ਸ਼ੰਭੂ ਬਾਰਡਰ ’ਤੇ ਕਿਸਾਨੀ ਲਈ ਸਟੇਜ ਲਾਉਣ ਵਾਲੇ ਦੀਪ ਸਿੱਧੂ ਦਾ ਟਰੈਕਟਰ ਪਰੇਡ ’ਚ ਲਾਲ ਕਿਲੇ ਤੱਕ ਦਾ ਸਫ਼ਰ

01/27/2021 10:49:14 AM

ਛੱਬੀ ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਦੇ ਮਿੱਥੇ ਰੂਟ ਤੋਂ ਵੱਖ ਹੋ ਕੇ ਭੀੜ ਦਾ ਇੱਕ ਹਿੱਸਾ ਲਾਲ ਕਿਲੇ ਪਹੁੰਚਿਆ। ਉੱਥੇ ਉਸ ਨੇ ਸਿੱਖ ਧਾਰਮਿਕ ਚਿੰਨ੍ਹ ਕੇਸਰੀ ਨਿਸ਼ਾਨ ਅਤੇ ਕਿਸਾਨ ਯੂਨੀਅਨਾਂ ਅਤੇ ਕੁਝ ਹੋਰ ਝੰਡੇ ਲਾਲ ਕਿਲੇ ਦੀ ਫ਼ਸੀਲ ਤੇ ਚੜ੍ਹਾ ਦਿੱਤੇ।

ਜਦੋਂ ਇਹ ਘਟਨਾਕ੍ਰਮ ਵਾਪਰ ਰਿਹਾ ਸੀ ਤਾਂ ਦੀਪ ਸਿੱਧੂ ਉੱਥੇ ਮੌਜੂਦ ਸਨ ਅਤੇ ਵੀਡੀਓ ਬਣਾ ਰਹੇ ਸਨ। ਇਸ ਤੋਂ ਬਾਅਦ ਦੀਪ ਸਿੱਧੂ ਚਰਚਾ ਵਿੱਚ ਹਨ। ਆਓ ਕੁਝ ਤਰਤੀਬ ਸਮਝਣ ਦੀ ਕੋਸ਼ਿਸ਼ ਕਰਦੇ ਹਾਂ

ਦੀਪ ਸਿੱਧੂ ਸਤੰਬਰ 2020 ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਅਤੇ ਜਲਦੀ ਹੀ ਸੋਸ਼ਲ ਮੀਡੀਆ ਉੱਪਰ ਬਹੁਤ ਸਾਰਾ ਧਿਆਨ ਖਿੱਚਣ ਵਿੱਚ ਸਫ਼ਲ ਹੋ ਗਏ।

ਇਹ ਵੀ ਪੜ੍ਹੋ:

  • ਦਿੱਲੀ ਦੀ ਕਿਸਾਨ ਟਰੈਕਟਰ ਪਰੇਡ, ਮੁੱਖ ਘਟਨਾਵਾਂ ਦੇ ਵੀਡੀਓ
  • ਕੈਪਟਨ ਤੋਂ ਕੰਗਨਾ ਤੱਕ-ਦਿੱਲੀ ਦੀਆਂ ਹਿੰਸਕ ਘਟਨਾਵਾਂ ਬਾਰੇ ਕਿਸੇ ਨੇ ਕੀ ਕਿਹਾ
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸਵਾਲਾਂ ਦੇ ਜਵਾਬ

ਦੀਪ ਸਿੱਧੂ ਦੀ ਪੁਲਿਸ ਅਫ਼ਸਰਾਂ ਨਾਲ ਅੰਗੇਰਜ਼ੀ ਵਿੱਚ ਬਹਿਸਣ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਕਹਿੰਦੇ ਸੁਣੇ ਜਾ ਸਕਦੇ ਹਨ," ਯੇ ਇਨਕਲਾਬ ਹੈ, ਯੇ ਰੈਵੋਲਿਊਸ਼ਨ ਹੈ, ਜੇ ਉਹ ਮੁੱਦੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ ਤਾਂ ਇਹ ਇਸ ਦੇਸ਼ ਦੇ ਅਤੇ ਦੱਖਣੀ ਏਸ਼ੀਆ ਦੇ ਸਿਆਸੀ ਝਾਂਚੇ ਜੀਓਪੋਲੀਟੀਕਸ ਨੂੰ ਪਰਿਭਾਸ਼ਿਤ ਕਰੇਗਾ।"

ਇਸ ਵੀਡੀਓ ਬਿਆਨ ਨੇ ਦੀਪ ਸਿੱਧੂ ਨੂੰ ਕੌਮੀ ਪੱਧਰ ਉੱਪਰ ਜਾਣੂ ਕਰਵਾਇਆ।

ਜਦੋਂ ਕਿਸਾਨ ਜਥੇਬੰਦੀਆਂ ਨੇ ਦੀਪ ਸਿੱਧੂ ਤੋਂ ਆਪਣੇ-ਆਪ ਨੂੰ ਵੱਖ ਕੀਤਾ ਤਾਂ ਇਸ ਬਾਰੇ ਸੋਸ਼ਲ ਮੀਡੀਆ ਉੱਪਰ ਭਖਵੀਂ ਬਹਿਸ ਵੀ ਹੋਈ ਅਤੇ ਕਾਰਕੁਨ ਅਤੇ ਵਕੀਲ ਸਿਰਮਜੀਤ ਕੌਰ ਗਿੱਲ ਨੇ ਕਿਸਾਨ ਜਥੇਬੰਦੀਆਂ ਦੇ ਸਟੈਂਡ ਦਾ ਸਾਥ ਦਿੱਤਾ ਅਤੇ ਉਨ੍ਹਾਂ ਗੱਲਾਂ ਨੂੰ ਉਜਾਗਰ ਕੀਤਾ ਜਿਨ੍ਹਾਂ ਕਰ ਕੇ ਜਥੇਬੰਦੀਆਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਸੀ।

ਕਿਸਾਨ ਅੰਦੋਲ ਵਿੱਚ ਦੀਪ ਸਿੱਧੂ ਅਤੇ ਆਗੂਆਂ ਦਾ ਬਾਰੇ ਸਟੈਂਡ

ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਸਭ ਸਮੇਤ ਦੀਪ ਸਿੱਧੂ ਇਹੀ ਕਹਿ ਰਹੇ ਸਨ ਕਿ ਉਹ ਇਹ ਅੰਦੋਲਨ ਕਿਸਾਨਾਂ ਲਈ ਅਤੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਅਤੇ ਯੂਨੀਅਨਾਂ ਦੇ ਝੰਡੇ ਥੱਲੇ ਲੜ ਰਹੇ ਹਨ। ਕੁਝ ਸਮੇਂ ਬਾਅਦ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੇ ਫ਼ੈਸਲਿਆਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਸ਼ੰਭੂ ਬਾਰਡਰ ਉੱਪਰ ਆਪਣਾ ਵੱਖਰਾ ਸਟੇਜ ਲਗਾ ਲਿਆ।

ਹਾਲਾਂਕਿ ਉਨ੍ਹਾਂ ਦੇ ਭਾਸ਼ਣ ਜ਼ਿਆਦਾਤਰ ਤਿੰਨ ਖੇਤੀ ਕਾਨੂੰਨਾਂ ਦੀ ਥਾਂ ਭਾਰਤ ਦੇ ਸੰਵਿਧਾਨ ਵਿੱਚ ਨਿਹਿੱਕ ਸੰਘੀ ਢਾਂਚੇ ਦੁਆਲੇ ਕੇਂਦਰਿਤ ਹੁੰਦੇ ਸਨ। ਖੇਤੀ ਕਾਨੂੰਨਾਂ ਬਾਰੇ ਗੱਲ ਨਾ ਕਰਨ ਕਰ ਕੇ ਕਿਸਾਨ ਸੰਗਠਨਾਂ ਨੇ ਉਨ੍ਹਾਂ ਉੱਪਰ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਬੋਲਣ ਤੇ ਰੋਕ ਲਗਾ ਦਿੱਤੀ। ਇਨ੍ਹਾਂ ਯੂਨੀਅਨਾਂ ਵਿੱਚ ਉਗਰਾਂਹਾਂ ਗਰੁੱਪ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਉਹ ਕਿਸਾਨ ਅੰਦੋਲਨ ਦੀ ਦਿਸ਼ਾ ਬਦਲ ਰਹੇ ਹਨ।

ਦੀਪ ਸਿੱਧੂ ਆਪਣੇ ਸੋਸ਼ਲ ਮੀਡੀਆ ਉੱਪਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਪੋਸਟਾਂ ਕਰਦੇ ਰਹਿੰਦੇ ਹਨ ਜਿਸ ਦੀ ਵਜ੍ਹਾ ਕਰ ਕੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਤੋਂ ਹੋਰ ਦੂਰੀ ਬਣਾ ਲਈ ਗਈ।

ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਵੱਲ ਵਧਣ ਦਾ ਸੱਦਾ ਦਿੱਤਾ ਗਿਆ ਤਾਂ ਦੀਪ ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਉਹ ਵਾਪਸ ਮੁੜ ਜਾਣ ਕਿਉਂਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਆਪਣੇ ਹਿੱਤਾਂ ਲਈ ਵਰਤੋਂ ਕਰ ਰਹੀਆਂ ਹਨ।

ਛੱਬੀ ਜਨਵਰੀ ਦੇ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ ਦੀਪ ਸਿੱਧੂ ਫਿਰ ਸਰਗਰਮ ਹੋਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮਾਰਚ ਲਈ ਲਾਮਬੰਦ ਕਰਨਾ ਸ਼ੁਰੂ ਕੀਤਾ। ਹਾਲਾਂਕਿ ਉਹ ਇਹ ਲਾਮਬੰਦੀ ਆਊਟਰ ਰਿੰਗ ਰੋਡ ਉੱਪਰ ਮਾਰਚ ਲਈ ਕਰ ਰਹੇ ਸਨ।

ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇੱਕ ਹੋਰ ਖੱਬੇ ਪੱਖੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਪਹਿਲਾਂ ਤੋਂ ਤੈਅ ਦਿੱਲੀ ਦੇ ਆਊਟਰ ਰਿੰਗ ਰੋਡ ਉੱਪਰ ਹੀ ਮਾਰਚ ਕਰਨ ਦੀ ਗੱਲ ਕੀਤੀ। ਇਨ੍ਹਾਂ ਬਿਆਨਾਂ ਨੇ ਦੀਪ ਸਿੱਧੂ ਨੂੰ ਸਾਂਝੇ ਕਿਸਾਨ ਮੋਰਚੇ ਵੱਲੋਂ ਪੁਲਿਸ ਨਾਲ ਸਹਿਮਤੀ ਵਾਲੇ ਰੂਟ ਤੋਂ ਵੱਖਰੇ ਪਾਸੇ ਜਾਣ ਦਾ ਮੌਕਾ ਦਿੱਤਾ।

ਸੋਮਵਾਰ ਨੂੰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਕਿਹਾ ਕਿ ਉਹ ਤਾਂ ਦਿੱਲੀ ਦੇ ਅੰਦਰ ਜਾ ਕੇ ਪੁਲਿਸ ਤੇ ਜਥੇਬੰਦੀਆਂ ਵੱਲੋਂ ਤੈਅ ਕੀਤੇ ਰੂਟ ਤੋਂ ਵੱਖ ਹੋ ਕੇ ਮਾਰਚ ਕਰਨਗੇ।

ਫਿਰ ਮੰਗਲਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਇੱਕ ਧੜਾ ਲਾਲ ਕਿਲੇ ’ਤੇ ਪਹੁੰਚਿਆ ਤਾਂ ਉੱਥੇ ਦੀਪ ਸਿੱਧੂ ਖੜ੍ਹੇ ਨਜ਼ਰ ਆਏ। ਜਦੋਂ ਨੌਜਵਾਨਾਂ ਵੱਲੋਂ ਲਾਲ ਕਿਲੇ ’ਤੇ ਕੇਸਰੀ ਤੇ ਕਿਸਾਨੀ ਝੰਡੇ ਲਗਾਏ ਜਾ ਰਹੇ ਸਨ ਤਾਂ ਉੱਥੇ ਦੀਪ ਸਿੱਧੂ ਮੌਜੂਦ ਸਨ।

ਉਸ ਵੇਲੇ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਵੀ ਬਣਾਇਆ ਸੀ।

ਦੀਪ ਸਿੱਧੂ ਦਾ ਸਪੱਸ਼ਟੀਕਰਨ

ਦੀਪ ਸਿੱਧੂ ਨੇ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ ਛੱਬੀ ਦੀ ਰਾਤ ਨੂੰ ਫੇਸਬੁੱਕ ਲਾਈਵ ਰਾਹੀਂ ਆਪਣਾ ਸਪਸ਼ਟੀਕਰਨ ਦਿੱਤਾ।

"ਅਸੀਂ ਕੋਈ ਵੀ ਝੰਡਾ ਨਹੀਂ ਲਾਹਿਆ ਸਗੋਂ ਆਪਣਾ ਨਿਸ਼ਾਨ ਸਾਹਿਬ ਅਤੇ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ ਲਾਇਆ। ਇਹ ਸਾਰੀ ਸੰਗਤ ਦਾ ਰੌਂਅ ਸੀ ਨਾ ਕਿ ਮੇਰਾ ਇਕੱਲੇ ਦੀ ਕਾਰਵਾਈ ਸੀ। ਮੈਂ ਕਿਸੇ ਨੂੰ ਅੱਗੇ ਲਗਾ ਕੇ ਨਹੀਂ ਲੈ ਕੇ ਗਿਆ।”

ਇਹ ਸਭ ਕੁਝ ਵਹਿਣ ਵਿੱਚ ਹੋਇਆ, ਕਿਸੇ ਇੱਕ ਦੇ ਭੜਕਾਇਆਂ ਨਹੀਂ ਹੋਇਆ।"

ਦੀਪ ਸਿੱਧੂ ਅਤੇ ਦਿਓਲ ਪਰਿਵਾਰ

ਦੀਪ ਸਿੱਧੂ ਦੇ ਦਿਓਲ ਪਰਿਵਾਰ ਨਾਲ ਸੰਬੰਧਾਂ ਬਾਰੇ ਸਿੱਧੂ ਅਤੇ ਸੰਨੀ ਦਿਓਲ ਦੇ ਵੱਖ-ਵੱਖ ਦਾਅਵੇ ਹਨ।

ਦੀਪ ਸਿੱਧੂ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਹਮਣੇ ਆਈਆਂ ਤਸਵੀਰਾਂ ਦੇ ਅਧਾਰ ''ਤੇ ਦੀਪ ਸਿੱਧੂ ਉੱਪਰ ਇਹ ਇਲਜ਼ਾਮ ਵੀ ਲੱਗੇ ਕਿ ਉਹ ਭਾਜਪਾ ਅਤੇ ਆਰਐੱਸਐੱਸ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ।

ਭਾਵੇਂ ਉਨ੍ਹਾਂ ਨੇ ਕਈ ਵਾਰ ਇਸ ਦਾਅਵੇ ਦਾ ਖੰਡਨ ਕੀਤਾ ਹੈ।

ਦੀਪ ਸਿੱਧੂ ਨੇ ਆਪਣੇ ਪੁਰਾਣੇ ਫੇਸਬੁੱਕ ਲਾਈਵ ਵੀਡੀਓਜ਼ ਵਿੱਚ ਦਾਅਵੇ ਕੀਤੇ ਕਿ ਉਹ ਭਾਜਪਾ ਨਾਲ ਅਦਾਕਾਰ ਸੰਨੀ ਦਿਓਲ ਦੇ ਚੋਣ ਪ੍ਰਚਾਰ ਦੌਰਾਨ ਜੁੜੇ ਸਨ। ਉਨ੍ਹਾਂ ਦੀ ਭਾਜਪਾ ਦੇ "ਵੱਡੇ ਆਗੂਆਂ" ਮੁਲਾਕਾਤਾਂ ਵੀ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਗਏ ਪਰ ਉਨ੍ਹਾਂ ਨੇ ਵਿਚਾਰਧਾਰਕ ਵਖਰੇਵੇਂ ਕਰ ਕੇ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ।

ਦੀਪ ਸਿੱਧੂ ਦੀ ਫੇਸਬੁੱਕ ਪ੍ਰੋ਼ਫਾਈਲ ਉੱਪਰ ਉਨ੍ਹਾਂ ਦੀਆਂ ਸੀਨੀਅਰ ਅਦਾਕਾਰ ਅਤੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਅਤੇ ਸੰਨੀ ਦੇ ਭਰਾ ਅਭੈ ਦਿਓਲ ਨਾਲ ਤਸਵੀਰਾਂ ਹਨ।

ਹਾਲਾਂਕਿ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ ਸੰਨੀ ਦਿਓਲ ਨੇ ਟਵੀਟ ਕਰ ਕੇ ਦੀਪ ਸਿੱਧੂ ਨਾਲ ਆਪਣੇ ਅਤੇ ਆਪਣੇ ਪਵਿਰਵਾਰ ਦੇ ਕਿਸੇ ਵੀ ਸੰਬੰਧ ਤੋਂ ਇਨਕਾਰ ਕੀਤਾ।

ਦਿਓਲ ਨੇ ਲਿਖਿਆ, "ਅੱਜ ਲਾਲ ਕਿਲੇ ਉੱਪਰ ਜੋ ਹੋਇਆ ਉਸ ਨੂੰ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ। ਮੈਂ ਪਹਿਲਾਂ ਵੀ, 6 ਦੰਸਬਰ ਨੂੰ, ਟਵਿੱਟਰ ਦੇ ਜ਼ਰੀਏ ਇਹ ਸਾਫ਼ ਕਰ ਚੁੱਕਿਆ ਹਾਂ ਕਿ ਮੇਰਾ ਜਾਂ ਮੇਰੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਸੰਬੰਧ ਨਹੀਂ ਹੈ।"

https://twitter.com/iamsunnydeol/status/1354108461185814530

ਛੇ ਦਸੰਬਰ ਦੇ ਆਪਣੇ ਟਵੀਟ ਵਿੱਚ ਸੰਨੀ ਦਿਓਲ ਨੇ ਕਿਸਾਨ ਅੰਦੋਲਨ ਨੂੰ ਸਰਕਾਰ ਅਤੇ ਕਿਸਾਨਾਂ ਦਾ ਆਪਸੀ ਮਸਲਾ ਦੱਸਿਆ ਸੀ ਅਤੇ ਨਾਲ ਹੀ ਦੀਪ ਸਿੱਧੂ ਬਾਰੇ ਵੀ ਸਪਸ਼ਟੀਕਰਨ ਦਿੱਤਾ ਸੀ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਤੀ ਬਿਆਨ ਦੀ ਤਸਵੀਰ ਸਾਂਝੀ ਕੀਤੀ ਸੀ।

ਲਿਖਿਆ," ਦੀਪ ਸਿੱਧੂ ਜੋ ਚੋਣਾਂ ਦੇ ਸਮੇਂ ਮੇਰੇ ਨਾਲ ਸੀ, ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ ਹੈ। ਉਹ ਜੋ ਕੁਝ ਕਰ ਰਿਹਾ ਹੈ ਖ਼ੁਦ ਆਪਣੀ ਮਰਜ਼ੀ ਨਾਲ ਕਰ ਰਿਹਾ ਹੈ, ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸੰਬੰਧ ਨਹੀਂ ਹੈ"

ਦੀਪ ਸਿੱਧੂ ਦਾ ਪਰਿਵਾਰਕ ਪਿਛੋਕੜ

ਦੀਪ ਸਿੱਧੂ ਦਾ ਜੱਦੀ ਪਿੰਡ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਹੈ।

ਦੀਪ ਦੇ ਬਠਿੰਡਾ ਰਹਿੰਦੇ ਸਕੇ ਚਾਚਾ ਬਿਧੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਛੇ ਭਰਾ ਸਨ ਅਤੇ ਦੀਪ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਪੇਸ਼ੇ ਤੋਂ ਵਕੀਲ ਸਨ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਦੇ ਤਿੰਨ ਪੁੱਤਰ ਹਨ, ਜਿੰਨਾ ਵਿੱਚ ਨਵਦੀਪ ਸਿੰਘ ਇਸ ਸਮੇਂ ਕੈਨੇਡਾ ਵਿੱਚ ਅਤੇ ਮਨਦੀਪ ਵਕਾਲਤ ਕਰਦਾ ਹੈ ਅਤੇ ਦੀਪ ਦਿੱਲੀ ਵਿੱਚ ਕਿਸਾਨੀ ਅੰਦੋਲਨ ਵਿੱਚ ਹੈ।

ਦੀਪ ਦੇ ਚਾਚਾ ਬਿਧੀ ਸਿੰਘ ਮੁਤਾਬਕ ਪਰਿਵਾਰ ਖੇਤੀਬਾੜੀ ਨਾਲ ਸਬੰਧਿਤ ਹੈ ਪਰ ਦੀਪ ਦੇ ਪਿਤਾ ਵਕੀਲ ਹੋਣ ਕਰ ਕੇ ਲੁਧਿਆਣਾ ਵਿੱਚ ਆਪਣੀ ਵਕਾਲਤ ਕਰਦੇ ਸਨ ਅਤੇ ਉਨ੍ਹਾਂ ਕਰੀਬ ਤਿੰਨ ਸਾਲ ਪਹਿਲਾ ਦੇਹਾਂਤ ਹੋ ਗਿਆ।

ਦੀਪ ਬਾਰੇ ਗੱਲ ਕਰਦਿਆਂ ਬਿਧੀ ਸਿੰਘ ਨੇ ਕਿਹਾ, ''''ਉਹ ਮਹਾਸ਼ਟਰ ਦੇ ਪੂਣੇ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਮੁੰਬਈ ਵਿਖੇ ਸੈੱਟ ਹੋ ਗਿਆ ਤੇ ਉੱਥੇ ਹੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।''''

ਉਨ੍ਹਾਂ ਦੱਸਿਆ ਕਿ ਪਹਿਲਾਂ ਦੀਪ ਨੇ ਵਕੀਲ ਵਜੋਂ ਬਾਲਾ ਜੀ ਫਿਲਮਜ਼ ਲਈ ਕੰਮ ਕੀਤਾ। ਹੌਲੀ-ਹੌਲੀ ਉਸ ਦੀ ਦਿਓਲ ਪਰਿਵਾਰ ਨਾਲ ਨੇੜਤਾ ਹੋ ਗਈ ਅਤੇ ਇੱਥੋਂ ਹੀ ਉਸ ਦੀ ਫ਼ਿਲਮੀ ਦੁਨੀਆ ਵਿੱਚ ਐਂਟਰੀ ਹੋ ਗਈ। ਦੀਪ ਦਾ ਵਿਆਹ ਹੋਇਆ ਹੈ ਅਤੇ ਉਸ ਦੇ ਇੱਕ ਬੇਟੀ ਵੀ ਹੈ।

ਬਿਧੀ ਸਿੰਘ ਮੁਤਾਬਕ ਦਿਓਲ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਜਦੋਂ ਸੰਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਿਆ ਤਾਂ ਦੀਪ ਸਿੱਧੂ ਨੇ ਪੂਰੀ ਮਦਦ ਕੀਤੀ। ਬਿਧੀ ਸਿੰਘ ਮੁਤਾਬਕ ਦੀਪ ਮੁੰਬਈ ਵਿੱਚ ਚੰਗੀ ਤਰਾਂ ਸੈੱਟ ਹੋ ਗਿਆ ਸੀ।

ਬਿਧੀ ਸਿੰਘ ਮੁਤਾਬਕ ਲਾਲ ਕਿਲੇ ਉੱਤੇ ਘਟਨਾ ਹੋਈ, ਉਸ ਬਾਰੇ ਉਨ੍ਹਾਂ ਨੂੰ ਮੀਡੀਆ ਤੋਂ ਹੀ ਜਾਣਕਾਰੀ ਮਿਲੀ ਹੈ।

''ਜੋਸ਼ ਵਿੱਚ ਚੁੱਕਿਆ ਗ਼ੈਰ-ਜ਼ਰੂਰੀ ਕਦਮ''

ਸਾਲ 2017 ਵਿੱਚ ਗੀਤਕਾਰ ਤੋਂ ਫਿਲਮਕਾਰ ਬਣੇ ਅਮਰਦੀਪ ਸਿੰਘ ਗਿੱਲ ਦੀ ਫਿਲਮ ''ਜੋਰਾ 10 ਨੰਬਰੀਆ'' ਵਿੱਚ ਜੋਰਾ ਦੇ ਕਿਰਦਾਰ ਨੇ ਪੰਜਾਬੀਆਂ ਦੀ ਪਛਾਣ ਦੀਪ ਸਿੱਧੂ ਦੀ ਪਛਾਣ ਨਾਲ ਕਰਵਾਈ।

ਇਸ ਦੇ ਨਾਲ ਹੀ ਉਨ੍ਹਾਂ ਦੀ ਐਂਟਰੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੋਈ।

ਦੀਪ ਸਿੱਧੂ ਦਾ ਫਿਲਮੀ ਸਫ਼ਰ

ਦੀਪ ਨੇ ਮੁੰਬਈ ਵਿੱਚ ਹੀ ਕਈ ਫੈਸ਼ਨ ਸ਼ੋਅਜ਼ ਵਿੱਚ ਬਤੌਰ ਮਾਡਲ ਹਿੱਸਾ ਲਿਆ ਅਤੇ ਆਖਿਰਕਾਰ ਮਾਡਲ ਤੋਂ ਅਦਾਕਾਰੀ ਵੱਲ ਪੈਰ ਰੱਖਣ ਲਈ ਤਿਆਰੀ ਸ਼ੁਰੂ ਕਰ ਦਿੱਤੀ।

ਦਿਓਲ ਪਰਿਵਾਰ ਦੇ ਹੀ ਘਰੇਲੂ ਬੈਨਰ ਵਿਜੇਤਾ ਫਿਲਮਜ਼ ਹੇਠ ਦੀਪ ਨੇ ਬਤੌਰ ਹੀਰੋ ਆਪਣੀ ਪਹਿਲੀ ਪੰਜਾਬੀ ਫਿਲਮ ''ਰਮਤਾ ਜੋਗੀ'' ਸਾਲ 2015 ਵਿੱਚ ਕੀਤੀ। ਫਿਲਮ ਦੇ ਨਿਰਦੇਸ਼ਕ ਗੁੱਡੂ ਧਨੋਆ ਸਨ, ਜੋ ਸੰਨੀ ਦਿਓਲ ਦੀਆਂ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਹਾਲਾਂਕਿ ਫਿਲਮ ਨੇ ਦੀਪ ਨੂੰ ਚਰਚਾ ਵਿੱਚ ਨਹੀਂ ਲਿਆਂਦਾ।

ਸਾਲ 2017 ਵਿੱਚ ''ਜ਼ੋਰਾ 10 ਨੰਬਰੀਆ'' ਤੋਂ ਬਾਅਦ 2018 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫ਼ਿਲਮ ''ਰੰਗ ਪੰਜਾਬ'' ਫਿਲਮ ਆਈ। ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਸੀ।

ਇਸ ਤੋਂ ਬਾਅਦ 2019 ਵਿੱਚ ''ਸਾਡੇ ਆਲੇ'' ਫਿਲਮ ਵਿੱਚ ਸੀਨੀਅਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਨਾਲ ਨਜ਼ਰ ਆਏ।

ਸਾਲ 2020 ਵਿੱਚ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨ ਵਿੱਚ ‘ਜੋਰਾ’ ਦਾ ਦੂਜਾ ਹਿੱਸਾ ''ਜੋਰਾ, ਸੈਕੇਂਡ ਚੈਪਟਰ'' ਰੀਲੀਜ਼ ਹੋਇਆ, ਇਸ ਵਿੱਚ ਵੀ ਦੀਪ ਸਿੱਧੂ ਨਾਲ ਪਹਿਲਾਂ ਵਾਂਗ ਹੀ ਧਰਮਿੰਦਰ ਤਾਂ ਸਨ ਹੀ ਉਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ ਵੀ ਸਨ।

ਹੁਣ ਤੱਕ ਜੋਰਾ ਟਾਈਟਲ ਹੇਠ ਆਈਆਂ ਦੋਹਾਂ ਫਿਲਮਾਂ ਦੀਪ ਸਿੱਧੂ ਇੱਕ ਗੈਂਗਸਟਰ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ।

ਇਹ ਖ਼ਬਰਾਂ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=ia19oc_Tz74

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''98688dce-0363-456e-8780-c3f1aa7a8d4b'',''assetType'': ''STY'',''pageCounter'': ''punjabi.india.story.55821296.page'',''title'': ''ਸ਼ੰਭੂ ਬਾਰਡਰ ’ਤੇ ਕਿਸਾਨੀ ਲਈ ਸਟੇਜ ਲਾਉਣ ਵਾਲੇ ਦੀਪ ਸਿੱਧੂ ਦਾ ਟਰੈਕਟਰ ਪਰੇਡ ’ਚ ਲਾਲ ਕਿਲੇ ਤੱਕ ਦਾ ਸਫ਼ਰ'',''author'': ''ਸਰਬਜੀਤ ਸਿੰਘ ਧਾਲੀਵਾਲ, ਸੁਨੀਲ ਕਟਾਰੀਆ'',''published'': ''2021-01-27T05:09:13Z'',''updated'': ''2021-01-27T05:09:13Z''});s_bbcws(''track'',''pageView'');