ਲੌਕਡਾਊਨ ਦੌਰਾਨ ਪਿਉ ਨੂੰ ਬਿਠਾ ਕੇ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਕੁੜੀ ਦੀ ਜ਼ਿੰਦਗੀ ਵਿੱਚ ਕੀ ਕੁਝ ਬਦਲਿਆ

10/20/2020 8:10:03 AM

ਉਹ ਜ਼ਿਆਦਾ ਨਹੀਂ ਬੋਲਦੀ। ਬੋਲੇ ਵੀ ਕਿਵੇਂ? ਜਦੋਂ ਵੀ ਕੋਈ ਪੱਤਰਕਾਰ ਉਸ ਦੀ ਬਹਾਦਰੀ ਦੀ ਕਹਾਣੀ ਸੁਣਨ ਪਹੁੰਚਦਾ ਹੈ ਤਾਂ ਉਸ ਦੇ ਪਿਤਾ ਕੋਲ ਹੀ ਮੌਜੂਦ ਰਹਿੰਦਾ ਹੈ।

ਆਉਣ ਵਾਲਿਆਂ ਵਿੱਚੋਂ ਬਹੁਤੇ ਉਨ੍ਹਾਂ ਨਾਲ ਹੀ ਗੱਲਬਾਤ ਕਰਦੇ ਹਨ। ਜੋਤੀ ਆਪ ਬਹੁਤਾ ਨਹੀਂ ਬੋਲਦੀ ਅਤੇ ਕਈ ਵਾਰ ਤਾਂ ਗੱਲਬਾਤ ਵਿਚਾਲੇ ਛੱਡ ਕੇ ਹੀ ਉੱਠ ਕੇ ਚਲੀ ਜਾਂਦੀ ਹੈ।

ਗੱਲਾਂ ਕਰਦਿਆਂ ਕਈ ਵਾਰ ਮੁਸਕਰਾਹਟ ਜ਼ਰੂਰ ਬਿਖੇਰ ਦਿੰਦੀ ਹੈ। ਅਤੇ ਫਿਰ ਉਹੀ ਗੱਲਾਂ ਦੁਹਰਾ ਦਿੰਦੀ ਹੈ ਜੋ ਉਹ ਹਰ ਪੱਤਰਕਾਰ ਨੂੰ ਦਸਦੀ ਹੈ।

15 ਸਾਲਾਂ ਦੀ ਜੋਤੀ ਉਸ ਸਮੇਂ ਖ਼ਬਰਾਂ ਵਿੱਚ ਆਈ ਸੀ ਜਦੋਂ ਉਹ ਆਪਣੇ ਬਿਮਾਰ ਪਿਤਾ ਨੂੰ ਲਗਭਗ 1200 ਕਿੱਲੋਮੀਟਰ ਸਾਈਕਲ ''ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਲੈ ਕੇ ਪਹੁੰਚੀ ਸੀ।

ਇਹ ਗੱਲ ਇਸੇ ਸਾਲ ਦੇ ਮਈ ਮਹੀਨੇ ਦੀ ਹੈ ਜਦੋਂ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਦੇਸ਼ ਵਿਆਪੀ ਲੌਕਡਾਊਨ ਚੱਲ ਰਿਹਾ ਸੀ। ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਰਚ ਵਿੱਚ ਕੀਤਾ ਸੀ।

ਪਰਵਾਸੀ ਮਜ਼ਦੂਰ ਸੰਕਟ ਵਿੱਚੋਂ ਲੰਘ ਰਹੇ ਸਨ। ਬਹੁਤ ਸਾਰੇ ਮਜ਼ਦੂਰਾਂ ਨੇ ਵੱਡੀ ਸੰਖਿਆ ਵਿੱਚ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ:-

  • ਕੀ ਕੋਰੋਨਾਵਾਇਰਸ ਕਾਰਨ ਖਾਦ ਉਤਪਾਦਨ ਵਿੱਚ ਤਕਨੀਕ ਲਿਆਉਣ ਦੀ ਜ਼ਰੂਰਤ ਹੈ
  • ਕਿਸੇ ਸਿਆਸੀ ਆਗੂ ਦਾ ਤਖ਼ਤਾ ਪਲਟਣ ਲਈ ਦੇਸ ਦੀ ਅਬਾਦੀ ਦਾ ਕਿੰਨਾ ਹਿੱਸਾ ਚਾਹੀਦਾ ਹੈ
  • ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵੇਲੇ ਨਵਜੋਤ ਸਿੱਧੂ, ‘ਪੰਜਾਬ ਸਰਕਾਰ ਦੇਵੇ MSP ਤੇ ਕਰੇ ਖਰੀਦ’

ਕਈ ਲੋਕ ਪੈਦਲ, ਸਾਈਕਲਾਂ ਜਾ ਗੱਡੀਆਂ ਵਿੱਚ ਲਿਫ਼ਟ ਲੈ ਕੇ ਜਾਂ ਲੁਕ ਕੇ ਆਪੋ-ਆਪਣੇ ਪਿੰਡ ਪਹੁੰਚਣ ਦੇ ਯਤਨ ਕਰ ਰਹੇ ਸਨ।

ਜਦੋਂ ਜੋਤੀ ਪਾਸਵਾਨ ਆਪਣੇ ਬਿਮਾਰ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ ''ਤੇ ਬਿਠਾ ਕੇ ਘਰ ਪਹੁੰਚੀ ਉਸ ਸਮੇਂ ਤੋਂ ਹੀ ਉਨ੍ਹਾਂ ਦੇ ਘਰ ਆਉਣ-ਜਾਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਹੈ।

ਬਿਹਾਰ ਦੇ ਦਰਭੰਗਾ ਜ਼ਿਲ੍ਹੇ ਜੇ ਸਿੰਧਵਾਰਾ ਬਲਾਕ ਵਿੱਚ ਪੈਂਦਾ ਹੈ ਸਿਰਹੁੱਲੀ ਪਿੰਡ। ਮੋਹਨ ਪਾਸਵਾਨ ਹੁਣ ਆਪਣੀ ਧੀ ਜੋਤੀ ਕਾਰਨ ਇਸ ਪਿੰਡ ਦੀ ਮਸ਼ਹੂਰ ਹਸਤੀ ਹਨ।

ਵਾਪਸੀ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ

ਪਤਾ ਨਹੀਂ ਕੌਣ-ਕੌਣ ਅਤੇ ਕਿੱਥੋਂ-ਕਿੱਥੋਂ ਮੋਹਨ ਪਾਸਵਾਨ ਦੀ ਬਹਾਦਰ ਧੀ ਨੂੰ ਮਿਲਣ ਪਹੁੰਚ ਰਿਹਾ ਸੀ। ਜੋਤੀ ਨੂੰ ਤੋਹਫ਼ੇ ਦੇ ਰਿਹਾ ਸੀ। ਕਈ ਕਿਸਮ ਦੀਆਂ ਪੇਸ਼ਕਸ਼ਾਂ ਆ ਰਹੀਆਂ ਸਨ। ਕਈ ਕੰਪਨੀਆਂ ਜੋਤੀ ਨੂੰ ਆਪਣਾ ਬਰਾਂਡ ਅੰਬੈਸਡਰ ਬਣਾਉਣਾ ਚਾਹੁੰਦੀਆਂ ਸਨ।

ਅਸਲ ਵਿੱਚ ਦੇਖਿਆ ਜਾਵੇ ਤਾਂ ਬਹਾਦਰੀ ਦੀ ਕਹਾਣੀ ਜਾਪਣ ਵਾਲੀ ਇਹ ਕਹਾਣੀ ਅਸਲ ਵਿੱਚ ਇੱਕ ਦੁਖਾਂਤ ਹੈ। ਹਾਂ ਇਸ ਵਿੱਚੋਂ ਜੋਤੀ ਦੀ ਬਹਾਦਰੀ ਨੂੰ ਮਨਫ਼ੀ ਕਤਈ ਨਹੀਂ ਕੀਤਾ ਜਾ ਸਕਦਾ।

ਆਪਣੇ ਬਿਮਾਰ ਪਿਤਾ ਨੂੰ ਸਾਈਕਲ ''ਤੇ ਬਿਠਾ ਕੇ ਇੰਨੇ ਲੰਬੇ ਸਫ਼ਰ ''ਤੇ ਨਿਕਲਣ ਦਾ ਫ਼ੈਸਲਾ ਹੀ ਜੋਤੀ ਦੀ ਮਾਸੂਮ ਬਹਾਦਰੀ ਦਾ ਸਬੂਤ ਹੈ। ਜੇ ਕਿਸਮਤ ਨੇ ਸਾਥ ਦਿੱਤਾ ਤਾਂ ਪਹੁ-ਬਾਰਾਂ ਅਤੇ ਜੇ ਨਾ ਦਿੰਦੀ ਤਾਂ ਕੁਝ ਵੀ ਹੋ ਸਕਦਾ ਸੀ।

ਇਸ ਹਾਲਾਤ ਵਿੱਚ ਜੋਤੀ ਨੇ ਸਾਈਕਲ ਰਾਹੀਂ ਆਪਣੇ ਪਿਤਾ ਨਾਲ ਪਿੰਡ ਤੱਕ ਜਾਣ ਦਾ ਫ਼ੈਸਲਾ ਕੀਤਾ।

ਆਖ਼ਰ ਜੋਤੀ ਨੂੰ ਵਾਪਸ ਆਉਣਾ ਕਿਉਂ ਪਿਆ?

ਹਾਈਟੈਕ ਸ਼ਹਿਰ ਗੁਰੂਗ੍ਰਾਮ ਦੀ ਇੱਕ ਝੁੱਗੀ ਵਿੱਚ ਆਪਣੇ ਪਿਤਾ ਨਾਲ ਰਹਿ ਰਹੀ ਜੋਤੀ ਦੇ ਸਾਹਮਣੇ ਅਚਾਨਕ ਇੱਕ ਵੱਡੀ ਸਮੱਸਿਆ ਆਣ ਖੜ੍ਹੀ ਹੋਈ।

ਅਚਾਨਕ ਹੋਈ ਤਾਲਾਬੰਦੀ ਤੋਂ ਬਾਅਦ ਇੰਨੇ ਵੱਡੇ ਸ਼ਹਿਰ ਵਿੱਚ ਪਿਓ-ਧੀ ਕੋਲ ਗੁਜ਼ਾਰਾ ਕਰਨ ਦਾ ਕੋਈ ਸਾਧਨ ਨਹੀਂ ਸੀ। ਪਿਤਾ ਬਿਮਾਰ ਸੀ। ਅਜਿਹੇ ਵਿੱਚ ਇੱਕੋ ਹੱਲ ਸੀ ਜਿਵੇਂ-ਕਿਵੇਂ ਪਿੰਡ ਪਹੁੰਚਿਆ ਜਾਵੇ।

ਲੌਕਡਾਊਨ ਵਿੱਚ ਨਾ ਹੀ ਰੇਲਾਂ ਚੱਲ ਰਹੀਆਂ ਸਨ ਤੇ ਨਾ ਹੀ ਬੱਸਾਂ।

ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਲੌਕਡਾਊਨ ਦੌਰਾਨ 32 ਲੱਖ ਤੋਂ ਵਧੇਰੇ ਮਜ਼ਦੂਰਾਂ ਨੇ ਸ਼ਹਿਰਾਂ ਤੋਂ ਆਪਣੇ ਜੱਦੀ ਪਿੰਡਾਂ ਵੱਲ ਵਾਪਸ ਹਿਜਰਤ ਕੀਤੀ। ਬਿਹਾਰ ਵਾਪਸ ਪਰਤਣ ਵਾਲਿਆਂ ਦੀ ਗਿਣਤੀ 15 ਲੱਖ ਤੋਂ ਜ਼ਿਆਦਾ ਸੀ।

''ਇਹ ਬਿਹਾਰ ਹੈ ਜਾਤ ਹੀ ਇੱਥੋਂ ਦੀ ਸਚਾਈ ਹੈ''

ਜੋ ਤੁਸੀਂ ਜੋਤੀ ਦੇ ਪਿੰਡ ਸਿਰਹੁੱਲੀ ਪਹੁੰਚੋਂ ਤਾਂ ਸੜਕ ਤੋਂ ਹੀ ਉਸ ਦਾ ਘਰ ਦਿਸ ਪੈਂਦਾ ਹੈ। ਇਹ ਪਿੰਡ ਦੇ ਬਾਕੀ ਘਰਾਂ ਨਾਲੋ ਕਾਫ਼ੀ ਉੱਚਾ ਬਣਿਆ ਹੋਇਆ ਹੈ। ਤਿੰਨ ਮੰਜ਼ਿਲਾਂ ਦਾ ਇਹ ਮਕਾਨ ਜੋਤੀ ਅਤੇ ਉਨ੍ਹਾਂ ਦੇ ਪਿਤਾ ਦੇ ਪਿੰਡ ਵਾਪਸ ਆਉਣ ਤੋਂ ਤਿੰਨ ਮਹੀਨਿਆਂ ਦੇ ਅੰਦਰ ਬਣ ਕੇ ਤਿਆਰ ਹੋਇਆ ਹੈ।

ਹਾਲੇ ਇਸ ਵਿੱਚ ਰੰਗ-ਰੋਗਨ ਨਹੀਂ ਹੋਇਆ ਪਰ ਇਸ ਨਵੇਂ ਘਰ ਵਿੱਚ ਇੱਕ ਪਖਾਨਾ ਜ਼ਰੂਰ ਬਣਿਆ ਹੋਇਆ ਹੈ। ਇਸ ਪੇਂਡੂ ਇਲਾਕੇ ਵਿੱਚ ਘਰ ਦੇ ਅੰਦਰ ਪਖਾਨਾ ਹੋਣਾ ਇੱਕ ਵੱਡੀ ਗੱਲ ਹੈ। ਘਰ ਦੇ ਸਾਹਮਣੇ ਵਾਲੀ ਸੌੜੀ ਗਲੀ ਵਿੱਚ ਘਰ ਦਾ ਵਰ੍ਹਾਂਢਾ ਕੱਢਿਆ ਹੋਇਆ ਹੈ ਜਿਸ ਵਿੱਚ ਹਾਲ ਹੀ ਵਿੱਚ ਖ਼ਰੀਦੀਆਂ ਪਲਾਸਟਿਕ ਦੀਆਂ ਦੋ ਕੁਰਸੀਆਂ ਪਈਆਂ ਹਨ।

ਸਿਰਹੁੱਲੀ ਦਾ ਵੀ ਉਹੀ ਹਾਲ ਹੈ ਜੋ ਤੁਹਾਨੂੰ ਬਿਹਾਰ ਦੇ ਕਿਸੇ ਹੋਰ ਔਸਤ ਪਿੰਡ ਦਾ ਨਜ਼ਰ ਆਵੇਗਾ। ਪਿੰਡ ਜਾਤਾਂ ਦੇ ਹਿਸਾਬ ਨਾਲ ਵਿਹੜਿਆਂ ਵਿੱਚ ਵੰਡਿਆ ਹੋਇਆ ਹੈ। ਅਜਿਹੇ ਵਿੱਚ ਇੱਕ ਦਲਿਕ ਕੁੜੀ ਨੂੰ ਮਿਲੀ ਅਚਾਨਕ ਮਸ਼ਹੂਰੀ ਕਈ ਲੋਕਾਂ ਨੂੰ ਸਹਿਣ ਕਰਨਾ ਮੁਸ਼ਕਲ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਜੁਲਾਈ ਮਹੀਨੇ ਵਿੱਚ ਜਿਸ 14 ਸਾਲਾਂ ਦੀ ਇੱਕ ਕੁੜੀ ਦੇ ਰੇਪ ਅਤੇ ਕਤਲ ਦੀ ਖ਼ਬਰ ਸੁਰਖੀਆਂ ਵਿੱਚ ਆਈ। ਉਹ ਵੀ ਦਰਭੰਗਾ ਜ਼ਿਲ੍ਹੇ ਨਾਲ ਸੰਬੰਧਿਤ ਸੀ। ਕੁੜੀ ਨੂੰ ਇੱਕ ਬਾਗ਼ ਵਿੱਚ ਅੰਬ ਚੋਰੀ ਕਰਨ ਦੀ ਸਜ਼ਾ ਦਿੱਤੀ ਗਈ ਸੀ।

ਪੇਸ਼ੇ ਤੋਂ ਡਰਾਈਵਰ ਪ੍ਰੇਮ ਪ੍ਰਕਾਸ਼ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਅਸਲ ਵਿੱਚ ਇਹ ਦਲਿਤਾਂ ਨੂੰ ਦਿੱਤੀ ਗਈ ਇੱਕ ਵਾਰਨਿੰਗ ਸੀ। ਇਹ ਦੱਸਣ ਦੀ ਕੋਸ਼ਿਸ਼ ਸੀ ਕਿ ਆਪਣੀ ਔਕਾਤ ਤੋਂ ਜ਼ਿਆਦਾ ਨਾ ਉਛਲੋ। ਇਹ ਬਿਹਾਰ ਹੈ ਬਾਬੂ। ਜਾਤ ਹੀ ਇੱਥੋਂ ਦੀ ਸਚਾਈ ਹੈ।"

ਜੋਤੀ ਹੁਣ ਇੱਕ ਸੈਲੀਬ੍ਰਿਟੀ ਹੈ

ਜੋਤੀ ਆਪਣੀ ਪ੍ਰਾਪਤੀ ਬਾਰੇ ਉਤਸ਼ਾਹਿਤ ਹੈ। ਉਸ ਨੂੰ ਕੋਈ ਸੰਕੋਚ ਨਹੀਂ ਹੈ। ਉਹ ਜੀਨ ਅਤੇ ਸ਼ਰਟ ਪਾਉਂਦੀ ਹੈ। ਸਥਾਨਕ ਮੀਡੀਆ ਦੀਆਂ ਖ਼ਬਰਾਂ ਦੀ ਮੰਨੀਏ ਤਾਂ ਜੋਤੀ ਨੇ ਆਪਣੀ ਭੂਆ ਦੇ ਵਿਆਹ ਦਾ ਖ਼ਰਚ ਵੀ ਚੁੱਕਿਆ ਹੈ।

ਤੁਸੀਂ ਜਦੋਂ ਵੀ ਸਿਰਹੌਲੀ ਪਹੁੰਚੋਂ ਤਾਂ ਜੋਤੀ ਤੁਹਾਨੂੰ ਪਿੰਡ ਦੀ ਸੜਕ ''ਤੇ ਸਾਈਕਲ ਚਲਾਉਂਦੀ ਮਿਲ ਜਾਵੇਗੀ।

ਲੋਕ ਉਸ ਨੂੰ ਜਾਣਦੇ ਹਨ ਅਤੇ ਹੁਣ ਉਸ ਦੀ ਜ਼ਿੰਦਗੀ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਹੈ।

ਪਾਸਵਾਨ ਪਰਿਵਾਰ ਨੇ ਹੁਣ ਆਪਣਾ ਪੱਕਾ ਮਕਾਨ ਬਣਵਾ ਲਿਆ ਹੈ, ਜਿਸ ਵਿੱਚ ਚਾਰ ਕਮਰੇ ਹਨ। ਇਸ ਤੋਂ ਪਹਿਲਾਂ ਪਰਿਵਾਰ ਜਿਸ ਝੋਪੜੀ ਵਿੱਚ ਰਹਿੰਦਾ ਸੀ ਉਹ ਹਾਲੇ ਵੀ ਘਰ ਦੇ ਪਿਛਲੇ ਪਾਸੇ ਮੌਜੂਦ ਹੈ। ਜੋਤੀ ਦੇ ਦਾਦੇ ਦੇ ਭਰਾ ਆਪਣੇ ਪਰਿਵਾਰ ਨਾਲ ਉਹੋ-ਜਿਹੀ ਹੀ ਝੋਪੜੀ ਵਿੱਚ ਰਹਿੰਦੇ ਹਨ।

ਝੋਪੜੀ ਦੇ ਨਾਲ ਹੀ ਅੱਠ ਨਵੀਆਂ ਸਾਈਕਲਾਂ ਖੜ੍ਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਾਈਕਲ ਜੋਤੀ ਦੀ ਵੱਡੀ ਭੈਣ ਦੀ ਹੈ ਜੋ ਉਸ ਨੂੰ ਸਰਕਾਰ ਵੱਲੋਂ ਮਿਲੀ ਸੀ। ਜਿਸ ਨੂੰ ਆਪਣੀ ਪੜ੍ਹਾਈ ਅੱਧਵਾਟਿਓਂ ਛੱਡਣੀ ਪਈ ਅਤੇ ਦੋ ਸਾਲ ਪਹਿਲਾਂ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ। ਵਜ੍ਹਾ ਪਰਿਵਾਰ ਫ਼ੀਸ ਨਹੀਂ ਸੀ ਭਰ ਸਕਦਾ।

ਖ਼ੈਰ ਜੋਤੀ ਹੁਣ ਪਿੰਡ ਵਿੱਚ ਇੱਕ ਸੈਲੀਬ੍ਰਿਟੀ ਬਣ ਗਈ ਹੈ।

ਪੱਤਰਕਾਰ, ਫਿਲਮ ਨਿਰਮਾਤਾ, ਸਿਆਸਤਦਾਨ, ਐਨਜੀਓ ਅਤੇ ਭਾਰਤ ਦੀ ਸਾਈਕਲਿੰਗ ਫੈਡਰੇਸ਼ਨ ਦੇ ਮੈਂਬਰਾਂ ਨੇ ਜੋਤੀ ਦੇ ਘਰ ਆ ਕੇ ਉਸ ਨੂੰ ਚੈੱਕ, ਸਾਈਕਲਾਂ, ਕੱਪੜੇ ਅਤੇ ਇੱਥੋਂ ਤੱਕ ਕਿ ਫਲ ਅਤੇ ਕਈ ਕਿਸਮ ਦੀਆਂ ਪੇਸ਼ਕਸ਼ਾਂ ਕੀਤੀਆਂ ਗਈਆਂ।

ਜੋਤੀ ਨੂੰ ਅਮਰੀਕਾ ਵਿੱਚੋਂ ਇੱਕ ਵਿਅਕਤੀ ਨੇ ਗੋਦ ਲੈਣ ਦੀ ਇੱਛਾ ਵੀ ਜ਼ਾਹਰ ਕੀਤੀ ਹੈ। ਉਨ੍ਹਾਂ ਦੀ ਆਪਣੀ ਕੋਈ ਧੀ ਨਹੀਂ ਹੈ। ਉਹ ਅਕਸਰ ਜੋਤੀ ਨੂੰ ਅਮਰੀਕਾ ਆਉਣ ਲਈ ਕਹਿੰਦੇ ਹਨ ਪਰ ਜੋਤੀ ਆਪਣੇ ਪਿੰਡ ਵਿੱਚ ਹੀ ਖ਼ੁਸ਼ ਹੈ।

ਜੋਤੀ ਦਾ ਦਾਅਵਾ ਹੈ ਕਿ ਫ਼ੀਸ ਕਾਰਨ ਉਸ ਨੂੰ ਵੀ ਆਪਣੀ ਭੈਣ ਵਾਂਗ ਹੀ ਅੱਠਵੀਂ ਵਿੱਚ ਇੱਕ ਵਾਰ ਪੜ੍ਹਾਈ ਵਿਚਾਲੇ ਛੱਡਣੀ ਪਈ ਸੀ।

ਜੋਤੀ ਦਾ ਕਹਿਣਾ ਹੈ ਕਿ ਉਸ ਨੇ 13 ਸਾਲਾਂ ਦੀ ਉਮਰ ਵਿੱਚ ਸਾਈਕਲ ਚਲਾਉਣਾ ਸਿੱਖਿਆ ਸੀ। ਉਦੋਂ ਉਹ ਆਪਣੀ ਭੈਣ ਦਾ ਲਾਲ ਰੰਗ ਦਾ ਸਾਈਕਲ ਪਿੰਡ ਵਿੱਚ ਚਲਾਇਆ ਕਰਦੀ ਸੀ।

ਸਤੰਬਰ ਵਿੱਚ ਜਦੋਂ ਸਾਡੀ ਮੁਲਾਕਾਤ ਹੋਈ ਸੀ। ਉਦੋਂ ਉਹ ਨੌਵੀਂ ਜਮਾਤ ਵਿੱਚ ਆਪਣਾ ਨਾਂਅ ਲਿਖਾ ਕੇ ਆਪਣੀ ਨੀਲੇ ਰੰਗ ਦੀ ਸਾਈਕਲ ਉੱਪਰ ਨੇੜੇ ਦੇ ਪਿੰਡ ਪਿੰਡਾਰੂਚ ਪਹੁੰਚ ਗਈ ਸੀ।

ਇਹ ਸਾਈਕਲ ਵੀ ਜੋਤੀ ਨੂੰ ਤੁਹਫ਼ੇ ਵਿੱਚ ਮਿਲੀ ਹੈ। ਜੋਤੀ ਨੇ ਦੱਸਿਆ ਸੀ, "ਦਰਭੰਗਾ ਦੇ ਡੀਐੱਮ ਐੱਸਐੱਮ ਤਿਆਗਰਾਜ ਨੇ ਮੇਰਾ ਨਾਂਅ ਸਕੂਲ ਵਿੱਚ ਲਿਖਵਾਇਆ ਹੈ। ਮੈਂ ਪੜ੍ਹਨਾ ਚਾਹੁੰਦੀ ਹਾਂ।"

''ਸਾਈਕਲ ਗੜ੍ਹ'' ਬਣਿਆ ਸਿਰਹੁੱਲੀ ਪਿੰਡ

ਜਦੋਂ ਦਰਭੰਗਾ ਹਾਈਵੇ ਤੋਂ ਲੰਘਦੇ ਹਾਂ ਤਾਂ ਕੋਈ ਵੀ ਤੁਹਾਨੂੰ ਸਿਰਹੁੱਲੀ ਦਾ ਰਾਹ ਦੱਸ ਦੇਵੇਗਾ। ਹੁਣ ਸਿਰਹੁੱਲੀ ਪਹਿਲਾਂ ਵਰਗਾ ਗੁਮਸ਼ੁਦਾ ਜਿਹਾ ਪਿੰਡ ਨਹੀਂ ਰਿਹਾ। ਹੁਣ ਲੋਕ ਉਸ ਨੂੰ ''ਸਾਈਕਲ ਗੜ੍ਹ'' ਕਹਿੰਦੇ ਹਨ।

ਇਸ ਪਿੰਡ ਦੇ ਜ਼ਿਆਦਾਤਰ ਲੋਕ ਬਹਾਰਲੇ ਸ਼ਹਿਰਾਂ ਵਿੱਚ ਗਏ ਹੋਏ ਹਨ ਅਤੇ ਪਿੱਛੇ ਸਿਰਫ਼ ਬਜ਼ੁਰਗ ਅਤੇ ਔਰਤਾਂ ਹਨ।

ਹਾਲਾਂਕਿ ਪਿੰਡ ਵਿੱਚ ਕਈ ਉੱਘੇ ਲੋਕ ਪਹੁੰਚ ਰਹੇ ਹਨ ਪਰ ਫਿਰ ਵੀ ਪਰਵਾਸੀ ਕਾਮਿਆਂ ਲਈ ਹਾਲੇ ਤੱਕ ਇੱਥੇ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਹੈ। ਲੌਕਡਾਊਨ ਤੋਂ ਕੁਝ ਦੇਰ ਪਹਿਲਾਂ ਮੁੰਬਈ ਤੋਂ ਇੱਥੇ ਪਹੁੰਚੇ 30 ਸਾਲਾ ਗਣੇਸ਼ ਰਾਮ ਨੇ ਸੜਕ ਕਿਨਾਰੇ ਬਣੇ ਮੰਦਰ ਦੇ ਵਰ੍ਹਾਂਢੇ ਵਿੱਚ ਬੈਠੇ ਨੌਜਵਾਨਾਂ ਵੱਲ ਇਸ਼ਾਰਾ ਕੀਤਾ।

ਗਣੇਸ਼ ਮੁੰਬਈ ਵਿੱਚ 14 ਹਜ਼ਾਰ ਤਨਖ਼ਾਹ ''ਤੇ ਇੱਕ ਫ਼ੈਕਟਰੀ ਵਿੱਚ ਕੰਮ ਕਰਦੇ ਸਨ।

ਗਣੇਸ਼ ਦਸਦੇ ਹਨ,"ਟੈਂਸ਼ਨ ਬਹੁਤ ਹੈ, ਪਰ ਕਰੀਏ ਕੀ? ਇੱਥੇ ਕਰਨ ਨੂੰ ਕੁਝ ਵੀ ਨਹੀਂ ਹੈ। ਅਸੀਂ ਰੋਟੀ ਦਾ ਹੀਲਾ ਵੀ ਸ਼ਾਹੂਕਾਰ ਤੋਂ ਕਰਜ਼ ਲੈ ਕੇ ਕਰ ਰਹੇ ਹਾਂ। ਜਿੱਥੇ ਅਸੀਂ ਨੌਕਰੀ ਕਰਦੇ ਸੀ, ਉਹ ਹੁਣ ਸਾਡਾ ਫੋਨ ਨਹੀਂ ਚੁੱਕਦੇ। ਸਾਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ? ਸਾਡੀ ਮਦਦ ਲਈ ਕੋਈ ਨਹੀਂ ਆਇਆ।"

ਮੰਦਿਰ ਦੇ ਨੌਜਵਾਨਾਂ ਵਿੱਚੋਂ ਜਤਿੰਦਰ ਨੇ 16 ਸਾਲ ਦੀ ਉਮਰ ਵਿੱਚ ਆਪਣਾ ਪਿੰਡ ਛੱਡ ਦਿੱਤਾ ਸੀ। ਉਹ ਕਹਿੰਦੇ ਹਨ, "ਇਸ ਪਿੰਡ ਦਾ ਹਰ ਆਦਮੀ ਕਮਾਉਣ ਲਈ ਬਾਹਰ ਜਾਂਦਾ ਹੈ। ਪਿੰਡ ਵਿੱਚ ਸਿਰਫ਼ ਬਜ਼ੁਰਗ ਰਹਿ ਜਾਂਦੇ ਹਨ। ਇੱਥੇ ਕੁਝ ਹੈ ਹੀ ਨਹੀਂ। ਜਦੋਂ ਸਾਡੇ ਕੋਲ ਪੈਸਾ ਮੁੱਕ ਗਿਆ ਤਾਂ ਜਿਵੇਂ-ਕਿਵੇਂ ਕਰ ਕੇ ਅਸੀਂ ਪਿੰਡ ਵਾਪਸ ਆਏ। ਇੱਥੇ ਬਸ ਦਿਨ ਗਿਣ ਰਹੇ ਹਾਂ। ਕਿਸੇ ਕੋਲ ਸਾਡੀ ਗੱਲ ਸੁਣਨ ਦੀ ਵੀ ਵਿਹਲ ਨਹੀਂ ਹੈ।"

ਖਿਝੇ ਹੋਏ ਮਨ ਨਾਲ ਜਤਿੰਦਰ ਨੇ ਕਿਹਾ, "ਸਾਡੇ ਸਮਝ ਆ ਗਿਆ ਹੈ, ਪਿੰਡ ਵਿੱਚ ਕਿਸੇ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਹੈ।"

ਮੋਹਨ ਪਾਸਵਾਨ ਦੇ ਦਿਨ ਫ਼ਿਰਨ ਮਗਰੋਂ ਇਨ੍ਹਾਂ ਦੇ ਮਨ ਵਿੱਚ ਸਵਾਲ ਉੱਠ ਰਹੇ ਹਨ ਕਿ ਸਰਕਾਰ ਆਖ਼ਰ ਗ਼ਰੀਬਾਂ ਲਈ ਕਰ ਕੀ ਰਹੀ ਹੈ?

ਜਤਿੰਦਰ ਨੇ ਕਿਹਾ, "ਅਸੀਂ ਵੀ ਤਾਂ ਸ਼ਹਿਰੋਂ ਪਿੰਡ ਆਏ ਹਾਂ। ਅਸੀਂ ਵੀ ਤਾਂ ਇੰਨੀ ਹੀ ਦੂਰੋਂ ਪੈਦਲ ਤੁਰ ਕੇ ਆਪਣੇ ਘਰ ਆਏ। ਲੇਕਿਨ ਲੋਕ ਸਿਰਫ਼ ਉਸ ਕੁੜੀ ਨੂੰ ਪੁੱਛਣ ਆਉਂਦੇ ਹਨ। ਕਿਸੇ ਨੇ ਸਾਨੂੰ ਨਹੀਂ ਪੁੱਛਿਆ ਕਿ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈ।

ਇਤਫ਼ਾਕ ਵੱਸ ਜਤਿੰਦਰ ਵੀ ਉਸੇ ਦਿਨ ਪਿੰਡ ਆਏ ਸਨ ਜਿਸ ਦਿਨ ਜੋਤੀ ਆਈ ਸੀ।

ਜੋਤੀ ਦੇ ਪਿਤਾ ਮੋਹਨ ਪਾਸਵਾਨ ਦੇ ਮੁਤਾਬਕ, "ਪਿੰਡ ਵਿੱਚ ਦਲਿਤਾਂ ਦੀ ਅਬਾਦੀ ਇੱਕ ਹਜ਼ਾਰ ਦੇ ਲਗਭਗ ਹੋਵੇਗੀ। ਮੌਜੂਦਾ ਜਾਤ- ਪ੍ਰਣਾਲੀ ਵਿੱਚ ਦਲਿਤ ਹੇਠਲੇ ਪੌਡੇ ਉੱਪਰ ਹਨ। ਖ਼ਾਸ ਕਰ ਕੇ ਬਿਹਾਰ ਵਿੱਚ ਦਲਿਤਾਂ ਦੀ ਸਥਿਤੀ ਕਾਫ਼ੀ ਖ਼ਰਾਬ ਹੈ।"

ਮੋਹਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਚਾਰ ਪੈਸੇ ਆ ਗਏ ਹਨ ਤਾਂ ਸਾਰਾ ਪਿੰਡ ਉਨ੍ਹਾਂ ਤੋਂ ਸੜਦਾ ਹੈ।

ਮੀਡੀਆ ਵਿੱਚ ਕਿਵੇਂ ਫੈਲੀ ਜੋਤੀ ਦੀ ਖ਼ਬਰ?

ਸਾਈਕਲ ਰਾਹੀਂ ਜੋਤੀ ਦੇ ਪਿੰਡ ਪਹੁੰਚਣ ਦੀ ਖ਼ਬਰ ਸਭ ਤੋਂ ਪਹਿਲਾਂ ਸਥਾਨਕ ਪੱਤਰਕਾਰ ਅਲਿੰਦਰ ਠਾਕੁਰ ਨੇ ਇੱਕ ਹਿੰਦੀ ਅਖ਼ਬਾਰ ਲਈ ਕਵਰ ਕੀਤੀ ਸੀ ਜੋ ਜਲਦੀ ਹੀ ਪੂਰੇ ਦੇਸ਼ ਵਿੱਚ ਫ਼ੈਲ ਗਈ।

ਇਸ ਬਾਰੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਬੇਟੀ ਇਵਾਂਕਾਂ ਟਰੰਪ ਨੇ ਵੀ ਟਵੀਟ ਕੀਤਾ ਸੀ।

ਜੋਤੀ 16 ਮਈ ਨੂੰ ਸਿਰਹੁੱਲੀ ਦੀ ਪਬਲਿਕ ਲਾਇਬਰੇਰੀ ਪਹੁੰਚੀ ਸੀ ਜਿੱਥੇ ਬਾਹਰੋਂ ਆ ਰਹੇ ਹੋਰ ਵੀ ਪਰਵਾਸੀ ਮਜ਼ਦੂਰਾਂ ਨੇ ਸ਼ਰਣ ਲਈ ਹੋਈ ਸੀ।

ਉਥੋਂ ਉਨ੍ਹਾਂ ਨੇ ਇੱਕ ਅਲਿੰਦਰ ਠਾਕੁਰ ਨੂੰ ਫ਼ੋਨ ਕੀਤੀ ਅਤੇ ਨਜ਼ਦੀਕੀ ਕੁਅਰੰਟੀਨ ਸੈਂਟਰ ਦੀ ਭਾਲ ਕਰਨ ਵਿੱਚ ਮਦਦ ਲਈ ਬੇਨਤੀ ਕੀਤੀ।

ਅਗਲੀ ਸਵੇਰ ਅਲਿੰਦਰ ਠਾਕੁਰ ਇੱਕ ਸਰਕਾਰੀ ਸਕੂਲ ਪਹੁੰਚੇ ਜਿਸ ਨੂੰ ਰਾਤੋ-ਰਾਤ ਕੁਅਰੰਟੀਨ ਸੈਂਟਰ ਬਣਾ ਦਿੱਤਾ ਗਿਆ ਸੀ।

BBC
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
  • ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
  • ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
  • ਕੋਰੋਨਾਵਾਇਰਸ ਨਾਲ ਜੁੜੀਆਂ ਬੀਬੀਸੀ ਪੰਜਾਬੀ ਦੀਆਂ ਸਾਰੀਆਂ ਖ਼ਬਰਾ ਇੱਥੇ ਪੜ੍ਹੋ ਅਤੇ ਵੀਡੀਓ ਦੇਖੋ

ਜਦੋਂ ਉਨ੍ਹਾਂ ਨੇ ਪਿੰਡ ਪਹੁੰਚੇ ਮਜ਼ਦੂਰਾਂ ਬਾਰੇ ਸਿੰਘਵਾਰਾ ਬਲਾਕ ਦੇ ਅਫ਼ਸਰਾਂ ਨੂੰ ਇਤਲਾਹ ਦਿੱਤੀ ਸੀ, ਉਸ ਤੋਂ ਇੱਕ ਰਾਤ ਪਹਿਲਾਂ ਹੀ ਜੋਤੀ ਆਪਣੇ ਪਿਤਾ ਨਾਲ ਪਿੰਡ ਪਹੁੰਚੀ ਸੀ।

ਠਾਕੁਰ ਨੇ ਪਿਓ-ਧੀ ਨਾਲ ਮੁਲਾਕਾਤ ਕਰ ਕੇ ਉਸ ਦੇ ਲੰਬੇ ਸਫ਼ਰ ਬਾਰੇ ਇੱਕ ਸਟੋਰੀ ਲਿਖੀ, ਜਿਸ ਨੂੰ ਇੱਕ ਵੱਡੀ ਖ਼ਬਰ ਏਜੰਸੀ ਨੇ ਵੀ ਚੁੱਕ ਲਿਆ ਅਤੇ ਜੋਤੀ ਦੀ ਸਟੋਰੀ ਹਰ ਥਾਂ ਛਾ ਗਈ।

ਘੋਰ ਨਿਰਾਸ਼ਾ ਦੇ ਆਲਮ ਵਿੱਚ ਇਹ ਇੱਕ ਉਮੀਦ ਅਤੇ ਹੌਂਸਲੇ ਨਾਲ ਭਰੀ ਹੋਈ ਕਹਾਣੀ ਸੀ। ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਇਹ ਕਹਾਣੀ ਸੁਣਾਉਂਦਿਆਂ ਮਜ਼ਦੂਰਾਂ ਪ੍ਰਤੀ ਸਰਕਾਰ ਦੇ ਰੁੱਖੇ ਰਵਈਏ ਨੂੰ ਭੁਲਾ ਦਿੱਤਾ।

ਹਾਲਾਂਕਿ ਜੋਤੀ ਨੂੰ ਪਿੰਡ ਪਹੁੰਚਦਿਆਂ ਹੀ ਇਕਾਂਤਵਾਸ ਕਰ ਦਿੱਤਾ ਗਿਆ ਪਰ ਉਹ ਹਰ ਸ਼ਾਮ ਦੂਰੋਂ-ਨੇੜਿਓਂ ਪਹੁੰਚਣ ਵਾਲੇ ਆਗੂਆਂ ਅਤੇ ਹੋਰ ਲੋਕਾਂ ਨੂੰ ਮਿਲਦੀ ਰਹਿੰਦੀ ਸੀ।

ਸੂਪਰ 30 ਨਾਂਅ ਦੇ ਇੱਕ ਕੋਚਿੰਗ ਇੰਸਟੀਚਿਊਟ ਨੇ ਉਸ ਨੂੰ IIT-JEE ਦੀ ਕੋਚਿੰਗ ਲਈ ਮੁਫ਼ਤ ਦਾਖ਼ਲੇ ਦੀ ਪੇਸ਼ਕਸ਼ ਕੀਤੀ।

ਫਿਲਹਾਲ ਜੋਤੀ ਸਾਈਕਲਿੰਗ ਫੈਡਰੇਸ਼ਨ ਦੇ ਲਈ ਤਿਆਰੀ ਕਰ ਰਹੀ ਹੈ। ਫੈਡਰੇਸ਼ਨ ਨੇ ਉਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਮੁਫ਼ਤ ਟਰਾਇਲ ਦੀ ਪੇਸ਼ਕਸ਼ ਕੀਤੀ ਹੈ।

ਜੋਤੀ ਦੀ ਮਾਂ, ਫੂਲੋ ਦੇਵੀ, ਪਹਿਲਾਂ ਖੇਤ ਮਜ਼ਦੂਰੀ ਕਰ ਕੇ ਦਿਹਾੜੀ ਦੇ 180 ਰੁਪਏ ਕਮਾ ਲੈਂਦੇ ਸਨ ਪਰ ਜਦੋਂ ਤੋਂ ਜੋਤੀ ਨੂੰ ਮਿਲਣ ਲੋਕ ਆਉਣੇ ਸ਼ੁਰੂ ਹੋਏ ਹਨ ਉਹ ਕਦੇ ਖੇਤਾਂ ਵੱਲ ਨਹੀਂ ਗਏ ਹਨ।

ਫੂਲੋ ਦੇਵੀ ਮੁਤਾਬਕ, "ਸਾਡੀ ਜ਼ਿੰਦਗੀ ਹੁਣ ਬਦਲ ਗਈ ਹੈ"। ਹੁਣ ਉਹ ਪਿੰਡ ਦੇ ਆਂਗਣਵਾੜੀ ਕੇਂਦਰ ਵਿੱਚ ਕੰਮ ਕਰ ਰਹੀ ਹੈ।

ਜੋਤੀ ਦੇ ਪਰਿਵਾਰ ਨੇ ਸਥਾਨਕ ਮਾਈਕਰੋ ਫਾਇਨਾਂਸਿੰਗ ਏਜੰਸੀ ਤੋਂ ਇੱਕ ਲੱਖ ਰੁਪਏ ਦਾ ਲੋਨ ਲਿਆ ਹੋਇਆ ਸੀ। ਮੋਹਨ ਪਾਸਵਾਨ ਦੇ ਇਲਾਜ ਲਈ ਵੀ ਪਰਿਵਾਰ ਨੇ ਪਿੰਡ ਦੇ ਸ਼ਾਹੂਕਾਰਾਂ ਤੋਂ ਪੈਸੇ ਫੜ ਰੱਖੇ ਸਨ।

ਮੋਹਨ ਪਾਸਵਾਨ ਹਾਲੇ ਵੀ ਲੰਗੜਾ ਕੇ ਤੁਰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਨੂੰ ਨੌਕਰੀ ਦੇਵੇਗੀ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਸਕੇ।

ਸਭ ਤੋਂ ਪਹਿਲਾਂ ਇੰਡੋ ਤਿਬੱਤੀਅਨ ਬਾਰਡਰ ਪੁਲਿਸ ਦੇ ਕੁਝ ਅਫ਼ਸਰਾਂ ਨੇ ਜੋਤੀ ਦੇ ਘਰ ਆ ਕੇ ਪੰਜ ਹਜ਼ਾਰ ਦਾ ਚੈਕ ਦਿੱਤਾ ਸੀ।

ਬਿਹਾਰ ਦੇ ਇੱਕ ਸਥਾਨਕ ਆਗੂ ਨੇ ਵੀ ਜੋਤੀ ਨੂੰ ਘਰ ਪਹੁੰਚਣ ਦੇ ਪਹਿਲੇ 20 ਦਿਨਾਂ ਵਿੱਚ ਹੀ 20 ਹਜ਼ਾਰ ਰੁਪਏ ਦਾ ਚੈਕ ਦਿੱਤਾ ਸੀ। ਫਿਰ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਵੀ 50 ਹਜ਼ਾਰ ਦਾ ਚੈਕ ਪਰਿਵਾਰ ਨੂੰ ਦਿੱਤਾ।

ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਜੋਤੀ ਦੀ ਸਾਰੀ ਪੜ੍ਹਾਈ ਅਤੇ ਵਿਆਹ ਦਾ ਖ਼ਰਚ ਚੁੱਕਣ ਦਾ ਵਾਅਦਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਜੋਤੀ ਨੂੰ ਇੱਕ ਲੱਖ ਰੁਪਏ ਦਾ ਚੈਕ ਦਿੱਤਾ।

ਜੋਤੀ ਦੇ ਮਾਂ-ਬਾਪ ਪਹਿਲਾਂ ਹੀ ਭੀਮ ਆਰਮੀ ਦੇ ਮੈਂਬਰ ਬਣ ਚੁੱਕੇ ਹਨ। ਭੀਮ ਆਰਮੀ ਨੇ ਐਲਾਨ ਕੀਤਾ ਹੈ ਕਿ ਉਹ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ 100 ਤੋਂ ਵਧੇਰੇ ਸੀਟਾਂ ਉੱਪਰ ਚੋਣ ਲੜੇਗੀ।

ਦੋ ਫ਼ਿਲਮਕਾਰਾਂ ਵਿਨੋਦ ਕਾਪੜੀ ਅਤੇ ਸ਼ਾਇਨ ਕ੍ਰਿਸ਼ਣ ਨੇ ਜੋਤੀ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ।

ਉਨ੍ਹਾਂ ਦੀ ਫ਼ਿਲਮ ਦਾ ਪਲਾਟ ਪਰਵਾਸੀ ਮਜ਼ਦੂਰਾਂ ਉੱਪਰ ਅਧਾਰਿਤ ਹੈ। ਪਿਓ-ਧੀ ਨੇ ਦੋਵਾਂ ਫ਼ਿਲਮਾਂ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਬਾਰੇ ਕਾਨੂੰਨੀ ਵਿਵਾਦ ਵੀ ਖੜ੍ਹਾ ਹੋ ਚੁੱਕਿਆ ਹੈ।

ਸ਼ਾਇਨ ਕ੍ਰਿਸ਼ਣ ਨੇ ਗੋਆ ਤੋਂ ਆ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਫ਼ਿਲਮ ਸਾਈਨ ਕਰਨ ਲਈ ਕੁਝ ਪੈਸੇ ਵੀ ਦਿੱਤੇ ਸਨ। ਦੂਜੇ ਪਾਸੇ ਵਿਨੋਦ ਕਾਪੜੀ ਦਾ ਕਹਿਣਾ ਹੈ ਕਿ ਪਿਓ-ਧੀ ਨੇ ਹੀ ਇਹ ਫ਼ੈਸਲਾ ਕਰਨਾ ਹੈ ਕਿ ਉਹ ਕਿਹੜੀ ਫ਼ਿਲਮ ਕਰਨਾ ਚਾਹੁੰਦੇ ਹਨ।

ਵਿਨੋਦ ਨੇ ਖ਼ੁਦ ਵੀ ਪਰਵਾਸੀ ਮਜ਼ਦੂਰਾਂ ਨਾਲ ਸਫ਼ਰ ਕੀਤਾ ਸੀ। ਉਹ ਜੋਤੀ ਨੂੰ ਹਿੰਮਤ ਦੀ ਪ੍ਰਤੀਕ ਮੰਨਦੇ ਹਨ। ਉਹ ਜੋਤੀ ਦੇ ਸਫ਼ਰ ਬਾਰੇ ਇੱਕ ਫ਼ੀਚਰ ਫ਼ਿਲਮ ਬਣਾਉਣਾ ਚਾਹੁੰਦੇ ਹਨ।

ਮੋਹਨ ਪਾਸਵਾਨ ਮੁਤਾਬਕ ਫ਼ਿਲਮਕਾਰ ਨੇ ਉਨ੍ਹਾਂ ਨੂੰ ਪੇਸ਼ਗੀ ਵਜੋਂ 51 ਹਜ਼ਾਰ ਰੁਪਏ ਦਿੱਤੇ ਸਨ। ਜੋ ਉਨ੍ਹਾਂ ਨੇ ਘਰ ਬਣਵਾਉਣ ਵਿੱਚ ਖ਼ਰਚ ਦਿੱਤੇ। ਦੂਜੇ ਪਾਸੇ ਜੋਤੀ ਪੜ੍ਹਨਾ ਚਾਹੁੰਦੀ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੀ ਹੈ।

https://www.youtube.com/watch?v=5t54D7e78lQ&feature=youtu.be

ਪਿਓ-ਧੀ ਦੇ ਦਾਅਵਿਆਂ ’ਤੇ ਉੱਠਦੇ ਸਵਾਲ

ਮੋਹਨ ਪਾਸਵਾਨ 30 ਜਨਵਰੀ ਨੂੰ ਆਪਣੇ ਈ-ਰਿਕਸ਼ਾ ਰਾਹੀਂ ਕਿਤੇ ਜਾ ਰਹੇ ਸਨ ਜਦੋਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ।

ਦੇਖ ਭਾਲ ਲਈ ਉਨ੍ਹਾਂ ਦੀ ਪਤਨੀ ਵੀ ਜੋਤੀ, ਆਪਣੇ ਜੀਜੇ ਅਤੇ ਮਾਂ ਨਾਲ ਉਨ੍ਹਾਂ ਕੋਲ ਪਹੁੰਚੀ। ਕੁਝ ਦਿਨਾਂ ਬਾਅਦ ਪਿਤਾ ਦੀ ਦੇਖ ਭਾਲ ਲਈ ਜੋਤੀ ਨੂੰ ਉੱਥੇ ਹੀ ਛੱਡ ਕੇ ਸਾਰੇ ਜਣੇ ਵਾਪਸ ਆ ਗਏ।

ਮੋਹਨ ਜੋ ਈ-ਰਿਕਸ਼ੇ ਰਾਹੀਂ ਰੋਜ਼ਾਨਾ 400-500 ਰੁਪਏ ਕਮਾ ਲੈਂਦ ਸਨ ਹੁਣ ਮੁਥਾਜ ਹੋ ਗਏ।

ਫਿਰ 25 ਮਾਰਚ ਨੂੰ ਲੌਕਡਾਊਨ ਲੱਗ ਗਿਆ। ਜੋਤੀ ਮੁਤਾਬਕ ਉਸ ਸਮੇਂ ਤੱਕ ਨਾ ਉਨ੍ਹਾਂ ਕੋਲ ਕੋਈ ਪੈਸਾ ਸੀ ਅਤੇ ਨਾ ਹੀ ਖਾਣ ਪੀਣ ਦਾ ਕੋਈ ਸਮਾਨ। ਜੋ ਲੋਕ ਖਾਣਾ ਵੰਡਣ ਆਉਂਦੇ ਸਨ ਉਨ੍ਹਾਂ ਦਾ ਖਾਣਾ ਜੋਤੀ ਹੁਰਾਂ ਦੀ ਵਾਰੀ ਆਉਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦਾ ਸੀ।

ਇਸੇ ਦੌਰਾਨ ਜੋਤੀ ਦੀ ਮੁਲਾਕਾਤ ਇੱਕ ਦੁਕਾਨ ਉੱਪਰ ਕੁਝ ਪਰਵਾਸੀ ਮਜ਼ਦੂਰਾਂ ਨਾਲ ਹੋਈ ਜੋ ਸਾਈਕਲਾਂ ਰਾਹੀਂ ਆਪੋ-ਆਪਣੇ ਪਿੰਡਾਂ ਨੂੰ ਜਾਣ ਦੀ ਵਿਉਂਤਬੰਦੀ ਕਰ ਰਹੇ ਸਨ।

ਜੋਤੀ ਨੇ ਇੱਕ ਦੁਕਾਨ ਤੋਂ ਹਜ਼ਾਰ ਰੁਪਏ ਦੀ ਇੱਕ ਸਾਈਕਲ ਖ਼ਰੀਦੀ ਜਿਸ ਵਿੱਚੋਂ 500 ਰੁਪਏ ਹਾਲੇ ਵੀ ਉਧਾਰ ਹਨ।

ਫਿਰ ਮਾਂ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਹ ਦੋਵੇਂ ਘਰ ਆ ਰਹੇ ਹਨ। ਮਾਂ ਦਾ ਘਬਰਾ ਜਾਣਾ ਸੁਭਾਵਕ ਹੀ ਸੀ। ਪਰ ਜੋਤੀ ਜਾਣਦੀ ਸੀ ਕਿ ਉਹ ਕੀ ਕਰਨ ਜਾ ਰਹੀ ਹੈ।

ਖ਼ਬਰਾਂ ਮੁਤਾਬਕ ਪਿਓ-ਧੀ 10 ਮਈ ਦੀ ਰਾਤ ਨੂੰ ਗੁਰੂਗ੍ਰਾਮ ਤੋਂ ਰਵਾਨਾ ਹੋਏ ਸਨ।

ਪਹਿਲੇ ਦੋ ਦਿਨ ਜੋਤੀ ਲਈ ਬਹੁਤ ਮੁਸ਼ਕਲ ਸਨ। ਉਸ ਦਾ ਸਰੀਰ ਦੁਖ ਰਿਹਾ ਸੀ। ਪਰ ਜਦੋਂ ਉਨ੍ਹਾਂ ਨੇ ਆਗਰੇ ਪਹੁੰਚ ਕੇ ਦੂਰੋਂ ਹੀ ਤਾਜ ਮਹਿਲ ਦਾ ਗੁੰਬਦ ਦੇਖਿਆ ਤਾਂ ਉਨ੍ਹਾਂ ਦੀ ਥਕਾਨ ਲਹਿ ਗਈ।

ਜੋਤੀ ਕਹਿੰਦੀ ਹੈ, "ਸਫ਼ਰ ਬਹੁਤ ਮੁਸ਼ਕਲ ਸੀ। ਉਹ ਨਾ ਸੌਂ ਸਕਦੇ ਸਨ ਨਾ ਖਾ ਸਕਦੇ ਸਨ।"

ਹਾਲਾਂਕਿ ਕਈ ਲੋਕ ਜੋਤੀ ਅਤੇ ਉਸ ਦੇ ਪਿਤਾ ਦੇ ਦਾਅਵਿਆਂ ਉੱਪਰ ਸਵਾਲ ਕਰਦੇ ਹਨ ਕਿ ਉਨ੍ਹਾਂ ਨੇ ਰਸਤੇ ਵੀ ਕਈ ਵਾਰ ਲਿਫਟ ਵੀ ਲਈ ਸੀ।

ਜੋਤੀ ਦੀ ਖ਼ਬਰ ਪਹਿਲੀ ਵਾਰ ਲਿਖਣ ਵਾਲੇ ਅਲਿੰਦਰ ਠਾਕੁਰ ਕਹਿੰਦੇ ਹਨ ਕਿ ਭਾਵੇਂ ਲਿਫ਼ਟ ਵੀ ਲਈ ਹੋਵੇ। ਪਿਤਾ ਨੂੰ ਨਾਲ ਲੈ ਕੇ ਇੰਨੀ ਦੂਰ ਸਾਈਕਲ ਨਾਲ ਪਹੁੰਚਣ ਦਾ ਫ਼ੈਸਲਾ ਹੀ ਕੋਈ ਮਾਮੂਲੀ ਗੱਲ ਨਹੀਂ ਹੈ।

''ਸਭ ਪੈਸੇ ਦਾ ਖੇਡ ਹੈ ਅਤੇ ਪੈਸਾ ਹੀ ਜਾਤ ਹੈ''

ਉਸ ਤੋਂ ਇੱਕ ਰਾਤ ਪਹਿਲਾਂ ਜੋਤੀ ਦਾ ਪਰਿਵਾਰ ਆਪਣੇ ਘਰ ਦੀ ਪਹਿਲੀ ਮੰਜ਼ਿਲ ਉੱਪਰ ਇਕੱਠਾ ਹੋਇਆ ਸੀ। ਹੁਣ ਨੀਵੀਂ ਜਾਤ ਦਾ ਹੋਣ ਦੇ ਬਾਵਜੂਦ ਪਿੰਡ ਨੇ ਉਨ੍ਹਾਂ ਦਾ ਬਾਈਕਾਟ ਨਹੀਂ ਕੀਤਾ।

ਸਗੋਂ, ਫੂਲੋ ਦੇਵੀ ਤਾਂ ਇਹ ਵੀ ਕਹਿੰਦੀ ਹੈ ਕਿ ਹੁਣ ਤਾਂ ਬਾਬੂ ਲੋਕ ਸਾਡੇ ਘਰ ਚਾਹ ਪੀਣ ਆਉਣਾ ਚਾਹੁੰਦੇ ਹਨ। ਇਹ ਸਭ ਪੈਸੇ ਦਾ ਖੇਡ ਹੈ। ਫੂਲੋ ਦੇਵੀ ਕਹਿੰਦੀ ਹੈ ਕਿ, "ਪੈਸਾ ਹੀ ਜਾਤ ਹੈ।"

ਪਰ ਹੁਣ ਸੁਰਖੀਆਂ ਬਟੋਰਨ ਵਾਲੇ ਉਹ ਪਲ ਇਤਿਹਾਸ ਬਣ ਚੁੱਕੇ ਹਨ। ਪਿਤਾ ਅਤੇ ਧੀ ਨੂੰ ਇਕ ਮਸ਼ਹੂਰ ਟੀਵੀ ਸ਼ੋ ਸਾਰੇਗਾਮਾ ਵਿੱਚ ਵੀ ਬੁਲਾਇਆ ਗਿਆ ਸੀ। ਮੋਹਨ ਨੂੰ ਹੁਣ ਸਰਕਾਰੀ ਨੌਕਰੀ ਚਾਹੀਦੀ ਹੈ। ਉਹ ਜਾਣਦੇ ਹਨ ਕਿ ਬੈਂਕ ਵਿੱਚ ਜਮ੍ਹਾਂ ਪੈਸੇ ਪਹਿਲਾਂ ਵੀ ਖ਼ਤਮ ਹੋ ਸਕਦੇ ਹਨ।

''ਪਿੰਡ ਦਾ ਕੋਈ ਫ਼ਾਇਦਾ ਨਹੀਂ ਹੋਇਆ''

ਹੁਣ ਜੋਤੀ ਦੇ ਨਾਂਅ ਤੋਂ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਹਨ। ਹੁਣ ਉਹ ਦਰਭੰਗਾ ਵਿੱਚ ਪੜ੍ਹਾਈ ਕਰਨਾ ਚਾਹੁੰਦੀ ਹੈ। ਉਹ ਸਥਾਨਕ ਕੋਚਿੰਗ ਸੈਂਟਰ ਵਿੱਚ ਵੀ ਜਾਣਾ ਚਾਹੁੰਦੀ ਹੈ।

ਪਿਤਾ ਨੂੰ ਫਿਕਰ ਹੈ ਕਿ ਘਰ ਦਾ ਪਲਸਤਰ ਕਿਵੇਂ ਪੂਰ ਚੜ੍ਹੇ ਅਤੇ ਰੰਗ-ਰੋਗਨ ਕਿਵੇਂ ਕਰਵਾਇਆ ਜਾਵੇ।

ਜੋਤੀ ਦਾ ਨਾਂਅ ਹੁਣ ਬਹਾਦਰੀ ਪੁਰਸਕਾਰ ਲਈ ਰਾਸ਼ਟਰਪਤੀ ਨੂੰ ਭੇਜਣ ਦੀਆਂ ਗੱਲਾਂ ਹੋ ਰਹੀਆਂ ਹਨ। ਜੋਤੀ ਨੂੰ ਉਹ ਦਿਨ ਯਾਦ ਆਉਂਦੇ ਹਨ ਜਦੋਂ ਲੋਕ ਕਤਾਰਾਂ ਬੰਨ੍ਹ ਕੇ ਉਸ ਨੂੰ ਮਿਲਣ ਆਉਂਦੇ ਸਨ।

ਤੁਰਨ ਤੋਂ ਪਹਿਲਾਂ ਜਦੋਂ ਮੈਂ ਜੋਤੀ ਵੱਲ ਦੇਖ ਕੇ ਹੱਥ ਹਿਲਾਇਆ ਤਾਂ ਉਹ ਇੱਕ ਕੰਧ ਨਾਲ ਲੱਗੀ ਖੜ੍ਹੀ ਸੀ।

ਘਰ ਦੇ ਦੂਜੇ ਪਾਸੇ 30 ਸਾਲਾ ਗਣੇਸ਼ ਰਾਮ ਖੜ੍ਹੇ ਸਨ।

ਗਣੇਸ਼ ਰਾਮ ਕਹਿੰਦੇ ਹਨ, "ਜੇ ਲੌਕਡਾਊਨ ਵਿੱਚ ਕਿਸੇ ਦਾ ਫ਼ਾਇਦਾ ਹੋਇਆ ਤਾਂ ਉਹ ਹੈ ਜੋਤੀ ਦਾ ਪਰਿਵਾਰ। ਜੋਤੀ ਨੇ ਸਾਡੇ ਪਿੰਡ ਨੂੰ ਮਸ਼ਹੂਰ ਕਰ ਦਿੱਤਾ। ਲੇਕਿਨ ਇਸ ਤੋਂ ਵਧੇਰੇ ਸਾਡੀ ਜ਼ਿੰਦਗੀ ਵਿੱਚ ਕੁਝ ਨਹੀਂ ਬਦਲਿਆ।"

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਮਹਾਮਾਰੀ ਕਦੋਂ ਖ਼ਤਮ ਹੋਵੇਗੀ, WHO ਨੇ ਦਿੱਤਾ ਇਹ ਜਵਾਬ
  • ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ
  • 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਬੈਰੂਤ ਵਿੱਚ ਧਮਾਕੇ ਦਾ ਕਾਰਨ

ਵੀਡੀਓ: ਜਾਣੋ ਬਲਵਿੰਦਰ ਸਿੰਘ ਨੂੰ ਕਿਉਂ ਮਿਲਿਆ ਸੀ ਸ਼ੌਰਿਆ ਚੱਕਰ

https://www.youtube.com/watch?v=oGUfqLdP95E

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''435b5f7e-8148-46a8-a64f-d1b65f8dfd71'',''assetType'': ''STY'',''pageCounter'': ''punjabi.india.story.54589085.page'',''title'': ''ਲੌਕਡਾਊਨ ਦੌਰਾਨ ਪਿਉ ਨੂੰ ਬਿਠਾ ਕੇ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਕੁੜੀ ਦੀ ਜ਼ਿੰਦਗੀ ਵਿੱਚ ਕੀ ਕੁਝ ਬਦਲਿਆ'',''author'': ''ਚਿੰਕੀ ਸਿਹਨਾ'',''published'': ''2020-10-20T02:25:14Z'',''updated'': ''2020-10-20T02:25:14Z''});s_bbcws(''track'',''pageView'');