''''ਬੁਲੰਦ ਭਾਰਤ ਦੀ ਬੁਲੰਦ ਤਸਵੀਰ'''' ਵਿੱਚ ਡਰ ਦੀ ਕਿੰਨੀ ਥਾਂ

12/06/2019 7:34:36 AM

Getty Images
ਰਾਹੁਲ ਬਜਾਜ ਨੇ ਆਲੋਚਨਾ ਲਈ ਹੌਂਸਲੇ ਦੀ ਕਮੀ, ਲਿੰਚਿੰਗ ਬਾਰੇ ਅਸਰਦਾਰ ਕਾਰਵਾਈਆਂ ਨਾ ਹੋਣ ''ਤੇ ਚਿੰਤਾ ਜ਼ਾਹਿਰ ਕੀਤੀ

"ਲੋਕ (ਉਦਯੋਗਪਤੀ) ਤੁਹਾਡੇ ਤੋਂ (ਮੋਦੀ ਸਰਕਾਰ) ਡਰਦੇ ਹਨ। ਜਦੋਂ ਯੂਪੀਏ-2 ਦੀ ਸਰਕਾਰ ਸੀ ਤਾਂ ਅਸੀਂ ਕਿਸੇ ਦੀ ਵੀ ਆਲੋਚਨਾ ਕਰ ਸਕਦੇ ਸੀ, ਪਰ ਹੁਣ ਸਾਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਜੇਕਰ ਅਸੀਂ ਖੁੱਲ੍ਹੇ ਤੌਰ ''ਤੇ ਆਲੋਚਨਾ ਕਰੀਏ ਤਾਂ ਤੁਸੀਂ ਇਸਨੂੰ ਪਸੰਦ ਕਰੋਗੇ।"

ਭਾਰਤ ਦੇ ਕੁਝ ਨਾਮੀਂ ਉਦਯੋਗਪਤੀਆਂ ਵਿੱਚੋਂ ਇੱਕ ਅਤੇ ਬਜਾਜ ਸਮੂਹ ਦੇ ਮੁਖੀ ਰਾਹੁਲ ਬਜਾਜ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਜਨਤਕ ਰੂਪ ਵਿੱਚ ਇਹ ਗੱਲ ਕਹਿਣ ਕਾਰਨ ਚਰਚਾ ਵਿੱਚ ਹਨ।

ਸੋਸ਼ਲ ਮੀਡੀਆ ''ਤੇ 81 ਸਾਲ ਦੇ ਰਾਹੁਲ ਬਜਾਜ ਬਾਰੇ ਕਾਫ਼ੀ ਕੁਝ ਲਿਖਿਆ ਜਾ ਰਿਹਾ ਹੈ। ਇੱਕ ਪਾਸੇ ਉਹ ਲੋਕ ਹਨ ਜੋ ਉਨ੍ਹਾਂ ਦੀ ਪ੍ਰਸੰਸਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇੱਕ ਉਦਯੋਗਪਤੀ ਨੇ ਸਰਕਾਰ ਦੇ ਖਿਲਾਫ਼ ਬੋਲਣ ਦੀ ਹਿੰਮਤ ਦਿਖਾਈ ਅਤੇ ਹਕੀਕਤ ਨੂੰ ਸਭ ਦੇ ਸਾਹਮਣੇ ਲਿਆ ਦਿੱਤਾ ਹੈ।

ਜਦੋਂਕਿ ਦੂਜੇ ਪਾਸੇ ਉਹ ਲੋਕ ਹਨ ਜੋ ਉਨ੍ਹਾਂ ਦੇ ਬਿਆਨ ਨੂੰ ਰਾਜਨੀਤੀ ਤੋਂ ਪ੍ਰੇਰਿਤ ਮੰਨ ਰਹੇ ਹਨ ਅਤੇ ਬਜਾਜ ਨੂੰ ''ਕਾਂਗਰਸ ਪ੍ਰੇਮੀ'' ਦੱਸ ਰਹੇ ਹਨ।

ਇਹ ਵੀ ਪੜ੍ਹੋ:

  • ਅਹਿਮਦ ਸ਼ਾਹ ਅਬਦਾਲੀ ਭਾਰਤੀਆਂ ਲਈ ਖ਼ਲਨਾਇਕ ਤੇ ਅਫ਼ਗਾਨਾਂ ਲਈ ''ਬਾਬਾ-ਏ-ਕੌਮ'' ਕਿਉਂ ਹੈ
  • ਉੱਤਰ ਪ੍ਰਦੇਸ਼ ’ਚ ਰੇਪ ਪੀੜਤ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼
  • ''ਜੇ ਗੁਜਰਾਲ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ 1984 ਕਤਲੇਆਮ ਨਾ ਹੁੰਦਾ''

ਸੋਸ਼ਲ ਮੀਡੀਆ ''ਤੇ ਰਾਹੁਲ ਬਜਾਜ ਦੇ ਕੁਝ ਵੀਡਿਓ ਵੀ ਸ਼ੇਅਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਉਹ ਜਵਾਹਰ ਲਾਲ ਨਹਿਰੂ ਨੂੰ ਆਪਣਾ ਪਸੰਦੀਦਾ ਪ੍ਰਧਾਨ ਮੰਤਰੀ ਕਹਿੰਦੇ ਹਨ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ਼ ਕਰਦੇ ਦਿਖਾਈ ਦੇ ਰਹੇ ਹਨ।

Getty Images
ਅਰੁਣ ਜੇਟਲੀ ਨਾਲ ਰਾਹੁਲ ਬਜਾਜ

ਪਰ ਦੱਖਣ ਪੰਥੀ ਵਿਚਾਰਧਾਰਾ ਵਾਲੀ ਭਾਜਪਾ ਸਰਕਾਰ ਦੇ ਜੋ ਸਮਰਥਕ ਇਸ ਵੀਡਿਓ ਦੇ ਆਧਾਰ ''ਤੇ ਰਾਹੁਲ ਬਜਾਜ ਨੂੰ ਕਾਂਗਰਸ ਦਾ ''ਚਾਪਲੂਸ'' ਦੱਸ ਰਹੇ ਹਨ, ਉਹ ਇਹ ਭੁੱਲ ਰਹੇ ਹਨ ਕਿ ਭਾਜਪਾ, ਐੱਨਸੀਪੀ ਅਤੇ ਸ਼ਿਵਸੈਨਾ ਦੇ ਸਮਰਥਨ ਨਾਲ ਹੀ ਸਾਲ 2006 ਵਿੱਚ ਰਾਹੁਲ ਬਜਾਜ ਆਜ਼ਾਦ ਉਮੀਦਵਾਰ ਦੇ ਤੌਰ ''ਤੇ ਰਾਜ ਸਭਾ ਮੈਂਬਰ ਚੁਣੇ ਗਏ ਸਨ।

ਬਜਾਜ ਨੇ ਅਵਿਨਾਸ਼ ਪਾਂਡੇ ਨੂੰ ਸੌ ਤੋਂ ਜ਼ਿਆਦਾ ਵੋਟਾਂ ਨਾਲ ਹਰਾ ਕੇ ਸੰਸਦ ਵਿੱਚ ਆਪਣੀ ਸੀਟ ਹਾਸਲ ਕੀਤੀ ਸੀ ਅਤੇ ਅਵਿਨਾਸ਼ ਪਾਂਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ।

ਜਿਸ ਸਮੇਂ ਰਾਹੁਲ ਬਜਾਜ ਨੇ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਉਦਯੋਗਪਤੀਆਂ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਦੇ ਕਥਿਤ ਭੈਅ ''ਤੇ ਟਿੱਪਣੀ ਕੀਤੀ ਤਾਂ ਅਮਿਤ ਸ਼ਾਹ ਨੇ ਉਸਦੇ ਜਵਾਬ ਵਿੱਚ ਕਿਹਾ ਸੀ, "ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਕੋਈ ਡਰਾਉਣਾ ਚਾਹੁੰਦਾ ਹੈ।"

ਪਰ ਸੁਆਲ ਹੈ ਕਿ ਕੀ ਭਾਜਪਾ ਦੇ ਸਮਰਥਕਾਂ ਨੇ ਰਾਹੁਲ ਬਜਾਜ ਦੀ ਆਲੋਚਨਾਤਮਕ ਟਿੱਪਣੀ ''ਤੇ ''ਹੱਲਾ ਮਚਾ ਕੇ'' ਗ੍ਰਹਿ ਮੰਤਰੀ ਦੀ ਗੱਲ ਨੂੰ ਹਲਕਾ ਨਹੀਂ ਕਰ ਦਿੱਤਾ ਹੈ?

ਇਸਦੇ ਜਵਾਬ ਵਿੱਚ ਸੀਨੀਅਰ ਪੱਤਰਕਾਰ ਟੀ. ਕੇ. ਅਰੁਣ ਨੇ ਕਿਹਾ, ''''ਇਹ ਇੱਕ ਨਵਾਂ ਰੁਝਾਨ ਬਣ ਚੁੱਕਾ ਹੈ। ਆਲੋਚਨਾ ਦੇ ਪਿੱਛੇ ਦੀ ਭਾਵਨਾ ਨਹੀਂ ਦੇਖੀ ਜਾ ਰਹੀ, ਸਿਰਫ਼ ਉਨ੍ਹਾਂ ਆਵਾਜ਼ਾਂ ਖਿਲਾਫ਼ ਹੰਗਾਮਾ ਕੀਤਾ ਜਾ ਰਿਹਾ ਹੈ।"

"ਬਜਾਜ ਨੇ ਜੋ ਟਿੱਪਣੀ ਕੀਤੀ ਹੈ, ਉਹ ਇਸ ਲਈ ਅਹਿਮ ਹੈ ਕਿਉਂਕਿ ਕਿਸੇ ਨੇ ਕੁਝ ਬੋਲਿਆ ਤਾਂ ਸਹੀ, ਨਹੀਂ ਤਾਂ ਸੀਆਈਆਈ ਦੀਆਂ ਬੰਦ ਕਮਰੇ ਵਾਲੀਆਂ ਬੈਠਕਾਂ ਵਿੱਚ ਉਦਯੋਗਪਤੀ ਜੋ ਚਿੰਤਾਵਾਂ ਪਿਛਲੇ ਕੁਝ ਸਮੇਂ ਤੋਂ ਜ਼ਾਹਿਰ ਕਰ ਰਹੇ ਹਨ, ਉਨ੍ਹਾਂ ਬਾਰੇ ਉਹ ਖੁੱਲ੍ਹ ਕੇ ਗੱਲ ਕਰਨ ਤੋਂ ਬਚਦੇ ਹਨ।''''

Getty Images
ਰਾਹੁਲ ਬਜਾਜ ਦੇ ਪਰਿਵਾਰ ਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਕਾਫ਼ੀ ਨੇੜਤਾ ਰਹੀ ਹੈ।

ਟੀ. ਕੇ. ਅਰੁਣ ਨੂੰ ਲੱਗਦਾ ਹੈ ਕਿ ਬਜਾਜ ਦਾ ਇਹ ਬਿਆਨ ਕਿਸੇ ਇੱਕ ਪਾਰਟੀ ਦੇ ਖਿਲਾਫ਼ ਨਹੀਂ ਹੈ, ਬਲਕਿ ਉਹ ਪਹਿਲਾਂ ਵੀ ਅਜਿਹੇ ਬਿਆਨ ਦੇ ਕੇ ਸੁਰਖੀਆਂ ਬਟੋਰ ਚੁੱਕੇ ਹਨ।

ਮਹਾਤਮਾ ਗਾਂਧੀ ਦਾ ''ਪੰਜਵਾਂ ਪੁੱਤਰ''

ਜੂਨ 1938 ਵਿੱਚ ਪੈਦਾ ਹੋਏ ਰਾਹੁਲ ਬਜਾਜ ਉਨ੍ਹਾਂ ਚੋਣਵੇਂ ਉਦਯੋਗਿਕ ਘਰਾਣਿਆਂ ਦੇ ਇੱਕ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਕਾਫ਼ੀ ਨੇੜਤਾ ਰਹੀ ਹੈ।

ਉਨ੍ਹਾਂ ਦੇ ਦਾਦਾ ਜਮਨਾਲਾਲ ਬਜਾਜ ਨੇ 1920 ਦੇ ਦਹਾਕੇ ਵਿੱਚ 20 ਤੋਂ ਜ਼ਿਆਦਾ ਕੰਪਨੀਆਂ ਵਾਲੇ ''ਬਜਾਜ ਕੰਪਨੀ ਸਮੂਹ'' ਦੀ ਸਥਾਪਨਾ ਕੀਤੀ ਸੀ।

ਜਨਤਕ ਤੌਰ ''ਤੇ ਉਪਲੱਬਧ ਸੂਚਨਾਵਾਂ ਅਨੁਸਾਰ ਰਾਜਸਥਾਨ ਦੇ ਮਾਰਵਾੜੀ ਭਾਈਚਾਰੇ ਤੋਂ ਆਉਣ ਵਾਲੇ ਜਮਨਾਲਾਲ ਨੂੰ ਉਨ੍ਹਾਂ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਗੋਦ ਲਿਆ ਸੀ।

ਇਹ ਪਰਿਵਾਰ ਮਹਾਰਾਸ਼ਟਰ ਦੇ ਵਰਧਾ ਵਿੱਚ ਰਹਿੰਦਾ ਸੀ। ਇਸ ਲਈ ਵਰਧਾ ਤੋਂ ਹੀ ਜਮਨਾਲਾਲ ਨੇ ਆਪਣੇ ਵਪਾਰ ਨੂੰ ਚਲਾਇਆ ਅਤੇ ਵਧਾਇਆ।

ਬਾਅਦ ਵਿੱਚ ਉਹ ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਦੇ ਆਸ਼ਰਮ ਲਈ ਜਮਨਾਲਾਲ ਬਜਾਜ ਨੇ ਜ਼ਮੀਨ ਵੀ ਦਾਨ ਕੀਤੀ।

ਜਮਨਾਲਾਲ ਬਜਾਜ ਦੇ ਪੰਜ ਬੱਚੇ ਸਨ। ਕਮਲਨਯਨ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸਨ। ਫਿਰ ਤਿੰਨ ਭੈਣਾਂ ਤੋਂ ਬਾਅਦ ਰਾਮ ਕ੍ਰਿਸ਼ਨ ਬਜਾਜ ਉਨ੍ਹਾਂ ਦੇ ਛੋਟੇ ਬੇਟੇ ਸਨ।

Getty Images
ਮੁਕੇਸ਼ ਅੰਬਾਨੀ ਨਾਲ ਰਾਹੁਲ ਬਜਾਜ

ਰਾਹੁਲ ਬਜਾਜ ਕਮਲਨਯਨ ਬਜਾਜ ਦੇ ਵੱਡੇ ਪੁੱਤਰ ਹਨ ਅਤੇ ਰਾਹੁਲ ਦੇ ਦੋਵੇਂ ਬੇਟੇ ਰਾਜੀਵ ਅਤੇ ਸੰਜੀਵ ਮੌਜੂਦਾ ਸਮੇਂ ਵਿੱਚ ਬਜਾਜ ਗਰੁੱਪ ਦੀਆਂ ਕੁਝ ਵੱਡੀਆਂ ਕੰਪਨੀਆਂ ਨੂੰ ਸੰਭਾਲਦੇ ਹਨ। ਕੁਝ ਹੋਰ ਕੰਪਨੀਆਂ ਨੂੰ ਰਾਹੁਲ ਬਜਾਜ ਦੇ ਛੋਟੇ ਭਾਈ ਅਤੇ ਉਨ੍ਹਾਂ ਦੇ ਚਚੇਰੇ ਭਾਈ ਸੰਭਾਲਦੇ ਹਨ।

ਬਜਾਜ ਪਰਿਵਾਰ ਨੂੰ ਨਜ਼ਦੀਕ ਤੋਂ ਜਾਣਨ ਵਾਲੇ ਕਹਿੰਦੇ ਹਨ ਕਿ ਜਮਨਾਲਾਲ ਨੂੰ ਮਹਾਤਮਾ ਗਾਂਧੀ ਦਾ ''ਪੰਜਵਾਂ ਪੁੱਤਰ'' ਵੀ ਕਿਹਾ ਜਾਂਦਾ ਸੀ। ਇਸੀ ਵਜ੍ਹਾ ਨਾਲ ਨਹਿਰੂ ਵੀ ਜਮਨਾਲਾਲ ਦਾ ਸਤਿਕਾਰ ਕਰਦੇ ਸਨ।

ਇਹ ਵੀ ਪੜ੍ਹੋ:

  • ''ਜਦੋਂ ਮੈ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...''
  • ਕੀ ਹੈ "USB ਕੰਡੋਮ" ਤੇ ਇਸ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?
  • ''ਜੇ ਮੇਰੇ ਬੇਟੇ ਨੇ ਅਜਿਹਾ ਕੀਤਾ ਹੈ ਤਾਂ ਉਸਨੂੰ ਫਾਂਸੀ ਹੋਵੇ''

ਗਾਂਧੀ ਪਰਿਵਾਰ ਅਤੇ ਬਜਾਜ ਪਰਿਵਾਰ ਦਾ ਕਿੱਸਾ

ਗਾਂਧੀ ਪਰਿਵਾਰ ਅਤੇ ਬਜਾਜ ਪਰਿਵਾਰ ਵਿਚਕਾਰ ਨਜ਼ਦੀਕੀਆਂ ਨੂੰ ਸਮਝਾਉਣ ਲਈ ਇੱਕ ਕਿੱਸਾ ਕਈ ਵਾਰ ਸੁਣਾਇਆ ਜਾਂਦਾ ਹੈ।

ਇਹ ਚਰਚਿਤ ਕਿੱਸਾ ਇਸ ਤਰ੍ਹਾਂ ਹੈ ਕਿ ਜਦੋਂ ਰਾਹੁਲ ਬਜਾਜ ਦਾ ਜਨਮ ਹੋਇਆ ਤਾਂ ਇੰਦਰਾ ਗਾਂਧੀ ਕਾਂਗਰਸ ਨੇਤਾ ਕਮਲਨਯਨ ਬਜਾਜ (ਰਾਹੁਲ ਦੇ ਪਿਤਾ) ਦੇ ਘਰ ਪਹੁੰਚੀ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੇ ਉਸਦੀ ਇੱਕ ਕੀਮਤੀ ਚੀਜ਼ ਲੈ ਲਈ ਹੈ।

ਇਹ ਸੀ ਨਾਂ ''ਰਾਹੁਲ'' ਜੋ ਜਵਾਹਰ ਲਾਲ ਨਹਿਰੂ ਨੂੰ ਬਹੁਤ ਪਸੰਦ ਸੀ ਅਤੇ ਉਨ੍ਹਾਂ ਨੇ ਇਸਨੂੰ ਇੰਦਰਾ ਗਾਂਧੀ ਦੇ ਬੇਟੇ ਲਈ ਸੋਚ ਕੇ ਰੱਖਿਆ ਸੀ, ਪਰ ਨਹਿਰੂ ਨੇ ਇਹ ਨਾਂ ਆਪਣੇ ਸਾਹਮਣੇ ਪੈਦਾ ਹੋਏ ਕਮਲਨਯਨ ਬਜਾਜ ਦੇ ਬੇਟੇ ਨੂੰ ਦੇ ਦਿੱਤਾ।

ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਇੰਦਰਾ ਗਾਂਧੀ ਨੇ ਰਾਜੀਵ ਗਾਂਧੀ ਦੇ ਬੇਟੇ ਦਾ ਨਾਂ ਰਾਹੁਲ ਇਸੀ ਵਜ੍ਹਾ ਨਾਲ ਰੱਖਿਆ ਸੀ ਕਿ ਇਹ ਨਾਂ ਉਸਦੇ ਪਿਤਾ ਨੂੰ ਬਹੁਤ ਪਸੰਦ ਸੀ।

ਫਿਰ 1920 ਦੇ ਦਹਾਕੇ ਵਿੱਚ ਜਿਸਦੇ ''ਆਜ਼ਾਦੀ ਘੁਲਾਟੀਏ'' ਦਾਦਾ ਨੇ ਪੂਰੇ ਪਰਿਵਾਰ ਸਮੇਤ ਖਾਦੀ ਅਪਣਾਉਣ ਲਈ ਵਿਦੇਸ਼ੀ ਕੱਪੜਿਆਂ ਨੂੰ ਅੱਗ ਲਾ ਦਿੱਤੀ ਸੀ, ਉਸਦਾ ਪੋਤਾ ਕਿਵੇਂ ਆਜ਼ਾਦ ਭਾਰਤ ਵਿੱਚ ਪੂੰਜੀਵਾਦ ਦੇ ਚਰਚਿਤ ਚਿਹਰਿਆਂ ਵਿੱਚੋਂ ਇੱਕ ਬਣਿਆ। ਇਹ ਕਹਾਣੀ ਵੀ ਦਿਲਚਸਪ ਹੈ।

''ਲਾਇਸੈਂਸ ਰਾਜ'' ਵਿੱਚ ਬਜਾਜ ਮੁਕੇਸ਼ ਅੰਬਾਨੀ ਨਾਲ

ਆਪਣੇ ਪਿਤਾ ਕਮਲਨਯਨ ਬਜਾਜ ਦੀ ਤਰ੍ਹਾਂ ਰਾਹੁਲ ਬਜਾਜ ਨੇ ਵੀ ਵਿਦੇਸ਼ ਤੋਂ ਪੜ੍ਹਾਈ ਕੀਤੀ।

Getty Images
ਰਾਹੁਲ ਬਜਾਜ ਇੰਗਲੈਂਡ ਦੇ ਰਾਜਕੁਮਾਰ ਚਾਰਲਸ ਨਾਲ

ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫਨ ਕਾਲਜ ਤੋਂ ਇਕਨੌਮਿਕ ਆਨਰਜ਼ ਕਰਨ ਦੇ ਬਾਅਦ ਰਾਹੁਲ ਬਜਾਜ ਨੇ ਲਗਭਗ ਤਿੰਨ ਸਾਲ ਤੱਕ ਬਜਾਜ ਇਲੈੱਕਟ੍ਰੀਕਲਜ਼ ਕੰਪਨੀ ਵਿੱਚ ਟਰੇਨਿੰਗ ਕੀਤੀ। ਇਸੀ ਦੌਰਾਨ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਵਕਾਲਤ ਦੀ ਪੜ੍ਹਾਈ ਵੀ ਕੀਤੀ।

ਰਾਹੁਲ ਬਜਾਜ ਨੇ 60 ਦੇ ਦਹਾਕੇ ਵਿੱਚ ਅਮਰੀਕਾ ਦੇ ਹਾਵਰਡ ਬਿਜ਼ਨਸ ਸਕੂਲ ਤੋਂ ਐੱਮਬੀਏ ਦੀ ਡਿਗਰੀ ਲਈ ਸੀ।

ਪੜ੍ਹਾਈ ਪੂਰੀ ਕਰਨ ਦੇ ਬਾਅਦ ਸਾਲ 1968 ਵਿੱਚ 30 ਸਾਲ ਦੀ ਉਮਰ ਵਿੱਚ ਜਦੋਂ ਰਾਹੁਲ ਬਜਾਜ ਨੇ ''ਬਜਾਜ ਆਟੋ ਲਿਮਟਿਡ'' ਦੇ ਸੀਈਓ ਦਾ ਪਦ ਸੰਭਾਲਿਆ ਤਾਂ ਕਿਹਾ ਗਿਆ ਕਿ ਇਹ ਮੁਕਾਮ ਹਾਸਲ ਕਰਨ ਵਾਲੇ ਉਹ ਸਭ ਤੋਂ ਨੌਜਵਾਨ ਭਾਰਤੀ ਹਨ।

ਉਸ ਦੌਰ ਨੂੰ ਯਾਦ ਕਰਦੇ ਹੋਏ ਅਰਥਸ਼ਾਸਤਰੀ ਮੋਹਨ ਗੁਰੂਸਵਾਮੀ ਕਹਿੰਦੇ ਹਨ, ''''ਜਦੋਂ ਰਾਹੁਲ ਬਜਾਜ ਦੇ ਹੱਥਾਂ ਵਿੱਚ ਕੰਪਨੀ ਦੀ ਕਮਾਨ ਆਈ ਤਾਂ ਦੇਸ਼ ਵਿੱਚ ''ਲਾਇਸੈਂਸ ਰਾਜ'' ਸੀ। ਯਾਨੀ ਦੇਸ਼ ਵਿੱਚ ਅਜਿਹੀਆਂ ਨੀਤੀਆਂ ਲਾਗੂ ਸਨ ਜਿਨ੍ਹਾਂ ਅਨੁਸਾਰ ਬਿਨਾਂ ਸਰਕਾਰ ਦੀ ਮਰਜ਼ੀ ਦੇ ਉਦਯੋਗਪਤੀ ਕੁਝ ਨਹੀਂ ਕਰ ਸਕਦੇ ਸਨ।

ਇਹ ਵਪਾਰੀਆਂ ਲਈ ਮੁਸ਼ਕਿਲ ਸਥਿਤੀ ਸੀ। ਉਤਪਾਦਨ ਦੀਆਂ ਸੀਮਾਵਾਂ ਤੈਅ ਸਨ। ਉਦਯੋਗਪਤੀ ਚਾਹ ਕੇ ਵੀ ਮੰਗ ਅਨੁਸਾਰ ਪੂਰਤੀ ਨਹੀਂ ਕਰ ਸਕਦੇ ਸਨ। ਉਸ ਦੌਰ ਵਿੱਚ ਅਜਿਹੀਆਂ ਕੰਪਨੀਆਂ ਚੱਲਦੀਆਂ ਸਨ ਕਿ ਕਿਸੇ ਨੇ ਸਕੂਟਰ ਬੁੱਕ ਕਰਾਇਆ ਤਾਂ ਡਲਿਵਰੀ ਕਈ ਸਾਲ ਬਾਅਦ ਮਿਲੀ।''''

''''ਯਾਨੀ ਜਿਨ੍ਹਾਂ ਪ੍ਰਸਥਿਤੀਆਂ ਵਿੱਚ ਹੋਰ ਨਿਰਮਾਤਾਵਾਂ ਲਈ ਕੰਮ ਕਰਨਾ ਮੁਸ਼ਕਿਲ ਸੀ, ਉਨ੍ਹਾਂ ਪ੍ਰਸਥਿਤੀਆਂ ਵਿੱਚ ਬਜਾਜ ਨੇ ਕਥਿਤ ਤੌਰ ''ਤੇ ਨਿਰੰਕੁਸ਼ ਤਰੀਕੇ ਨਾਲ ਉਤਪਾਦਨ ਕੀਤਾ ਅਤੇ ਖੁਦ ਨੂੰ ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ।''''

ਹਾਲਾਂਕਿ ਲੰਘੇ ਦੋ ਦਹਾਕਿਆਂ ਵਿੱਚ ਰਾਹੁਲ ਬਜਾਜ ਨੇ ਜੋ ਵੀ ਵੱਡੇ ਇੰਟਰਵਿਊ ਦਿੱਤੇ ਹਨ, ਉਨ੍ਹਾਂ ਵਿੱਚ ''ਲਾਇਸੈਂਸ ਰਾਜ'' ਨੂੰ ਇੱਕ ਗਲਤ ਵਿਵਸਥਾ ਦੱਸਦੇ ਹੋਏ ਉਨ੍ਹਾਂ ਨੇ ਉਸਦੀ ਆਲੋਚਨਾ ਹੀ ਕੀਤੀ ਹੈ।

ਉਹ ਇਹ ਦਾਅਵਾ ਕਰਦੇ ਆਏ ਹਨ ਕਿ ਬਜਾਜ ਚੇਤਕ (ਸਕੂਟਰ) ਅਤੇ ਫਿਰ ਬਜਾਜ ਪਲਸਰ (ਮੋਟਰਸਾਈਕਲ) ਵਰਗੇ ਉਤਪਾਦਾਂ ਨੇ ਬਾਜ਼ਾਰ ਵਿੱਚ ਉਨ੍ਹਾਂ ਦੇ ਬਰਾਂਡ ਦੀ ਭਰੋਸੇਯੋਗਤਾ ਨੂੰ ਵਧਾਇਆ ਅਤੇ ਇਸੀ ਵਜ੍ਹਾ ਨਾਲ ਕੰਪਨੀ 1965 ਵਿੱਚ ਤਿੰਨ ਕਰੋੜ ਦੇ ਟਰਨਓਵਰ ਤੋਂ 2008 ਵਿੱਚ ਲਗਭਗ ਦਸ ਹਜ਼ਾਰ ਕਰੋੜ ਦੇ ਟਰਨਓਵਰ ਤੱਕ ਪਹੁੰਚ ਸਕੀ।

Getty Images

ਬਿਆਨ ਦਾ ਕੁਝ ਅਸਰ ਹੋਵੇਗਾ?

ਰਾਹੁਲ ਬਜਾਜ ਨੇ ਆਪਣੇ ਜੀਵਨ ਵਿੱਚ ਜੋ ਮੁਕਾਮ ਹਾਸਲ ਕੀਤਾ ਹੈ, ਉਸਦਾ ਸਿਹਰਾ ਉਹ ਆਪਣੀ ਪਤਨੀ ਰੂਪਾ ਘੋਲਪ ਨੂੰ ਵੀ ਦਿੰਦੇ ਹਨ।

ਸੀਨੀਅਰ ਪੱਤਰਕਾਰ ਕਰਨ ਥਾਪਰ ਨੂੰ ਸਾਲ 2016 ਵਿੱਚ ਦਿੱਤੀ ਗਈ ਇੰਟਰਵਿਊ ਵਿੱਚ ਰਾਹੁਲ ਬਜਾਜ ਨੇ ਕਿਹਾ ਸੀ ਕਿ 1961 ਵਿੱਚ ਜਦੋਂ ਰੂਪਾ ਅਤੇ ਮੇਰਾ ਵਿਆਹ ਹੋਇਆ ਤਾਂ ਭਾਰਤ ਦੇ ਪੂਰੇ ਮਾਰਵਾੜੀ-ਰਾਜਸਥਾਨੀ ਉਦਯੋਗਪਤੀ ਘਰਾਣਿਆਂ ਵਿੱਚ ਉਹ ਪਹਿਲੀ ਲਵ ਮੈਰਿਜ ਸੀ।

ਰੂਪਾ ਮਹਾਰਾਸ਼ਟਰ ਦੀ ਬ੍ਰਾਹਮਣ ਸੀ। ਉਸਦੇ ਪਿਤਾ ਸਿਵਲ ਸਰਵੈਂਟ ਸਨ ਅਤੇ ਸਾਡਾ ਵਪਾਰੀ ਪਰਿਵਾਰ ਸੀ ਤਾਂ ਦੋਵੇਂ ਪਰਿਵਾਰਾਂ ਵਿੱਚ ਤਾਲਮੇਲ ਬਿਠਾਉਣਾ ਥੋੜ੍ਹਾ ਮੁਸ਼ਕਿਲ ਸੀ, ਪਰ ਮੈਂ ਰੂਪਾ ਦਾ ਬਹੁਤ ਸਤਿਕਾਰ ਕਰਦਾ ਹਾਂ ਕਿਉਂਕਿ ਉਸਤੋਂ ਮੈਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ।

ਰਾਹੁਲ ਬਜਾਜ ਨਾ ਸਿਰਫ਼ ਇੱਕ ਵਾਰ ਰਾਜ ਸਭਾ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ, ਬਲਕਿ ਭਾਰਤੀ ਉਦਯੋਗ ਸੰਘ ਯਾਨੀ ਸੀਆਈਆਈ ਦੇ ਪ੍ਰਧਾਨ ਰਹੇ ਹਨ।

ਸੁਸਾਇਟੀ ਆਫ ਇੰਡੀਅਨ ਆਟੋਮੋਬਿਲ ਮੈਨੂਫੈਕਚਰਜ਼ (ਸਿਆਮ) ਦੇ ਪ੍ਰਧਾਨ ਰਹੇ ਹਨ, ਇੰਡੀਅਨ ਏਅਰਲਾਇਨਜ਼ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ''ਪਦਮ ਭੂਸ਼ਣ'' ਪ੍ਰਾਪਤ ਕਰ ਚੁੱਕੇ ਹਨ।

Getty Images
ਰਾਹੁਲ ਦੀ ਟਿੱਪਣੀ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ

ਉਨ੍ਹਾਂ ਦੇ ਇਸੀ ਤਜਰਬੇ ਦਾ ਹਵਾਲਾ ਦਿੰਦੇ ਹੋਏ ਸੀਨੀਅਰ ਪੱਤਰਕਾਰ ਟੀ. ਕੇ. ਅਰੁਣ ਕਹਿੰਦੇ ਹਨ ਕਿ ਰਾਹੁਲ ਬਜਾਜ ਦੀਆਂ ਗੱਲਾਂ ਦਾ ਇੱਕ ਵਜ਼ਨ ਹੈ ਜਿਸਨੂੰ ਐਂਵੇ ਹੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

ਉਹ ਦੱਸਦੇ ਹਨ, ''''1992-94 ਵਿੱਚ ਹੋਏ ਇੰਡਸਟਰੀ ਰਿਫਾਰਮ ਖਿਲਾਫ਼ ਵੀ ਰਾਹੁਲ ਬਜਾਜ ਖੁੱਲ੍ਹ ਕੇ ਬੋਲੇ ਸਨ। ਉਨ੍ਹਾਂ ਦਾ ਤਰਕ ਸੀ ਕਿ ਇਸ ਨਾਲ ਭਾਰਤੀ ਇੰਡਸਟਰੀ ਨੂੰ ਧੱਕਾ ਲੱਗੇਗਾ ਅਤੇ ਦੇਸੀ ਕੰਪਨੀਆਂ ਲਈ ਮੁਕਾਬਲਾ ਮੁਸ਼ਕਿਲ ਹੋ ਜਾਵੇਗਾ।''''

ਰਾਹੁਲ ਬਜਾਜ ਨੇ ਭਾਰਤੀ ਉਦਯੋਗਪਤੀਆਂ ਵੱਲੋਂ ਇਹ ਗੱਲ ਉਠਾਈ ਸੀ ਕਿ ਵਿਦੇਸ਼ੀ ਕੰਪਨੀਆਂ ਨੂੰ ਭਾਰਤ ਵਿੱਚ ਖੁੱਲ੍ਹਾ ਵਪਾਰ ਕਰਨ ਦੇਣ ਤੋਂ ਪਹਿਲਾਂ ਦੇਸੀ ਕੰਪਨੀਆਂ ਨੂੰ ਵੀ ਬਰਾਬਰ ਦੀਆਂ ਸਹੂਲਤਾਂ ਅਤੇ ਉਸ ਤਰ੍ਹਾਂ ਦਾ ਹੀ ਮਾਹੌਲ ਦਿੱਤਾ ਜਾਵੇ ਤਾਂ ਕਿ ਵਿਦੇਸ਼ੀ ਕੰਪਨੀਆਂ ਭਾਰਤੀ ਕੰਪਨੀਆਂ ਲਈ ਖ਼ਤਰਾ ਨਾ ਬਣ ਸਕਣ।

ਹਾਲਾਂਕਿ ਟੀ. ਕੇ. ਅਰੁਣ ਕਹਿੰਦੇ ਹਨ ਕਿ ਉਸ ਵਕਤ ਵੀ ਸਰਕਾਰ ਨਾਲ ਵੈਰ ਨਾ ਲੈਣ ਦੇ ਚੱਕਰ ਵਿੱਚ ਘੱਟ ਹੀ ਉਦਯੋਗਪਤੀ ਇਸ ''ਤੇ ਖੁੱਲ੍ਹ ਕੇ ਬੋਲ ਰਹੇ ਸਨ ਅਤੇ ਇਸ ਵਾਰ ਵੀ ਬਜਾਜ ਦਾ ਬਿਆਨ ਘੱਟ ਹੀ ਲੋਕਾਂ ਵਿੱਚ ਬੋਲਣ ਦੀ ਹਿੰਮਤ ਪਾ ਸਕੇਗਾ।

ਪੀਐੱਮ ਮੋਦੀ ਤੋਂ ਸਨ ਉਮੀਦਾਂ!

ਸਾਲ 2004 ਵਿੱਚ ਜਦੋਂ ਨਰਿੰਦਰ ਦਾਮੋਦਰ ਦਾਸ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕੀ ਸੀ, ਉਦੋਂ ਰਾਹੁਲ ਬਜਾਜ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੀਐੱਮ ਮੋਦੀ ਤੋਂ ਕਾਫ਼ੀ ਉਮੀਦਾਂ ਹਨ ਕਿਉਂਕਿ ਯੂਪੀਏ-2 ਇੱਕ ਵੱਡੀ ਅਸਫਲਤਾ ਰਹੀ ਅਤੇ ਜਿਸਦੇ ਬਾਅਦ ਮੋਦੀ ਕੋਲ ਕਰਨ ਨੂੰ ਬਹੁਤ ਕੁਝ ਹੋਵੇਗਾ।

ਪਰ ਪੰਜ ਸਾਲ ਦੇ ਅੰਦਰ ਰਾਹੁਲ ਬਜਾਜ ਦੀ ਇਹ ਸੋਚ ਕਾਫ਼ੀ ਬਦਲੀ ਹੋਈ ਨਜ਼ਰ ਆਈ ਹੈ।

Getty Images
ਰਾਹੁਲ ਬਜਾਜ ਤੋਂ ਬਾਅਦ ਬਾਇਓਕਾਨ ਦੀ ਪ੍ਰਬੰਧਕੀ ਨਿਰਦੇਸ਼ਕ ਕਿਰਣ ਮਜੂਮਦਾਰ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਆਲੋਚਨਾ ਸੁਣਨਾ ਨਹੀਂ ਚਾਹੁੰਦੀ।

ਅਰਥਸ਼ਾਸਤਰੀ ਮੋਹਨ ਗੁਰੂਸਵਾਮੀ ਇਸ ''ਤੇ ਆਪਣੀ ਰਾਇ ਦੱਸਦੇ ਹਨ। ਉਹ ਕਹਿੰਦੇ ਹਨ, ''''ਭਾਰਤੀ ਉਦਯੋਗਪਤੀਆਂ ਨੂੰ ਮਨਮਾਨੇ ਢੰਗ ਨਾਲ ਵਪਾਰ ਕਰਨ ਦੀ ਆਦਤ ਲੱਗੀ ਹੋਈ ਹੈ। ਭਾਰਤ ਵਿੱਚ ਛੋਟ ਲੈ ਕੇ ਵਿਦੇਸ਼ਾਂ ਵਿੱਚ ਨਿਵੇਸ਼ ਕਰਨਾ, ਨਵਾਂ ਰੁਝਾਨ ਬਣ ਚੁੱਕਾ ਹੈ।"

"ਲੋਕ ਕਰਜ਼ਾ ਲੈ ਕੇ ਵਾਪਸ ਕਰਨ ਲਈ ਇਮਾਨਦਾਰ ਨਹੀਂ ਹਨ। ਕੁਝ ਕਾਨੂੰਨ ਸਖ਼ਤ ਕੀਤੇ ਗਏ ਹਨ ਤਾਂ ਉਨ੍ਹਾਂ ਨੂੰ ਡਰ ਦਾ ਨਾਂ ਦਿੱਤਾ ਜਾ ਰਿਹਾ ਹੈ, ਜਦੋਂਕਿ ਡਰ ਦੀ ਗੱਲ ਕਰਨ ਵਾਲੇ ਉਹ ਹੀ ਹਨ ਜਿਨ੍ਹਾਂ ਨੇ ਕਰੋੜਾਂ ਰੁਪਏ ਦੀ ਫੰਡਿੰਗ ਦੇ ਕੇ ਇਹ ਸਰਕਾਰ ਬਣਵਾਈ ਹੈ।"

"ਭਾਜਪਾ ਨੇ ਚੋਣ ਕਮਿਸ਼ਨ ਨੂੰ ਦੱਸਿਆ ਤਾਂ ਹੈ ਕਿ ਕਾਰਪੋਰੇਟ ਜਗਤ ਨੇ ਚੋਣਾਂ ਵਿੱਚ ਉਨ੍ਹਾਂ ਨੂੰ ਕਿੰਨਾ ਫੰਡ ਦਿੱਤਾ ਹੈ, ਪਰ ਇਹ ਲੋਕ ਕਦੇ ਨਹੀਂ ਕਹਿੰਦੇ ਕਿ ਡੋਨੇਸ਼ਨ ਲਈ ਸਾਨੂੰ ਡਰਾਇਆ ਜਾ ਰਿਹਾ ਹੈ ਕਿਉਂਕਿ ਉਸ ਸਮੇਂ ਇਹ ਲੋਕ ਆਪਣੇ ਲਈ ''ਸੁਰੱਖਿਆ ਅਤੇ ਸਰਕਾਰ ਵਿੱਚ ਦਖਲ ਰੱਖਣ ਦੀਆਂ ਉਮੀਦਾਂ ਖਰੀਦ ਰਹੇ ਹੁੰਦੇ ਹਨ।''''

ਗੁਰੂਸਵਾਮੀ ਕਹਿੰਦੇ ਹਨ, ''''ਲਗਾਤਾਰ ਗਿਰ ਰਹੇ ਜੀਡੀਪੀ ਦੇ ਨੰਬਰਾਂ ਅਤੇ ਅਰਥਵਿਵਸਥਾ ਵਿੱਚ ਸੁਸਤੀ ਨੂੰ ਆਧਾਰ ਬਣਾ ਕੇ ਉਦਯੋਗਪਤੀ ਪਹਿਲਾਂ ਹੀ ਸਰਕਾਰ ਤੋਂ ਕਾਰਪੋਰੇਟ ਟੈਕਸ ਤੋਂ ਛੋਟ ਲੈ ਚੁੱਕੇ ਹਨ। ਹੋ ਸਕਦਾ ਹੈ ਕਿ ਬਜਾਜ ਜਿਸ ਡਰ ਦਾ ਜ਼ਿਕਰ ਕਰ ਰਹੇ ਹਨ, ਉਸਨੂੰ ਆਧਾਰ ਬਣਾ ਕੇ ਉਦਯੋਗਪਤੀ ਫਿਲਹਾਲ ਬੈਕਫੁੱਟ ''ਤੇ ਚੱਲ ਰਹੀ ਸਰਕਾਰ ਤੋਂ ਕਿਸੇ ਨਵੀਂ ਰਿਆਇਤ ਦੀ ਮੰਗ ਕਰਨ।''''

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=M2cj-Qa4DXA

https://www.youtube.com/watch?v=r24whrYgQks

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)