ਬਲਾਤਕਾਰ ਦੇ ਤਿੰਨ ਮਾਮਲੇ ਜੋ ਭਾਰਤੀ ਨਿਆਂ ਪ੍ਰਣਾਲੀ ਫੇਲ੍ਹ ਸਾਬਿਤ ਕਰਦੇ ਹਨ

11/29/2020 4:41:53 PM

BBC
ਵਿਸ਼ਲੇਸ਼ਕਾਂ ਮੁਤਾਬਕ ਅਜਿਹੇ ਪ੍ਰਬੰਧ ਖੋਖਲ਼ੇ ਅਤੇ ਆਮ ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਲਿਆਂਦੇ ਜਾਂਦੇ ਹਨ

ਅਕਸਰ ਭਾਰਤ ਵਿੱਚ ਬਲਾਤਕਾਰ ਦੇ ਮਾਮਲੇ ਇੰਨੇ ਡਰਾਉਣੇ ਹੁੰਦੇ ਹਨ ਕਿ ਦੇਸ ਵਿੱਚ ਸੁਰਖ਼ੀਆਂ ਬਣਨ ਦੇ ਨਾਲ-ਨਾਲ ਦੁਨੀਆਂ ਭਰ ਦੇ ਮੀਡੀਆ ਵਿੱਚ ਉਨ੍ਹਾਂ ਦੀ ਚਰਚਾ ਹੁੰਦੀ ਹੈ।

ਦਿੱਲੀ ਵਿੱਚ 2012 ਵਿੱਚ ਨਿਰਭਿਆ ਦੇ ਸਮੂਹਿਕ ਬਲਾਤਕਾਰ ਤੋਂ ਬਾਅਦ ਸਖ਼ਤ ਕਾਨੂੰਨ ਬਣਾਇਆ ਗਿਆ ਅਤੇ ਇਸ ਤੋਂ ਬਾਅਦ ਪੁਲਿਸ ਕੋਲ ਦਰਜ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਵੀ ਵੱਧ ਗਈ।

ਇਸ ਦੀ ਇੱਕ ਵਜ੍ਹਾ ਔਰਤਾਂ ਵਿਰੁੱਧ ਹੋਣ ਵਾਲੀ ਜਿਨਸੀ ਹਿੰਸਾ ''ਤੇ ਵੱਧਦੀ ਬਹਿਸ ਵੀ ਦੱਸੀ ਜਾਂਦੀ ਹੈ, ਤਾਂ ਕਈ ਜਾਣਕਾਰ ਕਾਨੂੰਨੀ ਸੁਧਾਰ ਵੱਲ ਇਸ਼ਾਰਾ ਕਰਦੇ ਹਨ।

ਸਰਕਾਰ ਨੇ ਮੌਤ ਵਰਗੀ ਸਖ਼ਤ ਸਜ਼ਾ ਦਾ ਵੀ ਪ੍ਰਬੰਧ ਕੀਤਾ ਹੈ।

ਪਰ ਵਿਸ਼ਲੇਸ਼ਕਾਂ ਮੁਤਾਬਕ ਅਜਿਹੇ ਪ੍ਰਬੰਧ ਖੋਖਲ਼ੇ ਅਤੇ ਆਮ ਲੋਕਾਂ ਦਾ ਗੁੱਸਾ ਠੰਡਾ ਕਰਨ ਲਈ ਲਿਆਂਦੇ ਜਾਂਦੇ ਹਨ, ਇੰਨਾਂ ਵਿੱਚ ਸਮੱਸਿਆ ਦੀ ਗਹਿਰਾਈ ਅਤੇ ਇਸਨੂੰ ਜੜ੍ਹੋਂ ਖ਼ਤਮ ਕਰਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ।

ਇਹ ਵੀ ਪੜ੍ਹੋ-

  • Farmers Protest: ਕੇਂਦਰ ਵੱਲੋਂ ਕਿਸਾਨਾਂ ਨੂੰ 1 ਦਸੰਬਰ ਦਾ ਬੈਠਕ ਦਾ ਸੱਦਾ- ਭਾਜਪਾ ਆਗੂ ਹਰਜੀਤ ਗਰੇਵਾਲ
  • ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਬਣਨ ''ਚ ਹੋਰ ਕਿੰਨਾ ਸਮਾਂ ਲੱਗੇਗਾ ਤੇ ਕੀ ਹਨ ਚੁਣੌਤੀਆਂ
  • Farmers Protest: ਅਮਿਤ ਸ਼ਾਹ ਦੇ ਗੱਲਬਾਤ ਦੇ ਸੱਦੇ ਬਾਰੇ ਸਿੰਘੂ ਬਾਰਡਰ ''ਤੇ ਕਿਸਾਨਾਂ ਦੀ ਬੈਠਕ ਜਾਰੀ

ਬੀਬੀਸੀ 100 ਵੂਮੈਨ ਸੀਰੀਜ਼ ਤਹਿਤ ਬੀਬੀਸੀ ਅਜਿਹੀਆਂ ਤਿੰਨ ਕਹਾਣੀਆਂ ਦੱਸ ਰਿਹਾ ਹੈ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਭਾਰਤ ਦੇ ਸਖ਼ਤ ਕਾਨੂੰਨਾਂ ਨਾਲ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਨੂੰ ਮਦਦ ਨਹੀਂ ਮਿਲ ਰਹੀ।

ਇਸ ਪਿੰਡ ''ਚ ਚਾਚੇ ਤਾਏ ਦੀਆਂ ਧੀਆਂ ਇਕੱਠਿਆਂ ਫਾਂਸੀ ਨਾਲ ਲਟਕਦੀਆਂ ਮਿਲੀਆਂ

ਅੱਜ ਇਸ ਪਿੰਡ ਦੀ ਪਛਾਣ ਇਹ ਹੀ ਹੈ ਕਿ ਇਥੇ ਕੁੜੀਆਂ ਫ਼ਾਹੇ ਨਾਲ ਲਟਕਦੀਆਂ ਮਿਲੀਆਂ ਸਨ।

15 ਤੇ 12 ਸਾਲ ਦੀ ਉਮਰ ਦੀਆਂ ਦੋ ਚਾਚੇ, ਤਾਏ ਦੀਆਂ ਲੜਕੀਆਂ ਇਸ ਪਿੰਡ ਵਿੱਚ ਫ਼ਾਂਸੀ ਨਾਲ ਲਟਕਦੀਆਂ ਮਿਲੀਆ ਸਨ। ਉਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੈ ਕਿ ਬਲਾਤਕਾਰ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕੀਤੀ ਗਈ।

2012 ਦੇ ਦਿੱਲੀ ਗੈਂਗਰੇਪ ਤੋਂ ਬਾਅਦ ਇਹ ਬਲਾਤਕਾਰ ਦਾ ਪਹਿਲਾ ਵੱਡਾ ਮਾਮਲਾ ਬਣਿਆ ਸੀ। ਘਟਨਾ ਨੂੰ ਛੇ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਕਈਆਂ ਦੇ ਮਨਾਂ ਵਿੱਚ ਇਹ ਘਟਨਾ ਇੰਨੀ ਤਾਜ਼ਾ ਹੈ, ਜਿਵੇਂ ਕੱਲ੍ਹ ਦੀ ਗੱਲ ਹੋਵੇ।

BBC
ਅੱਜ ਇਸ ਪਿੰਡ ਦੀ ਪਛਾਣ ਇਹ ਹੀ ਹੈ ਕਿ ਇਥੇ ਕੁੜੀਆਂ ਫ਼ਾਹੇ ਨਾਲ ਲਟਕਦੀਆਂ ਮਿਲੀਆਂ ਸਨ

ਉੱਤਰ ਪ੍ਰਦੇਸ਼ ਦੇ ਬਦਾਉਂ ਜ਼ਿਲ੍ਹੇ ਦੀਆਂ ਤੰਗ ਸੜਕਾਂ ''ਤੇ ਜਦੋਂ ਅਸੀਂ ਲੋਕਾਂ ਨੂੰ ਪਿੰਡ ਦਾ ਰਾਹ ਪੁੱਛਿਆ ਤਾਂ ਹਰ ਕਿਸੇ ਨੇ ਪਿੰਡ ਨੂੰ ਪਹਿਚਾਣ ਲਿਆ ਅਤੇ ਉਥੇ ਤੱਕ ਪਹੁੰਚਣ ਦਾ ਸਹੀ ਰਸਤਾ ਵੀ ਦੱਸਿਆ।

ਹਾਲਾਂਕਿ ਬਦਾਉਂ ਵਿੱਚ ਪ੍ਰਭਾਵਿਤ ਪਰਿਵਾਰ ਲਈ ਲੜਾਈ ਸੌਖੀ ਨਹੀਂ ਸੀ। ਮੈਂ ਇਨ੍ਹਾਂ ਲੋਕਾਂ ਨੂੰ 2014 ਦੀਆਂ ਗਰਮੀਆਂ ਵਿੱਚ ਮਿਲੀ ਸੀ। ਉਸ ਸਮੇਂ ਕਾਰ ਵਿੱਚ ਅੱਠ ਘੰਟਿਆਂ ਦਾ ਲੰਬਾ ਸਫ਼ਰ ਤਹਿ ਕਰਕੇ ਦਿੱਲੀ ਤੋਂ ਇਥੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੱਤਰਕਾਰਾਂ ਵਿੱਚ ਸੀ।

ਮਦਦ ਤੋਂ ਮੁਨਕਰ ਸਥਾਨਕ ਪੁਲਿਸ

ਫਾਂਸੀ ਲਾਉਣ ਵਾਲੀਆਂ ਲੜਕੀਆਂ ਵਿੱਚੋਂ ਇੱਕ ਦੇ ਪਿਤਾ ਨੇ ਮੇਰੇ ਨਾਲ ਉਸੇ ਰੁੱਖ਼ ਥੱਲੇ ਗੱਲ ਕੀਤੀ ਜਿਸ ਹੇਠ ਉਨ੍ਹਾਂ ਦੀ ਧੀ ਲਟਕਦੀ ਮਿਲੀ ਸੀ।

ਉਨ੍ਹਾਂ ਨੇ ਕਿਹਾ ਕਿ ਉਹ ਬੇਹੱਦ ਡਰੇ ਹੋਏ ਹਨ ਕਿਉਂਕਿ ਸਥਾਨਕ ਪੁਲਿਸ ਨੇ ਤਾਹਨੇ ਮਾਰਦਿਆਂ ਮਦਦ ਤੋਂ ਮਨਾਂ ਕਰ ਦਿੱਤਾ ਹੈ। ਪਰ ਉਨ੍ਹਾਂ ਨੇ ਬਦਲਾ ਲੈਣ ਦੀ ਇੱਛਾ ਵੀ ਜ਼ਾਹਰ ਕੀਤੀ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਲੋਕਾਂ ਨੂੰ ਆਮ ਲੋਕਾਂ ਦੀ ਭੀੜ ਵਿੱਚ ਫ਼ਾਂਸੀ ''ਤੇ ਟੰਗਣਾ ਚਾਹੀਦਾ ਹੈ, ਜਿਵੇਂ ਇਨ੍ਹਾਂ ਲੋਕਾਂ ਨੇ ਸਾਡੀਆਂ ਧੀਆਂ ਨਾਲ ਕੀਤਾ।"

BBC
ਬੀਬੀਸੀ ਪੱਤਰਕਾਰ ਦਿਵਿਆ ਆਰਿਆ ਪੀੜਤਾ ਦੇ ਪਿਤਾ ਦੇ ਨਾਲ

ਸਖ਼ਤ ਕਾਨੂੰਨਾਂ ਦਾ ਉਦੇਸ਼

ਜਦੋਂ ਕਾਨੂੰਨ ਸਖ਼ਤ ਕੀਤੇ ਗਏ ਤਾਂ ਉਦੇਸ਼ ਸੀ ਕਿ ਔਰਤਾਂ ਅਤੇ ਲੜਕੀਆਂ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਵਿੱਚ ਸੌਖ ਹੋਵੇ। ਬਲਾਤਕਾਰ ਦੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਨੂੰ ਵੀ ਸ਼ਾਮਿਲ ਕੀਤਾ ਗਿਆ ਅਤੇ ਮਾਮਲਿਆਂ ਦੀ ਸੁਣਵਾਈ ਲਈ ਵਿਸ਼ੇਸ਼ ਫ਼ਾਸਟ ਟਰੈਕ ਅਦਾਲਤਾਂ ਵੀ ਸਥਾਪਿਤ ਕੀਤੀਆਂ ਗਈਆਂ।

ਨਵੇਂ ਪ੍ਰਸਤਾਵਾਂ ਵਿੱਚੋਂ ਇੱਕ ਮੁਤਾਬਕ ਕਿਸੇ ਵੀ ਨਾਬਾਲਗ਼ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸੁਣਵਾਈ ਹਰ ਹਾਲ ਵਿੱਚ ਇੱਕ ਸਾਲ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ। ਇਸ ਦੇ ਬਾਵਜੂਦ ਵੀ ਬਲਾਤਕਾਰ ਦੇ ਲੰਬਿਤ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।

ਸਰਕਾਰ ਦੇ ਤਾਜ਼ੇ ਅੰਕੜਿਆਂ ਮੁਤਾਬਕ ਸਾਲ 2013 ਦੇ ਅੰਤ ਤੱਕ ਅਜਿਹੇ ਲੰਬਿਤ ਮਾਮਲਿਆਂ ਦੀ ਗਿਣਤੀ 95ਹਜ਼ਾਰ ਸੀ ਜੋ 2019 ਦੇ ਅਖ਼ੀਰ ਤੱਕ ਵੱਧ ਕੇ ਇੱਕ ਲੱਖ, 45 ਹਜ਼ਾਰ ਹੋ ਗਈ।

ਬਦਾਯੂੰਲੜਕੀ ਦੇ ਪਿਤਾ ਨੇ ਨਜ਼ਰ ਹੇਠਾਂ ਹੀ ਰੱਖੀ, ਕਿਹਾ ਕਿ ਪੁਰਾਣੀਆਂ ਯਾਦਾਂ ਬਹੁਤ ਦਰਦ ਦਿੰਦੀਆਂ ਹਨ ਵਿੱਚ ਅਸੀਂ ਫ਼ਿਰ ਉਸ ਦਰਖ਼ਤ ਵੱਲ ਦੁਬਾਰਾ ਗਏ ਪਰ ਲੜਕੀ ਦੇ ਪਿਤਾ ਨੇ ਨਜ਼ਰ ਹੇਠਾਂ ਹੀ ਰੱਖੀ, ਕਿਹਾ ਕਿ ਪੁਰਾਣੀਆਂ ਯਾਦਾਂ ਬਹੁਤ ਦਰਦ ਦਿੰਦੀਆਂ ਹਨ। ਉਨ੍ਹਾਂ ਨੂੰ ਦੇਖ ਕੇ ਲੱਗਦਾ ਛੇ ਸਾਲ ਵਿੱਚ ਹੀ ਜਿਵੇਂ ਉਨ੍ਹਾਂ ਦੀ ਉਮਰ ਕਈ ਸਾਲ ਵੱਧ ਗਈ ਹੋਵੇ।

BBC
ਲੜਕੀ ਦੇ ਪਿਤਾ ਨੇ ਨਜ਼ਰ ਹੇਠਾਂ ਹੀ ਰੱਖੀ, ਕਿਹਾ ਕਿ ਪੁਰਾਣੀਆਂ ਯਾਦਾਂ ਬਹੁਤ ਦਰਦ ਦਿੰਦੀਆਂ ਹਨ

ਗੁੱਸਾ ਹਾਲੇ ਵੀ ਕਾਇਮ ਹੈ, ਪਰ ਨਾਲ ਹੀ ਇਸ ਕੌੜੀ ਸਚਾਈ ਦਾ ਵੀ ਅਹਿਸਾਸ ਵੀ ਹੈ, ਕਿ ਨਿਆਂ ਹਾਸਿਲ ਕਰਨ ਲਈ ਲੰਬੀ ਲੜਾਈ ਇਕੱਲਿਆਂ ਲੜਨੀ ਪੈਂਦੀ ਹੈ।

ਨਿਆਂ ਦੀ ਸੀਮਾ, ਨਾਕਾਫ਼ੀ ਸਬੂਤ

ਹਾਲਾਂਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਹੋਈ। ਪਰ ਜਾਂਚ ਕਰਨੇ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਬਲਾਤਕਾਰ ਅਤੇ ਹੱਤਿਆਂ ਨੂੰ ਸਾਬਿਤ ਕਰਨ ਲਈ ਲੋੜੀਂਦੇ ਸਬੂਤ ਨਹੀਂ ਮਿਲੇ, ਜਿਸ ਕਰਕੇ ਸ਼ੱਕੀ ਰਿਹਾਅ ਹੋ ਗਏ।

ਪਰਿਵਾਰ ਨੇ ਇਸ ਨੂੰ ਚਣੌਤੀ ਦਿੱਤੀ ਅਤੇ ਮਾਮਲੇ ਨੂੰ ਦੁਬਾਰਾ ਸ਼ੁਰੂ ਕਰਵਾਇਆ। ਪਰ ਅਦਾਲਤ ਨੇ ਇਸ ਵਾਰ ਛੇੜਛਾੜ ਅਤੇ ਅਗਵਾਹ ਤੋਂ ਕਿਤੇ ਘੱਟ ਸੰਗੀਨ ਅਪਰਾਧ ਦਰਜ ਕੀਤੇ। ਹੁਣ ਪਰਿਵਾਰ ਨੇ ਇਸ ਨੂੰ ਵੀ ਚਣੌਤੀ ਦੇ ਕੇ ਦੁਬਾਰਾ ਬਲਾਤਕਾਰ ਅਤੇ ਹੱਤਿਆ ਦੇ ਦੋਸ਼ ਕਾਇਮ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਹੈ।

ਭਾਰਤੀ ਨਿਆਂ ਵਿਵਸਥਾ ਕੋਲ ਸਾਧਨ ਅਤੇ ਕਰਮਚਾਰੀ ਦੋਵੇਂ ਹੀ ਘੱਟ ਹਨ। ਬਦਾਯੂੰ ਮਾਮਲੇ ਦੀ ਸੁਣਵਾਈ ਫ਼ਾਸਟ ਟਰੈਕ ਕੋਰਟ ਵਿੱਚ ਹੋ ਰਹੀ ਹੈ ਪਰ ਪਰਿਵਾਰ ਦੇ ਵਕੀਲ ਗਿਆਨ ਸਿੰਘ ਮੁਤਾਬਕ ਇਥੇ ਵੀ ਕੋਈ ਵਿਸ਼ੇਸ਼ ਸੁਵਿਧਾਵਾਂ ਨਹੀਂ ਹਨ।

ਉਨ੍ਹਾਂ ਨੇ ਕਿਹਾ, "ਫ਼ਾਸਟ ਟਰੈਕ ਕੋਰਟ ਤੇਜ਼ੀ ਨਾਲ ਸੁਣਵਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਕਦੀ ਫਾਰੈਂਸਿਕ ਤਾਂ ਕਦੀ ਕਿਸੇ ਹੋਰ ਰਿਪੋਰਟ ਦੇ ਆਉਣ ਵਿੱਚ ਦੇਰੀ ਹੋ ਜਾਂਦੀ ਹੈ, ਡਾਕਟਰ ਅਤੇ ਜਾਂਚ ਅਧਿਕਾਰੀਆਂ ਦਾ ਤਬਾਦਲਾ ਹੋ ਜਾਂਦਾ ਹੈ ਅਤੇ ਗਵਾਹਾਂ ਦੇ ਅਦਾਲਤ ਵਿੱਚ ਬਦਲ ਜਾਣ ਨਾਲ ਵੀ ਦੇਰੀ ਹੋ ਜਾਂਦੀ ਹੈ।"

ਬਦਾਯੂੰ ਵਿੱਚ ਪਰਿਵਾਰ ਦੇ ਘਰ ਵਿੱਚ ਪਿਛਲੇ ਸਾਲਾਂ ਦੌਰਾਨ ਦਸਤਾਂਵੇਜ਼ਾਂ ਅਤੇ ਫ਼ਾਈਲਾਂ ਦਾ ਢੇਰ ਲੱਗ ਚੁੱਕਿਆ ਹੈ। ਫ਼ਾਂਸੀ ਨਾਲ ਲਟਕਦੀਆਂ ਮਿਲੀਆਂ ਦੋ ਕੁੜੀਆਂ ਵਿੱਚੋਂ ਇੱਕ ਦੀ ਮਾਂ ਲਈ ਇਹ ਲੜਾਈ ਬਰਦਾਸ਼ਤ ਤੋਂ ਜ਼ਿਆਦਾ ਲੰਬੀ ਹੋ ਚੁੱਕੀ ਹੈ।

https://www.youtube.com/watch?v=xWw19z7Edrs&t=1s

ਉਨ੍ਹਾਂ ਤੋਂ ਵਿਦਾ ਲੈਣ ਤੋਂ ਬਾਅਦ ਵੀ ਉਨ੍ਹਾਂ ਦੇ ਸ਼ਬਦ ਮੇਰੇ ਕੰਨਾਂ ਵਿੱਚ ਗੂੰਜਦੇ ਰਹੇ। ਮਾਂ ਨੇ ਕਿਹਾ, "ਇਹ ਹੀ ਇੱਛਾ ਹੈ ਸਾਡੇ ਜਿਉਂਦੇ ਜੀ ਨਿਆਂ ਮਿਲ ਜਾਵੇ।"

ਉਨ੍ਹਾਂ ਨੇ ਕਿਹਾ, "ਕਾਨੂੰਨ ਮੁਤਾਬਿਕ ਮਾਮਲੇ ਦੀ ਸੁਣਵਾਈ ਜਲਦੀ ਹੋਣੀ ਚਾਹੀਦੀ ਹੈ ਪਰ ਸਾਡੀਆਂ ਪਟੀਸ਼ਨਾਂ ਅਦਲਾਤਾਂ ਨੂੰ ਸੁਣਦੀਆਂ ਨਹੀਂ। ਮੈਂ ਅਦਾਲਤਾਂ ਦੇ ਚੱਕਰ ਲਾ ਰਿਹਾ ਹਾਂ ਪਰ ਗ਼ਰੀਬਾਂ ਨੂੰ ਸ਼ਾਇਦ ਹੀ ਨਿਆਂ ਮਿਲਦਾ ਹੈ।"

ਮੇਰੇ ਮਾਤਾ-ਪਿਤਾ ਨੇ ਮੇਰੇ ਪ੍ਰੇਮੀ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਜੇਲ ਭਿਜਵਾਇਆ

ਉਸ਼ਾ (ਬਦਲਿਆ ਹੋਇਆ ਨਾਮ) 17 ਸਾਲ ਦੀ ਸੀ ਜਦੋਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਇੱਕ ਸਥਾਨਕ ਲੜਕੇ ਨਾਲ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਦਾ ਪਤਾ ਲੱਗਿਆ।

ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇਹ ਮਾਮਲਾ ਅਨੋਖਾ ਵੀ ਨਹੀਂ ਸੀ। ਪਰ ਊਸ਼ਾ ਦੇ ਮਾਤਾ ਪਿਤਾ ਨੇ ਇਸ ਜੋੜੇ ਨੂੰ ਆਪਣੀ ਪ੍ਰਵਾਨਗੀ ਨਾ ਦਿੱਤੀ।

ਉਸ ਵੇਲੇ ਪ੍ਰੇਮੀ ਜੋੜੇ ਨੇ ਘਰੋਂ ਭੱਜਣ ਦਾ ਫ਼ੈਸਲਾ ਕੀਤਾ। ਪਰ ਉਹ ਕੁਝ ਹੀ ਦਿਨਾਂ ਲਈ ਆਜ਼ਾਦ ਰਹਿ ਸਕੇ। ਊਸ਼ਾ ਮੁਤਾਬਕ ਪਿਤਾ ਨੇ ਉਨ੍ਹਾਂ ਦੋਵਾਂ ਦਾ ਪਤਾ ਲਾ ਲਿਆ ਅਤੇ ਘਰ ਲੈ ਆਏ।

BBC
ਊਸ਼ਾ ਦੇ ਮਾਂ-ਬਾਪ ਨੇ ਉਨ੍ਹਾਂ ਦੇ ਪ੍ਰੇਮੀ ''ਤੇ ਬਲਾਤਕਾਰ ਦੇ ਇਲਜ਼ਾਮ ਲਾਕੇ ਜੇਲ ਭਿਜਵਾ ਦਿੱਤਾ

ਊਸ਼ਾ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਰੱਸੀ ਅਤੇ ਡੰਡੇ ਨਾਮ ਕੁੱਟਿਆ। ਭੁੱਖਾ ਰੱਖਿਆ ਅਤੇ ਮੈਨੂੰ ਦੂਸਰੇ ਵਿਅਕਤੀ ਨੂੰ ਸਵਾ ਲੱਖ ਰੁਪਏ ਵਿੱਚ ਵੇਚ ਦਿੱਤਾ।"

ਪਰ ਊਸ਼ਾ ਉਸ ਦੂਸਰੇ ਵਿਅਕਤੀ ਦੇ ਘਰੋਂ ਵਿਆਹ ਦੀ ਰਾਤ ਹੀ ਭੱਜ ਤੁਰੇ। ਵਾਪਸ ਆਪਣੇ ਪ੍ਰੇਮੀ ਕੋਲ ਆ ਗਏ ਅਤੇ ਗਰਭਵਤੀ ਵੀ ਹੋ ਗਏ। ਪਰ ਇਸ ਪ੍ਰੇਮ ਵਿੱਚ ਹੋਰ ਵੱਡੀਆਂ ਵੱਡੀਆਂ ਮੁਸ਼ਕਲਾਂ ਆ ਗਈਆਂ।

ਕਾਨੂੰਨੀ ਦਾਅ-ਪੇਚ

ਕਾਨੂੰਨੀ ਸੁਧਾਰਾਂ ਤਹਿਤ ਲੜਕੀਆਂ ਲਈ ਸੈਕਸ ਦੀ ਸਹਿਮਤੀ ਦੇਣ ਦੀ ਉਮਰ 16 ਸਾਲ ਤੋਂ ਵਧਾ ਕੇ 18 ਸਾਲ ਕਰ ਦਿੱਤੀ ਗਈ ਸੀ। ਅਜਿਹੇ ਵਿੱਚ ਊਸ਼ਾ ਆਪਣੀ ਮਰਜ਼ੀ ਨਾਲ ਪ੍ਰੇਮ ਕਰੇ ਤਾਂ ਵੀ ਉਨ੍ਹਾਂ ਨੂੰ ਕਾਨੂੰਨ ਦੀ ਨਿਗ੍ਹਾ ਵਿੱਚ ਸੈਕਸ ਲਈ ਸਹਿਮਤੀ ਦੇਣ ਕਾਬਿਲ ਨਹੀਂ ਮੰਨਿਆ ਜਾ ਸਕਦਾ।

ਇਸੇ ਕਰਕੇ ਊਸ਼ਾ ਦੇ ਮਾਂ-ਬਾਪ ਨੇ ਉਨ੍ਹਾਂ ਦੇ ਪ੍ਰੇਮੀ ''ਤੇ ਬਲਾਤਕਾਰ ਦੇ ਇਲਜ਼ਾਮ ਲਾਕੇ ਜੇਲ ਭਿਜਵਾ ਦਿੱਤਾ।

ਲੜਕੇ ਦੇ ਪਰਿਵਾਰ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਊਸ਼ਾ ਦੇ ਬਲਾਤਕਾਰ ਤੋਂ ਬਾਅਦ ਉਨ੍ਹਾਂ ਨੂੰ ਅਗਵਾਹ ਕਰਨ ਦਾ ਇਲਜ਼ਾਮ ਲੜਕੇ ਦੀ ਮਾਂ ''ਤੇ ਲਗਾਇਆ ਗਿਆ।

ਲੜਕੇ ਦੀ ਮਾਂ ਨੇ ਦੱਸਿਆ, "ਮੈਂ ਦੋ ਹਫ਼ਤਿਆਂ ਤੱਕ ਜੇਲ੍ਹ ਵਿੱਚ ਰਹੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਡੇ ਘਰ ਨੂੰ ਲੁੱਟ ਲਿਆ, ਦਰਵਾਜ਼ੇ ਤੋੜ ਦਿੱਤੇ ਸਾਡੇ ਪਸ਼ੂਆਂ ਨੂੰ ਲੈ ਗਏ। ਸਾਨੂੰ ਆਪਣੀ ਜਾਨ ਬਚਾਉਣ ਲਈ ਲੁਕਣਾ ਪਿਆ।"

BBC
ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਗਹਿਰੀ ਸਮੱਸਿਆ ਵੱਲ ਇਸ਼ਾਰਾ ਕਰਦੇ ਹਨ ਜਿਸ ਨੂੰ ਕੋਈ ਕਾਨੂੰਨ ਬਦਲ ਨਹੀਂ ਸਕਦਾ

ਇਹ ''ਊਸ਼ਾ'' ਦੇ ਨਾਮ ''ਤੇ ਦਰਜ ਕਰਵਾਇਆ ਗਿਆ ਬਲਾਤਕਾਰ ਦਾ ਇੱਕ ''ਝੂਠਾ'' ਮਾਮਲਾ ਹੈ, ਜਦੋਂ ਕਿ ਕਾਨੂੰਨ ਦਾ ਕੰਮ ''ਊਸ਼ਾ'' ਦੀ ਸੁਰੱਖਿਆ ਕਰਨਾ ਸੀ।

ਅਦਾਲਤਾਂ ਤੱਕ ਪਹੁੰਚਣ ਵਾਲੇ ਅਜਿਹੇ ਝੂਠੇ ਮਾਮਲਿਆਂ ਦੀ ਗਿਣਤੀ ਸੰਬੰਧੀ ਕੋਈ ਅੰਕੜੇ ਮੌਜੂਦ ਨਹੀਂ ਹਨ।

ਪਰ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਅਜਿਹੇ ਮਾਮਲਿਆਂ ਨਾਲ ਪਹਿਲਾਂ ਤੋਂ ਹੀ ਖ਼ੁਰ ਰਹੀ ਅਰਥ ਵਿਵਸਥਾ ''ਤੇ ਦਬਾਅ ਵੱਧ ਰਿਹਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਗਹਿਰੀ ਸਮੱਸਿਆ ਵੱਲ ਇਸ਼ਾਰਾ ਕਰਦੇ ਹਨ ਜਿਸ ਨੂੰ ਕੋਈ ਕਾਨੂੰਨ ਬਦਲ ਨਹੀਂ ਸਕਦਾ।

ਬਲਾਤਕਾਰ ਪੀੜਤਾਂ ਦੀ ਮਾਨਸਿਕਤਾ

ਗਰੀਮਾ ਜੈਨ ਨੀਦਰਲੈਂਡ ਦੇ ਟਿਲਬਰਗ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਵਿਕਟਿਮੌਲੌਜੀ ਇੰਸਟੀਚਿਊਟ ਵਿੱਚ ਖੋਜਕਰਤਾ ਹਨ, ਉਹ ਬਲਾਤਕਾਰ ਪੀੜਤਾਂ ਦੀ ਮਾਨਸਿਕਤਾ ਬਾਰੇ ਖੋਜ ਕਰ ਰਹੇ ਹਨ।

BBC
ਊਸ਼ਾ ਨੂੰ ਗ਼ੈਰ-ਸਰਕਾਰੀ ਸੰਸਥਾ ''ਆਨੰਦੀ'' ਤੋਂ ਮਦਦ ਮਿਲੀ

ਗਰੀਮਾ ਮੁਤਾਬਿਕ ਕਿਸੇ ਵੀ ਲੜਕੀ ਲਈ ਆਪਣੇ ਮਾਤਾ ਪਿਤਾ ਦੇ ਫ਼ੈਸਲੇ ਤੋਂ ਬਾਹਰ ਜਾਣਾ ਬਹੁਤ ਔਖਿਆਈ ਭਰਿਆ ਹੁੰਦਾ ਹੈ, ਖ਼ਾਸਕਰ ਉਸ ਵੇਲੇ ਜਦੋਂ ਲੜਕੀ ਨਾਬਾਲਿਗ਼ ਹੋਵੇ ਅਤੇ ਆਰਥਿਕ ਤੌਰ ''ਤੇ ਆਪਣੇ ਘਰ ਵਾਲਿਆਂ ''ਤੇ ਨਿਰਭਰ ਵੀ ਹੋਵੇ।

ਉਨ੍ਹਾਂ ਨੇ ਕਿਹਾ, "ਬਲਾਤਕਾਰ ਪੀੜਤਾਂ ਦੇ ਤਜ਼ਰਬੇ ਇਕੱਠਿਆਂ ਕਰਦੇ ਮੈਂ ਦੇਖਿਆ ਕਿ ਜਦੋਂ ਉਨ੍ਹਾਂ ਦੇ ਪ੍ਰੇਮੀ ਨੂੰ ਝੂਠੇ ਮਾਮਲੇ ਵਿੱਚ ਜੇਲ ਭਿਜਵਾ ਦਿੱਤਾ ਜਾਂਦਾ ਹੈ ਤਾਂ ਨਾ ਸਿਰਫ਼ ਉਨ੍ਹਾਂ ਦੇ ਆਪਸੀ ਸੰਬਧ ਖ਼ਤਮ ਹੋ ਜਾਂਦੇ ਹਨ ਬਲਕਿ ਔਰਤ ਅੰਦਰੂਨੀ ਤੌਰ ''ਤੇ ਸਹਿਮ ਜਾਂਦੀ ਹੈ ਅਤੇ ਨਤੀਜਾ ਇਹ ਕਿ ਉਨ੍ਹਾਂ ''ਤੇ ਮਾਤਾ ਪਿਤਾ ਦਾ ਕਾਬੂ ਹੋਰ ਵੱਧ ਜਾਂਦਾ ਹੈ।"

ਕਾਨੂੰਨ ਦਾ ਗ਼ਲਤ ਇਸਤੇਮਾਲ

ਊਸ਼ਾ ਨੂੰ ਗ਼ੈਰ-ਸਰਕਾਰੀ ਸੰਸਥਾ ''ਆਨੰਦੀ'' ਤੋਂ ਮਦਦ ਮਿਲੀ। ਇਸੇ ਦੌਰਾਨ ਊਸ਼ਾ ਆਪਣੇ ਪਤੀ ਦੇ ਪਰਿਵਾਰ ਵਾਲਿਆਂ ਨੂੰ ਜਮਾਨਤ ਦੇ ਰਿਹਾਅ ਕਰਵਾ ਸਕੇ ਅਤੇ ਆਪਣੇ ਮਾਤਾ ਪਿਤਾ ਖ਼ਿਲਾਫ਼ ਖੜ੍ਹੀ ਹੋ ਗਏ।

ਜਿਵੇਂ ਹੀ ਊਸ਼ਾ 18 ਸਾਲ ਦੇ ਹੋਏ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਖ਼ਿਲਾਫ਼ ਤਸਕਰੀ ਦਾ ਮਾਮਲਾ ਦਰਜ ਕਰਵਾ ਦਿੱਤਾ। ਹਾਲਾਂਕਿ ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਨੂੰ ਅਜਿਹਾ ਕਰਨਾ ਪਵੇ।

BBC
ਸਮਾਜਕ ਕਾਰਕੁਨ ਸੀਮਾ ਸ਼ਾਹ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕਾਨੂੰਨ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ

ਊਸ਼ਾ ਨੇ ਕਿਹਾ, "ਜੇਕਰ ਕੁੜੀਆਂ ਆਪਣੀ ਪਸੰਦ ਦੇ ਸ਼ਖ਼ਸ ਨਾਲ ਵਿਆਹ ਕਰਵਾ ਸਕਣ ਤਾਂ ਦੁਨੀਆਂ ਕਿਤੇ ਜ਼ਿਆਦਾ ਸੁਖੀ ਹੋ ਹੋਵੇਗੀ।"

ਪਰ ਬਦਕਿਸਮਤੀ ਨਾਲ, ਜਦੋਂ ਲੜਕੀਆਂ ਸਮਾਜ ਦੀਆਂ ਨਿਰਧਾਰਤ ਕੀਤੀਆਂ ਸੀਮਾਂਵਾਂ ਨੂੰ ਲੰਘਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਕਈ ਵਾਰ ਮਾਤਾ-ਪਿਤਾ ਉਨ੍ਹਾਂ ਨੂੰ ਰੋਕਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ।

ਊਸ਼ਾ ਦੇ ਪਰਿਵਾਰ ਵਾਲਿਆਂ ਨੇ ਵੀ ਆਨੰਦੀ ਦੇ ਸਮਾਜ ਸੇਵੀਆਂ ਵਿਰੁੱਧ ਤਸਕਰੀ ਦਾ ਮਾਮਲਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਹੈ।

ਇਸ ਪੇਂਡੂ ਇਲਾਕੇ ਵਿੱਚ ਸਹਿਮਤੀ ਦੇਣ ਦੀ ਉਮਰ ਵਾਲੇ ਇਸ ਕਾਨੂੰਨ ਦਾ ਅਜਿਹਾ ਇਸਤੇਮਾਲ ਕਾਫ਼ੀ ਹੋ ਰਿਹਾ ਹੈ।

ਸੰਸਥਾ ''ਆਨੰਦੀ'' ਵਲੋਂ 2013, 2014 ਅਤੇ 2015 ਵਿੱਚ ਦਰਜ ਹੋਏ ਮਾਮਲਿਆਂ ਦੀ ਖੋਜ ਮੁਤਾਬਕ ਇੰਨਾਂ ਵਿੱਚੋਂ 95ਫ਼ੀਸਦ ਮਾਮਲੇ ਮਾਤਾ-ਪਿਤਾ ਵਲੋਂ ਦਰਜ ਕਰਵਾਏ ਗਏ ਸਨ।

ਆਨੰਦੀ ਦੇ ਸਮਾਜਿਕ ਕਾਰਕੁਨ ਸੀਮਾ ਸ਼ਾਹ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਕਾਨੂੰਨ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ। ਇਹ ਇੱਕ ਵੱਡੀ ਸਮੱਸਿਆ ਹੈ ਇਥੇ ਲੜਕੀਆਂ ਨੂੰ ਵਸਤੂ ਵਜੋਂ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਜ਼ਾਦ ਰੂਪ ਵਿੱਚ ਬੋਲਣ ਦੀ ਆਗਿਆ ਨਹੀਂ ਹੁੰਦੀ।"

BBC
ਮਾਇਆ ਦਲਿਤ ਹਨ ਅਤੇ ਔਰਤ ਵੀ। ਯਾਨੀ ਭੇਦਭਾਵ ਦੁਗਣਾ ਹੈ

ਕਾਨੂੰਨ ਦੀ ਪੜ੍ਹਾਈ ਕਰਕੇ ਆਪਣੇ ਵਰਗੀਆਂ ਦਲਿਤ ਔਰਤਾਂ ਦੇ ਹੱਕਾਂ ਲਈ ਲੜਨਾ ਚਾਹੁੰਦੀ ਹਾਂ

ਮਾਇਆ ਦੀ ਮੁਸਕਰਾਹਟ ਉਨ੍ਹਾਂ ਦੀਆਂ ਅੱਖਾਂ ਤੱਕ ਨਹੀਂ ਪਹੁੰਚਦੀ। ਪਰ ਆਪਣਾ ਦਰਦ ਲੁਕਾਉਣ ਲਈ ਉਹ ਇਸਦਾ ਇਸਤੇਮਾਲ ਕਰਨ ਦੀ ਖ਼ੂਬ ਕੋਸ਼ਿਸ਼ ਕਰਦੇ ਹਨ।

ਉਹ ਆਪਣੀ ਜ਼ਿੰਦਗੀ ਦੀ ਕਹਾਣੀ ਸਾਂਝਾ ਕਰਨਾ ਚਾਹੁੰਦੇ ਹਨ ਪਰ ਪਿਛਲੇ ਸਾਲ ਜਿਸ ਸਦਮੇ ਵਿਚੋਂ ਨਿਕਲੇ ਉਸਨੂੰ ਯਾਦ ਕਰਕੇ ਵਾਰ ਵਾਰ ਉਨ੍ਹਾਂ ਦਾ ਗਲ਼ਾ ਭਰ ਜਾਂਦਾ ਹੈ।

ਮਾਇਆ ਦਲਿਤ ਹਨ ਅਤੇ ਔਰਤ ਵੀ, ਯਾਨੀ ਭੇਦਭਾਵ ਦੁਗਣਾ ਹੈ। ਉਹ ਇੰਜੀਨੀਅਰ ਬਣਨ ਦੀ ਇੱਛਾ ਨਾਲ ਪੜ੍ਹਾਈ ਕਰ ਰਹੇ ਸਨ ਜਦੋਂ ਇੱਕ ਉੱਚ ਜਾਤੀ ਦੇ ਵਿਅਕਤੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਉਸ ਵਿਅਕਤੀ ਨੇ ਆਪਣੇ ਹੱਥ ਦੀ ਨਸ ਕੱਟ ਲਈ ਅਤੇ ਮਾਇਆ ਵਲੋਂ ਮਨਾਂਹੀਂ ਸੁਣਨ ਨੂੰ ਤਿਆਰ ਹੀ ਨਾ ਹੋਇਆ। ਆਖ਼ਿਰ ਵਿੱਚ ਉਸਨੇ ਮਾਇਆ ਨਾਲ ਬਲਾਤਕਾਰ ਕੀਤਾ।

ਮਾਇਆ ਨੇ ਕਿਹਾ, "ਉਹ ਬਹੁਤ ਭਾਰੀ ਸੀ, ਮੈਂ ਕੋਸ਼ਿਸ਼ ਕੀਤੀ ਪਰ ਉਸਨੂੰ ਰੋਕ ਨਾ ਸਕੀ।"

BBC
ਸਮਾਜਕ ਕਾਰਕੁਨ ਮਨੀਸ਼ਾ ਮਸ਼ਾਲ ਨੇ ਹਰਿਆਣਾ ਵਿੱਚ ਦਲਿਤ ਔਰਤਾਂ ਨਾਲ ਹੋਣ ਵਾਲੇ ਬਲਾਤਕਾਰ ਦੇ ਮਾਮਲਿਆਂ ਸੰਬੰਧੀ ਅਧਿਐਨ ਕੀਤਾ ਹੈ

ਮਾਇਆ ਦੇ ਮਾਤਾ ਪਿਤਾ ਨੇ ਪੁਲਿਸ ਨੂੰ ਸ਼ਕਾਇਤ ਵੀ ਦਰਜ ਕਰਵਾਈ, ਪਰ ਉਸ ਵਿਅਕਤੀ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਤਾਂ ਸਮਾਜ ਦੇ ਦਬਾਅ ਵਿੱਚ ਆਕੇ ਮਾਮਲਾ ਵਾਪਸ ਲੈ ਲਿਆ ਗਿਆ।

ਸਮਾਜਿਕ ਦਬਾਅ ਤਹਿਤ ਬਲਾਤਕਾਰੀ ਨਾਲ ਵਿਆਹ

ਮਾਤਾ ਪਿਤਾ ਦਾ ਖ਼ਿਆਲ ਸੀ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਬਲਾਤਕਾਰ ਪੀੜਤ ਹੋਣ ਦੇ ਸਮਾਜਿਕ ''ਕਲੰਕ'' ਤੋਂ ਬਚਾਅ ਲਿਆ, ਪਰ ਇਹ ਵਿਆਹ ਇੱਕ ਹੋਰ ਤਰ੍ਹਾਂ ਦਾ ਨਰਕ ਸਾਬਿਤ ਹੋਇਆ।

ਰੋਂਦੇ ਹੋਏ ਮਾਇਆ ਨੇ ਕਿਹਾ, "ਮੇਰੇ ਪਤੀ ਦੇ ਪਰਿਵਾਰ ਵਾਲੇ ਕਹਿੰਦੇ ਕਿ ਤੂੰ ਦਲਿਤ ਹੈ, ਗੰਦੇ ਨਾਲੇ ਵਾਂਗ, ਸਾਨੂੰ ਤੈਨੂੰ ਦੇਖ ਕੇ ਵੀ ਘ੍ਰਿਣਾ ਹੁੰਦੀ ਹੈ।"

"ਪਤੀ ਸ਼ਰਾਬ ਦੇ ਨਸ਼ੇ ਵਿੱਚ ਘਰ ਆਉਂਦਾ। ਪੁਲਿਸ ਕੇਸ ਦਰਜ ਕਰਵਾਉਣ ਲਈ ਮੈਨੂੰ ਗਾਲ੍ਹਾਂ ਕੱਢਦਾ, ਤਸ਼ੱਦਦ ਕਰਦਾ ਅਤੇ ਮੇਰੇ ਮਨ੍ਹਾਂ ਕਰਨ ਦੇ ਬਾਅਦ ਵੀ ਗ਼ੈਰ-ਕੁਦਰਤੀ ਯੌਨ ਸੰਬੰਧ ਬਣਾਉਣ ਲਈ ਮਜ਼ਬੂਰ ਕਰਦਾ।"

ਮਾਇਆ ਮੁਤਾਬਿਕ ਉਹ ਇੰਨਾਂ ਬੇਵੱਸ ਮਹਿਸੂਸ ਕਰਨ ਲੱਗੇ ਕਿ ਉਨ੍ਹਾਂ ਨੇ ਆਪਣੀ ਜਾਣ ਲੈਣ ਬਾਰੇ ਤੱਕ ਸੋਚ ਲਿਆ ਸੀ। ਪਰ ਇੱਕ ਦਿਨ ਜਦੋਂ ਉਨ੍ਹਾਂ ਦੇ ਪਤੀ ਨੇ ਗ਼ਲਤੀ ਨਾਲ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਉਹ ਉਥੋਂ ਭੱਜ ਨਿਕਲੇ।

ਮਾਇਆ ਨੂੰ ਆਜ਼ਾਦੀ ਦਾ ਅਹਿਸਾਸ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਦੀ ਮੁਲਾਕਾਤ ਇੱਕ ਦਲਿਤ ਵਕੀਲ ਅਤੇ ਸਮਾਜਿਕ ਕਾਰਕੁਨ ਮਨੀਸ਼ਾ ਮਸ਼ਾਲ ਨਾਲ ਹੋਈ।

ਮਨੀਸ਼ਾ ਉਸ ਸਮੇਂ ਹਰਿਆਣਾ ਵਿੱਚ ਦਲਿਤ ਔਰਤਾਂ ਨਾਲ ਹੋਣ ਵਾਲੇ ਬਲਾਤਕਾਰ ਦੇ ਮਾਮਲਿਆਂ ਸੰਬੰਧੀ ਅਧਿਐਨ ਕਰ ਰਹੇ ਸਨ। ਇਸ ਖੋਜ ਵਿੱਚ ਉਨ੍ਹਾਂ ਨੇ ਪਾਇਆ ਕਿ ਜਾਤੀ ਅਧਾਰਿਤ ਅਤੇ ਜਿਣਸੀ ਹਿੰਸਾ ਦਾ ਖ਼ਾਤਮਾ ਕਰਨ ਲਈ ਬਣਾਏ ਗਏ ਕਾਨੂੰਨ ਕਾਰਗ਼ਰ ਨਹੀਂ ਹਨ ਕਿਉਂਕਿ ਦਲਿਤ ਔਰਤਾਂ ਨੂੰ ਇਨ੍ਹਾਂ ਕਾਨੂੰਨਾਂ ਸੰਬੰਧੀ ਪੂਰੀ ਜਾਣਕਾਰੀ ਹੀ ਨਹੀਂ ਹੈ।

ਇਸ ਤੋਂ ਇਲਾਵਾ ਦੋਸ਼ੀ ਆਮ ਤੌਰ ''ਤੇ ਦਲਿਤਾਂ ਦੇ ਮੁਕਾਬਲੇ ਬਹਿਤਰ ਆਰਥਿਕ ਅਤੇ ਸਮਾਜਿਕ ਪਿਛੋਕੜ ਵਾਲੇ ਹੁੰਦੇ ਹਨ।

ਮਨੀਸ਼ਾ ਮੁਤਾਬਿਕ ਪ੍ਰਸ਼ਾਸਨ, ਪੁਲਿਸ ਅਤੇ ਨਿਆਂ ਪਾਲਿਕਾ ਵਿੱਚ ਵੀ ਜਾਤ ਅਧਾਰਤ ਨਾਬਰਾਬਰੀ ਹੈ ਜੋ ਪੀੜਤਾਂ ਨੂੰ ਨਿਆਂ ਮਿਲਣ ਦੇ ਰਾਹ ਵਿੱਚ ਆਉਂਦੀ ਹੈ।

ਮਨੀਸ਼ਾ ਲਈ ਸਮੱਸਿਆ ਦਾ ਇੱਕ ਹੱਲ ਦਲਿਤ ਔਰਤਾਂ ਦਾ ਸਸ਼ਕਤੀਕਰਨ ਸੀ। ਬਲਕਿ ਉਹ ਮਾਇਆ ਵਰਗੀਆਂ ਬਲਾਤਕਾਰ ਪੀੜਤਾਂ ਨੂੰ ਕਾਨੂੰਨ ਦੀ ਪੜ੍ਹਾਈ ਕਰਨ ਵਿੱਚ ਸਹਾਇਤਾ ਕਰਨ ਲੱਗੇ ਹਨ।

ਵਕਾਲਤ ਦੀ ਪੜ੍ਹਾਈ, ਨਵੀਂ ਰਾਹ

ਵਕਾਲਤ ਦੀ ਪੜ੍ਹਾਈ ਮਾਇਆ ਲਈ ਜਿੰਦਗੀ ਜਿਊਣ ਦੀ ਇੱਕ ਨਵੀਂ ਵਜ੍ਹਾ ਬਣੀ। ਜਿਸ ਜਿੰਦਗੀ ਨੂੰ ਖ਼ਤਮ ਕਰਨ ਨੂੰ ਤਿਆਰ ਸਨ ਹੁਣ ਉਸ ਨੂੰ ਇੱਕ ਉਦੇਸ਼ ਮਿਲ ਗਿਆ ਹੈ।

BBC
ਮਾਇਆ ਉਨ੍ਹਾਂ ਛੇ ਬਲਾਤਕਾਰ ਪੀੜਤਾਂ ਵਿੱਚੋਂ ਇੱਕ ਹੈ ਜੋ ਮਨੀਸ਼ਾ ਦੇ ਨਾਲ ਰਹਿੰਦੀਆਂ ਹਨ

ਉਨ੍ਹਾਂ ਨੇ ਆਪਣੇ ਬਲਾਤਕਾਰ ਦੀ ਸ਼ਿਕਾਇਤ ਨੂੰ ਦੁਬਾਰਾ ਸ਼ੁਰੂ ਕਰਵਾਇਆ ਅਤੇ ਗ਼ੈਰ-ਕੁਦਰਤੀ ਯੌਨ ਸੰਬੰਧਾਂ ਦੇ ਇਲਜ਼ਾਮਾਂ ਨੂੰ ਵੀ ਸ਼ਾਮਿਲ ਕਰਵਾਇਆ।

ਮਾਇਆ ਨੇ ਦੱਸਿਆ, "ਮਨੀਸ਼ਾ ਦੀਦੀ ਨੂੰ ਮਿਲਣ ਤੋਂ ਬਾਅਦ ਹੀ ਮੈਨੂੰ ਆਵਾਜ਼ ਚੁੱਕਣ ਅਤੇ ਜ਼ਿੰਦਗੀ ਲਈ ਸਕਾਰਾਤਮਕ ਬਣੇ ਰਹਿਣ ਦਾ ਆਤਮਵਿਸ਼ਵਾਸ ਮਿਲਿਆ।"

"ਮੈਂ ਉਸ ਵੇਲੇ ਕਾਨੂੰਨ ਪੜ੍ਹਨ ਦਾ ਫ਼ੈਸਲਾ ਕੀਤਾ ਤਾਂ ਕਿ ਮੈਂ ਆਪਣੇ ਵਰਗੀਆਂ ਦਲਿਤ ਔਰਤਾਂ ਲਈ ਲੜ ਸਕਾਂ, ਜਿਨ੍ਹਾਂ ਨੂੰ ਅੱਤਿਆਚਾਰ ਤੋਂ ਬਾਅਦ ਚੁੱਪ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ।"

ਮਾਇਆ ਉਨ੍ਹਾਂ ਛੇ ਬਲਾਤਕਾਰ ਪੀੜਤਾਂ ਵਿੱਚੋਂ ਇੱਕ ਹੈ ਜੋ ਮਨੀਸ਼ਾ ਦੇ ਨਾਲ ਰਹਿੰਦੀਆਂ ਹਨ। ਉਨ੍ਹਾਂ ਦੇ ਛੋਟੇ ਜਿਹੇ ਕਿਰਾਏ ਦੇ ਫ਼ਲੈਟ ਵਿੱਚ, ਗ਼ਰਮਜੋਸ਼ੀ, ਮਜ਼ਬੂਤੀ ਅਤੇ ਏਕੇ ਦਾ ਅਹਿਸਾਸ। ਇਹ ਉਨ੍ਹਾਂ ਦੀ ਖ਼ਤਰਨਾਕ ਅਤੇ ਸਾਹ ਘੁੱਟਣ ਵਾਲੀ ਜ਼ਿੰਦਗੀ ਤੋਂ ਬਿਲਕੁਲ ਅਲੱਗ ਹੈ।

ਮਨੀਸ਼ਾ ਨੇ ਦੱਸਿਆ, "ਦਲਿਤ ਔਰਤਾਂ ਨੂੰ ਉੱਚ ਜਾਤੀ ਦੇ ਲੋਕ ਵਸਤੂ ਦੀ ਤਰ੍ਹਾਂ ਦੇਖਦੇ ਹਨ, ਜਿਸਦਾ ਮਰਜ਼ੀ ਮੁਤਾਬਿਕ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਛੱਡਿਆ ਜਾ ਸਕਦਾ ਹੈ। ਜੇਕਰ ਕੋਈ ਔਰਤ ਉਨ੍ਹਾਂ ਦੇ ਅੱਤਿਆਚਾਰ ਵਿਰੁੱਧ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਹੱਤਿਆ ਹੋ ਜਾਂਦੀ ਹੈ।"

ਦੋਸ਼ੀਆਂ ਦੇ ਪਰਿਵਾਰ ਵਾਲਿਆਂ ਵਲੋਂ ਮਨੀਸ਼ਾ ਨੂੰ ਨਿਯਮਿਤ ਰੂਪ ਵਿੱਚ ਧਮਕੀਆਂ ਮਿਲਦੀਆਂ ਹਨ। ਪਰ ਇਸ ਨਾਲ ਉਨ੍ਹਾਂ ਦੇ ਕਦਮ ਨਹੀਂ ਡੋਲੇ। ਮਨੀਸ਼ਾ ਦਲਿਤ ਭਾਈਚਾਰੇ ਦੀ ਉੱਭਰਦੀ ਹੋਈ ਆਗੂ ਬਣ ਕੇ ਸਾਹਮਣੇ ਆਏ ਹਨ ਅਤੇ ਉਹ ਨੌਜਵਾਨ ਲੜਕੀਆਂ ਅਤੇ ਨਿਆਂ ਪ੍ਰਣਾਲੀ ਦਰਮਿਆਨ ਪੁਲ ਦੀ ਭੂਮਿਕਾ ਨਿਭਾ ਰਹੇ ਹਨ।

ਉਨ੍ਹਾਂ ਨੇ ਕਿਹਾ, "ਸਾਡੇ ਭਾਈਚਾਰੇ ਦੇ ਲੋਕ ਹਿੰਸਾ ਦਾ ਸ਼ਿਕਾਰ ਹੁੰਦੇ ਅਤੇ ਪੀੜਤ ਦੇ ਤੌਰ ''ਤੇ ਮਰਦੇ ਆਏ ਹਨ। ਮੈਂ ਅਜਿਹਾ ਨਹੀਂ ਚਾਹੁੰਦੀ। ਮੈਂ ਇੱਕ ਆਗੂ ਦੇ ਤੌਰ ''ਤੇ ਸੰਘਰਸ਼ ਕਰਨਾ ਚਾਹੁੰਦੀ ਹਾਂ, ਇੱਕ ਪੀੜਤਾਂ ਵਜੋਂ ਨਹੀਂ।"

(ਭਾਰਤੀ ਕਾਨੂੰਨ ਮੁਤਾਬਕ ਬਲਾਤਾਕਾਰ ਪੀੜਤਾਵਾਂ ਦੇ ਨਾਵਾਂ ਵਿੱਚ ਬਦਲਾਅ ਕੀਤੇ ਗਏ ਹਨ।)

(ਵਧੇਰੇ ਰਿਪੋਰਟਿੰਗ- ਤੇਜਸ ਵੈਦਿਆ)

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=CZ6B0uXVBdI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''31248069-3063-476c-92c3-56d5a22cf1c5'',''assetType'': ''STY'',''pageCounter'': ''punjabi.india.story.55119222.page'',''title'': ''ਬਲਾਤਕਾਰ ਦੇ ਤਿੰਨ ਮਾਮਲੇ ਜੋ ਭਾਰਤੀ ਨਿਆਂ ਪ੍ਰਣਾਲੀ ਫੇਲ੍ਹ ਸਾਬਿਤ ਕਰਦੇ ਹਨ'',''author'': ''ਦਿਵਿਆ ਆਰੀਆ'',''published'': ''2020-11-29T11:10:18Z'',''updated'': ''2020-11-29T11:10:18Z''});s_bbcws(''track'',''pageView'');