ਕਾਮਰਾਨ ਆਨ ਬਾਈਕ: ਸਾਈਕਲ ''''ਤੇ 50 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਇਸ ਸ਼ਖ਼ਸ ਬਾਰੇ ਜਾਣੋ

10/24/2020 12:40:14 PM

"ਨਵੀਆਂ ਥਾਵਾਂ ''ਤੇ ਜਾਣਾ ਅਤੇ ਸ਼ਾਨਦਾਰ ਨਜ਼ਾਰੇ ਵੇਖਣਾ ਬਹੁਤ ਹੀ ਚੰਗਾ ਲੱਗਦਾ ਹੈ। ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਈਕਲਿੰਗ ਇੱਕ ਅਜਿਹਾ ਸ਼ੌਕ ਹੈ, ਜਿਸ ''ਚ ਕਈ ਵਾਰ ਇੱਕਲਾਪਨ ਵੀ ਮਹਿਸੂਸ ਹੋਣ ਲੱਗਦਾ ਹੈ।"

"ਤੁਸੀਂ ਜੰਗਲਾਂ ਅਤੇ ਰੇਗਿਸਤਾਨ ''ਚ ਸੈਂਕੜੇ ਮੀਲ ਤੱਕ ਇੱਕਲੇ ਹੀ ਸਾਈਕਲ ਚਲਾਉਂਦੇ ਹੋ। ਕਈ ਵਾਰ ਤਾਂ ਜਾਨਵਰਾਂ ਅਤੇ ਪੰਛੀਆਂ ਦੀ ਆਵਾਜ਼ ਤੱਕ ਵੀ ਕੰਨ੍ਹੀ ਨਹੀਂ ਪੈਂਦੀ ਹੈ। ਇਹ ਇੱਕਲਾਪਨ ਖਾਣ ਨੂੰ ਪੈਂਦਾ ਹੈ। ਜੇਕਰ ਤੁਸੀਂ ਇਸ ਦਾ ਡੱਟ ਕੇ ਸਾਹਮਣਾ ਕਰ ਸਕਦੇ ਹੋ ਤਾਂ ਆਓ ਸਾਈਕਲ ਚਲਾਓ।"

ਇਹ ਕਾਮਰਾਨ ਅਲੀ ਦੇ ਬੋਲ ਹਨ, ਜਿਸ ਨੂੰ ਆਮ ਤੌਰ ''ਤੇ ''ਕਾਮਰਾਨ ਆਨ ਬਾਈਕ'' ਵੱਜੋਂ ਜਾਣਿਆ ਜਾਂਦਾ ਹੈ। ਅਲੀ ਕਹਿੰਦੇ ਹਨ, "ਮੈਂ ਸੋਚ ਰਿਹਾ ਹਾਂ ਕਿ ਕਾਨੂੰਨੀ ਤੌਰ ''ਤੇ ਵੀ ਆਪਣਾ ਨਾਂਅ ਬਦਲ ਕੇ ਕਾਮਰਾਨ ਆਨ ਬਾਈਕ ਹੀ ਰੱਖ ਲਵਾਂ।"

ਇਹ ਵੀ ਪੜ੍ਹੋ

  • ਕੀ ਪਹਿਲਾਂ ਲੱਗੇ ਲੌਕਡਾਊਨ ਕਾਰਨ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਦਰ ਵਿੱਚ ਕਮੀ ਆ ਰਹੀ ਹੈ
  • ਟਰੰਪ ਨੇ ਕਿਹਾ ਸਾਨੂੰ ਕੋਰੋਨਾਵਾਇਰਸ ਨਾਲ ਜਿਊਣਾ ਸਿਖਣਾ ਹੋਵੇਗਾ, ਬਾਇਡਨ ਨੇ ਦਿੱਤਾ ਇਹ ਜਵਾਬ
  • ਕੇਂਦਰ ਨੇ ਕੀਤਾ ਕੋਰੋਨਾ ਵੈਕਸੀਨ ਵੰਡਣ ਦਾ ਐਲਾਨ, ਤੁਹਾਨੂੰ ਕਦੋਂ ਮਿਲੇਗੀ ਆਪਣੇ ਸੂਬੇ ਦੀ ਚੋਣਾਂ ਦੀ ਤਰੀਕ ਦੇਖੋ -ਰਾਹੁਲ ਗਾਂਧੀ

ਪਿਛਲੇ 9 ਸਾਲਾਂ ''ਚ ਕਾਮਰਾਨ ਨੇ 50 ਹਜ਼ਾਰ ਕਿਲੋਮੀਟਰ ਦਾ ਸਫ਼ਰ ਸਾਈਕਲ ''ਤੇ ਤੈਅ ਕੀਤਾ ਹੈ। ਉਸ ਨੇ ਹੁਣ ਤੱਕ 43 ਦੇਸ਼ਾਂ ਦਾ ਦੌਰਾ ਕੀਤਾ ਹੈ। ਅੱਜ ਕੱਲ੍ਹ ਕੋਵਿਡ-19 ਦੇ ਕਾਰਨ ਉਹ ਪਾਕਿਸਤਾਨ ''ਚ ਹੀ ਰੁਕੇ ਹੋਏ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਨੂੰ ਮੁੜ ਆਪਣਾ ਸਫ਼ਰ ਸ਼ੁਰੂ ਕਰਨ ਲਈ ਹਰੀ ਝੰਡੀ ਮਿਲੇ ਅਤੇ ਉਹ ਆਪਣੀ ਸਾਈਕਲ ਯਾਤਰਾ ''ਤੇ ਨਿਕਲਣ।

ਹਾਲਾਂਕਿ ਇਸ ਸਮੇਂ ਵੀ ਉਨ੍ਹਾਂ ਨੇ ਆਪਣੇ ਆਪ ਨੂੰ ਕੰਮ ''ਚ ਲਾਈ ਰੱਖਿਆ ਹੈ। ਉਹ ਆਪਣੀਆਂ ਪਿਛਲੀਆਂ ਯਾਤਰਾਵਾਂ ''ਚ ਲਈ ਗਈਆਂ ਅਣਗਿਣਤ ਤਸਵੀਰਾਂ ''ਚੋਂ ਕੁੱਝ ਚੁਣੀਦਾ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ''ਤੇ ਸ਼ੇਅਰ ਕਰ ਰਹੇ ਹਨ ਅਤੇ ਉਨ੍ਹਾਂ ਬਾਰੇ ਬਲਾਗ ਵੀ ਲਿੱਖ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦਾ ਸਫ਼ਰ ਅਜੇ ਵੀ ਜਾਰੀ ਹੈ ਅਤੇ ''ਪਿਕਚਰ ਅਜੇ ਬਾਕੀ ਹੈ, ਮੇਰੇ ਦੋਸਤ''।

ਬੀਬੀਸੀ ਉਰਦੂ ਨਾਲ ਵਰਚੁਅਲੀ ਗੱਲਬਾਤ ਕਰਦਿਆਂ ਕਾਮਰਾਨ ਨੇ ਆਪਣੇ ਪਿਛਲੇ ਸਮੇਂ ਦੀਆਂ ਕੁੱਝ ਯਾਦਾਂ ਸਾਂਝੀਆਂ ਕੀਤੀਆਂ, ਜਿਸ ਦਾ ਵਰਣਨ ਅਸੀਂ ਇੱਥੇ ਕਰ ਰਹੇ ਹਾਂ।

ਸਾਈਕਲ ਚਲਾਉਣ ਦਾ ਜਨੂਨ ਅਤੇ ਘਰ ਵਾਲਿਆਂ ਦੀ ਮਾਰ

ਮੇਰਾ ਜਨਮ ਦੱਖਣੀ ਪੰਜਾਬ ਦੇ ਸ਼ਹਿਰ ਲੇਹ ''ਚ ਹੋਇਆ ਹੈ। ਮੇਰੇ ਪਿਤਾ ਜੀ ਦੀ ਪੁਰਾਣੇ ਟਾਇਰਾਂ ਦੀ ਇੱਕ ਦੁਕਾਨ ਸੀ, ਜਿੱਥੇ ਉਹ ਟਾਇਰਾਂ ''ਚ ਪੰਚਰ ਲਗਾਉਣ ਦਾ ਕੰਮ ਕਰਦੇ ਸਨ।

ਮੈਂ ਵੀ ਦੁਕਾਨ ''ਤੇ ਆਪਣੇ ਪਿਤਾ ਦੀ ਮਦਦ ਕਰਦਾ ਹੁੰਦਾ ਸੀ। ਮੇਰੇ ਪਿਤਾ ਜੀ ਦੀ ਇੱਛਾ ਸੀ ਕਿ ਮੈਂ ਪੜ੍ਹ ਲਿੱਖ ਜਾਵਾਂ ਅਤੇ ਉਨ੍ਹਾਂ ਵਾਂਗਰ ਪੰਚਰ ਲਗਾਉਣ ਦਾ ਕੰਮ ਨਾ ਕਰਾਂ। ਇਸ ਲਈ ਮੈਂ ਲੇਹ ਤੋਂ ਹੀ ਇੰਟਰਮੀਡੀਅਟ ਕੀਤਾ ਅਤੇ ਫਿਰ ਮੁਲਤਾਨ ਚਲਾ ਗਿਆ।

ਇੱਥੇ ਮੈਂ ਬਹਾਊਦੀਨ ਜ਼ਕਰੀਆ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ''ਚ ਬੀਐਸਸੀ ਅਤੇ ਫਿਰ ਐਮਐਸਸੀ ਦੀ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਜਰਮਨੀ ''ਚ ਮੇਰਾ ਦਾਖਲਾ ਹੋ ਗਿਆ। ਉੱਥੇ ਜਾ ਕੇ ਮੈਂ ਆਪਣੀ ਮਾਸਟਰਜ ਅਤੇ ਪੀਐਚਡੀ ਪੂਰੀ ਕੀਤੀ।

ਬਚਪਨ ''ਚ ਜਦੋਂ ਮੈਂ 12-13 ਸਾਲ ਦਾ ਸੀ, ਤਾਂ ਮੈਂ ਇੱਕ ਵਾਰ ਆਪਣੇ ਦੋਸਤ ਨਾਲ ਸਾਈਕਲ ''ਤੇ 12 ਰਬੀ-ਉਲ-ਅਵੱਲ (ਅਰਬੀ ਮਹੀਨਾ, ਇਸ ਦਿਨ ਪੈਗੰਬਰ ਮੁਹੰਮਦ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਦੀ ਮੌਤ ਵੀ ਇਸੇ ਹੀ ਦਿਨ ਹੋਈ ਸੀ) ਦੇ ਦਿਨ ਚੌਕ ਆਜ਼ਮ ਗਿਆ ਸੀ। ਇਹ ਲੇਹ ਤੋਂ 26 ਕਿਮੀ. ਦੂਰ ਇੱਕ ਛੋਟੀ ਜਿਹੀ ਜਗ੍ਹਾ ਹੈ।

ਇਸ ਯਾਤਰਾ ''ਚ ਸਾਡੇ ਨਾਲ ਇੱਕ ਹੋਰ ਸਹਿਪਾਠੀ ਵੀ ਸ਼ਾਮਲ ਹੋਇਆ। ਮੈਂ ਸਾਈਕਲ ਚਲਾ ਰਿਹਾ ਸੀ ਅਤੇ ਮੇਰਾ ਇੱਕ ਦੋਸਤ ਅੱਗੇ ਅਤੇ ਇੱਕ ਪਿੱਛੇ ਬੈਠਾ ਸੀ। ਮਹਿਜ਼ 12 ਸਾਲ ਦੀ ਉਮਰ ''ਚ ਮੈਂ ਦੋ ਸਾਥੀਆਂ ਨੂੰ ਸਾਈਕਲ ''ਤੇ ਬਿਠਾ ਕੇ ਤੁਰ ਪਿਆ ਸੀ।

ਰਸਤੇ ''ਚ ਕਈ ਥਾਵਾਂ ''ਤੇ ਵੀ ਰੁਕੇ। ਫਲ ਤੋੜ ਕੇ ਖਾਧੇ, ਕਹਿ ਸਕਦੇ ਹਾਂ ਕਿ ਉਸ ਦਿਨ ਸਾਨੂੰ ਬਹੁਤ ਮਜ਼ਾ ਆਇਆ। ਮੇਰੀ ਪਹਿਲੀ ਸਾਈਕਲ ਯਾਤਰਾ 52 ਕਿਮੀ. ਦੀ ਸੀ, ਜਿਸ ''ਚ ਆਉਣਾ-ਜਾਣਾ ਸ਼ਾਮਲ ਸੀ। ਇਸ ਸਫ਼ਰ ਨੇ ਮੈਨੂੰ ਇੱਕ ਵੱਖਰੀ ਹੀ ਖੁਸ਼ੀ ਦਾ ਅਹਿਸਾਸ ਕਰਵਾਇਆ ਸੀ। ਇੱਕ ਕਹਾਵਤ ਹੈ ਨਾ ''ਪਰ ਲੱਗ ਜਾਣਾ'', ਮੈਨੂੰ ਵੀ ਕੁੱਝ ਅਜਿਹਾ ਹੀ ਮਹਿਸੂਸ ਹੋਇਆ।

ਉਸ ਤੋਂ ਬਾਅਦ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੇ ਬਿਨ੍ਹਾਂ ਹੀ ਲੇਹ ਤੋਂ ਮੁਲਤਾਨ ਦੀ ਯਾਤਰਾ ਕੀਤੀ, ਜੋ ਕਿ 150 ਜਾਂ 160 ਕਿਮੀ ਰਹੀ ਹੋਵੇਗੀ। ਇਸ ਤੋਂ ਬਾਅਦ ਲੇਹ ਤੋਂ ਲਾਹੌਰ ਦੀ ਦੋ ਦਿਨਾਂ ਯਾਤਰਾ ਸਾਈਕਲ ''ਤੇ ਕੀਤੀ। ਹਰ ਯਾਤਰਾ ਤੋਂ ਬਾਅਦ ਜਦੋਂ ਪਰਿਵਾਰ ਨੂੰ ਉਸ ਦਾ ਪਤਾ ਚੱਲਦਾ ਤਾਂ ਮਾਰ ਵੀ ਪੈਂਦੀ ਸੀ। ਉਨ੍ਹਾਂ ਦਾ ਕਹਿਣਾ ਹੁੰਦਾ ਸੀ ਕਿ ਪੜ੍ਹਣ ਦੀ ਬਜਾਏ ਮੈਂ ਕਿੰਨ੍ਹਾਂ ਕੰਮਾਂ ''ਚ ਪਿਆ ਹੋਇਆ ਹਾਂ।

ਉਸ ਤੋਂ ਬਾਅਦ ਮੈਂ ਘਰ ''ਚ ਦੱਸਣਾ ਹੀ ਬੰਦ ਕਰ ਦਿੱਤਾ। ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਤੈਨੂੰ ਆਪਣੀ ਪੜ੍ਹਾਈ ''ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਅਸੀਂ ਤੇਰੇ ''ਤੇ ਪੈਸੇ ਖ਼ਰਚ ਕਰ ਰਹੇ ਹਾਂ ਅਤੇ ਤੂੰ ਹੈ ਕਿ ਸਾਈਕਲ ''ਤੇ ਹੀ ਨਿਕਲਿਆ ਰਹਿੰਦਾ ਹੈ। ਸਿੱਧਾ ਹੋ ਜਾ ਨਹੀਂ ਤਾਂ ਫਿਰ ਦੁਕਾਨ ''ਤੇ ਹੀ ਬਿਠਾ ਦੇਵਾਂਗਾ।

ਜਰਮਨੀ ਦੀ ਯਾਤਰਾ

ਇਸ ਤੋਂ ਬਾਅਦ ਮੇਰਾ ਜਰਮਨੀ ''ਚ ਕੰਪਿਊਟਰ ਸਾਇੰਸ ''ਚ ਦਾਖਲਾ ਹੋ ਗਿਆ। ਹਾਲਾਤ ਤਾਂ ਬਹੁਤ ਹੀ ਮੁਸ਼ਕਲ ਵਾਲੇ ਸਨ ਪਰ ਫਿਰ ਵੀ ਕਈ ਲੋਕਾਂ ਤੋਂ ਪੈਸੇ ਮੰਗ ਕੇ ਇੱਕਠੇ ਕੀਤੇ ਅਤੇ ਜਰਮਨੀ ਦੀ ਯਾਤਰਾ ਸ਼ੁਰੂ ਕੀਤੀ।

ਇਹ 16 ਅਕਤੂਬਰ 2002 ਦੀ ਗੱਲ ਹੈ। ਇਸਲਾਮਾਬਾਦ ਤੋਂ ਫ੍ਰੈਂਕਫਰਟ ਤੱਕ ਪੀਆਈਏ ਦੀ ਉਡਾਣ ਸੀ। ਇਸ ਮਹੀਨੇ ਇਸ ਯਾਤਰਾ ਨੂੰ 18 ਸਾਲ ਹੋ ਚੁੱਕੇ ਹਨ। ਜਿਵੇਂ ਹੀ ਜਹਾਜ਼ ਤੁਰਕੀ ਦੇ ਉਪਰੋਂ ਦੀ ਲੰਘਿਆ, ਖਿੜਕੀ ਤੋਂ ਬਾਹਰ ਵੇਖਣ ''ਤੇ ਨਦੀ-ਨਾਲੇ, ਸੜਕ ਆਦਿ ਸਭ ਕੁੱਝ ਵਿੰਗਾਂ ਟੇਢਾ ਵਿਖਾਈ ਪੈ ਰਿਹਾ ਸੀ।

ਪਹਾੜ ਇੰਝ ਪ੍ਰਤੀਤ ਹੋ ਰਹੇ ਸੀ ਜਿਵੇਂ ਪੁਰਾਣੇ ਕਾਗਜ਼ਾਂ ਨੂੰ ਵੱਟ ਪਏ ਹੋਣ। ਮੈਨੂੰ ਲੱਗਿਆ ਕਿ ਇੰਨ੍ਹਾਂ ਵਿਸ਼ਾਲ ਅਤੇ ਸੁੰਦਰ ਨਜ਼ਾਰਾ ਹੈ, ਲੋਕ ਇੱਥੇ ਕਿਵੇਂ ਰਹਿੰਦੇ ਹੋਣਗੇ, ਉਹ ਕਿਸ ਬਾਰੇ ਗੱਲਾਂ ਕਰਦੇ ਹੋਣਗੇ, ਉਨ੍ਹਾਂ ਦਾ ਸਭਿਆਚਾਰ, ਰਹਿਣ-ਸਹਿਣ ਕਿਸ ਤਰ੍ਹਾਂ ਦਾ ਹੋਵੇਗਾ।

ਮੈਂ ਆਪਣੀਆਂ ਸੋਚਾਂ ''ਚ ਹੀ ਡੁੱਬਿਆ ਰਿਹਾ ਪਰ ਮੈਨੂੰ ਉਸ ਸਮੇਂ ਇੰਨ੍ਹਾਂ ਸਵਾਲਾਂ ਦੇ ਜਵਾਬ ਨਾ ਮਿਲੇ। ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਖੁਦ ਹੀ ਇੰਨ੍ਹਾਂ ਪੈੜਾਂ ''ਤੇ ਨਿਕਲਾਂ ਅਤੇ ਆਪਣੇ ਸਵਾਲਾਂ ਦੇ ਜਵਾਬ ਲੱਭਾਂ।

ਜਹਾਜ਼ ਅਜੇ ਤੱਕ ਜਰਮਨੀ ਉਤਰਿਆ ਵੀ ਨਹੀਂ ਸੀ ਕਿ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਇੱਕ ਨਾ ਇੱਕ ਦਿਨ ਮੈਂ ਜਰਮਨੀ ਤੋਂ ਪਾਕਿਸਤਾਨ ਦਾ ਸਫ਼ਰ ਸਾਈਕਲ ''ਤੇ ਤੈਅ ਕਰਾਂਗਾ।

ਜਰਮਨੀ ''ਚ ਉਤਰਨ ਤੋਂ ਬਾਅਦ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈਨੂੰ 9 ਸਾਲਾਂ ਦਾ ਸਮਾਂ ਲੱਗਿਆ।

https://www.youtube.com/watch?v=xWw19z7Edrs&t=1s

ਇਹ ਵੀ ਪੜ੍ਹੋ

  • ਬੀਅਰ ਨਾਲ ਚੇਚਕ ਦਾ ਇਲਾਜ ਕਰਨ ਦੇ ਦਾਅਵਿਆਂ ਦੇ ਯੁੱਗ ’ਚ ਪਹਿਲੀ ਵੈਕਸੀਨ ਇੰਝ ਬਣੀ ਸੀ
  • ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ, ਸੌਖੇ ਸ਼ਬਦਾਂ ਵਿੱਚ ਸਮਝੋ
  • ਆਖ਼ਰੀ ਸਮੇਂ ਲੋਕਾਂ ਨੂੰ ਉਨ੍ਹਾਂ ਦੀ ਪਸੰਦੀਦਾ ਥਾਂ ‘ਤੇ ਲਿਜਾਣ ਵਾਲਾ ਡਰਾਈਵਰ

ਜਰਮਨੀ ''ਚ ਜ਼ਿੰਦਗੀ ਅਤੇ ਗਰੀਬਾਂ ਦੀ ਸਵਾਰੀ

ਜਰਮਨੀ ਪਹੁੰਚਣ ਤੋਂ ਬਾਅਦ ਮੈਂ ਆਪਣੇ ਰੁਝੇਵਿਆਂ ''ਚ ਰੁੱਝ ਗਿਆ। ਪਹਿਲਾਂ ਐਮਐਸਸੀ ਕੀਤੀ ਅਤੇ ਆਪਣਾ ਕਰਜਾ ਚੁਕਤਾ ਕੀਤਾ। ਫਿਰ ਪੀਐਚਡੀ ''ਚ ਦਾਖਲਾ ਮਿਲ ਗਿਆ ਤਾਂ ਪੀਐਚਡੀ ਕਰਨ ''ਚ ਰੁੱਝ ਗਿਆ। ਫਿਰ ਪਰਿਵਾਰ ਦੀ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ-ਨਿਭਾਉਂਦਿਆਂ 9 ਸਾਲ ਬੀਤ ਗਏ।

ਜਦੋਂ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਮੈਂ ਸਾਈਕਲ ''ਤੇ ਵਾਪਸ ਆਉਣਾ ਚਾਹੁੰਦਾ ਹਾਂ ਤਾਂ ਉਨ੍ਹਾਂ ਨੇ ਕਿਹਾ, "ਅਸੀਂ ਤੈਨੂੰ ਇੰਨੀ ਦੂਰ ਜਰਮਨੀ ਇੰਨ੍ਹਾਂ ਖਰਚ ਕਰਕੇ ਪੜ੍ਹਨ ਲਈ ਭੇਜਿਆ ਅਤੇ ਉੱਥੇ ਵੀ ਤੁਸੀਂ ਗਰੀਬਾਂ ਦੀ ਸਵਾਰੀ ਸਾਈਕਲ ਦੀ ਹੀ ਗੱਲ ਕਰ ਰਹੇ ਹੋ।"

ਫਿਰ ਮੈਂ ਆਪਣੀ ਮਾਂ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਅਤੇ ਇਸ ਤਰ੍ਹਾਂ ਅਖੀਰ ਮੈਨੂੰ ਸਾਈਕਲ ''ਤੇ ਵਾਪਸ ਆਉਣ ਦੀ ਇਜਾਜ਼ਤ ਮਿਲ ਹੀ ਗਈ।

ਜਰਮਨੀ ਤੋਂ ਪਾਕਿਸਤਾਨ - ਇੱਕ ਸੁਪਨਾ ਜੋ ਅਧੂਰਾ ਰਿਹਾ

ਸਾਲ 2011 ''ਚ ਮੈਂ ਜਰਮਨੀ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਸਾਰਾ ਯੂਰਪ ਤਾਂ ਵੇਖਣ ''ਚ ਲੰਘ ਗਿਆ। ਇੱਕ ਦਿਨ ''ਚ 100 ਜਾਂ 200 ਕਿਮੀ. ਜਾਂ ਫਿਰ ਕਦੇ ਕਦੇ 250 ਕਿਮੀ. ਤੱਕ ਦਾ ਸਫ਼ਰ ਵੀ ਤੈਅ ਕਰਦਾ ਸੀ। ਜਦੋਂ ਮੈਂ ਤੁਰਕੀ ਪਹੁੰਚਿਆ ਤਾਂ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਮਾਂ ਬਹੁਤ ਬਿਮਾਰ ਹੈ ਅਤੇ ਹਸਪਤਾਲ ''ਚ ਭਰਤੀ ਹੈ। ਮਾਂ ਨੂੰ ਦਿਲ ਦਾ ਦੌਰਾ ਪਿਆ ਹੈ, ਇਸ ਲਈ ਮੈਂ ਜਲਦੀ ਹੀ ਘਰ ਪਹੁੰਚਾਂ।

ਮੈਂ ਉੱਥੈ ਹੀ ਇੱਕ ਥਾਂ ''ਤੇ ਆਪਣੀ ਸਾਈਕਲ ਖੜ੍ਹੀ ਕੀਤੀ ਅਤੇ ਇੰਸਤਾਬੁੱਲ ਪਹੁੰਚਿਆ ਅਤੇ ਉੱਥੋਂ ਪਾਕਿਸਤਾਨ ਲਈ ਫਲਾਈਟ ਲਈ।ਪਾਕਿਸਤਾਨ ਪਹੁੰਚਣ ਤੋਂ ਬਾਅਦ ਮੈਂ ਕੁੱਝ ਸਮਾਂ ਆਪਣੀ ਮਾਂ ਨਾਲ ਹਸਪਤਾਲ ''ਚ ਹੀ ਰਿਹਾ ਪਰ ਮੇਰੀ ਮਾਂ ਦਾ ਦੇਹਾਂਤ ਹੋ ਗਿਆ। ਮੇਰੇ ਲਈ ਇਹ ਬਹੁਤ ਹੀ ਦੁੱਖ ਦੀ ਘੜ੍ਹੀ ਸੀ, ਕਿਉਂਕਿ ਮੇਰਾ ਸੁਪਨਾ ਸੀ ਕਿ ਸਾਈਕਲ ''ਤੇ ਪਾਕਿਸਤਾਨ ਜਾਵਾਂਗਾ ਅਤੇ ਮਾਂ ਨੂੰ ਮਿਲਾਂਗਾ। ਉਹ ਵੇਖੇਗੀ ਕਿ ਬੇਟਾ ਜਰਮਨੀ ਤੋਂ ਸਾਈਕਲ ''ਤੇ ਵੀ ਆ ਸਕਦਾ ਹੈ।

ਇਸ ਲਈ 2011 ''ਚ ਜਰਮਨੀ ਵਾਪਸ ਆਉਣ ਤੋਂ ਬਾਅਦ, ਮੈਂ ਬਹੁਤ ਦੁੱਖੀ ਸੀ ਅਤੇ ਮੈਂ ਇੱਕ ਵਾਰ ਤਾਂ ਇਹ ਵੀ ਸੋਚ ਲਿਆ ਸੀ ਕਿ ਹੁਣ ਸਾਈਕਲਿੰਗ ਨਹੀਂ ਕਰਾਂਗਾ। ਮਾਂ ਦੀ ਮੌਤ ਅਤੇ ਅਧੂਰੀ ਯਾਤਰਾ ਨਾਲ ਮੇਰਾ ਦਿਲ ਟੁੱਟ ਗਿਆ ਸੀ। ਪਰ ਦਿਲ ਦਾ ਕੀ ਹੈ, ਇੱਕ ਹੀ ਸਾਲ ਬਾਅਦ ਫਿਰ ਸੁਪਨੇ ਲੈਣ ਲੱਗ ਪਿਆ।

ਅਧੂਰਾ ਸੁਪਨਾ ਕਈ ਵਾਰ ਬਹੁਤ ਪ੍ਰੇਸ਼ਾਨ ਕਰਦਾ ਸੀ। ਜਦੋਂ ਵੀ ਮੈਂ ਨਕਸ਼ੇ ਵੱਲ ਵੇਖਦਾ ਤਾਂ ਇੰਝ ਮਹਿਸੂਸ ਹੁੰਦਾ ਕਿ ਜਿਵੇਂ ਕੁੱਝ ਰਹਿ ਗਿਆ ਹੈ।ਮੇਰੀ ਰਸੋਈ ''ਚ ਦੁਨੀਆ ਦਾ ਇੱਕ ਨਕਸ਼ਾ ਟੰਗਿਆ ਹੋਇਆ ਸੀ। ਜਦੋਂ ਵੀ ਮੈਂ ਉੱਥੇ ਖਾਣਾ ਖਾਣ ਲਈ ਬੈਠਦਾ ਸੀ ਤਾਂ ਇੰਝ ਲੱਗਦਾ ਜਿਵੇਂ ਨਕਸ਼ੇ ''ਤੇ ਇੱਕ ਬਿੰਦੂ ਚੱਲਣਾ ਸ਼ੁਰੂ ਕਰ ਦਿੰਦਾ ਅਤੇ ਤੁਰਕੀ ਪਹੁੰਚ ਕੇ ਰੁੱਕ ਜਾਂਦਾ ਸੀ।

ਪਰ ਇਹ ਬਿੰਦੂ ਕੁੱਝ ਸਮੇਂ ਲਈ ਰੁੱਕ ਕੇ ਫਿਰ ਤੋਂ ਚੱਲਣਾ ਸ਼ੁਰੂ ਕਰ ਦਿੰਦਾ ਅਤੇ ਚੱਲਦਿਆਂ-ਚੱਲਦਿਆਂ ਪਾਕਿਸਤਾਨ ਪਹੁੰਚ ਕੇ ਹੀ ਰੁੱਕਦਾ।

ਇਸੇ ਤਰ੍ਹਾਂ ਹੀ ਜਦੋਂ ਮੈਂ ਦਫ਼ਤਰ ਜਾਂਦਾ ਤਾਂ ਮੇਰੇ ਬੌਸ ਮੈਨੂੰ ਕੰਪਿਊਟਰ ''ਤੇ ਕੋਈ ਡਾਇਗਰਾਮ ਸਮਝਾਉਂਦੇ ਤਾਂ ਉੱਥੇ ਵੀ ਮੈਨੂੰ ਉਹ ਬਿੰਦੂ ਵਿਖਾਈ ਪੈਂਦਾ ਸੀ। ਹੌਲੀ-ਹੌਲੀ ਇਹ ਪਾਗਲਪਨ ਵਾਲੀ ਸਥਿਤੀ ਨੇ ਮੈਨੂੰ ਬਹੁਤ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅਖੀਰ ''ਚ ਮੈਂ ਆਪਣੇ ਬੌਸ ਕੋਲ ਗਿਆ ਅਤੇ ਕਿਹਾ ਕਿ ਮੈਨੂੰ ਇਹ ਸਮੱਸਿਆ ਹੈ ਅਤੇ ਮੈਨੂੰ ਛੁੱਟੀ ਚਾਹੀਦੀ ਹੈ।

ਉਨ੍ਹਾਂ ਨੇ ਮੈਨੂੰ ਛੇ ਮਹੀਨੇ ਦੀ ਛੁੱਟੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਸਿਰਫ ਤਿੰਨ ਮਹੀਨੇ ਦੀ ਛੁੱਟੀ ਮਿਲ ਸਕਦੀ ਹੈ।

ਛੇ ਅਤੇ ਤਿੰਨ ਮਹੀਨੇ ਦੀ ਛੁੱਟੀ ਦੇ ਚੱਕਰ ''ਚ ਸਾਲ 2015 ''ਚ ਮੈਂ ਉਹ ਨੌਕਰੀ ਹੀ ਛੱਡ ਦਿੱਤੀ। ਕੁੱਝ ਸਮਾਨ ਸਟੋਰੇਜ ''ਚ ਰੱਖਵਾ ਦਿੱਤਾ ਅਤੇ ਕੁੱਝ ਸੁੱਟ ਦਿੱਤਾ। ਇੱਕ ਛੋਟੀ ਕਾਰ ਸੀ, ਉਹ ਵੀ ਮੈਂ ਵੇਚ ਦਿੱਤੀ। ਚਾਰ ਸਾਲ ਬਾਅਦ ਇੱਕ ਵਾਰ ਫਿਰ ਮੈਂ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਨਿਕਲ ਤੁਰਿਆ ਸੀ। ਮੈਂ ਆਪਣੀ ਯਾਤਰਾ ਦਾ ਆਗਾਜ਼ ਉੱਥੋਂ ਹੀ ਕੀਤਾ, ਜਿੱਥੇ ਮੈਂ ਰੁਕਿਆ ਸੀ।

ਅਧੂਰੀ ਯਾਤਰਾ ਪੂਰੀ, ਪਰ ਰਸਤਾ ਵੱਖਰਾ

ਜਦੋਂ ਮੈਂ ਮੁੜ ਯਾਤਰਾ ਸ਼ੁਰੂ ਕੀਤੀ ਤਾਂ ਸਿੱਧੇ ਇਰਾਨ ਜਾਣ ਦੀ ਬਜਾਏ ਮੈਂ ਮੱਧ ਏਸ਼ੀਆਈ ਦੇਸ਼ਾਂ ਦੇ ਰਸਤੇ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ।

ਮੈਂ ਮੱਧ ਏਸ਼ੀਆ ਦਾ ਸਫ਼ਰ ਤੈਅ ਕਰਦਿਆਂ ਖੰਜਰਾਬ ਰਾਹੀਂ ਪਾਕਿਸਤਾਨ ਆਇਆ। ਇਰਾਨ ਤੋਂ ਤੁਰਕਮੇਨਿਸਤਾਨ ਫਿਰ ਉਜ਼ਬੇਕਿਸਤਾਨ, ਤਜ਼ਾਕਿਸਤਾਨ, ਕਿਰਗਿਸਤਾਨ ਅਤੇ ਫਿਰ ਚੀਨ ਅਤੇ ਉੱਥੋਂ ਖੰਜਰਾਬ ਰਸਤੇ ਪਾਕਿਸਤਾਨ ਪਹੁੰਚਿਆ।

ਮੈਂ ਜੁਲਾਈ 2015 ਨੂੰ ਪਾਕਿਸਤਾਨ ਪਹੁੰਚਿਆ ਸੀ। ਇਸ ਤਰ੍ਹਾਂ ਮੈਂ ਆਪਣੇ ਸੁਪਨੇ ਨੂੰ 13 ਸਾਲਾਂ ''ਚ ਸਾਕਾਰ ਕੀਤਾ।

''ਮੈਂ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਾ ਹਾਂ''

ਜਦੋਂ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਇੱਕ ਕੰਪਿਊਟਰ ਇੰਜੀਨੀਅਰ ਹਾਂ, ਇੱਕ ਸੈਲਾਨੀ ਹਾਂ, ਇੱਕ ਸਾਈਕਲ ਚਾਲਕ ਹਾਂ ਜਾਂ ਫਿਰ ਇੱਕ ਬਲੌਗਰ ਤਾਂ ਮੇਰਾ ਇੱਕ ਹੀ ਜਵਾਬ ਹੁੰਦਾ ਹੈ ਕਿ ''ਬੁੱਲਾ ਕੀ ਜਾਣਾ ਮੈਂ ਕੌਣ"?

ਮੈਂ ਜਿਸ ਮੋੜ ''ਤੇ ਬੈਠਾ ਹੁੰਦਾ ਹਾਂ ਉਹੀ ਬਣ ਜਾਂਦਾ ਹਾਂ।

ਕੰਪਿਊਟਰ ਖੇਤਰ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਮੈਂ ਕੰਪਿਊਟਰ ਇੰਜੀਨੀਅਰ ਹੁੰਦਾ ਹਾਂ ਅਤੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਕਰਦਿਆਂ ਮੈਂ ਵੀ ਇੱਕ ਫੋਟੋਗ੍ਰਾਫਰ ਹੁੰਦਾ ਹਾਂ। ਸਾਈਕਲ ਚਾਲਕਾਂ ਵਿਚਾਲੇ ਖੜ੍ਹਾ ਹੋਵਾਂ ਤਾਂ ਮੈਂ ਵੀ ਸਾਈਕਲ ਚਾਲਕ ਹੁੰਦਾ ਹਾਂ। ਇਸ ਲਈ ਕਹਿ ਸਕਦੇ ਹੋ ਕਿ ਮੈਂ ਵੀ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਾ ਹਾਂ।

ਮੈਂ ਕਦੇ ਵੀ ਆਪਣੇ ਆਪ ਨੂੰ ਕਿਸੇ ਇੱਕ ਪਛਾਣ ਦਾ ਮੁਹਤਾਜ਼ ਨਹੀਂ ਬਣਾਇਆ ਹੈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਤੁਹਾਡੀ ਮਾਨਸਿਕਤਾ ਵੀ ਪ੍ਰਭਾਵਿਤ ਹੁੰਦੀ ਹੈ। ਮੈਂ ਤਾਂ ਆਪਣੇ ਇੰਸਟਾਗ੍ਰਾਮ ''ਤੇ ''2015 ਤੋਂ ਬੇਰੁਜ਼ਗਾਰ'' ਵੀ ਲਿਖ ਰੱਖਿਆ ਹੈ।

ਯਾਤਰਾ ਦਾ ਖ਼ਰਚ ਕੌਣ ਚੁੱਕਦਾ ਹੈ?

ਸ਼ੁਰੂ-ਸ਼ੁਰੂ ''ਚ ਮੈਂ ਆਪਣੀ ਸਾਰੀ ਬਚਤ ਇਸ ''ਤੇ ਖ਼ਰਚ ਕਰ ਦਿੱਤੀ ਸੀ। 13 ਸਾਲ ਤੱਕ ਜਰਮਨੀ ''ਚ ਕੀਤੀ ਬਚਤ ਦੇ ਸਿਰ ''ਤੇ ਹੀ ਮੈਂ ਆਪਣੀ ਪਹਿਲੀ ਅਤੇ ਦੂਜੀ ਯਾਤਰਾ ਮੁਕੰਮਲ ਕੀਤੀ ਸੀ। ਪਰ ਬਾਅਦ ''ਚ ਜਦੋਂ ਮੈਂ ਦੱਖਣੀ ਅਮਰੀਕਾ ਦੀ ਯਾਤਰਾ ਸ਼ੁਰੂ ਕੀਤੀ ਸੀ ਤਾਂ ਮੇਰੇ ਪੈਸੇ ਖ਼ਤਮ ਹੋ ਗਏ ਸਨ।

ਇਹ ਯਾਤਰਾ ਅਰਜਨਟੀਨਾ ਤੋਂ ਸ਼ੁਰੂ ਕੀਤੀ ਸੀ ਅਤੇ ਇਸ ਲਈ ਆਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਮੈਂ ਕਈ ਅਜੀਬੋ-ਗਰੀਬ ਕੰਮ ਵੀ ਕੀਤੇ। ਕਈ ਵਾਰ ਕਈ ਰਸਾਲੇ ਮੇਰੀਆਂ ਤਸਵੀਰਾਂ ਖਰੀਦ ਲੈਂਦੇ ਹਨ ਜਾਂ ਕਈ ਵਾਰ ਆਨਲਾਈਨ ਮੇਰੀਆਂ ਟੀ-ਸ਼ਰਟਾਂ ਵਿੱਕ ਜਾਂਦੀਆਂ ਹਨ। ਕਈ ਵਾਰ ਮੈਂ ਟਰੈਵਲ ਜਾਂ ਬਾਈਸਾਈਕਲ ਰਸਾਲਿਆਂ ਲਈ ਲੇਖ ਲਿੱਖ ਦਿੰਦਾ ਹਾਂ। ਇਹੀ ਮੇਰੀ ਕਮਾਈ ਦਾ ਸਾਧਨ ਹਨ।

ਮੁਫ਼ਤ ਖਾਣ ਅਤੇ ਰਹਿਣ ਲਈ ਕਈ ਵਾਰ ਸੜਕਾਂ ''ਤੇ ਮਜ਼ਦੂਰੀ ਵੀ ਕੀਤੀ ਹੈ। ਉਦਾਹਰਣ ਦੇ ਲਈ, ਇੱਕ ਵਾਰ ਮੈਨੂੰ ਕਿਹਾ ਗਿਆ ਸੀ ਕਿ ਜੇਕਰ ਮੈਂ ਚਾਰ ਘੰਟੇ ਕੰਮ ਕਰਾਂਗਾ ਤਾਂ ਮੈਨੂੰ ਰਹਿਣ ਲਈ ਮੁਫ਼ਤ ਜਗ੍ਹਾ ਮਿਲੇਗੀ। ਪਲੇਟਾਂ ਧੋਤੀਆਂ ਹਨ। ਵੇਟਰ ਵਾਂਗਰ ਖਾਣਾ ਵੀ ਪਰੋਸਿਆ ਹੈ ਅਤੇ ਕਈ ਵਾਰ ਕੰਪਿਊਟਰ ਸਾਇੰਸ ਦਾ ਕੰਮ ਵੀ ਫ੍ਰੀਲਾਂਸ ਕੀਤਾ ਹੈ।

ਰਸਤੇ ''ਚ ਰੁਕ-ਰੁਕ ਕੇ ਗ੍ਰਾਫਿਕ ਡਿਜ਼ਾਈਨਿੰਗ ਅਤੇ ਵੈਬਸਾਈਟ ਡਿਜ਼ਾਈਨਿੰਗ ਵੀ ਕੀਤੀ ਹੈ। ਮੈਂ ਆਪਣੀ ਯਾਤਰਾ ਦੌਰਾਨ ਪੋਸਟ ਪਾਉਂਦਾ ਰਹਿੰਦਾ ਸੀ, ਇਸ ਲਈ ਲੋਕ ਵੀ ਮੇਰੇ ਤੋਂ ਵਾਕਫ਼ ਹੋਣ ਲੱਗ ਪਏ ਸਨ।

ਕਈ ਵਾਰ ਤਾਂ ਲੋਕ ਚੰਦਾ ਤੇ ਦਾਨ ਵੀ ਦੇ ਦਿੰਦੇ ਸਨ। ਕਿਸੇ ਨੇ 20 ਡਾਲਰ ਦੇ ਦਿੱਤੇ ਤਾਂ ਕਿਸੇ ਨੇ 50 ਡਾਲਰ…।

ਜਦੋਂ ਮੈਂ ਦੱਖਣੀ ਅਮਰੀਕਾ ਦੀ ਯਾਤਰਾ ਪੂਰੀ ਕਰਕੇ ਉੱਤਰੀ ਅਮਰੀਕਾ ਵੱਲ ਨੂੰ ਰੁਖ਼ ਕੀਤਾ ਤਾਂ ਉੱਥੇ ਪਹੁੰਚਣ ਲਈ ਮੈਨੂੰ ਕਿਸ਼ਤੀ ਰਾਹੀਂ ਸਫ਼ਰ ਕਰਨਾ ਪੈਣਾ ਸੀ। ਉਸ ਸਮੇਂ ਮੇਰੇ ਕੋਲ ਕਿਸ਼ਤੀ ਦੀ ਯਾਤਰਾ ਲਈ ਪੈਸੇ ਨਹੀਂ ਸਨ। ਫਿਰ ਉੱਥੇ ਮੈਂ ਕਰਾਊਡ ਫੰਡਿੰਗ ਸ਼ੁਰੂ ਕੀਤੀ।

ਮੈਂ ਆਪਣੀ ਫੰਡਿੰਗ ਮੁਹਿੰਮ ''ਚ ਲਿਖਿਆ ਸੀ ਕਿ ''ਮੈਂ ਯਾਤਰਾ ਕਰ ਰਿਹਾ ਹਾਂ, ਜਿਸ ਦੇ ਬਾਰੇ ਮੈਂ ਲਿਖ ਵੀ ਰਿਹਾ ਹਾਂ ਅਤੇ ਇਸ ਦੀਆਂ ਤਸਵੀਰਾਂ ਵੀ ਭੇਜ ਰਿਹਾ ਹਾਂ। ਜੇਕਰ ਤੁਹਾਨੂੰ ਮੇਰੀ ਇਹ ਯਾਤਰਾ ਪਸੰਦ ਆਉਂਦੀ ਹੈ ਤਾਂ ਮੈਨੂੰ ਫਾਈਨੈਂਸ ਕਰੋ। ਇਸ ਨਾਲ ਵੀ ਮੈਨੂੰ ਥੋੜੇ ਬਹੁਤ ਪੈਸੇ ਮਿਲਣੇ ਸ਼ੁਰੂ ਹੋਏ।

ਇੰਨ੍ਹਾਂ ਯਾਤਰਾਵਾਂ ਬਾਰੇ ਦਿਲਚਸਪ ਗੱਲ ਇਹ ਹੈ ਕਿ ਕਈ ਵਾਰ ਤਾਂ ਰਸਤੇ ''ਚ ਖੜ੍ਹੇ ਅਜਨਬੀਆਂ, ਅਣਜਾਣ ਲੋਕਾਂ ਨੇ ਵੀ ਮੈਨੂੰ ਪੈਸੇ ਦਿੱਤੇ ਹਨ।

ਦੱਖਣੀ ਅਮਰੀਕਾ ਦੀ ਜਾਦੂਈ ਯਾਤਰਾ

ਜੇਕਰ ਤੁਸੀਂ ਅਰਜਨਟੀਨਾ ਦੇ ਨਕਸ਼ੇ ''ਤੇ ਨਜ਼ਰ ਦੁੜਾਉਂਦੇ ਹੋ ਤਾਂ ਇਹ ਦੱਖਣੀ ਅਮਰੀਕਾ ਦਾ ਸਭ ਤੋਂ ਦੱਖਣੀ ਹਿੱਸਾ ਹੈ। ਉੱਥੋਂ ਬੋਲੀਵੀਆ ਅਤੇ ਫਿਰ ਦੂਜੇ ਦੇਸ਼ਾਂ ਤੋਂ ਹੁੰਦੇ ਹੋਏ ਪੇਰੂ ਅਤੇ ਫਿਰ ਚਿੱਲੀ। ਇਹ ਜਨਵਰੀ 2016 ਦੀ ਗੱਲ ਹੈ।

ਅਜਿਹੀਆਂ ਕਈ ਘਟਨਾਵਾਂ ਹਨ ਜਿੰਨ੍ਹਾਂ ਨੂੰ ਸਾਂਝਾ ਕੀਤਾ ਜਾ ਸਕਦਾ ਹੈ। ਪੰਨੇ ਖ਼ਤਮ ਹੋ ਜਾਣਗੇ ਪਰ ਘਟਨਾਵਾਂ ਨਹੀਂ। ਇੰਨ੍ਹਾਂ ਦੇਸ਼ਾਂ ''ਚ ਜਾਣ ਤੋਂ ਪਹਿਲਾਂ ਮੈਂ ਇੰਨ੍ਹਾਂ ਬਾਰੇ ਬਿਲਕੁੱਲ ਅਣਜਾਣ ਸੀ। ਇੱਥੋਂ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਡਿਕਸ਼ਨਰੀ ''ਚ ਸਪੇਨਿਸ਼ ਭਾਸ਼ਾ ''ਚ ਹੈਲੋ ਕਹਿਣਾ ਸਿੱਖ ਲਿਆ ਸੀ।

ਜਦੋਂ ਮੈਂ ਉੱਥੇ ਪਹੁੰਚਿਆ ਤਾਂ ਵੇਖਿਆ ਕਿ ਇੱਥੇ ਤਾਂ ਕੋਈ ਵੀ ਅੰਗ੍ਰੇਜ਼ੀ ''ਚ ਗੱਲਬਾਤ ਹੀ ਨਹੀਂ ਕਰਦਾ। ਫਿਰ ਮੈਂ ਜਲਦੀ ਜਲਦੀ ਸਪੇਨਿਸ਼ ਸਿੱਖਣੀ ਸ਼ੁਰੂ ਕੀਤੀ।

ਦੱਖਣੀ ਅਮਰੀਕਾ ''ਚ ਜੇਕਰ ਕੁਦਰਤੀ ਨਜ਼ਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਨਜ਼ਾਰਾ ਸ਼ਾਇਦ ਹੋਰ ਕਿਤੇ ਵੀ ਨਹੀਂ ਹੈ। ਇੱਕ ਤੋਂ ਵੱਧ ਕੇ ਇੱਕ ਦੇਸ਼ ਹੈ। ਅਜਿਹੀ ਸੁੰਦਰਤਾ ਦੁਨੀਆ ਦੇ ਕਿਸੇ ਦੂਜੇ ਹਿੱਸੇ ''ਚ ਨਹੀਂ ਹੈ। ਸਭ ਤੋਂ ਵੱਖਰੀ ਗੱਲ ਇਹ ਹੈ ਕਿ ਇੱਥੋਂ ਦੇ ਲੋਕਾਂ ਵਰਗੇ ਲੋਕ ਵੀ ਨਹੀਂ ਹਨ।

ਸ਼ੁਰੂਆਤ ਕਰਦੇ ਹਾਂ ਅਰਜਨਟੀਨਾ ਤੋਂ। ਅਰਜਨਟੀਨਾ ਦੇ ਜਿਸ ਸ਼ਹਿਰ ''ਚ ਮੈਂ ਪਹੁੰਚਿਆ ਉਸ ਨੂੰ ਏਸ਼ਵਾਯਾ ਕਿਹਾ ਜਾਂਦਾ ਹੈ ਅਤੇ ਇਸ ਨੂੰ ਦੁਨੀਆ ਦਾ ਸਭ ਤੋਂ ਦੱਕਣੀ ਸ਼ਹਿਰ ਕਿਹਾ ਜਾਂਦਾ ਹੈ। ਜਦੋਂ ਅਸੀਂ ਰਾਤ ਨੂੰ ਸੜਕਾਂ ''ਤੇ ਘੁੰਮ ਰਹੇ ਸੀ ਤਾਂ ਇੱਕ ਵਿਅਕਤੀ ਨੇ ਪੁੱਛਿਆ ਕਿ ਅਸੀਂ ਇੱਥੇ ਕੀ ਕਰ ਰਹੇ ਹਾਂ। ਅਸੀਂ ਜਵਾਬ ਦਿੱਤਾ ਕਿ ਅਸੀਂ ਯਾਤਰੀ ਹਾਂ ਅਤੇ ਸਾਈਕਲ ਜ਼ਰੀਏ ਅਸੀਂ ਇੱਥੋਂ ਆਪਣੀ ਯਾਤਰਾ ਸ਼ੁਰੂ ਕਰਨੀ ਹੈ।

ਉਸ ਨੇ ਕਿਹਾ, " ਮੇਰੇ ਨਾਲ ਆਓ''। ਅਸੀਂ 2 ਜਾਂ 3 ਸਾਈਕਲ ਚਾਲਕ ਸੀ। ਉਨ੍ਹਾਂ ਦੇ ਘਰ ਗਏ, ਜਿੱਥੇ ਉਸ ਨੇ ਸਾਡੀ ਬਹੁਤ ਹੀ ਵਧੀਆ ਢੰਗ ਨਾਲ ਆਓ ਭਗਤ ਕੀਤੀ। ਇਹ ਸਾਡੀ ਯਾਤਰਾ ਦੀ ਅਜੇ ਸ਼ੁਰੂਆਤ ਹੀ ਸੀ।

ਸਾਈਕਲ ਚਾਲਕਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਵੀ ਹੁੰਦੀ ਹੈ ਕਿ ਉਹ ਜ਼ਿਆਦਾ ਭੋਜਨ ਆਪਣੇ ਨਾਲ ਨਹੀਂ ਰੱਖ ਸਕਦੇ ਹਨ। ਪਾਣੀ ਵੀ ਵੱਧ ਮਾਤਰਾ ''ਚ ਨਹੀਂ ਲਿਜਾ ਸਕਦੇ ਹਨ। ਰਹਿਣ ਦੀ ਸਮੱਸਿਆ ਵੀ ਰਹਿੰਦੀ ਹੈ।

ਦੱਖਣ ਦੇ ਇੱਕ ਹਿੱਸੇ ਨੂੰ ਪੰਪਾਸ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੈ- ਤਰਾਈ ਖੇਤਰ। ਅਰਜਨਟੀਨਾ ''ਚ ਇਸ ''ਚ ਬਿਊਨੇਸ, ਆਇਰਸ, ਲਾ ਪੰਪਾ, ਸੈਂਟਾ ਫੇ, ਐਂਟਰੇ ਰੋਸ ਅਤੇ ਕਾਰਡੋਬਾ ਆਦਿ ਸ਼ਾਮਲ ਹਨ।

ਪੇਟਾਗੋਨਿਆ ''ਚ ਇੱਕ ਅਜਿਹਾ ਖੇਤਰ ਹੈ ਜਿੱਥੇ ਕੋਈ ਦਰਖ਼ਤ ਨਹੀਂ ਹੈ ਅਤੇ ਉੱਥੇ 100-150 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਦੀਆਂ ਹਨ। ਜੇਕਰ ਅਜਿਹੇ ਖੇਤਰ ''ਚ ਟੈਂਟ ਲਗਾਇਆ ਵੀ ਜਾਵੇ ਤਾਂ ਤੁਰੰਤ ਉੱਡ ਜਾਂਦਾ ਹੈ।

ਇਸ ਦਾ ਮਤਲਬ ਇਹ ਹੈ ਕਿ ਇਸ ਖੇਤਰ ''ਚ ਸਿਰ ਲੁਕਾਉਣ ਲਈ ਕੋਈ ਜਗ੍ਹਾ ਨਹੀਂ ਮਿਲਦੀ ਹੈ। ਉੱਥੇ ਜੇਕਰ ਸਾਨੂੰ ਕਿਤੇ ਦੂਰ ਵੀ ਘਰ ਵਿਖਾਈ ਪੈਂਦਾ ਤਾਂ ਅਸੀਂ ਸਿੱਧੇ ਉਸ ਘਰ ਦੇ ਬੂਹੇ ''ਤੇ ਦਸਤਕ ਦਿੰਦੇ ਤਾਂ ਜੋ ਕੁੱਝ ਸਮਾਂ ਆਰਾਮ ਕਰਨ ਲਈ ਥਾਂ ਮਿਲ ਸਕੇ।

ਉੱਥੇ ਜੇਕਰ ਕਦੇ ਵੀ ਖ਼ਰਾਬ ਮੌਸਮ ਦੇ ਚੱਲਦਿਆਂ ਅਸੀਂ ਕਿਸੇ ਦਾ ਦਰਵਾਜ਼ਾ ਖੱਟ-ਖਟਾਇਆ ਤਾਂ ਕਿਸੇ ਨੇ ਵੀ ਬੁਰਾ ਨਾ ਮੰਨਿਆ। ਹਮੇਸ਼ਾਂ ਹੀ ਅੰਦਰ ਆਉਣ ਨੂੰ ਕਿਹਾ ਅਤੇ ਖਾਣਾ ਵੀ ਖੁਆਇਆ ਤੇ ਨਾਲ ਹੀ ਰਹਿਣ ਨੂੰ ਜਗ੍ਹਾ ਵੀ ਦਿੱਤੀ।

ਅਜਿਹੀ ਹੀ ਇੱਕ ਘਟਨਾ ਮੈਨੂੰ ਯਾਦ ਆਈ ਹੈ। ਅਸੀਂ ਖ਼ਰਾਬ ਮੌਸਮ ਤੋਂ ਬਚਣ ਲਈ ਕਿਸੇ ਜਗ੍ਹਾ ਦੀ ਭਾਲ ਕਰ ਰਹੇ ਸੀ। ਉਸ ਸਮੇਂ ਸਾਨੂੰ ਇੱਕ ਘਰ ਵਿਖਾਈ ਦਿੱਤਾ। ਉਨ੍ਹਾਂ ਨੇ ਸਾਨੂੰ ਰਹਿਣ ਲਈ ਥਾਂ ਵੀ ਦਿੱਤੀ ਅਤੇ ਗਰਮ-ਗਰਮ ਆਪਣੀ ਖਾਸ ਚਾਹ ਵੀ ਪਿਲਾਈ।

ਹੁਣ ਸੁਣੋ ਚਾਹ ਦੀ ਕਹਾਣੀ। ਉਨ੍ਹਾਂ ਦੀ ਭਾਸ਼ਾ ''ਚ ਚਾਅ ਨੂੰ ਮਾਤੇ ਕਿਹਾ ਜਾਂਦਾ ਹੈ। ਉਨ੍ਹਾਂ ਦੀ ਚਾਅ ਕੁੱਝ ਵੱਖਰੀ ਹੁੰਦੀ ਹੈ। ਜੇਕਰ ਘਰ ''ਚ ਪੰਜ ਮਹਿਮਾਨ ਆਏ ਹਨ ਉਨ੍ਹਾਂ ਲਈ ਪੰਜ ਕੱਪ ਵੱਖੋ ਵੱਖ ਨਹੀਂ ਬਲਕਿ ਇੱਕ ਹੀ ਵੱਡਾ ਕੱਪ ਤਿਆਰ ਕੀਤਾ ਜਾਂਦਾ ਹੈ ਅਤੇ ਸਾਰੇ ਸਟਰਾਅ ਨਾਲ ਇੱਕ ਇੱਕ ਕਰਕੇ ਉਹ ਚਾਹ ਪੀਂਦੇ ਹਨ।

ਪਹਿਲਾਂ ਮੇਜ਼ਬਾਨ ਨੇ ਤਿੰਨ-ਚਾਰ ਘੁੱਟ ਪੀਤੇ ਅਤੇ ਫਿਰ ਅਗਾਂਹ ਦੂਜੇ ਨੂੰ ਦੇ ਦਿੱਤੀ। ਮੇਰੀ ਦੱਖਣੀ ਏਸ਼ੀਆਈ ਮਾਨਸਿਕਤਾ ਦੇ ਕਾਰਨ ਮੈਨੂੰ ਇਹ ਬੁਰਾ ਲੱਗਿਆ ਕਿ ਪਹਿਲਾਂ ਮੇਜ਼ਬਾਨ ਆਪ ਹੀ ਪੀ ਰਿਹਾ ਹੈ ਅਤੇ ਫਿਰ ਮਹਿਮਾਨਾਂ ਅੱਗੇ ਪੇਸ਼ ਕੀਤੀ ਜਾ ਰਹੀ ਹੈ।

ਮੇਰੇ ਤੋਂ ਰਿਹਾ ਨਾ ਗਿਆ ਤਾਂ ਮੈਂ ਅਖੀਰ ਪੁੱਛ ਹੀ ਲਿਆ ਕਿ ਸਾਡੇ ਸਭਿਆਚਾਰ ''ਚ ਤਾਂ ਸਭ ਤੋਂ ਪਹਿਲਾਂ ਮਹਿਮਾਨਾਂ ਅੱਗੇ ਪਰੋਸਿਆ ਜਾਂਦਾ ਹੈ ਅਤੇ ਫਿਰ ਮੇਜ਼ਬਾਨ ਖਾਂਦਾ ਹੈ।

ਫਿਰ ਮੇਜ਼ਬਾਨ ਨੇ ਹੱਸਦਿਆਂ ਕਿਹਾ, "ਅਸੀਂ ਪਹਿਲਾਂ ਕੁੱਝ ਘੁੱਟ ਇਸ ਲਈ ਲੈਂਦੇ ਹਾਂ, ਕਿਉਂ ਸਾਡੀ ਚਾਹ ਦੀ ਉਪਰਲੀ ਪਰਤ ਬਹੁਤ ਕੌੜੀ ਹੁੰਦੀ ਹੈ ਅਤੇ ਕੋਈ ਵੀ ਅਜਨਬੀ ਇਸ ਨੂੰ ਪੀ ਨਹੀਂ ਪਾਉਂਦਾ ਹੈ। ਅਸੀਂ ਉਸ ਕੜਵਾਹਟ ਨੂੰ ਹੀ ਪਹਿਲਾਂ ਪੀਂਦੇ ਹਾਂ ਤਾਂ ਕਿ ਦੂਜੇ ਨੂੰ ਕੋਈ ਮੁਸ਼ਕਲ ਨਾ ਹੋਵੇ।"

ਇੱਕ ਘਟਨਾ ਪੇਰੂ ਦੀ ਵੀ ਹੈ, ਜੋ ਮੈਨੂੰ ਹਮੇਸ਼ਾਂ ਯਾਦ ਰਹੇਗੀ। ਉੱਥੇ ਮੈਂ ਇੱਕ ਵਾਰ ਸਾਈਕਲ ਰਾਹੀਂ ਜਾ ਰਿਹਾ ਸੀ। ਮੈਂ ਵੇਖਿਆ ਕਿ ਉਪਰ ਪਹਾੜ ''ਤੇ ਕੁੱਝ ਰੌਲਾ ਪੈ ਰਿਹਾ ਸੀ।

ਜਦੋਂ ਮੈਂ ਉਪਰ ਪਹੁੰਚਿਆ ਤਾਂ ਮੈਂ ਵੇਖਿਆ ਕਿ ਕੁੱਝ ਲੋਕ ਅੱਗ ਦੇ ਚਾਰੇ ਪਾਸੇ ਖੜ੍ਹੇ ਸੀ। ਉਨ੍ਹਾਂ ਨੇ ਲੰਬੇ-ਲੰਬੇ ਕਪੜੇ ਪਾਏ ਹੋਏ ਸੀ। ਉਨ੍ਹਾਂ ਦੇ ਵਾਲ ਵੀ ਬਹੁਤ ਲੰਬੇ ਸਨ ਅਤੇ ਉਹ ਹੱਥ ਉਪਰ ਵੱਲ ਚੁੱਕ ਕੇ ਦੁਆ ਮੰਗ ਰਹੇ ਸਨ।

ਬਾਅਦ ''ਚ ਜਦੋਂ ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਜ਼ਰਾਈਲੀ ਹਨ ਅਤੇ ਯਿਸ਼ੂ ''ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਯਿਸ਼ੂ ਜ਼ਰੂਰ ਇੱਥੇ ਆਉਣਗੇ। ਸਾਡਾ ਯੇਰੂਸ਼ਲਮ ਇੱਥੇ ਪੇਰੂ ''ਚ ਹੀ ਬਣੇਗਾ।"

ਉਨ੍ਹਾਂ ਨੇ ਕਿਹਾ ਕਿ ਇੱਥੇ ਹੀ ਰੁਕੋ। ਕੱਲ੍ਹ ਅਸੀਂ 24 ਘੰਟਿਆਂ ਲਈ ਵਰਤ ਰੱਖਾਂਗੇ ਅਤੇ ਉਸ ਤੋਂ ਬਾਅਦ ਬਲੀ ਦਿੱਤੀ ਜਾਵੇਗੀ ਅਤੇ ਫਿਰ ਦਾਵਤ ਹੋਵੇਗੀ। ਮੈਂ ਉੱਥੇ ਰੁੱਕ ਗਿਆ ਅਤੇ ਮੈਂ ਵੀ ਉਨ੍ਹਾਂ ਨਾਲ 24 ਘੰਟਿਆਂ ਤੱਕ ਕੁੱਝ ਨਾ ਖਾਧਾ।

ਉਹ ਇੱਕ ਗਰੀਬ ਭਾਈਚਾਰਾ ਸੀ। ਉਨ੍ਹਾਂ ਕੋਲ 6 ਭੇਡਾਂ ਸਨ। ਉਨ੍ਹਾਂ ਦੱਸਿਆ ਕਿ ਉਹ 6 ਦਿਨਾਂ ਤੱਕ ਚੱਲਣ ਵਾਲੇ ਇਸ ਧਾਰਮਿਕ ਸਮਾਗਮ ''ਚ ਇੰਨ੍ਹਾਂ 6 ਭੇਡਾਂ ਦੀ ਬਲੀ ਦੇਣਗੇ।

ਪਹਿਲੇ ਦਿਨ ਉਨ੍ਹਾਂ ਨੇ ਇੱਕ ਭੇਡ ਦੀ ਬਲੀ ਦਿੱਤੀ। ਉਸ ਦੀ ਖੱਲ੍ਹ ਲਾਈ ਅਤੇ ਜੈਤੂਨ ਦਾ ਤੇਲ, ਜੜ੍ਹੀਆਂ ਬੂਟੀਆਂ ਅਤੇ ਲੂਣ ਲਗਾਇਆ। ਇਹ ਸਭ ਵੇਖ ਕੇ ਮੇਰੀ ਭੁੱਖ ਹੋਰ ਤੇਜ਼ ਹੋ ਗਈ ਅਤੇ ਸ਼ਾਮ ਨੂੰ ਇੱਕ ਸਵਾਦਿਸ਼ਟ ਭੋਜਨ ਦੀ ਉਡੀਕ ਕਰਨ ਲੱਗਾ। ਸ਼ਾਮ ਨੂੰ ਸਾਰੇ ਲੋਕ ਇੱਕਠੇ ਹੋਏ ਅਤੇ ਅੱਗ ''ਤੇ ਭੇਡ ਨੂੰ ਭੁੰਨਣ ਲੱਗੇ।

ਅੱਗ ''ਚੋਂ ਮਿੱਠੀ ਅਤੇ ਖੁਸ਼ਬੂ ਆਉਣ ਲੱਗੀ ਅਤੇ ਭੁੱਖ ਹੋਰ ਤੇਜ਼ ਹੋਣ ਲੱਗ ਪਈ ਸੀ। ਪਰ ਫਿਰ ਮੈਂ ਵੇਖਿਆ ਕਿ ਲੋਕ ਇੱਕ-ਇੱਕ ਕਰਕੇ ਵਾਪਸ ਜਾਣ ਲੱਗ ਪਏ ਸਨ। ਭੇਡ ਅੱਗ ''ਤੇ ਹੀ ਅਤੇ ਉਹ ਸੜਣ ਲੱਗ ਪਈ ਸੀ।

ਮੈਨੂੰ ਲੱਗਿਆ ਕਿ ਸ਼ਾਇਦ ਉਹ ਵੱਧ ਭੁੰਨੀ ਹੋਈ ਭੇਡ ਖਾਂਦੇ ਹੋਣਗੇ। ਮੇਰੀ ਚਿੰਤਾ ਅਤੇ ਭੁੱਖ ਹੋਣ ਦੋਵੇਂ ਹੀ ਸਿਖਰਾਂ ''ਤੇ ਸਨ।

ਥੋੜ੍ਹੀ ਦੇਰ ਬਾਅਦ ਸਾਰੇ ਲੋਕ ਉੱਥੋਂ ਚਲੇ ਗਏ ਅਤੇ ਸੜਣ ਦੀ ਮਹਿਕ ਆਉਣ ਲੱਗ ਪਈ। ਮੈਂ ਭੱਜ ਕੇ ਇੱਕ ਵਿਅਕਤੀ ਕੋਲ ਗਿਆ ਅਤੇ ਕਿਹਾ ਕਿ ਭੇਡ ਤਾਂ ਸੜ੍ਹ ਰਹੀ ਹੈ। ਇਸ ਦਾ ਕੀ ਕਰਨਾ ਹੈ।

ਉਸ ਨੇ ਜਵਾਬ ਦਿੱਤਾ ਅਸੀਂ ਇੰਝ ਹੀ ਬਲੀ ਦਿੰਦੇ ਹਾਂ। ਅਸੀਂ ਬਲੀ ਨਹੀਂ ਖਾਂਦੇ ਹਾਂ। ਇਹ ਸਿਰਫ ਭਗਵਾਨ ਲਈ ਹੀ ਹੁੰਦੀ ਹੈ ਅਤੇ ਇਸ ਧੂੰਏ ਦੇ ਜ਼ਰੀਏ ਹੀ ਉਸ ਤੱਕ ਪਹੁੰਚਦੀ ਹੈ।

ਫਿਰ ਉਹ ਮੈਨੂੰ ਇੱਕ ਰਸੋਈ ''ਚ ਲੈ ਗਏ। ਇੱਕ ਵੱਡੀ ਕੜ੍ਹਾਈ ''ਚੋਂ ਸਾਰੀਆਂ ਬੋਟੀਆਂ ਮੇਰੀ ਥਾਲੀ ''ਚ ਪਾ ਦਿੱਤੀਆਂ ਅਤੇ ਕਿਹਾ ਕਿ ਖਾਣਾ ਇੱਥੇ ਹੈ।

ਮੈਂ ਬਹੁਤ ਹੀ ਸ਼ਰਮਿੰਦਾ ਸੀ, ਪਰ ਉਨ੍ਹਾਂ ਕਿਹਾ ਕਿ ਇਹ ਸਭ ਤੁਹਾਡੇ ਲਈ ਹੀ ਹੈ, ਆਰਾਮ ਨਾਲ ਖਾਓ। ਇੰਨ੍ਹੀ ਗਰੀਬੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਪੇਟ ਭਰ ਕੇ ਖਵਾਇਆ ਅਤੇ ਮੈਨੂੰ ਇੱਕ ਹੋਰ ਰਾਤ ਠਹਿਰਨ ਲਈ ਥਾਂ ਵੀ ਦਿੱਤੀ।

ਅਗਲੇ ਦਿਨ ਜਾਣ ਲੱਗਿਆ ਮੈਂ ਸੋਚਿਆ ਕਿ ਉਨ੍ਹਾਂ ਦੇ ਅਹਿਸਾਨ ਦੇ ਬਦਲੇ ''ਚ ਮੈਨੂੰ ਵੀ ਉਨ੍ਹਾਂ ਲਈ ਕੁੱਝ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੁੱਝ ਪੈਸੇ ਦੇਣੇ ਚਾਹੀਦੇ ਹਨ।

ਮੈਂ ਦੋ ਰਾਤਾਂ ਉਨ੍ਹਾਂ ਦੇ ਨਾਲ ਰਿਹਾ ਅਤੇ ਉਨ੍ਹਾਂ ਨੇ ਮੇਰੀ ਕਿੰਨੀ ਆਓ ਭਗਤ ਕੀਤੀ। ਫਿਰ ਮੈਨੂੰ ਵਿਚਾਰ ਆਇਆ ਕਿ ਮੇਰੇ ਕੋਲ ਤਾਂ ਬਹੁਤ ਘੱਟ ਪੈਸੇ ਬਚੇ ਹਨ। ਜੇਕਰ ਇਹ ਵੀ ਇੰਨ੍ਹਾਂ ਨੂੰ ਦੇ ਦਿੱਤੇ ਤਾਂ ਮੇਰੇ ਕੋਲ ਪੈਸੇ ਖ਼ਤਮ ਹੋ ਜਾਣਗੇ। ਇਸ ਲਈ ਮੈਂ ਪੈਸੇ ਦੇਣ ਦਾ ਵਿਚਾਰ ਛੱਡ ਦਿੱਤਾ।

ਜਦੋਂ ਮੈਂ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇੱਕ ਬਜ਼ੁਰਗ ਆਦਮੀ ਮੇਰੇ ਕੋਲ ਆਇਆ ਅਤੇ ਹੱਥ ਮਿਲਾਇਆ। ਜਿਵੇਂ ਹੀ ਉਸ ਨੇ ਆਪਣਾ ਹੱਥ ਹਟਾਇਆ ਤਾਂ ਮੈਂ ਵੇਖਿਆ ਕਿ ਉਸ ਨੇ ਮੇਰੇ ਹੱਥ ''ਚ ਕੁੱਝ ਰੱਖਿਆ ਸੀ।

ਇਹ ਦਸ ਪੇਰੂਵਿਅਨ ਸੋਲੇਸ (ਪੇਰੂ ਦੀ ਮੁਦਰਾ) ਦਾ ਨੋਟ ਸੀ। ਮੈਂ ਕਿਹਾ, "ਇਹ ਕੀ ਹੈ"?

ਉਸ ਬਜ਼ੁਰਗ ਨੇ ਜਵਾਬ ਦਿੱਤਾ, "ਯਾਰ ਤੁਸੀਂ ਇੱਕ ਯਾਤਰੀ ਹੋ ਅਤੇ ਤੁਹਾਡੀ ਯਾਤਰਾ ਲਈ ਇਹ ਇੱਕ ਛੋਟੀ ਜਿਹੀ ਰਕਮ ਹੈ। ਇਸ ਨਾਲ ਕੁੱਝ ਖ੍ਰੀਦ ਕੇ ਖਾ ਲੈਣਾ।"

ਉਨ੍ਹਾਂ ਨੇ ਆਪਣੀ ਮੇਜ਼ਬਾਨੀ ਅਤੇ ਉਦਾਰਤਾ ਨਾਲ ਮੈਨੂੰ ਪੂਰੀ ਤਰ੍ਹਾਂ ਨਾਲ ਹਰਾ ਦਿੱਤਾ ਸੀ। ਮੈਂ ਆਪਣੀ ਹੀ ਨਜ਼ਰਾਂ ''ਚ ਬਹੁਤ ਸ਼ਰਮਿੰਦਾ ਸੀ। ਜਿਸ ਵਿਚਾਰ ਨੂੰ ਕੁੱਝ ਸਮਾਂ ਪਹਿਲਾਂ ਹੀ ਮੈਂ ਰੱਦ ਕਰ ਦਿੱਤਾ ਸੀ, ਉਨ੍ਹਾਂ ਨੇ ਬਹੁਤ ਹੀ ਸਹਿਜਤਾ ਨਾਲ ਉਸ ਨੂੰ ਪੂਰਾ ਕੀਤਾ।

ਇਸ ਨੇ ਮੈਨੂੰ ਇੱਕ ਸਬਕ ਦਿੱਤਾ ਕਿ ਜੇਕਰ ਤੁਸੀਂ ਕੁੱਝ ਚੰਗਾ ਕਰਨਾ ਚਾਹੁੰਦੇ ਹੋ ਤਾਂ ਤੁਰੰਤ ਹੀ ਕਰ ਦਿਓ, ਇੰਤਜ਼ਾਰ ਨਾ ਕਰੋ।

ਗਵਾਟੇਮਾਲਾ ਨਾਲ ਪਿਆਰ ਕਿਉਂ?

ਗਵਾਟੇਮਾਲਾ ਮੱਧ ਅਮਰੀਕਾ ਦਾ ਮੇਰਾ ਪਸੰਦੀਦਾ ਮੁਲਕ ਹੈ। ਇਸ ਨੂੰ ਪਸੰਦ ਕਰਨ ਦਾ ਪ੍ਰਮੁੱਖ ਕਾਰਨ ਇੱਥੋਂ ਦਾ ਨਜ਼ਾਰਾ ਹੈ। ਜਦੋਂ ਤਿੰਨ ਜਵਾਲਾਮੁੱਖੀ ਇੱਕ ਛੋਟੇ ਜਿਹੇ ਸ਼ਹਿਰ ਦੇ ਉੱਪਰ ਖੜ੍ਹੇ ਹੁੰਦੇ ਹਨ ਤਾਂ ਇੰਝ ਲੱਗਦਾ ਹੈ ਜਿਵੇਂ ਕਿ ਇਹ ਸ਼ਹਿਰ ਇੱਕ ਰਾਜਾ ਹੈ ਅਤੇ ਇਹ ਤਿੰਨੇ ਇਸ ਦੇ ਰੱਖਿਅਕ।

ਇੰਨ੍ਹਾਂ ਤਿੰਨੋਂ ਰੱਖਿਅਕਾਂ ''ਚੋਂ ਇੱਕ ਹਮੇਸ਼ਾਂ ਹੀ ਡਾਇਨੋਸੌਰ ਦੀ ਤਰ੍ਹਾਂ ਅੱਗ ਵੀ ਉਗਲਦਾ ਰਹਿੰਦਾ ਹੈ।

ਗਵਾਟੇਮਾਲਾ ਨੂੰ ਪਿਆਰ ਕਰਨ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਮੈਂ ਉੱਥੇ ਲੰਬੇ ਸਮੇਂ ਤੱਕ ਰਿਹਾ ਅਤੇ ਇੱਥੋਂ ਹੀ ਸਪੇਨਿਸ਼ ਭਾਸ਼ਾ ''ਚ ਕੋਰਸ ਵੀ ਕੀਤਾ। ਇਸ ਦੇ ਨਾਲ ਹੀ ਸਥਾਨਕ ਪਰਿਵਾਰਾਂ ਨਾਲ ਰਹਿ ਕੇ ਭਾਸ਼ਾ ਵੀ ਸਿੱਖੀ ਸੀ।

ਦੋ ਮਹਿਲਾਵਾਂ ਨੇ ਸਾਨੂੰ ਪੜ੍ਹਾਇਆ ਸੀ। ਇੱਕ ਔਰਤ ਨਾਲ ਮੈਂ ਅਤੇ ਕੁੱਝ ਹੋਰ ਲੋਕ ਤਿੰਨ ਘੰਟੇ ਤੱਕ ਸਪੇਨਿਸ਼ ਵਿਆਕਰਣ ਸਿੱਖਿਆ ਕਰਦੇ ਸੀ ਅਤੇ ਫਿਰ ਦੂਜੀ ਮਹਿਲਾ ਨਾਲ ਅਸੀਂ ਤਿੰਨ ਘੰਟਿਆਂ ਲਈ ਸ਼ਹਿਰ ਦਾ ਦੌਰਾ ਕਰਦੇ ਅਤੇ ਸਿੱਖੇ ਸ਼ਬਦਾਂ ਦੀ ਵਰਤੋਂ ਕਰਦੇ ਸੀ।

ਇੱਕ ਦਿਨ ਜਦੋਂ ਮੈਂ ਉੱਥੇ ਫੋਟੋਆਂ ਖਿੱਚ ਰਿਹਾ ਸੀ ਤਾਂ ਇੱਕ ਔਰਤ ਆਈ ਅਤੇ ਮੈਨੂੰ ਕਿਹਾ ਕਿ ਕੀ ਤੁਸੀਂ ਮੇਰੀ ਤਸਵੀਰ ਲੈ ਸਕਦੇ ਹੋ?

ਉਸ ਨੇ ਮੈਨੂੰ ਕਿਹਾ ਕਿ ਉਸ ਕੋਲ ਆਪਣੇ ਪਛਾਣ ਪੱਤਰ ਤੋਂ ਇਲਾਵਾ ਕੋਈ ਵੀ ਫੋਟੋ ਨਹੀਂ ਹੈ। ਮੈਂ ਉਸ ਦੀ ਫੋਟੋ ਖਿੱਚੀ ਅਤੇ ਅਗਲੇ ਦਿਨ ਪ੍ਰਿੰਟ ਕਰਵਾ ਕੇ ਉਸ ਨੂੰ ਦੇ ਦਿੱਤੀ। ਉਹ ਮਹਿਲਾ ਉੱਥੇ ਹੱਥ ਨਾਲ ਬਣੀਆਂ ਚੀਜ਼ਾਂ ਵੇਚਣ ਲਈ ਆਉਂਦੀ ਸੀ।

ਅਗਲੇ ਦਿਨ ਉਹ ਆਪਣੇ ਨਾਲ ਹੋਰ ਲੋਕਾਂ ਨੂੰ ਵੀ ਲੈ ਆਈ ਅਤੇ ਇਸ ਤਰ੍ਹਾਂ ਮੈਂ 30-40 ਲੋਕਾਂ ਦੀਆਂ ਫੋਟੋਆਂ ਖਿੱਚੀਆਂ।

ਇਸ ਨਾਲ ਮੈਨੂੰ ਇਹ ਫਾਇਦਾ ਹੋਇਆ ਕਿ ਇਸ ਛੋਟੇ ਜਿਹੇ ਸ਼ਹਿਰ ''ਚ ਦੂਰ-ਦੂਰ ਤੋਂ ਆਪਣਾ ਮਾਲ ਵੇਚਣ ਆਏ ਲੋਕਾਂ ਨਾਲ ਮੇਰੀ ਜਾਣ-ਪਛਾਣ ਹੋ ਗਈ ਅਤੇ ਉਹ ਜਿੱਦ ਕਰਕੇ ਮੈਨੂੰ ਆਪਣੇ-ਆਪਣੇ ਪਿੰਡ ਵੀ ਲਿਜਾਂਦੇ ਰਹੇ।

ਜਿਸ ਕਰਕੇ ਉਨ੍ਹਾਂ ਦੇ ਸਭਿਆਚਾਰ ਨੂੰ ਮੈਂ ਬਹੁਤ ਹੀ ਨੇੜਿਓਂ ਵੇਖਿਆ ਅਤੇ ਮਹਿਸੂਸ ਕੀਤਾ। ਮੈਂ ਉਨ੍ਹਾਂ ਦੀਆਂ ਧਾਰਮਿਕ, ਸਾਮਾਜਿਕ , ਇੱਥੋਂ ਤੱਕ ਕਿ ਹਰ ਤਰ੍ਹਾਂ ਦੀਆਂ ਰਸਮਾਂ ''ਚ ਸ਼ਾਮਲ ਹੋਇਆ।

ਇਹ ਅਜਿਹੇ ਦੂਰ ਦਰਾਡੇ ਦੇ ਖੇਤਰ ਸਨ, ਜਿੱਥੇ ਸੈਲਾਨੀ ਵੀ ਨਹੀਂ ਜਾਂਦੇ ਸਨ ਅਤੇ ਨਾ ਹੀ ਉਨ੍ਹਾਂ ਨੂੰ ਬਾਹਰੀ ਦੁਨੀਆ ਬਾਰੇ ਜ਼ਿਆਦਾ ਕੁੱਝ ਪਤਾ ਸੀ। ਪਾਕਿਸਤਾਨ ਬਾਰੇ ਤਾਂ ਬਿਲਕੁੱਲ ਵੀ ਨਹੀਂ ਪਤਾ ਸੀ।

ਸੈਂਕੜੇ ਨਜ਼ਾਰਿਆਂ, ਸਭਿਆਚਾਰ ਅਤੇ ਬੇਮਿਸਾਲ ਲੋਕਾਂ ਦੇ ਕਾਰਨ ਮੈਂ ਇਸ ਛੋਟੇ ਜਿਹੇ ਦੇਸ਼ ਦੇ ਛੋਟੇ-ਛੋਟੇ ਖੇਤਰਾਂ ''ਚ ਕੁੱਲ ਤਿੰਨ ਮਹੀਨੇ ਤੱਕ ਰਿਹਾ। ਇੱਥੋਂ ਦੇ ਲੋਕ ਪ੍ਰਹੁਣਚਾਰੀ ''ਚ ਇੰਨ੍ਹਾਂ ਵਿਸ਼ਵਾਸ ਰੱਖਦੇ ਹਨ ਕਿ ਸ਼ਾਇਦ ਹੀ ਕਿਸੇ ਹੋਰ ਦੇਸ਼ ਦੇ ਲੋਕ ਮੇਜ਼ਬਾਨੀ ''ਚ ਇੰਨ੍ਹਾਂ ਵਿਸ਼ਵਾਸ ਰੱਖਦੇ ਹੋਣ।

ਇਸੇ ਤਰ੍ਹਾਂ ਅਮਰੀਕਾ ਦੇ ਗ੍ਰਾਂਡ ਕੈਨਅਨ ''ਚ ਇੱਕ ਉਜਾੜ ਪਏ ਪਹਾੜ ''ਤੇ ਇੱਕ ਔਰਤ ਮਿਲੀ, ਜੋ ਕਿ ਆਪਣੀ ਭੈਣ ਦੀ ਯਾਦ ''ਚ 800 ਮੀਲ ਦੇ ਏਰੀਜ਼ੋਨਾ ਟ੍ਰੇਲ ''ਤੇ ਯਾਤਰਾ ਕਰ ਰਹੀ ਸੀ।

ਉਸ ਨੇ ਮੈਨੂੰ ਦੱਸਿਆ ਕਿ ਉਸ ਦੀ ਭੈਣ ਨੇ ਖੁਦਕੁਸ਼ੀ ਕਰ ਲਈ ਸੀ। ਇਸ ਲਈ ਉਸ ਨੇ ਫ਼ੈਸਲਾ ਕੀਤਾ ਸੀ ਕਿ ਘਰ ਬੈਠ ਕੇ ਸੋਗ ਮਨਾਉਣ ਨਾਲੋਂ ਚੰਗਾ ਹੈ ਕਿ ਉਹ ਆਪਣੀ ਭੈਣ ਦੀ ਯਾਦ ''ਚ ਕੁੱਝ ਵੱਖਰਾ ਕਰੇ।

ਉਨ੍ਹਾਂ ਨੇ ਆਪਣੀ ਭੈਣ ਦੀਆਂ ਅਸਥੀਆਂ ਗ੍ਰਾਂਡ ਕੈਨਅਨ ਦੇ ਅਖੀਰ ''ਚ ਕੋਲੋਰਾਡੋ ਨਹਿਰ ''ਚ ਵਹਾਉਣ ਦਾ ਫ਼ੈਸਲਾ ਕੀਤਾ।

"ਗ੍ਰਾਂਡ ਕੈਨਅਨ ਉਸ ਦੀ ਪਸੰਦੀਦਾ ਜਗ੍ਹਾ ਸੀ, ਇਸ ਲਈ ਮੈਂ ਇੱਥੇ ਆਈ ਹਾਂ। ਇਹ ਉਸ ਦੇ ਲਈ ਹੈ।"

ਉਸ ਔਰਤ ਨੇ ਮੈਨੂੰ ਵੀ ਕੁੱਝ ਸੁਆਹ ਦਿੱਤੀ ਤਾਂ ਜੋ ਜੇਕਰ ਮੈਂ ਪਹਿਲਾਂ ਉੱਥੇ ਪਹੁੰਚਾ ਤਾਂ ਨਦੀ ''ਚ ਵਹਾ ਦੇਵਾਂ। ਫਿਰ ਜਦੋਂ ਕੁੱਝ ਦਿਨ ਬਾਅਦ ਮੈਂ ਉਸ ਨਹਿਰ ਕੋਲ ਪਹੁੰਚਿਆਂ ਤਾਂ ਮੈਂ ਉਹ ਸੁਆਹ ਨਹਿਰ ਦੇ ਪਾਣੀ ''ਚ ਵਹਾ ਦਿੱਤੀ। ਮੈਂ ਆਪਣੇ ਸ਼ੌਕ ਨੂੰ ਪੂਰਾ ਕਰਨ ਅਤੇ ਤਸਵੀਰਾਂ ਖਿੱਚਣ ਲਈ ਗ੍ਰਾਂਡ ਕੈਨਅਨ ਗਿਆ ਸੀ ਪਰ ਇਸ ਨੇ ਮੈਨੂੰ ਇੱਕ ਭਵਾਨਾਤਮਕ ਕਹਾਣੀ ਦਾ ਹਿੱਸਾ ਬਣਾ ਦਿੱਤਾ।

ਕਦੇ ਇੱਕਲਿਆਂ ਡਰ ਨਹੀਂ ਲੱਗਿਆ?

ਮੈਂ ਹੁਣ ਤੱਕ ਘੱਟੋ-ਘੱਟ 50 ਕਿਮੀ ਤੱਕ ਦੀ ਯਾਤਰਾ ਕਰ ਚੁੱਕਾ ਹਾਂ। ਇਸ ''ਚ ਲਗਭਗ 2 ਹਜ਼ਾਰ ਕਿਮੀ. ਦੂਜੇ ਲੋਕਾਂ ਨਾਲ ਅਤੇ ਬਾਕੀ ਇੱਕਲਿਆਂ ਹੀ ਕੀਤੀ ਹੈ। ਕਈ ਵਾਰ ਡਰ ਵੀ ਲੱਗਦਾ ਹੈ।

ਆਬਾਦੀ ਵਾਲੇ ਇਲਾਕਿਆਂ ''ਚ ਟ੍ਰੈਫਿਕ ਤੋਂ ਡਰ ਲੱਗਦਾ ਹੈ ਅਤੇ ਸੁੰਨਸਾਨ ਖੇਤਰਾਂ ''ਚ ਜਾਨਵਰਾਂ ਅਤੇ ਚੋਰ-ਉਚੱਕਿਆਂ ਤੋਂ ਡਰ ਲੱਗਦਾ ਹੈ।ਦੇਖੋ ਸਾਈਕਲ ਚਾਲਕ ਬਹੁਤ ਹੀ ਕਮਜ਼ੋਰ ਹੁੰਦਾ ਹੈ, ਉਸ ਨਾਲ ਕੁੱਝ ਵੀ ਹੋ ਸਕਦਾ ਹੈ।

ਸੜ੍ਹਕ ''ਤੇ ਮੇਰੇ ਨਾਲ ਕਦੇ ਕੁੱਝ ਨਹੀਂ ਹੋਇਆ, ਪਰ ਜਦੋਂ ਵੀ ਸ਼ਹਿਰ ''ਚ ਕੁੱਝ ਸਮੇਂ ਲਈ ਸਾਈਕਲ ਛੱਡੀ ਤਾਂ ਕੁੱਝ ਨਾ ਕੁੱਝ ਜ਼ਰੂਰ ਹੋਇਆ ਹੈ।

ਉਦਾਹਰਣ ਦੇ ਲਈ, ਕੋਲੰਬੀਆ ''ਚ ਮੇਰਾ ਲੈਪਟਾਪ ਬੈਗ, ਜਿਸ ''ਚ ਮੇਰਾ ਪਾਸਪੋਰਟ, ਕ੍ਰੈਡਿਟ ਕਾਰਡ ਅਤੇ ਐਮਰਜੈਂਸੀ ਨਕਦ ਸੀ, ਉਹ ਚੋਰੀ ਹੋ ਗਿਆ ਸੀ। ਮੇਰੀ ਕਿਸਮਤ ਚੰਗੀ ਸੀ ਕਿ ਉਹ ਬੈਗ ਮੈਨੂੰ ਵਾਪਸ ਮਿਲ ਗਿਆ।

ਇਸੇ ਤਰ੍ਹਾਂ ਕਈ ਥਾਵਾਂ ''ਤੇ ਜੰਗਲੀ ਸ਼ੇਰਾਂ ਅਤੇ ਕਈ ਥਾਵਾਂ ''ਤੇ ਜੰਗਲੀ ਰਿੱਛਾਂ ਦਾ ਡਰ ਬਣਿਆ ਰਹਿੰਦਾ ਹੈ। ਭਾਵੇਂ ਤੁਸੀਂ ਕਿੰਨ੍ਹੀ ਵੀ ਸਾਵਧਾਨੀ ਵਰਤੋਂ ਪਰ ਫਿਰ ਵੀ ਹਨੇਰੇ ''ਚ ਡਰ ਜ਼ਰੂਰ ਮਹਿਸੂਸ ਹੁੰਦਾ ਹੈ। ਤੁਹਾਡੇ ਕੋਲ ਬਸ ਇਹ ਨੂੰ ਸਹਿਣ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ।

ਜੇਕਰ ਕਿਸੇ ਨੂੰ ਸਾਈਕਲ ਚਲਾਉਣ ''ਚ ਦਿਲਚਸਪੀ ਹੈ ਤਾਂ ਉਹ ਕਿੱਥੋਂ ਸ਼ੁਰੂ ਕਰੇ?

ਸ਼ੌਕ ਆਪਣੇ ਰਸਤੇ ਲੱਭ ਹੀ ਲੈਂਦਾ ਹੈ। ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਸਾਈਕਲ ਜ਼ਰੀਏ ਮੈਂ ਦੁਨੀਆਂ ਦੇ ਇੰਨ੍ਹੇ ਦੇਸ਼ ਘੁੰਮਾਂਗਾ। ਜੇਕਰ ਤੁਸੀਂ ਪਾਸਕਿਤਾਨ ''ਚ ਹੋ ਤਾਂ ਤੁਹਾਡੇ ਕੋਲ ਇੱਥੇ ਵੀ ਸਾਈਕਲ ਚਲਾਉਣ ਲਈ ਕਈ ਥਾਵਾਂ ਹਨ।

ਮੈਂ ਤਾਂ ਸਿਰਫ ਇਹੀ ਕਹਾਂਗੇ ਕਿ ਪਹਿਲਾਂ ਛੋਟੀ ਯਾਤਰਾ ਤੋਂ ਸ਼ੁਰੂ ਕਰੋ ਅਤੇ ਫਿਰ ਇਸ ਨੂੰ ਜਾਰੀ ਰੱਖੋ। ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਇੱਕ ਬਹੁਤ ਹੀ ਇੱਕਲਾ ਅਤੇ ਮਾਨਸਿਕ ਤੇ ਸਰੀਰਕ ਤੌਰ ''ਤੇ ਥਕਾਉਣ ਵਾਲਾ ਸ਼ੌਕ ਹੈ।

ਇਹ ਵੀ ਸੱਚ ਹੈ ਕਿ ਇਹ ਇੱਕ ਤਰ੍ਹਾਂ ਨਾਲ ਆਜ਼ਾਦੀ ਵੀ ਹੈ। ਸੈਂਕੜੇ ਮੀਲ ਦੇ ਖੇਤਰ ''ਚ ਪਹਾੜ, ਵਾਦੀਆਂ ਅਤੇ ਹੋਰ ਨਜ਼ਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਪਰ ਇੰਨ੍ਹਾਂ ਹਜ਼ਾਰਾਂ ਮੀਲ ਦੇ ਸਫ਼ਰ ''ਚ ਜੋ ਮੁਸ਼ਕਲਾਂ, ਸਰਦੀ, ਗਰਮੀ, ਮੀਂਹ, ਤੂਫਾਨ ਹੈ, ਉਹ ਵੀ ਆਪਣੇ ਆਪ ''ਚ ਹਕੀਕਤ ਹਨ।

ਤੁਸੀਂ ਦਸ-ਦਸ ਦਿਨਾਂ ਤੱਕ ਨਹਾ ਨਹੀਂ ਪਾਉਂਦੇ ਹੋ। ਖਾਣਾ ਖ਼ਤਮ ਹੋ ਜਾਂਦਾ ਹੈ, ਪਾਣੀ ਘੱਟ ਰਹਿ ਜਾਂਦਾ ਹੈ। ਵਾਰ-ਵਾਰ ਇੱਕ ਹੀ ਤਰ੍ਹਾਂ ਦਾ ਭੋਜਨ ਖਾਣਾ ਪੈਂਦਾ ਹੈ। ਪੀਜ਼ਾ ਦੇ ਸਪਨੇ ਆਉਂਦੇ ਹਨ।

ਕਈ ਲੋਕ ਤਾਂ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਆਪਣੀ ਯਾਤਰਾ ਵਿਚਾਲੇ ਹੀ ਛੱਡ ਕੇ ਚਲੇ ਜਾਂਦੇ ਹਨ।

ਕੀ ਸਾਈਕਲ ਤੋਂ ਇਲਾਵਾ ਕਿਸੇ ਹੋਰ ਨੂੰ ਹਮਸਫ਼ਰ ਬਣਾਉਣ ਦਾ ਇਰਾਦਾ ਹੈ?

ਇੱਕ ਵਾਰ ਤਜ਼ਾਕਿਸਤਾਨ ''ਚ ਜਿਸ ਪਰਿਵਾਰ ''ਚ ਮੈਂ ਠਹਿਰਿਆ ਸੀ, ਉਨ੍ਹਾਂ ਨੇ ਮੈਨੂੰ ਆਪਣੀ ਧੀ ਨਾਲ ਵਿਆਹ ਕਰਨ ਦੀ ਪੇਸ਼ਕਸ਼ ਦਿੱਤੀ ਸੀ।

ਇੱਕ ਵਾਰ ਅਫ਼ਗਾਨਿਸਤਾਨ ਅਤੇ ਤਜ਼ਾਕਿਸਤਾਨ ਵਿਚਾਲੇ ਪੈਂਦੀ ਵਖਾਨ ਘਾਟੀ ''ਚ ਪੰਜ ਨਦੀ ਦੇ ਨੇੜੇ ਜਿੱਥੇ ਦਰਿਆ ਸੁੰਗੜਦਾ ਹੈ, ਉੱਥੇ ਦਰਿਆ ਦੇ ਉਸ ਪਾਰ ਇੱਕ ਮੁੰਡੇ ਨੇ ਮੈਨੂੰ ਦਰੀ ਭਾਸ਼ਾ ''ਚ ਆਵਾਜ਼ ਦੇ ਕੇ ਕਿਹਾ, " ਕੀ ਤੁਸੀਂ ਵਿਆਹੇ ਹੋਏ ਹੋ"?

ਮੈਂ ਕਿਹਾ ਨਹੀਂ। ਉਸ ਨੇ ਆਪਣੇ ਕੋਲ ਖੜ੍ਹੀ ਇੱਕ ਕੁੜ੍ਹੀ ਵੱਲ ਇਸ਼ਾਰਾ ਕਰਦਿਆਂ ਕਿਹਾ, "ਇਹ ਮੇਰੀ ਭੈਣ ਹੈ। ਇਸ ਨਾਲ ਵਿਆਹ ਕਰ ਲੋ।"

ਪੂਰਾ ਪਰਿਵਾਰ ਉੱਥੇ ਹੀ ਸੀ। ਇੱਕ ਮਹਿਲਾ, ਇੱਕ ਬੱਚਾ, ਉਹ ਕੁੜ੍ਹੀ ਅਤੇ ਉਸ ਦਾ ਭਰਾ। ਜਦੋਂ ਮੈਂ ਕੁੜ੍ਹੀ ਵੱਲ ਵੇਖਿਆ ਤਾਂ ਉਸ ਨੇ ਦਰੀ ਭਾਸ਼ਾ ''ਚ ਕੁੱਝ ਕਿਹਾ। ਜਿਸ ਦਾ ਮਤਲਬ ਸੀ ''ਆਈਲਵ ਯੂ''।

ਮੈਨੂੰ ਪਹਿਲਾਂ ਕੁੱਝ ਹੈਰਾਨੀ ਹੋਈ, ਪਰ ਫਿਰ ਮੈਂ ਹਿੰਮਤ ਕਰਕੇ ਉਹੀ ਸ਼ਬਦ ਦੁਹਰਾ ਦਿੱਤੇ। ਬਸ ਇੱਥੇ ਹੀ ਮਾਮਲਾ ਖ਼ਤਮ ਹੋ ਗਿਆ। ਮੈਂ ਨਹਿਰ ਦੇ ਪਾਰ ਹੀ ਨਹੀਂ ਗਿਆ।

''ਆਈ ਲਵ ਯੂ'' ਦੀ ਆਵਾਜ਼ ਕਈ ਦਿਨਾਂ ਤੱਕ ਮੇਰੇ ਕੰਨ੍ਹਾ ''ਚ ਗੂੰਜਦੀ ਰਹੀ।

ਵੈਸੇ ਸੱਚ ਦੱਸਾਂ ਤਾਂ ਮੈਂ ਸਾਈਕਲ ਨਾਲ ਹੀ ਵਿਆਹ ਰਚਾ ਲਿਆ ਹੈ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
  • ਕੀ ਕੋਰੋਨਵਾਇਰਸ ਦਾ ਇਲਾਜ ਕਾਲੀ ਮਿਰਚ ਵਿੱਚ ਹੈ-ਬੀਬੀਸੀ ਫੈਕਟ ਚੈੱਕ
  • ਬਾਂਦਰਾਂ ਨਾਲ ਚਿੜੀਆਘਰ ਵਿੱਚ ਰੱਖੇ ਗਏ ਮੁੰਡੇ ਦੀ ਕਹਾਣੀ, ਜਿਸ ਦੀ 114 ਸਾਲ ਬਾਅਦ ਮਾਫ਼ੀ ਮੰਗੀ ਗਈ

https://www.youtube.com/watch?v=O1JkM9GmzBM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e6bad8de-a6cc-4543-a3f3-e4d7be91898d'',''assetType'': ''STY'',''pageCounter'': ''punjabi.international.story.54659023.page'',''title'': ''ਕਾਮਰਾਨ ਆਨ ਬਾਈਕ: ਸਾਈਕਲ \''ਤੇ 50 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਇਸ ਸ਼ਖ਼ਸ ਬਾਰੇ ਜਾਣੋ'',''published'': ''2020-10-24T07:09:12Z'',''updated'': ''2020-10-24T07:09:12Z''});s_bbcws(''track'',''pageView'');