ਅਰਨਬ ਗੋਸਵਾਮੀ: ਸਭ ਨੂੰ ਸਵਾਲ ਪੁੱਛਣ ਵਾਲੇ ਨੇ ਆਪਣੇ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ

11/23/2020 10:26:36 AM

ਟੀਵੀ ਐਂਕਰ ਅਰਨਬ ਗੋਸਵਾਮੀ ਉਸ ਵੇਲੇ ਖ਼ਬਰ ਬਣ ਗਏ ਜਦੋਂ ਹਾਲ ਹੀ ਵਿੱਚ ਉਨ੍ਹਾਂ ਨੂੰ ਖੁਦਕੁਸ਼ੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਨੇ ਇਲਜ਼ਾਮਾਂ ਨੂੰ ਨਕਾਰਿਆ ਅਤੇ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਮਾਮਲੇ ਨੇ ਮਹਿਜ਼ ਉਨ੍ਹਾਂ ਦੇ ਰਾਸ਼ਟਰਵਾਦੀ ਸ਼ਖਸੀਅਤ ਦੇ ਅਕਸ ਨੂੰ ਹੋਰ ਉਭਾਰਿਆ ਹੈ।

ਅਰਨਬ ਗੋਸਵਾਮੀ ਨੇ ਅਪ੍ਰੈਲ ਵਿੱਚ ਆਪਣੇ ਹਿੰਦੀ ਭਾਸ਼ੀ ਟੈਲੀਵਿਜ਼ਨ ਚੈਨਲ ਰਿਪਬਲਿਕ ਭਾਰਤ ਦੇ ਪ੍ਰਾਈਮ ਟਾਈਮ ਸ਼ੋਅ ਦੋਰਾਨ ਕਿਹਾ, " ਇੱਕ ਦੇਸ ਜਿਸ ਵਿੱਚ 80 ਫ਼ੀਸਦ ਆਬਾਦੀ ਹਿੰਦੂ ਹੈ, ਹਿੰਦੂ ਹੋਣਾ ਗੁਨਾਹ ਬਣ ਗਿਆ ਹੈ।"

ਇਹ ਵੀ ਪੜ੍ਹੋ

  • ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਕੀ ਟਰੰਪ ਉਲਟਾ ਵੀ ਸਕਦੇ ਹਨ
  • ਭਾਰਤੀ ਸਿੰਘ: ''ਮਾਂ 22 ਸਾਲ ਦੀ ਉਮਰ ’ਚ ਵਿਧਵਾ ਹੋ ਗਈ ਸੀ ਤੇ ਅਸੀਂ ਹਰ ਤਿਓਹਾਰ ਵਾਲੇ ਦਿਨ ਰੋਂਦੇ ਸੀ''
  • ਕੋਰੋਨਾਵਾਇਰਸ ਦੀ ਵੈਕਸੀਨ ਕਦੋਂ, ਕਿੰਨੇ ਰੇਟ ਉੱਤੇ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲਣੀ

“ਮੈਂ ਅੱਜ ਪੁੱਛਦਾ ਹਾਂ ਕਿ ਜੇ ਇੱਕ ਮੁਸਲਮਾਨ ਮੌਲਵੀ ਜਾਂ ਕੈਥੋਲਿਕ ਪਾਦਰੀ ਦੀ ਹੱਤਿਆ ਹੋਈ ਹੁੰਦੀ ਤਾਂ ਕੀ ਲੋਕ ਚੁੱਪ ਰਹਿੰਦੇ?"

ਉਹ ਉਸ ਘਟਨਾ ਬਾਰੇ ਬੋਲ ਰਹੇ ਸਨ ਜਦੋਂ ਕਾਰ ਵਿੱਚ ਜਾ ਰਹੇ ਦੋ ਹਿੰਦੂ ਸਾਧੂਆਂ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਭੀੜ ਵੱਲੋਂ ਮਾਰ ਦਿੱਤਾ ਗਿਆ ਸੀ।

ਪੁਲਿਸ ਨੇ ਕਿਹਾ ਕਿ ਵਿਅਕਤੀਆਂ ਨੂੰ ਗਲ਼ਤੀ ਨਾਲ ਬੱਚਾ ਚੋਰ ਸਮਝ ਲਿਆ ਗਿਆ ਸੀ। ਹਮਲਾ ਕਰਨ ਵਾਲੇ ਅਤੇ ਪੀੜਤ ਸਾਰੇ ਹਿੰਦੂ ਸਨ।

ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੁਝ ਮੈਂਬਰਾਂ ਵਲੋਂ ਬੇਬੁਨਿਆਦ ਘੜੀ ਗਈ ਇੱਕ ਥਿਊਰੀ ਦੇ ਸੁਰ ਵਿੱਚ ਸੁਰ ਮਿਲਾਉਂਦਿਆ, ਰਿਪਬਲਿਕ ਨੈੱਟਵਰਕ ਨੇ ਤਕਰੀਬਨ ਇੱਕ ਹਫ਼ਤੇ ਤੱਕ, ਇਹ ਦਾਅਵਾ ਕਰਦਿਆਂ ਪ੍ਰੋਗਰਾਮ ਪ੍ਰਸਾਰਿਤ ਕੀਤੇ ਕਿ ਅਪਰਾਧ ਦੀ ਵਜ੍ਹਾਂ ਪੀੜਤਾਂ ਦਾ ਹਿੰਦੂ ਹੋਣਾ ਸੀ।

ਅਲੋਚਕਾਂ ਦਾ ਕਹਿਣਾ ਹੈ ਕਿ ਇਹ ਅਰਨਬ ਗੋਸਵਾਮੀ ਦੀ ਭੜਕਾਊ, ਸ਼ੋਰ ਵਾਲੇ ਅਤੇ ਆਮ ਤੌਰ ''ਤੇ ਪੱਖਵਾਦੀ ਕਵਰੇਜ਼ ਦਾ ਅਸਲ ਖ਼ਤਰਾ ਹੈ।

ਉਹ ਮੰਨਦੇ ਹਨ ਕਿ ਉਨ੍ਹਾਂ ਦੇ ਨੈੱਟਵਰਕ ਨੂੰ ਦੇਖਣ ਵਾਲਿਆਂ ਨੂੰ ਗ਼ਲਤ ਜਾਣਕਾਰੀ, ਵੰਡਪਾਊ ਅਤੇ ਭੜਕਾਊ ਵਿਚਾਰ ਅਤੇ ਹਿੰਦੂ ਰਾਸ਼ਟਰਵਾਦੀ ਭਾਜਪਾ, ਜਿਸਦੀ ਛੇ ਸਾਲਾਂ ਦੀ ਸੱਤਾ ਨੂੰ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਹਾਸ਼ੀਏ ਵੱਲ ਧੱਕੇ ਜਾਣ ਨਾਲ ਜੋੜਿਆ ਜਾਂਦਾ ਹੈ, ਦਾ ਪ੍ਰੋਪੇਗੰਡਾ ਪਰੋਸਿਆ ਜਾ ਰਿਹਾ ਹੈ।

ਗੋਸਵਾਮੀ ਅਤੇ ਰਿਪਬਲਿਕ ਟੀਵੀ ਨੇ ਬੀਬੀਸੀ ਵੱਲੋਂ ਇੰਟਰਵਿਊ ਲਈ ਕੀਤੀਆਂ ਬੇਨਤੀਆਂ ਜਾਂ ਉਨ੍ਹਾਂ ਵੱਲੋਂ ਝੂਠੀਆਂ ਅਤੇ ਭੜਕਾਊ ਖਬਰਾਂ ਦਿਖਾਉਣ ਜਾਂ ਭਾਜਪਾ ਪ੍ਰਤੀ ਪੱਖਪਾਤ ਭਰੇ ਰਵੱਈਏ ਦੇ ਇਲਜ਼ਾਮਾਂ ਬਾਰੇ ਪੁੱਛੇ ਸਵਾਲਾਂ ਦਾ ਕੋਈ ਜੁਆਬ ਨਹੀਂ ਦਿੱਤਾ।

ਤਬਲੀਗ਼ੀ ਜਮਾਤ ਦਾ ਮਾਮਲਾ

ਨਿਸ਼ਚਿਤ ਤੌਰ ''ਤੇ ਗੋਸਵਾਮੀ ਕਵਰੇਜ਼ ਦੇ ਇਸ ਤਰੀਕੇ ਨੂੰ ਅਪਣਾਉਣ ਵਾਲੇ ਪਹਿਲੇ ਵਿਅਕਤੀ ਨਹੀਂ ਹਨ ਪਰ ਉਨ੍ਹਾਂ ਨੇ ਇਸ ਨੂੰ ਪਹਿਲਾਂ ਦੇ ਮੁਕਾਬਲੇ ਸ਼ੋਰ ਭਰਿਆ ਅਤੇ ਹੋਰ ਤੀਬਰ ਬਣਾ ਦਿੱਤਾ ਹੈ। ਇਨ੍ਹਾਂ ਦੀ ਸੁਰ ਅਕਸਰ ਰਾਸ਼ਟਰਵਾਦੀ ਅਤੇ ਭਾਰਤ ਦੇ ਧਾਰਮਿਕ ਮਤਭੇਦਾਂ ’ਤੇ ਕਾਇਮ ਰਹਿੰਦਾ ਹੈ।

ਉਦਾਹਰਨ ਵਜੋਂ, ਅਪ੍ਰੈਲ ਵਿੱਚ ਉਨ੍ਹਾਂ ਨੇ ਲੌਕਡਾਊਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਇੱਕ ਮੁਸਲਮਾਨ ਗਰੁੱਪ ਤਬਲੀਗ਼ੀ ਜਮਾਤ ''ਤੇ ਝੂਠੇ ਇਲਜ਼ਾਮ ਲਾਏ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਬਲੀਗ਼ੀ ਆਗੂਆਂ ਦੀ ਗ੍ਰਿਫ਼ਤਾਰੀ ਲਈ ਕਿਹਾ।

ਮਹਾਮਾਰੀ ਦੇ ਮੁੱਢਲੇ ਦਿਨਾਂ ਵਿੱਚ ਦਿੱਲੀ ਵਿੱਚ ਸਮੂਹ ਦੇ ਇੱਕਠ ਨੂੰ ਦੇਸ ਭਰ ਵਿੱਚ ਘੱਟੋ-ਘੱਟ 1000 ਮਾਮਲਿਆਂ ਨਾਲ ਜੋੜਿਆ ਗਿਆ ਸੀ।

ਸਮਾਗਮ ਦੇ ਆਯੋਜਕਾਂ ਨੇ ਪੱਖ ਰੱਖਿਆ ਸੀ ਕਿ ਇਕੱਠ ਸਰਕਾਰ ਦੁਆਰਾ ਲੌਕਡਾਊਨ ਲਾਏ ਜਾਣ ਤੋਂ ਪਹਿਲਾਂ ਕੀਤਾ ਗਿਆ ਸੀ ਅਤੇ ਇਸ ਦਾਅਵਾ ਨੂੰ ਭਾਰਤ ਦੀਆਂ ਕਈ ਅਦਾਲਤਾਂ ਨੇ ਸਹੀ ਠਹਿਰਾਇਆ ਹੈ।

https://www.youtube.com/watch?v=xWw19z7Edrs&t=1s

ਪਰ ਰਿਪਬਲਿਕ ਅਤੇ ਹੋਰ ਨੈੱਟਵਰਕਾਂ ਵਲੋਂ ਕੀਤੇ ਗਏ ਗੁੰਮਰਾਹਕੁਨ ਪ੍ਰਸਾਰਣਾਂ ਨੇ ਸੋਸ਼ਲ ਮੀਡੀਆ ''ਤੇ ਇਸਲਾਮੋਫ਼ੋਬਿਕ ਪ੍ਰਤੀਕ੍ਰਿਆਵਾਂ ਨੂੰ ਜਨਮ ਦਿੱਤਾ।

ਗੋਸਵਾਮੀ ਨੇ ਆਪਣੇ ਕਈ ਵਿਵਾਦਿਤ ਪ੍ਰੋਗਰਾਮਾਂ ਵਿੱਚੋਂ ਇੱਕ ਵਿੱਚ ਕਿਹਾ ਸੀ, "ਜੇਕਰ ਕੋਈ ਇੱਕ ਦੋਸ਼ੀ ਹੈ, ਜਿਸ ਕਰਕੇ ਅਸੀਂ ਇੱਕ ਰਾਸ਼ਟਰ ਵਜੋਂ ਅੱਜ ਜਿਸ ਗੁੱਸੇ ਭਰੇ ਲਹਿਜ਼ੇ ਵਿੱਚੋਂ ਗੁਜ਼ਰ ਰਹੇ ਹਾਂ, ਪਸੰਦ ਕਰੋ ਜਾਂ ਨਾ ਕਰੋ, ਇਹ ਹੈ ਤਬਲੀਗ਼ੀ ਜਮਾਤ।"

ਸੁਸ਼ਾਂਤ ਸਿੰਘ ਰਾਜਪੂਤ ਮਾਮਲਾ

ਜੁਲਾਈ ਵਿੱਚ, ਨੈੱਟਵਰਕ ਨੇ ਆਪਣਾ ਧਿਆਨ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਵੱਲ ਕਰ ਲਿਆ, ਜਿਸ ਬਾਰੇ ਪੁਲਿਸ ਨੇ ਕਿਹਾ ਸੀ ਕਿ ਉਸ ਨੇ ਆਤਮਹੱਤਿਆ ਕੀਤੀ ਹੈ।

ਪਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਗ਼ਰਲਫ੍ਰੈਂਡ ਅਦਾਕਾਰਾ ਰੀਆ ਚੱਕਰਵਰਤੀ ਵਿਰੁੱਧ ਆਤਮ ਹੱਤਿਆ ਲਈ ਉਕਸਾਉਣ ਦੇ ਇਲਜ਼ਾਮ ਲਾਉਂਦਿਆ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।

ਚੱਕਰਵਰਤੀ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ, ਪਰ ਉਨਾਂ ਨੇ ਸਖ਼ਤ ਅਤੇ ਔਰਤ ਪ੍ਰਤੀ ਨਫ਼ਰਤ ਭਰੀ ਕਵਰੇਜ਼ ਦੀ ਇੱਕ ਬੇਰੋਕ ਲਹਿਰ ਨੂੰ ਹਵਾ ਦਿੱਤੀ।

ਰਿਪਬਲਿਕ ਨੇ ਸਿੰਘ ਨੂੰ ਆਤਮਹੱਤਿਆ ਨੂੰ ਉਕਸਾਉਣ ਦੇ ਇਲਜ਼ਾਮਾਂ ਤਹਿਤ ਅਦਾਕਾਰਾ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਚਲਾਈ ਅਤੇ #ArrestRheaNow ਵਰਗੇ ਹੈਸ਼ਟੈਗ ਸਕਰੀਨ ''ਤੇ ਦਿਖਾਏ।

ਨਿਊਜ਼ ਲੌਂਡਰੀ ਦੀ ਐਗਜ਼ੀਕਿਊਟਿਵ ਐਡੀਟਰ ਮਨੀਸ਼ਾ ਪਾਂਡੇ, ਜੋ ਕਿ ਭਾਰਤੀ ਨਿਊਜ਼ ਮੀਡੀਆ ਬਾਰੇ ਹਫ਼ਤਾਵਰ ਅਲੋਚਨਾਤਮ ਪ੍ਰੋਗਰਾਮ ਚਲਾਉਂਦੇ ਹਨ, ਨੇ ਕਿਹਾ, "ਇੱਕ ਤੁਲਨਾ ਹੈ ਜੋ ਭਾਰਤ ''ਚ ਲੋਕ ਰਿਪਬਲਿਕ ਟੀਵੀ ਅਤੇ ਫ਼ੌਕਸ ਨਿਊਜ਼ ਦਰਮਿਆਨ ਕਰਨਾ ਪਸੰਦ ਕਰਦੇ ਹਨ, ਪਰ ਮੈਂ ਸੋਚਦੀ ਹਾਂ ਇਸ ਨੂੰ ਥੋੜ੍ਹੀ ਗ਼ਲਤ ਥਾਂ ਰੱਖਿਆ ਗਿਆ ਹੈ।"

"ਜਿਥੇ ਫ਼ੌਕਸ ਨਿਊਜ਼ ਨੂੰ ਪੱਖ ਵਾਦੀ ਅਤੇ ਟਰੰਪ ਪੱਖੀ ਦੇਖਿਆ ਜਾਂਦਾ ਹੈ, ਰਿਪਬਲਿਕ ਟੀਵੀ ਪ੍ਰਤੱਖ ਰੂਪ ਵਿੱਚ ਪ੍ਰੋਪੇਗੰਡਾ ਕਰਦਾ ਹੈ ਅਤੇ ਅਕਸਰ ਮੌਜੂਦਾ ਕੇਂਦਰ ਸਰਕਾਰ ਦੇ ਪੱਖ ਵਿੱਚ ਗ਼ਲਤ ਜਾਣਕਾਰੀ ਫ਼ੈਲਾਉਂਦਾ ਹੈ।"

"ਜੋ ਰਿਪਬਲਿਕ ਟੀਵੀ ਕਰਦਾ ਹੈ ਕੀ ਉੁਹ ਲੋਕਾਂ ਨੂੰ ਇੱਕ ਤਰੀਕੇ ਨਾਲ ਆਪਣੇ ਨਜ਼ਰੀਏ ਵਿੱਚ ਢਾਲਣਾ ਹੈ, ਆਮ ਤੌਰ ''ਤੇ ਜਿਨ੍ਹਾਂ ਵਿੱਚ ਲੜਨ ਦੀ ਜ਼ੁਅਰਤ ਨਹੀਂ, ਚਾਹੇ ਇਹ ਕਾਰਕੁਨ, ਨੌਜਵਾਨ ਵਿਦਿਆਰਥੀ, ਘੱਟਗਿਣਤੀ ਭਾਈਚਾਰਿਆਂ ਦੇ ਮੈਂਬਰ ਜਾਂ ਪ੍ਰਦਰਸ਼ਨਕਾਰੀ ਹੋਣ।"

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
  • ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਹੈ ਇਲਾਜ ਅਤੇ ਗੱਲ ਕਿੱਥੇ ਪਹੁੰਚੀ ਹੈ?
  • ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ
Getty Images
ਇਹ ਸਪੱਸ਼ਟ ਹੈ ਕਿ ਗੋਸਵਾਮੀ ਨਾਲ ਵੱਡੇ ਪੱਧਰ ''ਤੇ ਅਤੇ ਸਰਗਰਮ ਲੋਕ ਜੁੜੇ ਹੋਏ ਹਨ

ਪ੍ਰਸੰਸਕ ਅਤੇ ਅਲੋਚਕ

ਰਿਪਬਲਿਕ ਟੀਵੀ ਦਾ ਦਾਅਵਾ ਹੈ ਇਹ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਨਿਊਜ਼ ਪ੍ਰਸਾਰਣ ਹੈ, ਇੱਕ ਦਾਅਵਾ ਜਿਸ ਨੂੰ ਵਿਆਪਕ ਪੱਧਰ ''ਤੇ ਮੰਨਿਆ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਟੈਲੀਵਿਜ਼ਨ ਰੇਟਿੰਗ ਪਲੇਟਫ਼ਰਾਮਾਂ ''ਤੇ ਚੈਲਨਾਂ ਨੂੰ ਮਿਲੇ ਰੈਂਕ ਹਨ।

ਪਰ ਹੁਣ ਇਹ ਅੰਕੜੇ ਵਿਵਾਦਿਤ ਹਨ ਅਤੇ ਗੋਸਵਾਮੀ ਅਤੇ ਰਿਪਬਲਿਕ ਵਿਰੁੱਧ ਇੰਨਾਂ ਵਿੱਚ ਛੇੜਖਾਨੀ ਕਰਨ ਬਾਰੇ ਜਾਂਚ ਚੱਲ ਰਹੀ ਹੈ। ਇੰਨਾਂ ਇਲਜ਼ਾਮਾਂ ਨੂੰ ਉਨ੍ਹਾਂ ਵਲੋਂ ਨਕਾਰਿਆ ਗਿਆ ਹੈ।

ਪਰ ਇਹ ਸਪੱਸ਼ਟ ਹੈ ਕਿ ਗੋਸਵਾਮੀ ਨਾਲ ਵੱਡੇ ਪੱਧਰ ''ਤੇ ਅਤੇ ਸਰਗਰਮ ਲੋਕ ਜੁੜੇ ਹੋਏ ਹਨ।

ਇੱਕ ਵਿੱਤੀ ਸਲਾਹਕਾਰ ਗਿਰੀਧਰ ਪਾਸੂਪੁਲੇਤੀ ਨੇ ਕਿਹਾ, "ਰਾਤ ਨੂੰ ਘਰ ਆਉਂਦਿਆਂ ਜਿਹੜਾ ਪਹਿਲਾਂ ਚੈਨਲ ਮੈਂ ਚਲਾਉਂਦਾ ਹਾਂ ਉਹ ਹੈ ਰਿਪਬਲਿਕ। ਅਰਨਬ ਗੋਸਵਾਮੀ ਬਹੁਤ ਹੀ ਹਿੰਮਤ ਵਾਲਾ ਹੈ ਅਤੇ ਜਨਤਾ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕਰਦਾ ਹੈ।"

ਜਦੋਂ ਪੁੱਛਿਆ ਗਿਆ ਕਿ, ਕੀ ਰਿਪਬਲਿਕ ਟੀਵੀ ਦੁਆਰਾ ਝੂਠੀਆਂ ਖ਼ਬਰਾਂ ਪ੍ਰਸਾਰਿਤ ਕਰਨ ਦੇ ਇਲਜ਼ਾਮ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ, ਉਨ੍ਹਾਂ ਨੇ ਕਿਹਾ, "ਮੈਂ ਇਸ ਵਿੱਚ ਵਿਸ਼ਵਾਸ ਨਹੀਂ ਕਰਦਾ। ਉਹ ਸਿਰਫ਼ ਘੋਖ ਪੜਤਾਲ ਤੋਂ ਬਾਅਦ ਸਾਨੂੰ ਸੱਚ ਦੱਸਦਾ ਹੈ।"

ਅਕਾਊਂਟੈਂਟ ਲਛਮਣ ਅਡਾਨੀ ਦਾ ਕਹਿਣਾ ਹੈ, "ਇਹ ਇੱਕ ਕਿਸਮ ਦੀ ਭੜਕੀਲੀ ਪੱਤਰਕਾਰੀ ਹੈ, ਪਰ ਹਰ ਥਾਂ ਸੁਨੇਹਾ ਪਹੁੰਚਾਉਣ ਲਈ ਇਸ ਦੀ ਲੋੜ ਹੈ। ਇਹ ਇੱਕ ਕਿਸਮ ਦਾ ਸ਼ੋਅ ਬਿਜ਼ਨਿਸ ਵੀ ਹੈ। ਭੜਕਾਊਪੁਣੇ ਨੂੰ ਨਜ਼ਰਅੰਦਾਜ਼ ਕਰੋ ਅਤੇ ਦਿੱਤੀ ਹੋਈ ਜਾਣਕਾਰੀ ’ਤੇ ਵੱਧ ਧਿਆਨ ਦਿਉ, ਜੋ ਬਾਕੀ ਚੈਨਲ ਦਿਖਾ ਰਹੇ ਹਨ ਨਾਲੋਂ ਵੱਖਰੀ ਹੈ।"

ਲੇਖਿਕਾ ਸ਼ੋਬਾ ਡੇ ਮੰਨਦੇ ਹਨ ਕਿ ਇਸ ਕਿਸਮ ਦਾ ਪ੍ਰਭਾਵ ਖ਼ਤਰਨਾਕ ਹੈ। ਉਨ੍ਹਾਂ ਕਿਹਾ, "ਸਾਨੂੰ ਬਿਹਤਰ ਪਛਾਣ ਅਤੇ ਸੰਤੁਲਨ ਬਣਾਉਣ ਲਈ ਵਧੇਰੇ ਨਿਗਰਾਨੀ ਦੀ ਲੋੜ ਹੈ। ਅਸੀਂ ਯਕੀਨੀ ਤੌਰ ''ਤੇ ਧੌਂਸ ਭਰੇ ਅਤੇ ਝੂਠੇ ਬਰਾਂਡ, ਜੋ ਕਿ ਖੋਜੀ ਪੱਤਰਕਾਰਤਾ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ, ਤੋਂ ਬਿਨ੍ਹਾਂ ਸਾਰ ਸਕਦੇ ਹਾਂ।"

Getty Images
ਜਦੋਂ ਟਾਈਮਜ਼ ਨਾਓ ਚੈਨਲ 2006 ਵਿੱਚ ਸ਼ੁਰੂ ਹੋਇਆ ਸੀ ਅਤੇ ਅਰਨਬ ਇਸਦਾ ਮੁੱਖ ਚਿਹਰਾ ਬਣ ਗਏ ਸੀ

ਇਹ ਸਫ਼ਰ ਕਿੱਥੋਂ ਸ਼ੁਰੂ ਹੋਇਆ

ਅਰਨਬ ਦਾ ਜਨਮ ਅਸਾਮ ਵਿੱਚ ਹੋਇਆ ਸੀ। ਇੱਕ ਆਰਮੀ ਅਧਿਕਾਰੀ ਦੇ ਪੁੱਤਰ ਅਰਨਬ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਲ ਕੀਤੀ।

ਉਨ੍ਹਾਂ ਨੇ ਆਪਣੀ ਸ਼ੁਰੂਆਤ ਕੋਲਕਾਤਾ ਦੇ ਟੈਲੀਗ੍ਰਾਫ਼ ਅਖਬਾਰ ਨਾਲ ਕੀਤੀ ਅਤੇ ਇਸ ਤੋਂ ਬਾਅਦ ਉਹ ਐਨਡੀਟੀਵੀ ਨਿਊਜ਼ ਚੈਨਲ ਨਾਲ ਜੁੜ ਗਏ। ਉਨ੍ਹਾਂ ਦੇ ਪੁਰਾਣੇ ਸਹਿਯੋਗੀ ਉਨ੍ਹਾਂ ਨੂੰ ਸੰਤੁਲਿਤ ਪੇਸ਼ਕਾਰ ਵਜੋਂ ਯਾਦ ਕਰਦੇ ਹਨ ਜਿਨ੍ਹਾਂ ਨੇ ਟੀਵੀ ’ਤੇ ​​ਸਾਰਥਕ ਬਹਿਸ ਕੀਤੀ।

ਪਰ ਜਦੋਂ ਟਾਈਮਜ਼ ਨਾਓ ਚੈਨਲ 2006 ਵਿੱਚ ਸ਼ੁਰੂ ਹੋਇਆ ਸੀ ਅਤੇ ਅਰਨਬ ਇਸਦਾ ਮੁੱਖ ਚਿਹਰਾ ਬਣ ਗਏ ਸੀ, ਉਨ੍ਹਾਂ ਦੀ ਆਨ-ਸਕਰੀਨ ਦਿੱਖ ਹੌਲੀ ਹੌਲੀ ਬਦਲਦੀ ਗਈ ਅਤੇ ਅੱਜ ਉਹ ਸਭ ਦੇ ਸਾਹਮਣੇ ਹਨ।

ਉਨ੍ਹਾਂ ਨੇ ਭਾਰਤ ਦੇ ਮੱਧ ਵਰਗ ਦੀ ਨਬਜ਼ ਫੜ ਲਈ, ਜਿਹੜਾ 2008 ਵਿਚ ਮੁੰਬਈ ਹਮਲੇ ਕਾਰਨ ਕਾਂਗਰਸ ਤੋਂ ਨਾਰਾਜ਼ ਸੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਕਾਰਨ ਗੁੱਸਾ ਸੀ।

ਸਾਲ 2017 ਵਿਚ ਉਨ੍ਹਾਂ ਨੇ ਰਿਪਬਲਿਕ ਚੈਨਲ ਦੀ ਸਥਾਪਨਾ ਕੀਤੀ ਅਤੇ ਇਸ ਤੋਂ ਬਾਅਦ ਉਹ ਵਧੇਰੇ ਪੱਖਪਾਤੀ ਅਤੇ ਸਖ਼ਤ ਦਿਖਾਈ ਦੇਣ ਲੱਗੇ।

2019 ਵਿੱਚ, ਉਨ੍ਹਾਂ ਨੇ ਇੱਕ ਹਿੰਦੀ ਚੈਨਲ ਵੀ ਸ਼ੁਰੂ ਕੀਤਾ। ਸ਼ੋਭਾ ਡੇ ਅਰਨਬ ਦੇ ਪ੍ਰੋਗਰਾਮ ਵਿਚ ਹਿੱਸਾ ਲੈਂਦੇ ਸੀ।

ਉਨ੍ਹਾਂ ਨੇ ਦੱਸਿਆ, "ਜਦੋਂ ਉਹ ਇੱਕ ਪੱਤਰਕਾਰ ਹੋਣ ਦੇ ਤੌਰ ’ਤੇ ਭਰੋਸੇਯੋਗ ਸੀ, ਮੈਂ ਉਨ੍ਹਾਂ ਦੇ ਪੈਨਲਿਸਟ ਵਜੋਂ ਉਨ੍ਹਾਂ ਦੇ ਸ਼ੋਅ ਲਈ ਜਾਂਦੀ ਸੀ। ਪਰ ਜਦੋਂ ਉਨ੍ਹਾਂ ਨੇ ਨਿਰਪੱਖ ਪੱਤਰਕਾਰ ਵਜੋਂ ਆਪਣਾ ਕੰਮ ਛੱਡ ਦਿੱਤਾ ਤਾਂ ਮੇਰੀ ਨਜ਼ਰਾਂ ’ਚ ਉਨ੍ਹਾਂ ਲਈ ਇੱਜ਼ਤ ਚਲੀ ਗਈ। ਉਨ੍ਹਾਂ ਨੇ ਕਈ ਥਾਵਾਂ ''ਤੇ ਹੱਦ ਪਾਰ ਕਰ ਲਈ ਅਤੇ ਅੱਜ ਉਨ੍ਹਾਂ ਦੀ ਇਮਾਨਦਾਰੀ ''ਤੇ ਕਈ ਗੰਭੀਰ ਪ੍ਰਸ਼ਨ ਹਨ।"

ਅਰਨਬ ਨੂੰ ਕੁਝ ਦਿਨ ਪਹਿਲਾਂ ਉਸ ਆਰਕੀਟੈਕਟ ਦੀ ਮੌਤ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸਨੇ ਉਨ੍ਹਾਂ ਦਾ ਸਟੂਡੀਓ ਡਿਜ਼ਾਇਨ ਕੀਤਾ ਸੀ। ਅਰਨਬ ਅਤੇ ਉਨ੍ਹਾਂ ਦਾ ਚੈਨਲ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਕੋਲ ਆਰਕੀਟੈਕਟ ਦਾ ਕੋਈ ਪੈਸਾ ਹੈ।

ਬਹੁਤ ਸਾਰੇ ਮੰਨਦੇ ਹਨ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ।

ਗੋਸਵਾਮੀ ਦੀ ਰਾਜਨੀਤਿਕ ਤਾਕਤ ਦਾ ਅੰਦਾਜਾ ਵੀ ਇਸ ਤੋਂ ਲਗਾਇਆ ਗਿਆ ਜਦੋਂ ਬਹੁਤ ਸਾਰੇ ਭਾਜਪਾ ਦੇ ਆਗੂ ਅਤੇ ਕੇਂਦਰੀ ਮੰਤਰੀ ਉਨ੍ਹਾਂ ਦੇ ਸਮਰਥਨ ਵਿਚ ਆਏ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਪ੍ਰੈਸ ਦੀ ਆਜ਼ਾਦੀ ''ਤੇ ਹਮਲਾ ਕਿਹਾ।

ਇਹ ਹੈਰਾਨ ਕਰਨ ਵਾਲਾ ਦਾਅਵਾ ਸੀ ਕਿਉਂਕਿ ਪਿਛਲੇ ਕੁਝ ਸਾਲਾਂ ਦੌਰਾਨ ਭਾਜਪਾ ਸ਼ਾਸਤ ਸੂਬਿਆਂ ਵਿੱਚ ਬਹੁਤ ਸਾਰੇ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਈਆਂ ਉੱਤੇ ਦੇਸ਼ਧ੍ਰੋਹ ਅਤੇ ਅੱਤਵਾਦ ਦਾ ਇਲਜ਼ਾਮ ਵੀ ਲਗਾਇਆ ਗਿਆ। ਪਰ ਕਿਸੇ ਵੀ ਪਾਰਟੀ ਨੇਤਾ ਜਾਂ ਮੰਤਰੀ ਨੇ ਉਨ੍ਹਾਂ ਲਈ ਆਵਾਜ਼ ਨਹੀਂ ਉਠਾਈ।

ਰਿਪੋਰਟਰਜ਼ ਬੌਰਡ ਬਾਰਡਰਜ਼ ਦੇ ਪ੍ਰੈਸ ਫ੍ਰੀਡਮ ਇੰਡੈਕਸ ਵਿਚ ਭਾਰਤ 180 ਦੇਸ਼ਾਂ ਵਿਚੋਂ 142ਵੇਂ ਨੰਬਰ ''ਤੇ ਹੈ। ਪਿਛਲੇ ਪੰਜ ਸਾਲਾਂ ਵਿੱਚ ਇਹ ਛੇ ਸਥਾਨਾਂ ’ਤੇ ਖਿਸਕ ਗਿਆ ਹੈ।

ਸਾਲ 2018 ਵਿਚ ਗਲਫ ਨਿਊਜ਼ ਨਾਲ ਇਕ ਇੰਟਰਵਿਊ ਵਿਚ ਅਰਨਬ ਤੋਂ ਉਨ੍ਹਾਂ ਨੂੰ ਭਾਜਪਾ ਲਈ ਪੱਖਪਾਤੀ ਹੋਣ ਬਾਰੇ ਸਵਾਲ ਕੀਤਾ ਗਿਆ ਸੀ।

ਉਨ੍ਹਾਂ ਨੇ ਜਵਾਬ ਦਿੱਤਾ, "ਇਹ ਅਪ੍ਰਮਾਨਿਤ ਦਾਅਵਾ ਹੈ। ਇਸ ਦੀ ਬਜਾਏ ਅਸੀਂ ਭਾਜਪਾ ਦੀ ਸਖ਼ਤ ਆਲੋਚਨਾ ਕਰਦੇ ਹਾਂ ਜਿੱਥੇ ਆਲੋਚਨਾ ਦੀ ਲੋੜ ਹੈ।"

ਪਿਛਲੇ ਹਫ਼ਤੇ ਅਰਨਬ ਗੋਸਵਾਮੀ ਨੂੰ ਸੱਤ ਦਿਨਾਂ ਦੀ ਹਿਰਾਸਤ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ। ਉਨ੍ਹਾਂ ਦੇ ਆਪਣੇ ਨਿਊਜ਼ ਰੂਮ ਵਿਚ ਵਾਪਸੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।

ਉਨ੍ਹਾਂ ਦੀ ਟੀਮ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਅਰਨਬ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਉਹ ਸਾਡੀ ਪੱਤਰਕਾਰੀ ਕਾਰਨ ਸਾਡੇ ਪਿੱਛੇ ਹਨ। ਮੈਂ ਆਪਣੀ ਪੱਤਰਕਾਰੀ ਦੀ ਹੱਦ ਤੈਅ ਕਰਾਂਗਾ।"

ਮਨੀਸ਼ਾ ਪਾਂਡੇ ਦਾ ਕਹਿਣਾ ਹੈ, "ਰਿਪਬਲਿਕ ਜੋ ਕਰਦਾ ਹੈ, ਉਸ ਨੂੰ ਪੱਤਰਕਾਰਤਾ ਨਹੀਂ ਕਿਹਾ ਜਾ ਸਕਦਾ। ਇਸਨੂੰ ਇਕ ਰਿਐਲਿਟੀ ਸ਼ੋਅ ਕਿਹਾ ਜਾ ਸਕਦਾ ਹੈ। ਪਰ ਉਹ ਲੋਕਾਂ ਦੀ ਰਾਏ ਨੂੰ ਪ੍ਰਭਾਵਤ ਕਰਨ ਦੇ ਯੋਗ ਹਨ ਅਤੇ ਲੋਕਤੰਤਰ ਵਿੱਚ ਇਹ ਚਿੰਤਾ ਵਾਲੀ ਗੱਲ ਹੈ।"

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=MfkOm-qfm5U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9db86e8d-411d-41f9-ac98-e37b3eee02d6'',''assetType'': ''STY'',''pageCounter'': ''punjabi.india.story.55036187.page'',''title'': ''ਅਰਨਬ ਗੋਸਵਾਮੀ: ਸਭ ਨੂੰ ਸਵਾਲ ਪੁੱਛਣ ਵਾਲੇ ਨੇ ਆਪਣੇ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ'',''author'': ''ਯੋਗਿਤਾ ਲਿਮਾਏ'',''published'': ''2020-11-23T04:48:28Z'',''updated'': ''2020-11-23T04:48:28Z''});s_bbcws(''track'',''pageView'');