ਅਰਮੇਨੀਆਂ ਦੀ ਸ਼ਹਿਜ਼ਾਦੀ: ਪਿਓ ਦੀ ਰਿਹਾਈ ਲਈ ਫਿਰੌਤੀ ਵਜੋਂ ਦਿੱਤੀ ਧੀ ਨੇ ਕਿਵੇਂ ਮੰਗੋਲੀਆ ਤੱਕ ਧਾਂਕ ਜਮਾਈ

11/23/2020 7:11:36 AM

"ਔਰਤ ਕੀ ਹੈ? ਸ਼ੈਤਾਨ ਦਾ ਇੱਕ ਹਥਿਆਰ, ਇੱਕ ਅਜਿਹਾ ਜਾਲ, ਜਿਸ ''ਚ ਅਸੀਂ ਫ਼ਸ ਕੇ ਮੌਤ ਦੇ ਮੂੰਹ ''ਚ ਚਲੇ ਜਾਂਦੇ ਹਾਂ।

ਔਰਤ ਕੀ ਹੈ? ਬੁਰਾਈ ਦੀ ਜੜ੍ਹ , ਕੰਢੇ ''ਤੇ ਫਸਿਆ ਹਾਦਸਾਗ੍ਰਸਤ ਜਹਾਜ਼, ਗੰਦਗੀ ਦਾ ਢੇਰ, ਇੱਕ ਘਿਣਾਉਣੀ ਗਲਤੀ, ਅੱਖਾਂ ਦਾ ਧੋਖਾ।"

ਔਰਤਾਂ ਪ੍ਰਤੀ ਇਹ ਸ਼ਬਦ 13ਵੀਂ ਸਦੀ ਦੇ ਬਾਈਜ਼ੇਂਟਾਈਨ ਸਾਮਰਾਜ ਦੇ ਇੱਕ ਇਸਾਈ ਬੁੱਧੀਜੀਵੀ ਤਿਯੋਨਾਸਟਸ ਨੇ ਸਨ।

ਇਹ ਵੀ ਪੜ੍ਹੋ

  • ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਕੀ ਟਰੰਪ ਉਲਟਾ ਵੀ ਸਕਦੇ ਹਨ
  • ਭਾਰਤੀ ਸਿੰਘ: ''ਮਾਂ 22 ਸਾਲ ਦੀ ਉਮਰ ’ਚ ਵਿਧਵਾ ਹੋ ਗਈ ਸੀ ਤੇ ਅਸੀਂ ਹਰ ਤਿਓਹਾਰ ਵਾਲੇ ਦਿਨ ਰੋਂਦੇ ਸੀ''
  • ਕੋਰੋਨਾਵਾਇਰਸ ਦੀ ਵੈਕਸੀਨ ਕਦੋਂ, ਕਿੰਨੇ ਰੇਟ ਉੱਤੇ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲਣੀ

ਉਸੇ ਸਦੀ ''ਚ ਔਰਤਾਂ ਬਾਰੇ ਪ੍ਰਚਲਿਤ ਇੱਕ ਹੋਰ ਦ੍ਰਿਸ਼ਟੀਕੋਣ ਮੁਤਾਬਕ, "ਰਾਜੇ ਦੇ ਸੇਵਕਾਂ ਨੂੰ ਕਦੇ ਵੀ ਸੱਤਾ ਹਾਸਲ ਨਹੀਂ ਹੋਣੀ ਚਾਹੀਦੀ ਹੈ।ਅਜਿਹਾ ਹੋਣ ਨਾਲ ਬਾਦਸ਼ਾਹ ਦੀ ਸ਼ਾਨ ਨੂੰ ਧੱਕਾ ਲੱਗਦਾ ਹੈ। ਇਹ ਗੱਲ ਖਾਸ ਤੌਰ ''ਤੇ ਉਨ੍ਹਾਂ ਮਹਿਲਾਵਾਂ ਲਈ ਸਹੀ ਹੈ, ਜੋ ਕਿ ਨਕਾਬ ਪਹਿਣਦੀਆਂ ਹਨ ਜਾਂ ਫਿਰ ਘੱਟ ਬੁੱਧੀਮਾਨ ਹਨ…..”

“ਜੇਕਰ ਰਾਜਿਆਂ ਦੀਆਂ ਪਤਨੀਆਂ ਸ਼ਾਸਕਾਂ ਦੀ ਭੂਮਿਕਾ ਨਿਭਾਉਣ ਲੱਗ ਜਾਂਦੀਆਂ ਹਨ ਤਾਂ ਉਹ ਸਿਰਫ ਦੂਜਿਆਂ ਦੇ ਹੁਕਮਾਂ ਦੀ ਹੀ ਪਾਲਣਾ ਕਰਦੀਆਂ ਹਨ, ਕਿਉਂਕਿ ਉਹ ਦੁਨੀਆ ਨੂੰ ਉਸ ਨਜ਼ਰ ਨਾਲ ਵੇਖਣ ਦੇ ਸਮਰੱਥ ਨਹੀਂ ਹੁੰਦੀਆਂ ਹਨ, ਜਿਸ ਨਜ਼ਰੀਏ ਤੋਂ ਪੁਰਸ਼ ਵੇਖਦੇ ਹਨ।”

“ਮਰਦਾਂ ਦੀ ਨਜ਼ਰ ਹਰ ਸਮੇਂ ਆਲਮੀ ਮੁੱਦਿਆਂ ''ਤੇ ਟਿਕੀ ਰਹਿੰਦੀ ਹੈ….ਹਰ ਦੌਰ ''ਚ ਜਦੋਂ ਵੀ ਬਾਦਸ਼ਾਹ ਆਪਣੀਆਂ ਰਾਣੀਆਂ ਦੇ ਪ੍ਰਭਾਵ ਹੇਠ ਆਏ ਹਨ, ਤਾਂ ਨਤੀਜਾ ਸ਼ਰਮਿੰਦਗੀ, ਬਦਨਾਮੀ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁੱਝ ਹੋਰ ਨਹੀਂ ਹੋਇਆ ਹੈ।"

ਇਹ ਸ਼ਬਦ 11ਵੀਂ ਸਦੀ ਦੀ ਮਸ਼ਹੂਰ ਹਸਤੀ ''ਨਿਜ਼ਾਮ-ਉਲ-ਮੁਲਕ'' ਦੇ ਹਨ। ਉਨ੍ਹਾਂ ਨੇ ''ਸਿਆਸਤਨਾਮਾ ਜਾਂ ਸਿਆਰ ਅਲ ਮੁਲਕ'' ਨਾਂਅ ਦੀਆਂ ਕਿਤਾਬਾਂ ''ਚ ਰਾਜਿਆਂ ਲਈ ਦਿਸ਼ਾ-ਨਿਦੇਸ਼ ਲਿਖੇ ਸਨ ਅਤੇ ਇਹ ਸ਼ਬਦ ਉਨ੍ਹਾਂ ''ਚੋਂ ਹੀ ਲਏ ਗਏ ਹਨ।

ਧਾਰਨਾਵਾਂ ਨੂੰ ਝੂਠਾ ਸਾਬਤ ਕਰਨ ਵਾਲੀਆਂ

ਇੰਨ੍ਹਾਂ ਤੋਂ ਹੀ 13ਵੀਂ ਸਦੀ ''ਚ ਵੀ ਮਾਰਗਦਰਸ਼ਨ ਜਾਂ ਸੇਧ ਲਈ ਜਾ ਰਹੀ ਸੀ। ਇੱਕ ਇਤਿਹਾਸਕਾਰ ਦੇ ਅਨੁਸਾਰ ਇਹ ਇੱਕ ਅਜਿਹਾ ਦੌਰ ਸੀ ਜਦੋਂ ਸਾਸ਼ਨ ਦੇ ਦਿਸ਼ਾ ਨਿਰਦੇਸ਼ਾਂ ''ਚ, ਭਾਵੇਂ ਉਹ ਮੁਸਲਿਮ ਹੋਵੇ ਜਾਂ ਫਿਰ ਇਸਾਈ, ਔਰਤਾਂ ਦੇ ਸਬੰਧ ''ਚ ਇਕੋ ਜਿਹੇ ਵਿਚਾਰ, ਗੁੱਸਾ ਆਦਿ ਆਮ ਹੀ ਝਲਕਦਾ ਸੀ।

ਇੱਕ ਪਾਸੇ ਵਿਚਾਰਧਾਰਕ ਮਾਹੌਲ ਅਤੇ ਦੂਜੇ ਪਾਸੇ ਜ਼ਮੀਨੀ ਹਕੀਕਤ। ਇੰਨ੍ਹਾਂ ਦੋਵਾਂ ਸਥਿਤੀਆਂ ''ਚ ਮੌਜੂਦ ਵਿਰੋਧ ਦਾ ਲਾਭ ਚੁੱਕਦਿਆਂ, ਮੱਧ ਪੂਰਬ ''ਚ ਵੀ ਔਰਤਾਂ ਪਰਦੇ ਦੇ ਪਿੱਛੇ ਅਤੇ ਸਾਹਮਣੇ ਤੋਂ ਸੱਤਾ ਲਈ ਸੰਘਰਸ਼ ਕਰਦੀਆਂ ਵਿਖਾਈ ਪੈਂਦੀਆਂ ਹਨ। ਕਈ ਵਾਰ ਉਨ੍ਹਾਂ ਨੂੰ ਸਫ਼ਲਤਾ ਅਤੇ ਕਈ ਮੌਕਿਆਂ ''ਤੇ ਅਸਫ਼ਲਤਾ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ''ਚੋਂ ਇੱਕ ਸਾਬਕਾ ਦਾਸੀ ਸ਼ਜਰ-ਅਲ-ਸਾਰ ਹੈ, ਜੋ ਕਿ ਬਾਅਦ ''ਚ ਅਯੂਬੀ ਸਾਮਰਾਜ ਦੀ ਰਾਣੀ ਬਣੀ ਸੀ।

ਇਸ ਤੋਂ ਇਲਾਵਾ ਮੰਗੋਲੀਆ ਦੀ ਸ਼ਾਸਕ ਤੋਰਗਿਨ ਖ਼ਾਨ, ਜਾਰਜਿਆ ਦੀ ਰਾਣੀ ਟੇਮਰ, ਰਾਣੀ ਟੇਮਰ ਦੀ ਵਾਰਿਸ, ਉਨ੍ਹਾਂ ਦੀ ਧੀ ਰਾਣੀ ਰੁਸੋਦਾਨ, ਅਲੇਪੋ ਦੀ ਸ਼ਾਸਕ ਜ਼ੈਫਾ ਖ਼ਾਤੂਨ ਅਤੇ ਸਾਡੀ ਅੱਜ ਦੀ ਕਹਾਣੀ ਦੀ ਮੁੱਖ ਕਿਰਦਾਰ ਜਾਰਜੀਆ ਅਤੇ ਅਰਮੇਨੀਆ ਦੀ ਸਾਂਝੀ ਫੌਜ ਦੀ ਕਮਾਂਡਰ ਇਵਾਨ ਦੀ ਧੀ ਟੇਮਟਾ ਸ਼ਾਮਲ ਹੈ।

ਟੇਮਟਾ ਦੀ ਕਹਾਣੀ

ਟੇਮਟਾ ਨੂੰ ਆਪਣੇ ਜਨਮ ਸਮੇਂ ਹੀ ਉਹ ਸਾਰੀਆਂ ਕਮਜ਼ੋਰੀਆਂ ਵਿਰਾਸਤ ''ਚ ਮਿਲੀਆਂ ਸਨ, ਜੋ ਕਿ ਹਰ ਧੀ ਨੂੰ ਹਰ ਦੌਰ ''ਚ ਅਤੇ ਹਰ ਸਮਾਜ ਵੱਲੋਂ ਤੋਹਫ਼ੇ ''ਚ ਮਿਲਦੀਆਂ ਹਨ।

ਟੇਮਟਾ ਦਾ ਜਨਮ ਕਦੋਂ ਹੋਇਆ, ਇਸ ਬਾਰੇ ਕੁੱਝ ਨਹੀਂ ਪਤਾ ਹੈ ਅਤੇ ਇਹ ਵੀ ਸੰਭਵ ਸੀ ਕਿ ਜਾਰਜੀਆ ਵਰਗੇ ਸ਼ਕਤੀਸ਼ਾਲੀ ਸਾਮਰਾਜ ਦੇ ਦਰਬਾਰ ''ਚ ਮਹੱਤਵਪੂਰਨ ਪਰਿਵਾਰਕ ਰੁਤਬੇ ਦੇ ਬਾਵਜੂਦ, ਉਸ ਦਾ ਨਾਂਅ ਸ਼ਾਇਦ ਹੀ ਕਿਸੇ ਨੂੰ ਪਤਾ ਨਾ ਹੁੰਦਾ।

ਇਤਿਹਾਸ ਦੱਸਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਕਿਸੇ ਗਿਰਜਾਘਰ ਜਾਂ ਧਾਰਮਿਕ ਇਮਾਰਤ ਦਾ ਨਿਰਮਾਣ ਕਰਨ ਤੋਂ ਬਾਅਦ ਪੁਰਸ਼ਾਂ ਦੇ ਨਾਂ ਲਿਖੇ ਗਏ ਸਨ ਅਤੇ ਇਹ ਪੁਰਸ਼ ਉਹ ਸਨ, ਜਿੰਨ੍ਹਾਂ ਨੂੰ ਕੋਈ ਰਾਜਨੀਤਿਕ ਅਹੁਦਾ ਮਿਲ ਸਕਦਾ ਸੀ। ਮਹਿਲਾਵਾਂ ਦਾ ਬਹੁਤ ਘੱਟ ਜ਼ਿਕਰ ਹੋਇਆ ਹੈ।

ਟੇਮਟਾ ਦਾ ਨਾਂ ਕਿਸੇ ਵੀ ਪਰਿਵਾਰਕ ਇਮਾਰਤ ''ਤੇ ਨਹੀਂ ਉਲੀਕਿਆ ਗਿਆ ਹੈ। ਉਸ ਦੀ ਪਛਾਣ ਆਪਣੇ ਪਿਤਾ ਤੋਂ ਸੀ ਅਤੇ ਉਸ ਦੀ ਜ਼ਿੰਦਗੀ ਕਿਸ ਲੀਹ ''ਤੇ ਚੱਲੇਗੀ, ਇਹ ਵੀ ਉਸ ਦੇ ਪਿਤਾ ਦੇ ਹਿੱਤਾਂ ''ਤੇ ਹੀ ਨਿਰਭਰ ਸੀ।

ਤਾਂ ਫਿਰ ਉਸ ਜੀਵਨ ਦੀ ਸ਼ੁਰੂਆਤ ਕਿਸ ਤਰ੍ਹਾਂ ਨਾਲ ਹੋਈ ਕਿ ਇਤਿਹਾਸਕਾਰ ਇਹ ਲਿਖਣ ਨੂੰ ਮਜ਼ਬੂਰ ਹੋ ਗਏ ਕਿ "ਟੇਮਟਾ ਦੀ ਕਹਾਣੀ ''ਚ, ਮਾਊਂਟ ਕਾਫ਼ (ਜਾਰਜੀਆ ਅਤੇ ਅਰਮੇਨੀਆ) ਦੇ ਈਸਾਈ, ਅਯੂਬੀ, ਸੇਲਜੁਕ ਤਰਕ ਅਤੇ ਐਨਾਤੋਲੀਆ ਅਤੇ ਸੀਰੀਆ ਦੇ ਹੋਰ ਤੁਰਕੀ ਇੱਕਜੁੱਟ ਹੋ ਜਾਂਦੇ ਹਨ।"

ਇਹ 13ਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਹੈ, ਜਦੋਂ ਪੂਰਬੀ ਐਨਾਤੋਲੀਆ ਦੇ ਰਾਜਾਂ ਲਈ ਗਰਮੀਆਂ ਦੇ ਮਾਸੌਮ ''ਚ ਇਕ ਦੂਜੇ ਨਾਲ ਜੰਗ ਆਮ ਗੱਲ ਸੀ।

ਟੇਮਟਾ ਦੇ ਪਿਤਾ ਇਵਾਨ ਵੀ ਜਾਰਜੀਆ ਦੀ ਫੌਜ ਨੂੰ ਲੈ ਕੇ ਇਸ ਤਰ੍ਹਾਂ ਦੀ ਹੀ ਮੁਹਿੰਮ ਤਹਿਤ ਇਖਲਾਤ ਗਏ ਸਨ। ਪਰ ਉੱਥੇ ਕੁੱਝ ਅਜਿਹੀ ਸਥਿਤੀ ਬਣੀ ਕਿ ਘੇਰਾਬੰਦੀ ਦੌਰਾਨ ਉਨ੍ਹਾਂ ਨੂੰ ਕੈਦੀ ਬਣਾ ਲਿਆ ਗਿਆ।

ਬੰਦੀ ਪਿਤਾ ਨੂੰ ਛੁਡਾਉਣ ਲ਼ਈ ਰਾਜੇ ਨਾਲ ਵਿਆਹ

ਉਨ੍ਹਾਂ ਦੀ ਰਿਹਾਈ ਲਈ ਦੋਵਾਂ ਧਿਰਾਂ ਦੇ ਕੂਟਨੀਤਕ ਸਮੂਹ ਹਰਕਤ ''ਚ ਆ ਗਏ ਅਤੇ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਇਕਰਾਰਨਾਮੇ ਤਹਿਤ ਇਵਾਨ ਦੀ ਧੀ ਟੇਮਟਾ ਅਤੇ ਇਖਲਾਤ ਦੇ ਸ਼ਾਸਕ ਅਲ-ਉਹਦ ਦੇ ਵਿਆਹ ਦੀ ਸ਼ਰਤ ਵੀ ਸ਼ਾਮਲ ਸੀ।

ਇਸ ਤਰ੍ਹਾਂ ਨਾਲ ਪਹਿਲੀ ਵਾਰ 1210 ''ਚ ਇਤਿਹਾਸਕ ਦਸਤਾਵੇਜ਼ਾਂ ''ਚ ਟੇਮਟਾ ਦਾ ਜ਼ਿਕਰ ਹੋਇਆ। ਇਸ ਸਮਝੌਤੇ ''ਚ ਟੇਮਟਾ ਦਾ ਜ਼ਿਕਰ ਆਪਣੇ ਪਿਤਾ ਦੀ ਰਿਹਾਈ ਲਈ ਦਿੱਤੀ ਜਾਣ ਵਾਲੀ ਫਿਰੌਤੀ ਵੱਜੋਂ ਕੀਤਾ ਗਿਆ ਸੀ। ਇਸ ਤੋਂ ਬਾਅਦ ਸਥਿਤੀ ਇਹ ਬਣੀ ਕਿ ਟੇਮਟਾ ਨੇ ਮਾਊਂਟ ਕਾਫ਼ ਤੋਂ ਮੰਗੋਲੀਆ ਤੱਕ ਇੱਕ ਮੰਗੋਲ ਕੈਦੀ ਵੱਜੋਂ ਹਜ਼ਾਰਾਂ ਮੀਲ ਦੀ ਯਾਤਰਾ ਤੈਅ ਕੀਤੀ।

"ਉਨ੍ਹਾਂ ਦਿਨਾਂ ''ਚ ਇੱਕ ਮਰਦ ਲਈ ਵੀ ਇਹ ਇੱਕ ਵੱਡੀ ਗੱਲ ਸੀ।"

ਇਤਿਹਾਸਕਾਰ ਐਂਥਨੀ ਇਸਟਮੰਡ ਨੇ ਆਪਣੀ ਕਿਤਾਬ ''ਟੇਮਟਾਜ ਵਰਲਡ'' ''ਚ ਰਾਜਕੁਮਾਰੀ ਟੇਮਟਾ ਦੀ ਕਹਾਣੀ ਸ਼ੁਰੂ ਕਰਦਿਆਂ ਲਿਖਿਆ ਹੈ ਕਿ, ਜਾਰਜੀਆ ਦੇ ਸੇਨਾਪਤੀ ਇਵਾਨ ਦੇ ਕੈਦੀ ਬਣਨ ਦੀ ਗੂੰਜ ਲਗਾਤਾਰ ਟੇਮਟਾ ਦੀ ਰਹਿੰਦੀ ਜ਼ਿੰਦਗੀ ''ਚ ਜੀਵਨ ਭਰ ਸੁਣਾਈ ਦਿੰਦੀ ਰਹੀ।

ਇਤਿਹਾਸ ਦੱਸਦਾ ਹੈ ਕਿ ਆਪਣੇ ਵਿਆਹ ਅਤੇ ਮੌਤ ਦਰਮਿਆਨ ਲਗਭਗ 45 ਸਾਲਾਂ ''ਚ ਟੇਮਟਾ ਦੋ ਅਯੂਬੀ ਰਾਜਕੁਮਾਰਾਂ ਅਤੇ ਚੰਗੇਜ਼ ਖ਼ਾਨ ਦਾ ਟਾਕਰਾ ਕਰਨ ਵਾਲੇ ਪ੍ਰਸਿੱਧ ਯੋਧੇ ਜਲਾਲੂਦੀਨ ਖਵਾਰਿਜ਼ਮੀ ਦੀ ਪਤਨੀ ਬਣੀ ਸੀ। ਇਸ ਦੌਰਾਨ ਉਸ ਨਾਲ ''ਬਲਾਤਕਾਰ'' ਵੀ ਹੋਇਆ ਸੀ।

https://www.youtube.com/watch?v=xWw19z7Edrs&t=1s

ਉਸ ਦੇ ਸ਼ਹਿਰ ''ਤੇ ਸੇਲਜੁਕ ਨੇ ਕਬਜ਼ਾ ਕਰ ਲਿਆ ਸੀ। ਜਦੋਂ ਮੰਗੋਲ ਪੂਰਬ ''ਤੇ ਜਿੱਤ ਦਰਜ ਕਰਕੇ ਆਏ ਤਾਂ ਉਨ੍ਹਾਂ ਨੂੰ ਇਖਲਾਤ ''ਚ ਕੈਦੀ ਬਣਾ ਲਿਆ ਅਤੇ ਤਕਰੀਬਨ 5 ਹਜ਼ਾਰ ਕਿਮੀ. ਦੂਰ ਮੰਗੋਲੀਆ ਭੇਜ ਦਿੱਤਾ ਗਿਆ, ਜੋ ਕਿ ਕਈ ਹਫ਼ਤਿਆਂ ਦਾ ਇੱਕ ਮੁਸ਼ਕਲ ਸਫ਼ਰ ਸੀ।

ਉਸ ਦੀ ਕਹਾਣੀ ਸ਼ਾਇਦ 1254 ''ਚ ਇਖਲਾਤ ''ਚ ਹੀ ਉਸ ਦੀ ਮੌਤ ਦੇ ਨਾਲ ਹੀ ਖ਼ਤਮ ਹੁੰਦੀ ਹੈ। ਉਸ ਸਮੇਂ ਉਹ ਮੰਗੋਲੀਆ ਦੀ ਪ੍ਰਤੀਨਿਧੀ ਦੇ ਰੂਪ ''ਚ ਸ਼ਹਿਰ ਦੀ ਸ਼ਾਸਕ ਸੀ। ਸਮੇਂ ਦੇ ਨਾਲ ਹੀ ਉਸ ਦੇ ਅੰਤਿਮ ਆਰਾਮ ਸਥਾਨ ਦੀ ਜਾਣਕਾਰੀ ਵੀ ਸਮੇਂ ਦੀ ਧੂੜ ''ਚ ਗੁੰਮ ਹੋ ਗਈ।

ਮੱਧ ਪੂਰਬ ਦੇ ਇਤਿਹਾਸਕਾਰਾਂ ਦੇ ਲਈ ਇੱਕ ਔਰਤ ਦਾ ਜੀਵਨ ਇੰਨਾ ਦਿਲਚਸਪ ਨਹੀਂ ਸੀ ਕਿ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇ।

ਪਰ ਜਿਵੇਂ ਕਿ ਇਤਿਹਾਸਕਾਰ ਐਂਥਨੀ ਨੇ ਲਿਖਿਆ ਹੈ ਕਿ ਉਸ ਸਮੇਂ ਦੀਆਂ ਵੱਖ-ਵੱਖ ਭਾਸ਼ਾਵਾਂ ''ਚ ਸੁਰੱਖਿਅਤ ਸਰੋਤਾਂ ''ਚ ਕਿਤੇ ਨਾ ਕਿਤੇ ਇੰਨ੍ਹੀ ਜਾਣਕਾਰੀ ਜ਼ਰੂਰ ਮਿਲਦੀ ਹੈ ਕਿ ਜਿਸ ਦੀ ਮਦਦ ਨਾਲ ਇੱਕ ਕਹਾਣੀ ਜ਼ਰੂਰ ਬਣਾਈ ਜਾ ਸਕਦੀ ਹੈ।

ਟੇਮਟਾ ਦਾ ਆਯੂਬੀ ਦੁਨੀਆਂ ''ਚ ਪ੍ਰਵੇਸ਼ ਅਤੇ ਦੋ ਵਿਆਹ

ਅਲ-ਉਹੁਦ ਸੁਲਤਾਨ ਸਲਾਹੁਦੀਨ ਆਯੂਬੀ ਦੇ ਕਈ ਭਤੀਜਿਆਂ ''ਚੋਂ ਇੱਕ ਸਨ। 1210 ''ਚ ਅਲ-ਉਹੁਦ ਨੂੰ ਇਖਲਾਤ ਦਾ ਹਾਕਮ ਬਣਿਆ ਅਜੇ ਵਧੇਰੇ ਸਮਾਂ ਨਹੀਂ ਹੋਇਆ ਸੀ ਅਤੇ ਉਸ ਦਾ ਸ਼ਾਸਨ ਵੀ ਜ਼ਿਆਦਾ ਸਮੇਂ ਤੱਕ ਨਾ ਚੱਲਿਆ।

ਟੇਮਟਾ ਨਾਲ ਵਿਆਹ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਉਸ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਉਸ ਦਾ ਭਰਾ ਅਲ-ਅਸ਼ਰਫ਼ ਮੂਸਾ ਇਖਲਾਤ ਦਾ ਹੁਕਮਰਾਨ ਬਣਿਆ।

ਨਤੀਜੇ ਵੱਜੋਂ ਜਾਰਜੀਆ ਨਾਲ ਟੇਮਟਾ ਦੇ ਪਿਤਾ ਦੀ ਰਿਹਾਈ ਲਈ ਹੋਏ ਸਮਝੌਤੇ ਦੀ ਜ਼ਿੰਮੇਵਾਰੀ ਉਸ ਦੇ ਸਿਰ ਆ ਗਈ ਅਤੇ ਟੇਮਟਾ ਦਾ ਵਿਆਹ ਉਸ ਨਾਲ ਹੋ ਗਿਆ। ਐਂਥਨੀ ਲਿਖਦੇ ਹਨ ਕਿ ਇਸ ਵਿਆਹ ਤੋਂ ਬਾਅਦ ਟੇਮਟਾ ਇੱਕ ਵਾਰ ਇਤਿਹਾਸ ਦੇ ਪੰਨਿਆਂ ''ਚ ਅਲੋਪ ਹੋ ਜਾਂਦੀ ਹੈ।

ਉਨ੍ਹਾਂ ਦੇ ਜੀਵਨ ਦਾ ਅਗਲਾ ਦੌਰ ਜਲਾਜੁਦੀਨ ਵੱਲੋਂ ਇਖਲਾਤ ''ਤੇ ਜਿੱਤ ਦਰਜ ਕਰਨ ਦੇ ਨਾਲ ਹੀ ਸ਼ੂਰੂ ਹੁੰਦਾ ਹੈ। ਜਿਸ ਨੇ 1230 ''ਚ ਚੰਗੇਜ਼ ਖ਼ਾਨ ਦਾ ਸਾਹਮਣਾ ਕੀਤਾ ਸੀ।

ਹੁਣ ਟੇਮਟਾ ਅਯੂਬੀਆਂ ਦੀ ਅਰਬੀ ਦੁਨੀਆਂ ''ਚੋਂ ਨਿਕਲ ਕੇ ਤੁਰਟ ਫ਼ਾਰਸੀ ਦੁਨੀਆ ਦਾ ਅੰਗ ਬਣ ਗਈ ਸੀ। ਪਰ ਇਸ ਸਮੇਂ ਦੌਰਾਨ ਇੱਕ ਇਸਾਈ ਰਾਜਕੁਮਾਰੀ ਦਾ ਅਯੂਬੀ ਦਰਬਾਰ ''ਚ ਕਿਸ ਤਰ੍ਹਾਂ ਦਾ ਸਮਾਂ ਬਤੀਤ ਹੋਇਆ?

ਅਯੂਬੀ ਦਰਬਾਰ ''ਚ ਈਸਾਈ ਰਾਜਕੁਮਾਰੀ

ਇੱਥੇ ਸਭ ਤੋਂ ਮਹੱਵਪੂਰਨ ਗੱਲ ਇਹ ਹੈ ਕਿ ਵੱਖ-ਵੱਖ ਧਰਮਾਂ ''ਚ ਵਿਸ਼ਵਾਸ ਰੱਖਣ ਵਾਲਿਆਂ ''ਚ ਵਿਆਹ ਸਬੰਧ ਕਾਇਮ ਹੋਣਾ ਉਸ ਸਮੇਂ ਦੀ ਵਿਸ਼ਵਵਿਆਪੀ ਕੂਟਨੀਤੀ ਦਾ ਹੀ ਇੱਕ ਹਿੱਸਾ ਸੀ।

ਐਂਥਨੀ ਨੇ ਲਿਖਿਆ ਹੈ ਕਿ ਇਸ ਦੀ ਸਭ ਤੋਂ ਉੱਚ ਮਿਸਾਲ 12ਵੀਂ ਅਤੇ 13ਵੀਂ ਸਦੀ ''ਚ ਐਨਾਤੋਲੀਆ ''ਚ ਅਯੂਬੀਆਂ ਦੇ ਸ਼ਕਤੀਸ਼ਾਲੀ ਮੁਸਲਿਮ ਵਿਰੋਧੀ ਸੇਲਜੁਕ ਸ਼ਾਸਕਾਂ ''ਚ ਮਿਲਦੀ ਹੈ। ਜਿੱਥੇ ਸੁਲਤਾਨਾਂ ਨੇ ਇੱਕ ਹੀ ਵਾਰ ਪੰਜ ਪੀੜ੍ਹੀਆਂ ਤੱਕ ਈਸਾਈ ਰਾਜਕੁਮਾਰੀਆਂ ਨਾਲ ਵਿਆਹ ਕੀਤਾ ਸੀ।

ਪਰ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਅਯੂਬੀਆਂ ਦਾ ਈਸਾਈ ਖ਼ਾਨਦਾਨ ਦੀਆਂ ਕੁੜ੍ਹੀਆਂ ਨਾਲ ਵਿਆਹ ਕਰਵਾਉਣ ਦਾ ਕੋਈ ਜ਼ਿਕਰ ਮੌਜੂਦ ਨਹੀਂ ਹੈ ਅਤੇ ਟੇਮਟਾ ਦਾ ਵਿਆਹ ਅਯੂਬੀ ਪਰਿਵਾਰ ਲਈ ਇੱਕ ਅਸਧਾਰਨ ਘਟਨਾ ਸੀ।

ਐਂਥਨੀ ਲਿਖਦੇ ਹਨ ਕਿ ਸੇਲਜੁਕ ਅਤੇ ਆਯੂਬੀ ਸਾਮਰਾਜ, ਪਤਨੀਆਂ ਦੇ ਲਈ ਇੱਕ ਮੁਸ਼ਕਲ ਦੌਰ ਸੀ। ਇੱਕ ਪਾਸੇ ਉਨ੍ਹਾਂ ਨੂੰ ਪਰਦੇ ਪਿੱਛੇ ਰਹਿਣਾ ਸੀ ਅਤੇ ਦੂਜੇ ਪਾਸੇ ਦਰਬਾਰ ''ਚ ਹਕੀਕੀ ਰਾਜਨੀਤੀ ਅਤੇ ਆਪਣੀ ਵਿੱਤੀ ਸੁਰੱਖਿਆ ਦਾ ਵੀ ਧਿਆਨ ਰੱਖਣਾ ਸੀ।

ਪਰ ਇਸ ਸਭ ਦੇ ਬਾਵਜੂਦ, ਇਤਿਹਾਸਕਾਰ ਐਂਥਨੀ ਦੱਸਦੇ ਹਨ ਕਿ ਟੇਮਟਾ ਨੇ ਇਖਲਾਤ ''ਚ ਆਪਣੀ ਤਾਕਤ ਦੀ ਵਰਤੋਂ ਕਰਨ ਦੇ ਤਰੀਕੇ ਲੱਭ ਲਏ ਸਨ। ਇਸ ਖੇਤਰ ਦੀਆਂ ਕੁੱਝ ਹੋਰ ਔਰਤਾਂ ਨੇ ਵੀ ਅਜਿਹਾ ਕੀਤਾ ਸੀ।

ਅਰਮੇਨੀਆ ਦੇ ਇਤਿਹਾਸਕਾਰ ਕਾਰਕੋਸ ਗੰਦਜ਼ਾਕੀਤਿਸ ਲਿਖਦੇ ਹਨ, "ਸੁਲਤਾਨਾਂ ਦੇ ਘਰ ਇਸ ਔਰਤ ਦੇ ਆਉਣ ਨਾਲ ਰਾਜ ਦੇ ਈਸਾਈਆਂ ਨੂੰ ਬਹੁਤ ਹੀ ਫਾਇਦਾ ਹੋਇਆ…ਇਸਾਈ ਮੱਠਾਂ ''ਤੇ ਕਰ ਘਟਾ ਦਿੱਤਾ ਗਿਆ ਅਤੇ ਅੱਧੇ ਨਾਲੋਂ ਵੱਧ ''ਤੇ ਤਾਂ ਪੂਰੀ ਤਰ੍ਹਾਂ ਨਾਲ ਹੀ ਖ਼ਤਮ ਕਰ ਦਿੱਤਾ ਗਿਆ ਸੀ।"

ਇਸ ਤੋਂ ਇਲਾਵਾ ਉਨ੍ਹਾਂ ਨੇ ਇਸਾਈ ਧਾਰਮਿਕ ਸਥਾਨਾਂ ''ਤੇ ਜਾਣ ਵਾਲਿਆਂ ਲਈ ਵੀ ਛੋਟ ਹਾਸਲ ਕਰ ਲਈ ਸੀ।

ਐਂਥਨੀ ਇਸਟਮੰਡ ਦੱਸਦੇ ਹਨ ਕਿ ਟੇਮਟਾ ਦੇ ਜੀਵਨ ਸਬੰਧੀ ਵਧੇਰੇ ਜਾਣਕਾਰੀ ਅਰਮੇਨੀਆ ਦੇ ਇਤਿਹਾਸਕਾਰ ਕਾਰਕੋਸ ਤੋਂ ਹੀ ਹਾਸਲ ਹੁੰਦੀ ਹੈ, ਜੋ ਕਿ ਟੇਮਟਾ ਦੇ ਜੀਵਨਕਾਲ ਦੌਰਾਨ ਜਿੰਦਾ ਸਨ।

ਮੁਸਲਿਮ ਅਤੇ ਈਸਾਈ ਪਤਨੀਆਂ

ਇਸਟਮੰਡ ਲਿਖਦੇ ਹਨ ਕਿ ਮੁਸਲਿਮ ਰਾਜਾਂ ''ਚ ਹੁਕਮਰਾਨਾਂ ਦੀਆਂ ਮੁਸਲਿਮ ਪਤਨੀਆਂ ਦਾ ਜੀਵਨ ਈਸਾਈ ਪਤਨੀਆਂ ਨਾਲੋਂ ਇੰਨ੍ਹਾਂ ਵੱਖਰਾ ਸੀ ਕਿ ਈਸਾਈ ਮਹਿਲਾਵਾਂ ਨੂੰ ਘੱਟ ਤੋਂ ਘੱਟ ਸਿਧਾਂਤਕ ਤੌਰ ''ਤੇ, ਆਪਣੇ ਅਤੇ ਆਪਣੇ ਬੱਚਿਆਂ ਲਈ ਦੂਜੀਆਂ ਪਤਨੀਆਂ ਤੋਂ ਖ਼ਤਰਾ ਨਹੀਂ ਸੀ।

ਟੇਮਟਾ ਦੇ ਮਾਮਲੇ ''ਚ, ਉਹ ਕਿਸੇ ਹੱਦ ਤੱਕ ਆਯੂਬੀ ਸ਼ਕਤੀ ਦੇ ਕੇਂਦਰ ਤੋਂ ਦੂਰ ਇੱਕ ਸਰਹੱਦੀ ਖੇਤਰ ''ਚ ਰਹਿਣ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚੀ ਹੋਈ ਸੀ।

ਇਸ ਤੋਂ ਇਲਾਵਾ ਉਸ ਦੇ ਪਤੀ ਅਲ ਅਸ਼ਰਫ ਦਾ ਕਿਸੇ ਵੀ ਦੂਜੀ ਪਤਨੀ ਤੋਂ ਪੁੱਤਰ ਨਹੀਂ ਸੀ। ਇਸ ਲਈ ਉਨ੍ਹਾਂ ''ਚ ਰਾਜਨੀਤੀ ਇੱਕ ਵੱਡਾ ਕਾਰਨ ਨਹੀਂ ਸੀ। ਪਰ ਦੂਜੇ ਪਾਸੇ ਬੇਯੋਗੀ ਦੇ ਮਾਮਲੇ ''ਚ ਉਸ ਲਈ ਭਵਿੱਖ ''ਚ ਆਪਣੇ ਪੁੱਤਰ ਦੇ ਸਹਾਰੇ ਦੀ ਕੋਈ ਸੰਭਾਵਨਾ ਨਹੀਂ ਸੀ।

ਇੱਕ ਆਯੂਬੀ ਦੀ ਪਤਨੀ ਵੱਜੋਂ ਟੇਮਟਾ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦੌਲਤ ਅਤੇ ਪ੍ਰਭਾਵ ਹਾਸਲ ਹੋਇਆ। ਪਰ ਇੱਕ ਈਸਾਈ ਹੋਣ ਦੇ ਕਾਰਨ ਉਸ ਦੀ ਸਥਿਤੀ ਕਮਜ਼ੋਰ ਸੀ।

ਉਹ ਇੱਕ ਅਜਿਹੇ ਦਰਬਾਰ ''ਚ ਸੀ, ਜਿੱਥੇ ਉਸ ਦਾ ਨਾ ਕੋਈ ਦੋਸਤ ਅਤੇ ਨਾ ਹੀ ਕੋਈ ਰਿਸ਼ਤੇਦਾਰ ਸੀ।ਪਰ ਫਿਰ ਵੀ ਸਥਿਤੀ ਨਕਾਰਾਤਮਕ ਨਹੀਂ ਸੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੇਮਟਾ ਨੂੰ ਧਰਮ ਬਦਲਣ ਲਈ ਨਹੀਂ ਕਿਹਾ ਗਿਆ ਸੀ।

ਐਰਮੀਨੀਆਈ ਅਤੇ ਜਾਰਜੀਅਨ ਫੌਜ ਦੇ ਕਮਾਂਡਰ ਇਰਵਾਨ ਨੂੰ ਆਪਣੀ ਰਿਹਾਈ ਲਈ ਆਪਣੀ ਧੀ ਦਾ ਵਿਆਹ ਤਾਂ ਕਰਨਾ ਪਿਆ, ਪਰ ਇਸ ਦਾ ਉਦੇਸ਼ ਸ਼ਕਤੀਸ਼ਾਲੀ ਆਯੂਬੀ ਪਰਿਵਾਰ ਨਾਲ ਸੰਬੰਧ ਕਾਇਮ ਕਰਨਾ ਵੀ ਸੀ।

ਆਯੂਬੀਆਂ ਲਈ ਇਸ ਸਮਝੌਤੇ ਤਹਿਤ ਪੂਰਬ ''ਚ ਇੱਕ ਦੁਸ਼ਮਣ ਘੱਟ ਗਿਆ ਸੀ। ਇਸਟਮੰਡ ਲਿਖਦੇ ਹਨ ਕਿ ਟੇਮਟਾ ਵੱਖ-ਵੱਖ ਸਮੂਹਾਂ ਦੇ ਹਿੱਤਾਂ ਲਈ ਇੱਕ ਪ੍ਰਤੀਕ ਬਣ ਗਈ ਸੀ।

"ਇਸ ਤਰ੍ਹਾਂ ਆਪਣੇ ਵਿਆਹ ਦੇ ਫ਼ੈਸਲੇ ''ਚ ਮਰਜ਼ੀ ਸ਼ਾਮਲ ਨਾ ਹੋਣ ਅਤੇ ਬਤੌਰ ਮੋਹਰੇ ਵੱਜੋਂ ਇਸਤੇਮਾਲ ਹੋਣ ਦੇ ਬਾਵਜੂਦ ਇੰਝ ਲੱਗਦਾ ਹੈ ਕਿ ਇਸ ਪੂਰੀ ਘਟਨਾ ''ਚ ਸਭ ਤੋਂ ਵੱਧ ਫਾਇਦਾ ਟੇਮਟਾ ਨੂੰ ਹੀ ਹੋਇਆ ਹੈ।"

ਟੇਮਟਾ ਲਈ ਜਾਰਜੀਆ ਦੀ ਰਾਣੀ ਟੇਮਰ ਇੱਕ ਮਿਸਾਲ

ਇਸਟਮੰਡ ਲਿਖਦੇ ਹਨ ਕਿ ਅਲ-ਅਸ਼ਰਫ ਦੇ ਲਈ ਟੇਮਟਾ ਨਾਲ ਵਿਆਹ ਕਰਨਾ ਜ਼ਰੂਰੀ ਨਹੀਂ ਸੀ। ਜੇਕਰ ਉਸ ਨੇ ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਸੰਬੰਧ ਕਾਇਮ ਕੀਤੇ ਹਨ ਤਾਂ ਇਸ ਦਾ ਸਾਫ਼ ਮਤਲਬ ਹੈ ਕਿ ਟੇਮਟਾ ਇਸ ਈਸਾਈ ਪ੍ਰਧਾਨ ਸ਼ਹਿਰ ''ਚ ਆਪਣੀ ਅਹਿਮੀਅਤ ਨੂੰ ਸਾਬਤ ਕਰ ਚੁੱਕੀ ਸੀ।

ਇਸ ਤੋਂ ਇਲਾਵਾ ਸ਼ਹਿਰ ਦੀ ਈਸਾਈ ਆਬਾਦੀ ਲਈ ਮਿਲਣ ਵਾਲੀ ਛੋਟ ਅਤੇ ਖਾਸ ਕਰਕੇ ਯੇਰੂਸ਼ਲਮ ਦੇ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਵਾਲਿਆਂ ਲਈ ਛੋਟ ਹਾਸਲ ਕੀਤੀ, ਜਿਸ ਦੇ ਕਾਰਨ ਉਨ੍ਹਾਂ ਨੂੰ ਹੋਰ ਆਯੂਬੀ ਰਾਜਿਆਂ ਨਾਲ ਵੀ ਗੱਲਬਾਤ ਕਰਨੀ ਪਈ ਹੋਵੇਗੀ। ਇਸਟਮੰਡ ਲਿਖਦੇ ਹਨ ਕਿ ਸੰਭਵ ਹੈ ਕਿ ਉਨ੍ਹਾਂ ਨੇ ਅਰਬੀ ਭਾਸ਼ਾ ''ਤੇ ਵੀ ਮਜ਼ਬੂਤ ਪਕੜ ਬਣਾਈ ਹੋਵੇਗੀ।

ਪਰ ਆਯੂਬੀ ਸਾਮਰਾਜ ਦੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਕਿਹੜੀਆਂ ਉਦਾਹਰਣਾਂ ਸਨ? ਧਿਆਨ ਦੇਣ ਵਾਲੀ ਗੱਲ ਹੈ ਕਿ ਟੇਮਟਾ ਦਾ ਬਚਪਨ ਉਸ ਦੌਰ ''ਚੋਂ ਗੁਜ਼ਰਿਆ ਸੀ ਜਦੋਂ ਜਾਰਜੀਆ ''ਤੇ ਇੱਕ ਮਹਿਲਾ ਰਾਣੀ ਟੇਮਰ ਦਾ ਸ਼ਾਸਨ ਸੀ, ਜੋ ਕਿ ਉਸ ਖੇਤਰ ''ਚ ਸ਼ਾਸਨ ਕਰਨ ਵਾਲੀ ਪਹਿਲੀ ਔਰਤ ਸੀ।

ਔਰਤਾਂ ਦੀ ਵਰਤੋਂ ਸਿਆਸੀ ਉਦੇਸ਼ਾਂ ਦੀ ਪੂਰਤੀ ਲਈ ਕੀਤੀ ਜਾਂਦੀ ਸੀ

ਜਿਸ ਸਦੀ ''ਚ ਟੇਮਟਾ ਨੇ ਜਨਮ ਲਿਆ, ਉਸ ਦੌਰ ''ਚ ਮੁਸਲਿਮ ਹੋਵੇ ਜਾਂ ਫਿਰ ਈਸਾਈ, ਮਹਿਲਾਵਾਂ ਦੀ ਸੱਤਾ ਨੂੰ ਗੈਰ ਕੁਦਰਤੀ ਕਰਾਰ ਦਿੱਤਾ ਜਾਂਦਾ ਸੀ। ਪਰ ਇਹ ਉਹ ਸਮਾਂ ਵੀ ਸੀ ਜਦੋਂ ਰਾਣੀ ਟੇਮਰ ਦੀ ਅਗਵਾਈ ''ਚ ਜਾਰਜੀਆ ਨੇ 1199 ''ਚ ਗ੍ਰੇਟਰ ਅਰਮੇਨੀਆ ਦੇ ਜ਼ਿਆਦਾਤਰ ਹਿੱਸਿਆਂ ''ਤੇ ਆਪਣਾ ਕਬਜ਼ਾ ਕਾਇਮ ਕਰ ਲਿਆ ਸੀ। ਜੋ ਕਿ ਅੱਜ ਪੂਰਬੀ ਤੁਰਕੀ ਅਤੇ ਅਰਮੇਨੀਆ ''ਚ ਸ਼ਾਮਲ ਹੈ।

ਅਗਲੇ ਕੁੱਝ ਸਾਲਾਂ ''ਚ ਅਨਾਤੋਲੀਆ ਦੇ ਕਈ ਛੋਟੇ ਮੁਸਲਿਮ ਰਾਜ ਵੀ ਉਸ ਦੇ ਸ਼ਾਸਨ ਦਾ ਹਿੱਸਾ ਬਣ ਗਏ ਸਨ।

ਇਸਟਮੰਡ ਲਿਖਦੇ ਹਨ ਕਿ ਰੋਮਨ ਦੇ ਸ਼ਾਸਕ ਤੁਗਰਲ ਸ਼ਾਹ ਜਾਰਜੀਆ ਦੀ ਰਾਣੀ ਟੇਮਰ ਦੇ ਅਧੀਨ ਸਨ ਅਤੇ ਉਨ੍ਹਾਂ ਦੇ ਇਸਲਾਮੀ ਝੰਡੇ ''ਤੇ ਸਲੀਬ (ਈਸਾਈ ਚਿੰਨ੍ਹ) ਦਾ ਨਿਸ਼ਾਨ ਵੀ ਮੌਜੂਦ ਸੀ।

ਇਸਟਮੰਡ ਅੱਗੇ ਲਿਖਦੇ ਹਨ ਕਿ ਉਸ ਸਮੇਂ ਮੁਸਲਿਮ ਇਤਿਹਾਸਕਾਰ ਜਾਰਜੀਆ ਦੇ ਵਿਸਥਾਰ ਤੋਂ ਪ੍ਰੇਸ਼ਾਨ ਸਨ। ਟੇਮਰ ਦੀ ਫੌਜ ਨੇ ਪੂਰਬੀ ਇਰਾਨ ''ਚ ਖੁਰਾਸਾਨ ''ਤੇ ਵੀ ਹਮਲਾ ਬੋਲਿਆ।

ਇੱਕ ਇਤਿਹਾਸਕਾਰ ਨੇ ਇਸ ਖ਼ਤਰੇ ਨੂੰ ਜ਼ਾਹਰ ਵੀ ਕੀਤਾ ਸੀ ਕਿ ਜਾਰਜੀਆ ਦੀ ਰਾਣੀ ਬਗ਼ਦਾਦ ''ਚ ਖ਼ਲੀਫਾ ਨੂੰ ਹਟਾ ਕੇ ਉੱਥੇ ਕੈਥੌਲਿਕ ਈਸਾਈਆਂ ਨੂੰ ਥਾਂ ਦੇਣਾ ਚਾਹੁੰਦੀ ਸੀ ਅਤੇ ਨਾਲ ਹੀ ਸ਼ਹਿਰ ਦੀਆਂ ਮਸੀਤਾਂ ਨੂੰ ਗਿਰਜਾਘਰ ''ਚ ਤਬਦੀਲ ਕਰਨਾ ਚਾਹੁੰਦੀ ਸੀ। ਰਾਣੀ ਟੇਮਰ ਦੇ ਸ਼ਾਸਨਕਾਲ ਨੂੰ ਜਾਰਜੀਆ ਦੇ ਇਤਿਹਾਸ ''ਚ ਸੁਨਹਿਰੀ ਯੁੱਗ ਅਤੇ ਉਸ ਨੂੰ ''ਸੰਤ'' ਕਿਹਾ ਜਾਂਦਾ ਸੀ।

ਪਰ ਰਾਣੀ ਟੇਮਰ ਦੀ ਸਾਰੀ ਤਾਕਤ ਦੇ ਬਾਵਜੂਦ, ਟੇਮਟਾ ਨਾਲ ਹੋਣ ਵਾਲੇ ਵਤੀਰੇ ਤੋਂ ਇਹ ਸਿੱਧ ਹੁੰਦਾ ਹੈ ਕਿ ਇੱਕ ਮਹਿਲਾ ਦੇ ਰਾਣੀ ਬਣਨ ਦਾ ਅਰਥ ਇਹ ਨਹੀਂ ਸੀ ਕਿ ਹਰ ਔਰਤ ਨੂੰ ਆਪਣੇ ਜ਼ਿੰਦਗੀ ਦੇ ਫ਼ੈਸਲੇ ਲੈਣ ਦਾ ਅਧਿਕਾਰ ਸੀ।

ਆਪਣੀ ਕਿਤਾਬ ''ਚ ਇਸਟਮੰਡ ਨੇ ਸ਼ਾਹੀ ਘਰਾਣਿਆਂ ਦੀਆਂ ਔਰਤਾਂ ਦੇ ਮਹੱਤਵ ਨੂੰ ਦਰਸਾਇਆ ਹੈ। ਪਰ ਇਸ ਦੇ ਨਾਲ ਹੀ ਇਹ ਵੀ ਲਿਖਿਆ ਹੈ ਕਿ "ਮੱਧ ਪੂਰਬ ''ਚ ਭੈਣਾਂ, ਧੀਆਂ, ਭਤੀਜੀਆਂ ਅਤੇ ਭਾਂਜੀਆਂ ਦੀ ਸਥਿਤੀ ਜਾਇਦਾਦ ਵਾਂਗਰ ਸੀ, ਜਿਸ ਨੂੰ ਕਿ ਪੁਰਸ਼ ਰਿਸ਼ਤੇਦਾਰ ਆਪਣੇ ਰਾਜਨੀਤਿਕ ਉਦੇਸ਼ਾਂ ਲਈ ਇਸਤੇਮਾਲ ਕਰਦੇ ਸਨ।"

ਆਯੂਬੀ ਸਾਮਰਾਜ ''ਚ ਟੇਮਟਾ ਦਾ ਜੀਵਨ 1220 ਦੇ ਦਹਾਕੇ ਦੇ ਅੰਤ ''ਚ ਅਚਾਨਕ ਹੀ ਪੂਰਬ ਤੋਂ ਇੱਕ ਹਮਲਾਵਰ ਦੇ ਦਾਖਲੇ ਨਾਲ ਖ਼ਤਮ ਹੋਇਆ। ਇਸ ਬਦਲਾਵ ਦੇ ਬਹੁਤ ਸਾਰੇ ਪਹਿਲੂ ਹਨ।

ਇੱਕ ਸੇਲਜੁਕ ਰਾਜਕੁਮਾਰੀ ਅਤੇ ਉਸ ਦੇ ਪਤੀ ਵਿਚਾਲੇ ਮਤਭੇਦ, ਟੇਮਟਾ ਦਾ ਤੀਜਾ ਵਿਆਹ ਅਤੇ ਆਯੂਬੀਆਂ ਦੀ ਦੁਨੀਆ ਤੋਂ ਬਾਹਰ ਜਾ ਕੇ ਫ਼ਾਰਸੀ-ਤੁਰਕੀ ਦੁਨੀਆ ਦਾ ਹਿੱਸਾ ਬਣਨਾ ਆਦਿ ਨੂੰ ਪ੍ਰਮੁੱਖ ਕਾਰਨਾਂ ਵੱਜੋਂ ਜਾਣਿਆ ਜਾਂਦਾ ਹੈ।

ਸੇਲਜੁਕ ਸਾਮਰਾਜ ਦੀ ਰਾਜਕੁਮਾਰੀ ਅਤੇ ਜਲਾਲੂਦੀਨ ਖਵਾਰਿਜ਼ਮੀ ਦਾ ਵਿਆਹ

ਇਤਿਹਾਸ ਦਰਸਾਉਂਦਾ ਹੈ ਕਿ ਮੰਗੋਲੀਆਂ ਦੀ ਪੂਰਬ ਤੋਂ ਪੱਛਮ ਵੱਲ ਦੀ ਕਾਰਵਾਈ ਦੇ ਕਾਰਨ ਹੀ ਤੁਰਕ-ਫ਼ਾਰਸੀ ਕਬੀਲੇ ਆਪਣੇ ਖੇਤਰ ਛੱਡਣ ਲਈ ਮਜ਼ਬੂਰ ਹੋ ਗਏ ਸਨ।

ਉਨ੍ਹਾਂ ''ਚ ਖਵਾਰਿਜ਼ਮੀ ਵੀ ਸ਼ਾਮਲ ਸੀ ਅਤੇ ਇਸਟਮੰਡ ਅਨੁਸਾਰ ਉਨ੍ਹਾਂ ਦੇ ਆਗੂ ਜਲਾਲਲੁਦੀਨ ਖਵਾਰਿਜ਼ਮੀ ਨੇ ਇਰਾਨ, ਅਜ਼ਰਬੈਜਾਨ ਅਤੇ ਮਾਊਂਟ ਕਾਫ਼ ''ਚ ਸਾਮਰਾਜ ਸਥਪਿਤ ਕਰ ਲਿਆ ਸੀ।

ਉਸ ਸਮੇਂ ਦੌਰਾਨ ਈਰਾਨ ਦੇ ਸੇਲਜੁਕ ਸੁਲਤਾਨ ਤੁਗਰਲ ਸ਼ਾਹ ਤੀਜੇ ਦੀ ਧੀ ਮਲਿਕਾ, ਅਜ਼ਰਬੈਜਾਨ ਦੇ ਅਤਾ ਬੇਗ ਮੁਜ਼ਫਰੂਦੀਨ ਉਜ਼ਬੇਕ ਦੀ ਪਤਨੀ ਸੀ। ਮੁਜ਼ਫਰੂਦੀਨ ਨੂੰ ਇੱਕ ਜੰਗ ਲਈ ਜਾਣਾ ਪਿਆ ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ''ਚ ਉਸ ਦੀ ਪਤਨੀ ਮਲਿਕਾ ਨੂੰ ਤਬਰੇਜ਼ ਸ਼ਹਿਰ ਦੀ ਜ਼ਿੰਮੇਦਾਰੀ ਸੰਭਾਲਣੀ ਪਈ।

ਸੰਖੇਪ ''ਚ ਜਦੋਂ ਜਲਾਲੁਦੀਨ ਖਵਾਰਿਜ਼ਮੀ ਨੇ ਤਬਰੇਜ਼ ਦੀ ਘੇਰਾਬੰਦੀ ਕੀਤੀ ਤਾਂ ਮਲਿਕਾ ਨੇ ਆਪਣੀ ਨਿਸ਼ਚਿਤ ਹਾਰ ਨੂੰ ਵੇਖਦਿਆਂ ਸ਼ਹਿਰ ਦੇ ਉੱਚ ਅਧਿਕਾਰੀਆਂ ਦੀ ਸਹਿਮਤੀ ਨਾਲ ਹਮਲਾਵਰ ਨਾਲ ਸਮਝੌਤਾ ਕਰਕੇ ਸ਼ਹਿਰ ਉਸ ਦੇ ਹਵਾਲੇ ਕਰ ਦਿੱਤਾ।

ਇਸਟਮੰਡ ਲਿਖਦਾ ਹੈ ਕਿ ਇਸ ਤੋਂ ਬਾਅਦ ਮਲਿਕਾ ਨੇ ਆਪਣੇ ਪਤੀ ਨੂੰ ਤਲਾਕ ਦੇਣ ਲਈ ਮਜ਼ਬੂਰ ਕੀਤਾ ਅਤੇ ਉਸ ਨੇ ਖਵਾਰਿਜ਼ਮੀ ਨਾਲ ਵਿਆਹ ਕਰ ਲਿਆ। ਆਪਣੇ ਨਵੇਂ ਪਤੀ ਤੋਂ ਉਸ ਨੂੰ ਤਿੰਨ ਸ਼ਹਿਰ ਸ਼ਾਸਨ ਕਰਨ ਲਈ ਹਾਸਲ ਹੋਏ।

ਇਸਤਮੰਡ ਦਾ ਕਹਿਣਾ ਹੈ ਕਿ ਮਲਿਕਾ ਨੇ ਤਲਾਕ ਲੈਣ ਲਈ ਬਗ਼ਦਾਦ ਅਤੇ ਦਮਿਸ਼ਕ ''ਚ ਆਲਿਮਾਂ ਤੋਂ ਫ਼ਤਵੇ ਵੀ ਲਏ ਸਨ।

"ਮਲਿਕਾ ਦੀ ਕਹਾਣੀ ਤੋਂ ਪਤਾ ਚੱਲਦਾ ਹੈ ਕਿ ਔਰਤਾਂ ਸੱਤਾ ਅਤੇ ਅਧਿਕਾਰਾਂ ਦੀ ਵਰਤੋਂ ਕਰਨ ਦੇ ਤਰੀਕਿਆਂ ਤੋਂ ਭਲੀ ਭਾਂਤੀ ਜਾਣੂ ਸਨ ਅਤੇ ਆਪਣੇ ਖੇਤਰਾਂ ਦੀ ਸੁਰੱਖਿਆ ਅਤੇ ਆਪਣੇ ਫਾਇਦੇ ਲਈ ਉਨ੍ਹਾਂ ਦੀ ਵਰਤੋਂ ਕਰਨਾ ਵੀ ਜਾਣਦੀਆਂ ਸਨ।

ਹਾਲਾਂਕਿ ਜਲਾਲੁਦੀਨ ਨਾਲ ਵੀ ਉਨ੍ਹਾਂ ਦਾ ਵਿਆਹ ਜਲਦੀ ਹੀ ਟੁੱਟ ਗਿਆ। ਇੱਥੋਂ ਹੀ ਮਲਿਕਾ, ਜਲਾਲੁਦੀਨ ਅਤੇ ਟੇਮਟਾ ਦੀ ਕਹਾਣੀ ਇੱਕ ਹੋ ਜਾਂਦੀ ਹੈ।

ਟੇਮਟਾ ਨਾ ਜਬਰ ਜਿਨਾਹ

ਇਸਟਮੰਡ ਲਿਖਦੇ ਹਨ ਕਿ ਜਲਾਲੁਦੀਨ ਦੇ ਇਖਲਾਤ ਆਉਣ ਦਾ ਇੱਕ ਕਾਰਨ ਉਨ੍ਹਾਂ ਦੀ ਪਤਨੀ ਮਲਿਕਾ ਦਾ ਉਸ ਨੂੰ ਛੱਡ ਕੇ ਇਸ ਸ਼ਹਿਰ ''ਚ ਆ ਕੇ ਵਸ ਜਾਣਾ ਹੀ ਹੈ।

ਇਤਿਹਾਸਕਾਰਾਂ ਦੇ ਅਨੁਸਾਰ ਮਲਿਕਾ ਨੇ ਇੱਥੋਂ ਜਲਾਲੁਦੀਨ ਖਿਲਾਫ ਬਗ਼ਾਵਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਜਦੋਂ ਜਲਾਲੁਦੀਨ ਇੱਥੇ ਪਹੁੰਚੇ ਤਾਂ ਮਲਿਕਾ ਇਖਲਾਤ ''ਚ ਨਹੀਂ ਸੀ। ਪਰ ਟੇਮਟਾ ਉੱਥੇ ਹੀ ਮੌਜੂਦ ਸੀ, ਜਿਸ ਨੂੰ ਕਿ ਸੁਲਤਾਨ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।

ਇਸਤਮੰਡ ਨੇ ਉਸ ਸਮੇਂ ਦੇ ਇਤਿਹਾਸਕਾਰ ਅਲਾਉਦੀਨ ਅਤਾ ਮਲਿਕ ਜੁਵੇਨੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਲਾਲੁਦੀਨ ਨੇ ਮਹਿਲ ''ਚ ਪ੍ਰਵੇਸ਼ ਕੀਤਾ ਅਤੇ ਉੱਥੇ ਉਨ੍ਹਾਂ ਨੇ ਈਵਾਨ ਦੀ ਧੀ ਨਾਲ ਰਾਤ ਬਤੀਤ ਕੀਤੀ। ਜੋ ਕਿ ਮਲਿਕ ਅਲ ਅਸ਼ਰਫ ਦੀ ਪਤਨੀ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਪਤਨੀ ਮਲਿਕਾ ਦੇ ਭੱਜ ਜਾਣ ਦੇ ਗੁੱਸਾ ਟੇਮਟਾ ''ਤੇ ਕੱਢਿਆ।

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?
  • ਕੋਰੋਨਾਵਾਇਰਸ: ਕੌਣ-ਕੌਣ ਲੱਭ ਰਿਹਾ ਹੈ ਇਲਾਜ ਅਤੇ ਗੱਲ ਕਿੱਥੇ ਪਹੁੰਚੀ ਹੈ?
  • ਕੋਰੋਨਾਵਾਇਰਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

ਜਲਾਲੁਦੀਨ ਖਵਾਰਿਜ਼ਮੀ ਅਤੇ ਟੇਮਟਾ ਦਾ ਵਿਆਹ

ਇਸਟਮੰਡ ਲਿਖਦੇ ਹਨ ਕਿ ਉਸ ਸਮੇਂ ਦੇ ਇਤਿਹਾਸਕਾਰਾਂ ਦੇ ਲੇਖਾਂ ਤੋਂ ਪਤਾ ਚੱਲਦਾ ਹੈ ਕਿ ਕਿਸੇ ਸ਼ਹਿਰ ਦੀ ਹਾਰ ਤੋਂ ਬਾਅਦ ਜਬਰ ਜਿਨਾਹ ਆਮ ਹੀ ਗੱਲ ਸੀ। ਪਰ ਖਾਨਦਾਨੀ ਪਰਿਵਾਰ ਦੀਆਂ ਔਰਤਾਂ ਇਸ ਤੋਂ ਬਚ ਜਾਂਦੀਆਂ ਸਨ। ਇਸ ਬਾਰੇ ਵਿਸ਼ਵ ਪੱਧਰ ''ਤੇ ਸ਼ਾਸਕਾਂ ਦਾ ਇੱਕ ਹੀ ਮਤ ਸੀ।

ਉਹ ਲਿਖਦਾ ਹੈ ਕਿ ਇਸ ਸਥਿਤੀ ''ਚ ਟੇਮਟਾ ਅਤੇ ਸੇਮੂਨਿਸ (13ਵੀਂ ਸਦੀ ਦੇ ਅਖੀਰੀ ਸਾਲਾਂ ''ਚ ਇੱਕ ਬਾਈਜ਼ੇਂਟਾਈਨ ਰਾਜਕੁਮਾਰੀ) ਨਾਲ ਹੋਇਆ ਜਬਰ ਜਿਨਾਹ ਆਲਮੀ ਸਮਝੌਤੇ ਦੀ ਉਲੰਘਣਾ ਸੀ।

"ਇਸ ਬਲਾਤਕਾਰ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇੰਨ੍ਹਾਂ ਔਰਤਾਂ ਦੀ ਮਹੱਤਤਾ ਆਪਣੇ ਰਾਜਾਂ ''ਚ ਨਾ ਦੇ ਬਰਾਬਰ ਸੀ।"

ਟੇਮਟਾ ਨਾਲ ਹੋਇਆ ਬਲਾਤਕਾਰ ਇੱਕੋ ਸਮੇਂ ਜਾਰਜੀਆ, ਅਰਮੇਨੀਆ ਅਤੇ ਆਯੂਬੀਆਂ ਲਈ ਸ਼ਰਮਸਾਰ ਘਟਨਾ ਸੀ।

ਜਲਾਲੁਦੀਨ ਨਾਲ ਵਿਆਹ ਕਰਨ ਤੋਂ ਕੁੱਝ ਹੀ ਸਮੇਂ ਬਾਅਦ ਉਨ੍ਹਾਂ ਦੇ ਇਸ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਮਿਲ ਗਈ ਸੀ। ਹਾਲਾਂਕਿ ਇਹ ਵਿਆਹ ਸਬੰਧ ਸਿਰਫ ਚਾਰ ਮਹੀਨੇ ਹੀ ਚੱਲਿਆ।

ਅਗਸਤ 1230 ''ਚ ਜਲਾਲੁਦੀਨ ਦੀ ਅਲ-ਅਸ਼ਰਫ ਅਤੇ ਸੁਲਜੁਕੋ ਦੀ ਸਾਂਝੌ ਫੌਜ ਹੱਥੋਂ ਮੌਤ ਹੋ ਗਈ।

ਇਸਟਮੰਡ ਲਿਖਦੇ ਹਨ ਕਿ ਜੰਗ ਤੋਂ ਬਾਅਧ ਸਮਝੌਤੇ ਦੇ ਨਤੀਜੇ ਵੱਜੋਂ ਸ਼ਾਇਦ ਟੇਮਟਾ ਵਾਪਸ ਇਖਲਾਤ ਆ ਗਈ। ਹਾਲਾਂਕਿ ਇਸ ਤੋਂ ਬਾਅਦ ਅਲ ਅਸ਼ਰਫ ਦਮਿਸ਼ਕ ਚਲੇ ਗਏ ਅਤੇ ਉਨ੍ਹਾਂ ਦੀ ਇਖਲਾਤ ''ਚ ਰੁਚੀ ਖ਼ਤਮ ਹੋ ਗਈ।

ਇਸਟਮੰਡ ਲਿਖਦੇ ਹਨ ਕਿ ਜਲਾਲੁਦੀਨ ਲਈ ਟੇਮਟਾ ਨਾਲ ਵਿਆਹ ਕਰਨਾ ਕੋਈ ਮਜ਼ਬੂਰੀ ਨਹੀਂ ਸੀ। ਪਰ ਫਿਰ ਉਨ੍ਹਾਂ ਵੱਲੋਂ ਅਜਿਹਾ ਕੀਤਾ ਜਾਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਟੇਮਟਾ ਨੇ ਸਥਾਨਕ ਪੱਧਰ ''ਤੇ ਆਪਣੀ ਪਕੜ ਮਜ਼ਬੂਤ ਕਰ ਲਈ, ਜਿਸ ਦਾ ਕਿ ਜਲਾਲੁਦੀਨ ਫਾਇਦਾ ਚੁੱਕਣਾ ਚਾਹੁੰਦਾ ਸੀ।

ਪਰ ਟੇਮਟਾ ਦੇ ਪਹਿਲੇ ਵਿਆਹ ਦਾ ਕੀ ਹੋਇਆ?

ਇਸਟਮੰਡ ਲਿਖਦੇ ਹਨ ਕਿ "ਇਸ ਵਿਆਹ ਦਾ ਕਾਨੂੰਨੀ ਰੁਤਬਾ, ਇਸ ''ਚ ਜ਼ਬਰਦਸਤੀ ਕਰਨ ਦਾ ਪਹਿਲੂ, ਇਸ ਲਈ ਸ਼ੱਕ ਦੇ ਘੇਰੇ ''ਚ ਸੀ ਕਿਉਂਕਿ ਟੇਮਟਾ ਦਾ ਪਤੀ ਅਲ ਅਸ਼ਰਫ ਅਜੇ ਜਿਉਂਦਾ ਸੀ ਅਤੇ ਉਸ ਨੇ ਟੇਮਟਾ ਨੂੰ ਤਲਾਕ ਵੀ ਨਹੀਂ ਦਿੱਤਾ ਸੀ।"

ਟੇਮਟਾ ਦੀ ਇਖਲਾਤ ਵਾਪਸੀ ਇੱਕ ਸ਼ਾਂਤੀ ਸੰਵਾਦ ਦਾ ਨਤੀਜਾ ਸੀ। ਆਪਣੇ ਪਹਿਲੇ ਪਤੀ ਕੋਲ ਵਾਪਸ ਆਉਣ ਤੋਂ ਬਾਅਦ ਟੇਮਟਾ ਇੱਕ ਵਾਰ ਫਿਰ ਇਤਿਹਾਸ ਦੇ ਪੰਨਿਆਂ ''ਚ ਗਾਇਬ ਹੋ ਜਾਂਦੀ ਹੈ। ਧਿਆਨ ਰਹੇ ਕਿ ਜਲਾਲੁਦੀਨ ਦੀ ਮੌਤ 1231 ''ਚ ਹੋਈ ਸੀ।

ਜਲਾਲੁਦੀਨ ਦਾ ਹਮਲਾ ਅਤੇ ਸੱਤਾ ''ਚ ਮਚੀ ਉਥਲ-ਪੁਥਲ

ਇਸਟਮੰਡ ਲਿਖਦੇ ਹਨ ਕਿ ਜਿਸ ਤਰ੍ਹਾਂ ਮਲਿਕਾ ਨੇ ਜਲਾਲੂਦੀਨ ਦੇ ਹਮਲਿਆਂ ''ਚ ਆਪਣਾ ਫਾਇਦਾ ਵੇਖਿਆ ਸੀ, ਇਸੇ ਤਰ੍ਹਾਂ ਹੀ ਜਲਾਲੁਦੀਨ ਦੇ ਹਮਲਿਆਂ ਨੇ ਹੋਰਨਾਂ ਔਰਤਾਂ ਲਈ ਵੀ ਰੱਹ ਪੱਧਰੇ ਕੀਤੇ।

ਇਤਿਹਾਸਕਾਰ ਇਬਨੇ ਵਾਸਿਲ ਲਿਖਦੇ ਹਨ ਕਿ ਅਜ਼ਰਬਾਇਜਾਨ ''ਚ ਰੇਨਦੀਜ਼ ਦੇ ਕਿਲ੍ਹੇ ''ਤੇ ਜਲਾਲੂਦੀਨ ਦੇ ਹਮਲੇ ''ਚ ਦੋ ਭਰਾਵਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਭੈਣ ਨੂੰ ਸ਼ਾਸਨ ਮਿਲ ਗਿਆ ਸੀ।

ਇਸ ਮਹਿਲਾ ਦਾ ਕੀ ਨਾਮ ਸੀ? ਇਤਿਹਾਸ ''ਚ ਇਸ ਸਬੰਧੀ ਕੋਈ ਵਰਣਨ ਨਹੀਂ ਹੈ।

ਇਤਿਹਾਸਕਾਰ ਦੱਸਦੇ ਹਨ ਕਿ ਅਯੂਬੀ ਸ਼ਾਸਨਕਾਲ ਦੀਆਂ ਔਰਤਾਂ ਦੇ ਬਾਰੇ ''ਚ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਕੂਟਨੀਤਿਕ ਮਹੱਤਤਾ ਦੇ ਬਾਵਜੂਦ ਉਨ੍ਹਾਂ ਦੀ ਹੈਸੀਅਤ, ਸਥਿਤੀ ਅਤੇ ਮੌਜੂਦਗੀ ਨੂੰ ਬਹੁਤ ਘੱਟ ਸਵੀਕਾਰਿਆ ਗਿਆ ਹੈ।

ਵਧੇਰੇਤਰ ਦਸਤਾਵੇਜ਼ਾਂ ''ਚ ਉਨ੍ਹਾਂ ਦਾ ਵਰਣਨ ਉਨ੍ਹਾਂ ਦੇ ਉਪਨਾਮ ਨਾਲ ਕੀਤਾ ਗਿਆ ਸੀ। ਇਸਟਮੰਡ ਦੱਸਦੇ ਹਨ ਕਿ ਮਿਸਾਲ ਦੇ ਤੌਰ ''ਤੇ, ਇਖਲਾਤ ਦੇ ਹੁਕਮਰਾਨ ਅਲ-ਅਸ਼ਰਫ ਦੀ ਭੈਣ, ਜੋ ਕਿ ਅਯੂਬੀ ਸਾਮਰਾਜ ਦੇ ਸੁਲਤਾਨ ਅਲ ਆਦਿਲ ਦੀ ਧੀ ਸੀ, ਉਸ ਦਾ ਵਿਆਹ ਸਲਜੂਕ ਸੁਲਤਾਨ ਨਾਲ ਹੋਇਆ ਸੀ।

ਉਸ ਨੂੰ ਸਿਰਫ ''ਮਾਲਿਕਾ ਆਦੀਲਿਆ'' ਲਿਖਿਆ ਗਿਆ ਹੈ। ਇਸੇ ਤਰ੍ਹਾਂ ਹੀ ਦੂਜੀਆਂ ਔਰਤਾਂ ਦੇ ਲਈ ਅਸਮਤ-ਅਲ-ਦੁਨੀਆ-ਵ-ਅਲ-ਦੀਨ ਅਤੇ ਸਫ਼ਵਤ-ਅਲ-ਦੁਨੀਆ-ਵ-ਅਲ-ਦੀਨ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।

ਮੁਸਲਮਾਨ ਸੁਲਤਾਨਾਂ ਨਾਲ ਵਿਆਹ ਕਰਾਉਣ ਵਾਲੀਆਂ ਬਹੁਤ ਸਾਰੀਆਂ ਈਸਾਈ ਰਾਜਕੁਮਾਰੀਆਂ ਦੇ ਨਾਂ ਈਸਾਈ ਦਸਤਾਵੇਜ਼ਾਂ ''ਚ ਦਰਜ ਹਨ। ਟੇਮਟਾ ਦੀ ਜ਼ਿੰਦਗੀ ''ਚ ਅਗਲਾ ਮੋੜ ਉਸ ਸਮੇਂ ਆਇਆ ਜਦੋਂ ਇਸ ਇਲਾਕੇ ''ਚ ਮੰਗੋਲ ਆਏ ਸਨ।

ਟੇਮਟਾ ਦੇ ਪਤੀ ਅਲ-ਅਸ਼ਰਫ ਦੀ ਮੌਤ ਅਤੇ ਮੰਗੋਲਾਂ ਦੀ ਕੈਦ

1236 ''ਚ ਮੰਗੋਲ ਸ਼ਾਸਕ ਖ਼ਾਨ ਓਗਦਾਈ ਨੇ ਆਪਣੀ ਫੌਜ ਨੂੰ ਮਾਊਂਟ ਕਾਫ਼ ''ਚ ਸਥਾਈ ਕਬਜ਼ੇ ਦਾ ਹੁਕਮ ਦਿੱਤਾ। ਇਸਟਮੰਡ ਲਿਖਦੇ ਹਨ ਕਿ ਇਸ ਸਪਸ਼ੱਟ ਨਹੀਂ ਹੈ ਕਿ ਉਸ ਸਮੇਂ ਟੇਮਟਾ ਕਿੱਥੇ ਸੀ।

ਇਕ ਮਤ ਇਹ ਵੀ ਹੈ ਕਿ ਉਹ ਅਰਮੇਨੀਆ ''ਚ ਆਪਣੇ ਭਰਾ ਅਵਾਗ ਕੋਲ ਸੀ ਜਿਸ ਨੇ ਮੰਗੋਲਾਂ ਨਾਲ ਸਮਝੌਤਾ ਕਰਨ ਲਈ ਆਪਣੀ ਧੀ ਦੇ ਵਿਆਹ ਦੀ ਪੇਸ਼ਕਸ਼ ਵੀ ਰੱਖੀ ਸੀ। ਪਰ ਇਹ ਉਨ੍ਹਾਂ ਦੇ ਸ਼ਹਿਰ ਨੂੰ ਬਚਾਉਣ ''ਚ ਅਸਫਲ ਰਿਹਾ।

ਕੁੱਝ ਸਮੇਂ ''ਚ ਹੀ ਇਖਲਾਤ ਵੀ ਮੰਗੋਲਾਂ ਦੇ ਕਬਜ਼ੇ ਹੇਠ ਆ ਗਿਆ ਅਤੇ ਕੁੱਝ ਸਮੇਂ ਬਾਅਦ ਹੀ ਅਲ-ਅਸ਼ਰਫ ਦੀ ਮੌਤ ਵੀ ਹੋ ਗਈ ਤੇ ਟੇਮਟਾ ਵਿਧਵਾ ਹੋ ਗਈ।

ਚੰਗੇਜ਼ ਖ਼ਾਨ ਦੇ ਪੋਤੇ ਦਾ ਖ਼ੇਮਾ ਅਤੇ ਭਰਾ-ਭੈਣ ਦੀ ਪੇਸ਼ੀ

ਇਸਟਮੰਡ ਲਿਖਦੇ ਹਨ ਕਿ ਅਵਾਗ ਨੂੰ ਵੋਲਗਾ ਨਹਿਰ ਕੰਢੇ ਰੁਕੇ ਚੰਗੇਜ਼ ਖ਼ਾਨ ਦੇ ਪੋਤੇ ਬਾਤੋ ਅੱਗੇ ਪੇਸ਼ ਕੀਤਾ ਗਿਆ, ਜੋ ਕਿ ਪੱਛਮ ''ਚ ਮੰਗੋਲ ਸੈਨਾ ਦੇ ਕਮਾਂਡਰ ਸਨ।

ਅਵਾਗ ਨੇ ਆਪਣੀ ਅਧੀਨਗੀ ਦਾ ਐਲਾਨ ਕੀਤਾ ਅਤੇ ਉਸ ਦੀ ਵਫ਼ਾਦਾਰੀ ਨੂੰ ਪੱਕਾ ਕਰਨ ਲਈ ਉਸ ਨੂੰ ਇੱਕ ਮੰਗੋਲ ਦੁਲਹਨ ਵੀ ਦਿੱਤੀ ਗਈ। ਹੁਣ ਅਵਾਗ ਦੀ ਜ਼ਿੰਮੇਵਾਰੀ ਅਰਮੇਨੀਆ ਦੇ ਕੁਲੀਨ ਵਰਗ ਨੂੰ ਮੰਗੋਲਾਂ ਦੇ ਅਧੀਨ ਲਿਆਉਣਾ ਸੀ।

ਟੇਮਟਾ ਨੂੰ ਵੀ ਬਾਤੋ ਅੱਗੇ ਪੇਸ਼ ਕੀਤਾ ਗਿਆ ਅਤੇ ਉਸ ਨੂੰ ਉੱਥੋਂ ਵਾਪਸ ਭੇਜਣ ਦੀ ਬਜਾਏ ਕਰਾ ਕੋਰਮ ''ਚ ਓਗਦਾਈ ਖ਼ਾਨ ਕੋਲ ਭੇਜ ਦਿੱਤਾ ਗਿਆ।

ਇਸਟਮੰਡ ਲਿਖਦੇ ਹਨ ਕਿ ਅਰਮੇਨੀਆ ''ਚ ਅਵਾਗ ਦੀ ਮਹੱਤਤਾ ਨੂੰ ਵੇਖਦਿਆਂ, ਉਸ ਦੀ ਭੈਣ ਟੇਮਟਾ ਨੂੰ ਕੈਦੀ ਬਣਾਉਣ ਦਾ ਕਾਰਨ ਸਮਝ ਆਉਂਦਾ ਹੈ। ਟੇਮਟਾ 9 ਸਾਲਾਂ ਬਾਅਦ ਮੰਗੋਲ ਕੈਂਪ ''ਚੋਂ ਬਾਹਰ ਆਈ। ਮੰਗੋਲੀਆ ਜਾਣ ਤੋਂ ਬਾਅਦ ਟੇਮਟਾ ਇੱਕ ਵਾਰ ਫਿਰ ਇਤਿਹਾਸ ਦੇ ਪੰਨਿਆਂ ''ਚ ਅਲੋਪ ਹੀ ਹੋ ਗਈ।

ਐਂਥਨੀ ਇਸਟਮੰਡ ਲਿਖਦੇ ਹਨ , ਮੰਗੋਲੀਆ ''ਚ ਉਨ੍ਹਾਂ ਨੇ ਕੀ ਕੀਤਾ ਜਾਂ ਫਿਰ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਤੀਰਾ ਹੋਇਆ, ਇਸ ਬਾਰੇ ''ਚ ਇਤਿਹਾਸਕ ਦਸਤਾਵੇਜ਼ ਪੂਰੀ ਤਰ੍ਹਾਂ ਨਾਲ ਖਾਮੋਸ਼ ਹਨ। ਪਰ ਉਸ ਸਮੇਂ ਮੰਗੋਲਾਂ ਵੱਲੋਂ ਜਿੰਨ੍ਹਾਂ ਈਸਾਈਆਂ ਨੂੰ ਕੈਦੀ ਬਣਾਇਆ ਜਾਂਦਾ ਸੀ, ਉਨ੍ਹਾਂ ਦੀ ਜ਼ਿੰਦਗੀ ਬਾਰੇ ਮਿਲੀ ਜਾਣਕਾਰੀ ਤੋਂ ਇੱਕ ਰੂਪ ਰੇਖਾ ਤਿਆਰ ਕਰਨ ਦੇ ਯਤਨ ਕੀਤੇ ਗਏ ਹਨ।

ਮੰਗੋਲਾਂ ਦਾ ਔਰਤਾਂ ਪ੍ਰਤੀ ਰਵੱਈਆ ਅਤੇ ਟੇਮਟਾ ਦਾ ਸ਼ਾਸਕ ਬਣਨਾ

ਇਖਲਾਤ ਤੋਂ ਕਰਾ ਕੋਰਮ ''ਚ ਮੰਗੋਲਾਂ ਦੇ ਕੈਂਪ ਤੱਕ ਹਵਾਈ ਦੂਰੀ ਲਗਭਗ 4800 ਕਿਮੀ. ਸੀ। ਪਰ ਪੈਦਲ ਅਤੇ ਘੋੜਿਆਂ ''ਤੇ ਇਹ ਯਾਤਰਾ ਹੋਰ ਵੀ ਲੰਬੀ ਸੀ। ਟੇਮਟਾ ਨੇ ਇਹ ਯਾਤਰਾ ਦੋ ਵਾਰ ਕੀਤੀ। ਇੱਕ ਵਾਰ ਬਤੌਰ ਕੈਦੀ ਮੰਗੋਲੀਆ ਜਾਂਦਿਆਂ ਅਤੇ ਦੂਜੀ ਵਾਰ ਸ਼ਾਸਕ ਬਣ ਕੇ ਇਖਲਾਤ ਵਾਪਸ ਆਉਂਦਿਆਂ।

ਟੇਮਟਾ ਤੋਂ ਬਾਅਦ ਉਸ ਯਾਤਰਾ ''ਤੇ ਜਾਣ ਵਾਲੇ ਦੋ ਲੋਕਾਂ ਦੇ ਹਾਲਾਤ ਸੁਰੱਖਿਅਤ ਹਨ। ਉਨ੍ਹਾਂ ''ਚੋਂ ਇੱਕ ਅਰਮੇਨੀਆ ਦੇ ਬਾਦਸ਼ਾਹ ਹੈਟਮ ਪਹਿਲੇ ਸਨ, ਜੋ ਕਿ ਟੇਮਟਾ ਤੋਂ ਲਗਭਗ 10 ਸਾਲ ਬਾਅਦ 1246 ''ਚ ਗਯੋਕ ਦੇ ਮੰਗੋਲੀਆ ਦੇ ਖ਼ਾਨ ਬਣਨ ਦੇ ਸਮਾਗਮ ''ਚ ਸ਼ਿਰਕਤ ਕਰਨ ਲਈ ਮੰਗੋਲੀਆ ਗਏ ਸਨ।

ਮੰਗੋਲੀਆ ਨੇ ਟੇਮਟਾ ਨੂੰ ਜਾਰਜੀਆ ਅਤੇ ਅਰਮੇਨੀਆ ਦੀ ਰਾਜਨੀਤੀ ''ਚ ਮੁੜ ਵਾਪਸ ਆਉਣ ਦਾ ਮੌਕਾ ਦਿੱਤਾ ਸੀ। ਇਸ ਤੋਂ ਪਹਿਲਾਂ ਅਲ ਅਸ਼ਰਫ ਦੀ ਪਤਨੀ ਵੱਜੋਂ ਉਹ ਇਖਲਾਤ ''ਚ ਰਹੀ ਸੀ।

ਉਸ ਸਮੇਂ ਅਰਮੇਨੀਆ ਦੇ ਲੋਕਾਂ ਨਾਲ ਉਨ੍ਹਾਂ ਦੇ ਨਜ਼ਦੀਕੀ ਸੰਪਰਕ ਸਨ। ਪਰ ਉਨ੍ਹਾਂ ਦੇ ਖੇਤਰ ''ਚ ਰਾਜਨੀਤਿਕ ਜੀਵਨ ਦਾ ਕੋਈ ਸਬੂਤ ਨਹੀਂ ਮਿਲਦਾ ਹੈ।

ਇਸਟਮੰਡ ਲਿਖਦੇ ਹਨ ਕਿ ਆਪਣੇ ਜੀਵਨ ਦੇ ਅੰਤਿਮ ਦੌਰ ''ਚ ਟੇਮਟਾ ਮੰਗੋਲ ਗਵਰਨਰ ਦੇ ਤੌਰ ''ਤੇ ਇਖਲਾਤ ਵਾਪਸ ਆਈ ਤਾਂ ਜ਼ਾਹਰ ਤੌਰ ''ਤੇ ਉਸ ਦਾ ਰਾਜਨੀਤਿਕ ਅਹੁਦਾ ਵੱਧ ਚੁੱਕਾ ਸੀ।

ਉਹ ਅੱਗੇ ਲਿਖਦੇ ਹਨ ਕਿ ਟੇਮਟਾ ਦੀ ਆਪਣੀ ਜ਼ਿੰਦਗੀ ਅਤੇ ਜਾਰਜੀਆ ਤੇ ਅਰਮੇਨੀਆ ਦੀ ਰਾਜਨੀਤੀ ''ਚ ਉਸ ਸਮੇਂ ਦੀਆਂ ਕੁੱਝ ਹੋਰ ਔਰਤਾਂ ਦੀ ਵੱਧਦੀ ਸ਼ਮੂਲੀਅਤ ਦਾ ਇੱਕ ਪ੍ਰਮੁੱਖ ਕਾਰਨ ਮੰਗੋਲਾਂ ਦਾ ਮਹਿਲਾਵਾਂ ਪ੍ਰਤੀ ਰਵੱਈਆ ਸੀ।

ਮੰਗੋਲ ਔਰਤਾਂ ਦੇ ਦਰਬਾਰ

ਇਸਟਮੰਡ ਲਿਖਦੇ ਹਨ ਕਿ ਚੰਗੇਜ਼ ਖ਼ਾਨ ਦੇ ਪਰਿਵਾਰ ''ਚ ਵਿਆਹ ਕਰਵਾਉਣ ਵਾਲੀਆਂ ਔਰਤਾਂ ਨੂੰ ਬਹੁਤ ਸਾਰੇ ਅਧਿਕਾਰ ਹਾਸਲ ਸਨ।ਹਰ ਇੱਕ ਦਾ ਆਪਣਾ ਦਰਬਾਰ ਸੀ, ਜਿਸ ਦੇ ਅਧੀਨ ਕਈ ਖ਼ੇਮੇ ਆਉਂਦੇ ਸਨ।

ਹਰ ਖ਼ੇਮੇ ਲਈ 200 ਬਲਦ ਗੱਡੀਆਂ ਸੀ, ਜਿੰਨ੍ਹਾਂ ''ਚੋਂ ਕਈ ਬੈਲ ਗੱਡੀਆਂ ਨੂੰ ਤਾਂ 22 ਜਾਨਵਰ ਖਿੱਚਦੇ ਸਨ। ਉਨ੍ਹਾਂ ਦੀ ਆਪਣੀ ਦੌਲਤ ਸੀ ਅਤੇ ਉਹ ਜਾਇਦਾਦ ਵੀ ਰੱਖ ਸਕਦੀਆਂ ਸਨ। ਉਨ੍ਹਾਂ ਨੂੰ ਵਪਾਰ ਕਰਨ ਦੀ ਵੀ ਖੁੱਲ੍ਹ ਸੀ।

ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸਭ ਕਿਸੇ ਹੋਰ ਔਰਤ ਨੂੰ ਮਿਲ ਸਕਦਾ ਸੀ। ਉਹ ਫੌਜ ਦੀ ਅਗਵਾਈ ਕਰ ਸਕਦੀਆਂ ਸਨ ਅਤੇ ਆਪ ਵੀ ਜੰਗ ਦਾ ਹਿੱਸਾ ਬਣ ਸਕਦੀਆਂ ਸਨ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਧਰਮ ਦੀ ਚੋਣ ਕਰਨ ਦਾ ਵੀ ਅਧਿਕਾਰ ਸੀ।

ਟੇਮਟਾ ਦੇ ਮੰਗੋਲੀਆ ''ਚ ਰਹਿਣ ਦੇ ਦੌਰਾਨ ਵਧੇਰੇਤਰ ਸਮਾਂ ਤੋਰਗਿਨ ਖ਼ਾਤੂਨ ਹੁਕਮਰਾਨ ਸੀ।

1241 ''ਚ ਆਪਣੇ ਪਤੀ ਓਗਦਾਈ ਦੀ ਮੌਤ ਤੋਂ ਬਾਅਦ ਨਵੇਂ ਹੁਕਮਰਾਨ ਦੀ ਚੋਣ ਤੱਕ ਸ਼ਾਸਨ ਉਸ ਦੇ ਹੱਥਾਂ ''ਚ ਹੀ ਰਿਹਾ ਸੀ। ਉਸ ਸਮੇਂ ਉਨ੍ਹਾਂ ਦਾ ਬੇਟਾ ਗਯੋਕ ਛੋਟਾ ਸੀ, ਇਸ ਤਰ੍ਹਾਂ ਕਈ ਸਾਲਾਂ ਤੱਕ ਸੱਤਾ ਦੀ ਵਾਗਡੋਰ ਉਨ੍ਹਾਂ ਦੇ ਕੋਲ ਹੀ ਰਹੀ।

ਗਯੋਕ ਦੀ ਤਾਜਪੋਸ਼ੀ ਸਮੇਂ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ''ਚ ਦੂਰ-ਦੂਰ ਤੋਂ ਹਾਕਮਾਂ ਨੇ ਸ਼ਿਰਕਤ ਕੀਤੀ ਸੀ।

ਤੋਰਗਿਨ ਖ਼ਾਤੂਨ ਦੇ ਦੌਰ ''ਚ ਕਈ ਔਰਤਾਂ ਨੂੰ ਮਹੱਤਵਪੂਰਣ ਅਹੁਦਿਆਂ ''ਤੇ ਸੇਵਾਵਾਂ ਨਿਭਾਉਣ ਦਾ ਮੌਕਾ ਹਾਸਲ ਹੋਇਆ। ਉਸ ''ਚ ਈਰਾਨ ਤੋਂ ਆਈ ਇੱਕ ਸਾਬਕਾ ਦਾਸੀ ਫ਼ਾਤਿਮਾ ਵੀ ਸੀ।

ਰਾਜਕੁਮਾਰੀ ਤੁਰਕਾਨ ਖ਼ਾਤੂਨ ਦਾ ਮੰਗੋਲਾਂ ਨਾਲ ਗੱਠਜੋੜ ਅਤੇ ਤਖ਼ਤ ਨਾਸ਼ੀਨੀ

ਇਤਿਹਾਸਕਾਰ ਲਿਖਦੇ ਹਨ ਕਿ ਮਹਿਲਾਵਾਂ ਦੇ ਸ਼ਾਸਨ ਦੇ ਨਤੀਜੇ ਟੇਮਟਾ ਦੀ ਸੱਤਾ ਦੇ ਆਖੀਰੀ ਦਿਨਾਂ ''ਚ ਸਾਹਮਣੇ ਆਏ, ਜਦੋਂ ਹੋਰ ਵੀ ਕਈ ਔਰਤਾਂ ਨੇ ਤਾਕਤ ਹਾਸਲ ਕਰ ਲਈ ਸੀ।

ਉੱਤਰ-ਪੂਰਬੀ ਇਰਾਨ ''ਚ ਕਿਰਮਾਨ ''ਚ 1257 ''ਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਤੁਰਕਾਨ ਖ਼ਾਤੂਨ ਨੇ ਸੱਤਾ ਸੰਭਾਲੀ।

ਮੰਗੋਲ ਸਾਮਰਾਜ ਨਾਲ ਆਪਣੀ ਸਾਂਝ ਸਦਕਾ ਉਹ 1281 ਤੱਕ ਸ਼ਾਸਨ ਕਰਦੀ ਰਹੀ। ਉਸ ਦਾ ਫੌਜ ''ਤੇ ਸਿੱਧਾ ਕੰਟਰੋਲ ਸੀ। ਕੁੱਝ ਸਰੋਤਾਂ ਮੁਤਾਬਕ ਉਨ੍ਹਾਂ ਦੇ ਨਾਮ ਦਾ ਜੁਮੇ ਦਾ ਖੁਤਬਾ (ਸ਼ੁਕਰਵਾਰ ਨੂੰ ਜੁਮੇ ਦੀ ਨਮਾਜ਼ ਤੋਂ ਪਹਿਲਾਂ ਦਿੱਤਾ ਜਾਣ ਵਾਲਾ ਉਪਦੇਸ਼) ਵੀ ਪੜ੍ਹਿਆ ਜਾਂਦਾ ਸੀ।ਤੁਰਕਾਨ ਤੋਂ ਬਾਅਦ ਉਸ ਦੀ ਧੀ ਪਾਦਸ਼ਾਹ ਖ਼ਾਤੂਨ ਨੇ ਸੱਤਾ ਸੰਭਾਲੀ ਅਤੇ ਪੰਜ ਸਾਲ ਤੱਕ ਸ਼ਾਸਨ ਕੀਤਾ।

ਹਾਲਾਂਕਿ ਇਤਿਹਾਸਕਾਰ ਲਿਖਦੇ ਹਨ ਕਿ ਔਰਤਾਂ ਦੀ ਸੱਤਾ ''ਤੇ ਪਕੜ ਪੂਰੀ ਨਹੀਂ ਸੀ। ਹਰ ਇੱਕ ਉਦਾਹਰਣ ''ਚ ਕਿਸੇ ਵੀ ਔਰਤ ਨੂੰ ਸੱਤਾ ਦਾ ਅਧਿਕਾਰ ਕਿਸੇ ਪੁਰਸ਼ ਨਾਲ ਆਪਣੇ ਸਬੰਧਾਂ ਦੇ ਕਾਰਨ ਹੀ ਮਿਲਿਆ ਸੀ।

ਤੋਰਗਿਨ ਖ਼ਾਤੂਨ ਦੀ ਸਲਾਹਕਾਰ ਅਤੇ ਉਨ੍ਹਾਂ ਦੀ ਸਾਬਕਾ ਦਾਸੀ ਫ਼ਾਤਿਮਾ ਦਾ ਅੰਤ

ਇਸ ਤੋਂ ਇਲਾਵਾ ਮੰਗੋਲ ਦੀਆਂ ਔਰਤਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ। ਵਿਸ਼ੇਸ਼ ਕਰਕੇ ਖਾਨਦਾਨੀ ਵਰਗ ਤੋਂ ਬਾਹਰੋਂ ਉੱਚ ਅਹੁਦਿਆਂ ''ਤੇ ਬਿਰਾਜਮਾਨ ਹੋਣ ਵਾਲੀਆਂ ਔਰਤਾਂ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਦੀ ਮਿਸਾਲ ਮੰਗੋਲ ਦਰਬਾਰ ''ਚ ਤੋਰਗਿਨ ਖ਼ਾਤੂਨ ਦੀ ਸਲਾਹਕਾਰ ਅਤੇ ਸਾਬਕਾ ਦਾਸੀ ਫ਼ਾਤਿਮਾ ਦੀ ਹੈ। ਇਤਿਹਾਸ ਦੱਸਦਾ ਹੈ ਕਿ ਮੰਗੋਲ ਦਰਬਾਰ ''ਚ ਆਪਣੇ ਪੁਰਸ਼ ਹਮਅਹੁਦਿਆਂ ਦੇ ਉਲਟ ਔਰਤਾਂ ''ਤੇ ਰਿਸ਼ਵਤਖੋਰੀ ਅਤੇ ਗੱਦਾਰੀ ਦੇ ਇਲਜ਼ਾਮ ਆਇਦ ਹੁੰਦੇ ਸਨ।

ਫ਼ਾਤਿਮਾ ''ਤੇ ਜਿਸਮਫਰੋਸ਼ੀ, ਦਲਾਲੀ ਅਤੇ ਜਾਦੂ ਟੂਨਾ ਕਰਨ ਵਰਗੇ ਇਲਜ਼ਾਮ ਲਗਾਏ ਗਏ ਸਨ। ਹਾਲਾਤ ਅਜਿਹੇ ਬਣ ਗਏ ਸਨ ਕਿ ਤੋਰਗਿਨ ਖ਼ਾਤੂਨ ਸ਼ਾਸਕ ਹੋਣ ਦੇ ਬਾਵਜੂਦ ਵੀ ਉਸ ਨੂੰ ਬਚਾ ਨਾ ਸਕੀ।

ਇਸਟਮੰਡ ਇਤਿਹਾਸਕਾਰ ਜੁਵੇਨੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਉਸ ਦੇ ਸਾਰੇ ਕੱਪੜੇ ਉਤਾਰ ਕੇ ਉਸ ਨੂੰ ਤਸੀਹੇ ਦਿੱਤੇ ਗਏ ਸਨ।ਬਾਅਧ ਉਸ ਦੇ ਸਰੀਰ ''ਤੇ ਲੱਗੇ ਸਾਰੇ ਜ਼ਖਮਾਂ ਨੂੰ ਧਾਗੇ ਨਾਲ ਪਰੋ ਕੇ ਇੱਕ ਗਲੀਚੇ ''ਚ ਲਪੇਟ ਕੇ ਨਦੀ ''ਚ ਸੁੱਟ ਦਿੱਤਾ ਗਿਆ ਸੀ।

ਤੋਰਗਿਨ ਖ਼ਾਤੂਨ ਅਤੇ ਟੇਮਟਾ ਦੀ ਮੰਗੋਲੀਆ ਤੋਂ ਵਾਪਸੀ

ਟੇਮਟਾ ਸ਼ਾਸਕ ਬਣ ਕੇ ਮੰਗੋਲੀਆ ਤੋਂ ਇਖਲਾਤ ਪਰਤੀ ਸੀ।ਇਸ ਸਥਿਤੀ ਨੂੰ ਔਰਤਾਂ ਦੀ ਮਜ਼ਬੂਤ ਸਥਿਤੀ ਵੱਜੋਂ ਵੇਖਿਆ ਜਾਣਾ ਚਾਹੀਦਾ ਹੈ।

ਇਸਟਮੰਡ ਲਿਖਦੇ ਹਨ ਕਿ ਉਸ ਦੀ ਰਿਹਾਈ ਦੋ ਮਹਿਲਾ ਸ਼ਾਸਕਾਂ ਤੋਰਗਿਨ ਅਤੇ ਰੂਸੋਡਾਨ ਵਿਚਾਲੇ ਕੂਟਨੀਤੀ ਦਾ ਨਤੀਜਾ ਸੀ। ਯਾਦ ਰਹੇ ਕਿ ਉਸ ਸਮੇਂ ਜਾਰਜੀਆ ''ਤੇ ਰਾਣੀਆਂ ਦੇ ਸ਼ਾਸਨ ਦੇ 50 ਸਾਲ ਬੀਤ ਚੁੱਕੇ ਸਨ।

ਰੂਸੋਡਾਨ ਦਾ ਸ਼ਾਸਨਕਾਲ 1223-45 ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਦਾ ਸ਼ਾਸਨਕਾਲ 1184-1210 ਤੱਕ ਦਾ ਸੀ।

ਇਸਟਮੰਡ ਲਿਖਦੇ ਹਨ ਕਿ ਟੇਮਟਾ ਦੀ ਮੰਗੋਲੀਆ ਯਾਤਰਾ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ ਪਰ ਅਸੀਂ ਜਾਣਦੇ ਹਾਂ ਕਿ ਉਹ ਉੱਥੇ ਗਈ ਸੀ। ਕਿਉਂਕਿ ਜਾਰਜੀਆ ਦੀ ਨਵੀਂ ਰਾਣੀ ਰੂਸੋਡਾਨ (ਰਾਣੀ ਟੇਮਰ ਦੀ ਧੀ) ਨੇ ਮੰਗੋਲੀਆ ਤੋਂ ਉਸ ਦੀ ਵਾਪਸੀ ਦੀ ਮੰਗ ਕੀਤੀ ਸੀ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ 1243 ''ਚ ਕੋਸਦਾਗ ਦੀ ਜੰਗ ''ਚ ਮੰਗੋਲਾਂ ਨੇ ਸਲਜੂਕ ਸਾਮਰਾਜ ਆਰਮੇਨੀਆ ਅਤੇ ਜਾਰਜੀਆਂ ਨੂੰ ਹਰਾ ਦਿੱਤਾ ਸੀ। ਸੁਲਜੂਕ ਸਮਾਰਾਜ ਦੇ ਸ਼ਹਿਰਾਂ ''ਚ ਮੰਗੋਲਾਂ ਨੇ ਆਪਣੇ ਅਧੀਨ ਸ਼ਾਸਕ ਨਿਯੁਕਤ ਕਰ ਦਿੱਤੇ ਸਨ।

ਜਦੋਂ ਟੇਮਟਾ 9 ਸਾਲ ਬਾਅਦ ਮੰਗੋਲਾਂ ਦੀ ਕੈਦ ਤੋਂ ਰਿਹਾਅ ਹੋ ਕੇ ਵਾਪਤ ਪਰਤੀ ਤਾਂ ਇਸੇ ਰਾਜਨੀਤਿਕ ਪ੍ਰਣਾਲੀ ਤਹਿਤ ਉਹ ਇਖਲਾਤ ਦੀ ਹੁਕਮਰਾਨ ਬਣ ਗਈ ਸੀ।

ਟੇਮਟਾ ਮੰਗੋਲਾਂ ਵੱਲੋਂ ਨਿਯੁਕਤ ਕੀਤੀ ਗਈ ਸ਼ਾਸਕ ਅਤੇ ਇਖਲਾਤ ਦੀ ਜਨਤਾ

ਟੇਮਟਾ ਨੇ ਲਗਭਗ 10 ਸਾਲਾਂ ਤੱਕ ਸ਼ਾਸਨ ਕੀਤਾ। ਪਰ ਇਹ ਇੱਕ ਸੌਖਾ ਕਾਰਜ ਨਹੀਂ ਸੀ। ਮੰਗੋਲਾਂ ਦੀ ਪਾਲਣਾ ਕਰਨ ਵਾਲੇ ਸਾਰੇ ਸ਼ਾਸਕਾਂ ਨੇ ਹੀ ਇੱਕ ਭਾਰੀ ਬੋਝ ਹੇਠ ਕੰਮ ਕੀਤਾ ਸੀ।

ਇਹ ਨਾ ਸਿਰਫ ਟੇਮਟਾ ਲਈ ਮੁਸ਼ਕਲਾਂ ਭਰਪੂਰ ਸਮਾਂ ਸੀ, ਬਲਕਿ ਇਸ ਨੇ ਉਸ ਦੀ ਲੋਕਪ੍ਰਿਯਤਾ ਵੀ ਖੋਹ ਲਈ ਸੀ।

ਇਖਲਾਤ ਸ਼ਹਿਰ ਜਿੱਥੇ ਕਿ ਉਹ ਪਹਿਲੀ ਵਾਰ ਅਲ-ਉਹੁਦ ਦੀ ਪਤਨੀ ਬਣ ਕੇ ਆਈ ਸੀ, ਉਸ ਸਮੇਂ ਨਾ ਸਿਰਫ ਉਹ ਇਸਾਈਆਂ ''ਤੇ ਲੱਗਣ ਵਾਲੇ ਕਰ ਨੂੰ ਘਟਾਉਣ ''ਚ ਕਾਮਯਾਬ ਰਹੀ ਸੀ, ਬਲਕਿ ਵਧੇਰੇਤਰ ਲੋਕਾਂ ਲਈ ਯੇਰੂਸ਼ਲਮ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਾ ਵੀ ਉਸ ਨੇ ਸੌਖਾ ਬਣਾ ਦਿੱਤਾ ਸੀ।

ਪਰ ਹੁਣ ਉਸ ਨੂੰ ਆਪਣੇ ਮੰਗੋਲ ਹੁਕਮਰਾਨਾਂ ਦਾ ਮੂੰਹ ਬੰਦ ਕਰਨ ਲਈ ਵਧੇਰੇ ਕਰ ਲਗਾਉਣਾ ਪੈ ਰਿਹਾ ਸੀ।

ਟੇਮਟਾ ਨੇ ਸ਼ਾਇਦ 1254 ''ਚ ਆਪਣੀ ਮੌਤ ਦੇ ਸਮੇਂ ਤੱਕ ਤਕਰੀਬਨ 10 ਸਾਲਾਂ ਤੱਕ ਮੰਗੋਲ ਅਧੀਨ ਇਖਲਾਤ ''ਤੇ ਸ਼ਾਸਨ ਕੀਤਾ।ਉਸ ਦੀ ਮੌਤ ਦੇ ਸਮੇਂ ਦਾ ਕੋਈ ਸਿੱਧਾ ਪ੍ਰਮਾਣ ਮੌਜੂਦ ਨਹੀਂ ਹੈ।ਆਪਣੀ ਮੌਤ ਦੇ ਨਾਲ ਹੀ ਇੱਕ ਵਾਰ ਫਿਰ ਉਹ ਗੁਮਨਾਮੀ ਦੇ ਹਨੇਰੇ ''ਚ ਲੀਨ ਹੋ ਗਈ।

ਇਸਟਮੰਡ ਲਿਖਦੇ ਹਨ ਕਿ ਅਸੀਂ ਨਹੀਂ ਜਾਣਦੇ ਕਿ ਉਸ ਨੂੰ ਕਿੱਥੇ ਦਫ਼ਨਾਇਆ ਗਿਆ ਸੀ।

ਇਸਟਮੰਡ ਨੇ ਟੇਮਟਾ ਦੀ ਕਹਾਣੀ ''ਚ ਮੱਧ ਪੂਰਬ ਦੀਆਂ ਕਈ ਰਾਜਕੁਮਾਰੀਆਂ ਅਤੇ ਰਾਣੀਆਂ ਦਾ ਵੀ ਜ਼ਿਕਰ ਕੀਤਾ ਹੈ। ਇਹ ਉਹ ਮਹਿਲਾਵਾਂ ਹਨ ਜਿੰਨ੍ਹਾਂ ਨੇ ਸਭ ਤੋਂ ਮੁਸ਼ਕਲ ਸਮੇਂ ''ਚ ਆਪਣੇ ਆਪ ਲਈ ਇੱਕ ਜਗ੍ਹਾ ਬਣਾਉਣ ਦਾ ਯਤਨ ਕੀਤਾ ਸੀ।

ਇਸ ਦੇ ਨਾਲ ਹੀ ਉਸ ਨੇ ਉਨ੍ਹਾਂ ਔਰਤਾਂ ਦਾ ਵੀ ਜ਼ਿਕਰ ਕੀਤਾ ਹੈ ਜੋ ਕਿ ਆਪਣੇ ਸਮੇਂ ਦੀ ਰਾਜਨੀਤੀ ''ਚ ਇੱਕ ਮੋਹਰੇ ਤੋਂ ਵੱਧ ਕੁੱਝ ਵੀ ਨਹੀਂ ਸਨ।

"ਇਸਲਾਮ ਛੱਡੋ, ਵਿਆਹ ਟੁੱਟ ਗਿਆ, ਹੁਣ ਫਿਰ ਮੁਸਲਮਾਨ ਬਣ ਕੇ ਨਵਾਂ ਵਿਆਹ ਕਰ ਲੋ"

ਇਸਟਮੰਡ ਲਿਖਦੇ ਹਨ ਕਿ "ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੌਜੁਦ ਹਨ, ਜਿੱਥੇ ਸ਼ਾਸਕਾਂ ਨੇ ਵਿਆਹ ਰਾਹੀਂ ਆਪਣੀ ਇੱਛਾ ਨਾਲ ਗੱਠਜੋੜ ਕਰਨ ਦੇ ਕਈ ਉਪਰਾਲੇ ਕੀਤੇ।

1164 ''ਚ ਮਲਾਤਿਆ ਰਾਜ ਦੇ ਸ਼ਾਸਕ ਯਜੀਬਸਨ ਆਪਣੇ ਭਤੀਜੇ ਦਾ ਵਿਆਹ ਗੁਆਂਢੀ ਰਾਜ ਦੇ ਸ਼ਾਸਕ ਦੀ ਧੀ ਨਾਲ ਕਰਾਕੇ ਆਪਣਾ ਰੁਤਬਾ ਵਧਾਉਣਾ ਚਾਹੁੰਦੇ ਸਨ। ਪਰ ਰਾਜਕੁਮਾਰੀ ਦਾ ਵਿਆਹ ਉਨ੍ਹਾਂ ਦੇ ਦੁਸ਼ਮਣ ਸੇਲਜੂਕ ਸੁਲਤਾਨ ਕੁਲਚ ਅਰਸਲਾਨ ਨਾਲ ਹੋ ਗਿਆ ਸੀ।ਪਰ ਉਹ ਇਸ ਤੋਂ ਨਿਰਾਸ਼ ਨਹੀਂ ਹੋਏ।

ਉਨ੍ਹਾਂ ਨੇ ਰਾਜਕੁਮਾਰੀ ਨੂੰ ਅਗਵਾ ਕੀਤਾ ਅਤੇ ਇਸਲਾਮ ਛੱਡਣ ਲਈ ਮਜਬੂਰ ਕੀਤਾ ਤਾਂ ਕਿ ਉਨ੍ਹਾਂ ਦਾ ਵਿਆਹ ਟੁੱਟ ਜਾਵੇ। ਜਿਸ ਸਮੇਂ ਰਾਜਕੁਮਾਰੀ ਨੇ ਧਰਮ ਛੱਡਣ ਦਾ ਐਲਾਨ ਕੀਤਾ ਤਾਂ ਸੁਲਤਾਨ ਨੇ ਉਸ ਨੂੰ ਮੁੜ ਇਸਲਾਮ ''ਚ ਤਬਦੀਲ ਕਰਵਾ ਕੇ ਆਪਣੇ ਭਤੀਜੇ ਨਾਲ ਰਾਜਕੁਮਾਰੀ ਦਾ ਵਿਆਹ ਕਰ ਦਿੱਤਾ।

ਟੇਮਟਾ ਜਦੋਂ ਜਲਾਲੂਦੀਨ ਦੀ ਇਖਲਾਤ ''ਤੇ ਜਿੱਤ ਦੇ ਨਤੀਜਿਆਂ ਦਾ ਸਾਹਮਣਾ ਕਰ ਰਹੀ ਸੀ ਤਾਂ ਉਨ੍ਹਾਂ ਦਿਨਾਂ ''ਚ ਅਯੂਬੀ ਸ਼ਹਿਜਾਦੀ ਆਪਣੇ ਪਰਿਵਾਰ ਦੇ ਪੁਰਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਦਾ ਟਾਕਰਾ ਕਰ ਰਹੀ ਸੀ।

1232 ''ਚ ਟੇਮਟਾ ਦੇ ਜੇਠ ਅਤੇ ਮਿਸਰ ਦੇ ਸੁਲਤਾਨ ਕਾਮਿਲ ਨੇ ਆਪਣੀ ਧੀ ਆਸ਼ੋਰ ਖ਼ਾਤੂਨ ਦਾ ਵਿਆਹ ਆਪਣੇ ਭਤੀਜੇ ਨਾਸਿਰ ਅਲ-ਦਾਊਦ ਨਾਲ ਕੀਤਾ, ਜੋ ਕਿ ਮ੍ਰਿਤ ਸਾਗਰ ਦੇ ਦੱਖਣੀ ਖੇਤਰ ਕਰਕ ਦੇ ਹੁਕਮਰਾਨ ਸਨ।

ਪਰ ਜਦੋਂ ਅਗਲੇ ਹੀ ਸਾਲ ਉਸ ਨੂੰ ਸ਼ੱਕ ਹੋਇਆ ਕਿ ਨਾਸਿਰ ਉਸ ਦੇ ਖ਼ਿਲਾਫ ਸਾਜਿਸ਼ ਰਚ ਰਿਹਾ ਹੈ ਤਾਂ ਉਨ੍ਹਾਂ ਨੇ ਜੋੜੇ ''ਤੇ ਦਬਾਅ ਕਾਇਮ ਕਰਕੇ ਇਸ ਵਿਆਹ ਨੂੰ ਤੁੜਵਾ ਦਿੱਤਾ ਸੀ।

ਨਾਸਿਰ ਬਗ਼ਦਾਦ ਵੱਲ ਭੱਜ ਗਿਆ ਅਤੇ ਉਸ ਨੇ ਖ਼ਲੀਫ਼ਾ ਤੋਂ ਮਦਦ ਮੰਗੀ। ਖ਼ਲੀਫ਼ਾ ਦੇ ਦਖਲ ਨਾਲ ਚਾਚੇ-ਭਤੀਜੇ ''ਚ ਸੁਲਹਾ ਹੋ ਗਈ ਅਤੇ ਉਸ ਨੂੰ ਆਪਣੇ ਵਤਨ ਪਰਤਣ ਦੀ ਇਜਾਜ਼ਤ ਮਿਲ ਗਈ।

ਇਸ ਤੋਂ ਬਾਅਦ 1236 ''ਚ ਉਨ੍ਹਾਂ ਦੇ ਭਰਾ ਅਤੇ ਭਤੀਜਿਆਂ ਨੇ ਸੁਲਤਾਨ ਕਾਮਿਲ ਖ਼ਿਲਾਫ਼ ਇੱਕ ਹੋਰ ਸਾਜਿਸ਼ ਰਚੀ। ਪਰ ਇਸਟਮੰਡ ਮੁਤਾਬਕ ਇਸ ਵਾਰ ਕਾਮਿਲ ਵਫ਼ਾਦਾਰ ਰਿਹਾ ਅਤੇ ਇਸ ਦੇ ਬਦਲੇ ''ਚ ਆਸ਼ੂਰਾ ਖ਼ਾਤੂਨ ਨਾਲ ਉਸ ਦੇ ਵਿਆਹ ਨੂੰ ਬਹਾਲ ਕਰ ਦਿੱਤਾ ਗਿਆ ਸੀ।

ਟੇਮਟਾ ਦੀ ਨਣਦ, ਸੁਲਤਾਨ ਸਲਾਹੁਦੀਨ ਆਯੂਬੀ ਦੀ ਭਤੀਜੀ ਅਤੇ ਅਲੇਪੋ ਸ਼ਹਿਰ

13ਵੀਂ ਸਦੀ ''ਚ ਮਹਿਲਾ ਹੁਕਮਰਾਨ ਬਣਨ ਦੀ ਇੱਕ ਹੋਰ ਮਿਸਾਲ ਟੇਮਟਾ ਦੀ ਨਣਦ ਦੀ ਹੈ। ਇਹ ਸੁਲਤਾਨ ਆਯੂਬੀ ਦੀ ਭਤੀਜੀ ਸੀ, ਜੋ ਕਿ ਉਨ੍ਹਾਂ ਤੋਂ ਬਾਅਦ ਸਾਮਰਾਜ ਸੰਬਾਲਣ ਵਾਲੇ ਅਲ-ਆਦਿਲ (ਸੁਲਤਾਨ ਕਾਮਿਲ ਦੇ ਪਿਤਾ) ਦੀ ਧੀ ਜ਼ੈਫਾ ਖ਼ਾਤੂਨ ਸੀ।

ਅਲ-ਆਦਿਲ ਨੇ ਜ਼ੈਫ਼ਾ ਦਾ ਨਿਕਾਹ ਸੁਲਤਾਨ ਸਲਾਹੁਦੀਨ ਦੇ ਪੁੱਤਰ ਅਲ-ਜ਼ਹੀਰ ਗਾਜ਼ੀ ਨਾਲ ਕਰਾ ਦਿੱਤਾ ਸੀ। ਅਲ-ਜ਼ਹੀਰ ਅਲੇਪੋ ਸ਼ਹਿਰ ਦਾ ਸ਼ਾਸਕ ਸੀ।

ਇਸ ਸ਼ਹਿਰ ਦੀ ਗਿਣਤੀ ਸੁਲਤਾਨ ਸਲਾਹੁਦੀਨ ਆਯੂਬੀ ਦੇ ਉਨ੍ਹਾਂ ਖੇਤਰਾਂ ''ਚ ਹੁੰਦੀ ਸੀ, ਜਿੰਨ੍ਹਾਂ ਨੂੰ ਉਨ੍ਹਾਂ ਦੇ ਭਰਾ ਅਲ-ਆਦਿਲ ਨੇ ਸੁਲਤਾਨ ਸਲਾਹੁਦੀਨ ਆਯੂਬੀ ਦੀ ਮੌਤ ਤੋਂ ਬਾਅਦ ਸੱਤਾ ਸੰਭਾਲਣ ਮੌਕੇ ਆਪਣੇ ਰਾਜ ''ਚ ਸ਼ਾਮਲ ਨਹੀਂ ਕੀਤਾ ਸੀ।

ਜ਼ੈਫ਼ਾ ਦਾ ਜ਼ਿਕਰ ਟੇਮਟਾ ਦੀ ਤਰ੍ਹਾਂ ਹੀ ਵਿਆਹ ਤੋਂ ਬਾਅਦ ਗਾਇਬ ਹੋ ਜਾਂਦਾ ਹੈ ਅਤੇ ਲਗਭਗ ਦੋ ਦਹਾਕਿਆਂ ਤੱਕ ਉਸ ਦੀ ਕੋਈ ਚਰਚਾ ਨਹੀਂ ਹੁੰਦੀ ਹੈ।

ਜ਼ੈਫ਼ਾ ਦਾ ਜ਼ਿਕਰ ਉਨ੍ਹਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ 1236 ''ਚ ਇੱਕ ਵਾਰ ਫਿਰ ਹੁੰਦਾ ਹੈ। ਜਦੋਂ ਉਹ ਆਪਣੇ 7 ਸਾਲਾਂ ਪੋਤੇ ਸਲਾਹੁਦੀਨ ਦੂਜੇ ਦੀ ਬਿਨਾਹ ''ਤੇ ਸੱਤਾ ਸੰਭਾਲਦੀ ਹੈ।

1243 ''ਚ ਆਪਣੀ ਮੌਤ ਤੱਕ ਜ਼ੈਫ਼ਾ ਅਲੇਪੋ ਦੀ ਕਾਰਜਕਾਰੀ ਸ਼ਾਸਕ ਵੱਜੋਂ ਸੇਵਾਵਾਂ ਨਿਭਾਉਂਦੀ ਰਹੀ।

ਇਸਟਮੰਡ ਨੇ ਲਿਖਿਆ ਹੈ ਕਿ ਇਸ ਦੌਰਾਨ ਉਹ ਕਦੇ ਵੀ ਜਨਤਕ ਤੌਰ ''ਤੇ ਸਾਹਮਣੇ ਨਹੀਂ ਆਈ ਸੀ। ਜ਼ੈਫ਼ਾ ਨੇ ਆਪਣੇ ਇੱਕ ਨਿੱਜੀ ਗੁਲਾਮ ਦੀ ਅਗਵਾਈ ਵਾਲੀ ਸਲਾਹਕਾਰ ਕੌਂਸਲ ਰਾਹੀਂ ਸ਼ਾਸਨ ਕੀਤਾ ਸੀ।

ਉਸ ਨੇ ਇੰਨੀ ਖਾਮੋਸ਼ੀ ਨਾਲ ਸ਼ਾਸਨ ਕੀਤਾ ਕਿ ਜੇਕਰ ਹਾਲ ''ਚ ਹੀ ਇੱਕ ਇਤਿਹਾਸਕਾਰ ਯਾਸਿਰ ਤਬਾ ਨੇ ਉਸ ਨੂੰ ਗੁਮਨਾਮੀ ਦੀ ਹਨੇਰੇ ''ਚੋਂ ਬਾਹਰ ਨਾ ਕੱਢਿਆ ਹੁੰਦਾ ਤਾਂ ਇਤਿਹਾਸ ''ਚ ਉਸ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕੀਤੇ ਜਾਣ ਖ਼ਤਰਾ ਕਾਇਮ ਸੀ।

ਇਤਿਹਾਸਕਾਰ ਇਬਨੇ ਵਾਸਿਲ ਲਿਖਦੇ ਹਨ ਕਿ ਜ਼ੈਫ਼ਾ ਨੇ ਆਪਣੀ ਜਨਤਾ ਨਾਲ ਹਮੇਸ਼ਾਂ ਨਿਆਂ ਕੀਤਾ ਅਤੇ ਉਨ੍ਹਾਂ ਨਾਲ ਪਿਆਰ ਅਤੇ ਸਲੀਕੇ ਨਾਲ ਪੇਸ਼ ਆਈ।

ਅਲੇਪੋ ਸ਼ਹਿਰ ''ਚ ਬਹੁਤ ਸਾਰੇ ਕਰਾਂ ਨੂੰ ਘਟਾ ਦਿੱਤਾ ਗਿਆ ਸੀ। ਉਹ ਜੱਜਾਂ, ਸੰਨਿਆਸੀਆਂ, ਬੁੱਧੀਜੀਵੀਆਂ ਅਤੇ ਸਾਰੇ ਧਰਮਾਂ ਦੇ ਲੋਕਾਂ ਪ੍ਰਤੀ ਹਮਦਰਦੀ ਦੀ ਭਾਵਨਾ ਰੱਖਦੀ ਸੀ ਅਤੇ ਉਸ ਨੇ ਕਈ ਦਾਨੀ ਸੰਸਥਾਵਾਂ ਦੀ ਸਥਾਪਨਾ ਵੀ ਕੀਤੀ ਸੀ।

ਇਸਟਮੰਡ ਲਿਖਦੇ ਹਨ ਕਿ ਉਸ ਦੌਰ ''ਚ ਵਿਆਹ ਦੋਵਾਂ ਧਿਰਾਂ ਦੀ ਸਥਿਤੀ ਨੂੰ ਬਿਆਨ ਕਰਦਾ ਸੀ। ਜੇਕਰ ਕੁੜੀ ਕਮਜ਼ੋਰ ਪਰਿਵਾਰ ਨਾਲ ਸਬੰਧ ਰੱਖਦੀ ਤਾਂ ਉਸ ਦੇ ਮਾੜੇ ਨਤੀਜੇ ਭੁਗਤਣੇ ਪੈਂਦੇ।

ਫਿਰ ਭਾਵੇਂ ਦੋਵਾਂ ਦਾ ਧਰਮ ਵੀ ਇੱਕ ਹੀ ਕਿਉਂ ਨਾ ਹੋਵੇ। ਇਸ ਦੀ ਸਭ ਤੋਂ ਘਟੀਆ ਉਦਾਹਰਣ 13ਵੀਂ ਸਦੀ ਦੇ ਅਖੀਰ ''ਚ ਬਾਈਜੇਂਟਾਈਨ ਸਮਾਰਾਜ ''ਚ ਮਿਲਦੀ ਹੈ।

ਬਾਈਜੇਂਟਾਈਨ ਸ਼ਹਿਜਾਦੀ ਨਾਲ ਹੋਏ ਜਬਰ ਜਿਨਾਹ '' ਤੇ ਇਸ ਹਜ਼ਾਰ ਸਾਲ ਪੁਰਾਣੇ ਸਾਮਰਾਜ ਦੀ ਚੁੱਪੀ

ਇਹ ਟੇਮਟਾ ਦੇ ਵਿਆਹ ਤੋਂ ਬਾਅਦ ਦੇ ਦਹਾਕਿਆਂ ਦੀ ਉਦਾਹਰਣ ਹੈ। ਬਾਈਜੇਂਟਾਈਨ ਸਾਮਰਾਜ ਦੇ ਬਾਦਸ਼ਾਹ ਐਂਡਰੋਨਿਕੋਸ ਦੂਜੇ ਦੀ ਪੰਜ ਸਾਲਾ ਧੀ ਸਮਯੂਨਿਸ ਦਾ ਵਿਆਹ ਸਰਬੀਆ ਦੇ 40 ਸਾਲ ਤੋਂ ਵੀ ਵੱਧ ਉਮਰ ਦੇ ਰਾਜੇ ਸਟੀਫਨ ਤੀਜੇ ਨਾਲ ਹੋਇਆ ਸੀ।

ਬਾਈਜੇਂਟਾਈਨ ਸਾਮਰਾਜ ਦਾ ਦਾਇਰਾ ਘੱਟ ਰਿਹਾ ਸੀ। ਇਸ ਦੇ ਰਾਜੇ ਨੂੰ ਸਰਬੀਆ ਦੇ ਹਮਲੇ ਤੋਂ ਬਚਣ ਲਈ ਮਜਬੂਰੀ ''ਚ ਇਹ ਵਿਆਹ ਸਬੰਧ ਬਣਾਉਣੇ ਪਏ ਸਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਰਾਜਾ ਸਟੀਫਨ ਦਾ ਇਹ ਚੌਥਾ ਜਾਂ ਪੰਜਵਾ ਵਿਆਹ ਸੀ।

ਅਜਿਹਾ ਨਹੀਂ ਸੀ ਕਿ ਇਸ ਵਿਆਹ ਦੇ ਵਿਰੋਧ ''ਚ ਬਾਈਜੇਂਟਾਈਨ ''ਚ ਹੰਗਾਮਾ ਨਹੀਂ ਹੋਇਆ ਸੀ। ਰਾਜੇ ਨੂੰ ਬਾਈਜੇਂਟਾਈਨ ਗਿਰਜਾਘਰ ''ਚ ਆਪਣੇ ਇਸ ਕਾਰਜ ਲਈ ਮੁਆਫੀ ਮੰਗਣੀ ਪਈ ਸੀ।

ਉਨ੍ਹਾਂ ਨੂੰ ਕਹਿਣਾ ਪਿਆ ਸੀ ਕਿ " ਮੈਂ ਮਜਬੂਰ ਸੀ"। ਪੰਜ ਸਾਲ ਦੀ ਰਾਜਕੁਮਾਰੀ ਸਮੂਨਿਸ ਨੂੰ ਉਸ ਦੇ ਪਤੀ ਦੇ ਸਰਬੀਆ ਰਾਜ ''ਚ ਇਹ ਭਰੋਸਾ ਦੇ ਕੇ ਭੇਜਿਆ ਗਿਆ ਸੀ ਕਿ ਬਾਲਗ ਹੋਣ ਤੱਕ ਉਹ ਵੱਖਰੀ ਰਹੇਗੀ ਅਤੇ ਉਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ।

ਪਰ ਅੱਠ ਸਾਲ ਦੀ ਉਮਰ ''ਚ ਸਰਬੀਆ ਦੇ ਰਾਜੇ ਨੇ ਕਈ ਵਾਰ ਉਸ ਨਾਲ ਜਬਰ ਜਿਨਾਹ ਕੀਤਾ। ਜਿਸ ਦੇ ਕਾਰਨ ਉਹ ਬੱਚਾ ਪੈਦਾ ਕਰਨ ਦੀ ਸਮਰੱਥਾ ਗੁਆ ਬੈਠੀ।

ਸਮੂਨਿਸ ਨੇ ਕਈ ਵਾਰ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੀ। ਇੱਕ ਵਾਰ ਉਹ ਆਪਣੀ ਮਾਂ ਦੇ ਅੰਤਿਮ ਸਸਕਾਰ ''ਚ ਸ਼ਾਮਲ ਹੋਣ ਦੇ ਬਹਾਨੇ ਨਾਲ ਉੱਥੋਂ ਨਿਕਲਣ ''ਚ ਸਫਲ ਵੀ ਰਹੀ ਪਰ ਉਸ ਦੇ ਭਰਾ ਨੇ ਹੀ ਉਸ ਨੂੰ ਵਾਪਸ ਸਰਬੀਆ ਭੇਜ ਦਿੱਤਾ।

ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਵਾਪਸੀ ਮੌਕੇ ਉਸ ਦੀ ਪਿੱਠ ਨੰਗੀ ਸੀ ਅਤੇ ਉਹ ਘੋੜੇ ਨਾਲ ਬੰਨ੍ਹੀ ਹੋਈ ਪੈਦਲ ਹੀ ਸਫ਼ਰ ਤੈਅ ਕਰ ਰਹੀ ਸੀ।

ਇਸਟਮੰਡ ਲਿਖਦੇ ਹਨ ਕਿ "ਭੂਤਕਾਲ ਦਾ ਸ਼ਕਤੀਸ਼ਾਲੀ ਬਾਈਜ਼ੇਂਟਾਈਨ ਸਾਮਰਾਜ ਹੁਣ ਇੱਕ ਛੋਟੀ ਕੁੜੀ ਵਾਂਗਰ ਹੀ ਸੀ। ਜਿਸ ਨਾਲ ਕਿ ਬਿਨ੍ਹਾਂ ਕਿਸੇ ਡਰ ਦੇ ਦੁਰ ਵਿਵਹਾਰ ਕੀਤਾ ਜਾ ਸਕਦਾ ਸੀ।"

ਟੇਮਟਾ ਦਾ ਵਿਆਹ ਇਸ ਘਟਨਾ ਤੋਂ ਲਗਭਗ 1 ਸਦੀ ਪਹਿਲਾਂ 13ਵੀਂ ਸਦੀ ਦੇ ਸ਼ੂਰੂਆਤੀ ਦੌਰ ''ਚ ਮਜਬੂਰੀ ਦੀ ਸਥਿਤੀ ''ਚ ਆਯੂਬੀ ਪਰਿਵਾਰ ''ਚ ਕੀਤਾ ਗਿਆ ਸੀ।

ਇਸਟਮੰਡ ਨੇ ਆਪਣੀ ਕਿਤਾਬ ''ਟੇਮਟਾਜ਼ ਵਰਲਡ'' ਦੇ ਅੰਤ ''ਚ ਲਿਖਿਆ ਹੈ ਕਿ ਟੇਮਟਾ ਇਤਿਹਾਸ ਦਾ ਇੱਕ ਫੁੱਟਨੋਟ ਹੈ। ਜਿਸ ਨੂੰ ਕਿ 19ਵੀਂ ਸਦੀ ''ਚ ਇੱਕ ਫਰਾਂਸੀਸੀ ਇਤਿਹਾਸਕਾਰ ਮਾਗੀ ਫਲੇਸਤੇ ਬਰੂਸੇਤ ਨੇ ਜਾਰਜੀਆ ਦੇ ਇਤਿਹਾਸਕ ਦਸਤਾਵੇਜਾਂ ਦਾ ਅਨੁਵਾਦ ਕਰਦਿਆਂ ਲੱਭਿਆ ਸੀ। ਪਰ ਉਹ ਇੱਕ ਸਦੀ ਤੱਕ ਇਸ ਤੋਂ ਵੱਧ ਥਾਂ ਹਾਸਲ ਨਾ ਕਰ ਸਕੀ।

ਇਸੇ ਤਰ੍ਹਾਂ ਹੀ ਇਖਲਾਤ, ਜੋ ਕਿ ਟੇਮਟਾ ਦਾ ਸ਼ਹਿਰ ਸੀ ਅਤੇ ਇਤਿਹਾਸਕਾਰ ਉਸ ਨੂੰ ਚਾਰ ਦੁਨੀਆ ਦਾ ਸੰਗਮ ਕਹਿੰਦੇ ਹਨ, ਉਹ ਵੀ ਆਪਣੇ ਮਹੱਤਵ ਨੂੰ ਕਾਇਮ ਨਾ ਰੱਖ ਸਕਿਆ। ਇੱਥੇ ਅਰਬੀ, ਫ਼ਾਰਸੀ, ਜਾਰਜੀਅਨ ਅਤੇ ਅਰਮੇਨੀਆਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਹੁਣ ਇਹ ਪੂਰਬੀ ਤੁਰਕੀ ''ਚ ਇੱਕ ਛੋਟਾ ਅਤੇ ਮਾਮੂਲੀ ਜਿਹਾ ਸਥਾਨ ਹੈ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ''ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=MfkOm-qfm5U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4b760c0e-aa81-4845-9578-88b75fd5e82c'',''assetType'': ''STY'',''pageCounter'': ''punjabi.international.story.55035365.page'',''title'': ''ਅਰਮੇਨੀਆਂ ਦੀ ਸ਼ਹਿਜ਼ਾਦੀ: ਪਿਓ ਦੀ ਰਿਹਾਈ ਲਈ ਫਿਰੌਤੀ ਵਜੋਂ ਦਿੱਤੀ ਧੀ ਨੇ ਕਿਵੇਂ ਮੰਗੋਲੀਆ ਤੱਕ ਧਾਂਕ ਜਮਾਈ'',''author'': ''ਅਸਦ ਅਲੀ'',''published'': ''2020-11-23T01:32:31Z'',''updated'': ''2020-11-23T01:32:31Z''});s_bbcws(''track'',''pageView'');