ਦੂਜਾ ਵਿਆਹ ਕਰਵਾਉਣ ਤੋਂ ਲੋਕ ਖਾਸਕਰ ਔਰਤਾਂ ਕਿਉਂ ਡਰਦੇ ਹਨ

01/17/2021 5:19:05 PM

ਇਹ ਇੱਕ ਅਜਿਹਾ ਵਿਆਹ ਸੀ, ਜਿਸਨੂੰ ਅਸੀਂ ਸਾਦਾ ਜਾਂ ਸਧਾਰਨ ਨਹੀਂ ਕਹਿ ਸਕਦੇ। ਭਾਰਤ ''ਚ ਸ਼ਾਇਦ ਹੀ ਕਿਸੇ ਔਰਤ ਦਾ ਦੂਸਰਾ ਵਿਆਹ ਕਦੀ ਧੂੰਮ ਧਾਮ ਨਾਲ ਉਸ ਤਰੀਕੇ ਨਾਲ ਹੁੰਦਾ ਹੈ, ਜਿਸ ਤਰ੍ਹਾਂ ਦੇ ਵਿਆਹਾਂ ਲਈ ਭਾਰਤ ਜਾਣਿਆ ਜਾਂਦਾ ਹੈ।

ਦੂਜਾ ਵਿਆਹ ਤਾਂ ਹਮੇਸ਼ਾਂ ਹੀ ਚੁੱਪਚਾਪ, ਗਿਣੇ ਚੁਣੇ ਲੋਕਾਂ ਦੀ ਮੌਜੂਦਗੀ ਵਿੱਚ ਹੋ ਜਾਂਦਾ ਹੈ। ਤੁਸੀਂ ਉਹ ਕਹਾਵਤ ਸੁਣੀ ਹੈ ਨਾ, ''ਜ਼ਿੰਦਗੀ ਵਿੱਚ ਵਿਆਹ ਤਾਂ ਬਸ ਇੱਕ ਵਾਰ ਹੁੰਦਾ ਹੈ।''

ਤੇਲਗੂ ਪਲੇਅਬੈਕ ਗਾਇਕਾ ਅਤੇ ਡਬਿੰਗ ਕਲਾਕਾਰ ਸੁਨੀਤਾ ਉਪਾਦ੍ਰਸਟਾ ਨੇ ਹਾਲ ਹੀ ਵਿੱਚ ਆਪਣੇ ਨਜ਼ਦੀਕੀ ਮਿੱਤਰ ਰਾਮ ਵੀਰਅਪੱਨ ਨਾਲ ਦੂਸਰਾ ਵਿਆਹ ਕਰਵਾਇਆ। ਵਿਆਹ ਵਾਲੇ ਦਿਨ ਉਨ੍ਹਾਂ ਨੇ ਸਿਰਫ਼ ਇੰਨੀ ਕੁ ਤਿਆਰੀ ਕੀਤੀ ਕਿ ਆਪਣੇ ਵਾਲਾਂ ਵਿੱਚ ਫ਼ੁੱਲ ਲਾਏ ਅਤੇ ਲਾਲ ਰੰਗ ਦਾ ਬਲਾਊਜ਼ ਪਹਿਨ ਲਿਆ ਸੀ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ: 19 ਜਨਵਰੀ ਨੂੰ ਟਿਕਰੀ ਬਾਰਡਰ ''ਤੇ ਸਾਬਕਾ ਫੌਜੀ ਕਰਨਗੇ ਪਰੇਡ
  • 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਬਾਰੇ ਅਫਵਾਹਾਂ ਦਾ ਕਿਸਾਨ ਆਗੂਆਂ ਨੇ ਕੀ ਦਿੱਤਾ ਜਵਾਬ
  • ਕੌਣ ਹੈ ਕਸ਼ਮੀਰੀ ਕੁੜੀ ਜਿਸ ਨੂੰ ਬਾਇਡਨ ਨੇ ਆਰਥਿਕ ਮਾਮਲਿਆਂ ਦੀ ਕਾਊਂਸਲ ਵਿੱਚ ਨਾਮਜ਼ਦ ਕੀਤਾ ਹੈ

ਕਰੀਬ 42 ਸਾਲਾਂ ਦੀ ਉਮਰ ਦੀ ਸੁਨੀਤਾ ਦੇ ਦੂਸਰਾ ਵਿਆਹ ਕਰਵਾਉਣ ਦੀ ਖ਼ੁਸ਼ੀ ਬਹੁਤ ਲੋਕਾਂ ਨੇ ਮਨਾਈ। ਪਰ ਕੁਝ ਲੋਕਾਂ ਨੇ ਇਸਦਾ ਵਿਰੋਧ ਵੀ ਕੀਤਾ। ਸੁਨੀਤਾ ਨੇ 19 ਸਾਲ ਦੀ ਉਮਰ ''ਚ ਕਿਰਨ ਕੁਮਾਰ ਗੋਪਾਰਾਗਾ ਨਾਲ ਪਹਿਲਾ ਵਿਆਹ ਕਰਵਾਇਆ ਸੀ, ਪਰ ਦੋਵਾਂ ਦਰਮਿਆਨ ਤਲਾਕ ਹੋ ਗਿਆ।

ਦੂਸਰੇ ਵਿਆਹ ਮੌਕੇ ਖਿੱਚੀਆਂ ਗਈਆਂ ਤਸਵੀਰਾਂ ਵਿੱਚ ਸੁਨੀਤਾ ਦੇ ਨਾਲ ਉਨ੍ਹਾਂ ਦੇ ਦੋ ਬੱਚੇ, ਬੇਟਾ ਆਕਾਸ਼ ਅਤੇ ਧੀ ਸ਼ਰੇਯਾ ਵੀ ਕੋਲ ਖੜੇ ਨਜ਼ਰ ਦਿੱਤੇ। ਦੋਵੇਂ ਬੱਚੇ ਸੁਨੀਤਾ ਦੇ ਪਹਿਲੇ ਵਿਆਹ ਦੇ ਹਨ।

ਸੋਸ਼ਲ ਮੀਡੀਆ ''ਤੇ ਸਾਂਝੀਆਂ ਕੀਤੀਆਂ ਗਈਆਂ ਇਹ ਤਸਵੀਰਾਂ ਕਿਸੇ ਵੀ ਸਧਾਰਨ ਵਿਆਹ ਵਰਗੀਆਂ ਹਨ। ਪਰ ਇਹ ਉਸ ਸਮਾਜ ਦੇ ਖ਼ਿਲਾਫ਼ ਬਗ਼ਾਵਤ ਦਾ ਐਲਾਨ ਕਰਦੀਆਂ ਮਹਿਸੂਸ ਹੁੰਦੀਆਂ ਹਨ, ਜਿਥੇ ਮਰਦਾਂ ਦੇ ਮੁਕਾਬਲੇ ਕਿਤੇ ਘੱਟ ਔਰਤਾਂ ਦੂਸਰਾ ਵਿਆਹ ਕਰਵਾਉਂਦੀਆਂ ਹਨ।

ਔਰਤ ਬਨਾਮ ਦੂਜਾ ਵਿਆਹ

ਇਹ ਕੋਈ ਨਵੀਂ ਬਹਿਸ ਨਹੀਂ ਹੈ। ਪਰ ਜਦੋਂ ਵੀ ਕੋਈ ਔਰਤ ਦੂਸਰਾ ਵਿਆਹ ਕਰਵਾਉਂਦੀ ਹੈ, ਜ਼ਿੰਦਗੀ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਦਾ ਜਸ਼ਨ ਮਨਾਉਂਦੀ ਹੈ, ਤਾਂ ਸਾਡੇ ਸਮਾਜ ਦੇ ਦੌਗਲੇਪਣ ''ਤੇ ਨਵੇਂ ਸਿਰੇ ਤੋਂ ਬਹਿਸ ਹੋਣੀ ਚਾਹੀਦੀ ਹੈ, ਜਿਸ ਵਿੱਚ ਸਾਨੂੰ ਇਹ ਯਾਦ ਰਹੇ ਕਿ ਜੋ ਔਰਤਾਂ ਦੂਸਰਾ ਵਿਆਹ ਕਰਵਾਉਣ ਦਾ ਫ਼ੈਸਲਾ ਕਰਦੀਆਂ ਹਨ, ਉਨ੍ਹਾਂ ਬਾਰੇ ਸਾਡਾ ਸਮਾਜ ਕੀ ਸੋਚਦਾ ਹੈ।

ਹਿੰਦੂਸਤਾਨ ਵਿੱਚ ਲੰਬੇ ਸਮੇਂ ਤੋਂ ਵਿਆਹ ਦੀ ਪਹਿਲੀ ਸ਼ਰਤ ਇਹ ਹੀ ਰਹੀ ਹੈ ਕਿ ਕੁੜੀ ਕੁਆਰੀ ਹੋਣੀ ਚਾਹੀਦੀ ਹੈ।

ਪਰ ਹੁਣ ਅਜਿਹੀਆਂ ਹਜ਼ਾਰਾਂ ਮਿਸਾਲਾਂ ਮਿਲ ਜਾਣਗੀਆਂ, ਜਿਥੇ ਘੱਟ ਉਮਰ ਦੀਆਂ ਵਿਧਵਾਂ ਹੋ ਗਈਆਂ ਔਰਤਾਂ ਸਮਾਜ ਤੋਂ ਅਲੱਗ-ਥਲੱਗ ਹੋ ਕੇ ਜ਼ਿੰਦਗੀ ਬਿਤਾਉਣ ਲਈ ਮਜ਼ਬੂਰ ਹਨ, ਕਿਉਂਕਿ ਉਨ੍ਹਾਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਹਾਲਾਂਕਿ ਹੁਣ ਹਾਲਾਤ ਬਦਲ ਰਹੇ ਹਨ, ਚਾਹੇ ਬਦਲਾਅ ਦੀ ਰਫ਼ਤਾਰ ਹੌਲੀ ਹੀ ਕਿਉਂ ਨਾ ਹੋਵੇ।

ਪਹਿਲੀ ਨਜ਼ਰ ਦਾ ਪਿਆਰ ਅਤੇ ਦੂਸਰਾ ਵਿਆਹ

ਸ਼੍ਰੀਮੋਈ ਪੀਯੂ ਕੁੰਡੂ ਸਿਰਫ਼ ਛੇ ਸਾਲ ਦੀ ਸੀ, ਜਦੋਂ ਉਨ੍ਹਾਂ ਦੇ ਚਾਚਾ ਨੇ ਉਨ੍ਹਾਂ ਦੀ ਮਾਂ ਦਾ ਵਿਆਹ ਲਈ ਹੱਥ ਮੰਗਿਆ ਸੀ। ਸ਼੍ਰੀਮੋਈ ਨੇ ''ਸਟੇਟਸ ਸਿੰਗਲ: ਦਾ ਟਰੁੱਥ ਅਬਾਊਟ ਬੀਇੰਗ ਸਿੰਗਲ ਵੂਮੈਨ ਇੰਨ ਇੰਡੀਆ'' ਨਾਮ ਦੀ ਇੱਕ ਕਿਤਾਬ ਲਿਖੀ ਹੈ।

ਸ਼੍ਰੀਮੋਈ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਆਪਣੇ ਪਤੀ ਨੂੰ ਦਿਮਾਗੀ ਬੀਮਾਰੀ ਦੀ ਵਜ੍ਹਾ ਨਾਲ ਉਸ ਸਮੇਂ ਗਵਾ ਦਿੱਤਾ ਜਦੋਂ ਉਸ ਦੀ ਉਮਰ ਕੋਈ ਵੀਹ ਇੱਕੀ ਸਾਲ ਹੋਵੇਗੀ। ਉਸ ਵਕਤ ਸ਼੍ਰੀਮੋਈ ਮਹਿਜ਼ ਤਿੰਨ ਸਾਲਾਂ ਦੀ ਬੱਚੀ ਸੀ।

ਪਤੀ ਦੇ ਗ਼ੁਜ਼ਰ ਜਾਣ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਕਲਕੱਤਾ ਆ ਕੇ ਆਪਣੇ ਮਾਂ-ਬਾਪ ਦੇ ਨਾਲ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਉਹ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ ਅਤੇ ਆਪਣੀ ਧੀ ਨੂੰ ਪਾਲਣ ਲਈ ਟਿਊਸ਼ਨ ਵੀ ਪੜ੍ਹਾਉਂਦੀ ਸੀ। ਤਦੇ ਆਂਧਰਾਂ ਪ੍ਰਦੇਸ਼ ਦਾ ਇੱਕ ਨੌਜਵਾਨ, ਦੱਖਣੀ ਕਲਕੱਤਾ ਵਿੱਚ ਸਥਿਤ ਉਨ੍ਹਾਂ ਦੇ ਘਰ ਪੇਇੰਗ ਗੈਸਟ ਬਣ ਕੇ ਆਇਆ।

ਸ਼੍ਰੀਮੋਈ ਦੱਸਦੇ ਹਨ, "ਕੁਦਰਤ ਨੇ ਉਨ੍ਹਾਂ ਦੇ ਰੂਪ ਵਿੱਚ ਮੇਰੇ ਕੋਲ ਇੱਕ ਨਵੇਂ ਬਾਪ ਨੂੰ ਭੇਜਿਆ ਸੀ। ਉਥੇ ਹੀ ਉਨ੍ਹਾਂ ਲਈ ਇਹ ਪਹਿਲੀ ਨਜ਼ਰ ਦਾ ਪਿਆਰ ਸੀ।"

ਉਹ ਸ਼੍ਰੀਮੋਈ ਦੀ ਮਾਂ ਦਾ ਹੱਥ ਮੰਗਣ ਲਈ ਉਨ੍ਹਾਂ ਦੇ ਕੋਲ ਆਏ ਸਨ। ਬਾਰ੍ਹਾਂ ਸਾਲ ਦੀ ਉਮਰ ਦੀ ਸ਼੍ਰੀਮੋਈ ਨੇ ਆਪਣੀ ਮਾਂ ਦੇ ਬਾਰੇ ਫ਼ੈਸਲਾ ਲੈਣਾ ਸੀ।

ਸ਼੍ਰੀਮੋਈ ਦੱਸਦੇ ਹਨ ਕਿ, "ਮੇਰੀ ਮਾਂ ਉਮਰ ਵਿੱਚ ਉਨ੍ਹਾਂ ਤੋਂ ਕਰੀਬ ਦਸ ਸਾਲ ਵੱਡੀ ਹੋਵੇਗੀ। ਮੈਂ ਉਸ ਸਮੇਂ ਛੇਵੀਂ ਕਲਾਸ ਵਿੱਚ ਪੜ੍ਹਦੀ ਸੀ। ਮੈਂ ਉਨ੍ਹਾਂ ਨੂੰ ਚਾਚਾ ਕਹਿਕੇ ਬੁਲਾਇਆ ਕਰਦੀ ਸੀ। ਮੈਂ ਆਪਣੇ ਅਸਲੀ ਪਿਤਾ ਤੋਂ ਬੇਹੱਦ ਨਾਰਾਜ਼ ਸੀ ਅਤੇ ਉਨ੍ਹਾਂ ਨੂੰ ਗੁੱਸੇ ਵਿੱਚ ਚਿੱਠੀਆਂ ਲਿਖਿਆ ਕਰਦੀ ਸੀ।"

ਉਹ ਅੱਗੇ ਦੱਸਦੇ ਹਨ, "ਮੈਨੂੰ ਇਹ ਡਰ ਸਤਾ ਰਿਹਾ ਸੀ ਕਿ ਜੇ ਮੇਰੇ ਚਾਚਾ ਤੇ ਮਾਂ ਨੇ ਵਿਆਹ ਕਰ ਲਿਆ ਤਾਂ ਉਹ ਆਪਣੇ ਨਵਾਂ ਪਰਿਵਾਰ ਵਸਾ ਲੈਣਗੇ ਅਤੇ ਫ਼ਿਰ ਦੋਵੇਂ ਮੈਨੂੰ ਭੁੱਲ ਜਾਣਗੇ। ਪਰ ਮੇਰੀ, ਮਾਂ ਇਸ ਵਿਆਹ ਤੋਂ ਖ਼ੁਸ਼ ਸੀ। ਉਹ ਮੇਰੇ ਚਾਚਾ ਨੂੰ ਬੇਹੱਦ ਮੁਹੱਬਤ ਕਰਦੀ ਸੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸ਼੍ਰੀਮੋਈ ਦੀ ਮਾਂ ਦਾ ਦੂਸਰਾ ਵਿਆਹ ਬੇਹੱਦ ਰਸਮੀ ਤਰੀਕੇ ਨਾਲ ਹੋਇਆ ਸੀ। ਸ਼੍ਰੀਮੋਈ ਨੂੰ ਅੱਜ ਵੀ ਯਾਦ ਹੈ ਉਨ੍ਹਾਂ ਦਾ ਮਾਂ ਨੇ ਇੱਕ ਲਾਲ ਰੰਗ ਦੀ ਸਾੜੀ ਪਹਿਨੀ ਹੋਈ ਸੀ।

ਪਹਿਲਾਂ ਉਹ ਵਿਆਹ ਦੀ ਰਜ਼ਿਸਟ੍ਰੇਸ਼ਨ ਕਰਾਵਉਣ ਅਦਾਲਤ ਗਏ ਸਨ। ਇਸ ਤੋਂ ਬਾਅਦ ਉਹ ਸਾਰੇ ਆਪਣੇ ਪਸੰਦੀਦਾ ਚਾਈਨੀਜ਼ ਹੋਟਲ ਗਏ ਅਤੇ ਖਾਣਾ ਖਾ ਕੇ ਵਿਆਹ ਦਾ ਜਸ਼ਨ ਮਨਾ ਲਿਆ। ਬਸ, ਇੰਨਾਂ ਹੀ!

ਸ਼੍ਰੀਮੋਈ ਦੱਸਦੇ ਹਨ, "ਪਹਿਲਾਂ ਮੇਰੀ ਮਾਂ ਦਾ ਵਿਆਹ ਬਹੁਤ ਧੂੰਮ-ਧਾਮ ਨਾਲ ਹੋਇਆ ਸੀ। ਉਹ ਅਜਿਹਾ ਵਿਆਹ ਸੀ ਜਿਸਦਾ ਸੁਫ਼ਨਾ ਹਰ ਕੁੜੀ ਦੇਖਦੀ ਹੈ। ਇਹ ਉਨ੍ਹਾਂ ਦੀ ਕਹਾਣੀ ਹੈ। ਮੇਰੀ ਮਾਂ ਦੇ ਵਿਆਹ ਸੰਬੰਧੀ ਮੈਨੂੰ ਬਹੁਤ ਸਾਰੇ ਤਾਅਨੇ ਸੁਣਨੇ ਪਏ ਸਨ। ਲੋਕ ਮੈਨੂੰ ਪੁੱਛਿਆ ਕਰਦੇ ਸਨ ਕਿ ਮੇਰੀ ਮਾਂ ਦਾ ਨਵਾਂ ਬੁਆਏਫ਼੍ਰੈਂਡ ਕਿਸ ਤਰ੍ਹਾਂ ਦਾ ਹੈ। ਵੈਸੇ ਵੀ, ਬਾਪ ਨਾ ਹੋਣ ਕਰਕੇ ਮੈਨੂੰ ਬਹੁਤ ਸਤਾਇਆ ਜਾਂਦਾ ਸੀ।"

ਉਹ ਕਹਿੰਦੇ ਹਨ ਕਿ, "ਕਿਸੇ ਵੀ ਔਰਤ ਲਈ ਦੂਸਰਾ ਵਿਆਹ ਕਰਕੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਣਾ ਬੇਹੱਦ ਔਖਾ ਹੁੰਦਾ ਹੈ। ਸਾਡਾ ਸਮਾਜ ਬਹੁਤ ਵੱਡਾ ਪਾਖੰਡੀ ਅਤੇ ਔਰਤ ਵਿਰੋਧੀ ਹੈ। ਇਥੇ ਵਿਚਲਾ ਰਾਹ ਲੱਭਣਾ ਬਹੁਤ ਔਖਾ ਹੁੰਦਾ ਹੈ।"

ਸ਼੍ਰੀਮੋਈ ਦੀ ਮਾਂ ਦੀ ਉਮਰ ਕਰੀਬ ਸੱਠ ਸਾਲ ਦੀ ਹੋਵੇਗੀ, ਜਦੋਂ ਉਨ੍ਹਾਂ ਨੇ ਇੱਕ ਬੱਚੇ ਨੂੰ ਗੋਦ ਲੈਣ ਦਾ ਫ਼ੈਸਲਾ ਕੀਤਾ ਸੀ। ਹੁਣ ਸ਼੍ਰੀਮੋਈ ਦੀ ਇੱਕ ਛੋਟੀ ਭੈਣ ਵੀ ਹੈ, ਜਿਸਦਾ ਨਾਮ ਗੇਰੂ ਹੈ। ਹਾਲਾਂਕਿ, ਅਜਿਹੇ ਕਿੱਸੇ ਕਦੀ ਕਦਾਈਂ ਹੀ ਸੁਣਨ ਨੂੰ ਮਿਲਦੇ ਹਨ।

Getty Images

ਇੱਕ ਹੋਰ ਵਿਆਹ ਦੀ ਜੱਦੋਜ਼ਹਿਦ

ਜਦੋਂ ਵੀ ਗੱਲ ਦੂਸਰਾ ਵਿਆਹ ਕਰਨ ਦੀ ਆਉਂਦੀ ਹੈ, ਤਾਂ ਕਿਸੇ ਤਲਾਕਸ਼ੁਦਾ ਔਰਤ ਜਾਂ ਵਿਧਵਾ ਲਈ ਦੂਸਰਾ ਸਾਥੀ ਲੱਭ ਸਕਣਾ ਬੇਹੱਦ ਔਖਾ ਹੁੰਦਾ ਹੈ। ਉੱਪਰੋਂ ਉਨ੍ਹਾਂ ਨੂੰ ਸਮਾਜ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਤਲਾਕਯਾਫ਼ਤਾ ਔਰਤਾਂ ਦੀ ਮਦਦ ਕਰਨ ਵਾਲੇ ਕਈ ਸਮੂਹ ਬਣੇ ਹਨ। ਬਹੁਤ ਸਾਰੀਆਂ ਮੈਟ੍ਰੀਮੋਨੀਅਲ ਵੈੱਬਸਾਈਟਾਂ ''ਤੇ ਵੀ ਹੁਣ ਦੂਸਰੇ ਵਿਆਹ ਦੇ ਬਦਲ ਉਪਲੱਬਧ ਕਰਵਾਏ ਜਾ ਰਹੇ ਹਨ।

ਇਸਦੇ ਇਲਾਵਾ ਵਿਆਹ ਬਾਹਰੇ ਸੰਬੰਧਾਂ ਦੇ ਲਈ ਤਮਾਮ ਡੇਟਿੰਗ ਸਾਈਟਾਂ ਵੀ ਖੁੱਲ੍ਹ ਗਈਆਂ ਹਨ। ਭਾਰਤ ਵਿੱਚ ਇਨਾਂ ਦਾ ਧੰਦਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।

ਫ਼ਰਾਂਸ ਵਿੱਚ ਵਿਕਸਿਤ ਕੀਤੇ ਗਏ, ਵਿਆਹ ਤੋਂ ਬਾਹਰੇ ਸੰਬੰਧਾਂ ਦੇ ਡੇਟਿੰਗ ਐਪ ਗਲੀਡੀਨ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ, ਭਾਰਤ ਵਿੱਚ ਉਨ੍ਹਾਂ ਦੇ ਸਬਸਕ੍ਰਾਈਬਰਾਂ ਦੀ ਗਿਣਤੀ 13 ਲੱਖ ਨੂੰ ਪਾਰ ਕਰ ਗਈ ਹੈ।

ਗਲੀਡੀਨ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ ਤਾਂ ਉਸਦੇ ਸਬਸਕ੍ਰਾਈਬਰਾਂ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਗਲੀਡੀਨ ਮੁਤਾਬਿਕ, ਪਿਛਲੇ ਸਾਲ ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਭਾਰਤ ਵਿੱਚ ਉਨ੍ਹਾਂ ਦੇ ਸਬਸਕ੍ਰਾਈਬਰਾਂ ਦੀ ਗਿਣਤੀ ਜੂਨ, ਜੁਲਾਈ ਅਤੇ ਅਗਸਤ ਦੇ ਮੁਕਾਲਬੇ ਕਰੀਬ 246 ਫ਼ੀਸਦ ਵੱਧ ਗਈ ਹੇ।

ਗਲੀਡੀਨ ਦਾ ਕਹਿਣਾ ਹੈ ਕਿ, "ਵਿਆਹ ਤੋਂ ਬਾਹਰੀ ਸੰਬੰਧ ਕਿਸੇ ਵੀ ਜੋੜੇ ਦੇ ਸੰਬੰਧਾਂ ਵਿੱਚ ਥੈਰੇਪੀ ਦਾ ਕੰਮ ਕਰ ਸਕਦੇ ਹਨ।"

2016 ਵਿੱਚ ਭਾਰਤ ਮਨੁੱਖੀ ਵਿਕਾਸ ਸਰਵੇਖਣ ਮੁਤਾਬਿਕ, ਦੇਸ ਵਿੱਚ ਵਿਧਵਾ, ਆਪਣੇ ਪਤੀ ਤੋਂ ਅਲੱਗ ਰਹਿ ਰਹੀਆਂ ਅਤੇ ਤਲਾਕਸ਼ੁਦਾ ਔਰਤਾਂ ਦੀ ਗਿਣਤੀ ਮਰਦਾ ਦੇ ਮੁਕਾਬਲੇ ਜ਼ਿਆਦਾ ਹੈ। ਉਮਰ ਦੇ ਹਰ ਵਰਗ ਵਿੱਚ ਅਜਿਹੀਆਂ ਔਰਤਾਂ ਦੀ ਵੱਧ ਗਿਣਤੀ ਇਹ ਇਸ਼ਾਰਾ ਕਰਦੀ ਹੈ ਕਿ, ਭਾਰਤ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੂਸਰਾ ਵਿਆਹ ਘੱਟ ਕਰ ਰਹੀਆਂ ਹਨ।

2019 ਵਿੱਚ ਪ੍ਰਕਾਸ਼ਿਤ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਵਿੱਚ ਤਲਾਕ ਦੇ ਮਾਮਲੇ ਦੁੱਗਣੇ ਹੋ ਗਏ ਹਨ।

ਇਸ ਰਿਪੋਰਟ ਮੁਤਾਬਿਕ, ਸਿੱਖਿਅਤ ਅਤੇ ਆਰਥਿਕ ਪੱਖੋਂ ਸੁਤੰਤਰ ਔਰਤਾਂ ਦੇ ਤਲਾਕ ਦੇ ਮਾਮਲੇ ਕਾਫ਼ੀ ਜ਼ਿਆਦਾ ਵੱਧ ਗਏ ਹਨ।

ਪਿਛਲੇ ਸਾਲ ਫ਼ਰਵਰੀ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਸੀ ਕਿ ਅੱਜ ਸਿੱਖਿਅਤ ਅਤੇ ਅਮੀਰ ਪਰਿਵਾਰਾਂ ਵਿੱਚ ਤਲਾਕ ਦੇ ਮਾਮਲੇ ਇਸ ਲਈ ਵੱਧ ਰਹੇ ਹਨ ਕਿਉਂਕਿ ਔਰਤਾਂ ਵਿੱਚ ਬਹੁਤ ਹੰਕਾਰ ਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਮਾਜ ਵਿੱਚ ਪਰਿਵਾਰ ਦੀ ਪਹਿਚਾਣ ਉਸਦੀਆਂ ਔਰਤਾਂ ਨਾਲ ਹੀ ਬਣਦੀ ਹੈ।

ਵੱਖਰੇ ਹੋਣ ਦੇ ਕਾਰਨ ਜਾਣਨ ''ਚ ਸਮਾਜ ਦੀ ਦਿਲਚਸਪੀ

2015 ਵਿੱਚ ਮੇਰੀਆਂ ਦੋ ਸਹੇਲੀਆਂ ਆਪਣੇ ਪਤੀਆਂ ਤੋਂ ਅਲੱਗ ਹੋਣ ਦੇ ਦੌਰ ਵਿੱਚੋਂ ਗੁਜ਼ਰ ਰਹੀਆਂ ਸਨ। ਉਹ ਦੋਵੇਂ ਹੀ ਪੜ੍ਹੀਆਂ ਲਿਖੀਆਂ ਸਨ ਅਤੇ ਉਨ੍ਹਾਂ ਦਾ ਕਰੀਅਰ ਵੀ ਚੰਗਾ ਚਲ ਰਿਹਾ ਸੀ।

ਦੋਵਾਂ ਨੇ ਹੀ ਪਿਆਰ ਕਰਵਾਇਆ ਸੀ।

ਮੇਰੀ ਇੱਕ ਸਹੇਲੀ ਦਾ ਪਤੀ ਉਸ ਨਾਲ ਬੇਵਫ਼ਾਈ ਕਰ ਰਿਹਾ ਸੀ। ਤੇ ਦੂਸਰੀ ਨੂੰ ਅਜਿਹਾ ਲੱਗ ਰਿਹਾ ਸੀ ਕਿ ਪਤੀ ਦੇ ਨਾਲ ਉਸਦਾ ਨਿਭਾਅ ਨਹੀਂ ਹੋ ਪਾ ਰਿਹਾ। ਦੋਵੇਂ ਜੋੜੀਆਂ ਖ਼ੂਬਸੂਰਤ ਸਨ। ਹਰ ਕੋਈ ਇਹ ਹੀ ਕਹਿੰਦਾ ਸੀ ਕਿ ਉਹ ਇੱਕ ਦੂਸਰੇ ਲਈ ਬਣੇ ਹਨ, ਉਨ੍ਹਾਂ ਦਾ ਰਿਸ਼ਤਾ ਜਨਮ-ਜਨਮਾਂਤਰ ਦਾ ਹੈ।

ਵਿਆਹਾਂ ਸੰਬੰਧੀ ਸਮਾਜ ਦਾ ਨਜ਼ਰੀਆ ਅਜਿਹਾ ਹੀ ਹੁੰਦਾ ਹੈ। ਸਵਰਗ ਵਿੱਚ ਬਣੀਆਂ ਜੋੜੀਆਂ, ਜਿਨ੍ਹਾਂ ਨੂੰ ਤੋੜਨਾ ਗੁਨਾਹ ਸਮਝਿਆ ਜਾਂਦਾ ਹੈ। ਮੇਰੀ ਇਹ ਦੋਸਤ ਆਪਣੇ ਬੈੱਡਰੂਮ ਦੀ ਬਜਾਇ ਲਿਵਿੰਗ ਰੂਮ ਵਿੱਚ ਸੋਫ਼ੇ ''ਤੇ ਸੌਂਦੀ ਸੀ। ਉਸ ਨੇ ਉਹ ਘਰ ਨਹੀਂ ਸੀ ਛੱਡਿਆ ਸੀ, ਜਿਸ ਵਿੱਚ ਪਤੀ ਪਤਨੀ ਵਜੋਂ ਉਹ ਦੋਵੇਂ ਇਕੱਠੇ ਰਹਿੰਦੇ ਆਏ ਸਨ। ਬਾਅਦ ਵਿੱਚ ਪਤੀ ਨੇ ਘਰ ਛੱਡ ਦਿੱਤਾ।

ਉਸਨੇ ਘਰ ਵਿੱਚ ਫ਼ਰਨੀਚਰ ਨਵੇਂ ਸਿਰੇ ਤੋਂ ਰੱਖਣ ਦੀ ਯੋਜਨਾ ਬਣਾਈ। ਪਤੀ ਪਤਨੀ ਇਸ ਲਈ ਅਲੱਗ ਨਹੀਂ ਹੋਏ ਕਿ ਦੋਵਾਂ ਦਰਮਿਆਨ ਪਿਆਰ ਖ਼ਤਮ ਹੋ ਗਿਆ ਸੀ। ਪਰ ਕਈ ਵਾਰ ਸਿਰਫ਼ ਪਿਆਰ ਨਾਲ ਹੀ ਕੰਮ ਨਹੀਂ ਚੱਲਦਾ।

ਇਹ ਵੀ ਪੜ੍ਹੋ:

  • ਕੀ ਤੁਸੀਂ ਤਿੰਨ ਤਲਾਕ ਬਾਰੇ ਇਹ ਗੱਲਾਂ ਜਾਣਦੇ ਹੋ?
  • ਕੀ ਔਰਤਾਂ ਦੇ ਅਧਿਕਾਰ ਨਜ਼ਰਅੰਦਾਜ਼ ਕੀਤੇ ਜਾ ਰਹੇ?
  • ਕੁੜੀਆਂ ਮੁੰਡਿਆਂ ਮੁਕਾਬਲੇ ਵੱਧ ਗੋਦ ਕਿਉਂ ਲਈਆਂ ਜਾ ਰਹੀਆਂ ਹਨ

ਮੇਰੀ ਉਹ ਦੋਸਤ ਕਦੀ ਇਕੱਲਿਆਂ ਰਹਿੰਦੀ ਸੀ ਅਤੇ ਕਦੀ ਇਕੱਲਤਾ ਨੂੰ ਝੱਲਦੀ ਸੀ। ਜਿਸ ਦਿਨ ਉਸਨੂੰ ਬਹੁਤੀ ਇਕੱਲਤਾ ਮਹਿਸੂਸ ਹੁੰਦੀ ਸੀ, ਤਾਂ ਉਹ ਰੋਣ ਲਈ ਮੇਰੇ ਕੋਲ ਆ ਜਾਂਦੀ ਸੀ। ਮੈਂ ਉਸ ਨੂੰ ਚਾਹ ਬਣਾਕੇ ਦੇ ਦਿੰਦੀ ਸੀ ਅਤੇ ਇਕੱਲਿਆਂ ਛੱਡ ਦਿੰਦੀ ਸੀ।

ਉਹ ਇੱਕ ਖ਼ੂਬਸੂਰਤ ਔਰਤ ਹੈ। ਪਰ ਉਸ ਤੋਂ ਵੀ ਵੱਧ ਵੱਡੀ ਗੱਲ ਇਹ ਹੈ ਕਿ ਸਮਾਜ ਅਕਸਰ ਔਰਤਾਂ ਬਾਰੇ ਧਾਰਨਾਵਾਂ ਬਣਾ ਲੈਂਦਾ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀਆਂ ਨੇ ਛੱਡ ਦਿੱਤਾ ਹੋਵੇ। ਲੋਕਾਂ ਨੂੰ ਇਸ ਦਾ ਕਾਰਨ ਜਾਣਨ ਵਿੱਚ ਬਹੁਤ ਦਿਲਚਸਪੀ ਹੁੰਦੀ ਹੈ। ਲੋਕ ਕਹਿਣ ਲੱਗਦੇ ਹਨ ਕਿ ਉਸ ਔਰਤ ਨੇ ਰਿਸ਼ਤਾ ਚਲਾਉਣ ਦੀ ਦਿਲ ਤੋਂ ਕੋਸ਼ਿਸ਼ ਹੀ ਨਹੀਂ ਕੀਤੀ ਹੋਵੇਗੀ।

ਸਥਾਈ ਸਾਥੀ ਦੀ ਅਧੂਰੀ ਭਾਲ

2016 ਵਿੱਚ ਆਖ਼ਿਰਕਾਰ ਮੇਰੀ ਦੋਸਤ ਨੇ ਘਰ ਦੀ ਪਹਿਲੀ ਮੰਜ਼ਲ ''ਤੇ ਬਣੇ ਬੈੱਡਰੂਮ ਵਿੱਚ ਦੁਬਾਰਾ ਸੌਣਾ ਸ਼ੁਰੂ ਕਰ ਦਿੱਤਾ। ਉਸਨੇ ਘਰ ਨੂੰ ਨਵੇਂ ਸਿਰੇ ਤੋਂ ਸਜਾਇਆ। ਨਵੇਂ ਪਰਦੇ ਖ਼ਰੀਦੇ। ਨਵੇਂ ਲੈਂਪ ਵੀ ਖ਼ਰੀਦੇ। ਉਹ ਆਪਣੀ ਛੱਤ ''ਤੇ ਰੱਖਣ ਲਈ ਨਵੀਂ ਕੁਰਸੀਆਂ ਵੀ ਲੈ ਆਈ।

ਆਪਣੇ ਘਰ ਨੂੰ ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ। ਜ਼ਾਹਰ ਹੈ, ਉਸਨੇ ਅੱਗੇ ਵੱਧਣ ਦਾ ਫ਼ੈਸਲਾ ਕਰ ਲਿਆ ਸੀ। ਉਸ ਦੇ ਪਤੀ ਨੇ ਦੂਜਾ ਵਿਆਹ ਕਰ ਲਿਆ ਸੀ। ਪਰ ਉਸਨੇ ਕਿਹਾ ਕਿ ਹਾਲੇ ਉਸ ਨੂੰ ਸਮਝ ਵਿੱਚ ਨਹੀਂ ਆ ਰਿਹਾ ਹੈ ਕਿ ਦੂਜਾ ਵਿਆਹ ਕਰੇ ਜਾਂ ਨਹੀਂ। ਹਾਲਾਂਕਿ, ਉਸ ਕੋਲ ਕੁਝ ਲੋਕਾਂ ਦੇ ਰਿਸ਼ਤੇ ਆ ਰਹੇ ਸਨ।

ਉਥੇ ਹੀ, ਜਦੋਂ ਮੇਰੀ ਦੂਸਰੀ ਸਹੇਲੀ ਨੇ ਤਲਾਕ ਦੀ ਅਰਜ਼ੀ ਦਿੱਤੀ, ਤਾਂ ਉਸਦੇ ਕੋਲ ਕੋਈ ਸਹਾਰਾ ਨਹੀਂ ਸੀ। ਉਸਦੇ ਪਰਿਵਾਰ ਨੇ ਕਿਹਾ ਕਿ ਪਤੀ ਨਾਲ ਸਮਝੌਤਾ ਕਰ ਲਵੇ। ਉਨ੍ਹਾਂ ਦਾ ਕਹਿਣਾ ਸੀ ਕਿ ਇਕੱਲਿਆਂ ਜ਼ਿੰਦਗੀ ਨਹੀਂ ਬਿਤਾਈ ਜਾ ਸਕਦੀ।

ਤਲਾਕ ਤੋਂ ਬਾਅਦ ਉਸ ਲਈ ਅਜਿਹਾ ਸ਼ਖ਼ਸ ਲੱਭ ਸਕਣਾ ਬੇਹੱਦ ਔਖਾ ਲੱਗਿਆ, ਜਿਸ ਨਾਲ ਉਹ ਬਾਕੀ ਦੀ ਜ਼ਿੰਦਗੀ ਗੁਜ਼ਾਰ ਸਕੇ। ਉਸਨੇ ਡੇਟਿੰਗ ਸਾਈਟਾਂ ਦਾ ਵੀ ਸਹਾਰਾ ਲਿਆ। ਪਰ ਗੱਲ ਕੁਝ ਮੁਲਾਕਾਤਾਂ ਜਾਂ ਅਫ਼ੇਅਰ ਤੋਂ ਅੱਗੇ ਨਾ ਵੱਧ ਸਕੀ। ਇੱਕ ਸਥਾਈ ਸਾਥੀ ਦੀ ਉਸਦੀ ਭਾਲ ਅਧੂਰੀ ਹੀ ਰਹੀ।

ਉਸ ਸਮੇਂ ਮੇਰੀਆਂ ਦੋਵਾਂ ਸਹੇਲੀਆਂ ਦੀ ਉਮਰ ਤੀਹ ਸਾਲ ਤੋਂ ਜ਼ਿਆਦਾ ਸੀ। ਉਨ੍ਹਾਂ ਨੇ ਅੱਜ ਤੱਕ ਵਿਆਹ ਨਹੀਂ ਕਰਵਾਇਆ।

Getty Images

ਸਭ ਦੀ ਇੱਕੋ ਜਿਹੀ ਕਹਾਣੀ

ਜੋਤੀ ਪ੍ਰਭੂ ਨੇ ਦੱਸਿਆ ਕਿ ਸੱਤਰ ਦੇ ਦਹਾਕੇ ਵਿੱਚ ਜਦੋਂ ਉਹ ਆਪਣੇ ਭਰਾ ਨੂੰ ਮਿਲਣ ਨਿਊਯਾਰਕ ਗਈ ਸੀ, ਤਾਂ ਇੱਕ ਬੇਪਰਵਾਹ ਅਲੱੜ ਉਮਰ ਦੀ ਕੁੜੀ ਸੀ, ਜਿਸ ਲਈ ਦੁਨੀਆਂ ਕਿਸੇ ਅਜੂਬੇ ਤੋਂ ਘੱਟ ਨਹੀਂ ਸੀ। ਨਿਊਯਾਰਕ ਵਿੱਚ ਉਨ੍ਹਾਂ ਦੀ ਮੁਲਾਕਾਤ ਉਨ੍ਹਾਂ ਦੇ ਹੋਣ ਵਾਲੇ ਪਤੀ ਨਾਲ ਹੋਈ।

ਉਹ ਕਹਿੰਦੇ ਹਨ, "ਵਿਆਹ ਤੋਂ ਬਾਅਦ ਸਾਡੇ ਘਰ ਦੋ ਖ਼ੂਬਸੂਰਤ ਧੀਆਂ ਜਨਮੀਆਂ, ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਪਾਲਿਆ-ਪੋਸਿਆ।"

ਪਰ ਕਰੀਬ ਤੀਹ ਦਹਾਕਿਆਂ ਦੀ ਖ਼ੁਸ਼ਹਾਲ ਵਿਆਉਤਾ ਜ਼ਿੰਦਗੀ ਤੋਂ ਬਾਅਦ, ਉਨ੍ਹਾਂ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਹ 50-55 ਸਾਲ ਦੇ ਹੋਣਗੇ, ਜਦੋਂ ਉਨ੍ਹਾਂ ਦੀ ਮੌਤ ਹੋਈ।

ਜੋਤੀ ਪ੍ਰਭੂ ਨੇ ਕਿਹਾ ਕਿ, "ਮੈਂ ਕਰੀਬ ਛੇ ਸਾਲ ਵਿਧਵਾ ਵਜੋਂ ਬਿਤਾਏ। ਇਕੱਲਤਾ ਮੈਨੂੰ ਸਤਾਉਣ ਲੱਗੀ ਸੀ। ਤਨਹਾਈ ਭਾਰੀਆਂ ਸ਼ਾਮਾਂ ਦੀਆਂ ਖ਼ਾਮੋਸ਼ੀਆਂ ਕੰਨਾਂ ਵਿੱਚ ਗੂੰਜਣ ਲੱਗੀਆਂ ਸਨ। ਹੁਣ ਤਾਂ ਕਿਤਾਬਾਂ ਵਿੱਚ ਵੀ ਦਿਲ ਨਹੀਂ ਸੀ ਲੱਗਦਾ। ਜਦੋਂ ਕੁਝ ਜਾਣਕਾਰਾਂ ਨੇ ਮੈਨੂੰ ਇੱਕ ਵਿਅਕਤੀ ਜਿਸਦੀ ਪਤਨੀ ਦੀ ਮੌਤ ਹੋ ਚੁੱਕੀ ਸੀ, ਨਾਲ ਮਿਲਣ ਦੀ ਸਲਾਹ ਦਿੱਤੀ, ਤਾਂ ਮੈਂ ਰਾਜ਼ੀ ਹੋ ਗਈ।"

ਉਸ ਸਮੇਂ ਜੋਤੀ ਆਪਣੇ ਪੈਰਾਂ ''ਤੇ ਖੜੀ ਸੀ। ਉਨ੍ਹਾਂ ਨੂੰ ਪੈਸੇ ਦੀ ਕੋਈ ਕਮੀਂ ਨਹੀਂ ਸੀ। ਹਾਂ, ਇੱਕ ਸਾਥੀ ਦੀ ਕਮੀ ਉਨ੍ਹਾਂ ਨੂੰ ਬਹੁਤ ਸਤਾ ਰਹੀ ਸੀ।

ਜੋਤੀ ਕਹਿੰਦੇ ਹਨ, "ਮੈਨੂੰ ਡਿਨਰ ਲਈ, ਸ਼ੋਅ ਦੇਖਣ ਲਈ ਅਤੇ ਸ਼ਾਇਦ ਘੁੰਮਣ ਫ਼ਿਰਨ ਅਤੇ ਸਫ਼ਰ ਲਈ ਇੱਕ ਸਾਥੀ ਦੀ ਲੋੜ ਸੀ। ਤਾਂ ਅਸੀਂ ਆਪਣੀ ਬਾਕੀ ਦੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਬਿਤਾਉਣ ਦਾ ਫ਼ੈਸਲਾ ਕੀਤਾ। ਅਸੀਂ ਨਾਲ ਮਿਲਕੇ ਖ਼ੂਬ ਮਸਤੀ ਕਰਦੇ ਸਾਂ। ਉਨ੍ਹਾਂ ਦੇ ਦੋ ਬੇਟੇ ਅਤੇ ਮੇਰੀਆਂ ਦੋ ਧੀਆਂ ਵੱਡੇ ਹੋ ਗਏ ਸਨ। ਉਹ ਆਪਣੀ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੋ ਗਏ ਸਨ ਅਤੇ ਅਲੱਗ ਰਹਿੰਦੇ ਸਨ। ਇਸ ਲਈ ਸਾਡੇ ਕੋਲ ਇੱਕ ਦੂਸਰੇ ਨੂੰ ਤਵੱਜੋ ਦੇਣ ਲਈ ਕਾਫ਼ੀ ਸਮਾਂ ਸੀ।"

ਇਕੱਲਿਆਂ ਰਹਿਣ ਦਾ ਬਦਲ ਅੱਜ ਵੀ ਨਹੀਂ ਮੌਜੂਦ

ਆਰਥਿਕ ਆਜ਼ਾਦੀ ਦੇ ਚੱਲਦਿਆਂ ਭਾਰਤ ਵਿੱਚ ਵੀ ਹਾਲਾਤ ਬਦਲ ਰਹੇ ਹਨ। ਹਾਲਾਂਕਿ ਇਸ ਦੀ ਰਫ਼ਤਾਰ ਬਹੁਤ ਹੌਲੀ ਹੈ।

ਇਸ ਦਾ ਇੱਕ ਪਹਿਲੂ ਭਾਰਤ ਵਿੱਚ ਵਿਰਾਸਤ ਦੇ ਅਧਿਕਾਰ ਦਾ ਵੀ ਹੈ। ਦੂਸਰੇ ਵਿਆਹ ਦਾ ਅਰਥ, ਪਰਿਵਾਰ ਵਿੱਚ ਜਾਇਦਾਦ ਦਾ ਤਬਾਦਲਾ ਵੀ ਹੁੰਦਾ ਹੈ । ਬਹੁਤ ਸਾਰੇ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਹੁੰਦਾ।

ਭਾਰਤੀ ਕਾਨੂੰਨ ਦੇ ਮੁਤਾਬਿਕ, ਤਲਾਕ ਜਾਂ ਅਲੱਗ ਹੋਣ ''ਤੇ ਪਤਨੀ ਦੇ ਆਰਥਿਕ ਅਧਿਕਾਰ ਬੇਹੱਦ ਸੀਮਤ ਹਨ। ਉਹ ਆਪਣੇ ਪਤੀ ਤੋਂ ਬਸ ਗੁਜ਼ਾਰ ਭੱਤਾ ਲੈਣ ਦਾ ਦਾਅਵਾ ਕਰ ਸਕਦੀ ਹੈ।

ਹਾਲਾਂਕਿ, ਭਾਰਤ ਵਿੱਚ ਜ਼ਿਆਦਾਤਰ ਵਿਆਹ ਅਤੇ ਤਲਾਕ ਦੇ ਮਾਮਲੇ ਤਮਾਮ ਧਰਮਾਂ ਦੇ ਨਿੱਜੀ ਕਾਨੂੰਨ ਦੇ ਹਿਸਾਬ ਨਾਲ ਤੈਅ ਹੁੰਦੇ ਹਨ।

ਹੁਣ ਭਾਰਤ ਵਿੱਚ ਬਹੁਤ ਸਾਰੀਆਂ ਡੇਟਿੰਗ ਸਾਈਟਾਂ ''ਤੇ ਵੀ ਦੂਸਰੇ ਵਿਅਹ ਦੇ ਬਦਲ ਉਪਲੱਬਧ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ:

  • ਅਮਰੀਕੀ ਕਿਸਾਨ ਕੀ ਕੰਟਰੈਕਟ ਫਾਰਮਿੰਗ ਦੇ ਸਿੱਟੇ ਭੁਗਤ ਰਹੇ ਹਨ
  • ਕੀ ਪੰਜਾਬ ਦੇ ਕਿਸਾਨ ਸਰਕਾਰ ਨੂੰ ਜ਼ਮੀਨ ਦੇਣ ਤੋਂ ਇਨਕਾਰ ਕਰ ਸਕਦੇ ਹਨ, ਕੀ ਕਹਿੰਦਾ ਹੈ ਕਾਨੂੰਨ
  • ਪੰਜਾਬ ਵਿੱਚ ਥਾਓਂ-ਥਾਈਂ ਮੋਬਾਈਲ ਟਾਵਰਾਂ ਨਾਲ ਛੇੜ-ਛਾੜ, ਕਿਸਾਨ ਯੂਨੀਅਨਾਂ ਨੇ ਕੀ ਕਿਹਾ

ਇਹ ਵੀਡੀਓ ਵੀ ਦੇਖੋ:

https://www.youtube.com/watch?v=o_jpMfPzvwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''41964c4e-f30e-49b3-9623-58e20af9d515'',''assetType'': ''STY'',''pageCounter'': ''punjabi.india.story.55693969.page'',''title'': ''ਦੂਜਾ ਵਿਆਹ ਕਰਵਾਉਣ ਤੋਂ ਲੋਕ ਖਾਸਕਰ ਔਰਤਾਂ ਕਿਉਂ ਡਰਦੇ ਹਨ'',''author'': ''ਚਿੰਕੀ ਸਿਨਹਾ'',''published'': ''2021-01-17T11:39:42Z'',''updated'': ''2021-01-17T11:39:42Z''});s_bbcws(''track'',''pageView'');