Coronavirus: ਜੋਟੀ ਵੁਹਾਨ ਹਵਾਈ ਅੱਡੇ ਤੇ ਡਰਨ ਨਾਲ ਕੰਬਦੀ ਰਹੀ ਪਰ ਉਸ ਨੂੰ ਜਹਾਜ਼ ਚ ਨਾ ਬੈਠਣ ਦਿੱਤਾ''''

02/16/2020 8:55:44 AM

BBC
ਜੋਤੀ ਦੀ ਮਾਂ ਪ੍ਰਮਿਲਾ ਦੇਵੀ ਦਾ ਕਹਿਣਾ ਹੈ ਕਿ ਉਹ ਟਰੇਨਿੰਗ ਲਈ ਚੀਨ ਗਈ ਸੀ

ਬੀਬੀਸੀ ਨੇ ਅੰਨੇਮ ਜੋਤੀ ਦੀ ਮਾਂ ਪ੍ਰਮਿਲਾ ਦੇਵੀ ਨਾਲ ਮੁਲਾਕਾਤ ਕੀਤੀ। ਅੰਨੇਮ ਜੋਤੀ ਕੰਮ ਦੇ ਸਿਲਸਿਲੇ ਵਿੱਚ ਚੀਨ ਗਈ ਸੀ ਅਤੇ ਵੁਹਾਨ ਵਿੱਚ ਫਸ ਗਈ। ਕੁਰਨੂਲ ਜ਼ਿਲ੍ਹੇ ਦੇ ਕੋਏਲਕੁੰਤਲ ਮੰਡਲ ਦੀ ਰਹਿਣ ਵਾਲੀ ਪ੍ਰਮਿਲਾ ਦੇਵੀ ਹੁਣ ਨੰਦਾਯਾਲਾ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਹੀ ਹੈ। ਉਨ੍ਹਾਂ ਦਾ ਇੱਕ ਪੁੱਤ ਵੀ ਹੈ, ਜੋ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ।

ਬੀਬੀਸੀ ਕੁਝ ਦਿਨਾਂ ਤੋਂ ਪ੍ਰਮਿਲਾ ਨਾਲ ਗੱਲਬਾਤ ਕਰ ਰਿਹਾ ਹੈ, ਜੋ ਵੁਹਾਨ ਵਿੱਚ ਫਸੀ ਆਪਣੀ ਧੀ ਨੂੰ ਵਾਪਸ ਲਿਆਉਣ ਲਈ ਸੰਘਰਸ਼ ਕਰ ਰਹੀ ਹੈ। ਹਾਲਾਂਕਿ ਅੱਜ ਉਹ ਥੋੜ੍ਹੀ ਸਥਿਰ ਦਿਖਾਈ ਦਿੱਤੀ।

ਉਨ੍ਹਾਂ ਕਿਹਾ, "ਕੱਲ੍ਹ ਮੈਂ ਦਿੱਲੀ ਗਈ ਅਤੇ ਇੱਕ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਲਈ, ਮੈਂ ਅੱਜ ਕੁਝ ਸ਼ਾਂਤ ਹਾਂ। ਨਹੀਂ ਤਾਂ ਮੈਂ ਇਸ ਤਰ੍ਹਾਂ ਬੋਲ ਨਹੀਂ ਪਾਉਣਾ ਸੀ।''''

ਜੋਤੀ ਦੇ ਪਿਤਾ ਮਹੇਸ਼ਵਰ ਰੈੱਡੀ ਸੈਂਟਰਲ ਪੁਲਿਸ ਫੋਰਸ ਵਿੱਚ ਕਾਂਸਟੇਬਲ ਵਜੋਂ ਸੇਵਾਮੁਕਤ ਹੋਏ ਸਨ। ਪ੍ਰਮਿਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੰਜ ਸਾਲ ਪਹਿਲਾਂ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਸੀ।

ਕਿਵੇਂ ਪਹੁੰਚੀ ਚੀਨ

ਅਪ੍ਰੈਲ, 2019 ਵਿੱਚ ਬੀਟੈੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੋਤੀ ਨੂੰ ਕੈਂਪਸ ਪਲੇਸਮੈਂਟ ਤਹਿਤ ਹੀ ਨੌਕਰੀ ਮਿਲ ਗਈ ਸੀ। ਪ੍ਰਮਿਲਾ ਨੇ ਦੱਸਿਆ ਕਿ ਜੋਤੀ ਦੇ ਨਾਲ ਹੀ ਇਸੇ ਕੰਪਨੀ ਦੇ 98 ਹੋਰ ਲੋਕ ਸਿਖਲਾਈ ਦੇ ਉਦੇਸ਼ ਨਾਲ ਅਗਸਤ ਵਿੱਚ ਵੁਹਾਨ ਗਏ ਸਨ।

"ਉਸਦਾ ਵਿਆਹ ਅਗਲੇ ਦਿਨਾਂ ਵਿੱਚ ਤੈਅ ਹੋ ਚੁੱਕਿਆ ਸੀ। ਅਸੀਂ ਵਿਆਹ ਲਈ ਇੱਕ ਹਾਲ ਵੀ ਬੁੱਕ ਕਰਵਾ ਲਿਆ ਹੈ।"

ਇਹ ਵੀ ਪੜ੍ਹੋ:

  • ਸੰਗਰੂਰ: ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਦੀ ਮੌਤ
  • ਰਤਨ ਟਾਟਾ ਦੀ ਪ੍ਰੇਮ ਕਹਾਣੀ ਅਧੂਰੀ ਕਿਵੇਂ ਰਹਿ ਗਈ
  • ਜਦੋਂ ਖੇਤ ਮਜ਼ਦੂਰ ਦੀ ਲਾਟਰੀ ਨਿਕਲੀ ਤਾਂ ਕਰਜ਼ਾ ਯਾਦ ਆਇਆ

"ਜਦੋਂ ਮੇਰੀ ਧੀ ਕਹਿ ਰਹੀ ਸੀ- ''ਸਾਡੀ ਟਰੇਨਿੰਗ ਵਾਲੀ ਟੀਮ ਦੀਆਂ ਕੁੜੀਆਂ ਇਕੱਠੀਆਂ ਰਹਿੰਦੀਆਂ ਹਨ। ਅਸੀਂ ਸਾਰੇ ਸਿਹਤਮੰਦ ਹਾਂ। ਸਾਡੇ ਵਿੱਚੋਂ ਕੋਈ ਵੀ ਕੋਰੋਨਾਵਾਇਰਸ ਦੇ ਫੈਲਣ ਦੇ ਡਰੋਂ ਬਾਹਰ ਨਹੀਂ ਜਾ ਰਿਹਾ ਹੈ।''''

ਪ੍ਰਮੀਲਾ ਨੇ ਕਿਹਾ, "ਮੈਂ ਸੋਚਿਆ ਕਿ ਸਭ ਕੁਝ ਠੀਕ ਸੀ। ਪਰ ਫਿਰ ਮੈਂ ਵਾਇਰਸ ਕਾਰਨ ਹੋਈਆਂ ਮੌਤਾਂ ਬਾਰੇ ਸੁਣਿਆ। ਮੈਂ ਉਦੋਂ ਤੋਂ ਹੀ ਡਰੀ ਹੋਈ ਹਾਂ।"

"ਜੋਤੀ ਦਾ ਵਿਆਹ 14 ਮਾਰਚ ਨੂੰ ਸਾਡੇ ਕਿਸੇ ਰਿਸ਼ਤੇਦਾਰ ਨਾਲ ਹੋਣਾ ਤੈਅ ਹੈ। ਚੀਨ ਜਾਣ ਤੋਂ ਪਹਿਲਾਂ ਉਸ ਦੀ ਮੰਗਣੀ ਕੀਤੀ ਸੀ। ਵਿਆਹ ਦੀਆਂ ਤਿਆਰੀਆਂ ਜ਼ੋਰਾਂ ''ਤੇ ਸੀ। ਅਸੀਂ ਵਿਆਹ ਦਾ ਹਾਲ ਬੁੱਕ ਵੀ ਕਰਵਾ ਲਿਆ ਹੈ। ਇਸੇ ਦੌਰਾਨ ਅਚਾਨਕ ਇੱਕ ਵਾਇਰਸ ਨੇ ਵੁਹਾਨ ਨੂੰ ਜਕੜ ਲਿਆ।"

BBC
ਜੋਤੀ ਦੀ ਮਾਂ ਪ੍ਰਮਿਲਾ ਦੇਵੀ ਉਸ ਦੀ ਵਾਪਸੀ ਲਈ ਸੰਘਰਸ਼ ਕਰ ਰਹੀ ਹੈ

ਭਾਰਤ ਸਰਕਾਰ ਨੇ ਵੁਹਾਨ ਵਿੱਚ ਫਸੇ ਭਾਰਤੀਆਂ ਨੂੰ, ਜਿਨ੍ਹਾਂ ਨੂੰ ਕੋਰੋਨਾਵਾਇਰਸ ਤੋਂ ਇਨਫੈਕਸ਼ਨ ਨਹੀਂ ਹੋਇਆ ਹੈ, ਸੁਰੱਖਿਅਤ ਵਾਪਸ ਲਿਆਉਣ ਲਈ ਦੋ ਵਿਸ਼ੇਸ਼ ਹਵਾਈ ਜਹਾਜ਼ ਭੇਜੇ ਸਨ। ਚੀਨ ਵਿੱਚ ਰਹਿੰਦੇ ਭਾਰਤੀ ਜਿਨ੍ਹਾਂ ਨੂੰ ਚੀਨ ਵਿੱਚ ਭਾਰਤੀ ਸਫਾਰਤਖਾਨੇ ਤੋਂ ਇਸ ਬਾਰੇ ਪਤਾ ਲੱਗਿਆ, ਉਹ ਉਡਾਣਾਂ ਵਿੱਚ ਚੜ੍ਹਨ ਲਈ ਸਮੇਂ ''ਤੇ ਵੁਹਾਨ ਹਵਾਈ ਅੱਡੇ ਪਹੁੰਚੇ।

ਇਸ ਬਾਰੇ ਆਪਣੀ ਮਾਂ ਨੂੰ ਦੱਸਦਿਆਂ ਜੋਤੀ ਵੀ ਹਵਾਈ ਅੱਡੇ ਪਹੁੰਚੀ।

ਜੋਤੀ ਨੇ ਫੋਨ ਕਰਕੇ ਕਿਹਾ, "ਭਾਰਤ ਦਾ ਪਹਿਲਾ ਹਵਾਈ ਜਹਾਜ਼ ਉਡਾਨ ਲਈ ਤਿਆਰ ਹੈ। ਮੈਂ ਕੁਝ ਸਮੇਂ ਵਿੱਚ ਹੀ ਉਡਾਣ ਦੇ ਅੰਦਰ ਹੋਵਾਂਗਾ। ਮੈਂ ਤੁਹਾਨੂੰ ਕੁੱਝ ਸਮੇਂ ਬਾਅਦ ਫੋਨ ਕਰਾਂਗੀ, ਮੰਮੀ। "

ਇਹ ਕਹਿ ਕੇ ਜੋਤੀ ਨੇ ਫੋਨ ਕੱਟ ਦਿੱਤਾ। ਉਸ ਨੇ ਕੁਝ ਸਮੇਂ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਉਡਾਣ ਵਿੱਚ ਚੜ੍ਹਨ ਹੀ ਨਹੀਂ ਦਿੱਤਾ ਗਿਆ।

ਪ੍ਰਮਿਲਾ ਨੇ ਕਿਹਾ, "ਮੇਰੀ ਧੀ ਡਰ ਨਾਲ ਕੰਬ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਜਦੋਂ ਉਸਨੇ ਕਿਹਾ ਕਿ ਉਸ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਅਗਲੀ ਉਡਾਣ ਲੈ ਲਏ, ਤਾਂ ਸਾਨੂੰ ਰਾਹਤ ਮਹਿਸੂਸ ਹੋਈ। ਪਰ ਉਹ ਉਸ ਉਡਾਣ ਵਿੱਚ ਵੀ ਨਹੀਂ ਆਈ।"

ਜੋਤੀ ਨੇ ਪਹਿਲੀ ਉਡਾਣ ਵਿੱਚ ਸਵਾਰ ਹੋਣਾ ਸੀ, ਜਿਸ ਨੂੰ ਭਾਰਤ ਸਰਕਾਰ ਨੇ ਵੁਹਾਨ ਲਈ ਰਵਾਨਾ ਕੀਤਾ ਸੀ। ਪਰ ਫਿਰ ਉਸ ਦੇ ਸਰੀਰ ਦਾ ਤਾਪਮਾਨ ਆਮ ਨਾਲੋਂ ਵੱਧ ਸੀ ਇਸ ਲਈ ਉਸ ਨੂੰ ਉਡਾਣ ਵਿੱਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਹ ਸਭ ਉਸ ਨੂੰ ਚੀਨੀ ਅਧਿਕਾਰੀਆਂ ਨੇ ਸਮਝਾਇਆ।

ਪਰਿਵਾਰ ਦੇ ਸਵਾਲ

ਜੋਤੀ ਦੇ ਮੰਗੇਤਰ ਅਮਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਜੋਤੀ ਇੱਕ ਬਹੁਤ ਹੀ ਸੰਵੇਦਨਸ਼ੀਲ ਕੁੜੀ ਹੈ। ਇੱਕ ਪਾਸੇ ਉਹ ਕੋਰੋਨਾ ਵਾਇਰਸ ਤੋਂ ਡਰ ਰਹੀ ਹੈ। ਦੂਜੇ ਪਾਸੇ ਉਹ ਉਡਾਣ ''ਤੇ ਸਮੇਂ ਸਿਰ ਚੜ੍ਹਣ ਲਈ ਫਿਕਰਮੰਦ ਸੀ। ਹਰ ਕੋਈ ਜਲਦਬਾਜ਼ੀ ਵਿੱਚ ਹਵਾਈ ਅੱਡੇ ਪਹੁੰਚ ਗਿਆ। ਉਸ ਸਮੇਂ ਤੱਕ ਉਹ ਬਹੁਤ ਥੱਕ ਚੁੱਕੀ ਸੀ ਅਤੇ ਬਹੁਤ ਕਮਜ਼ੋਰ ਸੀ। ਉਹ ਪਿਛਲੇ ਕੁੱਝ ਦਿਨਾਂ ਤੋਂ ਚੰਗੀ ਤਰ੍ਹਾਂ ਖਾ ਵੀ ਨਹੀਂ ਰਹੀ।"

ਇਹ ਵੀ ਪੜ੍ਹੋ:

  • ਐੱਨਆਰਆਈ ਨਾਲ ਵਿਆਹ ਕਰਵਾਉਣਾ ਹੈ ਤਾਂ ਇਨ੍ਹਾਂ 5 ਸਵਾਲਾਂ ਦੇ ਜਵਾਬ ਜ਼ਰੂਰ ਜਾਣੋ
  • NRI ਲਾੜਿਆਂ ’ਤੇ ''ਸ਼ਿਕੰਜਾ ਕੱਸਣ'' ਵਾਲੀਆਂ ਤਜਵੀਜ਼ਾਂ
  • ਧੋਖੇਬਾਜ਼ ਐੱਨਆਰਆਈ ਲਾੜਿਆਂ ਦੀ ਹੁਣ ਖੈਰ ਨਹੀਂ

"ਮੈਨੂੰ ਦੱਸਿਆ ਗਿਆ ਕਿ ਸਿਰਫ਼ ਜੋਤੀ ਨੂੰ ਹੀ ਹਵਾਈ ਅੱਡੇ ''ਤੇ ਦੋ ਵਾਰ ਚੈੱਕ ਕੀਤਾ ਗਿਆ ਸੀ। ਉਹ ਬਹੁਤ ਡਰੀ ਹੋਈ ਸੀ ਜਦੋਂ ਉਹ ਬਹੁਤ ਸਾਰੇ ਲੋਕਾਂ ਵਿੱਚੋਂ ਇਕੱਲੇ ਉਸ ਨੂੰ ਹੀ ਦੋ ਵਾਰੀ ਚੈੱਕ ਕੀਤਾ ਜਾ ਰਿਹਾ ਸੀ।

ਉਸ ਦੇ ਸਰੀਰ ਦਾ ਤਾਪਮਾਨ ਇਸ ਤਣਾਅ ਕਾਰਨ ਵੱਧ ਗਿਆ। ਉਸ ਦੇ ਸਰੀਰ ਦਾ ਤਾਪਮਾਨ ਵੱਧ ਹੋਣ ਕਾਰਨ ਉਸ ਨੂੰ ਉਡਾਣ ਵਿੱਚ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਿਸੇ ਨੇ ਪੁਸ਼ਟੀ ਨਹੀਂ ਕੀਤੀ ਕਿ ਉਸ ਨੂੰ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੈ ਜਾਂ ਨਹੀਂ।

ਜੇ ਉਨ੍ਹਾਂ ਨੂੰ ਇਨਫੈਕਸ਼ਨ ਦਾ ਖਦਸ਼ਾ ਸੀ ਤਾਂ ਉਸ ਨੂੰ ਹਵਾਈ ਅੱਡੇ ''ਤੇ ਹੀ ਪੁਸ਼ਟੀ ਕਰ ਦਿੰਦੇ। ਅਮਰ ਨੇ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਖਤਰਨਾਕ ਸ਼ਹਿਰ ਵੁਹਾਨ ਵਿੱਚ ਉਸ ਦੀ ਸਿਹਤ ਬਾਰੇ ਦੱਸੇ ਬਿਨਾਂ ਹੀ ਛੱਡ ਦਿੱਤਾ ਗਿਆ ਹੈ।

"ਜੇ ਇਨਫੈਕਸ਼ਨ ਦਾ ਸ਼ੱਕ ਸੀ ਤਾਂ ਉਨ੍ਹਾਂ ਨੂੰ ਇਸ ਦੀ ਪੁਸ਼ਟੀ ਕਰਨ ਲਈ ਟੈਸਟ ਕਰਵਾਏ ਜਾਣੇ ਚਾਹੀਦੇ ਸਨ ਪਰ ਉਨ੍ਹਾਂ ਨੇ ਨਹੀਂ ਕੀਤਾ। ਉਹ ਉਸਨੂੰ ਘੱਟੋ-ਘੱਟ ਸੁਰੱਖਿਅਤ ਥਾਂ ''ਤੇ ਭੇਜ ਦਿੰਦੇ ਪਰ ਉਨ੍ਹਾਂ ਨੇ ਨਹੀਂ ਕੀਤਾ। ਉਨ੍ਹਾਂ ਨੂੰ ਦਵਾਈਆਂ ਦੇਣੀਆਂ ਚੀਹੀਦੀਆਂ ਸਨ ਪਰ ਉਨ੍ਹਾਂ ਨੇ ਨਹੀਂ ਕੀਤਾ। ਅਜਿਹਾ ਕੁੱਝ ਵੀ ਕਰਨ ਦੀ ਥਾਂ ਉਨ੍ਹਾਂ ਨੇ ਉਸ ਨੂੰ ਅਤੇ ਸ੍ਰੀਕਾਕੂਲਮ ਤੋਂ ਇੱਕ ਹੋਰ ਨੌਜਵਾਨ ਸੱਤਸਾਈ ਨੂੰ ਸੜਕ ''ਤੇ ਹੀ ਛੱਡ ਦਿੱਤਾ। ਉਹ ਦੋਵੇਂ ਕਈ ਔਕੜਾਂ ਤੋਂ ਬਾਅਦ ਕਿਸੇ ਤਰ੍ਹਾਂ ਆਪਣੀ ਕੰਪਨੀ ਵੱਲੋਂ ਦਿੱਤੀ ਡੋਰਮੈਟਰੀ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਉਸ ਤੋਂ ਬਾਅਦ ਦੋ ਹਫ਼ਤੇ ਹੋ ਗਏ ਹਨ। ਅਸੀਂ ਉਸ ਨਾਲ ਦਿਨ ਵਿੱਚ 3-4 ਵਾਰ ਫ਼ੋਨ ''ਤੇ ਗੱਲ ਕਰਦੇ ਰਹੇ ਹਾਂ। ਉਹ ਅੱਜ ਵੀ ਬਹੁਤ ਤੰਦਰੁਸਤ ਹੈ। ਪਰ ਜੇ ਵੁਹਾਨ ਵਿੱਚ ਰਹਿਣ ਕਾਰਨ ਉਸ ਨੂੰ ਵਾਇਰਸ ਤੋਂ ਇਨਫੈਕਸ਼ਨ ਹੋ ਜਾਂਦਾ ਹੈ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਕੀ ਭਾਰਤ ਉਸ ਨੂੰ ਆਪਣੇ ਦੇਸ ਨਾ ਲਿਆਉਣ ਦੀ ਜ਼ਿੰਮੇਵਾਰੀ ਨਿਭਾਏਗਾ ਜਾਂ ਉਸ ਨੂੰ ਸੁਰੱਖਿਅਤ ਜਗ੍ਹਾ ''ਤੇ ਨਾ ਲਿਜਾਣ ਦੀ ਚੀਨ ਦੀ ਜ਼ਿੰਮੇਵਾਰੀ ਹੋਵੇਗੀ?"

ਕਿਵੇਂ ਤੇ ਕਿੱਥੇ ਰਹਿ ਰਹੀ ਹੈ ਜੋਤੀ

ਜੋਤੀ ਲਈ ਅਸਲ ਪ੍ਰੀਖਿਆ ਉਦੋਂ ਸ਼ੁਰੂ ਹੋਈ। ਕੰਪਨੀ ਨੇ ਦੋ ਇਮਾਰਤਾਂ ਵਿੱਚ ਸਿਖਿਆਰਥੀਆਂ ਲਈ ਠਹਿਰਨ ਦੀ ਵਿਵਸਥਾ ਕੀਤੀ। ਇੱਕ ਮਰਦਾਂ ਲਈ ਅਤੇ ਦੂਜੀ ਔਰਤਾਂ ਲਈ। ਇਸ ਸਮੇਂ ਜੋਤੀ ਇਕੱਲਿਆਂ ਹੀ ਔਰਤਾਂ ਦੇ ਹੋਸਟਲ ਵਿੱਚ ਰਹਿ ਰਹੀ ਹੈ। ਉਹ ਸਾਰਾ ਦਿਨ ਚਾਰ ਦੀਵਾਰੀ ਦੇ ਅੰਦਰ ਇਕੱਲੇ ਰਹਿੰਦੀ ਹੈ।

ਪ੍ਰਮਿਲਾ ਨੇ ਦੱਸਿਆ ਕਿ ਉਹ ਵਾਇਰਸ ਦੇ ਡਰੋਂ ਖਿੜਕੀਆਂ ਵੀ ਨਹੀਂ ਖੋਲ੍ਹ ਰਹੀ। ਉਨ੍ਹਾਂ ਦੇ ਨਾਲ ਇੱਕ ਚੀਨੀ ਕੁੱਕ ਹੈ ਜੋ ਉੱਥੇ ਫਸੀ ਹੋਈ ਹੈ। ਉਹ ਸਿਰਫ਼ ਮੀਟ ਪਕਾਉਂਦੀ ਹੈ ਜਿਵੇਂ ਕਿ ਬੀਫ ਅਤੇ ਪੋਰਕ (ਸੂਰ ਦਾ ਮੀਟ)। ਪਰ ਜੋਤੀ ਮੀਟ ਤੋਂ ਫੈਲਣ ਵਾਲੇ ਵਾਇਰਸ ਦੇ ਡਰੋਂ ਰੋਟੀ ਅਤੇ ਬਿਸਕੁਟਾਂ ਨਾਲ ਹੀ ਗੁਜ਼ਾਰਾ ਕਰ ਰਹੀ ਹੈ।

BBC
ਜੋਤੀ ਦੀ ਮਾਂ ਪ੍ਰਮਿਲਾ ਦੇਵੀ ਅਤੇ ਮੰਗੇਤਰ ਅਮਰ

ਜੋਤੀ ਦੀ ਮਾਂ ਪ੍ਰਮਿਲਾ ਦੇਵੀ ਨਾਲ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਦੋਂ ਹੀ ਉਸ ਦਾ ਵੁਹਾਨ ਤੋਂ ਫੋਨ ਆਇਆ। ਅਮਰ ਨੇ ਦੱਸਿਆ ਕਿ ਉਹ ਦਿਨ ਵਿੱਚ ਦੂਜੀ ਵਾਰੀ ਫੋਨ ਕਰ ਰਹੀ ਹੈ। ਮਾਂ ਨਾਲ ਗੱਲ ਕਰਨ ਤੋਂ ਬਾਅਦ ਉਸ ਨੇ ਬੀਬੀਸੀ ਦੀ ਟੀਮ ਨਾਲ ਗੱਲ ਕੀਤੀ।

ਜੋਤੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਮੈਂ ਕਮਰੇ ਦੇ ਬਾਹਰ ਕਿਤੇ ਨਹੀਂ ਜਾ ਰਹੀ ਹਾਂ। ਹਰ ਦੁਪਹਿਰ ਅਤੇ ਸ਼ਾਮ ਨੂੰ ਉਹ ਸਾਡੇ ਅਪਾਰਟਮੈਂਟ ਵਿੱਚ ਖਾਣਾ ਭੇਜਦੇ ਹਨ। ਖਾਣੇ ਵਿੱਚ ਚੌਲ ਅਤੇ ਕਰੀ ਹੁੰਦੀ ਹੈ ਜੋ ਕਿ ਮੀਟ ਅਤੇ ਸਬਜ਼ੀਆਂ ਦੀ ਬਣੀ ਹੁੰਦੀ ਹੈ। ਇੱਥੇ ਕਰੀ ਦਾ ਭਾਵ ਹੈ ਮੀਟ (ਬੀਫ਼ /ਚਿਕਨ/ ਪੋਰਕ) ਨੂੰ ਸਬਜ਼ੀਆਂ ਨੂੰ ਉਬਾਲ ਕੇ ਲੂਣ ਅਤੇ ਮਿਰਚ ਛਿੜਕ ਦੇਣਾ। ਪਰ ਮੈਂ ਉਹ ਭੋਜਨ ਨਹੀਂ ਖਾ ਰਹੀ। ਮੈਂ ਘਰ ਤੋਂ ਆਏ ਅਚਾਰ ਨਾਲ ਚੌਲ ਖਾ ਰਹੀ ਹਾਂ। ਪਿਛਲੇ ਦੱਸ ਦਿਨਾਂ ਤੋਂ ਇਹ ਮੇਰਾ ਖਾਣਾ ਰਿਹਾ ਹੈ।"

ਉਸ ਨੇ ਅੱਗੇ ਕਿਹਾ, "ਜੇ ਇਹ ਖਾਣਾ ਖਾਣ ਦਾ ਮੂਡ ਨਾ ਹੋਵੇ ਤਾਂ ਮੈਂ ਗਰਮ ਪਾਣੀ ਵਿੱਚ ਨੂਡਲਜ਼ ਨੂੰ ਉਬਲ ਕੇ ਖਾਂਦੀ ਹਾਂ। ਇੱਥੋਂ ਦਾ ਭੋਜਨ ਖਾਣਾ ਬਹੁਤ ਮੁਸ਼ਕਿਲ ਹੈ। ਇੱਥੋਂ ਦੇ ਲੋਕ ਬਹੁਤ ਮਾਸ ਖਾਂਦੇ ਹਨ। ਉਨ੍ਹਾਂ ਦੇ ਖਾਣੇ ਦੇ ਮੇਜ਼ ਤੇ ਮੀਟ ਹੀ ਹੁੰਦਾ ਹੈ। ਇਹ ਜਾਣਦੇ ਹੋਏ ਕਿ ਕੋਰੋਨਾਵਾਇਰਸ ਮੀਟ ਤੋਂ ਫੈਲ ਰਿਹਾ ਹੈ, ਉਹ ਮਾਸ ਖਾਣਾ ਨਹੀਂ ਛੱਡ ਰਹੇ। ਇਹ ਉਨ੍ਹਾਂ ਦਾ ਰੋਜ਼ਾਨਾ ਦਾ ਭੋਜਨ ਹੈ।"

ਉਸਨੇ ਕਿਹਾ ਕਿ ਸਾਰਾ ਦਿਨ ਉਹ ਚਾਰ ਦੀਵਾਰੀ ਦੇ ਅੰਦਰ ਰਹਿ ਰਹੀ ਹੈ ਅਤੇ ਮੁਸਕਰਾਹਟ ਨਾਲ ਬੋਲਣ ਲਈ ਇੱਕ ਵੀ ਵਿਅਕਤੀ ਨਹੀਂ ਹੈ।

ਜੋਤੀ ਨੇ ਬੀਬੀਸੀ ਨੂੰ ਦੱਸਿਆ,"ਮੇਰੀ ਕੰਪਨੀ ਦੇ ਸਾਰੇ ਸਾਥੀ ਚਲੇ ਗਏ। ਸਿਰਫ਼ ਸਤਿਆਸਾਈ ਅਤੇ ਮੈਂ ਇੱਥੇ ਹਾਂ। ਸਾਡੀ ਕੰਪਨੀ ਦਾ ਪ੍ਰਬੰਧਕੀ ਵਿਭਾਗ ਸਾਡੀ ਦੇਖਭਾਲ ਕਰ ਰਿਹਾ ਹੈ।"

ਜੋਤੀ ਦੀ ਮਾਂ ਉਸ ਨਾਲ ਵਧੇਰੇ ਗੱਲਬਾਤ ਕਰਵਾਉਣ ਦੇ ਹੱਕ ਵਿੱਚ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਉਹ ਵੁਹਾਨ ਵਿੱਚ ਡਰ ਦੇ ਸਾਏ ਵਿੱਚ ਰਹਿ ਰਹੀ ਹੈ, ਜਿੱਥੇ ਕੋਰੋਨਾਵਾਇਰਸ ਤੋਂ ਹੋਈਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਸ ਨਾਲ ਸੰਵੇਦਨਸ਼ੀਲਤਾ ਨਾਲ ਗੱਲ ਕਰਨੀ ਚਾਹੀਦੀ ਹੈ।

ਇਸ ਲਈ ਅਸੀਂ ਉਸ ਨਾਲ ਹੋਰ ਗੱਲ ਨਹੀਂ ਕੀਤੀ।

ਐਂਬੇਸੀ ਕੀ ਕਹਿ ਰਹੀ ਹੈ

ਪ੍ਰਮਿਲਾ ਨੇ ਕਿਹਾ, "ਉਸ ਦੇ ਪਿਤਾ ਦੇ ਦੇਹਾਂਤ ਨੂੰ ਪੰਜ ਸਾਲ ਹੋ ਗਏ ਹਨ। ਇਸ ਦਰਦ ''ਚੋਂ ਨਿਕਲਣ ਵਿੱਚ ਸਾਨੂੰ ਤਿੰਨ ਸਾਲ ਲੱਗ ਗਏ। ਤਕਰੀਬਨ ਡੇਢ ਸਾਲ ਮੇਰਾ ਦਿਮਾਗ ਸੁੰਨ ਹੋ ਗਿਆ ਸੀ। ਮੈਂ ਬੱਚਿਆਂ ਦੀ ਦੇਖਭਾਲ ਕਰਕੇ ਠੀਕ ਹੋ ਗਈ। ਹੁਣ ਜਦੋਂ ਅਸੀਂ ਉਸਦਾ ਵਿਆਹ ਕਰਵਾਉਣ ਜਾ ਰਹੇ ਸੀ ਤਾਂ ਇਹ ਮੁਸੀਬਤ ਆ ਗਈ ਹੈ। ਮੈਂ ਰੋਜ਼ਾਨਾ ਉੱਠਦਿਆਂ ਹੀ ਇਹ ਸੋਚਦੀ ਹਾਂ ਕਿ ਕੀ ਉਹ ਠੀਕ ਹੈ, ਕੀ ਉਹ ਉੱਠ ਗਈ ਹੈ। ਰੋਜ਼ਾਨਾ ਸੌਣ ਤੋਂ ਪਹਿਲਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਇਕੱਲੀ ਰਹਿ ਰਹੀ ਮੇਰੀ ਧੀ ਦੀ ਦੇਖਭਾਲ ਕਰੇ। ਜੋਤੀ ਸਵੇਰੇ ਬਹੁਤ ਜੋਸ਼ ਨਾਲ ਬੋਲਦੀ ਹੈ ਪਰ ਰਾਤ ਨੂੰ ਉਹ ਸੁਸਤ ਹੋ ਜਾਂਦੀ ਹੈ।"

ਜੋਤੀ ਨੂੰ ਵਾਪਸ ਭਾਰਤ ਲਿਆਉਣ ਦੇ ਮੁੱਦੇ ''ਤੇ ਭਾਰਤੀ ਦੂਤਾਵਾਸ ਨੇ ਜਵਾਬ ਦਿੱਤਾ ਹੈ। ਇਹ ਜਵਾਬ ਵਾਈਐੱਸਆਰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਬ੍ਰਹਮਾਨੰਦ ਰੈੱਡੀ ਦੀ ਭਾਰਤੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

  • ਪੁਲਵਾਮਾ ਹਮਲਾ: ਮੋਦੀ ਨੂੰ ਕਿੰਨਾ ਸਿਆਸੀ ਨੁਕਸਾਨ
  • ਦੁੱਧ ਅਤੇ ਕੇਸਰ ਲਈ ਮਸ਼ਹੂਰ ਪੁਲਵਾਮਾ ਦੀ ਕਹਾਣੀ
  • CRPF ਦੇ ਕਾਫ਼ਲੇ ''ਤੇ ਹਮਲਾ ਕਰਨ ਵਾਲੇ ਬਾਰੇ ਜਾਣੋ

ਬੀਜਿੰਗ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ, "ਅੰਨਮ ਜੋਤੀ ਦੇ ਸਰੀਰ ਦਾ ਤਾਪਮਾਨ ਵੱਧ ਹੋਣ ਕਾਰਨ ਉਹ ਉਡਾਣ ਵਿੱਚ ਸਵਾਰ ਨਹੀਂ ਹੋ ਸਕੀ। ਉਸ ਦਾ ਨਾਮ ਚੀਨ ਵਿੱਚ ਭਾਰਤੀ ਦੂਤਾਵਾਸ ਨਾਲ ਰਜਿਸਟਰਡ ਸੀ। ਅਸੀਂ ਉਸਦੇ ਨਾਲ ਨਿਰੰਤਰ ਸੰਪਰਕ ਵਿੱਚ ਹਾਂ। ਅਰਦਾਸ ਕਰ ਰਹੇ ਹਾਂ ਕਿ ਉਹ ਸਿਹਤਮੰਦ ਹੋਵੇ, ਅਸੀਂ ਉਸ ਨੂੰ ਭੋਜਨ ਅਤੇ ਪਾਣੀ ਦੀ ਸਪਲਾਈ ਕਰ ਰਹੇ ਹਾਂ। ਅਸੀਂ ਉਸਨੂੰ ਜਿੰਨੀ ਜਲਦੀ ਹੋ ਸਕੇ ਚੀਨ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਵੁਹਾਨ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਮਾਮਲੇ ਵਿੱਚ ਚੀਨ ਨੇ ਬਹੁਤ ਸਖ਼ਤੀ ਕੀਤੀ ਹੋਈ ਹੈ। ਵੁਹਾਨ ਦੇ ਨਾਲ ਸਾਰਾ ਹੁਬੇਈ ਸੂਬਾ ਬਲਾਕ ਹੈ। ਕਿਸੇ ਨੂੰ ਵੀ ਸੂਬੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਕੋਈ ਵੀ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਨਹੀਂ ਹੈ। ਭਾਰਤੀ ਐਂਬੇਸੀ ਜੋਤੀ ਅਤੇ ਇਸ ਥਾਂ ਵਿੱਚ ਫ਼ਸੇ ਹੋਰਨਾਂ ਭਾਰਤੀਆਂ ਨੂੰ ਜੋ ਵੀ ਮਦਦ ਦੀ ਲੋੜ ਹੈ ਪੂਰੀ ਕਰਨ ਲਈ ਤਿਆਰ ਹੈ।"

ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ

https://www.youtube.com/watch?v=izxc_XMhvl0

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

https://www.youtube.com/watch?v=xJFnyrBH6Aw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)