ਭਾਰਤ ਤੋਂ ਤੁਰਕੀ ਤੱਕ ਮੰਦਰ-ਮਸਜਿਦ ਦੀ ਸਿਆਸਤ ਕਿਵੇਂ ਆਗੂਆਂ ਦੇ ਕੰਮ ਆ ਰਹੀ ਤੇ ਇਸ ਦਾ ਅੰਜਾਮ ਕੀ

08/05/2020 7:21:36 PM

ਰਾਮ ਮੰਦਿਰ ਦੇ ਨਿਰਮਾਣ ਤੋਂ ਬਾਅਦ ਬਾਬਰੀ ਮਸਜਿਦ ਦਾ ਨਾਂਅ ਸਿਰਫ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਰਹਿ ਜਾਵੇਗਾ। ਬਿਲਕੁੱਲ ਉਸੇ ਤਰ੍ਹਾਂ ਜਿਵੇਂ 6ਵੀਂ ਸਦੀ ''ਚ ਤੁਰਕੀ ''ਚ ਬਣੇ ਯੂਨਾਨੀ ਕੱਟੜਪੰਥੀ ਗਿਰਜਾਘਰ ਹਾਗਿਆ ਸੋਫੀਆ ਨਾਲ ਹੋਇਆ ਸੀ।

ਸਾਲ 1453 ਤੋਂ ਬਾਅਦ ਇੱਕ ਗਿਰਜਾਘਰ ਵੱਜੋਂ ਉਸ ਦੀ ਪਛਾਣ ਸਿਰਫ ਤਾਂ ਸਿਰਫ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਤ ਹੋ ਗਈ ਹੈ, ਕਿਉਂਕਿ ਇਸ ਨੂੰ ਪਹਿਲਾਂ ਇੱਕ ਮਸਜਿਦ ਅਤੇ ਫਿਰ ਬਾਅਦ ''ਚ ਅਜਾਇਬ ਘਰ ਅਤੇ ਹੁਣ ਇੱਕ ਵਾਰ ਫਿਰ ਇਸ ਨੂੰ ਮਸਜਿਦ ''ਚ ਹੀ ਤਬਦੀਲ ਕਰ ਦਿੱਤਾ ਗਿਆ ਹੈ।

ਮਸਜਿਦ ਦੀ ਥਾਂ ''ਤੇ ਮੰਦਿਰ ਅਤੇ ਚਰਚ ਦੀ ਥਾਂ ''ਤੇ ਮਸਜਿਦ, ਇਸ ਤਰ੍ਹਾਂ ਬੰਦਗੀ ਅਸਥਾਨਾਂ ਦੀ ਤਬਦੀਲੀ ਦਾ ਇਤਿਹਾਸ ਵਿਸ਼ਵ ਭਰ ''ਚ ਬਹੁਤ ਪੁਰਾਣਾ ਹੈ।

ਇਹ ਵੀ ਪੜ੍ਹੋ

  • ਅਯੁੱਧਿਆ ਰਾਮ ਮੰਦਰ : ਰਾਮ ਜਨਮ ਭੂਮੀ ਪੁੱਜੇ ਮੋਦੀ ਦਾ ਰਾਮ ਲੱਲ੍ਹਾ ਨੂੰ ਦੰਡਵਤ ਪ੍ਰਣਾਮ
  • ਰਾਮ ਮੰਦਰ ਅੰਦੋਲਨ ਦੇ ਵੱਡੇ ਆਗੂਆਂ ਨੂੰ ਭੂਮੀ ਪੂਜਾ ਲਈ ਨਾ ਬੁਲਾਉਣ ਦੇ ਕੀ ਮਾਅਨੇ
  • ਕਾਂਗਰਸੀ ਪ੍ਰਧਾਨ ਮੰਤਰੀਆਂ ਦਾ ਧਾਰਮਿਕ ਸਮਾਗਮਾਂ ਤੇ ਆਗੂਆਂ ਬਾਰੇ ਕੀ ਸਟੈਂਡ ਰਿਹਾ
  • ਰਾਮ ਮੰਦਿਰ ਦੇ ਨੀਂਹ ਪੱਥਰ ਦੀ ਮਿਤੀ ਨੂੰ ''ਅਸ਼ੁਭ ਘੜੀ'' ਕਿਉਂ ਕਿਹਾ ਜਾ ਰਿਹਾ, ਸਿਆਸੀ ਲੋਕ ਕੀ ਕਹਿੰਦੇ

ਅਫ਼ਗਾਨਿਸਤਾਨ ''ਚ ਤਾਲਿਬਾਨ ਨੇ 2001 ''ਚ ਬਾਮੀਆਨ ''ਚ ਬੌਧੀ ਮੂਰਤੀਆਂ ਨੂੰ ਤਬਾਹ ਕਰ ਦਿੱਤਾ ਸੀ।ਆਈਏਐਸ ਨੇ ਸੀਰੀਆ ਅਤੇ ਇਰਾਕ ''ਚ ਪ੍ਰਾਚੀਨ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤਾਂ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ।

20 ਸਾਲ ਪਹਿਲਾਂ ਇਜ਼ਰਾਇਲੀ ਆਗੂ ਅਰਿਅਲ ਸ਼ੇਰਾਨ ਆਪਣੇ ਨਾਲ ਦਰਜਨਾਂ ਹੀ ਪੁਲਿਸ ਮੁਲਾਜ਼ਮ ਲੈ ਕੇ ਮੁਸਲਮਾਨਾਂ ਦੀ ਪਵਿੱਤਰ ਅਲ-ਅਕਸਾ ਮਸਜਿਦ ''ਚ ਦਾਖਲ ਹੋਏ ਅਤੇ ਉਨ੍ਹਾਂ ਨੇ ਇਸ ਮਸਜਿਦ ''ਤੇ ਇਜ਼ਰਾਈਲ ਦਾ ਹੱਕ ਜਤਾਇਆ।

ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇਹ ਕਦਮ ਉਸ ਸਮੇਂ ਆਪਣੀ ਹੀ ਪਾਰਟੀ ਲਿਕੁਦ ਪਾਰਟੀ ਦੇ ਉਭਰਦੇ ਸਿਤਾਰੇ ਬਿਨਾਯਮਿਨ ਨੇਤਨਯਾਹੂ ਦੀ ਵੱਧ ਰਹੀ ਪ੍ਰਸਿੱਧੀ ਤੋਂ ਘਬਰਾ ਕੇ ਚੁੱਕਿਆ ਸੀ ਅਤੇ ਆਪਣੇ ਸਿਆਸੀ ਲਾਭ ਲਈ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਦਾ ਸਹਾਰਾ ਲਿਆ ਸੀ।

ਧਾਰਮਿਕ ਰਾਸ਼ਟਰਵਾਦ

ਸਰਕਾਰ ਭਾਵੇਂ ਲੋਕਤੰਤਰਿਕ ਹੋਵੇ ਜਾਂ ਫਿਰ ਤਾਨਾਸ਼ਾਹੀ, ਦੋਵਾਂ ਹੀ ਤਰ੍ਹਾਂ ਦੀਆਂ ਸਰਕਾਰਾਂ ''ਚ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ।

ਸਿਆਸੀ ਵਿਸ਼ਲੇਸ਼ਕਾਂ ਅਤੇ ਧਾਰਮਿਕ ਆਗੂਆਂ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਅਰਦੋਆਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵੇਂ ਹੀ ਧਾਰਮਿਕ ਭਾਵਨਾਵਾਂ ਦੀ ਵਰਤੋਂ ਆਪਣੇ ਸਿਆਸੀ ਲਾਭ ਲਈ ਕਰਨ ਲਈ ਮਸ਼ਹੂਰ ਹਨ।

ਦਿੱਲੀ ਦੇ ਕੈਥੋਲਿਕ ਇਸਾਈ ਧਰਮ ਦੇ ਆਗੂ ਏ.ਸੀ. ਮਾਈਕਲ ਦਾ ਕਹਿਣਾ ਹੈ ਕਿ ਰਾਮ ਮੰਦਿਰ ਅਤੇ ਹਾਗਿਆ ਸੋਫ਼ੀਆ ਨੂੰ ਇਸੇ ਹੀ ਪ੍ਰਸੰਗ ''ਚ ਵੇਖਿਆ ਜਾਣਾ ਚਾਹੀਦਾ ਹੈ, " ਦੋਵਾਂ ''ਚ ਸਮਾਨਤਾ ਹੈ, ਇੱਕ ਸਾਂਝ ਹੈ। ਮਕਸਦ ਤਾਂ ਇੱਕ ਹੀ ਹੈ ਅਤੇ ਉਹ ਹੈ ਸੱਤਾ ''ਚ ਆਉਣਾ ਜਾਂ ਫਿਰ ਬਣੇ ਰਹਿਣਾ ਇਸ ਲਈ ਤਾਨਾਸ਼ਾਹੀ ਜਾਰੀ ਹੈ ਅਤੇ ਧਰਮ ਇਸ ਕੋਝੀ ਚਾਲ ਦਾ ਅਹਿਮ ਮੋਹਰਾ ਹੈ।"

ਉਹ ਅੱਗੇ ਕਹਿੰਦੇ ਹਨ, "ਮੰਦਿਰ ਇਸ ਲਈ ਉਸਾਰੇ ਜਾ ਰਹੇ ਹਨ ਤਾਂ ਜੋ ਅਗਲੇ 15-20 ਸਾਲਾਂ ਤੱਕ ਸੱਤਾ ਉਨ੍ਹਾਂ ਦੇ ਹੱਥਾਂ ''ਚ ਹੀ ਰਹੇ। ਸ਼ੁਰੂ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਮੋਦੀ ਅਤੇ ਭਾਜਪਾ ਦੀ ਸਰਕਾਰ 20-25 ਸਾਲ ਹਕੂਮਤ ਕਰੇਗੀ। 2024 ਤੱਕ ਜਦੋਂ ਮੰਦਿਰ ਪੂਰੀ ਤਰ੍ਹਾਂ ਨਾਲ ਬਣ ਜਾਵੇਗਾ ਤਾਂ ਉਸ ਤੋਂ ਬਾਅਦ ਸੱਤਾ ''ਤੇ ਪਕੜ ਵੀ ਮਜ਼ਬੂਤ ਹੋ ਜਾਵੇਗੀ।"

ਭਾਰਤ ''ਚ ਸਾਬਕਾ ਪ੍ਰਧਾਨ ਮੰਤਰੀ ਨਰਸਿਮਾਹ ਰਾਓ ਦੇ ਕਾਰਜਕਾਲ ਦੌਰਾਨ ਸੰਨ੍ਹ 1991 ''ਚ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ। ਜਿਸ ''ਚ ਅਯੁੱਧਿਆ ਦੇ ਮਾਮਲੇ ਨੂੰ ਵੱਖ ਕਰ ਦਿੱਤਾ ਗਿਆ ਸੀ, ਕਿਉਂਕਿ ਇਹ ਮਾਮਲਾ ਅਦਾਲਤ ਦੀ ਕਾਰਵਾਈ ਅਧੀਨ ਸੀ। ਉਦਾਰਵਾਦੀ ਲੋਕਤੰਤਰ ਦੇ ਹਿੱਤ ''ਚ ਇਸ ਕਾਨੂੰਨ ਦੀ ਸ਼ਲਾਘਾ ਹੋਈ ਸੀ।

ਇਸ ਕਾਨੂੰਨ ਤਹਿਤ ਫ਼ੈਸਲਾ ਲਿਆ ਗਿਆ ਸੀ ਕਿ ਸਾਰੇ ਹੀ ਧਾਰਮਿਕ ਅਸਥਾਨਾਂ ਦੀ ਮੌਜੂਦਾ ਸਥਿਤੀ ''ਚ ਕਿਸੇ ਵੀ ਤਰ੍ਹਾਂ ਦਾ ਬਦਲਾਵ ਨਹੀਂ ਕੀਤਾ ਜਾਵੇਗਾ।

ਲੋਕਪ੍ਰਿਯਤਾ ਹਾਸਲ ਕਰਨ ਦਾ ਆਸਾਨ ਢੰਗ

ਕੈਲੀਫੋਰਨੀਆ ਦੀ ਸੈਨ ਡਿਏਗੋ ਸਟੇਟ ਯੂਨੀਵਰਸਿਟੀ ਦੇ ਪ੍ਰੋ. ਅਹਿਮਤ ਕੁਰੂ ਦਾ ਕਹਿਣਾ ਹੈ , "ਉਨ੍ਹਾਂ ਦੀ (ਅਰਦੋਆਨ) ਸ਼ਾਸਨ ਸ਼ੈਲੀ ਵੀ ਇੱਕ ਵਿਸ਼ਵਵਿਆਪੀ ਰੁਝਾਨ ਦਾ ਹੀ ਹਿੱਸਾ ਹੈ।”

“ਭਾਰਤ ''ਚ ਮੋਦੀ ਵੀ ਕੁਝ ਇਸ ਤਰ੍ਹਾਂ ਦੀ ਹੀ ਨੀਤੀ ਅਪਣਾ ਰਹੇ ਹਨ। ਰੂਸ ''ਚ ਪੁਤਿਨ ਗਿਰਜਾ ਘਰ ਦੀ ਵਰਤੋਂ ਕਰ ਰਹੇ ਹਨ।ਅਮਰੀਕਾ ''ਚ ਰਾਸ਼ਟਰਪਤੀ ਟਰੰਪ ਨੂੰ ਅਸੀਂ ਬਾਈਬਲ ਦੀ ਵਰਤੋਂ ਰਾਜਨੀਤਿਕ ਚਿੰਨ੍ਹ ਵੱਜੋਂ ਕਰਦੇ ਹੋਏ ਵੇਖ ਰਹੇ ਹਾਂ।”

“ਉਹ ਰਾਜਨੀਤਿਕ ਅਤੇ ਧਾਰਮਿਕ ਭਾਸਣਾਂ ਰਾਹੀਂ ਇਸਾਈਆਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਕਰ ਰਹੇ ਹਨ ਇਸ ਲਈ ਕਹਿ ਸਕਦੇ ਹਾਂ ਕਿ ਇਹ ਰੁਝਾਨ ਦੁਨੀਆ ਭਰ ''ਚ ਜਾਰੀ ਹੈ।"

ਮਿਲਾਨ ਵੈਸ਼ਨਵ ਅਮਰੀਕਾ ਦੇ ਕਾਰਨੇਗੀ ਐਂਡਾਮੇਂਟ ਫਾਰ ਇੰਟਰਨੈਸ਼ਨਲ ਪੀਸ ''ਚ ਦੱਖਣੀ ਏਸ਼ੀਆ ਪ੍ਰੋਗਰਾਮ ''ਚ ਇੱਕ ਸੀਨੀਅਰ ਮਾਹਰ ਹਨ।

ਉਨ੍ਹਾਂ ਨੇ ਸਾਲ 2019 ''ਚ ਹੋਈਆਂ ਆਮ ਚੋਣਾਂ ''ਚ ਭਾਜਪਾ ਦੀ ਭਾਰੀ ਜਿੱਤ ਦੇ ਕਾਰਨਾਂ ਦੀ ਜਾਂਚ ਕੀਤੀ ਹੈ।ਉਨ੍ਹਾਂ ਨੇ ਆਪਣੀ ਪੜਤਾਲ ''ਚ ਕਿਹਾ ਕਿ ਧਾਰਮਿਕ ਰਾਸ਼ਟਰਵਾਦ ਦਾ ਦੌਰ ਸਿਰਫ ਭਾਰਤ ''ਚ ਹੀ ਨਹੀਂ ਬਲਕਿ ਇਸ ਨੇ ਪੂਰੀ ਦੁਨੀਆਂ ਨੂੰ ਆਪਣੇ ਪ੍ਰਭਾਵ ਹੇਠ ਲੈ ਰੱਖਿਆ ਹੈ।

ਉਨ੍ਹਾਂ ਕਿਹਾ, " ਦੁਨੀਆ ਭਰ ''ਚ ਕਈ ਜਮਹੂਰੀ ਦੇਸ਼ਾਂ ''ਚ ਇਸ ਤਰ੍ਹਾਂ ਦੇ ਰਾਜਨੀਤਿਕ ਅੰਦੋਲਨ ਵੇਖੇ ਜਾ ਰਹੇ ਹਨ। ਤੁਰਕੀ ਅਤੇ ਭਾਰਤ ਤੋਂ ਇਲਾਵਾ ਲਾਤੀਨੀ ਅਮਰੀਕਾ, ਪੱਛਮੀ ਯੂਰਪ ਅਤੇ ਸੋਵੀਅਤ ਸੰਘ ਤੋਂ ਵੱਖ ਹੋਏ ਦੇਸ਼ਾਂ ''ਚ ਵੀ ਧਾਰਮਿਕ ਤੌਰ ਤੋਂ ਪ੍ਰਭਾਵਿਤ ਰਾਜਨੀਤੀ ਦੀ ਵਿਆਪਕ ਵਰਤੋਂ ਹੋ ਰਹੀ ਹੈ।"

ਹਾਗਿਆ ਸੋਫ਼ੀਆ

ਇੰਸਤਾਬੁਲ ਸਥਿਤ ਮਸ਼ਹੂਰ ਹਾਗਿਆ ਸੋਫ਼ੀਆ ਦੀ ਇਤਿਹਾਸਕ ਇਮਾਰਤ ਇੱਕ ਅਜਾਇਬ ਘਰ ਵੱਜੋਂ ਧਰਮ ਨਿਰਪੱਖ ਤੁਰਕੀ ਦਾ ਮਾਣ ਸੀ।

ਤੁਰਕੀ ਦੇ ਪ੍ਰਸਿੱਧ ਲੇਖਕ ਓਰਹਾਨ ਪਾਮੁਕ ਦਾ ਕਹਿਣਾ ਹੈ, "ਤੁਰਕੀ ਲੋਕ ਇੱਕ ਧਰਮ ਨਿਰਪੱਖ ਦੇਸ਼ ਹੋਣ ਵੱਜੋਂ ਮਾਣ ਮਹਿਸੂਸ ਕਰਦੇ ਹਨ।ਹੁਣ ਹਾਗਿਆ ਸੋਫ਼ੀਆ ਨੂੰ ਮਸਜਿਦ ''ਚ ਤਬਦੀਲ ਕਰਨ ਤੋਂ ਬਾਅਦ ਦੇਸ਼ ਦੀ ਇਹ ਸ਼ਾਨ ਖ਼ਤਮ ਹੋ ਜਾਵੇਗੀ।ਮੇਰੇ ਵਰਗੇ ਲੱਖਾਂ ਹੀ ਧਰਮ ਨਿਰਪੱਖ ਤੁਰਕ ਹਨ, ਜੋ ਕਿ ਇਸ ਫ਼ੈਸਲੇ ਤੋਂ ਦੁੱਖੀ ਹਨ, ਪਰ ਉਨ੍ਹਾਂ ਦੀ ਆਵਾਜ਼ ਕੋਈ ਨਹੀਂ ਸੁਣ ਰਿਹਾ ਹੈ।"

ਇਸਾਈ ਸਮਰਾਟ ਜਸਟੀਨਿਅਨ ਨੇ 6ਵੀਂ ਸਦੀ ''ਚ ਹਾਗਿਆ ਸੋਫ਼ੀਆ ਦੀ ਮੌਜੂਦਾ ਇਮਾਰਤ ਦਾ ਨਿਰਮਾਣ ਇੱਕ ਗਿਰਜਾ ਘਰ ਦੇ ਰੂਪ ''ਚ ਕੀਤਾ ਸੀ।

ਤੁਰਕ ਬਾਦਸ਼ਾਹ ਸੁਲਤਾਨ ਮੇਹਮੇਤ ਨੇ 1453 ''ਚ ਇਸ ਗਿਰਜਾ ਘਰ ਨੂੰ ਮਸਜਿਦ ''ਚ ਤਬਦੀਲ ਕਰ ਦਿੱਤਾ ਸੀ।ਫਿਰ ਬਾਅਦ ''ਚ ਆਧੁਨਿਕ ਅਤੇ ਧਰਮ ਨਿਰਪੱਖ ਤੁਰਕੀ ਦੀ ਨੀਂਹ ਰੱਖਣ ਵਾਲੇ ਮੁਸਤਫਾ ਕਮਾਲ ਅਤਾਤੁਰਕ ਨੇ ਇਸ ਇਮਾਰਤ ਨੂੰ ਇੱਕ ਅਜਾਇਬ ਘਰ ''ਚ ਬਦਲ ਦਿੱਤਾ ਸੀ ।

ਅਰਦੋਆਨ ਦੇ 17 ਸਾਲ ਤੋਂ ਜਾਰੀ ਕਾਰਜਕਾਲ ''ਚ ਅਤਾਤੁਰਕ ਦੀ ਵਿਰਾਸਤ ਕਮਜ਼ੋਰ ਹੁੰਦੀ ਜਾ ਰਹੀ ਹੈ।ਇਹ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਮਾਹਰਾਂ ਮੁਤਾਬਕ ਮੋਦੀ ਸਰਕਾਰ ਦੇ 6 ਸਾਲਾਂ ਦੇ ਕਾਰਜਕਾਲ ''ਚ ਨਹਿਰੂ ਦੀ ਧਰਮ ਨਿਰਪੱਖ ਵਿਰਾਸਤ ਡਾਵਾਂਡੋਲ ਹੋ ਰਹੀ ਹੈ।

ਹਾਗਿਆ ਸੋਫ਼ੀਆ ਨੂੰ ਹੁਣ ਫਿਰ ਮਸਜਿਦ ''ਚ ਤਬਦੀਲ ਕੀਤਾ ਜਾਣਾ ਇਸੇ ਹੀ ਉਭਰਦੇ ਰੁਝਾਣ ਦਾ ਨਤੀਜਾ ਹੈ।

ਪ੍ਰੋ. ਏ.ਕੇ. ਪਾਸ਼ਾ ਕਹਿੰਦੇ ਹਨ, "ਅਰਦੋਆਨ ਅਤੇ ਉਨ੍ਹਾਂ ਦੀ ਪਾਰਟੀ ਸਾਲ 2002 ਤੋਂ ਚੋਣ ਮੈਦਾਨ ''ਚ ਜਿੱਤ ਦਾ ਝੰਡਾ ਗੱਡਦੀ ਆ ਰਹੀ ਹੈ। ਉਨ੍ਹਾਂ ਦਾ ਇੱਕ ਹੀ ਮਕਸਦ ਹੈ ਕਿ ਮੁਸਤਫਾ ਕਮਾਲ ਦੀ ਹਕੂਮਤ ਤੋਂ ਬਾਅਦ ਜਾਂ ਫਿਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਧ ਜੋ ਲੋਕ ਉੱਥੋਂ ਦੇ ਸੈਕੂਲਰ ਮਾਹੌਲ ''ਚ ਰਹਿ ਰਹੇ ਸਨ, ਉਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਇਆ ਜਾਵੇ।”

“ਉਨ੍ਹਾਂ ਨੇ ਜੋ ਵਾਅਦਾ ਕੀਤਾ , ਉਹ ਉਨ੍ਹਾਂ ਨੇ ਹਾਗਿਆ ਸੋਫ਼ੀਆ ''ਚ ਨਮਾਜ਼ ਅਦਾ ਕਰਕੇ ਪੂਰਾ ਵੀ ਕੀਤਾ। ਉਹ ਇਹ ਦੱਸਣਾ ਚਾਹੁੰਦੇ ਸੀ ਕਿ 1453 ''ਚ ਮੁਸਲਮਾਨਾਂ ਨੇ ਜੋ ਇਸ ਗਿਰਜਾ ਘਰ ''ਤੇ ਜਿੱਤ ਦਰਜ ਕੀਤੀ ਸੀ ਅਤੇ ਹੁਣ ਇਸ ''ਤੇ ਉਨ੍ਹਾਂ ਦਾ ਪੂਰਾ ਪ੍ਰਭਾਵ ਅਤੇ ਕੰਟਰੋਲ ਹੈ।"

ਭਾਰਤ ''ਚ ਰਾਮ ਮੰਦਿਰ ਅੰਦੋਲਨ ਦੇ ਕਾਰਨ ਸ਼ੁਰੂਆਤੀ ਸਾਲਾਂ ''ਚ ਭਾਜਪਾ ਦਾ ਸਿਆਸੀ ਸਿਤਾਰਾ ਚਮਕਿਆ ਅਤੇ ਫਿਰ ਸਾਲ 2000 ਤੋਂ ਬਾਅਦ ਕੁਝ ਸਾਲਾਂ ਲਈ ਇਸ ਤਾਰੇ ਦੀ ਚਮਕ ਕੁੱਝ ਧੁੰਦਲੀ ਜਿਹੀ ਪੈ ਗਈ।

ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ''ਚ ਪਾਰਟੀ ਪਿਛਲੇ 6 ਸਲਾਂ ਤੋਂ ਆਪਣੇ ਇਤਿਹਾਸ ਦੇ ਸਭ ਤੋਂ ਸਫਲ ਪੜਾਅ ''ਚੋਂ ਲੰਘ ਰਹੀ ਹੈ। ਇਸ ਤਰੱਕੀ ਪਿੱਛੇ ਧਾਰਮਿਕ ਰਾਸ਼ਟਰਵਾਦ ਦਾ ਯੋਗਦਾਨ ਅਹਿਮ ਮੰਨਿਆ ਜਾ ਰਿਹਾ ਹੈ।

ਤੁਰਕ ਮੂਲ ਦੇ ਪ੍ਰੋਫੈਸਰ ਅਹਿਮਤ ਦਾ ਕਹਿਣਾ ਹੈ ਕਿ ਕੁਲੀਨਤਾ ਅਤੇ ਲੋਕਪ੍ਰਿਅਤਾ ਵਿਚਾਲੇ ਸੰਤੁਲਨ ਕਾਇਮ ਰੱਖਣਾ ਬਹੁਤ ਹੀ ਮੁਸ਼ਕਲ ਕਾਰਜ ਹੈ।

ਉਹ ਕਹਿੰਦੇ ਹਨ, "ਭਾਰਤ ਅਤੇ ਤੁਰਕੀ ''ਚ ਜੋ ਲੋਕਤੰਤਰ ਹੈ, ਉਹ ਬਹੁ ਗਿਣਤੀ ਲੋਕਤੰਤਰ ਹੈ। ਜਿਸ ''ਚ ਬਹੁ ਗਿਣਤੀ ਭਾਈਚਾਰੇ ਦੀ ਚੱਲਦੀ ਹੈ ਅਤੇ ਇਸ ਦਾ ਪ੍ਰਭਾਵ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ''ਤੇ ਵੀ ਹੁੰਦਾ ਹੈ।"

ਪ੍ਰੋ. ਅਹਿਮਤ ਦੀ ਦਲੀਲ ਹੈ ਕਿ ਨਹਿਰੂ ਅਤੇ ਕਮਾਲ ਅਤਾਤੁਰਕ ਦੋਵਾਂ ਨੇ ਹੀ ਜ਼ਰੂਰਤ ਤੋਂ ਵੱਧ ਜ਼ੋਰ ਲਗਾ ਕੇ ਆਪੋ ਆਪਣੇ ਦੇਸ਼ਾਂ ''ਚ ਧਰਮ ਨਿਰਪੱਖਤਾ ਨੂੰ ਥੋਪਿਆ ਹੈ।

ਦੂਜੇ ਪਾਸੇ ਉਹ ਮੋਦੀ ਅਤੇ ਅਰਦੋਆਨ ਦੇ ਧਾਰਮਿਕ ਰਾਸ਼ਟਰਵਾਦ ਨੂੰ ਵੀ ਲੋਕਤੰਤਰ ਲਈ ਸਹੀ ਨਹੀਂ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਦੇਸ਼ਾਂ ਨੂੰ ਫਰਾਂਸ ਦੇ ਧਰਮ ਨਿਰਪੱਖ ਲੋਕਤੰਤਰ ਦੀ ਬਜਾਏ ਅਮਰੀਕਾ ਦੇ ਲੋਕਤੰਤਰ ਦੇ ਮਾਡਲ ਨੂੰ ਅਪਣਾਉਣਾ ਚਾਹੀਦਾ ਹੈ ਜਿਸ ''ਚ ਮਜ਼ਹਬ ਸਮਾਜ ''ਚ ਬਹੁਤ ਘੱਟ ਭੂਮਿਕਾ ਅਦਾ ਕਰਦਾ ਹੈ।

ਇਤਿਹਾਸ ਦਾ ਸਹਾਰਾ

ਅਰਦੋਆਨ ਦੇ ਸਮਰਥਕਾਂ ਦੀ ਦਲੀਲ ਹੈ ਕਿ ਸਪੇਨ, ਕਰੀਮੀਆ, ਬਾਲਕਨ ਵਰਗੇ ਦੇਸ਼ਾਂ ''ਚ ਮੁਸਲਮਾਨਾਂ ਦੀਆਂ ਮਸਜਿਦਾਂ ਦੀ ਭੰਨ੍ਹ ਤੋੜ ਕਰਕੇ ਉਨ੍ਹਾਂ ਨੂੰ ਗਿਰਜਾ ਘਰਾਂ ''ਚ ਤਬਦੀਲ ਕੀਤਾ ਗਿਆ ਹੈ।

ਇਸ ਬਾਰੇ ਵਿਸ਼ੇਸ਼ ਤੌਰ ''ਤੇ ਸਪੇਨ ਦੇ ਉਸ ਵਿਸ਼ਾਲ ਗਿਰਜਾ ਘਰ ਕਰਦੋਬਾ ਦੀ ਮਿਸਾਲ ਦਿੰਦੇ ਹਨ , ਜੋ ਕਿ 1237 ਤੋਂ ਪਹਿਲਾਂ ਇੱਕ ਸ਼ਾਨਦਾਰ ਮਸਜਿਦ ਸੀ।ਮੁਸਲਿਮ ਸਮਾਜ ''ਚ ਅੱਜ ਵੀ ਇਸ ਨੂੰ ਇਸ ਦੇ ਪੁਰਾਣੇ ਨਾਮ ਮਸਜਿਦ-ਏ-ਕਰਦੋਬਾ ਨਾਲ ਯਾਦ ਕੀਤਾ ਜਾਂਦਾ ਹੈ।

20ਵੀਂ ਸਦੀ ਦੇ ਇੱਕ ਵੱਡੇ ਉਰਦੂ ਕਵੀ ਅੱਲਾਮਾ ਇਕਬਾਲ ਨੇ ਇਸ ''ਤੇ ਇੱਕ ਕਵਿਤਾ ਵੀ ਲਿਖੀ ਹੈ।

ਪ੍ਰੋ. ਅਹਿਮਤ ਦਾ ਕਹਿਣਾ ਹੈ, "ਉਹ ਸਭ ਜ਼ਰੂਰ ਹੋਇਆ, ਪਰ ਹੁਣ ਉਹ ਬਹੁਤ ਪੁਰਾਣੀ ਗੱਲ ਹੋ ਗਈ ਹੈ।ਸਾਨੂੰ ਪਿੱਛੇ ਮੁੜ ਕੇ ਵੇਖਣ ਦੀ ਬਜਾਏ ਅਗਾਂਹ ਵੱਲ ਵੇਖਣ ਦੀ ਵਧੇਰੇ ਜ਼ਰੂਰਤ ਹੈ।ਜੇਕਰ ਇਸੇ ਤਰ੍ਹਾਂ ਅਸੀਂ ਧਾਰਮਿਕ ਅਸਥਾਨਾਂ ਦੀ ਤਬਦੀਲੀ ਜਾਰੀ ਰੱਖਦੇ ਰਹੇ ਤਾਂ ਇਹ ਚੱਕਰ ਤਾਂ ਕਦੇ ਵੀ ਖ਼ਤਮ ਨਹੀਂ ਹੋਵੇਗਾ।"

ਇਹ ਵੱਖਰੀ ਗੱਲ ਹੈ ਕਿ ਬਾਈਜੈਂਟਾਈਨ ਯੁੱਗ ''ਚ ਓਟੋਮੈਨ ਸਾਮਰਾਜ ਨੇ ਇੱਕ ਗਿਰਜਾ ਘਰ ਨੂੰ ਮਸਜਿਦ ''ਚ ਤਬਦੀਲ ਕਰ ਦਿੱਤਾ ਸੀ ਅਤੇ ਫਿਰ ਕਮਾਲ ਅਤਾਤੁਰਕ ਨੇ ਉਸ ਨੂੰ ਇੱਕ ਅਜਾਇਬ ਘਰ ਅਤੇ ਹੁਣ ਫਿਰ ਇਹ ਇਮਾਰਤ ਇੱਕ ਮਸਜਿਦ ''ਚ ਤਬਦੀਲ ਹੋ ਗਈ ਹੈ।

ਅਰਦੋਆਨ ਆਪਣੇ ਇਸ ਕਦਮ ਨੂੰ ਗਲਤੀ ''ਚ ਸੁਧਾਰ ਕਰਨਾ ਦੱਸ ਰਹੇ ਹਨ, ਜਦਕਿ ਦੂਜੇ ਪਾਸੇ ਦੁਨਿਆ ਭਰ ਦੇ ਇਸਾਈ ਮਤ ਦੇ ਲੋਕ ਇਸ ਕਦਮ ਨੂੰ ਸਿਰੇ ਤੋਂ ਨਕਾਰ ਰਹੇ ਹਨ।ਅੱਗੇ ਦਾ ਰੁਝਾਨ ਕਿਸ ਤਰ੍ਹਾਂ ਦਾ ਹੋਵੇਗਾ?

ਪ੍ਰੋ. ਅਹਿਮਤ ਮੁਤਾਬਕ ਸੱਚਾਈ ਤਾਂ ਇਹ ਹੈ ਕਿ "ਦੋਵਾਂ ਹੀ ਆਗੂਆਂ ਦੀ ਧਰਮ ''ਤੇ ਅਧਾਰਤ ਸਿਆਸਤ ਨੂੰ ਜਾਰੀ ਰੱਖਣਾ ਲੋਕਤੰਤਰ ਲਈ ਸੰਭਵ ਨਹੀਂ ਹੈ।"

ਪ੍ਰੋ. ਪਾਸ਼ਾ ਦਾ ਕਹਿਣਾ ਹੈ ਕਿ ਧਰਮ ਦੀ ਓਟ ਲੈ ਕੇ ਸਿਆਸਤ ਕਰਨਾ ਉਨ੍ਹਾਂ ਆਗੂਆਂ ਦੀ ਨੀਤੀ ਹੁੰਦੀ ਹੈ ਜੋ ਕਿ ਅੰਦਰੋਂ ਤਾਂ ਆਪਣੇ ਆਪ ਨੂੰ ਅਸੁਰੱਖਿਆ ਮਹਿਸੂਸ ਕਰਦੇ ਹਨ ਪਰ ਬਾਹਰੋਂ ਲੋਕ ਦਿਖਾਵੇ ਲਈ ਆਤਮ ਵਿਸ਼ਵਾਸ ਨਾਲ ਭਰੇ ਵਿਖਾਈ ਪੈਂਦੇ ਹਨ।

"ਪਰ ਇਸ ਨੀਤੀ ਨੂੰ ਲੰਬੇ ਸਮੇਂ ਤੱਕ ਜਾਰੀ ਰੱਖ ਪਾਉਣਾ ਮੁਸ਼ਕਲ ਕਾਰਜ ਹੈ।ਅਜਿਹੇ ਆਗੂ ਆਪਣੀ ਇੱਕ ਗਲਤੀ ਨੂੰ ਲੁਕਾਉਣ ਲਈ ਹੋਰ ਬਹੁਤ ਸਾਰੀਆਂ ਗਲਤੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਆਖ਼ਰਕਾਰ ਉਨ੍ਹਾਂ ਦੀ ਰਾਜਨੀਤਿਕ ਸ਼ਕਤੀ ਖ਼ਤਮ ਹੋ ਜਾਂਦੀ ਹੈ।"

ਪ੍ਰੋ. ਅਹਿਮਤ ਕਹਿੰਦੇ ਹਨ, "ਅਰਦੋਆਨ ਦੀ ਏਕੇਪੀ ਪਾਰਟੀ, ਨੇਤਨਣਾਹੂ ਦੀ ਲਿਕੁਡ ਪਾਰਟੀ ਅਤੇ ਹੋਰ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਸੱਤਾ ''ਚ ਹੈ।ਭਾਰਤ ''ਚ ਵੀ ਭਾਜਪਾ ਨੂੰ 2019 ''ਚ ਸਪੱਸ਼ਟ ਬਹੁਮਤ ਮਿਿਲਆ ਸੀ ਪਰ ਪਾਰਟੀ ਗੱਠਜੋੜ ਦੀ ਸਰਕਾਰ ਚਲਾ ਰਹੀ ਹੈ।

" ਗੱਠਜੋੜ ਵਾਲੀਆਂ ਸਰਕਾਰਾਂ ਦੇ ਸਹਾਰੇ ਸਾਲਾਂ ਬੱਧੀ ਧਰਮ ਦੇ ਅਧਾਰ ''ਤੇ ਸਿਆਸਤ ਕਰਨਾ ਸੰਭਵ ਨਹੀਂ ਹੈ । ਆਰਥਿਕ ਸਮੱਸਿਆਵਾਂ ਅਤੇ ਬੇਰੁਜ਼ਗਾਰੀ ਵਰਗੇ ਮੁੱਦੇ ਇੰਨ੍ਹਾਂ ਆਗੂਆਂ ਲਈ ਵੱਡੀ ਚੁਣੌਤੀ ਬਣ ਜਾਂਦੇ ਹਨ।"

ਇਹ ਵੀ ਦੇਖੋ:

https://www.youtube.com/watch?v=e1MQgIO2EQE

https://www.youtube.com/watch?v=nfp59lanMAI

https://www.youtube.com/watch?v=v-yENUAoVxc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bd7c5404-f40f-4f05-9bdb-8585644de8cb'',''assetType'': ''STY'',''pageCounter'': ''punjabi.india.story.53662243.page'',''title'': ''ਭਾਰਤ ਤੋਂ ਤੁਰਕੀ ਤੱਕ ਮੰਦਰ-ਮਸਜਿਦ ਦੀ ਸਿਆਸਤ ਕਿਵੇਂ ਆਗੂਆਂ ਦੇ ਕੰਮ ਆ ਰਹੀ ਤੇ ਇਸ ਦਾ ਅੰਜਾਮ ਕੀ'',''author'': ''ਜ਼ੁਬੈਰ ਅਹਿਮਦ'',''published'': ''2020-08-05T13:44:25Z'',''updated'': ''2020-08-05T13:44:25Z''});s_bbcws(''track'',''pageView'');