ਉਨਾਓ: ਦੋਸਤੀ, ਵਿਆਹ, ਬਲਾਤਕਾਰ ਤੇ ਜ਼ਿੰਦਾ ਸਾੜਨ ਦੀ ਪੂਰੀ ਕਹਾਣੀ - ਗ੍ਰਾਊਂਡ ਰਿਪੋਰਟ

12/07/2019 4:34:33 PM

Getty Images
ਸੰਕੇਤਕ ਤਸਵੀਰ

ਉਨਾਓ ਵਿੱਚ ਗੈਂਗਰੇਪ ਪੀੜਤ ਕੁੜੀ ਦੀ ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ।

ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਨਾਓ ਤੋਂ ਲਖਨਊ ਅਤੇ ਫਿਰ ਦਿੱਲੀ ਦੇ ਸਫਦਰਜੰਗ ਹਸਪਤਾਲ ਤੱਕ ਪਹੁੰਚਾਇਆ ਗਿਆ ਪਰ ਪੀੜਤਾ ਨੇ ਦੋ ਦਿਨ ਦੇ ਅੰਦਰ ਹੀ ਦਮ ਤੋੜ ਦਿੱਤਾ।

ਕੁੜੀ ਦੇ ਘਰ ਵਿੱਚ ਪਹਿਲਾਂ ਤੋਂ ਹੀ ਮਾਤਮ ਪਸਰਿਆ ਹੋਇਆ ਸੀ, ਮੌਤ ਤੋਂ ਬਾਅਦ ਪੂਰਾ ਪਿੰਡ ਸਦਮੇ ਵਿੱਚ ਹੈ। ਦੂਜੇ ਪਾਸੇ ਪਿੰਡ ਵਿੱਚ ਹੀ ਰਹਿਣ ਵਾਲੇ ਮੁਲਜ਼ਮਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਬੇਗ਼ੁਨਾਹ ਦੱਸ ਰਹੇ ਹਨ। ਪਿੰਡ ਵਿੱਚ ਵੱਡੀ ਗਿਣਤੀ ''ਚ ਪੁਲਿਸ ਬਲ ਤਾਇਨਾਤ ਹੈ।

ਇਸ ਵਿਚਾਲੇ ਸ਼ੁੱਕਰਵਾਰ ਨੂੰ ਇਸ ਮਾਮਲੇ ''ਚ ਨਾਮਜ਼ਦ ਪੰਜ ਮੁਲਜ਼ਮਾਂ ਨੂੰ ਸੀਜੇਐੱਮ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਪੀੜਤ ਕੁੜੀ ਨੇ ਇਲਾਜ ਦੌਰਾਨ ਉਨਾਓ ਵਿੱਚ ਹੀ ਮੈਜੀਸਟ੍ਰੇਟ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਸਨ ਜਿਸਦੇ ਆਧਾਰ ''ਤੇ ਪੁਲਿਸ ਨੇ ਕੁਝ ਘੰਟਿਆਂ ਅੰਦਰ ਹੀ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ:

  • ਐਨਕਾਊਂਟਰ ''ਤੇ ਕੀ ਕਹਿੰਦਾ ਹੈ ਭਾਰਤ ਦਾ ਕਾਨੂੰਨ
  • ਹੈਦਰਾਬਾਦ ਪੁਲਿਸ ਐਨਕਾਊਂਟਰ: ''ਇਹ ਉਹ ਨਿਆਂ ਨਹੀਂ ਜੋ ਅਸੀਂ ਚਾਹੁੰਦੇ ਸੀ''
  • ਉਨਾਓ ਰੇਪ ਪੀੜਤਾ ਦੀ ਇਲਾਜ ਦੌਰਾਨ ਮੌਤ

ਮ੍ਰਿਤਕ ਕੁੜੀ ਦੇ ਘਰ ਦਾ ਹਾਲ

ਉਨਾਓ ਸ਼ਹਿਰ ਤੋਂ ਕਰੀਬ 50 ਕਿੱਲੋਮੀਟਰ ਦੂਰ ਬਿਹਾਰ ਥਾਣੇ ਅਧੀਨ ਪੈਂਦਾ ਹੈ ਹਿੰਦੂਪੁਰ ਪਿੰਡ ਹੈ। ਪਿੰਡ ਦੇ ਅੰਦਰ ਦਾਖ਼ਲ ਹੋਣ ਤੋਂ ਬਾਅਦ ਕੁਝ ਹੀ ਦੂਰੀ ''ਤੇ ਪੀੜਤ ਕੁੜੀ ਦਾ ਮਿੱਟੀ, ਫੂਸ ਨਾਲ ਬਣਿਆ ਕੱਚਾ ਘਰ ਹੈ।

ਕੁੜੀ ਦੇ ਬਜ਼ੁਰਗ ਪਿਤਾ ਘਰ ਦੇ ਬਾਹਰ ਚੁੱਪਚਾਪ ਖੜ੍ਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਉਹ ਅਕਸਰ ਆਪਣੀ ਧੀ ਨੂੰ ਖ਼ੁਦ ਸਟੇਸ਼ਨ ਤੱਕ ਛੱਡਣ ਜਾਂਦੇ ਸਨ ਪਰ ਵੀਰਵਾਰ ਨੂੰ ਪਤਾ ਨਹੀਂ ਉਹ ਇਕੱਲੀ ਕਿਉਂ ਚਲੀ ਗਈ।

ਹਾਲਾਂਕਿ ਘਰ ਦੇ ਅੰਦਰ ਮੌਜੂਦ ਕੁੜੀ ਦੀ ਭਾਬੀ ਦੱਸਦੀ ਹੈ ਕਿ ਕੋਰਟ ਦੇ ਕੰਮ ਤੋਂ ਜਾਂ ਫਿਰ ਹੋਰ ਕੰਮਾਂ ਲਈ ਉਹ ਅਕਸਰ ਇਕੱਲੇ ਜਾਂ ਫਿਰ ਆਪਣੇ ਭੈਣ-ਭਰਾਵਾਂ ਨਾਲ ਘਰੋਂ ਬਾਹਰ ਜਾਂਦੀ ਸੀ। ਪੀੜਤ ਪੰਜ ਭੈਣਾਂ ਅਤੇ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ।

ਪਹਿਲਾਂ ਲਵ ਮੈਰਿਜ ਅਤੇ ਫਿਰ ਗੈਂਗਰੇਪ ਦੀ ਰਿਪੋਰਟ

ਕੁੜੀ ਦੀ ਗੁਆਂਢ ਦੇ ਹੀ ਇੱਕ ਮੁੰਡੇ ਨਾਲ ਜਾਣ-ਪਛਾਣ ਸੀ ਅਤੇ ਉਨ੍ਹਾਂ ਦੋਵਾਂ ਨੇ ਲਵ-ਮੈਰਿਜ ਕਰਵਾਈ ਸੀ ਪਰ ਬਾਅਦ ਵਿੱਚ ਰਿਸ਼ਤੇ ਖ਼ਰਾਬ ਹੋ ਗਏ।

ਕੁੜੀ ਨੇ ਇਸੇ ਸਾਲ ਮਾਰਚ ਵਿੱਚ ਮੁੰਡੇ ਅਤੇ ਉਸਦੇ ਇੱਕ ਦੋਸਤ ਖ਼ਿਲਾਫ਼ ਗੈਂਗਰੇਪ ਦੀ ਰਿਪੋਰਟ ਦਰਜ ਕਰਵਾਈ ਸੀ ਜਿਨ੍ਹਾਂ ਵਿੱਚੋਂ ਮੁੱਖ ਮੁਲਜ਼ਮ ਸ਼ਿਵਮ ਤ੍ਰਿਵੇਦੀ ਜੇਲ੍ਹ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ''ਤੇ ਰਿਹਾਅ ਹੋ ਕੇ ਆਇਆ ਸੀ।

ਕੁੜੀ ਦੀ ਭਾਬੀ ਦੱਸਦੀ ਹੈ ਕਿ ਉਨ੍ਹਾਂ ਨੇ ਕਦੋਂ ਵਿਆਹ ਕਰਵਾਇਆ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ। ਉਹ ਕਹਿੰਦੀ ਹੈ, "ਸਾਨੂੰ ਤਾਂ ਵਿਆਹ ਦਾ ਉਦੋਂ ਪਤਾ ਲੱਗਿਆ ਜਦੋਂ ਮੁੰਡੇ ਤੇ ਉਸਦੇ ਪਰਿਵਾਰ ਨੇ ਸਾਡੇ ਘਰ ਆ ਕੇ ਝਗੜਾ ਕੀਤਾ, ਸਾਡੇ ਨਾਲ ਮਾਰ-ਕੁੱਟ ਕੀਤੀ। ਉਦੋਂ ਕੁੜੀ ਨੇ ਦੱਸਿਆ ਕਿ ਉਸ ਨੇ ਸ਼ਿਵਮ ਨਾਲ ਕੋਰਟ ਮੈਰਿਜ ਕਰਵਾ ਲਈ ਹੈ ਪਰ ਹੁਣ ਉਹ ਉਸ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੈ।"

ਮੁਲਜ਼ਮਾਂ ਦੇ ਘਰ ਦਾ ਮਾਹੌਲ

ਕੁੜੀ ਦੇ ਘਰ ਤੋਂ ਕਰੀਬ ਅੱਧੇ ਕਿੱਲੋਮੀਟਰ ਦੀ ਹੀ ਦੂਰੀ ''ਤੇ ਮੁੱਖ ਮੁਲਜ਼ਮ ਅਤੇ ਇਸ ਮਾਮਲੇ ਵਿੱਚ ਫੜੇ ਗਏ ਹੋਰ ਮੁਲਜ਼ਮਾਂ ਦੇ ਘਰ ਹਨ।

ਇੱਕ ਮੰਦਿਰ ਦੇ ਬਾਹਰ ਕਈ ਔਰਤਾਂ ਇਕੱਠੀਆਂ ਹੋਈਆਂ ਸਨ ਅਤੇ ਬੁਰੀ ਤਰ੍ਹਾਂ ਰੋ ਰਹੀਆਂ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਉਹ ਸਨ ਜਿਨ੍ਹਾਂ ਦਾ ਫੜੇ ਗਏ ਮੁਲਜ਼ਮਾਂ ਨਾਲ ਕੋਈ ਨਾ ਕੋਈ ਰਿਸ਼ਤਾ ਹੈ। ਇਨ੍ਹਾਂ ਦਾ ਇਲਜ਼ਾਮ ਹੈ ਕਿ ਸਾਰਿਆਂ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।

ਮੁੱਖ ਮੁਲਜ਼ਮ ਸ਼ਿਵਮ ਤ੍ਰਿਵੇਦੀ ਦੀ ਮਾਂ ਕਹਿੰਦੀ ਹੈ ਕਿ ਉਨ੍ਹਾਂ ਦੇ ਮੁੰਡੇ ਨੇ ਨਾ ਤਾਂ ਵਿਆਹ ਕਰਵਾਇਆ ਸੀ ਅਤੇ ਨਾ ਹੀ ਇਸ ਘਟਨਾ ਵਿੱਚ ਸ਼ਾਮਲ ਸੀ।

ਸ਼ਿਵਮ ਤ੍ਰਿਵੇਦੀ ਦੀ ਮਾਂ ਪੀੜਤ ਪਰਿਵਾਰ ਅਤੇ ਪੁਲਿਸ ਵਾਲਿਆਂ ਦੇ ਇਸ ਦਾਅਵੇ ਨੂੰ ਵੀ ਨਕਾਰਦੀ ਹੈ ਕਿ ਉਨ੍ਹਾਂ ਦਾ ਮੁੰਡਾ ਰਾਇਬਰੇਲੀ ਵਿੱਚ ਕੁੜੀ ਨਾਲ ਇੱਕ ਮਹੀਨੇ ਤੱਕ ਰਹਿ ਚੁੱਕਾ ਹੈ।

ਇਸ ਮਾਮਲੇ ਵਿੱਚ ਹਿੰਦੂਪੁਰ ਪਿੰਡ ਦੀ ਸਰਪੰਚ ਸ਼ਾਂਤੀ ਦੇਵੀ ਦੇ ਪਤੀ ਅਤੇ ਉਨ੍ਹਾਂ ਦੇ ਮੁੰਡੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਸ਼ਾਂਤੀ ਦੇਵੀ ਕਹਿੰਦੀ ਹੈ, "ਸਵੇਰੇ-ਸਵੇਰੇ ਪੁਲਿਸ ਆਈ ਤੇ ਮੇਰੇ ਮੁੰਡੇ ਅਤੇ ਪਤੀ ਨੂੰ ਚੁੱਕ ਕੇ ਲੈ ਗਈ। ਮੈਂ ਪੁੱਛਦੀ ਹਾਂ ਕਿ ਐਨੀ ਵੱਡੀ ਵਾਰਦਾਤ ਨੂੰ ਅੰਜਾਮ ਦੋਣ ਤੋਂ ਬਾਅਦ ਕੀ ਕੋਈ ਘਰ ਵਿੱਚ ਆਰਾਮ ਨਾਲ ਸੌਂ ਸਕਦਾ ਹੈ? ਸਾਡੇ ਬੱਚਿਆਂ ਨੂੰ ਬਿਨਾਂ ਸੋਚੇ-ਸਮਝੇ ਅਪਰਾਧੀ ਬਣਾ ਦਿੱਤਾ ਗਿਆ।"

ਇਸੇ ਸਾਲ ਮਾਰਚ ਮਹੀਨੇ ''ਚ ਪੀੜਤ ਕੁੜੀ ਨੇ ਆਪਣੇ ਨਾਲ ਹੋਏ ਗੈਂਗਰੇਪ ਦੀ ਜੋ ਐਫਆਈਆਰ ਦਰਜ ਕਰਵਾਈ ਸੀ, ਉਸ ਵਿੱਚ ਸ਼ਿਵਮ ਤ੍ਰਿਵੇਦੀ ਦੇ ਨਾਲ ਪਿੰਡ ਦੀ ਸਰਪੰਚ ਸ਼ਾਂਤੀ ਦੇਵੀ ਦੇ ਮੁੰਡੇ ਦਾ ਵੀ ਨਾਂ ਸੀ।

ਹਾਲਾਂਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਸਿਰਫ਼ ਸ਼ਿਵਮ ਦੀ ਹੀ ਹੋਈ ਸੀ। ਮੁਲਜ਼ਮਾਂ ਦੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।

ਇਹ ਵੀ ਪੜ੍ਹੋ:

  • ''ਜਦੋਂ ਮੈਂ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...''
  • ਸਹਿਮਤੀ ਵਾਲੇ ਸੈਕਸ ਦੌਰਾਨ ਹਿੰਸਾ ਦਾ ਕਿਉਂ ਸ਼ਿਕਾਰ ਹੁੰਦੀਆਂ ਨੇ ਔਰਤਾਂ
  • ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?

ਪੀੜਤ ਅਤੇ ਮੁਲਜ਼ਮ ਦੋਵਾਂ ਦੇ ਪਰਿਵਾਰਾਂ ਦੇ ਸਨ ਚੰਗੇ ਸਬੰਧ

ਕੁੜੀ ਨੂੰ ਅੱਗ ਲਾ ਕੇ ਸਾੜਨ ਵਾਲੀ ਘਟਨਾ ਵੀਰਵਾਰ ਸਵੇਰੇ ਕਰੀਬ 4 ਵਜੇ ਦੀ ਹੈ। ਪੀੜਤ ਕੁੜੀ ਰਾਇਬਰੇਲੀ ਜਾਣ ਵਾਲੀ ਪੈਸੇਂਜਰ ਟਰੇਨ ਫੜਨ ਜਾ ਰਹੀ ਸੀ ਜੋ ਸਵੇਰੇ ਪੰਜ ਵਜੇ ਸਟੇਸ਼ਨ ''ਤੇ ਆਉਂਦੀ ਹੈ।

ਪੀੜਤ ਕੂੜੀ ਦੇ ਘਰ ਤੋਂ ਸਟੇਸ਼ਨ ਦੀ ਦੂਰੀ ਕਰੀਬ ਦੋ ਕਿੱਲੋਮੀਟਰ ਹੈ ਅਤੇ ਰਸਤਾ ਦਿਨ ਵਿੱਚ ਵੀ ਜ਼ਿਆਦਾ ਭੀੜ ਵਾਲਾ ਨਹੀਂ ਰਹਿੰਦਾ। ਪਿੰਡ ਦੇ ਇੱਕ ਸ਼ਖ਼ਸ ਰਾਮ ਕਿਸ਼ੋਰ ਦੱਸਦੇ ਹਨ ਕਿ ਇਸ ਕਾਰਨ ਜਦੋਂ ਕੁੜੀ ਨੂੰ ਸਾੜਿਆ ਗਿਆ ਤਾਂ ਕਾਫ਼ੀ ਦੂਰ ਤੱਕ ਭੱਜਣ ਦੇ ਬਾਵਜੂਦ ਉਸ ਨੂੰ ਮਦਦ ਨਹੀਂ ਮਿਲੀ।

ਪਿੰਡ ਵਾਲਿਆਂ ਦੀ ਮੰਨੀਏ ਤਾਂ ਦੋਵਾਂ ਪਰਿਵਾਰਾਂ ਵਿੱਚ ਦੋ ਸਾਲ ਪਹਿਲਾਂ ਤੱਕ ਕਾਫ਼ੀ ਚੰਗੇ ਸਬੰਧ ਸਨ। ਪੀੜਤ ਪਰਿਵਾਰ ਦੇ ਸਬੰਧ ਪਿੰਡ ਦੇ ਸਰਪੰਚ ਨਾਲ ਵੀ ਬਹੁਤ ਚੰਗੇ ਸਨ ਅਤੇ ਖ਼ੁਦ ਪੀੜਤਾ ਦੇ ਪਿਤਾ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਸਰਪੰਚ ਦਾ ਪਰਿਵਾਰ ਉਨ੍ਹਾਂ ਦੀ ਕਾਫ਼ੀ ਮਦਦ ਕਰਦਾ ਸੀ ਅਤੇ ਬੇਹੱਦ ਗ਼ਰੀਬ ਹੋਣ ਕਾਰਨ ਸਰਕਾਰੀ ਯੋਜਨਾਵਾਂ ਦਾ ਲਾਭ ਵੀ ਇਸੇ ਕਾਰਨ ਉਨ੍ਹਾਂ ਨੂੰ ਆਸਾਨੀ ਨਾਲ ਮਿਲ ਜਾਂਦਾ ਸੀ।

ਪਰ ਜਦੋਂ ਕੁੜੀ ਅਤੇ ਮੁੰਡੇ ਵਿਚਾਲੇ ਰਿਸ਼ਤੇ ਖ਼ਰਾਬ ਹੋਏ ਤਾਂ ਦੋਵਾਂ ਪਰਿਵਾਰਾਂ ਤੋਂ ਇਲਾਵਾ ਪ੍ਰਧਾਨ ਦੇ ਪਰਿਵਾਰ ਨਾਲ ਵੀ ''ਦੁਸ਼ਮਣੀ'' ਹੋ ਗਈ। ਇਸਦਾ ਕਾਰਨ ਇਹ ਹੈ ਕਿ ਮੁੱਖ ਮੁਲਜ਼ਮ ਸ਼ਿਵਮ ਤ੍ਰਿਵੇਦੀ ਪ੍ਰਧਾਨ ਦੇ ਪਰਿਵਾਰ ਦਾ ਹੀ ਮੁੰਡਾ ਹੈ।

ਪੀੜਤ ਦੇ ਪਿਤਾ ਮੁਤਾਬਕ, ''''ਸਾਨੂੰ ਕਈ ਵਾਰ ਧਮਕਾਇਆ ਗਿਆ। ਮੇਰੇ ਘਰ ਆ ਕੇ ਇਨ੍ਹਾਂ ਲੋਕਾਂ ਨੇ ਮੈਨੂੰ ਮਾਰਿਆ-ਕੁੱਟਿਆ ਅਤੇ ਪਿੰਡ ਛੱਡਣ ਦੀ ਧਮਕੀ ਦਿੱਤੀ। ਮੈਂ ਕਈ ਵਾਰ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਸਾਡੀ ਸੁਣੀ ਨਹੀਂ ਗਈ।"

ਬਾਕੀ ਹਨ ਕਈ ਸਵਾਲ

ਪਿੰਡ ਵਿੱਚ ਲੋਕ ਇਸ ਘਟਨਾ ਨੂੰ ਲੈ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਕਿਸੇ ਵੀ ਮੁਲਜ਼ਮ ''ਤੇ ਕੋਈ ਵੀ ਮਾਮਲਾ ਪੁਲਿਸ ਵਿੱਚ ਦਰਜ ਨਹੀਂ ਹੈ। ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ ਤੋਂ ਪਹਿਲਾਂ ਸ਼ਿਵਮ ਤ੍ਰਿਵੇਦੀ ਅਤੇ ਸ਼ੁਭਮ ਤ੍ਰਿਵੇਦੀ ''ਤੇ ਵੀ ਕੋਈ ਕੇਸ ਦਰਜ ਨਹੀਂ ਸੀ।

ਬਿਹਾਰ ਥਾਣੇ ਦੀ ਪੁਲਿਸ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਇਹੀ ਨਹੀਂ, ਘਟਨਾ ਦੇ ਤੁਰੰਤ ਬਾਅਦ ਜਦੋਂ ਮੁਲਜ਼ਮਾਂ ਦੇ ਘਰ ਪੁਲਿਸ ਆਈ ਤਾਂ ਲਗਭਗ ਸਾਰੇ ਮੁਲਜ਼ਮ ਆਪਣੇ ਘਰ ਹੀ ਮਿਲੇ।

ਪਿੰਡ ਦੇ ਇੱਕ ਬਜ਼ੁਰਗ ਸੀਤਾਰਾਮ ਕਹਿੰਦੇ ਹਨ, "ਇਨ੍ਹਾਂ ਮੁੰਡਿਆਂ ਨੂੰ ਅਸੀਂ ਬਚਪਨ ਤੋਂ ਹੀ ਜਾਣਦੇ ਹਾਂ ਪਿੰਡ ਵਿੱਚ ਇਨ੍ਹਾਂ ਨੇ ਕਦੇ ਕੁਝ ਅਜਿਹਾ ਨਹੀਂ ਕੀਤਾ ਜਿਸ ਕਰਕੇ ਕਿਸੇ ਨੂੰ ਕੋਈ ਸ਼ਿਕਾਇਤ ਹੁੰਦੀ। ਸਮਝ ਵਿੱਚ ਨਹੀਂ ਆ ਰਿਹਾ ਕਿ ਐਨੀ ਘਿਨਾਉਣੀ ਵਾਰਦਾਤ ਨੂੰ ਇਨ੍ਹਾਂ ਨੇ ਕਿਵੇਂ ਅੰਜਾਮ ਦਿੱਤਾ। ਸਾਡੇ ਪਿੰਡ ਵਿੱਚ ਅੱਜ ਤੱਕ ਅਜਿਹੀ ਕੋਈ ਘਟਨਾ ਨਹੀਂ ਹੋਈ ਅਤੇ ਨਾ ਹੀ ਸਾਨੂੰ ਲਗਦਾ ਹੈ ਕਿ ਸਾਡੇ ਪਿੰਡ ਦਾ ਕੋਈ ਸ਼ਖ਼ਸ ਐਨਾ ਵੱਡਾ ਅਪਰਾਧੀ ਹੈ ਕਿ ਕਿਸੇ ਨੂੰ ਜ਼ਿੰਦਾ ਸਾੜ ਦੇਵੇ।''''

ਉਨਾਓ ਵਿੱਚ ਇਸ ਘਟਨਾ ਨੂੰ ਸ਼ੁਰੂ ਤੋਂ ਦੇਖ ਰਹੇ ਕਈ ਪੁਲਿਸ ਅਧਿਕਾਰੀ ਵੀ ਸੀਤਾਰਾਮ ਦੇ ਖਦਸ਼ਿਆਂ ਨਾਲ ਸਹਿਮਤੀ ਜਤਾਉਂਦੇ ਹਨ ਪਰ ਇਸ ਬਾਰੇ ਵਿੱਚ ਉਹ ਅਧਿਕਾਰਤ ਰੂਪ ਨਾਲ ਕੁਝ ਵੀ ਕਹਿਣ ਤੋਂ ਬਚਦੇ ਹਨ।

ਪਿੰਡ ਵਿੱਚ ਕੁਝ ਲੋਕਾਂ ਨੂੰ ਇਸ ਗੱਲ ''ਤੇ ਵੀ ਇਤਰਾਜ਼ ਹੈ ਕਿ ਹੋਰਨਾਂ ਲੋਕਾਂ ਤੋਂ ਇਲਾਵਾ ਮੀਡੀਆ ਵੀ ਪੀੜਤ ਪੱਖ ਪ੍ਰਤੀ ਵੱਧ ਹਮਦਰਦੀ ਵਿਖਾ ਰਹੀ ਹੈ।

ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਆਈਜੀ ਲਾਅ ਐਂਡ ਆਰਡਰ ਪ੍ਰਵੀਨ ਕੁਮਾਰ ਦਾ ਕਹਿਣਾ ਹੈ, "ਪੀੜਤਾ ਦੇ ਬਿਆਨ ਦੇ ਆਧਾਰ ''ਤੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਰੇ ਸਬੂਤ ਇਕੱਠਾ ਕੀਤੇ ਗਏ ਹਨ। ਸਾਡੀ ਪਹਿਲ ਇਹ ਹੈ ਕਿ ਛੇਤੀ ਤੋਂ ਛੇਤੀ ਇਸ ਗੱਲ ਦਾ ਪਤਾ ਕਰੀਏ ਕਿ ਅਸਲੀ ਦੋਸ਼ੀ ਕੌਣ ਹੈ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਉਣ ਲਈ ਪਹਿਲ ਹੈ।''''

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਪਿੰਡ ਵਿੱਚ ਲਗਭਗ ਹਰ ਸ਼ਖ਼ਸ ਇਸ ਲਈ ਦੁਖ਼ੀ ਹੈ ਕਿਉਂਕਿ ਦੋਵੇਂ ਹੀ ਪੱਖ ਉਨ੍ਹਾਂ ਦੇ ਆਪਣੇ ਹਨ। ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਕੁੜੀ ਵੀ ਤੇ ਸਲਾਖਾਂ ਪਿੱਛੇ ਪਹੁੰਚਣ ਵਾਲੇ ਮੁਲਜ਼ਮ ਵੀ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=JJpScI20Qkw

https://www.youtube.com/watch?v=hJhbrQXEDUM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)