ਇੱਕ ਚਿਹਰੇ ਤੋਂ ਉਘੜਦੇ ਖੇਡ-ਮੈਦਾਨ ਵਿੱਚੋਂ ਗ਼ੈਰ-ਹਾਜ਼ਰ ਪੰਜਾਬਣ ਦੇ ਨਕਸ਼

02/20/2020 6:25:48 PM

BBC
ਫ਼ਤਿਹਗੜ੍ਹ ਸਾਹਿਬ ਵਿੱਚ ਕੁੜੀਆਂ ਦੀ ਮੁੰਡਿਆਂ ਦੇ ਮੁਕਾਬਲੇ ਘੱਟ ਗਿਣਤੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਹਵਾਲੇ ਨਾਲ ਚਰਚਾ ਦਾ ਵਿਸ਼ਾ ਰਹੀ ਹੈ।

"ਮੈਨੂੰ ਵਾਲੀਬਾਲ ਖੇਡਣਾ ਪਸੰਦ ਹੈ ਪਰ ਕੁੜੀਆਂ ਖੇਡਾਂ ਵਿੱਚ ਹਿੱਸਾ ਨਹੀਂ ਲੈਂਦੀਆਂ ਜਿਸ ਕਾਰਨ ਮੈਂ ਮੁੰਡਿਆਂ ਨਾਲ ਖੇਡਦੀ ਹਾਂ।"

"ਮੈਂ ਪੁਲਿਸ ਵਿੱਚ ਭਰਤੀ ਹੋਣ ਲਈ ਭਾਰ-ਤੋਲਣ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੀ ਸੀ ਪਰ ਸਾਥ ਨਾ ਹੋਣ ਕਾਰਨ ਮੈਂ ਇਹ ਨਹੀਂ ਕਰ ਸਕੀ।"

"ਕੁੜੀਆਂ ਨੂੰ ਪਹਿਲਾਂ ਘਰ ਵਾਲੇ ਰੋਕਦੇ ਹਨ ਅਤੇ ਬਾਅਦ ਵਿੱਚ ਵਰਜਿਸ਼ ਲਈ ਆਉਣ-ਜਾਣ ਦੀ ਔਖ ਹੁੰਦੀ ਹੈ ਜਿਸ ਕਾਰਨ ਮੈਂ ਇਕੱਲੀ ਭਲਵਾਨੀ ਕਰਦੀ ਹਾਂ। ਮੇਰਾ ਅਭਿਆਸ ਮੁੰਡਿਆਂ ਨਾਲ ਹੁੰਦਾ ਹੈ।"

"ਮੈਂ ਪਹਿਲਾਂ ਖੇਡਦੀ ਸੀ ਪਰ ਹੁਣ ਸੰਗ ਲੱਗਦੀ ਹੈ।"

ਇਹ ਬਿਆਨੀਆ ਫ਼ਤਿਹਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਲੁਹਾਰ ਮਾਜਰਾ ਕਲਾਂ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਕੁੜੀਆਂ ਦਾ ਹੈ।

ਸੀਨੀਅਰ ਸੈਕੰਡਰੀ ਸਕੂਲ ਦੇ ਵਿਚਕਾਰ ਖੇਡ ਮੈਦਾਨ ਹੈ ਜਿਸ ਵਿੱਚ ਕਈ ਥਾਂਵਾਂ ਉੱਤੇ ਅਧਿਆਪਕ ਧੁੱਪ ਸੇਕਦੇ ਹੋਏ ਪੜ੍ਹਾ ਰਹੇ ਹਨ।

ਤਕਰੀਬਨ ਸਵਾ ਸੌ ਵਿਦਿਆਰਥੀਆਂ ਵਾਲੇ ਇਸ ਸਕੂਲ ਵਿੱਚ ਕੁੜੀਆਂ ਅਤੇ ਮੁੰਡੇ ਪੜ੍ਹਦੇ ਹਨ। ਇੱਕ ਪਾਸੇ ਵਾਲੀਵਾਲ ਦਾ ਜਾਲ ਬੰਨ੍ਹਿਆ ਹੋਇਆ ਹੈ ਜਿੱਥੇ ਖਾਲੀ ਘੰਟੀ ਜਾਂ ਅੱਧੀ ਛੁੱਟੀ ਮੌਕੇ ਮੁੰਡੇ ਖੇਡਦੇ ਹਨ।

ਕੁੜੀਆਂ ਆਲੇ-ਦੁਆਲੇ ਝੁਰਮਟ ਪਾ ਕੇ ਗੱਲੀਂ ਲੱਗੀਆਂ ਰਹਿੰਦੀਆਂ ਹਨ ਜਾਂ ਬਾਲ ਖੇਡਾਂ ਵਿੱਚ ਰੁੱਝੀਆਂ ਰਹਿੰਦੀਆਂ ਹਨ।

ਜੇ ਲੁਹਾਰ ਮਾਜਰਾ ਕਲਾਂ ਦੇ ਸਕੂਲ ਦੀ ਮਿਸਾਲ ਨਾਲ ਸਮੁੱਚੇ ਸੂਬੇ ਵਿੱਚ ਕੁੜੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਨੂੰ ਸਮਝਣਾ ਹੋਵੇ ਤਾਂ ਇਹ ਕਈ ਪੱਖਾਂ ਤੋਂ ਅਹਿਮ ਹੈ।

ਫ਼ਤਿਹਗੜ੍ਹ ਸਾਹਿਬ ਵਿੱਚ ਕੁੜੀਆਂ ਦੀ ਮੁੰਡਿਆਂ ਦੇ ਮੁਕਾਬਲੇ ਘੱਟ ਗਿਣਤੀ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਹਵਾਲੇ ਨਾਲ ਚਰਚਾ ਦਾ ਵਿਸ਼ਾ ਰਹੀ ਹੈ।

ਕੁੜੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਬਰਾਬਰ ਮੌਕੇ ਦੇਣ ਦੇ ਲਿਹਾਜ਼ ਨਾਲ ਕਈ ਕਿਸਮ ਦੀਆਂ ਪਹਿਲਕਦਮੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ ਉੱਤੇ ਕੀਤੀਆਂ ਗਈਆਂ ਹਨ।

Getty Images
2011 ਦੀ ਮਰਦਮਸ਼ੁਮਾਰੀ ਮੁਤਾਬਕ ਪਿੰਡ ਦੀ ਆਬਾਦੀ 1827 ਦਰਜ ਹੈ ਜਿਨ੍ਹਾਂ ਵਿੱਚ ਮਰਦਾਂ ਦੀ ਗਿਣਤੀ 989 ਅਤੇ ਔਰਤਾਂ ਦੀ ਗਿਣਤੀ 848ਹੈ।

ਇਨ੍ਹਾਂ ਦੀ ਦੱਸ ਲੁਹਾਰ ਮਾਜਰਾ ਕਲਾਂ ਦੇ ਪਿੰਡ ਦੀ ਫਿਰਨੀ ਉੱਤੇ ਲੱਗਿਆ ਬੋਰਡ ਪਾਉਂਦਾ ਹੈ। ਇਸ ਬੋਰਡ ਉੱਤੇ 2011 ਦੀ ਮਰਦਮਸ਼ੁਮਾਰੀ ਮੁਤਾਬਕ ਪਿੰਡ ਦੀ ਆਬਾਦੀ 1827 ਦਰਜ ਹੈ ਜਿਨ੍ਹਾਂ ਵਿੱਚ ਮਰਦਾਂ ਦੀ ਗਿਣਤੀ 989 ਅਤੇ ਔਰਤਾਂ ਦੀ ਗਿਣਤੀ 848ਹੈ।

ਇਹ ਬੋਰਡ ਕੈਨੇਡਾ ਦੀ ਮੁਕਾਮੀ ਪਹਿਲਕਦਮੀਆਂ ਨਾਲ ਜੁੜੀ ਗ਼ੈਰ-ਸਰਕਾਰੀ ਸੰਸਥਾ ਦੀ ਮੁਹਿੰਮ ''ਔਰਤਾਂ ਖ਼ਿਲਾਫ਼ ਹਿੰਸਾ ਅਤੇ ਬਾਲ ਵਿਆਹ ਰੋਕਥਾਮ ਅਭਿਆਨ'' ਦੀ ਬਦੌਲਤ ਲੱਗਿਆ ਹੈ ਜਿਸ ਦੀ ਪਛਾਣ ''ਜਾਗੋ'' ਹੈ।

ਖੇਡ ਮੈਦਾਨ ਵਿੱਚ ਕੁੜੀਆਂ ਅਤੇ ਮੁੰਡਿਆਂ ਦਾ ਆਪਸ ਵਿੱਚ ਮੁਕਾਬਲਾ ਨਹੀਂ ਹੁੰਦਾ ਅਤੇ ਕਈ ਵਾਰ ਤਾਂ ਕੁੜੀਆਂ-ਮੁੰਡਿਆਂ ਦੇ ਖੇਡ-ਮੇਲੇ ਵੀ ਵੱਖ-ਵੱਖ ਹੁੰਦੇ ਹਨ।

ਇਹ ਸੁਆਲ ਹਮੇਸ਼ਾਂ ਕਾਇਮ ਰਿਹਾ ਹੈ ਕਿ ਕੁੜੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਘੱਟ ਕਿਉਂ ਹੁੰਦੀ ਹੈ। ''ਜਾਗੋ'' ਦਾ ਅਸਰ ਪਿੰਡ ਦੇ ਫਿਰਨੀ ਤੋਂ ਖੇਡ-ਮੈਦਾਨ ਤੱਕ ਜਾਂਦਾ-ਜਾਂਦਾ ਹੀ ਮੱਠਾ ਪੈ ਜਾਂਦਾ ਹੈ।

ਇਹ ਵੀ ਪੜੋ

  • ਅੰਮ੍ਰਿਤਸਰ ’ਚ ਕੁਝ ਪੁਲਿਸ ਵਾਲਿਆਂ ਨੇ ਕੀ ਕੀਤਾ ਸੀ ਕਿ 5 ਜਣਿਆਂ ਨੇ ਖ਼ੁਦਕੁਸ਼ੀ ਕਰ ਲਈ
  • ਜਦੋਂ ਮਰ ਚੁੱਕੀ ਧੀ ਨੂੰ ‘ਮੁੜ ਮਿਲੀ’ ਮਾਂ: ਤਕਨੀਕ ਦੇ ਕਮਾਲ ਨੇ ਖੋਲ੍ਹੇ ਨਵੇਂ ਰਾਹ
  • ਪਾਕਿਸਤਾਨ ਵਿੱਚ ਗੈਸ ਲੀਕ ਨਾਲ 14 ਮੌਤਾਂ: ਰਹੱਸ ਅਜੇ ਵੀ ਕਾਇਮ
BBC
ਲੁਹਾਰ ਮਾਜਰਾ ਕਲਾਂ ਸਕੂਲ ਦੀ ਵਿਦਿਆਰਥੀ ਮਹਿਕਪ੍ਰੀਤ ਕੌਰ ਭਲਵਾਨੀ ਕਰਦੀ ਹੈ। ਉਸ ਨੂੰ ਅਖਾੜੇ ਤੱਕ ਪਹੁੰਚਣ ਲਈ ਸਮਾਜਿਕ ਦਸਤੂਰ ਦੇ ਨਾਲ-ਨਾਲ ਅਦਾਰਿਆਂ ਦੇ ਲਿੰਗਵਾਦੀ ਢਾਂਚੇ ਨਾਲ ਵੀ ਸਿੱਝਣਾ ਪੈਂਦਾ ਹੈ

ਭਲਵਾਨੀ ਕਰਦੀਆਂ ਕੁੜੀਆਂ

ਲੁਹਾਰ ਮਾਜਰਾ ਕਲਾਂ ਸਕੂਲ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਭਲਵਾਨੀ ਕਰਦੀ ਹੈ। ਉਸ ਨੂੰ ਅਖਾੜੇ ਤੱਕ ਪਹੁੰਚਣ ਲਈ ਸਮਾਜਿਕ ਦਸਤੂਰ ਦੇ ਨਾਲ-ਨਾਲ ਅਦਾਰਿਆਂ ਦੇ ਲਿੰਗਵਾਦੀ ਢਾਂਚੇ ਨਾਲ ਵੀ ਸਿੱਝਣਾ ਪੈਂਦਾ ਹੈ।

ਮਹਿਕਪ੍ਰੀਤ ਦੱਸਦੀ ਹੈ, "ਕੁੜੀਆਂ ਨੂੰ ਪਹਿਲਾਂ ਤਾਂ ਮਾਪੇ ਖੇਡਣ ਤੋਂ ਰੋਕਦੇ ਹਨ। ਇਸ ਤੋਂ ਬਾਅਦ ਸਵੇਰ-ਸ਼ਾਮ ਵਰਜਿਸ਼ ਲਈ ਜਾਣਾ ਵੀ ਔਖਾ ਹੈ।"

ਮਹਿਕਪ੍ਰੀਤ ਦੇ ਮਾਪੇ ਭਲਵਾਨੀ ਕਰਨ ਲਈ ਉਸ ਦੀ ਪਿੱਠ ਥਾਪੜਦੇ ਹਨ। ਸਿਮਰਜੀਤ ਕੌਰ ਲਈ ਮਾਮਲਾ ਇਸ ਤੋਂ ਕੁਝ ਪੇਚੀਦਾ ਹੈ।

ਉਹ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਹੈ ਅਤੇ ਇਸ ਭਰਤੀ ਲਈ ਭਾਰ-ਤੋਲਣ ਨੂੰ ਜਰੀਆ ਬਣਾਉਣਾ ਚਾਹੁੰਦੀ ਸੀ। ਭਾਰ-ਤੋਲਣ ਵਿੱਚ ਕੋਈ ਹੋਰ ਕੁੜੀ ਨਾ ਹੋਣ ਕਾਰਨ ਉਹ ਵੀ ਇਸ ਪਾਸੇ ਨਹੀਂ ਜਾ ਸਕੀ।

ਤਫ਼ਸੀਲ ਦਿੰਦੇ ਹੋਏ ਸਕੂਲ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਰਜਨੀਸ਼ ਕੁਮਾਰ ਨੰਦਾ ਦੱਸਦੇ ਹਨ, "ਅਸੀਂ ਭਾਰ-ਤੋਲਣ ਲਈ ਕੁੜੀਆਂ ਦੀ ਹੌਸਲਾਅਫ਼ਜਾਈ ਕੀਤੀ। ਕੁੜੀਆਂ ਦੇ ਹੁੰਗਾਰੇ ਦੇ ਬਾਵਜੂਦ ਮਾਪਿਆਂ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਸੀ। ਨਤੀਜੇ ਵਜੋਂ ਸਾਡੀ ਪਹਿਲਕਦਮੀ ਮੁੱਢਲੇ ਦੌਰ ਵਿੱਚ ਹੀ ਦਮ ਤੋੜ ਗਈ।"

ਸਕੂਲ ਵਿੱਚ ਅੰਗੇਰਜ਼ੀ ਪੜ੍ਹਾਉਂਦੀ ਅਧਿਆਪਕਾ ਰਵਨੀਤ ਕੌਰ ਇਸ ਮਾਮਲੇ ਦੀ ਨਿਸ਼ਾਨਦੇਹੀ ਸਮਾਜਿਕ ਰੁਝਾਨ ਵਿੱਚ ਕਰਦੇ ਹਨ, "ਕੁੜੀਆਂ ਦੇ ਮਾਪਿਆਂ ਦੀ ਤਰਜੀਹ ਉਨ੍ਹਾਂ ਨੂੰ ਘਰੇਲੂ ਬਣਾਉਣਾ ਹੈ। ਇਸ ਮਾਹੌਲ ਵਿੱਚ ਉਹ ਸੋਚ ਹੀ ਨਹੀਂ ਪਾਉਂਦੀਆਂ ਕਿ ਖੇਡਾਂ ਪੇਸ਼ੇਵਰ ਜੀਵਨ ਵੀ ਹੋ ਸਕਦੀਆਂ ਹਨ।"

BBC
ਮਰਦ ਅਧਿਆਪਕਾਂ ਨਾਲ ਕੁੜੀਆਂ ਨੂੰ ਭੇਜਣ ਲਈ ਮਾਪੇ ਗੁਰੇਜ਼ ਕਰਦੇ ਹਨ ਅਤੇ ਦੂਜੇ ਵਿਸ਼ਿਆਂ ਦੀਆਂ ਅਧਿਆਪਕਾਂ ਖੇਡਾਂ ਵਾਲੀਆਂ ਸਰਗਰਮੀਆਂ ਵਿੱਚ ਸ਼ਮੂਲੀਅਤ ਨੂੰ ਬੋਝ ਸਮਝਦੀਆਂ ਹਨ।

ਮਰਦ ਅਧਿਆਪਕਾਂ ਤੋਂ ਝਿਜਕਦੀਆਂ ਕੁੜੀਆਂ

ਰਜਨੀਸ਼ ਨੰਦਾ ਦੱਸਦੇ ਹਨ ਕਿ ਸਕੂਲਾਂ ਵਿੱਚ ਸਰੀਰਕ ਸਿੱਖਿਆ ਪੜ੍ਹਾਉਣ ਵਾਲੇ ਜ਼ਿਆਦਾਤਰ ਅਧਿਆਪਕ ਮਰਦ ਹਨ ਜਿਸ ਕਾਰਨ ਕੁੜੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਦੂਜੀਆਂ ਥਾਂਵਾਂ ਉੱਤੇ ਲਿਜਾਣਾ ਮੁਸ਼ਕਲ ਹੈ।

ਮਰਦ ਅਧਿਆਪਕਾਂ ਨਾਲ ਕੁੜੀਆਂ ਨੂੰ ਭੇਜਣ ਲਈ ਮਾਪੇ ਗੁਰੇਜ਼ ਕਰਦੇ ਹਨ ਅਤੇ ਦੂਜੇ ਵਿਸ਼ਿਆਂ ਦੀਆਂ ਅਧਿਆਪਕਾਂ ਖੇਡਾਂ ਵਾਲੀਆਂ ਸਰਗਰਮੀਆਂ ਵਿੱਚ ਸ਼ਮੂਲੀਅਤ ਨੂੰ ਬੋਝ ਸਮਝਦੀਆਂ ਹਨ।

ਇਸੇ ਸਕੂਲ ਵਿੱਚ ਪੜ੍ਹਾਉਂਦੇ ਜਗਵਿੰਦਰ ਸਿੰਘ ਕਹਿੰਦੇ ਹਨ, "ਸਾਡੇ ਸਮਾਜ ਵਿੱਚ ਕੁੜੀਆਂ ਨੂੰ ਤਰਜੀਹ ਨਹੀਂ ਮਿਲਦੀ। ਖੇਡਾਂ ਦੇ ਮਾਮਲੇ ਵਿੱਚ ਇਨ੍ਹਾਂ ਦੀ ਹੌਸਲਾਅਫ਼ਜਾਈ ਅਤੇ ਮਾਪਿਆਂ ਨੂੰ ਇਤਮਾਦ ਦੇਣ ਵਾਲਾ ਇੰਤਜ਼ਾਮ ਨਹੀਂ ਹੈ। ਨਤੀਜੇ ਵਜੋਂ ਕੁੜੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਹੇਠਲੇ ਪੱਧਰ ਤੋਂ ਘੱਟ ਹੁੰਦੀ ਹੈ।"

ਜਗਵਿੰਦਰ ਸਿੰਘ ਦੀ ਦਲੀਲ ਸੂਬਾ ਪੱਧਰੀ ਖੇਡਾਂ ਦੇ ਹਵਾਲੇ ਨਾਲ ਜ਼ਿਆਦਾ ਢੁਕਵੀਂ ਜਾਪਦੀ ਹੈ। ਸੂਬਾਈ ਖੇਡਾਂ ਦੌਰਾਨ ਸਾਲ 2019 ਵਿੱਚ ਚੌਦਾਂ ਸਾਲ ਤੱਕ ਦੀ ਉਮਰ ਵਿੱਚ 3292 ਮੁੰਡਿਆਂ ਅਤੇ 2477 ਕੁੜੀਆਂ ਨੇ ਹਿੱਸਾ ਲਿਆ।

ਇਸੇ ਤਰ੍ਹਾਂ ਅਠਾਰਾਂ ਸਾਲ ਤੋਂ ਘੱਟ ਉਮਰ ਦੀਆਂ ਖੇਡਾਂ ਵਿੱਚ 3763 ਮੁੰਡਿਆਂ ਅਤੇ 3152 ਕੁੜੀਆਂ ਨੇ ਹਿੱਸਾ ਲਿਆ ਸੀ। ਪੱਚੀ ਸਾਲ ਤੋਂ ਘੱਟ ਉਮਰ ਵਾਲੀਆਂ ਖੇਡਾਂ ਵਿੱਚ 3254 ਮਰਦਾਂ ਅਤੇ 2694 ਔਰਤਾਂ ਨੇ ਸ਼ਮੂਲੀਅਤ ਕੀਤੀ ਸੀ।

BBC
ਰਾਜਦੀਪ ਕੁੜੀਆਂ ਦਾ ਸਾਥ ਨਾ ਹੋਣ ਕਾਰਨ ਮੁੰਡਿਆਂ ਨਾਲ ਵਾਲੀਬਾਲ ਖੇਡਦੀ ਹੈ।

ਮੁੰਡਿਆਂ ਨਾਲ ਵਾਲੀਬਾਲ ਖੇਡਦੀ ਰਾਜਦੀਪ ਕੌਰ

ਇਨ੍ਹਾਂ ਹਾਲਾਤ ਵਿੱਚ ਰਾਜਦੀਪ ਕੌਰ ਦਾ ਤਜਰਬਾ ਬਹੁਤ ਅਹਿਮ ਹੋ ਜਾਂਦਾ ਹੈ। ਉਹ ਕੁੜੀਆਂ ਦਾ ਸਾਥ ਨਾ ਹੋਣ ਕਾਰਨ ਮੁੰਡਿਆਂ ਨਾਲ ਵਾਲੀਬਾਲ ਖੇਡਦੀ ਹੈ।

ਵਾਲੀਬਾਲ ਦੀ ਗੱਲ ਕਰਦੇ ਹੋਏ ਖ਼ੁਸ਼ੀ ਨਾਲ ਉਸ ਦਾ ਚਿਹਰਾ ਖਿੜ ਜਾਂਦਾ ਹੈ, "ਮੈਨੂੰ ਵਾਲੀਬਾਲ ਪਸੰਦ ਹੈ। ਭਾਵੇਂ ਮੈਂ ਮੁੰਡਿਆਂ ਨਾਲ ਖੇਡਾਂ ਪਰ ਖੇਡਦੀ ਜ਼ਰੂਰ ਹਾਂ। ਮੈਨੂੰ ਕੁੜੀਆਂ ਵੀ ਟੋਕਦੀਆਂ ਹਨ ਪਰ ਮੈਂ ਖੇਡਦੀ ਹਾਂ।"

ਰਾਜਦੀਪ ਦੇ ਚਿਹਰੇ ਉੱਤੇ ਲਿਖਿਆ ਹੈ ਕਿ ਵਾਲੀਬਾਲ ਉਸ ਲਈ ਕਿੰਨਾ ਵੱਡਾ ਸਕੂਨ ਹੈ। ਉਸ ਦੇ ਆਲੇ-ਦੁਆਲੇ ਦਾ ਸਮਾਜ, ਸਿੱਖਿਆ ਅਤੇ ਖੇਡਾਂ ਦਾ ਢਾਂਚਾ ਉਸ ਦੇ ਚਿਹਰਾ ਉੱਤੇ ਲਿਖਿਆ ਨਹੀਂ ਪੜ੍ਹਦਾ।

ਇਸ ਕਾਰਨ ਉਸ ਨੂੰ ਸੂਬੇ, ਕੌਮੀ ਜਾਂ ਕੌਮਾਂਤਰੀ ਪੱਧਰ ਉੱਤੇ ਖੇਡਣ ਦਾ ਤਾਂ ਮੌਕਾ ਕੀ ਮਿਲਣਾ ਹੈ, ਸਕੂਲਾਂ ਦੇ ਖੇਡ-ਮੁਕਾਬਲਿਆਂ ਵਿੱਚ ਵੀ ਜਾਣ ਦਾ ਮੌਕਾ ਨਹੀਂ ਮਿਲਣਾ।

ਸਮਾਜ ਸਾਸ਼ਤਰੀ ਤਾਂ ਇਸ ਨੂੰ ਢਾਂਚਾਗਤ ਹਿੰਸਾ ਕਰਾਰ ਦਿੰਦੇ ਹਨ ਪਰ ਪਿੰਡ ਦੀ ਫਿਰਨੀ ਉੱਤੇ ਲੱਗੇ ਬੋਰਡ ਵਿੱਚ ਇਹ ਮਹੀਨ ਹਿੰਸਾ ਹੋਰ ਤਰ੍ਹਾਂ ਦੀ ''ਕਰੂਰ ਹਿੰਸਾ'' ਅਤੇ ''ਬਾਲ ਵਿਆਹ'' ਦੀ ਬੇਕਿਰਕੀ ਦੇ ਪਰਦੇ ਹੇਠਾਂ ਢਕੀ ਗਈ ਹੈ। ਉਸ ਦੇ ਚਿਹਰੇ ਵਿੱਚੋਂ ਖੇਡ ਮੈਦਾਨ ਵਿੱਚੋਂ ਗ਼ੈਰ-ਹਾਜ਼ਰ ਪੰਜਾਬਣ ਦੇ ਨਕਸ਼ ਉਘੜਦੇ ਹਨ ਜੋ ਭਰੂਣ ਹੱਤਿਆ, ਬਾਲ ਵਿਆਹ ਅਤੇ ਅਨਪੜ੍ਹਤਾ ਦੀ ਮਾਰ ਤੋਂ ਬਚ ਗਈ ਹੈ।

ਇਹ ਵੀ ਪੜੋ

  • ਮਜ਼ਦੂਰ ਜਿਸ ਦੀ ਬੋਲਟ ਨਾਲ ਤੁਲਨਾ ਹੋ ਰਹੀ ਹੈ ਉਸ ਨੇ ਕਿਉਂ ਠੁਕਰਾਈ ਖੇਡ ਮੰਤਰਾਲੇ ਦੀ ਪੇਸ਼ਕਸ਼
  • ਰਤਨ ਟਾਟਾ ਦੀ ਪ੍ਰੇਮ ਕਹਾਣੀ ਅਧੂਰੀ ਕਿਵੇਂ ਰਹਿ ਗਈ
  • ਜਦੋਂ ਖੇਤ ਮਜ਼ਦੂਰ ਦੀ ਲਾਟਰੀ ਨਿਕਲੀ ਤਾਂ ਕਰਜ਼ਾ ਯਾਦ ਆਇਆ

ਇਹ ਵੀ ਦੇਖੋ

https://www.youtube.com/watch?v=WwkXWweBUdM

https://www.youtube.com/watch?v=8gNyFGW4MtE

https://www.youtube.com/watch?v=eXMstr_OHuI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)