਾਦ ਨੇ ਆਨੰਦ ਭਵਨ ''ਚ ਜਵਾਹਰ ਲਾਲ ਨਹਿਰੂ ਨਾਲ ਇੱਕ ਗੁਪਤ ਮੁਲਾਕਾਤ ਕੀਤੀ ਸੀ

ਆਜ਼ਾਦ ਦੀ ਨਹਿਰੂ ਨਾਲ ਮੁਲਾਕਾਤ

ਸਾਲ 1931 ''ਚ ਆਜ਼ਾਦ ਨੇ ਆਨੰਦ ਭਵਨ ''ਚ ਜਵਾਹਰ ਲਾਲ ਨਹਿਰੂ ਨਾਲ ਇੱਕ ਗੁਪਤ ਮੁਲਾਕਾਤ ਕੀਤੀ ਸੀ।

ਨਹਿਰੂ ਆਪਣੀ ਸਵੈ ਜੀਵਨੀ ''ਚ ਲਿਖਦੇ ਹਨ, "ਮੇਰੇ ਪਿਤਾ ਦੀ ਮੌਤ ਤੋਂ ਬਾਅਦ ਇੱਕ ਅਜਨਬੀ ਮੈਨੂੰ ਮਿਲਣ ਲਈ ਮੇਰੇ ਘਰ ਆਇਆ। ਮੈਨੂੰ ਦੱਸਿਆ ਗਿਆ ਸੀ ਕਿ ਉਸ ਦਾ ਨਾਂਅ ਚੰਦਰਸ਼ੇਖਰ ਆਜ਼ਾਦ ਹੈ। ਇਸ ਤੋਂ ਪਹਿਲਾਂ ਮੈਂ ਕਦੇ ਵੀ ਉਸ ਨੂੰ ਵੇਖਿਆ ਨਹੀਂ ਸੀ। ਪਰ ਦੱਸ ਸਾਲ ਪਹਿਲਾਂ ਉਸ ਦਾ ਨਾਮ ਜ਼ਰੂਰ ਸੁਣਿਆ ਸੀ ਜਦੋਂ ਉਹ ਅਸਹਿਯੋਗ ਅੰਦੋਲਨ ਦੌਰਾਨ ਜੇਲ੍ਹ ਗਿਆ ਸੀ।”

ਇਹ ਵੀ ਪੜ੍ਹੋ:-

  • 85 ਸਾਲ ਬਾਅਦ ਕਿਵੇਂ ਲੱਭੀ ਭਗਤ ਸਿੰਘ ਦੀ ਪਿਸਤੌਲ
  • ਭਗਤ ਸਿੰਘ ਦਾ ਕਾਂਗਰਸ ਨਾਲ ਕੀ ਰਿਸ਼ਤਾ ਸੀ?
  • ਇਨਕਲਾਬ ਤੇ ਲੁੱਟ-ਖਸੁੱਟ ਬਾਰੇ ਭਗਤ ਸਿੰਘ ਨੇ ਕੀ ਕਿਹਾ?

“ਉਹ ਇਹ ਜਾਣਨ ਆਇਆ ਸੀ ਕਿ ਜੇਕਰ ਸਰਕਾਰ ਅਤੇ ਕਾਂਗਰਸ ਵਿਚਾਲੇ ਸਮਝੌਤਾ ਹੋ ਜਾਂਦਾ ਹੈ ਤਾਂ ਕੀ ਉਨ੍ਹਾਂ ਵਰਗੇ ਲੋਕ ਸ਼ਾਂਤੀ ਨਾਲ ਰਹਿ ਸਕਣਗੇ। ਉਸ ਦਾ ਮੰਨਣਾ ਸੀ ਕਿ ਆਜ਼ਾਦੀ ਨਾ ਤਾਂ ਅੱਤਵਾਦੀ ਢੰਗਾਂ ਨਾਲ ਹਾਸਲ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਸਿਰਫ ਸ਼ਾਂਤੀਪੂਰਨ ਤਰੀਕਿਆਂ ਨਾਲ ਆਜ਼ਾਦੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।"

ਇੱਕ ਹੋਰ ਆਜ਼ਾਦੀ ਘੁਲਾਟੀਏ ਅਤੇ ਹਿੰਦੀ ਸਾਹਿਤਕਾਰ ਯਸ਼ਪਾਲ, ਜੋ ਕਿ ਉਸ ਸਮੇਂ ਇਲਾਹਾਬਾਦ ''ਚ ਸੀ, ਉਨ੍ਹਾਂ ਨੇ ਆਪਣੀ ਸਵੈ ਜੀਵਨੀ ''ਚ ਲਿਖਿਆ ਹੈ, "ਆਜ਼ਾਦ ਇਸ ਮੁਲਾਕਾਤ ਤੋਂ ਖੁਸ਼ ਨਹੀਂ ਸਨ ਕਿਉਂਕਿ ਨਹਿਰੂ ਨੇ ਨਾ ਸਿਰਫ ਅੱਤਵਾਦ ਦੀ ਉਪਯੋਗਤਾ ''ਤੇ ਸ਼ੱਕ ਪ੍ਰਗਟ ਕੀਤਾ ਸੀ ਬਲਕਿ ਐਚਐਸਆਰਏ ਸੰਗਠਨ ਦੇ ਕੰਮਕਾਜ ''ਤੇ ਵੀ ਸਵਾਲ ਚੁੱਕੇ ਸਨ। ਬਾਅਦ ''ਚ ਮੈਂ ਨਹਿਰੂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹ ਮੇਰੇ ਤੇ ਆਜ਼ਾਦ ਦੇ ਰੂਸ ਜਾਣ ਦਾ ਖਰਚਾ ਦੇਣ ਲਈ ਤਿਆਰ ਹੋ ਗਏ ਸਨ।"

ਗੋਰੇ ਅਧਿਕਾਰੀ ਨੇ ਪੁੱਛਿਆ ਹੂ ਆਰ ਯੂ?

ਆਜ਼ਾਦ ਦੀ ਇਹ ਖ਼ਾਸੀਅਤ ਸੀ ਕਿ ਜਦੋਂ ਵੀ ਉਨ੍ਹਾਂ ਦਾ ਕੋਈ ਅਜਿਹਾ ਸਾਥੀ ਪੁਲਿਸ ਦੀ ਗ੍ਰਿਫਤ ''ਚ ਆ ਜਾਂਦਾ ਸੀ, ਜੋ ਕਿ ਉਨ੍ਹਾਂ ਨੂੰ ਜਾਂ ਫਿਰ ਉਨ੍ਹਾਂ ਦੇ ਰਹਿਣ ਦੇ ਠਿਕਾਨੇ ਬਾਰੇ ਜਾਣਦਾ ਸੀ ਤਾਂ ਉਹ ਤੁਰੰਤ ਹੀ ਆਪਣਾ ਠਿਕਾਣਾ ਬਦਲ ਲੈਂਦੇ ਸਨ ਅਤੇ ਜੇਕਰ ਉਨ੍ਹਾਂ ਨੂੰ ਲੱਗਦਾ ਤਾਂ ਉਹ ਸ਼ਹਿਰ ਵੀ ਬਦਲ ਲੈਂਦੇ ਸਨ।

ਸ਼ਾਇਦ ਇਹੀ ਕਾਰਨ ਹੈ ਕਿ ਕਈ ਲੋਕਾਂ ਵੱਲੋਂ ਮੁਖਬਰੀ ਕਰਨ ਤੋਂ ਬਾਅਦ ਵੀ ਪੁਲਿਸ ਕਈ ਸਾਲਾਂ ਤੱਕ ਉਨ੍ਹਾਂ ਨੂੰ ਲੱਭਣ ''ਚ ਕਾਮਯਾਬ ਨਾ ਹੋਈ।

ਨਹਿਰੂ ਨੂੰ ਮਿਲਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਹੀ 27 ਫਰਵਰੀ, 1931 ਨੂੰ ਆਜ਼ਾਦ ਇਲਾਹਾਬਾਦ ਦੇ ਅਲਫਰੇਡ ਪਾਰਕ ''ਚ ਆਪਣੇ ਸਾਥੀ ਸੁਖਦੇਵਰਾਜ ਨਾਲ ਬੈਠੇ ਹੋਏ ਸਨ । ਉਸ ਸਮੇਂ ਸਾਹਮਣੇ ਵਾਲੀ ਸੜਕ ''ਤੇ ਇੱਕ ਮੋਟਰ ਆ ਕੇ ਰੁਕੀ। ਉਸ ''ਚੋਂ ਇੱਕ ਬ੍ਰਿਟਿਸ਼ ਅਧਿਕਾਰੀ ਨਾਟ ਬਾਵਰ ਅਤੇ ਦੋ ਕਾਂਸਟੇਬਲ ਚਿੱਟੇ ਕੱਪੜਿਆਂ ''ਚ ਹੇਠਾਂ ਉਤਰੇ।

ਸੁਖਦੇਵਰਾਜ ਲਿਖਦੇ ਹਨ, "ਜਿਵੇਂ ਹੀ ਕਟਿਰ ਖੜੀ ਹੋਈ, ਸਾਨੂੰ ਸ਼ੱਕ ਹੋ ਗਿਆ। ਗੋਰਾ ਅਫ਼ਸਰ ਹੱਥ ''ਚ ਪਿਸਤੌਲ ਫੜੀ ਸਿੱਧਾ ਸਾਡੇ ਵੱਲ ਨੂੰ ਤੁਰਿਆ ਆ ਰਿਹਾ ਸੀ। ਪਿਸਤੌਲ ਸਾਡੇ ਵੱਲ ਕਰਦਿਆਂ ਉਸ ਨੇ ਅੰਗਰੇਜ਼ੀ ''ਚ ਪੁੱਛਿਆ, ਹੂ ਆਰ ਯੂ? ਤੁਸੀਂ ਕੌਣ ਹੋ ਅਤੇ ਇੱਥੇ ਕੀ ਕਰ ਰਹੇ ਹੋ? ਸਾਡਾ ਦੋਵਾਂ ਦਾ ਹੀ ਆਪਣੀ ਪਿਸਤੌਲ ''ਤੇ ਹੱਥ ਸੀ। ਅਸੀਂ ਉਸ ਦੇ ਸਵਾਲ ਦਾ ਜਵਾਬ ਗੋਲੀ ਚਲਾ ਕੇ ਦਿੱਤਾ।”

“ਪਰ ਗੋਰੇ ਅਫ਼ਸਰ ਦੀ ਪਿਸਤੌਲ ''ਚੋਂ ਪਹਿਲਾਂ ਗੋਲੀ ਚੱਲੀ ਅਤੇ ਉਹ ਆਜ਼ਾਦ ਦੇ ਪੱਟ ''ਚ ਆ ਕੇ ਲੱਗੀ। ਆਜ਼ਾਦ ਦੀ ਗੋਲੀ ਅਫ਼ਸਰ ਦੇ ਮੋਢੇ ''ਤੇ ਲੱਗੀ । ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਣ ਲੱਗੀ। ਗੋਰੇ ਅਫ਼ਸਰ ਨੇ ਪਿੱਛੇ ਭੱਜ ਕੇ ਮੌਲਸ਼੍ਰੀ ਦੇ ਦਰੱਖਤ ਦੀ ਆੜ ਲਈ ਅਤੇ ਉਸ ਦੇ ਸਿਪਾਹੀ ਨਾਲੇ ''ਚ ਲੁੱਕ ਗਏ। ਅਸੀਂ ਵੀ ਜਾਮੁਨ ਦੇ ਦਰੱਖਤ ਪਿੱਛੇ ਲੁੱਕ ਗਏ। ਫਿਰ ਜਿਵੇਂ ਇੱਕ ਪਲ ਲਈ ਗੋਲੀਬਾਰੀ ਰੁੱਕ ਗਈ। ਫਿਰ ਆਜ਼ਾਦ ਨੇ ਮੈਨੂੰ ਕਿਹਾ ਕਿ ਮੇਰੇ ਪੱਟ ''ਚ ਗੋਲੀ ਲੱਗ ਗਈ ਹੈ। ਤੂੰ ਇੱਥੋਂ ਭੱਜ ਜਾ।"

ਪਿਸਤੌਲ ਦੀ ਨੋਕ ''ਤੇ ਸਾਈਕਲ ਖੋਹੀ

ਸੁਖਦੇਵਰਾਜ ਅੱਗੇ ਲਿਖਦੇ ਹਨ ਕਿ ਆਜ਼ਾਦ ਦੇ ਕਹਿਣ ''ਤੇ ਮੈਂ ਉੱਥੋਂ ਭੱਜਣ ਦਾ ਰਸਤਾ ਲੱਭਿਆ। ਖੱਬੇ ਪਾਸੇ ਇੱਕ ਸਮਰ ਹਾਊਸ ਸੀ। ਦਰੱਖਤ ਦੀ ਆੜ ''ਚੋਂ ਬਾਹਰ ਆ ਕੇ ਮੈਂ ਸਮਰ ਹਾਊਸ ਵੱਲ ਦੌੜਿਆ।

ਮੇਰੇ ''ਤੇ ਕਈ ਗੋਲੀਆਂ ਚਲਾਈਆਂ ਗਈਆਂ, ਪਰ ਮੇਰੇ ਇੱਕ ਵੀ ਗੋਲੀ ਨਾ ਲੱਗੀ। ਫਿਰ ਜਦੋਂ ਮੈਂ ਅਲਫਰੇਡ ਪਾਰਕ ਦੇ ਵਿਚਕਾਰ ਸੜਕ ''ਤੇ ਆਇਆ ਤਾਂ ਮੈਂ ਵੇਖਿਆ ਕਿ ਇੱਕ ਮੁੰਡਾ ਸਾਈਕਲ ''ਤੇ ਜਾ ਰਿਹਾ ਸੀ।

ਪਿਸਤੌਲ ਦੀ ਨੋਕ ''ਤੇ ਮੈਂ ਉਸ ਤੋਂ ਸਾਈਕਲ ਖੋਹ ਲਈ ਅਤੇ ਫਿਰ ਮੈਂ ਚਾਂਦ ਪ੍ਰੈਸ ਪਹੁੰਚਿਆ।

ਚਾਂਦ ਪ੍ਰੈਸ ਦੇ ਸੰਪਾਦਕ ਰਾਮਰਖ ਸਿੰਘ ਸਹਿਗਲ ਸਾਡੇ ਸਮਰਥਕਾਂ ''ਚੋਂ ਸਨ। ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਹਾਜ਼ਰੀ ਰਜਿਸਟਰ ''ਤੇ ਤੁਰੰਤ ਦਸਤਖਤ ਕਰਕੇ ਆਪਣੀ ਸੀਟ ''ਤੇ ਬੈਠ ਜਾਵਾਂ।

ਚੰਦਰ ਸ਼ੇਖਰ ਆਜ਼ਾਦ ਦੇ ਸਿਰ 5 ਹਜ਼ਾਰ ਰੁਪਏ ਦਾ ਇਨਾਮ ਸੀ

ਚੰਦਰ ਸ਼ੇਖਰ ਆਜ਼ਾਦ ''ਤੇ ਪ੍ਰਮਾਣਿਕ ਕਿਤਾਬ ''ਅਮਰ ਸ਼ਹੀਦ ਚੰਦਰ ਸ਼ੇਖਰ ਆਜ਼ਾਦ'' ਲਿਖਣ ਵਾਲੇ ਵਿਸ਼ਵਨਾਥ ਵੈਸ਼ਮਪਾਇਨ ਲਿਖਦੇ ਹਨ, "ਸਭ ਤੋਂ ਪਹਿਲਾਂ ਡਿਪਟੀ ਸੁਪਰਡੈਂਟ ਵਿਸ਼ੇਸ਼ਵਰ ਸਿੰਘ ਨੇ ਇੱਕ ਵਿਅਕਤੀ ਨੂੰ ਵੇਖਿਆ, ਜਿਸ ''ਤੇ ਉਨ੍ਹਾਂ ਨੂੰ ਆਜ਼ਾਦ ਹੋਣ ਦਾ ਸ਼ੱਕ ਹੋਇਆ ਸੀ। ਦਰਅਸਲ ਆਜ਼ਾਦ ਕਾਕੋਰੀ ਅਤੇ ਹੋਰ ਕਈ ਮਾਮਲਿਆਂ ''ਚ ਫਰਾਰ ਸਨ ਅਤੇ ਉਨ੍ਹਾਂ ਦੇ ਸਿਰ ''ਤੇ 5000 ਰੁਪਏ ਦਾ ਇਨਾਮ ਵੀ ਸੀ।”

“ਵਿਸ਼ੇਸ਼ਵਰ ਸਿੰਘ ਨੇ ਆਪਣਾ ਖਦਸ਼ਾ ਸੀਆਈਡੀ ਦੇ ਕਾਨੂੰਨੀ ਸਲਾਹਕਾਰ ਡਾਲਚੰਦ ਅੱਗੇ ਪ੍ਰਗਟ ਕੀਤਾ। ਉਹ ਕਟਰੇ ''ਚ ਆਪਣੇ ਘਰ ਵਾਪਸ ਆਏ ਅਤੇ ਸਵੇਰੇ ਅੱਠ ਵਜੇ ਦੇ ਕਰੀਬ ਡਾਲਚੰਦ ਅਤੇ ਆਪਣੇ ਅਰਦਲੀ ਸਰਨਾਮ ਸਿੰਘ ਦੇ ਨਾਲ ਇਹ ਵੇਖਣ ਲਈ ਗਏ ਕਿ ਜਿਸ ਵਿਅਕਤੀ ''ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਅਸਲ ''ਚ ਆਜ਼ਾਦ ਹੈ।”

“ਉਨ੍ਹਾਂ ਵੇਖਿਆ ਕਿ ਥਾਰਨਹਿੱਲ ਰੋਡ ਕਾਰਨਰ ਤੋਂ ਪਬਲਿਕ ਲਾਇਬ੍ਰੇਰੀ ਵੱਲ ਜੋ ਫੁੱਟਪਾਥ ਜਾਂਦਾ ਹੈ, ਉਸ ''ਤੇ ਇਹ ਦੋਵੇਂ ਬੈਠੇ ਹੋਏ ਸੀ। ਜਦੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਹੋ ਗਿਆ ਕਿ ਇਹ ਆਜ਼ਾਦ ਹੀ ਹੈ ਤਾਂ ਉਨਾਂ ਨੇ ਆਪਣੇ ਅਰਦਲੀ ਸਰਨਾਮ ਸਿੰਘ ਨੂੰ ਨਾਟ ਬਾਵਰ ਨੂੰ ਬੁਲਾਉਣ ਲਈ ਭੇਜਿਆ, ਜੋ ਕਿ ਨਜ਼ਦੀਕ ਦੇ 1ਨੰਬਰ ਪਾਰਟ ਰੋਡ ''ਤੇ ਰਹਿੰਦੇ ਸਨ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਆਜ਼ਾਦ ਦੀ ਗੋਲੀ ਵਿਸ਼ੇਸ਼ਵਰ ਸਿੰਘ ਦੇ ਜ਼ਬੜੇ ਨੂੰ ਚੀਰਦੀ ਨਿਕਲੀ ਸੀ

ਬਾਅਦ ''ਚ ਨਾਟ ਬਾਵਰ ਨੇ ਇੱਕ ਪ੍ਰੈਸ ਬਿਆਨ ''ਚ ਕਿਹਾ ਸੀ, "ਠਾਕੁਰ ਵਿਸ਼ੇਸ਼ਵਰ ਸਿੰਘ ਨੇ ਮੇਰੇ ਲਈ ਸੁਨੇਹਾ ਭੇਜਿਆ ਸੀ ਕਿ ਉਨ੍ਹਾਂ ਨੇ ਅਲਫਰੇਡ ਪਾਰਕ ''ਚ ਇੱਕ ਵਿਅਕਤੀ ਨੂੰ ਵੇਖਿਆ ਹੈ ਜੋ ਕਿ ਹੂ-ਬ-ਹੂ ਚੰਦਰਸ਼ੇਖਰ ਆਜ਼ਾਦ ਦੀ ਤਰ੍ਹਾਂ ਵਿਖਦਾ ਹੈ। ਮੈਂ ਆਪਣੇ ਨਾਲ ਦੋ ਕਾਂਸਟੇਬਲ ਮੁਹੰਮਦ ਜਮਾਨ ਅਤੇ ਗੋਵਿੰਦ ਸਿੰਘ ਨੂੰ ਲੈ ਕੇ ਗਿਆ ਸੀ।”

“ਮੈਂ ਆਪਣੀ ਕਾਰ ਖੜ੍ਹੀ ਕਰ ਕੇ ਉਨ੍ਹਾਂ ਵੱਲ ਵਧਿਆ। ਤਕਰੀਬਨ 10 ਗਜ਼ ਦੀ ਦੂਰੀ ਤੋਂ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ? ਜਵਾਬ ''ਚ ਉਨ੍ਹਾਂ ਨੇ ਮੇਰੇ ''ਤੇ ਗੋਲੀ ਚਲਾ ਦਿੱਤੀ। ਮੈਂ ਵੀ ਆਪਣੀ ਪਿਸਤੌਲ ਤਿਆਰ ਰੱਖੀ ਸੀ। ਮੈਂ ਵੀ ਤੁਰੰਤ ਜਵਾਬੀ ਗੋਲੀ ਚਲਾਈ। ਜਦੋਂ ਮੈਂ ਮੈਗਜ਼ੀਨ ਕੱਢ ਕੇ ਦੂਜਾ ਭਰ ਰਿਹਾ ਸੀ ਤਾਂ ਉਸ ਸਮੇਂ ਆਜ਼ਾਦ ਨੇ ਮੇਰੇ ''ਤੇ ਗੋਲੀ ਚਲਾਈ , ਜਿਸ ਨਾਲ ਮੇਰੇ ਖੱਬੇ ਹੱਥ ''ਚੋਂ ਮੈਗਜ਼ੀਨ ਹੇਠਾਂ ਡਿੱਗ ਗਈ।”

“ਫਿਰ ਮੈਂ ਇੱਕ ਦਰੱਖਤ ਵੱਲ ਭੱਜਿਆ। ਇਸੇ ਦੌਰਾਨ ਵਿਸ਼ੇਸ਼ਵਰ ਸਿੰਘ ਝਾੜੀ ਪਿੱਛੇ ਪਹੁੰਚੇ। ਉਨ੍ਹਾਂ ਨੇ ਉੱਥੋਂ ਹੀ ਆਜ਼ਾਦ ''ਤੇ ਗੋਲੀ ਚਲਾਈ, ਜਿਸ ਦੇ ਜਵਾਬ ''ਚ ਆਜ਼ਾਦ ਨੇ ਵੀ ਗੋਲੀ ਚਲਾਈ ਜੋ ਕਿ ਵਿਸ਼ੇਸ਼ਵਰ ਦੇ ਜਬਾੜੇ ''ਚ ਜਾ ਲੱਗੀ। ਆਜ਼ਾਦ ਮੇਰੇ ''ਤੇ ਵੀ ਲਗਾਤਾਰ ਗੋਲੀ ਚਲਾਉਂਦੇ ਰਹੇ। ਆਖ਼ਰਕਾਰ ਆਜ਼ਾਦ ਪਿੱਠ ਦੇ ਭਾਰ ਡਿੱਗ ਗਏ।”

“ਇਸ ਦੌਰਾਨ ਇੱਕ ਕਾਂਸਟੇਬਲ ਇੱਕ ਸ਼ਾਟਗਨ ਲੈ ਕੇ ਆਇਆ ਜੋ ਕਿ ਭਰੀ ਹੋਈ ਸੀ। ਮੈਂ ਨਹੀਂ ਜਾਣਦਾ ਸੀ ਕਿ ਆਜ਼ਾਦ ਮਰ ਗਿਆ ਹੈ ਜਾਂ ਫਿਰ ਮਰਨ ਦਾ ਬਹਾਨਾ ਕਰ ਰਿਹਾ ਸੀ। ਮੈਂ ਕਾਂਸਟੇਬਲ ਨੂੰ ਆਜ਼ਾਦ ਦੇ ਪੈਰਾਂ ''ਤੇ ਗੋਲੀ ਚਲਾਉਣ ਲਈ ਕਿਹਾ। ਉਸ ਤੋਂ ਬਾਅਦ ਜਦੋਂ ਮੈਂ ਆਜ਼ਾਦ ਦੇ ਕੋਲ ਗਿਆ ਤਾਂ ਉਹ ਮਰ ਚੁੱਕੇ ਸੀ। ਉਨ੍ਹਾਂ ਦਾ ਇੱਕ ਸਾਥੀ ਭੱਜਣ ''ਚ ਸਫਲ ਹੋ ਗਿਆ ਸੀ।”

ਹਿੰਦੂ ਹੋਸਟਲ ਦੇ ਗੇਟ ''ਤੇ ਵਿਦਿਆਰਥੀਆਂ ਦਾ ਭਾਰੀ ਇੱਕਠ

ਜਿਸ ਸਮੇਂ ਆਜ਼ਾਦ ਦੀ ਮੌਤ ਹੋਈ, ਉਹ ਉਸ ਸਮੇਂ ਭਟੂਕਨਾਥ ਅਗਰਵਾਲ ਇਲਾਹਾਬਾਦ ਯੂਨੀਵਰਸਿਟੀ ''ਚ ਬੀਐਸਸੀ ਦੇ ਵਿਦਿਆਰਥੀ ਸਨ ਅਤੇ ਹਿੰਦੀ ਹੋਸਟਲ ''ਚ ਰਹਿੰਦੇ ਸਨ।

ਬਾਅਦ ''ਚ ਉਨ੍ਹਾਂ ਲਿਖਿਆ ਕਿ 27 ਫਰਵਰੀ ਦੀ ਸਵੇਰ ਨੂੰ ਜਦੋਂ ਉਹ ਹਿੰਦੂ ਬੋਰਡਿੰਗ ਹਾਊਸ ਦੇ ਗੇਟ ''ਤੇ ਪਹੁੰਚੇ ਤਾਂ ਉਨ੍ਹਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਕੁੱਝ ਹੀ ਸਮੇਂ ''ਚ ਉੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਵੱਡੀ ਗਿਣਤੀ ''ਚ ਭੀੜ ਇੱਕਠੀ ਹੋ ਗਈ।

ਪੁਲਿਸ ਕਪਤਾਨ ਮੇਜਰ ਵੀ ਉੱਥੇ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ, ਪਰ ਕੋਈ ਵੀ ਉੱਥੋਂ ਨਾ ਗਿਆ। ਉਸ ਸਮੇਂ ਕਲਕਟਰ ਮਮਫੋਰਡ ਵੀ ਉੱਥੇ ਹੀ ਮੌਜੂਦ ਸਨ।

ਕਪਤਾਨ ਮੇਜਰਸ ਨੇ ਭੀੜ ਨੂੰ ਖਿੰਡਾਉਣ ਲਈ ਗੋਲੀ ਚਲਾਉਣ ਦੀ ਮਨਜ਼ੂਰੀ ਮੰਗੀ ਪਰ ਕਲਕਟਰ ਨੇ ਇਜਾਜ਼ਤ ਨਾ ਦਿੱਤੀ। ਉਸ ਸਮੇਂ ਹੀ ਮੈਨੂੰ ਪਤਾ ਲੱਗਿਆ ਕਿ ਆਜ਼ਾਦ ਸ਼ਹੀਦ ਹੋ ਗਏ ਹਨ।

ਇਹ ਵੀ ਪੜ੍ਹੋ

  • ਜਦੋਂ ਨਹਿਰੂ ਨੇ ਮੁਸਲਮਾਨ ਸ਼ਰਨਾਰਥੀਆਂ ’ਤੇ ਹੋ ਰਹੇ ਹਮਲਿਆਂ ਕਾਰਨ ਰੋਸ ’ਚ ਆ ਕੇ ਪਿਸਤੌਲ ਕੱਢੀ
  • ਜਦੋਂ ਭਗਤ ਸਿੰਘ ਦੇ ਹੱਕ ''ਚ ਬੋਲੇ ਸਨ ਜਿਨਾਹ
  • ਭਗਤ ਸਿੰਘ ਦੀ ਉਹ ਘੜੀ ਜੋ ਉਨ੍ਹਾਂ ਨੇ ਤੋਹਫੇ ''ਚ ਦੇ ਦਿੱਤੀ

ਨਾਟ ਬਾਵਰ ਦੀ ਕਾਰ ਦੀ ਬਾਡੀ ''ਚ ਤਿੰਨ ਛੇਕ ਹੋ ਗਏ ਸਨ

ਇਸ ਦੌਰਾਨ ਜਦੋਂ ਐਸ ਪੀ ਮੇਜਰਸ ਨੂੰ ਗੋਲੀਬਾਰੀ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਫੌਰੀ ਹਥਿਆਰਬੰਦ ਰਿਜ਼ਰਵ ਪੁਲਿਸ ਦੇ ਜਵਾਨਾਂ ਨੂੰ ਅਲਫਰੇਡ ਪਾਰਕ ਭੇਜਿਆ। ਪਰ ਜਦੋਂ ਤੱਕ ਉਹ ਪਾਰਕ ਪਹੁੰਚੇ ਤਾਂ ਉਸ ਸਮੇਂ ਤੱਕ ਲੜਾਈ ਖ਼ਤਮ ਹੋ ਚੁੱਕੀ ਸੀ।

ਉੱਥੋਂ ਨਿਕਲਣ ਤੋਂ ਪਹਿਲਾਂ ਨਾਟ ਬਾਵਰ ਨੇ ਹਿਦਾਇਤ ਕੀਤੀ ਕਿ ਆਜ਼ਾਦ ਦੀ ਲਾਸ਼ ਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਵੇ ਅਤੇ ਵਿਸ਼ੇਸ਼ਵਰ ਸਿੰਘ ਨੂ ਤੁਰੰਤ ਹਸਪਤਾਲ ਪਹੁੰਚਾਇਆ ਜਾਵੇ।

ਸ਼ਹੀਦ ਆਜ਼ਾਦ ਦੀ ਮ੍ਰਿਤਕ ਦੇਹ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 448 ਰੁਪਏ ਅਤੇ 16 ਗੋਲੀਆਂ ਬਰਾਮਦ ਹੋਈਆਂ ਸਨ।

ਯਸ਼ਪਾਲ ਆਪਣੀ ਸਵੈ-ਜੀਵਨੀ ''ਚ ਲਿਖਦੇ ਹਨ ਕਿ ''ਸ਼ਾਇਦ ਆਜ਼ਾਦ ਦੀ ਜੇਬ ''ਚ ਉਹੀ ਰੁਪਏ ਸਨ ਜੋ ਕਿ ਨਹਿਰੂ ਨੇ ਉਨ੍ਹਾਂ ਨੂੰ ਦਿੱਤੇ ਸਨ।''

ਦੋਵੇਂ ਹੀ ਧਿਰਾਂ ਨੇ ਜਿੰਨ੍ਹਾਂ ਦਰੱਖਤਾਂ ਦੀ ਆੜ ਲਈ ਸੀ ਉਨ੍ਹਾਂ ''ਤੇ ਵੀ ਗੋਲੀਆਂ ਦੇ ਨਿਸ਼ਾਨ ਲੱਗੇ ਸਨ। ਨਾਟ ਬਾਵਰ ਦੀ ਕਾਰ ''ਤੇ ਵੀ ਤਿੰਨ ਗੋਲੀਆਂ ਦੇ ਨਿਸ਼ਾਨ ਸਨ।

ਆਜ਼ਾਦ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਸਿਵਲ ਸਰਜਨ ਲੈਫਟੀਨੈਂਟ ਕਰਨਲ ਟਾਊਨਸੈਂਡ ਨੇ ਕੀਤਾ ਸੀ। ਪੋਸਟਮਾਰਟਮ ਸਮੇਂ ਮੈਜਿਸਟ੍ਰੇਟ ਖ਼ਾਨ ਸਾਹਿਬ ਰਹਿਮਾਨ ਬਖ਼ਸ਼ ਕਾਦਰੀ ਅਤੇ ਮਹਿੰਦਰਪਾਲ ਸਿੰਘ ਉੱਥੇ ਮੌਜੂਦ ਸਨ।

ਆਜ਼ਾਦ ਦੇ ਸੱਜੇ ਪੈਰ ਦੇ ਹੇਠਾਂ ਦੋ ਗੋਲੀਆਂ ਦੇ ਨਿਸ਼ਾਨ ਸਨ। ਗੋਲੀਆਂ ਨਾਲ ਉਨ੍ਹਾਂ ਦੀ ਟੀਬੀਆ ਹੱਡੀ ਵੀ ਟੁੱਟ ਗਈ ਸੀ। ਇੱਕ ਗੋਲੀ ਸੱਜੇ ਪੱਟ ''ਚੋਂ ਕੱਢੀ ਗਈ ਸੀ।ਇੱਕ ਗੋਲੀ ਸਿਰ ਦੇ ਸੱਜੇ ਪਾਸਿਓਂ ਪੇਰੀਏਟਲ ਬੋਨ ਨੂੰ ਚੀਰਦੀ ਹੋਈ ਦਿਮਾਗ ''ਚ ਵੜ੍ਹ ਗਈ ਸੀ ਅਤੇ ਦੂਜੀ ਗੋਲੀ ਸੱਜੇ ਮੋਢੇ ਤੋਂ ਹੁੰਦੀ ਹੋਈ ਸੱਜੇ ਫੇਫੜੇ ''ਚ ਜਾ ਲੱਗੀ ਸੀ।

ਵਿਸ਼ਵਨਾਥ ਲਿਖਦੇ ਹਨ, "ਆਜ਼ਾਦ ਦਾ ਸਰੀਰ ਭਾਰੀ ਹੋਣ ਕਰਕੇ ਉਸ ਨੂੰ ਸਟਰੈਚਰ ''ਤੇ ਨਹੀਂ ਰੱਖਿਆ ਗਿਆ ਸੀ। ਕਿਉਂਕਿ ਆਜ਼ਾਦ ਇੱਕ ਬ੍ਰਾਹਮਣ ਸਨ, ਇਸ ਲਈ ਪੁਲਿਸ ਲਾਈਨ ਤੋਂ ਬ੍ਰਾਹਮਣ ਰੰਗਰੂਟ ਮੰਗਵਾ ਕੇ ਆਜ਼ਾਦ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਰਾਹੀਂ ਗੱਡੀ ''ਚ ਰੱਖਵਾਇਆ ਗਿਆ ਸੀ।"

ਪੁਰਸ਼ੋਤਮਦਾਸ ਟੰਡਨ ਅਤੇ ਕਮਲਾ ਨਹਿਰੂ ਆਜ਼ਾਦ ਦੇ ਅੰਤਿਮ ਸਸਕਾਰ ''ਚ ਸ਼ਾਮਲ ਹੋਏ ਸਨ।

ਇਸ ਦੌਰਾਨ ਕਾਂਗਰਸ ਆਗੂ ਪੁਰਸ਼ੋਤਮਦਾਸ ਟੰਡਨ ਉੱਥੇ ਪਹੁੰਚ ਗਏ ਸਨ, ਪਰ ਆਜ਼ਾਦ ਦੀ ਲਾਸ਼ ਵਾਲੀ ਗੱਡੀ ਉੱਥੋਂ ਰਵਾਨਾ ਹੋ ਚੁੱਕੀ ਸੀ।

ਜਦੋਂ ਤੱਕ ਪੁਰਸ਼ੋਤਮਦਾਸ ਟੰਡਨ ਅਤੇ ਕਮਲਾ ਨਹਿਰੂ ਰਸੂਲਾਬਾਦ ਘਾਟ ਪਹੁੰਚੇ, ਉਦੋਂ ਤੱਕ ਆਜ਼ਾਦ ਦੀ ਮ੍ਰਿਤਕ ਦੇਹ ਅੱਗ ਦੇ ਹਵਾਲੇ ਕਰ ਦਿੱਤੀ ਗਈ ਸੀ। ਆਜ਼ਾਦ ਦੇ ਰਿਸ਼ਤੇਦਾਰ ਸ਼ਿਵ ਵਿਨਾਇਕ ਨੇ ਉਨ੍ਹਾਂ ਦੀਆਂ ਅਸਥੀਆਂ ਇੱਕਠੀਆਂ ਕੀਤੀਆਂ ਅਤੇ ਸ਼ਹਿਰ ਲੈ ਕੇ ਆਏ। ਖੱਦਰ ਭੰਡਾਰ ਤੋਂ ਇੱਕ ਜਲੂਸ ਕੱਢਿਆ ਗਿਆ। ਲਕੜੀ ਦੇ ਤਖ਼ਤੇ ''ਤੇ ਇੱਕ ਕਾਲੀ ਚਾਦਰ ਵਿਛਾ ਕੇ ਅਸਥੀਆਂ ਰੱਖੀਆਂ ਗਈਆਂ।

ਇਹ ਜਲੂਸ ਸ਼ਹਿਰ ਦਾ ਚੱਕਰ ਕੱਟ ਕੇ ਪੁਰਸ਼ੋਤਮਦਾਸ ਟੰਡਨ ਪਾਰਕ ਵਿਖੇ ਪਹੁੰਚਿਆ। ਇਸ ਦੌਰਾਨ ਸ਼ਹਿਰ ''ਚ ਕਈ ਥਾਵਾਂ ''ਤੇ ਅਸਥੀਆਂ ''ਤੇ ਫੁੱਲਾਂ ਦੀ ਵਰਖਾ ਵੀ ਹੋਈ। ਟੰਡਨ ਪਾਰਕ ''ਚ ਪੁਰਸ਼ੋਤਮਦਾਸ ਟੰਡਨ, ਕਮਲਾ ਨਹਿਰੂ, ਮੰਗਲਾਦੇਵ ਸਿੰਘ ਅਤੇ ਸ਼ਚਿੰਦਰ ਸਨਿਆਲ ਦੀ ਪਤਨੀ ਪ੍ਰਤੀਮਾ ਸਨਿਆਲ ਵੱਲੋਂ ਭਾਸ਼ਣ ਦਿੱਤੇ ਗਏ।

ਨਾਥ ਵੈਸ਼ਮਪਾਇਨ ਆਪਣੀ ਕਿਤਾਬ ''ਚ ਲਿਖਦੇ ਹਨ, "ਸੀਆਈਡੀ ਸੁਪਰਡੈਂਟ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਆਜ਼ਾਦ ਵਰਗੇ ਨਿਸ਼ਾਨਚੀ ਬਹੁਤ ਘੱਟ ਵੇਖੇ ਹਨ। ਖਾਸ ਕਰਕੇ ਉਸ ਸਮੇਂ ਜਦੋਂ ਉਨ੍ਹਾਂ ਨੂੰ ਤਿੰਨ ਪਾਸਿਆਂ ਤੋਂ ਗੋਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ। ਜੇਕਰ ਪਹਿਲੀ ਗੋਲੀ ਆਜ਼ਾਦ ਦੇ ਪੱਟ ''ਤੇ ਲੱਗਦੀ ਤਾਂ ਪੁਲਿਸ ਲਈ ਬਹੁਤ ਮੁਸ਼ਕਲ ਹੋ ਜਾਣੀ ਸੀ ਕਿਉਂਕਿ ਨਾਟ ਬਾਵਰ ਦਾ ਹੱਥ ਪਹਿਲਾਂ ਹੀ ਬੇਕਾਰ ਹੋ ਗਿਆ ਸੀ।"

ਨਾਟ ਬਾਵਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ ਆਜ਼ਾਦ ਦੀ ਪਿਸਤੌਲ ਉਨ੍ਹਾਂ ਨੂੰ ਤੋਹਫ਼ੇ ਵੱਜੋਂ ਪੇਸ਼ ਕੀਤੀ ਸੀ ਅਤੇ ਉਹ ਉਸ ਨੂੰ ਆਪਣੇ ਨਾਲ ਹੀ ਇੰਗਲੈਂਡ ਲੈ ਗਏ ਸਨ।

ਬਾਅਦ ''ਚ ਅਲਾਹਾਬਾਦ ਦੇ ਕਮਿਸ਼ਨਰ ਮੁਸਤਫ਼ੀ, ਜੋ ਕਿ ਬਾਅਦ ''ਚ ਲਖਨਊ ਯੂਨੀਵਰਸਿਟੀ ਦੇ ਚਾਂਸਲਰ ਬਣੇ, ਨੇ ਬਾਵਰ ਨੂੰ ਪਿਸਤੌਲ ਵਾਪਸ ਕਰਨ ਲਈ ਚਿੱਠੀ ਵੀ ਲਿਖੀ, ਪਰ ਬਾਵਰ ਨੇ ਉਸ ਦਾ ਕੋਈ ਜਵਾਬ ਨਾ ਦਿੱਤਾ।

ਫਿਰ ਲੰਡਨ ''ਚ ਭਾਰਤੀ ਹਾਈ ਕਮਿਸ਼ਨ ਦੀ ਕੋਸ਼ਿਸ਼ ਤੋਂ ਬਾਅਦ ਬਾਵਰ ਨੇ ਇਸ ਸ਼ਰਤ ''ਤੇ ਪਿਸਤੌਲ ਵਾਪਸ ਕਰਨ ਦੀ ਸਹਿਮਤੀ ਪ੍ਰਗਟ ਕੀਤੀ ਕਿ ਪਹਿਲਾਂ ਭਾਰਤ ਸਰਕਾਰ ਇਸ ਲਈ ਲਿਖਤੀ ਬੇਨਤੀ ਕਰੇ।

ਉਨ੍ਹਾਂ ਦੀ ਇਸ ਸ਼ਰਤ ਨੂੰ ਮੰਨ ਲਿਆ ਗਿਆ ਅਤੇ ਸਾਲ 1972 ''ਚ ਇਹ ਕੋਲਟ ਪਿਸਤੌਲ ਵਾਪਤ ਭਾਰਤ ਲਿਆਂਦੀ ਗਈ ਅਤੇ 27 ਫਰਵਰੀ , 1973 ਨੂੰ ਸ਼ਚਿੰਦਰਨਾਥ ਬਖ਼ਸ਼ੀ ਦੀ ਪ੍ਰਧਾਨਗੀ ''ਚ ਹੋਏ ਸਮਾਗਮ ਤੋਂ ਬਾਅਦ ਇਸ ਪਿਸਤੌਲ ਨੂੰ ਲਖਨਊ ਦੇ ਅਜਾਇਬ ਘਰ ''ਚ ਰੱਖ ਦਿੱਤਾ ਗਿਆ।

ਕੁੱਝ ਸਾਲਾਂ ਬਾਅਦ ਜਦੋਂ ਅਲਾਹਾਬਾਦ ਦਾ ਅਜਾਇਬ ਘਰ ਬਣ ਕੇ ਤਿਆਰ ਹੋਇਆ ਤਾਂ ਪਿਸਤੌਲ ਨੂੰ ਇੱਕ ਵਿਸ਼ੇਸ਼ ਕਮਰੇ ''ਚ ਰੱਖਿਆ ਗਿਆ।

ਰਾਤੋਂ ਰਾਤ ਦਰੱਖਤ ਨੂੰ ਜੜ੍ਹੋਂ ਹੀ ਕੱਟ ਦਿੱਤਾ ਗਿਆ

ਜਿਸ ਦਰੱਖਤ ਹੇਠ ਆਜ਼ਾਦ ਨੇ ਆਪਣੇ ਆਖਰੀ ਸਾਹ ਲਏ ਸਨ, ਉਸ ਦਰੱਖਤ ਕੋਲ ਰੋਜ਼ਾਨਾ ਭਾਰੀ ਗਿਣਤੀ ''ਚ ਲੋਕਾਂ ਦਾ ਆਉਣਾ ਜਾਣਾ ਹੋਣ ਲੱਗਾ। ਲੋਕ ਉਸ ਜਗ੍ਹਾ ''ਤੇ ਫੁੱਲ ਚੜਾਉਣ ਲੱਗੇ, ਦੀਵੇ ਜਗਾਉਣ ਲੱਗੇ।

ਇਹ ਸਭ ਵੇਖ ਕੇ ਬ੍ਰਿਟਿਸ਼ ਸਰਕਾਰ ਨੇ ਰਾਤੋਂ ਰਾਤ ਹੀ ਉਸ ਦਰੱਖਤ ਨੂੰ ਜੜ੍ਹੋਂ ਕੱਟ ਕੇ ਉਸ ਦਾ ਨਾਮੋ ਨਿਸ਼ਾਨ ਹੀ ਖ਼ਤਮ ਕਰ ਦਿੱਤਾ। ਬਾਅਦ ''ਚ ਆਜ਼ਾਦ ਦੇ ਅਜ਼ੀਜ਼ ਲੋਕਾਂ ਨੇ ਉਸ ਜਗ੍ਹਾ ''ਤੇ ਜਾਮੁਨ ਦਾ ਪੌਦਾ ਲਗਾ ਦਿੱਤਾ।

ਜਿਸ ਮੌਲਸ਼੍ਰੀ ਦੇ ਦਰੱਖਤ ਹੇਠ ਨਾਟ ਬਾਵਰ ਨੇ ਆੜ ਲਈ ਸੀ, ਉਸ ''ਤੇ ਆਜ਼ਾਦ ਦੀਆਂ ਗੋਲੀਆਂ ਦੇ ਨਿਸ਼ਾਨ ਮੌਜੂਦ ਸਨ।

ਸਮਾਜਵਾਦੀ ਆਗੂ ਆਚਾਰੀਆ ਨਰਿੰਦਰ ਦੇਵ ਵੀ ਆਜ਼ਾਦ ਦੀਆਂ ਅਸਥੀਆਂ ''ਚੋਂ ਇੱਕ ਅਸਥੀ ਲੈ ਗਏ ਸਨ ਅਤੇ ਵਿਦਿਆਪੀਠ ''ਚ ਜਿੱਥੇ ਆਜ਼ਾਦ ਦੀ ਯਾਦ ''ਚ ਪੱਥਰ ਸਥਾਪਿਤ ਕੀਤਾ ਗਿਆ ਹੈ, ਉਨ੍ਹਾਂ ਨੇ ਉੱਥੇ ਆਜ਼ਾਦ ਦੀ ਅਸਥੀ ਦੇ ਟੁੱਕੜੇ ਨੂੰ ਰੱਖਿਆ।

ਆਜ਼ਾਦ ਦੀ ਸ਼ਹੀਦੀ ਤੋਂ ਬਾਅਦ ਹੀ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਆਰਮੀ ਪਤਨ ਵੱਲ ਵੱਧਣ ਲੱਗੀ। ਇੱਕ ਮਹੀਨੇ ਦੇ ਅੰਦਰ-ਅੰਦਰ ਹੀ, 23 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਵੀ ਫਾਂਸੀ ਦੇ ਦਿੱਤੀ ਗਈ।

ਇੰਨ੍ਹੇ ਘੱਟ ਸਮੇਂ ''ਚ ਕਈ ਆਗੂਆਂ ਦੀ ਮੌਤ ਨਾਲ ਐਚਆਰਐਸਏ ਨੂੰ ਬਹੁਤ ਝਟਕਾ ਲੱਗਿਆ ਅਤੇ ਉਹ ਇਸ ਸਥਿਤੀ ਤੋਂ ਕਦੇ ਵੀ ਬਾਹਰ ਨਾ ਆ ਸਕੇ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=Pawna86ae34

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4b9154aa-53db-4ad1-adfc-2720aa901953'',''assetType'': ''STY'',''pageCounter'': ''punjabi.india.story.56211593.page'',''title'': ''ਚੰਦਰਸ਼ੇਖਰ ਆਜ਼ਾਦ ਜਿੰਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਜ਼ਿੰਦਾ ਫੜ੍ਹਣ \''ਚ ਅਸਫਲ ਰਹੀ ਸੀ'',''published'': ''2021-02-27T02:25:12Z'',''updated'': ''2021-02-27T02:25:12Z''});s_bbcws(''track'',''pageView'');