ਸਿਲਾਈ ਮਸ਼ੀਨ ਬਣਨ ਦੀ ਦਿਲਚਸਪ ਕਹਾਣੀ ਜਿਸ ਨੇ ਔਰਤਾਂ ਨੂੰ ਆਪਣੇ ਪੈਰਾਂ ''''ਤੇ ਖੜ੍ਹੇ ਕਰ ਦਿੱਤਾ

01/19/2020 12:55:17 PM

Getty Images
ਸੰਕੇਤਕ ਤਸਵੀਰ

ਤੁਸੀਂ ਕਦੇ ਸੋਚਿਆ ਹੈ ਕਿਵੇਂ ਛੋਟੀਆਂ-ਛੋਟੀਆਂ ਚੀਜ਼ਾਂ ਵੱਡੇ ਬਦਲਾਅ ਲੈ ਆਉਂਦੀਆਂ ਹਨ। ਸਿਲਾਈ ਮਸ਼ੀਨ ਦਾ ਵੀ ਅਜਿਹਾ ਹੀ ਕਿੱਸਾ ਹੈ, ਜਿਸ ਨੇ ਦੁਨੀਆਂ ਭਰ ਦੀਆਂ ਔਰਤਾਂ ਦੀ ਜ਼ਿੰਦਗੀ ਦੀ ਨੁਹਾਰ ਬਦਲ ਕੇ ਰੱਖ ਦਿੱਤੀ।

ਸਿਲਾਈ ਮਸ਼ੀਨ ਦੀ ਕਹਾਣੀ ਭਾਵੇਂ ਲਗਭਗ 170 ਸਾਲ ਪੁਰਾਣੀ ਹੈ ਪਰ ਇਸ ਦਾ ਜਾਦੂ ਹਾਲੇ ਵੀ ਬਰਕਰਾਰ ਹੈ।

ਅੱਜ ਵੀ ਔਰਤਾਂ ਦੇ ਸਸ਼ਕਤੀਕਰਣ ਦੀਆਂ ਸਕੀਮਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਸ ਵਿੱਚ ਸਿਲਾਈ ਮਸ਼ੀਨ ਦਾ ਜ਼ਿਕਰ ਆ ਹੀ ਜਾਂਦਾ ਹੈ।

ਜਦੋਂ ਲੋਕ ਹੈਰਾਨ ਰਹਿ ਗਏ

ਸਾਲ 1850 ਤੋਂ ਕਈ ਸਾਲ ਪਹਿਲਾਂ ਦੀ ਗੱਲ ਹੈ। ਅਮਰੀਕੀ ਮਸਾਜ ਸੇਵੀ ਐਲਿਜ਼ਾਬੇਥ ਕੇਡੀ ਸਟੈਂਟਨ ਨੇ ਇਸਤਰੀ ਹੱਕਾਂ ਬਾਰੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਜਾਣਾ ਚਾਹੀਦਾ ਹੈ।

ਇਹ ਗੱਲ ਸੁਣ ਕੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਵੀ ਹੈਰਾਨ ਰਹਿ ਗਏ ਕਿਉਂਕਿ ਉਸ ਸਮੇਂ ਅਜਿਹਾ ਕਹਿਣਾ ਆਪਣੇ ਆਪ ਵਿੱਚ ਵੱਡੀ ਗੱਲ ਸੀ।

ਹਾਲਾਂਕਿ ਇਹ ਉਹ ਸਮਾਜ ਵੀ ਸੀ ਜੋ ਆਪਣੀ ਮੱਧਮ ਹੀ ਸਹੀ ਪਰ ਰਫ਼ਤਾਰ ਨਾਲ ਬਦਲ ਰਿਹਾ ਸੀ।

ਇਹ ਵੀ ਪੜ੍ਹੋ:

  • ਜਦੋਂ ''ਕੋਠੇਵਾਲੀ ਗੰਗੂਬਾਈ'' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ
  • ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''
  • ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
Getty Images
ਸਿੰਗਰ ਮਸ਼ੀਨ ਦਾ 1899 ਵਿੱਚ ਜਾਰੀ ਕੀਤਾ ਗਿਆ ਇੱਕ ਇਸ਼ਤਿਹਾਰ

ਇੱਕ ਨਾਕਾਮ ਅਦਾਕਾਰ ਨੇ ਬਣਾਈ ਸਿਲਾਈ ਮਸ਼ੀਨ

ਅਦਾਕਾਰੀ ਦੀ ਦੁਨੀਆਂ ਵਿੱਚ ਨਾਕਾਮੀ ਖੱਟਣ ਤੋਂ ਬਾਅਦ ਅਮਰੀਕਾ ਦੇ ਸ਼ਹਿਰ ਬੌਸਟਨ ਵਿੱਚ ਇੱਕ ਦੁਕਾਨ ਕਿਰਾਏ ''ਤੇ ਲੈ ਕੇ ਕੁਝ ਮਸ਼ੀਨਾਂ ਵੇਚਣ ਤੇ ਇਜ਼ਾਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਕੁਝ ਲੋਕ ਲੱਕੜ ਦੇ ਅੱਖੜ ਬਣਾਉਣ ਵਾਲੀ ਮਸ਼ੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਉਸ ਸਮੇਂ ਲੱਕੜ ਦੇ ਅੱਖਰਾਂ ਦਾ ਰਿਵਾਜ਼ ਵਿਦਾਇਗੀ ਲੈਂਦਾ ਜਾ ਰਿਹਾ ਸੀ।

Getty Images
ਅਮਰੀਕੀ ਮਸਾਜ ਸੇਵੀ ਐਲਿਜ਼ਾਬੇਥ ਕੇਡੀ ਸਟੈਂਟਨ

ਉਨ੍ਹਾਂ ਦੀ ਜੱਦੋਜਹਿਦ ਚੱਲ ਹੀ ਰਹੀ ਸੀ ਕਿ ਦੁਕਾਨ ਮਾਲਕ ਨੇ ਉਨ੍ਹਾਂ ਨੂੰ ਇੱਕ ਮਸ਼ੀਨ ਦਾ ਪ੍ਰੋਟੋਟਾਈਪ ਦਿਖਾਇਆ।

ਦੁਕਾਨ ਮਾਲਕ ਇਸ ਦੇ ਡਿਜ਼ਾਈਨ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਉਹ ਪਿਛਲੇ ਕਈ ਦਹਾਕਿਆਂ ਤੋਂ ਇਸ ਮਸ਼ੀਨ ''ਤੇ ਕੰਮ ਕਰ ਰਹੇ ਸਨ ਪਰ ਕੋਈ ਸਫ਼ਲਤਾ ਨਹੀਂ ਸੀ ਮਿਲ ਰਹੀ।

ਇਹ ਇੱਕ ਸਿਲਾਈ ਮਸ਼ੀਨ ਸੀ, ਜਿਸ ਨੂੰ ਬਿਹਤਰ ਬਣਾਉਣ ਵਿੱਚ ਉਨ੍ਹਾਂ ਨੂੰ ਆਪਣੇ ਕਿਰਾਏਦਾਰ ਦੇ ਤਜਰਬੇ ਦੀ ਲੋੜ ਸੀ।

Getty Images
ਆਈਜ਼ੈਕ ਮੇਰਿਟ ਸਿੰਗਰ

ਚੌਦਾਂ ਘੰਟਿਆਂ ਵਿੱਚ ਇੱਕ ਕਮੀਜ਼

ਉਸ ਦੌਰ ਵਿੱਚ ਸਿਲਾਈ ਮਸ਼ੀਨ ਇੱਕ ਬਹੁਤ ਵੱਡੀ ਚੀਜ਼ ਹੋਇਆ ਕਰਦੀ ਸੀ।

ਤਤਕਾਲੀ ਅਖ਼ਬਾਰ ਨਿਊ ਯਾਰਕ ਹੈਰਾਲਡ ਨੇ ਆਪਣੀ ਇੱਕ ਖ਼ਬਰ ਵਿੱਚ ਲਿਖਿਆ ਸੀ, "ਅਜਿਹਾ ਕੋਈ ਮਜ਼ਦੂਰਾਂ ਦਾ ਸਮਾਜ ਨਹੀਂ ਹੈ ਜਿਸ ਨੂੰ ਕੱਪੜੇ ਸਿਊਣ ਵਾਲਿਆਂ ਤੋਂ ਘੱਟ ਪੈਸਾ ਮਿਲਦਾ ਹੋਵੇ ਅਤੇ ਜੋ ਉਸ ਤੋਂ ਵਧੇਰੇ ਮਿਹਨਤ ਕਰਦਾ ਹੋਵੇ।"

ਉਸ ਦੌਰ ਵਿੱਚ ਇੱਕ ਕਮੀਜ਼ ਦੀ ਸਿਲਾਈ ਵਿੱਚ 14 ਘੰਟਿਆਂ ਦਾ ਸਮਾਂ ਲੱਗਿਆ ਕਰਦਾ ਸੀ।

ਅਜਿਹੇ ਵਿੱਚ ਕੋਈ ਅਜਿਹੀ ਮਸ਼ੀਨ ਬਣਾਉਣਾ ਜੋ ਸੌਖੀ ਹੋਵੇ ਤੇ ਕੱਪੜੇ ਸਿਊਣ ਦਾ ਕੰਮ ਸੁਖਾਲਾ ਕਰ ਦੇਵੇ, ਇੱਹ ਵੱਡੀ ਕਾਰੋਬਾਰੀ ਕਾਮਯਾਬੀ ਦਾ ਵਾਅਦਾ ਸੀ।

ਸਿਲਾਈ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੀਆਂ ਸ਼ਾਮਲ ਸਨ। ਇਸ ਕੰਮ ਨੇ ਔਰਤਾਂ ਦੀ ਜ਼ਿੰਦਗੀ ਨੂੰ ਬੋਝ ਬਣਾ ਦਿੱਤਾ ਸੀ। ਉਨ੍ਹਾਂ ਦੇ ਦਿਨ ਦਾ ਜ਼ਿਆਦਾਤਰ ਸਮਾਂ ਤਾਂ ਕੱਪੜੇ ਸਿਊਣ ਵਿੱਚ ਹੀ ਲੰਘਦਾ ਸੀ।

Getty Images
ਸਾਲ 1851 ਵਿੱਚ ਸਿੰਗਰ ਨੇ ਇਸ ਮਸ਼ੀਨ ਦਾ ਪੇਟੈਂਟ ਆਪਣੇ ਨਾਮ ਕਰਵਾਇਆ

ਔਰਤਾਂ ਦੀ ਚੁੱਪੀ

ਦੁਕਾਨ ਮਾਲਕ ਨੇ ਜਦੋਂ ਆਪਣੇ ਇਸ ਕਿਰਾਏਦਾਰ ਨੂੰ ਇਹ ਸਿਲਾਈ ਮਸ਼ੀਨ ਦਿਖਾਈ ਤਾਂ ਉਸ ਨਾਕਾਮ ਅਦਾਕਾਰ ਨੇ ਕਿਹਾ, "ਤੁਸੀਂ ਉਹ ਚੀਜ਼ ਹੀ ਖ਼ਤਮ ਕਰਨਾ ਚਾਹੁੰਦੇ ਹੋ, ਜੋ ਔਰਤਾਂ ਨੂੰ ਸ਼ਾਂਤ ਰੱਖਦੀ ਹੈ।"

ਇਸ ਨਾਕਾਮ ਅਦਾਕਾਰ ਦਾ ਨਾਮ ਸੀ— ਆਈਜ਼ੈਕ ਮੇਰਿਟ ਸਿੰਗਰ।

ਸਿੰਗਰ ਦੀ ਸ਼ਖ਼ਸ਼ੀਅਤ ਦੀ ਇੱਕ ਆਪਣੀ ਹੀ ਖਿੱਚ ਸੀ ਹਾਲਾਂਕਿ ਕਈ ਲੋਕ ਉਨ੍ਹਾਂ ਨੂੰ ਇੱਕ ਬੁਰੇ ਚਰਿੱਤਰ ਵਾਲਾ ਬੰਦਾ ਵੀ ਕਹਿੰਦੇ ਸਨ।

ਉਨ੍ਹਾਂ ਦੇ 22 ਬੱਚੇ ਸਨ। ਇੱਕ ਔਰਤ ਨੇ ਤਾਂ ਉਨ੍ਹਾਂ ''ਤੇ ਮਾਰ-ਕੁਟਾਈ ਕਰਨ ਦਾ ਇਲਜ਼ਾਮ ਵੀ ਲਾਇਆ ਸੀ।

ਸਿੰਗਰ ਕਈ ਸਾਲਾਂ ਤੱਕ ਤਿੰਨ ਪਰਿਵਾਰ ਚਲਾਉਂਦੇ ਰਹੇ ਤੇ ਉਨ੍ਹਾਂ ਨੇ ਆਪਣੀ ਕਿਸੇ ਵੀ ਪਤਨੀ ਨੂੰ ਦੂਜੀਆਂ ਬਾਰੇ ਭਿਣਕ ਨਹੀਂ ਪੈਣ ਦਿੱਤੀ।

Getty Images
ਸਾਲ 1907 ਵਿੱਚ ਇੱਕ ਸੁਆਣੀ ਸਿੰਗਰ ਦੀ ਸਿਲਾਈ ਮਸ਼ੀਨ ਦੀ ਵਰਤੋਂ ਕਰਦੀ ਹੋਈ

ਸਿੰਗਰ ਇੱਕ ਤਰ੍ਹਾਂ ਨਾਲ ਕਿਹਾ ਜਾਵੇ ਤਾਂ ਇਸਤਰੀ ਹੱਕਾਂ ਦੇ ਹਮਾਇਤੀ ਨਹੀਂ ਸਨ।

ਹਾਲਾਂਕਿ ਉਨ੍ਹਾਂ ਦੇ ਵਤੀਰੇ ਨੇ ਕੁਝ ਔਰਤਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਜ਼ਰੂਰ ਦਿੱਤੀ।

ਸਿੰਗਰ ਦੇ ਜੀਵਨੀਕਾਰ ਰੂਥ ਬ੍ਰੈਂਡਨ ਉਨ੍ਹਾਂ ਬਾਰੇ ਇੱਕ ਟਿੱਪਣੀ ਵਿੱਚ ਕਹਿੰਦੇ ਹਨ ਕਿ ਸਿੰਗਰ ਇੱਕ ਅਜਿਹੇ ਸ਼ਖ਼ਸ਼ੀਅਤ ਸਨ ਜਿਨ੍ਹਾਂ ਨੇ ਫੈਮਨਿਸਟ ਲਹਿਰ ਨੂੰ ਮਜ਼ਬੂਤੀ ਪ੍ਰਦਾਨ ਕੀਤੀ।

ਸਿੰਗਰ ਨੇ ਸਿਲਾਈ ਮਸ਼ੀਨ ਦੇ ਪ੍ਰੋਟੋਟਾਈਪ ਨੂੰ ਦੇਖਣ ਤੋਂ ਬਾਅਦ ਇਸ ਵਿੱਚ ਕੁਝ ਬਦਲਾਅ ਕੀਤੇ ਤੇ ਇਸ ਨੂੰ ਆਪਣੇ ਨਾਮ ਤੇ ਪੇਟੈਂਟ ਕਰਵਾ ਲਿਆ।

ਇਹ ਮਸ਼ੀਨ ਇੰਨੀ ਵਧੀਆ ਸੀ ਕਿ ਇੱਕ ਕਮੀਜ਼ ਬਣਾਉਣ ਲਈ ਲੱਗਣ ਵਾਲਾ ਸਮਾਂ ਘਟ ਕੇ ਇੱਕ ਘੰਟਾ ਰਹਿ ਗਿਆ।

ਬਦਕਿਸਮਤੀ ਨਾਲ ਇਹ ਮਸ਼ੀਨ ਵੀ ਉਨ੍ਹਾਂ ਤਕਨੀਕਾਂ ''ਤੇ ਹੀ ਅਧਾਰਿਤ ਸੀ ਜਿਨ੍ਹਾਂ ਨਾਲ ਹੋਰ ਕਾਂਢਾਂ ਕੱਢੀਆਂ ਗਈਆਂ ਸਨ।

ਇਸ ਵਿੱਚ ਅੱਖ ਵਰਗੀ ਇੱਕ ਸੂਈ ਹੁੰਦੀ ਸੀ ਜੋ ਧਾਗੇ ਨੂੰ ਕੱਪੜਿਆਂ ਨਾਲ ਬੰਨ੍ਹਣ ਦਾ ਕੰਮ ਕਰਦੀ ਸੀ।

ਇਸ ਤੋਂ ਇਲਾਵਾ ਕੱਪੜਾ ਅੱਗੇ ਖ਼ਿਸਕਾਉਣ ਵਾਲੀ ਤਕਨੀਕ ਵੀ ਕਿਸੇ ਹੋਰ ਦੇ ਨਾਂ ''ਤੇ ਪੇਟੈਂਟ ਹੋ ਚੁੱਕੀ ਸੀ।

1850 ਵਿੱਚ ਸਿਲਾਈ ਮਸ਼ੀਨ ਤੇ ਉਸ ਦੇ ਡਿਜ਼ਾਈਨ ਦੇ ਹੱਕਾਂ ਬਾਰੇ ਸੰਘਰਸ਼ ਸਾਹਮਣੇ ਆਇਆ।

ਸਿਲਾਈ ਮਸ਼ੀਨ ਬਣਾਉਣ ਵਾਲੇ ਮਸ਼ੀਨ ਵੇਚਣ ਤੋਂ ਜ਼ਿਆਦਾ ਦੂਜਿਆਂ ਨੂੰ ਕੇਸਾਂ ਵਿੱਚ ਫਸਾਉਣ ਵਿੱਚ ਜ਼ਿਆਦਾ ਰੁੱਝੇ ਰਹਿੰਦੇ ਸਨ।

ਆਖ਼ਿਰਕਾਰ ਇੱਕ ਵਕੀਲ ਨੇ ਸਾਰੇ ਨਿਰਮਾਤਿਆਂ ਨੂੰ ਸਲਾਹ ਦਿੱਤੀ ਕਿ ਸਿਲਾਈ ਮਸ਼ੀਨਾਂ ਬਣਾਉਣ ਨਾਲ ਜੁੜੇ ਕਾਰੋਬਾਰੀਆਂ ਕੋਲ ਉਨ੍ਹਾਂ ਸਾਰੀਆਂ ਤਕਨੀਕਾਂ ਦੇ ਪੇਟੈਂਟ ਹਨ ਜਿਹੜੇ ਕਿ ਇੱਕ ਵਧੀਆ ਮਸ਼ੀਨ ਤਿਆਰ ਕਰਨ ਲਈ ਜ਼ਰੂਰੀ ਹਨ ਅਜਿਹੇ ਵਿੱਚ ਇੱਕ ਦੂਜੇ ''ਤੇ ਕਾਨੂੰਨੀ ਕਾਰਵਾਈ ਕਰਨ ਦੀ ਥਾਵੇਂ ਇੱਕ ਦੂਜੇ ਨੂੰ ਵਰਤੋਂ ਕਰਨ ਦਿਓ ਤੇ ਇਸ ਸਮੂਹ ਤੋਂ ਬਾਹਰਲਿਆਂ ''ਤੇ ਕੇਸ ਕੀਤੇ ਜਾਣ।

ਇਹ ਝਗੜਾ ਸੁਲਝਦਿਆਂ ਹੀ ਸਿਲਾਈ ਮਸ਼ੀਨ ਦਾ ਕਾਰੋਬਾਰ ਅਸਮਾਨੀਂ ਚੜ੍ਹ ਗਿਆ। ਇਸ ਸਮੁੱਚੇ ਕਾਰੋਬਾਰ ''ਤੇ ਸਿੰਗਰ ਦਾ ਕਬਜ਼ਾ ਸੀ।

ਸਿੰਗਰ ਦੇ ਮੁਕਾਬਲੇ ਵਿੱਚ ਖੜ੍ਹੀਆਂ ਕੰਪਨੀਆਂ ਲਈ ਇਸ ਗੱਲ ਨੂੰ ਹਜ਼ਮ ਕਰਨਾ ਸੌਖਾ ਨਹੀਂ ਸੀ। ਉਹ ਇਸ ਲਈ ਸਿੰਗਰ ਦੇ ਕਾਰਖਾਨਿਆਂ ਨੂੰ ਜਿੰਮੇਵਾਰ ਠਹਿਰਾਉਂਦੇ ਸਨ।

ਸਿੰਗਰ ਦੀਆਂ ਮੁਕਬਲੇਦਾਰ ਕੰਪਨੀਆਂ ਅਮਰੀਕੀ ਸਿਸਟਮ ਤਹਿਤ ਨਵੇਂ ਦੌਰ ਦੇ ਉਪਕਰਣਾਂ ਤੇ ਤਕਨੀਕਾਂ ਦੀ ਵਰਤੋਂ ਕਰਦੇ ਸਨ।

ਜਦਕਿ ਸਿੰਗਰ ਦੀਆਂ ਮਸ਼ੀਨਾਂ ਵਿੱਚ ਹਾਲੇ ਵੀ ਸਧਾਰਣ ਨਟ-ਬੋਲਟ ਵਾਲੀ ਪ੍ਰਣਾਲੀ ਹੀ ਚੱਲ ਰਹੀ ਸੀ।

Getty Images
ਸਿੰਗਰ ਸਿਲਾਈ ਮਸ਼ੀਨ ਦਾ ਇੱਕ ਹੋਰ ਇਸ਼ਤਿਹਾਰ

ਸਿੰਗਰ ਵੱਡੇ ਕਾਰੋਬਾਰੀ ਕਿਵੇਂ ਬਣੇ

ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਸਿੰਗਰ ਤੇ ਉਨ੍ਹਾਂ ਦੇ ਕਾਰੋਬਾਰੀ ਹਿੱਸੇਦਾਰ ਐਡਵਰਡ ਕਲਾਰਕ ਨੇ ਮਾਰਕਿਟਿੰਗ ਰਾਹੀਂ ਆਪਣੇ ਕਾਰੋਬਾਰ ਨੂੰ ਅਸਮਾਨ ਦੀਆਂ ਟੀਸੀਆਂ ''ਤੇ ਪਹੁੰਚਾਇਆ।

ਇਸ ਦੌਰ ਵਿੱਚ ਸਿਲਾਈ ਮਸ਼ੀਨਾਂ ਕਾਫ਼ੀ ਮਹਿੰਗੀਆਂ ਹੁੰਦੀਆਂ ਸਨ। ਉਸ ਸਮੇਂ ਇੱਕ ਮਸ਼ੀਨ ਨੂੰ ਖ਼ਰੀਦਣ ਵਿੱਚ ਮਹੀਨਿਆਂ ਦੀ ਆਮਦਨੀ ਚਲੀ ਜਾਂਦੀ ਸੀ।

ਕਲਾਰਕ ਨੇ ਇਸ ਮੁਸ਼ਕਲ ਦੇ ਹੱਲ ਲਈ ਇੱਕ ਨਵਾਂ ਵਿਕਰੀ ਮਾਡਲ ਤਿਆਰ ਕੀਤਾ।

ਇਸ ਤਹਿਤ ਲੋਕ ਮਸ਼ੀਨ ਮਾਹਵਾਰ ਕਿਰਾਏ ''ਤੇ ਲੈ ਸਕਦੇ ਸਨ।

ਜਦੋਂ ਕਿਰਾਇਆ ਮਸ਼ੀਨ ਦੀ ਕੁੱਲ ਕੀਮਤ ਦੇ ਬਰਾਬਰ ਹੋ ਜਾਂਦਾ ਤਾਂ ਮਸ਼ੀਨ ਵਰਤਣ ਵਾਲੇ ਦੀ ਹੋ ਜਾਂਦੀ।

ਇਸ ਤਰ੍ਹਾਂ ਸਿਲਾਈ ਮਸ਼ੀਨ ਆਪਣੀ ਪੁਰਾਣੀ ਤੇ ਹੌਲੀ ਕੰਮ ਕਰਨ ਵਾਲੇ ਅਕਸ ਤੋਂ ਅਜ਼ਾਦ ਹੋ ਗਈ।

ਸਿੰਗਰ ਦੇ ਸੇਲਜ਼ ਏਜੰਟ ਲੋਕਾਂ ਦੇ ਘਰੋ-ਘਰੀ ਜਾ ਕੇ ਮਸ਼ੀਨ ਲਗਾ ਕੇ ਆਉਂਦੇ ਸਨ। ਇਹ ਏਜੰਟ ਮਸ਼ੀਨ ਦੇਣ ਤੋਂ ਬਾਅਦ ਮੁੜ ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਦੀ ਇਸ ਬਾਰੇ ਰਾਇ ਪੁੱਛਦੇ ਤੇ ਮਸ਼ੀਨ ਦੀ ਮੁਰੰਮਤ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਂਦੇ।

ਇਨ੍ਹਾਂ ਸਾਰੇ ਢੰਗ ਤਰੀਕਿਆਂ ਦੇ ਬਾਵਜੂਦ ਕੰਪਨੀ ਔਰਤਾਂ ਦੇ ਖ਼ਿਲਾਫ਼ ਸਮਾਜਿਕ ਰਾਇ ਕਾਰਨ ਨੁਕਸਾਨ ਝੱਲ ਰਹੀ ਸੀ।

ਸਮਾਜਿਕ ਕਾਰਕੁਨ ਸਟੈਂਟਨ ਇਸੇ ਸੋਚ ਨਾਲ ਲੜ ਰਹੀ ਸੀ। ਇਹ ਸਮਝਣ ਲਈ ਦੋ ਕਾਰਟੂਨ ਦੇਖੇ ਜਾ ਸਕਦੇ ਹਨ

ਇੱਕ ਕਾਰਟੂਨ ਕਹਿੰਦਾ ਹੈ ਕਿ ਔਰਤਾਂ ਨੂੰ ਸਿਲਾਈ ਮਸ਼ੀਨ ਖ਼ਰੀਦਣ ਦੀ ਕੀ ਲੋੜ।

ਦੂਜੇ ਕਾਰਟੂਨ ਵਿੱਚ ਇੱਕ ਸੇਲਜ਼-ਮੈਨ ਕਹਿੰਦਾ ਹੈ ਕਿ ਸਿਲਾਈ ਮਸ਼ੀਨ ਦੀ ਥਾਵੇਂ ਔਰਤਾਂ ਨੂੰ ਆਪਣੇ ਬੁੱਧੀ ਵਿਵੇਕ ਨੂੰ ਵਧਾਉਣ ਲਈ ਸਮਾਂ ਮਿਲੇਗਾ।

ਕੁਝ ਲੋਕਾਂ ਦੀਆਂ ਧਾਰਣਾਵਾਂ ਨੇ ਇਸ ਤਰ੍ਹਾਂ ਦੇ ਸ਼ੱਕ ਨੂੰ ਵੀ ਜਨਮ ਦਿੱਤਾ, ਕੀ ਔਰਤਾਂ ਆਪਣੀਆਂ ਮਹਿੰਗੀਆਂ ਮਸ਼ੀਨਾਂ ਚਲਾਉਣ ਦੇ ਸਮਰੱਥ ਹਨ?

ਜਦਕਿ ਸਿੰਗਰ ਦਾ ਸਾਰਾ ਕਾਰੋਬਾਰ ਹੀ ਇਸ ''ਤੇ ਖੜ੍ਹਾ ਸੀ ਕਿ ਔਰਤਾਂ ਇਹ ਮਸ਼ੀਨ ਚਲਾ ਸਕਦੀਆਂ ਹਨ।

ਸਿੰਗਰ ਨੇ ਆਪਣੇ ਨਿੱਜੀ ਜੀਵਨ ਵਿੱਚ ਔਰਤਾਂ ਨੂੰ ਭਾਵੇਂ ਜਿੰਨੀਂ ਵੀ ਇੱਜਤ ਕਿਉਂ ਨਾ ਦਿੱਤੀ ਹੋਵੇ। ਹਾਂ, ਉਨ੍ਹਾਂ ਨੇ ਨਿਊ ਯਾਰਕ ਦੇ ਬ੍ਰਾਡਵੇ ਵਿੱਚ ਇੱਕ ਦੁਕਾਨ ਕਿਰਾਏ ''ਤੇ ਲੈ ਲਈ। ਇਸ ਦੁਕਾਨ ਵਿੱਚ ਉਨ੍ਹਾਂ ਨੇ ਮੁਟਿਆਰਾਂ ਨੂੰ ਨੌਕਰੀ ''ਤੇ ਰੱਖਿਆ।

ਇਹ ਕੁੜੀਆਂ ਲੋਕਾਂ ਨੂੰ ਮਸ਼ੀਨ ਚਲਾ ਕੇ ਦਿਖਾਉਂਦੀਆਂ ਸਨ। ਸਿੰਗਰ ਆਪਣੀਆਂ ਮਸ਼ਹੂਰੀਆਂ ਵਿੱਚ ਕਿਹਾ ਕਰਦੇ ਸਨ—"ਇਹ ਮਸ਼ੀਨ ਨਿਰਮਾਤਾ ਵੱਲੋਂ ਸਿੱਧੇ ਪਰਿਵਾਰ ਦੀ ਸੁਆਣੀ ਨੂੰ ਵੇਚੀ ਜਾਂਦੀ ਹੈ।"

ਇਸ ਇਸ਼ਤਿਹਾਰ ਦਾ ਉਦੇਸ਼ ਹੀ ਇਹ ਸੀ ਕਿ ਔਰਤਾਂ ਨੂੰ ਆਰਥਿਕ ਅਜ਼ਾਦੀ ਹਾਸਲ ਕਰਨੀ ਚਾਹੀਦੀ ਹੈ।

ਇਸ ਵਿੱਚ ਕਿਹਾ ਗਿਆ ਕਿ ਕੋਈ ਵੀ ਸੁਆਣੀ ਇਸ਼ ਮਸ਼ੀਨ ਦੀ ਮਦਦ ਨਾਲ ਇੱਕ ਹਜ਼ਾਰ ਡਾਲਰ ਕਮਾ ਸਕਦੀ ਹੈ।

ਸਾਲ 1860 ਵਿੱਚ ਨਿਊ ਯਾਰਕ ਟਾਈਮਜ਼ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਕਿ ਕਿਸੇ ਹੋਰ ਕਾਢ ਨੇ ਮਾਵਾਂ ਤੇ ਧੀਆਂ ਨੂੰ ਇਸ ਮਸ਼ੀਨ ਤੋਂ ਜ਼ਿਆਦਾ ਰਾਹਤ ਨਹੀਂ ਦਿੱਤੀ।

ਇਹ ਵੀ ਪੜ੍ਹੋ:

  • ਉਹ 4 ਮੌਕੇ ਜਦੋਂ ‘ਗਲਤੀ’ ਨਾਲ ਯਾਤਰੀ ਜਹਾਜ਼ ਮਾਰ ਸੁੱਟੇ ਗਏ, ਕੁੱਲ 965 ਜਾਨਾਂ ਗਈਆਂ ਸਨ
  • ਲੋਹੜੀ ਵਿਸ਼ੇਸ਼ : ਦੁੱਲਾ ਭੱਟੀ ਦੀ ਬਾਦਸ਼ਾਹ ਅਕਬਰ ਨਾਲ ਕੀ ਦੁਸ਼ਮਣੀ ਸੀ
  • ਨਵਾਂਸ਼ਹਿਰ ਦੇ ਅਮਰੀਸ਼ ਪੁਰੀ ਜਦੋਂ ਹੀਰੋ ਦਾ ਰੋਲ ਮੰਗਣ ਗਏ ਤਾਂ ਇਹ ਜਵਾਬ ਮਿਲਿਆ

ਵੀਡੀਓ: ਉਮਰ ਨਾਲ ਕੁਝ ਨਹੀਂ ਹੁੰਦਾ ਸਭ ਦਿਮਾਗ ਦੀ ਖੇਡ

https://www.youtube.com/watch?time_continue=48&v=NEcht3r4s_U

ਵੀਡੀਓ: ਦਵਿੰਦਰ ਸਿੰਘ ਦੀ ਗ੍ਰਫ਼ਤਾਰੀ ਤੋਂ ਬਾਅਦ ਉੱਠੇ ਸਵਾਲ

https://www.youtube.com/watch?v=9ckGBLXMz30

ਵੀਡੀਓ: ਪੇਚੇ ਲਾਉਂਦੀ ਤੇ ਜਿੱਤਦੀ ਬੇਬੇ

https://www.youtube.com/watch?v=WzMJVWgaNJw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)