ਕੋਰੋਨਾਵਾਇਰਸ: ਤਬਲੀਗ਼ੀ ਜਮਾਤ ਕੀ ਹੈ ਅਤੇ ਨਿਜ਼ਾਮੁੱਦੀਨ ''''ਚ ਇਹ ਕਿਵੇਂ ਬਣੀ ਕੋਰੋਨਾਵਾਇਰਸ ਦਾ ''''ਹੌਟਸਪਾਟ''''

03/31/2020 6:59:15 PM

Getty Images

ਦਿੱਲੀ ਦਾ ਨਿਜ਼ਾਮੁੱਦੀਨ ਖੇਤਰ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਸੁਰਖੀਆਂ ਵਿੱਚ ਆਇਆ ਹੈ। ਕਾਰਨ ਹੈ ਮਾਰਚ ਦੇ ਮਹੀਨੇ ਵਿੱਚ ਇੱਥੇ ਹੋਇਆ ਇੱਕ ਧਾਰਮਿਕ ਸਮਾਗਮ।

ਨਿਜ਼ਾਮੁੱਦੀਨ ਵਿੱਚ ਮੁਸਲਿਮ ਸੰਸਥਾ ਤਬਲੀਗ਼ੀ ਜਮਾਤ ਦਾ ਮੁੱਖ ਦਫ਼ਤਰ ਹੈ, ਜਿੱਥੇ ਇਹ ਸਮਾਗਮ ਹੋਇਆ ਸੀ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ

ਇਸ ਧਾਰਮਿਕ ਸਮਾਗਮ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਸੀ। ਦੇਸ ਭਰ ਵਿੱਚ ਲਾਗੂ ਲੌਕਡਾਉਨ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਉੱਥੇ ਹੀ ਰਹਿ ਰਹੇ ਸਨ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਹੈ ਕਿ ਉੱਥੇ ਮੌਜੂਦ 24 ਲੋਕ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ, ਬਾਕੀ ਲੋਕਾਂ ਦੀ ਜਾਂਚ ਚੱਲ ਰਹੀ ਹੈ।


BBC
  • ਕੋਰੋਨਾਵਾਇਰਸ: ਸੋਸ਼ਲ ਮੀਡੀਆ ''ਤੇ ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ 7 ਗੱਲਾਂ ਵੱਲ ਧਿਆਨ ਦਿਓ
  • ''ਵਿਦੇਸ਼ਾ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਜਹਾਜ਼ ਉੜਾਏ ਗਏ, ਪੈਦਲ ਚੱਲਦੇ ਹੋਏ ਲੋਕਾਂ ਲਈ ਕੀ...''
  • ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
  • ''ਅਸੀਂ ਤਾਂ ਆਪਣੇ ਪਿਤਾ ਦੀ ਮੌਤ ''ਤੇ ਚੱਜ ਨਾਲ ਰੋ ਵੀ ਨਹੀਂ ਸਕੇ''

ਪੂਰਾ ਇਲਾਕਾ ਸੀਲ

ਦਿੱਲੀ ਪੁਲਿਸ ਨੇ ਇਸ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਬਿਨਾ ਇਜਾਜ਼ਤ ਇੱਥੇ ਇਕੱਠੇ ਹੋਏ ਸਨ।

ਸੀਨੀਅਰ ਪੁਲਿਸ ਅਧਿਕਾਰੀ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ, “ਜਦੋਂ ਸਾਨੂੰ ਪਤਾ ਲੱਗਿਆ ਕਿ ਅਜਿਹਾ ਕੋਈ ਸਮਾਗਮ ਕੀਤਾ ਗਿਆ ਹੈ ਤਾਂ ਅਸੀਂ ਇਸ ਮਾਮਲੇ ਵਿੱਚ ਲੌਕਡਾਊਨ ਦੀ ਉਲੰਘਣਾ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ। ਕਈ ਲੋਕਾਂ ਵਿੱਚ ਕੋਰੋਨਾਵਾਇਰਸ ਦੇ ਲੱਛਣ ਦੇਖ ਕੇ ਨੋਟਿਸ ਜਾਰੀ ਕੀਤਾ ਗਿਆ ਅਤੇ ਉਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ।”

https://www.youtube.com/watch?v=mjsyHxCNtJc

ਐਤਵਾਰ ਦੇਰ ਰਾਤ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਕਿ ਕਈ ਲੋਕ ਇੱਥੇ ਇਕੱਠੇ ਰਹਿ ਰਹੇ ਹਨ ਜਿਸ ਵਿੱਚ ਕੁਝ ਵਿਦੇਸ਼ੀ ਵੀ ਸ਼ਾਮਲ ਹਨ, ਦਿੱਲੀ ਪੁਲਿਸ ਅਤੇ ਸੀਆਰਪੀਐਫ਼ ਦੇ ਅਧਿਕਾਰੀ ਇੱਕ ਮੈਡੀਕਲ ਟੀਮ ਲੈ ਕੇ ਇੱਥੇ ਪਹੁੰਚ ਗਏ।

ਦਿੱਲੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ, ਜਿਸ ਵਿੱਚ ਤਬਲੀਗੀ ਜਮਾਤ ਦਾ ਮੁੱਖ ਕੇਂਦਰ ਵੀ ਸ਼ਾਮਲ ਹੈ। ਇਸ ਕੇਂਦਰ ਦੇ ਨਾਲ ਹੀ ਨਿਜ਼ਾਮੁਦੀਨ ਥਾਣਾ ਹੈ ਅਤੇ ਇਸ ਦੇ ਨਾਲ ਹੀ ਖਵਾਜਾ ਨਿਜ਼ਾਮੁਦੀਨ ਓਲੀਆ ਦੀ ਦਰਗਾਹ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੁਆਰੰਟੀਨ (ਵੱਖ ਕਰਕੇ ਰੱਖਣਾ) ਲਈ ਹਸਪਤਾਲ ਭੇਜ ਰਹੇ ਹਨ।

ਦਿੱਲੀ ਸਰਕਾਰ ਦਾ ਪੱਖ

ਇਹ ਪੂਰਾ ਮਾਮਲਾ ਇਸ ਲਈ ਵੀ ਸੁਰਖੀਆਂ ਵਿੱਚ ਆਇਆ ਹੈ ਕਿਉਂਕਿ ਤੇਲੰਗਾਨਾ ਸਰਕਾਰ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਸੂਬੇ ਵਿੱਚ ਜਿਹੜੇ ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋਈ ਹੈ ਉਨ੍ਹਾਂ ਵਿੱਚੋ 6 ਲੋਕ ਦਿੱਲੀ ਦੇ ਨਿਜਾਮੁਦੀਨ ਵਿੱਚ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਏ ਸਨ।

ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੁਤਾਬਕ ਤਬਲੀਗੀ ਜਮਾਤ ਦੇ ਹੱਡਕੁਆਟਰ ਵਿੱਚ ਰਹਿ ਰਹੇ 24 ਲੋਕ ਕੋਰੋਨਾਵਾਇਰਸ ਦੇ ਪੌਜ਼ੀਟਿਵ ਪਾਏ ਗਏ ਹਨ।

700 ਲੋਕਾਂ ਨੂੰ ਕੁਆਰੰਟਾਈਨ ਵਿੱਚ ਰੱਖਿਆ ਗਿਆ ਹੈ। 335 ਲੋਕਾਂ ਨੂੰ ਹਸਪਤਾਲ ਵਿੱਚ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਦਿੱਲੀ ਸਰਕਾਰ ਨੇ ਪੂਰੇ ਮਾਮਲੇ ਵਿੱਚ ਪ੍ਰਬੰਧਕਾਂ ਖਿਲਾਫ਼ ਐੱਫ਼ਆਈਆਰ ਦਰਜ ਕਰਨ ਦੀ ਸਿਫਾਰਿਸ਼ ਵੀ ਕੀਤੀ ਹੈ। ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਜਿਸ ਵੇਲੇ ਇਹ ਪ੍ਰਬੰਧ ਚੱਲ ਰਹੇ ਸਨ ਉਦੋਂ ਦਿੱਲੀ ਵਿੱਚ ਕਈ ਅਜਿਹੀਆਂ ਧਾਰਾਵਾਂ ਲਾਗੂ ਸਨ ਜਿਸ ਵਿੱਚ ਪੰਜ ਤੋਂ ਵੱਧ ਲੋਕ ਇੱਕ ਥਾਂ ’ਤੇ ਇਕੱਠੇ ਨਹੀਂ ਰਹਿ ਸਕਦੇ ਸਨ।

ਨਿਜਾਮੁਦੀਨ ਵਿੱਚ ਮੌਜੂਦ 1500-1700 ਲੋਕਾਂ ਵਿੱਚੋਂ ਤਕਰੀਬਨ 1000 ਲੋਕਾਂ ਨੂੰ ਉੱਥੋਂ ਕੱਢ ਲਿਆ ਗਿਆ ਸੀ।

GETTY IMAGES
ਗ੍ਰਹਿ ਵਿਭਾਗ ਦੇ ਬੁਲਾਰੇ ਮੁਤਾਬਕ ਮੁਲਜ਼ਮਾਂ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ

ਕੇਂਦਰ ਸਰਕਾਰ ਦਾ ਪੱਖ

ਕੇਂਦਰ ਸਰਕਾਰ ਦੀ ਕੋਰੋਨਾ ਬ੍ਰੀਫਿੰਗ ਦੌਰਾਨ ਸਿਹਤ ਵਿਭਾਗ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਧਾਰਮਿਕ ਸਮਾਗਮ ਵਿੱਚ ਸ਼ਾਮਲ ਲੋਕਾਂ ਦੀ ਟੈਸਟਿੰਗ, ਉਨ੍ਹਾਂ ਨੂੰ ਕੁਆਰੰਟਾਈਨ ਵਿੱਚ ਰੱਖਣ ਦੀ ਸਹੂਲਤ ਅਤੇ ਬਾਕੀ ਜਾਂਚ ਪ੍ਰੋਟੋਕੋਲ ਦੇ ਅਨੁਸਾਰ ਹੀ ਕੀਤੀ ਜਾਵੇਗੀ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਅਨੁਸਾਰ ਪ੍ਰਬੰਧਕਾਂ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਤਬਲੀਗ਼ੀ ਜਮਾਤ ਕੀ ਹੈ

ਇਹ ਇੱਕ ਧਾਰਮਿਕ ਸੰਸਥਾ ਹੈ ਜੋ 1920 ਤੋਂ ਚੱਲੀ ਆ ਰਹੀ ਹੈ। ਇਸ ਦਾ ਦਿੱਲੀ ਦੇ ਨਿਜ਼ਾਮੁੱਦੀਨ ਖੇਤਰ ਵਿੱਚ ਇੱਕ ਹੈੱਡਕੁਆਰਟਰ ਹੈ, ਜਿਸ ਨੂੰ ਮਰਕਜ਼ ਵੀ ਕਿਹਾ ਜਾਂਦਾ ਹੈ।

ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਜ਼ਫਰ ਸਰੇਸ਼ਵਾਲਾ ਕਈ ਸਾਲਾਂ ਤੋਂ ਤਬਲੀਗੀ ਜਮਾਤ ਨਾਲ ਜੁੜੇ ਹੋਏ ਹਨ। ਉਨ੍ਹਾਂ ਅਨੁਸਾਰ, ਇਹ ਦੁਨੀਆਂ ਦੀ ਸਭ ਤੋਂ ਵੱਡੀ ਮੁਸਲਿਮ ਸੰਸਥਾ ਹੈ। ਇਸ ਦੇ ਕੇਂਦਰ 140 ਦੇਸਾਂ ਵਿੱਚ ਹਨ।

Getty Images
ਤਬਲੀਗੀ ਜਮਾਤ ਇੱਕ ਧਾਰਮਿਕ ਸੰਸਥਾ ਹੈ ਜੋ 1920 ਤੋਂ ਚੱਲੀ ਆ ਰਹੀ ਹੈ। ਇਸ ਦਾ ਦਿੱਲੀ ਦੇ ਨਿਜ਼ਾਮੁਦੀਨ ਖੇਤਰ ਵਿੱਚ ਇੱਕ ਹੈੱਡਕੁਆਰਟਰ ਹੈ, ਜਿਸ ਨੂੰ ਮਰਕਜ਼ ਵੀ ਕਿਹਾ ਜਾਂਦਾ ਹੈ।

ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਇਸਦਾ ਮਰਕਜ਼ ਯਾਨਿ ਕੇਂਦਰ ਹੈ। ਇਨ੍ਹਾਂ ਮਰਕਜਾਂ ਵਿੱਚ ਸਾਲ ਭਰ ਇਜਤੇਮਾ ਚੱਲਦੀ ਰਹਿੰਦੀ ਹੈ। ਮਤਲਬ ਲੋਕ ਆਉਂਦੇ-ਜਾਂਦੇ ਰਹਿੰਦੇ ਹਨ।

ਜਦੋਂ ਕੋਰੋਨਾਵਾਇਰਸ ਦੇ ਪੌਜ਼ੀਟਿਵ ਮਾਮਲੇ ਪਾਏ ਜਾਣ ਦੀ ਖ਼ਬਰ ਫੈਲੀ ਉਦੋਂ ਵੀ ਉੱਥੇ ਇਜਤੇਮਾ ਚੱਲ ਰਹੀ ਸੀ। ਇਜਤੇਮਾ ਦੌਰਾਨ ਹਰ ਸੂਬੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਹਰ ਇਜ਼ਤੇਮਾ 3-5 ਦਿਨ ਤੱਕ ਚੱਲਦੀ ਹੈ।

ਮਾਰਚ ਦੇ ਮਹੀਨੇ ਵਿੱਚ ਵੀ ਇੱਥੇ ਕਈ ਸੂਬਿਆਂ ਤੋਂ ਲੋਕ ਇਜਤੇਮਾ ਲਈ ਆਏ ਸਨ। ਜਿਸ ਵਿੱਚ ਕਈ ਵਿਦੇਸ਼ੀ ਵੀ ਸਨ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਇਜਤੇਮਾ ਉਸੇ ਵੇਲੇ ਚੱਲ ਰਿਹਾ ਸੀ।

ਹਾਲਾਂਕਿ ਵਿਦੇਸ਼ਾਂ ਵਿੱਚ ਕਈ ਥਾਵਾਂ ’ਤੇ ਕੋਰੋਨਾ ਦੇ ਮਾਮਲੇ ਵੱਧਦਿਆਂ ਹੀ ਇਸ ਤਰ੍ਹਾਂ ਦੇ ਪ੍ਰਬੰਧਾਂ ਉੱਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਸੀ। ਪਰ ਦਿੱਲੀ ਵਿੱਚ ਅਜਿਹਾ ਨਹੀਂ ਹੋਇਆ।

ਤਬਲੀਗ਼ੀ ਜਮਾਤ ਦਾ ਪੱਖ

ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਤਬਲੀਗੀ ਜਮਾਤ ਨੇ ਸੋਮਵਾਰ ਦੇਰ ਰਾਤ ਇੱਕ ਪ੍ਰੈਸ ਨੋਟ ਜਾਰੀ ਕੀਤਾ। ਪ੍ਰੈਸ ਨੋਟ ਅਨੁਸਾਰ ਉਨ੍ਹਾਂ ਦਾ ਇਹ ਸਮਾਗਮ ਇੱਕ ਸਾਲ ਪਹਿਲਾਂ ਤੈਅ ਹੋਇਆ ਸੀ। ਜਦੋਂ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਤਾਂ ਤਬਲੀਗੀ ਜਮਾਤ ਨੇ ਇੱਥੇ ਚੱਲ ਰਹੇ ਪ੍ਰੋਗਰਾਮ ਨੂੰ ਤੁਰੰਤ ਰੋਕ ਦਿੱਤਾ।

ਉਨ੍ਹਾਂ ਕਿਹਾ, “ਪਰ ਪੂਰੇ ਲੌਕਡਾਊਨ ਦੇ ਐਲਾਨ ਹੋਣ ਤੋਂ ਪਹਿਲਾਂ ਹੀ ਕੁਝ ਸੂਬਿਆਂ ਨੇ ਆਪਣੇ ਵੱਲੋਂ ਟਰੇਨ ਅਤੇ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਸਨ। ਇਸ ਸਮੇਂ ਦੌਰਾਨ ਜਿੱਥੋਂ ਦੇ ਲੋਕ ਵਾਪਸ ਜਾ ਸਕਦੇ ਸਨ ਉਨ੍ਹਾਂ ਨੂੰ ਵਾਪਸ ਭੇਜਣ ਦਾ ਪੂਰਾ ਪ੍ਰਬੰਧ ਤਬਲੀਗੀ ਜਮਾਤ ਪ੍ਰਬੰਧਨ ਦੁਆਰਾ ਕੀਤਾ ਗਿਆ ਸੀ। ਇਸ ਤੋਂ ਤੁਰੰਤ ਬਾਅਦ ਲੌਕਡਾਉਨ ਦਾ ਐਲਾਨ ਕੀਤਾ ਗਿਆ।”

"ਜਿਸ ਕਾਰਨ ਕਈ ਲੋਕ ਵਾਪਸ ਨਹੀਂ ਜਾ ਸਕੇ ਅਤੇ ਉਹ ਉੱਥੇ ਹੀ ਮਰਕਜ਼ ਵਿੱਚ ਰਹਿ ਰਹੇ ਸਨ। ਪ੍ਰੈਸ ਰਿਲੀਜ਼ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਤਕਰਬੀਨ 1000 ਦੱਸੀ ਗਈ ਹੈ। ਇਹ ਪੂਰਾ ਮਾਮਲਾ ਪੁਲਿਸ ਤੱਕ 24 ਮਾਰਚ ਨੂੰ ਪਹੁੰਚਿਆ ਜਦੋਂ ਸਥਾਨਕ ਪੁਲਿਸ ਨੇ ਮਰਕਜ਼ ਨੂੰ ਬੰਦ ਕਰਨ ਲਈ ਨੋਟਿਸ ਭੇਜਿਆ।"

ਤਬਲੀਗੀ ਜਮਾਤ ਮੁਤਾਬਕ ਪੁਲਿਸ ਦੇ ਇਸ ਨੋਟਿਸ ਦਾ ਉਨ੍ਹਾਂ ਨੇ ਉਸੇ ਦਿਨ ਜਵਾਬ ਦਿੱਤਾ ਸੀ ਕਿ ਸਮਾਗਮ ਨੂੰ ਰੋਕ ਦਿੱਤਾ ਗਿਆ ਹੈ ਅਤੇ 1500 ਲੋਕ ਵਾਪਸ ਚਲੇ ਗਏ ਹਨ। ਪਰ ਤਕਰੀਬਨ 1000 ਲੋਕ ਫਸੇ ਹੋਏ ਹਨ। ਇਸ ਚਿੱਠੀ ਤੋਂ ਬਾਅਦ 26 ਤਰੀਕ ਨੂੰ ਐੱਸਡੀਐੱਮ ਦੇ ਨਾਲ ਇੱਕ ਮੀਟਿੰਗ ਹੋਈ। ਅਗਲੇ ਦਿਨ 6 ਲੋਕਾਂ ਨੂੰ ਟੈਸਟ ਲਈ ਲਿਜਾਇਆ ਗਿਆ।

"ਫਿਰ 28 ਮਾਰਚ ਨੂੰ 33 ਲੋਕਾਂ ਨੂੰ ਟੈਸਟ ਲਈ ਲਿਜਾਇਆ ਗਿਆ। ਅਸੀਂ ਉਸ ਵੇਲੇ ਵੀ ਸਥਾਨਕ ਪ੍ਰਸ਼ਾਸਨ ਨੂੰ ਲੋਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ ਗੱਡੀਆਂ ਦਾ ਪ੍ਰਬੰਧ ਕਰਨ ਦੀ ਗੁਜਾਰਿਸ਼ ਕੀਤੀ ਸੀ। 28 ਮਾਰਚ ਨੂੰ ਹੀ ਐੱਸਪੀ ਲਾਜਪਤ ਨਗਰ ਵੱਲੋਂ ਕਾਨੂੰਨੀ ਕਾਰਵਾਈ ਦਾ ਇੱਕ ਨੋਟਿਸ ਵੀ ਆਇਆ, ਜਿਸ ਦਾ ਅਗਲੇ ਦਿਨ ਯਾਨਿ ਕਿ 29 ਮਾਰਚ ਨੂੰ ਹੀ ਅਸੀਂ ਜਵਾਬ ਭੇਜਿਆ।"

ਅਤੇ 30 ਮਾਰਚ ਯਾਨਿ ਕਿ ਸੋਮਵਾਰ ਨੂੰ ਪੂਰਾ ਮਾਮਲਾ ਮੀਡੀਆ ਵਿੱਚ ਆ ਗਿਆ।

ਤਬਲੀਗ਼ੀ ਜਮਾਤ ਦਾ ਵਿਦੇਸ਼ੀ ਸਬੰਧ

ਇਹ ਉਹੀ ਤਬਲੀਗ਼ੀ ਜਮਾਤ ਹੈ ਜਿਸ ਦਾ ਧਾਰਮਿਕ ਪ੍ਰੋਗਰਾਮ ਮਲੇਸ਼ੀਆ ਵਿੱਚ ਕੁਆਲਾਲੰਪਪੁਰ ਦੀ ਇੱਕ ਮਸਜਿਦ ਵਿੱਚ 27 ਫਰਵਰੀ ਤੋਂ ਇੱਕ ਮਾਰਚ ਤੱਕ ਸੀ।

ਅਜਿਹੀਆਂ ਕਈ ਮੀਡੀਆ ਰਿਪੋਰਟਜ਼ ਵੀ ਸਾਹਮਣੇ ਆਈਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਸੇ ਸਮਾਗਮ ਵਿੱਚ ਆਏ ਲੋਕਾਂ ਤੋਂ ਦੱਖਣ-ਪੂਰਬੀ ਏਸ਼ੀਆ ਦੇ ਕਈ ਦੇਸਾਂ ਵਿੱਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਿਆ।

ਅਲ-ਜਜ਼ੀਰਾ ਦੀ ਰਿਪੋਰਟ ਅਨੁਸਾਰ ਮਾਲੇਸ਼ੀਆ ਵਿੱਚ ਪਾਏ ਗਏ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਵਿੱਚੋਂ ਦੋ-ਤਿਹਾਈ ਤਬਲੀਗੀ ਜਮਾਤ ਦੇ ਪ੍ਰੋਗਰਾਮ ਦਾ ਹਿੱਸਾ ਸਨ। ਬ੍ਰੂਨੇਈ ਵਿੱਚ ਕੋਰੋਨਵਾਇਰਸ ਤੋਂ ਇਨਫੈਕਟਡ ਕੁੱਲ 40 ਵਿੱਚੋਂ 38 ਲੋਕ ਇਸੇ ਮਸਜਿਦ ਦੇ ਸਮਾਗਮ ਵਿੱਚ ਸ਼ਾਮਲ ਹੋਏ ਸਨ।

ਸਿੰਗਾਪੁਰ, ਮੰਗੋਲੀਆ ਸਮੇਤ ਕਈ ਦੇਸਾਂ ਵਿੱਚ ਇਸ ਮਸਜਿਦ ਦੇ ਧਾਰਮਿਕ ਸਮਾਗਮ ਕਰਕੇ ਕੋਰੋਨਾਵਾਇਰਸ ਫੈਲ ਗਿਆ ਸੀ।

ਪਾਕਿਸਤਾਨ ਦੇ ਡਾਨ ਅਖਬਾਰ ਅਨੁਸਾਰ ਉਨ੍ਹਾਂ ਦੇ ਦੇਸ ਵਿੱਚ ਵੀ ਉਨ੍ਹਾਂ ਕਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਇਨਫੈਕਸ਼ਨ ਪਾਇਆ ਗਿਆ ਹੈ ਜੋ ਤਬਲੀਗੀ ਜਮਾਤ ਦੇ ਸਮਾਗਮ ਵਿੱਚ ਸ਼ਾਮਲ ਸਨ।

500 ਲੋਕ ਵਿਦੇਸ਼ ਤੋਂ ਆਏ ਸਨ...

ਅਖ਼ਬਾਰ ਮੁਤਾਬਕ ਮਰਕਜ਼ ਵਿੱਚ ਸ਼ਾਮਿਲ 35 ਲੋਕਾਂ ਦੀ ਸਕ੍ਰੀਨਿਗ ਕੀਤੀ ਗਈ ਜਿਨ੍ਹਾਂ ਵਿੱਚ 27 ਲੋਕਾਂ ਨੂੰ ਕੋਰੋਨਾਵਾਇਰਸ ਪੌਜੀਟਿਵ ਪਾਇਆ ਗਿਆ ਹੈ। ਪਾਕਿਸਤਾਨ ਵਿੱਚ ਵੀ ਤਕਰੀਬਨ 1200 ਲੋਕਾਂ ਨੇ ਇਸ ਸਮਾਗਮ ਵਿੱਤ ਸ਼ਿਰਕਤ ਕੀਤੀ ਸੀ ਜਿਨ੍ਹਾਂ ਵਿੱਚੋਂ 500 ਲੋਕ ਵਿਦੇਸ਼ ਤੋਂ ਆਏ ਸਨ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਦਿੱਲੀ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਕੇ ਸਿਆਸੀ ਪ੍ਰਬੰਧਾਂ ’ਤੇ 31 ਮਾਰਚ ਤੱਕ ਲਈ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਇਲਾਵਾ ਵਿਰੋਧ-ਪ੍ਰਦਰਸ਼ਨਾਂ ਵਿੱਚ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਵੀ ਰੋਕ ਲਾ ਦਿੱਤੀ ਗਈ ਸੀ।

ਪ੍ਰਧਾਨ ਮੰਤਰੀ ਨੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਖ਼ਤਰੇ ਨੂੰ ਦੇਖਦੇ ਹੋਏ 25 ਮਾਰਚ ਤੋਂ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰ ਦਿੱਤਾ ਸੀ। ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਪੁਲਿਸ ਡਰੌਨ ਰਾਹੀਂ ਨਜ਼ਰ ਰੱਖ ਰਹੀ ਹੈ।

BBC
  • ਕੋਰੋਨਾਵਾਇਰਸ: ਲੱਛਣ ਕੀ ਹਨ ਅਤੇ ਕਿਵੇਂ ਬਚਿਆ ਜਾ ਸਕਦਾ ਹੈ
  • ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ
  • ਕੀ ਕੋਰੋਨਾਵਾਇਰਸ ਚਿਕਨ ਖਾਣ ਨਾਲ ਫੈਲ ਸਕਦਾ ਹੈ?
  • ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?

MoHFW_INDIA
BBC

ਇਹ ਵੀ ਦੇਖੋ:

https://www.youtube.com/watch?v=nuc_NRp9JPs

https://www.youtube.com/watch?v=aD8-94dUUwQ

https://www.youtube.com/watch?v=biNdXbadC4w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)