ਭਾਰਤੀਆਂ ਲਈ ਖ਼ਲਨਾਇਕ ਅਹਿਮਦ ਸ਼ਾਹ ਅਬਦਾਲੀ ਅਫ਼ਗਾਨ ਚ ''''ਬਾਬਾ-ਏ-ਕੌਮ'''' ਕਿਉਂ ਹੈ

12/05/2019 7:34:32 PM

ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਵਿੱਚ ਖ਼ਲਨਾਇਕ ਅਤੇ ਅਫ਼ਗਾਨਿਸਤਾਨ ਵਿੱਚ ''ਬਾਬਾ-ਏ-ਕੌਮ'' ਮੰਨਿਆ ਜਾਂਦਾ ਹੈ।

6 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਬਾਲੀਵੁੱਡ ਫ਼ਿਲਮ ''ਪਾਣੀਪਤ'' ਇਤਿਹਾਸ ਦੀਆਂ ਸਭ ਤੋਂ ਵੱਡੀਆਂ ਅਤੇ ਮਸ਼ਹੂਰ ਜੰਗਾਂ ਵਿੱਚੋਂ ਇੱਕ ''ਤੇ ਆਧਾਰਿਤ ਹੈ।

ਇਹ ਜੰਗ ਲਗਭਗ 260 ਸਾਲ ਪਹਿਲਾਂ ਲੜੀ ਗਈ ਸੀ। ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਉਤਸ਼ਾਹ ਵੀ ਹੈ ਅਤੇ ਇੱਕ ਤਬਕਾ ਇਸ ਪ੍ਰਤੀ ਫ਼ਿਕਰਮੰਦ ਵੀ ਹੈ।

ਅਸੀਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੈ ਕਿ ਪਾਣੀਪਤ ਦੀ ਤੀਜੀ ਲੜਾਈ ਮਰਾਠਿਆਂ ਅਤੇ ਅਫ਼ਗਾਨ ਸੈਨਾ ਵਿਚਕਾਰ ਹੋਈ ਸੀ।

14 ਜਨਵਰੀ, 1761 ਨੂੰ ਹੋਈ ਇਸ ਲੜਾਈ ਵਿੱਚ ਅਫ਼ਗਾਨ ਸੈਨਾ ਦੀ ਕਮਾਂਡ ਅਹਿਮਦ ਸ਼ਾਹ ਅਬਦਾਲੀ-ਦੁੱਰਾਨੀ ਦੇ ਹੱਥਾਂ ਵਿੱਚ ਸੀ।


6 ਦਸੰਬਰ ਨੂੰ ਰੀਲੀਜ਼ ਹੋ ਰਹੀ ਹਿੰਦੀ ਫ਼ਿਲਮ ''ਪਾਣੀਪਤ'' ਇਤਿਹਾਸ ਦੀਆਂ ਸਭ ਤੋਂ ਵੱਡੀਆਂ ਅਤੇ ਮਸ਼ਹੂਰ ਜੰਗਾਂ ਵਿੱਚੋਂ ਇੱਕ ''ਤੇ ਆਧਾਰਿਤ ਹੈ। ਇਹ ਲੜਾਈ ਅਹਿਮਦ ਸ਼ਾਹ ਅਬਦਾਲੀ ਤੇ ਮਰਾਠਾ ਫ਼ੌਜਾਂ ਦਰਮਿਆਨ ਲੜੀ ਗਈ ਸੀ। ਭਾਰਤੀ ਇਲਾਕਿਆਂ ਉੱਤੇ ਲਗਾਤਾਰ ਹਮਲੇ ਕਰਨ ਕਰਕੇ ਭਾਰਤੀ ਲੋਕ ਅਬਦਾਲੀ ਨੂੰ ਖਲਨਾਇਕ ਤੇ ਬੇਰਹਿਮ ਕਾਤਲ ਮੰਨਦੇ ਹਨ। ਇਸ ਦੇ ਉਲਟ ਅਫ਼ਗਾਨਿਸਤਾਨ ਵਿਚ ਅਬਦਾਲੀ ਨੂੰ ''ਬਾਬਾ-ਏ-ਕੌਮ'' ਮੰਨਿਆ ਜਾਂਦਾ ਹੈ। ਬਾਲੀਵੁੱਡ ਫਿਲਮ ''ਪਾਣੀਪਤ'' ਵਿਚ ਅਬਦਾਲੀ ਦੇ ਕਿਰਦਾਰ ਨਾਲ ਕਿੰਨਾ ਇਨਸਾਫ਼ ਕੀਤਾ ਗਿਆ ਹੈ, ਇਹ ਤਾਂ ਪੂਰੀ ਫ਼ਿਲਮ ਦੇਖ਼ਕੇ ਹੀ ਪਤਾ ਲੱਗੇਗਾ, ਪਰ ਬੀਬੀਸੀ ਪੰਜਾਬੀ ਦੇ ਇਸ ਲੇਖ ਵਿਚ ਅਸੀ ਤੁਹਾਨੂੰ ਦੱਸ ਰਹੇ ਹਾਂ ਕਿ ਅਫ਼ਗਾਨ ਵਿਚ ਅਬਦਾਲੀ ਨੂੰ ਬਾਬਾ-ਏ-ਕੌਮ ਕਿਉਂ ਕਿਹਾ ਜਾਂਦਾ ਹੈ। ਭਾਰਤ ਅਤੇ ਖ਼ਾਸਕਰ ਪੰਜਾਬ ਵਿਚ ਅਬਦਾਲੀ ਦੀ ਦਿਖ ਬਾਰੇ ਇੱਕ ਹੋਰ ਲੇਖ ਕੱਲ੍ਹ ਪੇਸ਼ ਕੀਤਾ ਜਾਵੇਗਾ।


ਹਿੰਦੋਸਤਾਨ ਦੀਆਂ ਕਈ ਪੀੜ੍ਹੀਆਂ ਇਸ ਜੰਗ ਦਾ ਜ਼ਿਕਰ ਆਉਣ ''ਤੇ ਰੋਮਾਂਚਿਤ ਹੁੰਦੀਆਂ ਰਹੀਆਂ ਹਨ। ਇਤਿਹਾਸਕਾਰਾਂ ਵਿੱਚ ਵੀ ਇਸ ਜੰਗ ਨੂੰ ਲੈ ਕੇ ਬਹੁਤ ਦਿਲਚਸਪੀ ਰਹੀ ਹੈ।

''ਪਾਣੀਪਤ'' ਫ਼ਿਲਮ ਵਿੱਚ ਭਾਰਤੀ ਉਪ ਮਹਾਂਦੀਪ ਅਤੇ ਮੱਧ ਏਸ਼ੀਆ ਦੇ ਇਤਿਹਾਸ ਦੇ ਇੱਕ ਬੇਹੱਦ ਅਹਿਮ ਅਤੇ ਫ਼ੈਸਲਾਕੁਨ ਮੋੜ ਨੂੰ ਦਿਖਾਇਆ ਗਿਆ ਹੈ।

ਇਸ ਜੰਗ ਦੇ ਦੂਰਗਾਮੀ ਨਤੀਜੇ ਨਿਕਲੇ ਸਨ, ਜਿਨ੍ਹਾਂ ਦਾ ਅਸਰ ਹਿੰਦੋਸਤਾਨ ਅਤੇ ਅਫ਼ਗਾਨਿਸਤਾਨ ਦੇ ਨਾਲ-ਨਾਲ ਕਈ ਹੋਰ ਦੇਸਾਂ ''ਤੇ ਵੀ ਪਿਆ ਸੀ।

ਇਹ ਵੀ ਪੜ੍ਹੋ:

  • 1971- ਪੰਜਾਬੀ ਫ਼ੌਜੀ ਅਫ਼ਸਰ ਦੇ ਚੁਟਕਲੇ ਅਤੇ ਪਾਕ ਫੌਜ ਦਾ ਸਰੰਡਰ
  • ਕੀ ਪਾਕਿਸਤਾਨ ਦਾ ਸਭ ਤੋਂ ਵੱਡਾ ਕਾਨੂੰਨ, ਸੁਣੋ ਹਨੀਫ਼ ਦੀ ਜ਼ੁਬਾਨੀ
  • Jio ਨੇ ਏਅਰਟੈੱਲ ਤੇ ਵੋਡਾਫੋਨ ਨੂੰ ਪਾਈਆਂ ਭਾਜੜਾਂ, ਫੋਨ ਬਿੱਲ ਵਧਣ ਦਾ ਅਸਲ ਕਾਰਨ ਜਾਣੋ

ਇਸ ਫ਼ਿਲਮ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਲੋਕ ਪਰੇਸ਼ਾਨ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਦੇਸ ਦੇ ਨਾਇਕ ਅਹਿਮਦ ਸ਼ਾਹ ਅਬਦਾਲੀ-ਦੁੱਰਾਨੀ (1722-1772) ਦੀ ਉਹੀ ਘਿਸੀ-ਪਿਟੀ ਨਕਾਰਾਤਮਕ ਅਤੇ ਖ਼ਲਨਾਇਕ ਵਾਲੀ ਪਛਾਣ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਦੋਂਕਿ ਅਫ਼ਗਾਨਿਸਤਾਨ ਦੇ ਆਮ ਲੋਕਾਂ ਵਿਚਕਾਰ ਅਹਿਮਦ ਸ਼ਾਹ ਅਬਦਾਲੀ-ਦੁੱਰਾਨੀ ਨੂੰ ''ਬਾਬਾ-ਏ-ਕੌਮ'' ਜਾਂ ''ਫਾਦਰ ਆਫ਼ ਦਿ ਨੇਸ਼ਨ'' (ਰਾਸ਼ਟਰਪਿਤਾ) ਦੇ ਤੌਰ ''ਤੇ ਸ਼ੋਹਰਤ ਹਾਸਲ ਹੈ।

ਸਵਾਲ ਇਹ ਹੈ ਕਿ ਆਖਰ ਕੌਣ ਸੀ ਅਹਿਮਦ ਸ਼ਾਹ ਅਬਦਾਲੀ-ਦੁੱਰਾਨੀ ਅਤੇ ਅਫ਼ਗਾਨਿਸਤਾਨ ਵਿੱਚ ਉਸਨੂੰ ਕਿਸ ਨਜ਼ਰ ਨਾਲ ਦੇਖਿਆ ਜਾਂਦਾ ਹੈ?

ਸਭ ਤੋਂ ਮਹਾਨ ਅਫ਼ਗਾਨ

ਇਹ ਗੱਲ ਸਾਲ 1747 ਦੀ ਹੈ, ਜਦੋਂ 25 ਸਾਲ ਦੇ ਫੌਜੀ ਜਰਨੈਲ ਅਤੇ ਕਬਾਇਲੀ ਸਰਦਾਰ ਅਹਿਮਦ ਖ਼ਾਨ ਅਬਦਾਲੀ ਨੂੰ ਸਰਬਸੰਮਤੀ ਨਾਲ ਅਫ਼ਗਾਨਿਸਤਾਨ ਦਾ ਸ਼ਾਹ (ਰਾਜਾ) ਚੁਣਿਆ ਗਿਆ। ਉਨ੍ਹਾਂ ਨੂੰ ਅਫ਼ਗਾਨ ਕਬੀਲਿਆਂ ਦੀ ਰਵਾਇਤੀ ਪੰਚਾਇਤ ਜਿਰਗਾ ਨੇ ਸ਼ਾਹ ਬਣਾਇਆ ਸੀ, ਜਿਸ ਦੀ ਬੈਠਕ ਪਸ਼ਤੂਨਾਂ ਦੇ ਗੜ੍ਹ ਕੰਧਾਰ ਵਿੱਚ ਹੋਈ ਸੀ।

ਕੰਧਾਰ ਹੁਣ ਦੱਖਣੀ ਅਫ਼ਗਾਨਿਸਤਾਨ ਵਿੱਚ ਪੈਂਦਾ ਹੈ। ਅਹਿਮਦ ਖ਼ਾਨ ਅਬਦਾਲੀ ਨੂੰ ਆਪਣੀ ਨਿਮਰਤਾ ਅਤੇ ਕਰਿਸ਼ਮੇ ਲਈ ਬੇਹੱਦ ਸ਼ੋਹਰਤ ਅਤੇ ਪ੍ਰਸਿੱਧੀ ਹਾਸਲ ਸੀ।

ਤਾਜਪੋਸ਼ੀ ਦੇ ਸਮੇਂ ਸਾਬਿਰ ਸ਼ਾਹ ਨਾਂ ਦੇ ਇੱਕ ਸੂਫ਼ੀ ਦਰਵੇਸ਼ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਖ਼ੂਬੀਆਂ ਅਤੇ ਕਾਬਲੀਅਤ ਨੂੰ ਪਛਾਣ ਕੇ ਉਸਨੂੰ ਦੁਰ-ਏ-ਦੁੱਰਾਨ ਦਾ ਖਿਤਾਬ ਦਿੱਤਾ ਸੀ, ਜਿਸਦਾ ਮਤਲਬ ਹੁੰਦਾ ਹੈ ''ਮੋਤੀਆਂ ਦਾ ਮੋਤੀ।''

ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅਤੇ ਉਸਦੇ ਕਬੀਲੇ ਨੂੰ ਦੁੱਰਾਨੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਅਬਦਾਲੀ, ਪਸ਼ਤੂਨਾਂ ਅਤੇ ਅਫ਼ਗਾਨ ਲੋਕਾਂ ਦਾ ਬੇਹੱਦ ਅਹਿਮ ਕਬੀਲਾ ਹੈ।

ਅਹਿਮਦ ਸ਼ਾਹ ਇਸੇ ਸਨਮਾਨਿਤ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਨੇ ਆਪਣੇ ਸ਼ਾਸਨ ਕਾਲ ਵਿੱਚ ਉਮੀਦ ਤੋਂ ਜ਼ਿਆਦਾ ਹਾਸਲ ਕੀਤਾ।

ਕਿਸੇ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਅਹਿਮਦ ਸ਼ਾਹ ਇੰਨੇ ਕਾਮਯਾਬ ਹੋਣਗੇ।

ਅਹਿਮਦ ਸ਼ਾਹ ਅਬਦਾਲੀ ਨੇ ਕਈ ਅਫ਼ਗਾਨ ਕਬੀਲਿਆਂ ਦੀ ਆਪਸੀ ਲੜਾਈ ਨੂੰ ਖ਼ਤਮ ਕਰਕੇ ਸਭ ਨੂੰ ਇਕਜੁੱਟ ਕੀਤਾ ਅਤੇ ਇੱਕ ਅਫ਼ਗਾਨ ਮੁਲਕ ਦੀ ਬੁਨਿਆਦ ਰੱਖੀ।

ਅਹਿਮਦ ਸ਼ਾਹ ਨੇ ਕਈ ਜੰਗਾਂ ਜਿੱਤ ਕੇ ਇੱਕ ਵਿਸ਼ਾਲ ਬਾਦਸ਼ਾਹਤ ਕਾਇਮ ਕੀਤੀ। ਇਤਿਹਾਸਕਾਰ ਇਸਨੂੰ ਦੁੱਰਾਨੀ ਸਾਮਰਾਜ ਕਹਿੰਦੇ ਹਨ।

ਅਹਿਮਦ ਸ਼ਾਹ ਅਬਦਾਲੀ ਦੇ ਵਿਸ਼ਾਲ ਸਾਮਰਾਜ ਦਾ ਦਾਇਰਾ ਪੱਛਮ ਵਿੱਚ ਇਰਾਨ ਤੋਂ ਲੈ ਕੇ ਪੂਰਬ ਵਿੱਚ ਹਿੰਦੋਸਤਾਨ ਦੇ ਸਰਹਿੰਦ ਤੱਕ ਸੀ।

ਉਨ੍ਹਾਂ ਦੀ ਬਾਦਸ਼ਾਹਤ ਉੱਤਰ ਵਿੱਚ ਮੱਧ ਏਸ਼ੀਆ ਦੇ ਅਮੂ ਦਰਿਆ ਦੇ ਕਿਨਾਰੇ ਤੋਂ ਲੈ ਕੇ ਦੱਖਣ ਵਿੱਚ ਹਿੰਦ ਮਹਾਂਸਾਗਰ ਦੇ ਕੰਢੇ ਤੱਕ ਫੈਲੀ ਹੋਈ ਸੀ।

ਮੋਟੇ ਜਿਹੇ ਅਨੁਮਾਨ ਮੁਤਾਬਿਕ ਅਹਿਮਦ ਸ਼ਾਹ ਅਬਦਾਲੀ ਦੀ ਸਲਤਨਤ ਲਗਭਗ ਵੀਹ ਲੱਖ ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਸੀ।

ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਇੱਕ ਨਵੀਂ ਪਛਾਣ ਅਤੇ ਇੱਕ ਆਜ਼ਾਦ ਮੁਲਕ ਦਿੱਤਾ।

ਅੱਜ ਅਸੀਂ ਅਬਦਾਲੀ ਦੇ ਕਾਇਮ ਕੀਤੇ ਹੋਏ ਮੁਲਕ ਨੂੰ ਹੀ ਅਫ਼ਗਾਨਿਸਤਾਨ ਦੇ ਨਾਂ ਨਾਲ ਜਾਣਦੇ ਹਾਂ।

ਬੇਸ਼ੱਕ ਪੁਰਾਣੇ ਦੌਰ ਦੇ ਅਫ਼ਗਾਨਿਸਤਾਨ ਦੀ ਚਮਕ ਮਿਟ ਚੁੱਕੀ ਹੋਵੇ ਪਰ ਉਸਦੀ ਮਹਿਮਾ ਉਸ ਤਰ੍ਹਾਂ ਦੀ ਹੀ ਹੈ।

ਪਸ਼ਤੋ ਜ਼ੁਬਾਨ ਦੇ ਮਸ਼ਹੂਰ ਕਵੀ ਅਬਦੁੱਲ ਬਾਰੀ ਜਹਾਨੀ ਕਹਿੰਦੇ ਹਨ, ''''ਅਹਿਮਦ ਸ਼ਾਹ ਬਾਬਾ ਸਭ ਤੋਂ ਮਹਾਨ ਅਫ਼ਗਾਨ ਸਨ।''''

ਅਦਬੁੱਲ ਬਾਰੀ ਜਹਾਨੀ, ਅਫ਼ਗਾਨਿਸਤਾਨ ਦੀ ਹਕੂਮਤ ਵਿੱਚ ਸੱਭਿਆਚਾਰ ਅਤੇ ਸੂਚਨਾ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਹੀ ਅਫ਼ਗਾਨਿਸਤਾਨ ਦਾ ਮੌਜੂਦਾ ਰਾਸ਼ਟਰੀ ਗੀਤ ਵੀ ਲਿਖਿਆ ਹੈ।

ਬਾਰੀ ਕਹਿੰਦੇ ਹਨ, ''''ਅਫ਼ਗਾਨਿਸਤਾਨ ਦੇ ਪੰਜ ਹਜ਼ਾਰ ਸਾਲ ਲੰਬੇ ਇਤਿਹਾਸ ਵਿੱਚ ਸਾਨੂੰ ਅਹਿਮਦ ਸ਼ਾਹ ਬਾਬਾ ਵਰਗਾ ਤਾਕਤਵਰ, ਮਸ਼ਹੂਰ ਅਤੇ ਹਰਮਨ ਪਿਆਰਾ ਸ਼ਾਸਕ ਨਹੀਂ ਮਿਲਿਆ।''''

ਸਭ ਤੋਂ ਅਸਰਦਾਰ ਅਤੇ ਨਿਰਣਾਇਕ ਘਟਨਾ

ਅਹਿਮਦ ਸ਼ਾਹ ਅਬਦਾਲੀ ਨੇ ਬਾਦਸ਼ਾਹ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਕਈ ਨਿਰਣਾਇਕ ਲੜਾਈਆਂ ਲੜੀਆਂ ਸਨ।

ਪਰ ਜਨਵਰੀ 1761 ਵਿੱਚ ਦਿੱਲੀ ਕੋਲ ਪਾਣੀਪਤ ਦੇ ਮੈਦਾਨ ਵਿੱਚ ਲੜੀ ਗਈ ਜੰਗ ਇੱਕ ਸੈਨਾਪਤੀ ਅਤੇ ਬਾਦਸ਼ਾਹ ਦੇ ਤੌਰ ''ਤੇ ਅਹਿਮਦ ਸ਼ਾਹ ਅਦਬਾਲੀ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਸੀ।

Getty Images

ਇਹ ਉਹ ਦੌਰ ਸੀ ਜਦੋਂ ਇੱਕ ਪਾਸੇ ਮਰਾਠਾ ਅਤੇ ਦੂਜੇ ਪਾਸੇ ਅਬਦਾਲੀ, ਦੋਵੇਂ ਹੀ ਆਪਣੀ ਬਾਦਸ਼ਾਹਤ ਦਾ ਦਾਇਰਾ ਵਧਾਉਣ ਵਿੱਚ ਲੱਗੇ ਹੋਏ ਸਨ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਅਤੇ ਇਲਾਕੇ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾਉਣਾ ਚਾਹੁੰਦੇ ਸਨ।

ਮਰਾਠਾ ਸਾਮਰਾਜ ਲਗਾਤਾਰ ਲੜਾਈਆਂ ਜਿੱਤ ਕੇ ਬੇਹੱਦ ਉਤਸ਼ਾਹੀ ਹੋ ਰਿਹਾ ਸੀ। ਮਰਾਠਿਆਂ ਨੇ ਆਪਣੇ ਸਾਮਰਾਜ ਦਾ ਤੇਜ਼ੀ ਨਾਲ ਵਿਸਥਾਰ ਕੀਤਾ ਸੀ। ਮਰਾਠਾ ਸਾਮਰਾਜ ਦੇ ਵਿਸਥਾਰ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੀ ਸਲਤਨਤ ਲਈ ਖ਼ਤਰਾ ਮਹਿਸੂਸ ਹੋ ਰਿਹਾ ਸੀ।

ਅਬਦਾਲੀ ਨੂੰ ਲੱਗ ਰਿਹਾ ਸੀ ਕਿ ਮਰਾਠਿਆਂ ਦੀ ਵਧਦੀ ਤਾਕਤ ਉਨ੍ਹਾਂ ਦੇ ਹਿੰਦੋਸਤਾਨੀ ਸੂਬਿਆਂ ਦੇ ਨਾਲ-ਨਾਲ ਅਫ਼ਗਾਨ ਪ੍ਰਾਂਤਾਂ ਲਈ ਵੀ ਖ਼ਤਰਾ ਬਣ ਰਹੀ ਹੈ।

ਉੱਤਰੀ ਭਾਰਤ ਦੇ ਜੋ ਸੂਬੇ ਉਸ ਵੇਲੇ ਅਬਦਾਲੀ ਦੇ ਸਾਮਰਾਜ ਦਾ ਹਿੱਸਾ ਸਨ, ਉਹ ਅਬਦਾਲੀ ਦੇ ਨਵੇਂ ਅਫ਼ਗਾਨ ਸਾਮਰਾਜ ਲਈ ਰਣਨੀਤਕ ਤੌਰ ''ਤੇ ਬੇਹੱਦ ਅਹਿਮ ਸਨ, ਇਸ ਲਈ ਆਮ ਅਫ਼ਗਾਨ ਨਾਗਰਿਕ ਮੰਨਦੇ ਹਨ ਕਿ ਅਹਿਮਦ ਸ਼ਾਹ ਅਦਬਾਲੀ ਲਈ ਪਾਣੀਪਤ ਦੀ ਤੀਜੀ ਲੜਾਈ ਆਤਮ-ਰੱਖਿਆ ਲਈ ਜ਼ਰੂਰੀ ਹੋ ਗਈ ਸੀ।

ਅਬਦਾਲੀ ਲਈ ਇਸ ਜੰਗ ਦਾ ਮਕਸਦ ਆਪਣੇ ਸਾਮਰਾਜ ਲਈ ਇੱਕ ਬਹੁਤ ਵੱਡੇ ਖ਼ਤਰੇ ਨੂੰ ਦੂਰ ਕਰਨਾ ਸੀ ਤਾਂ ਕਿ ਉਹ ਆਪਣੀ ਸਲਤਨਤ ਦੇ ਨਾਲ-ਨਾਲ ਆਪਣੇ ਖ਼ੇਤਰੀ ਸਾਥੀਆਂ ਦੀ ਵੀ ਹਿਫ਼ਾਜ਼ਤ ਕਰ ਸਕੇ।

ਹਾਲਾਂਕਿ ਇਸ ਜੰਗ ਵਿੱਚ ਅਫ਼ਗਾਨ ਸੈਨਾ ਦੀ ਨਿਰਣਾਇਕ ਜਿੱਤ ਹੋਈ ਪਰ ਦੋਵੇਂ ਹੀ ਧਿਰਾਂ ਦੇ ਹਜ਼ਾਰਾਂ ਲੋਕ ਜੰਗ ਵਿੱਚ ਮਾਰੇ ਗਏ ਸਨ।

ਅਫ਼ਗਾਨਿਸਤਾਨ ਦੇ ਇੱਕ ਵੱਡੇ ਇਲਾਕੇ ਵਿੱਚ ਇਸ ਜੰਗ ਨੂੰ ਅੱਜ ਵੀ ''ਮਰਾਟਾਈ ਵਹਾਲ'' (ਯਾਨੀ ਮਰਾਠਿਆਂ ਨੂੰ ਹਰਾ ਦੇਣਾ) ਵਜੋਂ ਯਾਦ ਕੀਤਾ ਜਾਂਦਾ ਹੈ।

ਕੰਧਾਰ ਇਲਾਕੇ ਵਿੱਚ ਅੱਜ ਵੀ ਇਹ ਪਸ਼ਤੋ ਜ਼ੁਬਾਨ ਦੀ ਇੱਕ ਕਹਾਵਤ ਦੇ ਤੌਰ ''ਤੇ ਮਸ਼ਹੂਰ ਹੈ।

ਇਸ ਕਹਾਵਤ ਨੂੰ ਆਮ ਤੌਰ ''ਤੇ ਕਿਸੇ ਦੀ ਤਾਕਤ ਜਾਂ ਉਪਲੱਬਧੀਆਂ ਨੂੰ ਚੁਣੌਤੀ ਦੇਣ ਜਾਂ ਵਿਅੰਗ ਕਰਨ ਲਈ ਵਰਤਿਆ ਜਾਂਦਾ ਹੈ।

ਪਸ਼ਤੂਨਾਂ ਵਿੱਚ ਅੱਜ ਵੀ ਆਮ ਬੋਲਚਾਲ ਵਿੱਚ ਇਹ ਕਿਹਾ ਜਾਂਦਾ ਹੈ, ''''ਤੁਸੀਂ ਤਾਂ ਅਜਿਹੇ ਦਾਅਵੇ ਕਰ ਰਹੇ ਹੋ, ਜਿਵੇਂ ਤੁਸੀਂ ਮਰਾਠਿਆਂ ਨੂੰ ਹਰਾ ਦਿੱਤਾ ਹੋਵੇ।''''

ਜਾਂ ਫਿਰ ਸਵਾਲੀਆ ਢੰਗ ਨਾਲ ਪੁੱਛਿਆ ਜਾਂਦਾ ਹੈ, ''''ਤੂੰ ਕਿਸ ਮਰਾਠੇ ਨੂੰ ਹਰਾ ਦਿੱਤਾ ਹੈ?''''

ਇਤਿਹਾਸ ਨਾਲ ਇਨਸਾਫ਼?

ਕੁਝ ਲੋਕਾਂ ਖ਼ਾਸ ਤੌਰ ''ਤੇ ਅਫ਼ਗਾਨਾਂ ਦੇ ਇੱਕ ਤਬਕੇ ਦਾ ਕਹਿਣਾ ਹੈ ਕਿ ''ਪਾਣੀਪਤ'' ਫ਼ਿਲਮ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਨਕਾਰਾਤਮਕ ਦਿੱਖ ਪੇਸ਼ ਕਰਨ ਦਾ ਅਸਰ ਭਾਰਤ ਅਤੇ ਅਫ਼ਗਾਨਿਸਤਾਨ ਦੇ ਦੋਸਤਾਨਾਂ ਸਬੰਧਾਂ ''ਤੇ ਵੀ ਪੈ ਸਕਦਾ ਹੈ। ਇਸ ਫ਼ਿਲਮ ਦੀ ਵਜ੍ਹਾ ਨਾਲ ਦੋਵੇਂ ਦੇਸ਼ਾਂ ਦੀ ਜਨਤਾ ਵਿੱਚ ਇੱਕ ਦੂਜੇ ਪ੍ਰਤੀ ਨਕਾਰਾਤਮਕ ਭਾਵਨਾ ਪੈਦਾ ਹੋਵੇਗੀ।

ਪਾਕਿਸਤਾਨ ਨੇ ਤਾਂ ਆਪਣੀ ਇੱਕ ਬੈਲਿਸਟਿਕ ਮਿਜ਼ਾਇਲ ਦਾ ਨਾਂ ਹੀ ਅਹਿਮਦ ਸ਼ਾਹ ਅਬਦਾਲੀ ਦੇ ਨਾਂ ''ਤੇ ਰੱਖਿਆ ਹੈ।

ਇਸੇ ਵਜ੍ਹਾ ਕਾਰਨ ਕਈ ਜਾਣਕਾਰ ਇਹ ਵੀ ਕਹਿੰਦੇ ਹਨ ਕਿ ਫ਼ਿਲਮ ''ਪਾਣੀਪਤ'' ਵਿੱਚ ਅਹਿਮਦ ਸ਼ਾਹ ਅਬਦਾਲੀ-ਦੁੱਰਾਨੀ ਦੀ ਨਕਾਰਾਤਮਕ ਦਿੱਖ ਪੇਸ਼ ਕੀਤੀ ਗਈ ਤਾਂ ਪਾਕਿਸਤਾਨ ਇਸਦਾ ਸਿਆਸੀ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦਾ ਹੈ।

ਫ਼ਿਲਮ ''ਪਾਣੀਪਤ'' ਦੇ ਲਗਭਗ ਤਿੰਨ ਮਿੰਟ ਲੰਬੇ ਟਰੇਲਰ ਵਿੱਚ ਦਿਖਾਈ ਦਿੱਤੀਆਂ ਤਿੰਨ ਤੱਥਾਂ ਸਬੰਧੀ ਗ਼ਲਤੀਆਂ ਨੇ ਇਸ ਚਿੰਤਾ ਨੂੰ ਹੋਰ ਵੀ ਵਧਾ ਦਿੱਤਾ ਹੈ।

ਫ਼ਿਲਮ ''ਪਾਣੀਪਤ'' ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਕਿਰਦਾਰ ਸੱਠ ਸਾਲ ਦੇ ਸੰਜੇ ਦੱਤ ਨੇ ਨਿਭਾਇਆ ਹੈ ਜਦੋਂਕਿ ਜਨਵਰੀ, 1761 ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਉਮਰ ਸਿਰਫ਼ 38 ਸਾਲ ਸੀ, ਇਸ ਲਈ ਅਫ਼ਗਾਨ ਬਾਦਸ਼ਾਹ ਦੀ ਉਮਰ ਅਤੇ ਕਿਰਦਾਰ ਹਕੀਕਤ ਨਾਲ ਮੇਲ ਨਹੀਂ ਖਾਂਦੇ ਹਨ।

ਦੂਜੇ ਪਾਸੇ ਮਰਾਠਾ ਫ਼ੌਜ ਦਾ ਕਮਾਂਡਰ ਸਦਾਸ਼ਿਵਰਾਓ ਭਾਊ 30 ਸਾਲ ਦਾ ਸੀ, ਜਦੋਂਕਿ ਇਸ ਨੂੰ 34 ਸਾਲਾ ਅਰਜੁਨ ਕਪੂਰ ਨਿਭਾ ਰਿਹਾ ਹੈ।

ਫ਼ਿਲਮ ਦੇ ਟਰੇਲਰ ਵਿੱਚ ਦੋ ਵਾਰ ਇਹ ਕਹਿੰਦੇ ਦਿਖਾਇਆ ਗਿਆ ਹੈ, ''''ਅਹਿਮਦ ਸ਼ਾਹ ਅਬਦਾਲੀ ਏਕ ਲਾਖ ਫ਼ੌਜਿਓਂ ਕੇ ਸਾਥ ਹਮਲਾ ਕਰਨੇ ਆ ਰਹਾ ਹੈ।''''

ਪਰ ਇਸ ਜੰਗ ਦੇ ਪ੍ਰਤੱਖਦਰਸ਼ੀ ਅਤੇ ਇਤਿਹਾਸਕਾਰਾਂ ਮੁਤਾਬਕ ਪਾਣੀਪਤ ਦੀ ਤੀਜੀ ਲੜਾਈ ਵਿੱਚ ਅਫ਼ਗਾਨਿਸਤਾਨ ਦੀ ਸੈਨਾ ਵਿੱਚ 80 ਹਜ਼ਾਰ ਦੇ ਲਗਭਗ ਘੋੜ ਸਵਾਰ ਅਤੇ ਤੋਪਖਾਨੇ ਸਨ।

ਅਹਿਮਦ ਸ਼ਾਹ ਅਬਦਾਲੀ, ਅਫ਼ਗਾਨਿਸਤਾਨ ਤੋਂ 30 ਤੋਂ 40 ਹਜ਼ਾਰ ਸਿਪਾਹੀ ਲੈ ਕੇ ਆਇਆ ਸੀ ਜਦੋਂਕਿ ਬਾਕੀ ਸਿਪਾਹੀ ਉਸਦੇ ਸਥਾਨਕ ਸਹਿਯੋਗੀ ਸ਼ਾਸਕਾਂ ਦੇ ਸਨ। ਇਨ੍ਹਾਂ ਵਿੱਚ ਭਾਰਤ ਵਿੱਚ ਰਹਿ ਰਹੇ ਅਫ਼ਗਾਨ ਵੀ ਸ਼ਾਮਲ ਸਨ।

ਫ਼ਿਲਮ ''ਪਾਣੀਪਤ'' ਦੀ ਕਾਸਟਿੰਗ, ਲਿਬਾਸ, ਅਫ਼ਗਾਨ ਫ਼ੌਜ ਦਾ ਝੰਡਾ ਅਤੇ ਪ੍ਰਤੀਕ ਚਿੰਨ੍ਹ ਦੇਖ ਕੇ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਫ਼ਿਲਮ ਹਕੀਕਤ ਤੋਂ ਜ਼ਿਆਦਾ ਕਲਪਨਾ ''ਤੇ ਆਧਾਰਿਤ ਹੈ।

ਮਿਸਾਲ ਵਜੋਂ ਫ਼ਿਲਮ ਦੇ ਕੁਝ ਦ੍ਰਿਸ਼ਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਜੋ ਪੱਗ ਜਾਂ ਸਾਫ਼ਾ ਬੰਨ੍ਹੇ ਹੋਏ ਦਿਖਾਇਆ ਗਿਆ ਹੈ, ਉਹ ਨਾ ਤਾਂ ਪਹਿਲਾਂ ਦੇ ਅਫ਼ਗਾਨ ਪਹਿਰਾਵੇ ਦਾ ਹਿੱਸਾ ਸੀ ਅਤੇ ਨਾ ਅੱਜ ਹੈ।

ਬਾਬਾ-ਏ-ਅਫ਼ਗਾਨ

ਆਪਣੇ 25 ਸਾਲ ਦੇ ਰਾਜ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਮੁਲਕ ਅਤੇ ਆਪਣੇ ਲੋਕਾਂ ਦੀ ਤਰੱਕੀ ਵਿੱਚ ਬੇਸ਼ਕੀਮਤੀ ਯੋਗਦਾਨ ਦਿੱਤਾ।

ਹਾਲਾਂਕਿ ਉਸ ਬਾਰੇ ਕਿਹਾ ਜਾਂਦਾ ਸੀ ਕਿ ਉਹ ਹਮੇਸ਼ਾ ਹੜਬੜੀ ਵਿੱਚ ਰਹਿੰਦਾ ਸੀ ਪਰ ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਹਕੂਮਤ ਕਦੇ ਵੀ ਲਾਪਰਵਾਹ ਨੌਜਵਾਨ ਦੇ ਤੌਰ ''ਤੇ ਨਹੀਂ ਚਲਾਈ ਸਗੋਂ ਉਸਨੇ ਸਲਤਨਤ ਬਹੁਤ ਕੁਸ਼ਲਤਾ ਨਾਲ ਚਲਾਈ ਅਤੇ ਸਮਝਦਾਰੀ ਨਾਲ ਰਾਜ ਕੀਤਾ।

Getty Images
ਅਹਿਮਦ ਸ਼ਾਹ ਅਬਦਾਲੀ-ਦੁੱਰਾਨੀ ਦਾ ਮਕਬਰਾ ਕੰਧਾਰ ਵਿੱਚ ਹੈ

ਆਪਣੇ ਦੌਰ ਤੋਂ ਲੈ ਕੇ ਅੱਜ ਤੱਕ ਅਹਿਮਦ ਸ਼ਾਹ ਅਬਦਾਲੀ, ਅਫ਼ਗਾਨ ਲੋਕਾਂ ਵਿੱਚ ਆਤਮ ਸਨਮਾਨ ਅਤੇ ਕੌਮੀ ਏਕਤਾ ਦਾ ਭਾਵ ਜਗਾਉਂਦਾ ਹੈ।

ਪ੍ਰਸਿੱਧ ਭਾਰਤੀ ਇਤਿਹਾਸਕਾਰ ਗੰਢਾ ਸਿੰਘ (1900-1987) ਨੇ ਆਪਣੀ ਕਿਤਾਬ ''ਅਹਿਮਦ ਸ਼ਾਹ ਦੁੱਰਾਨੀ: ਆਧੁਨਿਕ ਅਫ਼ਗਾਨਿਸਤਾਨ ਦੇ ਨਿਰਮਾਤਾ'' ਵਿੱਚ ਲਿਖਿਆ ਹੈ, ''''ਅਹਿਮਦ ਸ਼ਾਹ ਅਬਦਾਲੀ ਸਿਰ ਤੋਂ ਲੈ ਕੇ ਪੈਰਾਂ ਤੱਕ, ਸ਼ੁਰੂ ਤੋਂ ਲੈ ਕੇ ਅੰਤ ਤੱਕ ਸ਼ੁੱਧ ਰੂਪ ਨਾਲ ਇੱਕ ਅਫ਼ਗਾਨ ਸੀ, ਜਿਸਨੇ ਆਪਣੀ ਪੂਰੀ ਜ਼ਿੰਦਗੀ ਮੁਲਕ ਦੀ ਬਿਹਤਰੀ ਦੇ ਨਾਂ ਕਰ ਦਿੱਤੀ ਸੀ।''''

ਗੰਢਾ ਸਿੰਘ ਨੇ ਲਿਖਿਆ ਹੈ, ''''ਅਹਿਮਦ ਸ਼ਾਹ ਅਦਬਾਲੀ ਅੱਜ ਵੀ ਆਮ ਅਫ਼ਗਾਨ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ, ਫਿਰ ਚਾਹੇ ਉਹ ਨੌਜਵਾਨ ਹੋਣ ਜਾਂ ਬਜ਼ੁਰਗ, ਹਰ ਅਫ਼ਗਾਨ ਇਸ ਮਹਾਨ ਜੇਤੂ ਦੀ ਇਬਾਦਤ ਕਰਦਾ ਹੈ, ਉਹ ਉਸਨੂੰ ਇੱਕ ਸੱਚਾ ਅਤੇ ਸਾਦਾ ਦਿਲ ਇਨਸਾਨ ਮੰਨਦੇ ਹਨ ਜੋ ਜਨਮ ਜਾਤ ਨੇਤਾ ਸੀ, ਜਿਸਨੇ ਪੂਰੇ ਅਫ਼ਗਾਨਿਸਤਾਨ ਨੂੰ ਆਜ਼ਾਦ ਕਰਕੇ ਇਕਜੁੱਟ ਕੀਤਾ ਅਤੇ ਖ਼ੁਦਮੁਖ਼ਤਿਆਰ ਮੁਲਕ ਬਣਾਇਆ। ਇਸ ਲਈ ਆਮ ਅਫ਼ਗਾਨ ਅਬਦਾਲੀ ਨੂੰ ਅਹਿਮਦ ਸ਼ਾਹ ਬਾਬਾ, ਅਹਿਮਦ ਸ਼ਾਹ ਮਹਾਨ ਕਹਿੰਦੇ ਹਨ।''''

ਇੱਕ ਫ਼ਕੀਰ, ਇੱਕ ਕਵੀ ਵੀ

ਅਫ਼ਗਾਨਿਸਤਾਨ ਦੇ ਲੋਕ ਅਹਿਮਦ ਸ਼ਾਹ ਅਬਦਾਲੀ ਨੂੰ ਇੱਕ ਸੰਤ ਦੀ ਤਰ੍ਹਾਂ ਪੂਜਦੇ ਹਨ। ਉਨ੍ਹਾਂ ਨੂੰ ਅਬਦਾਲੀ ''ਤੇ ਮਾਣ ਹੈ ਅਤੇ ਪੂਰਾ ਮੁਲਕ ਅਬਦਾਲੀ ਦਾ ਸ਼ੁਕਰਗੁਜ਼ਾਰ ਹੈ।

ਅਹਿਮਦ ਸ਼ਾਹ ਅਬਦਾਲੀ ਨੂੰ ਦੀਨ-ਏ-ਇਸਲਾਮ ਦਾ ਸੱਚਾ ਸਿਪਾਹੀ ਮੰਨਿਆ ਜਾਂਦਾ ਹੈ। ਉਸਦੀ ਇਹ ਪਛਾਣ ਨਾ ਸਿਰਫ਼ ਅਫ਼ਗਾਨਿਸਤਾਨ ਵਿੱਚ ਹੈ ਸਗੋਂ ਪਾਕਿਸਤਾਨ ਦੇ ਪਸ਼ਤੂਨ ਇਲਾਕਿਆਂ ਦੇ ਲੋਕ ਵੀ ਅਬਦਾਲੀ ਬਾਰੇ ਇਹੀ ਰਾਇ ਰੱਖਦੇ ਹਨ। ਇਹੀ ਨਹੀਂ ਮੱਧ ਅਤੇ ਦੱਖਣ ਏਸ਼ੀਆ ਦੇ ਮੁਸਲਮਾਨਾਂ ਦੀ ਵੱਡੀ ਗਿਣਤੀ ਅਬਦਾਲੀ ਦਾ ਨਾਂ ਅਦਬ ਨਾਲ ਲੈਂਦੀ ਹੈ।

ਅਹਿਮਦ ਸ਼ਾਹ ਅਬਦਾਲੀ-ਦੁੱਰਾਨੀ ਦਾ ਮਕਬਰਾ ਕੰਧਾਰ ਵਿੱਚ ਹੈ। ਕੰਧਾਰ ਹੀ ਅਬਦਾਲੀ ਦਾ ਸਾਮਰਾਜ ਅਤੇ ਰਾਜਧਾਨੀ ਸੀ।

ਤੀਰਥ ਯਾਤਰੀਆਂ ਅਤੇ ਅਕੀਦਤਮੰਦਾਂ ਲਈ ਕੰਧਾਰ ਇੱਕ ਮਹੱਤਵਪੂਰਨ ਟਿਕਾਣਾ ਹੈ। ਅੱਜ ਵੀ ਪੂਰੇ ਦੇਸ ਤੋਂ ਲੋਕ ਅਬਦਾਲੀ ਦੀ ਮਜ਼ਾਰ ''ਤੇ ਫ਼ਾਤੀਆ ਪੜ੍ਹਨ ਲਈ ਕੰਧਾਰ ਆਉਂਦੇ ਹਨ।

ਅਹਿਮਦ ਸ਼ਾਹ ਅਬਦਾਲੀ ਸਿਰਫ਼ ਤਲਵਾਰ ਦਾ ਬਾਜ਼ੀਗਰ ਨਹੀਂ ਸੀ। ਉਹ ਕਲਮ ਅਤੇ ਹਰਫ਼ਾਂ ਦਾ ਵੀ ਉਸਤਾਦ ਸੀ। ਅਬਦਾਲੀ ਬਹੁਤ ਚੰਗੀਆਂ ਨਜ਼ਮਾਂ ਲਿਖਦਾ ਸੀ।

ਸਿਰਫ਼ ਨਜ਼ਮਾਂ ਹੀ ਕਿਉਂ ਅਬਦਾਲੀ ਸ਼ਾਨਦਾਰ ਲੇਖ ਵੀ ਲਿਖਦਾ ਸੀ। ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਮਾਂ ਬੋਲੀ ਪਸ਼ਤੋ ਤੋਂ ਇਲਾਵਾ ਦਾਰੀ-ਫ਼ਾਰਸੀ ਅਤੇ ਅਰਬੀ ਭਾਸ਼ਾ ਵਿੱਚ ਵੀ ਰਚਨਾਵਾਂ ਲਿਖੀਆਂ ਹਨ।

ਉਸ ਦੀਆਂ ਕਈ ਸਾਹਿਤਕ ਕ੍ਰਿਤਾਂ ਦਾ ਇੱਕ ਦੀਵਾਨ (ਲਿਖਤਾਂ ਦਾ ਸੰਗ੍ਰਹਿ) ਪਸ਼ਤੋ ਭਾਸ਼ਾ ਵਿੱਚ ਇਕੱਠਾ ਕੀਤਾ ਗਿਆ ਹੈ ਜਿਸ ਨੂੰ ਅੱਜ ਵੀ ਹਰ ਉਮਰ ਦੇ ਅਫ਼ਗਾਨ ਪੜ੍ਹਦੇ ਅਤੇ ਗਾਉਂਦੇ ਹਨ।

ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਨਾਲ ਸਬੰਧ ਰੱਖਣ ਵਾਲੇ ਇੱਕ ਇਤਿਹਾਸਕਾਰ ਅਤੇ ਨੇਤਾ ਮਾਊਂਟਸਟੂਅਰਟ ਅਲਿੰਫ਼ਸਟਨ (1779-1859) ਨੇ 1808 ਵਿੱਚ ਅਫ਼ਗਾਨਿਸਤਾਨ ਦਾ ਦੌਰਾ ਕੀਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਫ਼ਰ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਬਿਆਨ ਕੀਤਾ ਸੀ ਜਿਸ ਦਾ ਨਾਂ ਹੈ, ''ਅਕਾਊਂਟ ਆਫ਼ ਦਿ ਕਿੰਗਡਮ ਆਫ਼ ਕਾਬੁਲ ਐਂਡ ਇਟਸ ਡਿਪੈਂਡੈਂਸੀਜ਼ ਇਨ ਪਰਸ਼ੀਆ, ਤਾਤਾਰੀ ਐਂਡ ਇੰਡੀਆ'' (Account of the Kingdom of Caubul and its Dependencies in Persia, Tartary, and India)। ਇਸ ਵਿੱਚ ਅਲਿੰਫ਼ਸਟਨ ਨੇ ਲਿਖਿਆ ਹੈ, ''''ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਆਮ ਤੌਰ ''ਤੇ ਤਰਸ ਅਤੇ ਨਿਮਰਤਾ ਦੇ ਦੂਤ ਦੇ ਤੌਰ ''ਤੇ ਹੁੰਦਾ ਹੈ।''''

ਅਲਿੰਫ਼ਸਟਨ ਨੇ ਇਹ ਵੀ ਲਿਖਿਆ ਹੈ, ''''ਅਬਦਾਲੀ ਦੀ ਇੱਛਾ ਹਮੇਸ਼ਾ ਹੀ ਇੱਕ ਸੰਤ ਬਣਨ ਦੀ ਰਹੀ ਸੀ। ਉਹ ਅਧਿਆਤਮਕ ਰੁਝਾਨ ਵਾਲੇ ਵਿਅਕਤੀ ਸਨ ਅਤੇ ਉਹ ਇੱਕ ਜਨਮਜਾਤ ਲੇਖਕ ਸਨ।''''

ਪਰ ''ਪਾਣੀਪਤ'' ਫ਼ਿਲਮ ਦਾ ਟਰੇਲਰ ਦੇਖ ਕੇ ਲੱਗਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਇੱਕ ਨਿਰਦਈ ਕਾਤਲ ਸੀ, ਜੋ ਬਹੁਤ ਹਮਲਾਵਰ ਬਿਰਤੀ ਵਾਲਾ ਸੀ ਅਤੇ ਹਮੇਸ਼ਾ ਗੁੱਸੇ ਵਿੱਚ ਹੀ ਰਹਿੰਦਾ ਸੀ।

ਬ੍ਰਿਟਿਸ਼ ਭਾਰਤੀ ਸੈਨਾ ਦੇ ਇੱਕ ਅਧਿਕਾਰੀ ਅਤੇ ਭਾਸ਼ਾ ਵਿਗਿਆਨੀ ਹੈਨਰੀ ਜੀ ਰੈਵਟੀ (1825-1906) ਨੇ ਅਹਿਮਦ ਸ਼ਾਹ ਅਬਦਾਲੀ ਦੇ ਕਿਰਦਾਰ ਦਾ ਜ਼ਿਕਰ ਕੁਝ ਇਸ ਤਰ੍ਹਾਂ ਕੀਤਾ ਹੈ- ਉਹ ਇੱਕ ਬੇਹੱਦ ਕਾਬਲ ਸ਼ਖ਼ਸ ਸਨ। ਉਨ੍ਹਾਂ ਦਾ ਧਰਮ ਅਤੇ ਸਾਹਿਤ ਦਾ ਗਿਆਨ ਡਾਕਟਰੇਟ ਪੱਧਰ ਦਾ ਸੀ।

ਆਪਣੀ ਇੱਕ ਨਜ਼ਮ ਵਿੱਚ ਅਬਦਾਲੀ ਨੇ ਲਿਖਿਆ ਹੈ :

ਐ ਅਹਿਮਦ, ਜੇਕਰ ਲੋਕਾਂ ਨੂੰ ਆਪਣੀ ਇਬਾਦਤ ''ਤੇ ਗਰੂਰ ਹੈ ਤਾਂ ਤੂੰ ਗਰੀਬਾਂ ਦੀ ਮਦਦ ਕਰਕੇ ਉਨ੍ਹਾਂ ਦੀ ਇਬਾਦਤ ਹਾਸਲ ਕਰ।

ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਹਰਾਉਣ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਚਾਹੁੰਦਾ ਤਾਂ ਹਿੰਦੋਸਤਾਨ ਵਿੱਚ ਹੀ ਰੁਕ ਸਕਦਾ ਸੀ ਅਤੇ ਉਹ ਦਿੱਲੀ ਤੋਂ ਪੂਰੇ ਦੇਸ ''ਤੇ ਰਾਜ ਕਰ ਸਕਦਾ ਸੀ।

ਇਹ ਵੀ ਪੜ੍ਹੋ-

  • ਐਮੇਜ਼ੌਨ ਚੀਜ਼ਾਂ ਸਸਤੀਆਂ ਵੇਚੇ ਤਾਂ ਇਨ੍ਹਾਂ ਲੋਕਾਂ ਨੂੰ ਤਕਲੀਫ਼: ਜਾਣੋ ਕਾਹਨੂੰ
  • ‘ਇਹ ਮੇਰੀ ਜ਼ਿੰਦਗੀ ਹੈ, ਤੁਹਾਡਾ ਪੋਰਨ ਨਹੀਂ’: ਲੁਕਵੇਂ ਕੈਮਰਿਆਂ ਦੀਆਂ ਸ਼ਿਕਾਰ ਕੁੜੀਆਂ ਦਾ ਦੁੱਖ
  • ਗਾਂ ਦਾ ਦੁੱਧ ਪੀਣ ਦਾ ਕਿੰਨਾ ਕੁ ਫਾਇਦਾ ਹੈ

ਪਰ ਉਸਨੇ ਕੰਧਾਰ ਜਾਣਾ ਬਿਹਤਰ ਸਮਝਿਆ ਤਾਂ ਕਿ ਉਹ ਆਪਣੀ ਅਫ਼ਗਾਨ ਸਲਤਨਤ ਦੀਆਂ ਸਰਹੱਦਾਂ ਨੂੰ ਮਜ਼ਬੂਤ ਰੱਖ ਸਕੇ। ਉਹ ਅਫ਼ਗਾਨ ਕਬੀਲਿਆਂ ਦੀਆਂ ਭੂਗੋਲਿਕ ਅਤੇ ਸੰਸਕ੍ਰਿਤਕ ਸਰਹੱਦਾਂ ਨੂੰ ਆਪਣੇ ਦਾਇਰੇ ਵਿੱਚ ਰੱਖਣਾ ਚਾਹੁੰਦਾ ਸੀ।

ਸ਼ਾਇਦ ਇਹੀ ਵਜ੍ਹਾ ਸੀ ਕਿ ਉਸਨੇ ਆਪਣੀਆਂ ਸਭ ਤੋਂ ਪਸੰਦੀਦਾ ਨਜ਼ਮਾਂ ਵਿੱਚੋਂ ਇੱਕ ਵਿੱਚ ਲਿਖਿਆ ਸੀ:

''ਮੈਂ ਦਿੱਲੀ ਦੇ ਤਖ਼ਤ ਨੂੰ ਭੁੱਲ ਜਾਂਦਾ ਹਾਂ,

ਜਦੋਂ ਮੈਨੂੰ ਆਪਣੀ ਖ਼ੂਬਸੂਰਤ ਅਫ਼ਗਾਨ ਭੂਮੀ ਦੀਆਂ ਪਹਾੜੀਆਂ ਯਾਦ ਆਉਂਦੀਆਂ ਹਨ...''

ਇਹ ਵੀ ਦੇਖੋ:

https://www.youtube.com/watch?v=f426Cx9xeYM

https://www.youtube.com/watch?v=vCce9NnVCuI

https://www.youtube.com/watch?v=VMlyYG6EDFA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)