ਦਰਿਆਵਾਂ ਦੇ ਪਾਣੀ ਸੁੱਕਣ ਨਾਲ ਕਿਵੇਂ ਕੰਗਾਲ ਹੋ ਜਾਂਦੇ ਨੇ ਮੁਲਕ

11/24/2020 7:56:38 AM

EPA
ਪੈਰਾਗਵੇ ਦੇ ਲੋਕਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ

ਕੈਪਟਨ ਰੋਬਰਟੋ ਗਾਜ਼ਾਲੇਜ਼ ਬੀਤੇ 25 ਸਾਲਾਂ ਤੋਂ ਜਹਾਜ਼ ਚਲਾ ਰਹੇ ਹਨ ਪਰ ਉਨ੍ਹਾਂ ਨੇ ਆਪਣੇ ਜ਼ਿੰਦਗੀ ਵਿੱਚ ਅਜਿਹਾ ਨਜ਼ਾਰਾ ਅੱਜ ਤੱਕ ਨਹੀਂ ਦੇਖਿਆ। ਰਾਤ ਨੂੰ ਉਨ੍ਹਾਂ ਨੇ ਪੈਰਾਗਵੇ ਦਰਿਆ ਦੇ ਨੇੜੇ ''ਜਗਮਗਾਉਂਦੀਆਂ ਲਾਲ ਬੱਤੀਆਂ'' ਦੇਖੀਆਂ।

ਉਨ੍ਹਾਂ ਨੇ ਜਹਾਜ਼ ਵਿਚਲੇ ਆਪਣੇ ਸਾਥੀਆਂ ਨੂੰ ਸੁਚੇਤ ਕੀਤਾ ਕਿਉਂਕਿ ਉਹ ਜਹਾਜ਼ ਦਾ ਲੰਗਰ ਪਾਉਣ ਦੀ ਤਿਆਰੀ ਕਰ ਰਹੇ ਸਨ।

ਦਰਿਆ ਦੇ ਨੇੜੇ ਜਗਮਗਾਉਂਦੀਆਂ ਲਾਲ ਬੱਤੀਆਂ ਅਸਲ ਵਿੱਚ ਮੱਗਰਮੱਛਾਂ ਦੀਆਂ ਅੱਖਾਂ ਸਨ, ਜਿਹੜੀਆਂ ਰਾਤ ਨੂੰ ਰੌਸ਼ਨੀ ਪੈਣ ''ਤੇ ਲਾਲ ਰੰਗ ਦੀਆਂ ਨਜ਼ਰ ਆ ਰਹੀਆਂ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਸ ਤੋਂ ਪਹਿਲਾਂ ਮੈਂ ਅਜਿਹਾ ਕਦੇ ਨਹੀਂ ਸੀ ਦੇਖਿਆ ਅਤੇ ਇਹ ਜਾਨਵਰ ਹੁਣ ਪਾਣੀ ਤੋਂ ਬਾਹਰ ਆ ਗਏ ਹਨ।"

ਇਹ ਵੀ ਪੜ੍ਹੋ-

  • ਅਰਨਬ ਗੋਸਵਾਮੀ ਕੌਣ ਹੈ ਅਤੇ ਕੀ ਹੈ ਉਸਦੀ ''ਵਿਵਾਦਤ'' ਪੱਤਰਕਾਰੀ ਦਾ ਪਿਛੋਕੜ
  • ਕੋਰੋਨਾਵਾਇਰਸ: ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ 70% ਅਸਰਦਾਰ, ਭਾਰਤ ਲਈ ਇਹ ਟੀਕਾ ਜ਼ਰੂਰੀ ਕਿਉਂ
  • ਕਾਮੇਡੀਅਨ ਭਾਰਤੀ ਸਿੰਘ ਤੇ ਉਨ੍ਹਾਂ ਪਤੀ ਹਰਸ਼ ਨੂੰ ਮਿਲੀ ਜ਼ਮਾਨਤ-ਅਹਿਮ ਖ਼ਬਰਾਂ

ਕੈਪਟਨ ਗੰਜ਼ਾਲੇਜ਼ ਦਾ ਇਸ਼ਾਰਾ ਹਾਲ ਹੀ ਵਿੱਚ ਪਏ ਭਿਆਨਕ ਸੋਕੇ ਵੱਲ ਸੀ ਜਿਸ ਤੋਂ ਪੈਰਾਗਵੇ ਦਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ।

ਸੋਕੇ ਨੇ ਘਟਾਇਆ ਦਰਿਆਈ ਪਾਣੀ ਦਾ ਪੱਧਰ

ਅੱਠ ਮਹੀਨੇ ਦੇ ਸੋਕੇ ਤੋਂ ਬਾਅਦ ਇਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਇਤਿਹਾਸਿਕ ਗਿਰਾਵਟ ਦੇਖੀ ਗਈ।

ਅਕਤੂਬਰ ਦੇ ਅਖ਼ੀਰ ਤੱਕ ਦਰਿਆ ਦੇ ਪਾਣੀ ਦਾ ਪੱਧਰ ਇੰਨਾ ਘੱਟ ਹੋ ਗਿਆ, ਜਿੰਨਾਂ ਦਰਿਆ ਦੇ ਰਿਕਾਰਡ ਕੀਤੇ ਇਤਿਹਾਸ ਵਿੱਚ ਪਹਿਲਾਂ ਕਦੀ ਨਹੀਂ ਹੋਇਆ ਸੀ।

BBC
ਨਾਸਾ ਵੱਲੋਂ ਜਾਰੀ ਪਰਾਗਵੇ ਦਰਿਆ ਸੈਟੇਲਾਈਟ ਇਮੇਜ

ਅਮਰੀਕੀ ਸਪੇਸ ਏਜੰਸੀ ਨਾਸਾ ਵੱਲੋਂ ਜਾਰੀ ਸੈਟੇਲਾਈਟ ਤਸਵੀਰਾਂ ਨੇ ਦਿਖਾਇਆ ਕਿ ਤਿੰਨ ਸਾਲ ਪਹਿਲਾਂ ਦੇ ਮੁਕਾਬਲੇ ਰਾਜਧਾਨੀ ਅਸੁਨਸ਼ੀਯੋਨ ਦੇ ਨੇੜਿਓਂ ਲੰਘਣ ਵਾਲੇ ਪੈਰਾਗਵੇ ਦਰਿਆ ਦੇ ਨੇੜੇ-ਤੇੜੇ ਦਾ ਇਲਾਕਾ ਕਿੰਨਾਂ ਸੁੱਕ ਗਿਆ ਹੈ।

ਪੈਰਾਗਵੇ ਲਈ ਇਹ ਪਰੇਸ਼ਾਨ ਕਰਨ ਵਾਲੀ ਖ਼ਬਰ ਸੀ। ਇਹ ਦਰਿਆ ਦੇਸ ਲਈ ਕਿੰਨਾਂ ਅਹਿਮ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ ਦਾ ਨਾਮ ਹੀ ਦਰਿਆ ਦੇ ਨਾਮ ''ਤੇ ਹੈ।

ਇਸ ਦਰਿਆ ਨੂੰ ਦੇਸ ਦੀ ਲਾਈਫ਼ਲਾਈਨ ਯਾਨੀ ਜੀਵਨ-ਰੇਖਾ ਕਿਹਾ ਜਾਂਦਾ ਹੈ।

ਪੈਰਾਗਵੇ ਦੇ ਨੈਸ਼ਨਲ ਐਡਮੀਨਿਸਟਰੇਸ਼ਨ ਆਫ਼ ਨੈਵੀਗੇਸ਼ਨ ਐਂਡ ਪੋਰਟਸ (ਏਐਨਪੀਪੀ) ਮੁਤਾਬਕ 25 ਅਕਤੂਬਰ ਨੂੰ ਅਸੁਨਸ਼ਿਓਨ ਵਿੱਚ ਦਰਿਆ ਵਿੱਚ ਪਾਣੀ ਦਾ ਪੱਧਰ ਸਾਧਾਰਨ ਨਾਲੋਂ 54 ਸੈਂਟੀਮੀਟਰ ਤੱਕ ਘੱਟ ਗਿਆ ਸੀ।

ਅਸਥਾਈ ਆਸ

ਥੋੜ੍ਹਾ ਮੀਂਹ ਪੈਣ ਤੋਂ ਬਾਅਦ 9 ਨਵੰਬਰ ਨੂੰ ਦਰਿਆ ਵਿੱਚ ਪਾਣੀ ਦਾ ਪੱਧਰ ਕੁਝ ਬਿਹਤਰ ਹੋਇਆ ਅਤੇ ਆਮ ਤੋਂ ਸਿਰਫ਼ 14 ਸੈਂਟੀਮੀਟਰ ਤੱਕ ਹੇਠਾਂ ਤੱਕ ਪਹੁੰਚਿਆ।

ਪਰ ਏਐਨਪੀਪੀ ਦੇ ਨਿਰਦੇਸ਼ਕ ਲੁਈਸ ਹਾਰਾ ਇਸ ਸਥਿਤੀ ਨੂੰ ਚਿੰਤਾਜਨਕ ਦੱਸਦੇ ਹਨ। ਉਹ ਕਹਿੰਦੇ ਹਨ ਕਿ ਹਾਲ ਹੀ ਵਿੱਚ ਦਰਿਆਈ ਪਾਣੀ ਦੇ ਪੱਧਰ ਵਿੱਚ ਜਿਹੜਾ ਵਾਧਾ ਦਰਜ ਕੀਤਾ ਗਿਆ ਹੈ ਉਹ ਸਥਾਈ ਨਹੀਂ ਹੈ।

ਸਥਾਨਕ ਟੈਲੀਵਿਜ਼ਨ ਚੈਨਲ ਏਬੀਸੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ, ਜਿੰਨਾ ਮੀਂਹ ਪਿਆ ਹੈ ਉਸ ਤੋਂ ਬਾਅਦ ਸਾਲ ਦੇ ਆਖ਼ਰੀ ਮਹੀਨਿਆਂ ਵਿੱਚ ਦਰਿਆ ਵਿੱਚ ਕਿੰਨਾ ਪਾਣੀ ਰਹੇਗਾ ਇਸ ਨੂੰ ਲੈ ਕੇ ਅਸੀਂ ਕੁਝ ਚਿੰਤਾਜਨਕ ਅੰਕੜੇ ਦੇਖ ਰਹੇ ਹਾਂ।"

Getty Images
ਕਦੇ ਅਜਿਹਾ ਸਮਾਂ ਵੀ ਆਇਆ ਜਦੋਂ ਜਹਾਜ਼ਾਂ ਦੇ ਅੱਗੇ ਵੱਧਣ ਦਾ ਕੋਈ ਰਾਹ ਹੀ ਨਹੀਂ ਬਚਿਆ ਸੀ

ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਜਲਦੀ ਨਹੀਂ ਵੱਧਣ ਵਾਲਾ ਅਤੇ ਹੋ ਸਕਦਾ ਹੈ ਅਗਲੇ ਸਾਲ ਜਨਵਰੀ ਜਾਂ ਫਰਵਰੀ ਵਿੱਚ ਹੀ ਦਰਿਆ ਵਿੱਚ ਪਾਣੀ ਦਾ ਪੱਧਰ ਸਧਾਰਨ ਹੋ ਸਕੇ ਅਤੇ ਦਰਿਆ ਜਹਾਜ਼ਾਂ ਲਈ ਤਿਆਰ ਹੋ ਸਕੇ।

ਹਾਰਾ ਕਹਿੰਦੇ ਹਨ, "ਪਰ ਇਸ ਦਾ ਅਰਥ ਇਹ ਨਹੀਂ ਕਿ ਦਰਿਆ ਦਾ ਪਾਣੀ ਫ਼ਿਰ ਤੋਂ ਘੱਟ ਨਹੀਂ ਹੋਵੇਗਾ। ਸਾਨੂੰ ਮੀਂਹ ਦੀ ਸਖ਼ਤ ਲੋੜ ਹੈ।"

ਪੈਰਾਗਵੇ ਦੇ ਮੌਸਮ ਵਿਭਾਗ ਦੇ ਨਿਰਦੇਸ਼ਕ ਰਾਉਲ ਰੋਡੋਸ ਨੇ ਬੀਬੀਸੀ ਨੂੰ ਦੱਸਿਆ ਕਿ ਸਾਲ ਦੇ ਇਸ ਸਮੇਂ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਤੋਂ ਘੱਟ 2.5 ਮੀਟਰ ਤੱਕ ਹੋਣਾ ਚਾਹੀਦਾ ਹੈ।

ਪੈਰਾਗਵੇ ਦੀ ਜੀਵਨ ਰੇਖਾ ਦਰਿਆ ਪੈਰਾਗਵੇ

ਪੈਰਾਗਵੇ ਚਾਰੇ ਪਾਸਿਓਂ ਜ਼ਮੀਨ ਨਾਲ ਘਿਰਿਆ ਹੋਇਆ ਦੇਸ ਹੈ, ਇਸ ਦੇ ਇੱਕ ਪਾਸੇ ਬੋਲੀਵੀਆ ਅਤੇ ਅਰਜਨਟੀਨਾ ਹਨ ਤਾਂ ਦੂਸਰੇ ਪਾਸੇ ਬ੍ਰਾਜ਼ੀਲ ਅਤੇ ਹੇਠਲੇ ਪਾਸੇ ਉਰੁਗਵੇ ਹੈ।

ਪਾਣੀ ਲਈ ਇਹ ਦੱਖਣ ਅਮਰੀਕੀ ਦੇਸ ਪੂਰੀ ਤਰ੍ਹਾਂ ਦਰਿਆ ਪੈਰਾਗਵੇ ''ਤੇ ਨਿਰਭਰ ਹੈ। ਇਸੇ ਕਰਕੇ ਇਸ ਦਰਿਆ ਨੂੰ ਦੇਸ ਦੀ ਜੀਵਨ ਰੇਖਾ ਯਾਨੀ ਲਾਈਫ਼ਲਾਈਨ ਕਿਹਾ ਜਾਂਦਾ ਹੈ।

ਪੈਰਾਗਵੇ ਦੇ ਡਿਪਟੀ ਵਣਜ ਮੰਤਰੀ ਪੇਦਰੋ ਮਾਨਸੁਲੋ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਲਈ ਪੈਰਾਗਵੇ ਉਹ ਇੱਕ ਮਾਤਰ ਸੜਕ ਹੈ ਜਿਹੜੀ ਸਾਨੂੰ ਸਮੁੰਦਰ ਤੱਕ ਪਹੁੰਚਾਉਂਦੀ ਹੈ ਅਤੇ ਸੋਕੇ ਕਰਕੇ ਇਹ ਸੜਕ ਹੁਣ ਔਖਿਆਈ ਵਿੱਚ ਹੈ।"

ਉਹ ਦੱਸਦੇ ਹਨ ਕੁਝ ਥਾਵਾਂ ਤੋਂ ਇਹ ਦਰਿਆ ਇਸ ਹੱਦ ਤੱਕ ਸੁੱਕ ਗਿਆ ਹੈ ਕਿ ਵੱਡੇ ਕਮਰਸ਼ੀਅਲ ਜਹਾਜ਼ ਹੁਣ ਚਲਾਏ ਨਹੀਂ ਜਾ ਸਕਦੇ।

ਦਰਿਆ ਸੁੱਕਣ ਦਾ ਅਰਥ ਵਿਵਸਥਾ ''ਤੇ ਅਸਰ

ਦੇਸ ਦੇ ਲੋਕ ਨਿਰਮਾਣ ਅਤੇ ਸੰਚਾਰ ਵਿਭਾਗ ਦੇ ਨਿਰਦੇਸ਼ਕ ਦੇ ਆਹੁਦੇ ''ਤੇ ਕੰਮ ਕਰਨ ਵਾਲੇ ਜਾਰਜ ਵੇਰਗਾਰਾ ਕਹਿੰਦੇ ਹਨ, "ਜੇ ਇਸ ਔਖੀ ਘੜੀ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਦਰਿਆ ਵਿੱਚ ਜਹਾਜ਼ ਚਲਾਉਣਾ ਅਸੰਭਵ ਹੋ ਜਾਵੇਗਾ। ਸਾਡਾ ਮੁਲੰਕਣ ਹੈ ਕਿ ਤਕਰੀਬਨ ਇੱਕ ਮਹੀਨੇ ਵਿੱਚ ਅਸੀਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਸਕਦੇ ਹਾਂ।"

ਉਹ ਕਹਿੰਦੇ ਹਨ ਕਿ ਦਰਿਆ ਦਾ ਪਾਣੀ ਸੁੱਕਣ ਦਾ ਸਿੱਧਾ ਅਸਰ ਦੇਸ ਦੀ ਅਰਥਵਿਵਸਥਾ ''ਤੇ ਹੋ ਰਿਹਾ ਹੈ।

ਵਣਜ ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਾਲ 2019 ਵਿੱਚ ਦੇਸ ਵਿੱਚ ਆਯਾਤ ਕੀਤੇ ਗਏ ਸਾਮਾਨ ਦਾ 52 ਫ਼ੀਸਦ ਹਿੱਸਾ ਅਤੇ ਨਿਰਯਾਤ ਕੀਤੇ ਗਏ ਸਾਮਾਨ ਦਾ 73 ਫ਼ੀਸਦ ਹਿੱਸਾ ਇਸੇ ਦਰਿਆ ਰਾਹੀਂ ਲਿਆਇਆ ਲਿਜਾਇਆ ਜਾਂਦਾ ਸੀ।

Reuters

ਪੈਰਾਗਵੇ ਦੁਨੀਆਂ ਦੇ ਸਭ ਤੋਂ ਵੱਡੇ ਖੇਤੀ ਉਤਪਾਦ ਨਿਰਯਾਤਕਾਂ ਵਿੱਚ ਸ਼ਾਮਲ ਹੈ। ਇਹ ਦੇਸ ਵੱਡੀ ਗਿਣਤੀ ਵਿੱਚ ਸੋਇਆਬੀਨ ਦਾ ਨਿਰਯਾਤ ਕਰਦਾ ਹੈ ਅਤੇ ਇਸ ਦੇ ਕੋਲ ਦਰਿਆ ਵਿੱਚ ਚੱਲਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼ੀ ਬੇੜਾ ਵੀ ਹੈ।

ਵੈੱਟਲੈਂਡਜ਼ ਵਿੱਚ ਸੋਕਾ

ਪੈਰਾਗਵੇ ਵਿੱਚ ਪਾਣੀ ਦੇ ਸੰਕਟ ਦੀ ਸਮੱਸਿਆ ਸਿੱਧੇ ਤੌਰ ''ਤੇ ਹਾਲ ਹੀ ਵਿੱਚ ਪੈਂਟਾਨਲ ਵਿੱਚ ਵਰ੍ਹੇ ਘੱਟ ਮੀਂਹ ਨਾਲ ਸੰਬੰਧਿਤ ਹੈ।

ਪੈਂਟਾਨਲ ਦੁਨੀਆਂ ਦੀ ਸਭ ਤੋਂ ਵੱਡਾ ਵੈੱਟਲੈਂਡ (ਸੇਮ ਵਾਲਾ ਇਲਾਕਾ) ਹੈ ਜਿਹੜਾ ਬ੍ਰਾਜ਼ੀਲ, ਬੋਲੀਵੀਆ ਅਤੇ ਪੈਰਾਗਵੇ ਦੇ ਵਿਸ਼ਾਲ ਇਲਾਕਿਆਂ ਵਿੱਚ ਫ਼ੈਲਿਆ ਹੋਇਆ ਹੈ।

ਮੀਂਹ ਦੌਰਾਨ ਪੈਂਟਾਨਲ ਵਿੱਚ ਜਿਹੜਾ ਪਾਣੀ ਇਕੱਠਾ ਹੁੰਦਾ ਹੈ ਉਹ ਪੈਰਾਗਵੇ ਦਰਿਆ ਵਿੱਚ ਆਉਂਦਾ ਹੈ। ਬੀਤੇ ਕੁਝ ਮਹੀਨਿਆਂ ਤੋਂ ਪੈਂਟਾਨਲ ਵਿੱਚ ਮੀਂਹ ਘੱਟ ਪਿਆ ਅਤੇ ਇਹ ਇਲਾਕਾ ਜੰਗਲੀ ਅੱਗ ਦੀ ਲਪੇਟ ਵਿੱਚ ਆ ਗਿਆ।

ਵੈੱਟਲੈਂਡਜ਼ ਦੇ ਇਸ ਇਲਾਕੇ ਵਿੱਚ ਸੋਕਾ ਪੈਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਲਵਾਯੂ ਬਦਲਾਅ ਅਤੇ ਮਨੁੱਖੀ ਹਰਕਤਾਂ ਕਰਕੇ ਇਸਦੀ ਤੀਬਰਤਾ ਵਿੱਚ ਵਾਧਾ ਹੋ ਸਕਦਾ ਹੈ।

https://www.youtube.com/watch?v=xWw19z7Edrs&t=1s

ਚਿੰਤਾ ਦਾ ਇੱਕ ਹੋਰ ਮਹੱਤਵਪੂਰਣ ਵਿਸ਼ਾ, ਐਮਾਜ਼ੋਨ ਵਿੱਚ ਜੰਗਲਾਂ ਦੀ ਕਟਾਈ ਦਾ ਵੀ ਹੈ ਜਿਹੜਾ ਐਮਾਜ਼ੋਨ ਬੇਸਿਨ ਵਿੱਚ ਹੋਣ ਵਾਲੇ ਪਾਣੀ ਦੇ ਵਾਸ਼ਪੀਕਰਣ ਨੂੰ ਪ੍ਰਭਾਵਿਤ ਕਰਦਾ ਹੈ। ਇਥੇ ਹੋਣ ਵਾਲਾ ਪਾਣੀ ਦਾ ਵਾਸ਼ਪੀਕਰਣ ਦੱਖਣ ਅਮਰੀਕੀ ਦੇਸਾਂ ਤੱਕ ਪਹੁੰਚਦਾ ਹੈ।

ਇਸ ਇਲਾਕੇ ਬਾਰੇ ਸਪੈਸ਼ਲਾਈਜ਼ੇਸ਼ਨ ਕਰ ਚੁੱਕੇ ਬ੍ਰਾਜ਼ੀਲ ਦੇ ਭੂਗੋਲ ਲੇਖਕ ਮਾਰਕੋਸ ਰੋਜ਼ਾ ਨੇ ਬੀਬੀਸੀ ਨੂੰ ਦੱਸਿਆ ਕਿ, "ਡਰ ਇਸ ਗੱਲ ਦਾ ਹੈ ਕਿ ਇਹ ਹੁਣ ''ਨਿਊ ਨਾਰਮਲ'' ਹੈ, ਯਾਨੀ ਨਵੀਂ ਗੱਲ ਹੈ ਜੋ ਜਲਦੀ ਨਹੀਂ ਬਦਲੇਗੀ।"

"ਸਾਡੇ ਮਨੁੱਖਾਂ ਵੱਲੋਂ ਕੀਤੇ ਕੰਮਾਂ ਦਾ ਹੁਣ ਇਹ ਨਤੀਜਾ ਹੈ ਕਿ ਮੀਂਹ ਦਾ ਸਾਈਕਲ ਬਦਲ ਗਿਆ ਹੈ, ਸੋਕਾ ਪੈ ਰਿਹਾ ਹੈ ਅਤੇ ਪੈਂਟਾਨਲ ਵਿੱਚ ਕੁਦਰਤੀ ਹੜ੍ਹ ਆ ਰਹੇ ਹਨ।"

ਇਸ ਦੇ ਨਾਲ ਹੀ ਦੱਖਣੀ ਅਮਰੀਕਾ ਦੇ ਜਲਵਾਯੂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮੌਸਮੀ ਬਦਲਾਅ ਵੀ ਦੇਖਿਆ ਜਾ ਰਿਹਾ ਹੈ ਜਿਸ ਨੂੰ ''ਲਾ ਨੀਨਾ'' ਕਿਹਾ ਜਾਂਦਾ ਹੈ। ਜਾਣਕਾਰ ਮੰਨਦੇ ਹਨ ਕਿ ਇਸਨੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਹੈ।

''ਲਾ ਨੀਨਾ'' ਇੱਕ ਪ੍ਰੀਕ੍ਰਿਆ ਹੈ ਜਿਸ ਵਿੱਚ ਭੂ-ਮੱਧ ਰੇਖਾ ਦੇ ਨੇੜੇ ਤੇੜੇ ਪ੍ਰਸ਼ਾਂਤ ਮਹਾਂਸਾਗਰ ਦਾ ਪਾਣੀ ਸਮੇਂ-ਸਮੇਂ ਠੰਡਾ ਹੋਣ ਲੱਗਦਾ ਹੈ। ਇਸ ਕਰਕੇ ਮੌਸਮ ਠੰਡਾ ਅਤੇ ਖ਼ੁਸ਼ਕ ਹੋਣ ਲੱਗਦਾ ਹੈ।

ਜਦੋਂ ਬਿਨ੍ਹਾਂ ਲੰਗਰ ਪਾਏ ਰੁਕੇ ਜਹਾਜ਼

ਪੈਰਾਗਵੇ ਦਰਿਆ ਵਿੱਚ ਪਾਣੀ ਘੱਟ ਹੋਣ ਕਰਕੇ ਜਹਾਜ਼ਾਂ ਨੇ ਆਪਣਾ ਕੰਮ ਸ਼ੁਰੂ ਕਰਨ ਦਾ ਇਰਾਦਾ ਬਦਲ ਕੇ ਆਪਣੇ ਲੰਗਰ ਪਾ ਦਿੱਤੇ ਹਨ।

ਅਸੁੰਸ਼ਿਓਨ ਵਿੱਚ ਮੌਜੂਦ ਪੈਰਾਗਵੇ ਦੀ ਮੁੱਖ ਬੰਦਰਗਾਹ ਤੋਂ ਕਈ ਜਹਾਜ਼ ਪਹਿਲਾਂ ਤੋਂ ਘੱਟ ਸਾਮਾਨ ਲੈ ਕੇ ਜਾ ਰਹੇ ਹਨ।

EPA
ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਤੋਂ ਘੱਟ 2.5 ਮੀਟਰ ਤੱਕ ਹੋਣਾ ਚਾਹੀਦਾ ਹੈ

ਆਯਾਤ-ਨਿਰਯਾਤ ਚਾਲੂ ਰੱਖਣ ਲਈ ਸਰਕਾਰ ਨੇ ਦਰਿਆ ਦਾ ਰਾਹ ਅਪਣਾਉਣ ਦੀ ਬਜਾਇ ਸੜਕ ਰਾਹੀਂ ਸਮੁੰਦਰ ਤੱਕ ਪਹੁੰਚਣ ਦਾ ਹੱਲ ਕੱਢਿਆ ਹੈ। ਪਰ ਦਰਿਆ ਦੇ ਮੁਕਾਬਲੇ ਸੜਕ ਮਾਰਗ ਰਾਹੀਂ ਸਾਮਾਨ ਲਿਆਉਣ ਲਿਜਾਣ ਦਾ ਖ਼ਰਚਾ ਬਹੁਤ ਜ਼ਿਆਦਾ ਹੈ।

ਇਸ ਵਿਚਾਲੇ ਅਜਿਹਾ ਸਮਾਂ ਵੀ ਆਇਆ ਜਦੋਂ ਜਹਾਜ਼ਾਂ ਦੇ ਅੱਗੇ ਵੱਧਣ ਦਾ ਕੋਈ ਰਾਹ ਹੀ ਨਹੀਂ ਬਚਿਆ ਸੀ।

ਇੱਕ ਸ਼ਿਪਿੰਗ ਕੰਪਨੀ ਦੇ ਨਿਰਦੇਸ਼ਕ ਗੁਲੇਰਮੋ ਏਰੇਕੇ ਕਹਿੰਦੇ ਹਨ ਕਿ ਅਕਤੂਬਰ ਦੇ ਆਖ਼ਰੀ ਹਫ਼ਤੇ ਵਿੱਚ ਉਨ੍ਹਾਂ ਦੇ ਇੱਕ ਚੋਥਾਈ ਜਹਾਜ਼ਾਂ ਨੂੰ ਲੰਗਰ ਪਾ ਕੇ ਖੜ੍ਹੇ ਹੋਣਾ ਪਿਆ। ਉਨ੍ਹਾਂ ਕੋਲ ਕੁੱਲ 80 ਜਹਾਜ਼ਾਂ ਦਾ ਬੇੜਾ ਹੈ।

ਉਹ ਕਹਿੰਦੇ ਹਨ, "ਸਾਡੇ ਅੱਠ ਜਹਾਜ਼ ਬੋਲੀਵੀਆ ਵਿੱਚ ਫ਼ਸੇ ਹੋਏ ਸਨ, ਤਿੰਨ ਪੈਰਾਗਵੇ ਦੇ ਸੈਨ ਅੰਟਾਰੀਓ ਵਿੱਚ ਅਤੇ 12 ਜਹਾਜ਼ਾਂ ਨੂੰ ਅਰਜਨਟੀਨਾ ਦੇ ਸੈਨ ਲੋਰੇਂਜ਼ੋ ਵਿੱਚ ਖੜਾ ਹੋਣਾ ਪਿਆ ਸੀ। ਤਕਨੀਕੀ ਤੌਰ ''ਤੇ ਉਹ ਫ਼ਸੇ ਨਹੀਂ ਸਨ ਪਰ ਪਾਣੀ ਘੱਟ ਹੋਣ ਕਰਕੇ ਉਨ੍ਹਾਂ ਨੂੰ ਚਲਾਉਣਾ ਅਸੰਭਵ ਸੀ।"

ਗੁਲੇਰਮੋ ਕਹਿੰਦੇ ਹਨ ਕਿ ਦਰਿਆ ਵਿੱਚ ਪਾਣੀ ਘੱਟ ਹੋਣ ਦਾ ਅਸਰ ਉਨ੍ਹਾਂ ਦੀ ਕੰਪਨੀ ਦੇ ਮਾਲੀਏ ''ਤੇ ਵੀ ਪਿਆ ਹੈ। ਉਨ੍ਹਾਂ ਦੀ ਕੰਪਨੀ ਨੂੰ ਹਰ ਮਹੀਨੇ ਤਕਰੀਬਨ 40 ਲੱਖ ਡਾਲਰ ਦਾ ਨੁਕਸਾਨ ਹੋਇਆ।

ਸੈਂਟਰ ਫ਼ਾਰ ਰਿਵਰ ਐਂਡ ਮੈਰੀਟਾਈਮ ਸ਼ਿਪ ਓਨਰਸ ਵੱਲੋਂ ਜਾਰੀ ਕੀਤੇ ਅੰਕੜਿਆਂ ਦੀ ਮੰਨੀਏ ਤਾਂ ਪੈਰਾਗਵੇ ਦੇ ਨਿੱਜੀ ਸੈਕਟਰ ਨੂੰ ਇਸ ਸਭ ਨਾਲ 25 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ।

ਇਸ ਸਥਿਤੀ ਨਾਲ ਨਜਿੱਠਣ ਲਈ ਦਰਿਆ ਨੂੰ ਕਈ ਅਹਿਮ ਥਾਵਾਂ ਤੋਂ ਹੋਰ ਗਹਿਰਾ ਕਰਨ ਦੀ ਲੋੜ ਹੈ, ਪਰ ਇਸ ਦਿਸ਼ਾ ਵਿੱਚ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋ ਸਕਿਆ।

ਜਾਰਜ ਬੇਰਗਾਰਾ ਕਹਿੰਦੇ ਹਨ ਕਿ ਇਸ ਕੰਮ ਲਈ ਪਹਿਲਾਂ ਬਜਟ ਨਿਰਧਾਰਿਤ ਹੋ ਗਿਆ ਸੀ ਪਰ ਕੋਰੋਨਾ ਮਹਾਂਮਾਰੀ ਕਰਕੇ ਸਰਕਾਰ ਨੂੰ ਇਹ ਪੈਸਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਲਾਉਣਾ ਪਿਆ।

EPA
ਪਾਣੀ ਲਈ ਇਹ ਦੱਖਣ ਅਮਰੀਕੀ ਦੇਸ ਪੂਰੀ ਤਰ੍ਹਾਂ ਦਰਿਆ ਪੈਰਾਗਵੇ ''ਤੇ ਨਿਰਭਰ ਹੈ

ਉਹ ਅੰਦਾਜ਼ਾ ਲਾਉਂਦੇ ਹਨ ਕਿ ਦਰਿਆ ਦੇ ਤਲ ਨੂੰ ਹੋਰ ਗਹਿਰਾ ਕਰਨ ਦਾ ਕੰਮ ਇਸ ਸਾਲ ਦਸੰਬਰ ਤੋਂ ਸ਼ੁਰੂ ਹੋਵੇਗਾ। ਹਾਲਾਂਕਿ ਉਹ ਮੰਨਦੇ ਹਨ ਉਦੋਂ ਤੱਕ ਦਾ ਸਮਾਂ "ਬੇਹੱਦ ਗੰਭੀਰ ਮੁਸ਼ਕਿਲਾਂ ਨਾਲ ਭਰਿਆ ਹੈ।"

ਪੀਣ ਦੇ ਪਾਣੀ ਦੀ ਘਾਟ

ਗੱਲ ਸਿਰਫ਼ ਜਹਾਜ਼ ਚਲਾਉਣ ਦੀ ਨਹੀਂ ਹੈ ਬਲਕਿ ਪਾਣੀ ਦੀ ਘਾਟ ਕਰਕੇ ਪੈਰਾਗਵੇ ਦੇ ਲੋਕਾਂ ਦੇ ਘਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਸਰਕਾਰ ਨੇ ਦਰਿਆ ਦਾ ਪਾਣੀ, ਪਾਣੀ ਸੰਕਟ ਨਾਲ ਜੂਝ ਰਹੇ ਇਲਾਕੇ ਚਾਕੋ ਵਿੱਚ ਲਿਆਉਣ ਦੀ ਯੋਜਨਾ ਦਾ ਉਦਘਾਟਨ ਕੀਤਾ ਸੀ।

ਇਸ ਯੋਜਨਾ ਤਹਿਤ ਪੈਰਾਗਵੇ ਦਰਿਆ ਦਾ ਪਾਣੀ ਅਸੁੰਸ਼ਿਓਨ ਤੋਂ 650 ਕਿਲੋਮਾਟਰ ਦੂਰ ਪਿਯੂਰਟੇ ਕਸਾਡੋ ਵਿੱਚ ਰਹਿੰਦੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਸੀ।

ਪਰ ਦਰਿਆ ਦੇ ਕੈਚਮੇਂਟ ਖੇਤਰ ਵਿੱਚ ਪਾਣੀ ਨਾ ਹੋਣ ਕਰਕੇ ਅਕਤੂਬਰ ਮਹੀਨੇ ਤੋਂ ਇਥੇ ਪਾਣੀ ਨਹੀਂ ਪਹੁੰਚ ਰਿਹਾ। ਇਥੋਂ ਤੱਕ ਕਿ ਅਸ਼ੁੰਸ਼ਿਓਨ ਵਿੱਚ ਵੀ ਪਾਣੀ ਦੀ ਸਪਲਾਈ ਵਿੱਚ ਵਿਘਨ ਪੈ ਰਿਹਾ ਹੈ।

Reuters
ਇੱਕ ਸ਼ਿਪਿੰਗ ਕੰਪਨੀ ਦੇ ਨਿਰਦੇਸ਼ਕ ਮੁਤਾਬਕ ਅਕਤੂਬਰ ਦੇ ਆਖ਼ਰੀ ਹਫ਼ਤੇ ਵਿੱਚ ਉਨ੍ਹਾਂ ਦੇ ਇੱਕ ਚੋਥਾਈ ਜਹਾਜ਼ਾਂ ਨੂੰ ਲੰਗਰ ਪਾ ਕੇ ਖੜ੍ਹੇ ਹੋਣਾ ਪਿਆ

ਪੈਰਾਗਵੇ ਦਰਿਆ ਦੇ ਕੰਢਿਆਂ ''ਤੇ ਰਹਿਣ ਵਾਲੇ ਭਾਈਚਾਰਿਆਂ ਲਈ ਇਸ ਦਰਿਆ ਦੀ ਖ਼ਾਸ ਮਹੱਤਤਾ ਹੈ। ਇੰਨਾਂ ਭਾਈਚਾਰਿਆਂ ਦੇ ਲੋਕ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਅਤੇ ਸਪਲਾਈ ਲਈ ਦਰਿਆ ''ਤੇ ਨਿਰਭਰ ਹਨ।

ਬੀਬੀਸੀ ਨਾਲ ਹੋਈ ਗੱਲਬਾਤ ਵਿੱਚ ਡਿਪਟੀ ਵਣਜ ਮੰਤਰੀ ਮਾਨਸੁਲੋ ਨੇ ਵਾਰ-ਵਾਰ ਜਲਵਾਯੂ, ਕੁਦਰਤ ਅਤੇ ਅਰਥਵਿਵਸਥਾ ਵਿਚਲੇ ਸੰਬੰਧ ''ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਕਿਹਾ, "ਸਾਨੂੰ ਵਾਤਾਵਰਣ ਅਤੇ ਵਿਕਾਸ ਵਿੱਚ ਜ਼ਰੂਰੀ ਸਦਭਾਵਨਾ ਬਣਾਈ ਰੱਖਣ ਦੀ ਲੋੜ ਹੈ। ਕੁਦਰਤ ਸਾਨੂੰ ਵਾਰ ਵਾਰ ਸੰਕੇਤ ਦੇ ਰਹੀ ਹੈ।"

ਉਥੇ ਪੈਰਾਗਵੇਮੌਸਮ ਵਿਭਾਗ ਦੇ ਨਿਰਦੇਸ਼ਕ ਰਾਉਲ ਰੋਡੋਸ ਕਹਿੰਦੇ ਹਨ ਸੋਕੇ ਦੇ ਦਰਿਆ ''ਤੇ ਪਏ ਅਸਰ ਨੂੰ ਸਮਝਣ ਲਈ ਜਲਵਾਯੂ ਬਦਲਾਅ ਦੇ ਸੰਭਾਵਿਤ ਅਸਰ ਬਾਰੇ ਹੋਰ ਖੋਜ ਕਰਨ ਦੀ ਲੋੜ ਹੈ।

ਉਹ ਕਹਿੰਦੇ ਹਨ, "ਸਾਨੂੰ ਇਸ ਦਾ ਵਿਸ਼ਲੇਸ਼ਣ ਕਰਨਾ ਪਵੇਗਾ ਕਿ ਕੀ ਸੋਕਾ ਵਾਰ ਵਾਰ ਪੈ ਰਿਹਾ ਹੈ ਅਤੇ ਜੇ ਅਜਿਹਾ ਹੈ ਤਾਂ ਕੀ ਇਸ ਵਿੱਚ ਤੇਜ਼ੀ ਆ ਰਹੀ ਹੈ। ਸਾਨੂੰ ਇਹ ਪਤਾ ਹੈ ਕਿ ਹੁਣ ਹੜ੍ਹ ਵਾਰ ਵਾਰ ਆਉਣ ਲੱਗੇ ਹਨ।"

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=VoebX7tbgxM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''068dea9d-8a32-4f06-a705-e69b84a43329'',''assetType'': ''STY'',''pageCounter'': ''punjabi.international.story.55045446.page'',''title'': ''ਦਰਿਆਵਾਂ ਦੇ ਪਾਣੀ ਸੁੱਕਣ ਨਾਲ ਕਿਵੇਂ ਕੰਗਾਲ ਹੋ ਜਾਂਦੇ ਨੇ ਮੁਲਕ'',''author'': ''ਏਨੀਤਿਆ ਕਾਸਟੈਡੋ'',''published'': ''2020-11-24T02:13:43Z'',''updated'': ''2020-11-24T02:13:43Z''});s_bbcws(''track'',''pageView'');