ਕੀ ਯੂਕੇ ਦੀ ਵਿਸ਼ੇਸ਼ ਫ਼ੌਜ ਨੇ ਅਫ਼ਗਾਨੀ ਬੱਚਿਆਂ ਦਾ ਕਤਲ ਕੀਤਾ

11/21/2019 4:46:25 PM

PA Media

ਇਹ ਗੱਲ 18 ਅਕਤੂਬਰ 2012 ਦੀ ਹੈ ਜਦੋਂ ਯੂਕੇ ਦੀ ਸਪੈਸ਼ਲ ਫੋਰਸ ਦੇ ਫੌਜੀਆਂ ਨੇ ਅਫ਼ਗਾਨ ਦੇ ਇੱਕ ਪਿੰਡ ''ਚ ਚਾਰ ਅਫ਼ਗਾਨੀ ਲੋਕਾਂ ਨੂੰ ਗੋਲੀ ਨਾਲ ਮਾਰ ਦਿੱਤਾ ਸੀ।

ਪੀੜ੍ਹਤ ਪਰਿਵਾਰਾਂ ਦਾ ਕਹਿਣਾ ਸੀ ਕਿ ਇੰਨ੍ਹਾਂ ''ਚੋਂ ਤਿੰਨ ਤਾਂ ਨਾਬਾਲਗ ਸਨ। ਇਹ ਇੱਕ ਜੰਗੀ ਅਪਰਾਧ ਵਾਂਗ ਸੀ ਪਰ ਕਿਸੇ ਵੀ ਮੁਲਜ਼ਮ ''ਤੇ ਮੁਕੱਦਮਾ ਨਾ ਚੱਲਿਆ।

ਇਹ ਕਹਾਣੀ ਸੰਵੇਦਨਸ਼ੀਲ ਹੈ ਅਤੇ ਹੋ ਸਕਦਾ ਹੈ ਕਿ ਇਸ ਨੂੰ ਪੜ੍ਹਦਿਆਂ ਕੁਝ ਪਾਠਕ ਮਾਨਸਿਕ ਤੌਰ ''ਤੇ ਪ੍ਰੇਸ਼ਾਨ ਵੀ ਹੋਣ।

ਇਸ ਪੂਰੀ ਘਟਨਾ ਦੇ ਇੱਕ ਅਫ਼ਗਾਨੀ ਗਵਾਹ ਨੇ ਦੱਸਿਆ ਕਿ 12 ਸਾਲਾ ਅਹਿਮਦ ਸ਼ਾਹ ਅਤੇ 14 ਸਾਲਾ ਮੁਹੰਮਦ ਤਾਇਬ ਨੇ 17 ਸਾਲਾ ਨਾਇਕ ਮੁਹੰਮਦ ਅਤੇ ਉਸ ਦੇ 20 ਸਾਲਾ ਭਰਾ ਫੈਜ਼ਲ ਨਾਲ ਰਾਤ ਕੱਟਣ ਦਾ ਫ਼ੈਸਲਾ ਕੀਤਾ ਸੀ।

ਸਥਾਨਕ ਸਮੇਂ ਅਨੁਸਾਰ ਰਾਤ ਦੇ ਅੱਠ ਵਜੇ ਦੇ ਕਰੀਬ ਬਰਤਾਨੀਆ ਅਤੇ ਅਫ਼ਗਾਨਿਸਤਾਨ ਦੇ ਵਿਸ਼ੇਸ਼ ਬਲਾਂ ਨੇ ਲੋਏ ਬਾਗ ਪਿੰਡ ''ਚ ਰਿਹਾਇਸ਼ੀ ਘਰਾਂ ''ਤੇ ਛਾਪੇਮਾਰੀ ਕੀਤੀ।

ਇੱਕ ਬਰਤਾਨਵੀ ਸੈਨਿਕ ਇੱਕ ਕਮਰੇ ਵਾਲੇ ਗੈਸਟ ਹਾਊਸ ''ਚ ਦਾਖਲ ਹੋਇਆ ਅਤੇ ਉਸ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਨਾਇਕ ਅਤੇ ਫੈਜ਼ਲ ਦਾ ਵੱਡਾ ਭਰਾ ਸੁਲਤਾਨ ਮੁਹੰਮਦ ਪਹਿਲਾ ਵਿਅਕਤੀ ਸੀ ਜਿਸ ਨੇ ਘਟਨਾ ਵਾਲੀ ਥਾਂ ’ਤੇ ਸਪੈਸ਼ਲ ਫੋਰਸ ਦੇ ਜਾਣ ਤੋਂ ਬਾਅਦ ਕਮਰੇ ''ਚ ਪਈਆਂ ਲਾਸ਼ਾਂ ਵੇਖੀਆਂ ਸਨ।

ਘਟਨਾ ਵਾਲੀ ਥਾਂ ਕੀ ਹੋਇਆ

ਸੁਲਤਾਨ ਨੇ ਦੱਸਿਆ, "ਜਦੋਂ ਮੈਂ ਕਮਰੇ ''ਚ ਦਾਖਲ ਹੋਇਆ ਤਾਂ ਚਾਰੋਂ ਪਾਸੇ ਹੱਡੀਆਂ ਅਤੇ ਦੰਦ ਖਿਲਰੇ ਪਏ ਸਨ। ਚਾਰਾਂ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਪਈਆਂ ਸਨ।

ਸੁਲਤਾਨ ਦੀ ਮਾਂ ਸਬਾਹ ਸਵੇਰ ਹੋਣ ਤੱਕ ਚਾਰੇ ਲਾਸ਼ਾਂ ਨਾਲ ਉਸੇ ਕਮਰੇ ''ਚ ਹੀ ਸੀ। ਉਸ ਨੂੰ ਯਾਦ ਹੈ ਕਿ ਕਿਵੇਂ ਚਾਹ ਦੇ ਕੱਪ ਜ਼ਮੀਨ ’ਤੇ ਹੀ ਪਏ ਸਨ।

ਸਬਾਹ ਦੱਸਦੀ ਹੈ ਕਿ "ਸੈਨਿਕਾਂ ਨੇ ਚਾਰਾਂ ਬੱਚਿਆਂ ਦੇ ਸਿਰਾਂ ''ਚ ਗੋਲੀਆਂ ਮਾਰੀਆਂ ਸਨ।"

ਇਹ ਵੀ ਪੜ੍ਹੋ:

  • ਅਮਰੀਕਾ ਵਲੋਂ ਡਿਪੋਰਟ ਕੀਤੇ 150 ਭਾਰਤੀ ਦਿੱਲੀ ਹਵਾਈ ਅੱਡੇ ''ਤੇ ਉਤਰੇ
  • ਰਮਨਜੀਤ ਸਿੰਘ ਰੋਮੀ ਖ਼ਿਲਾਫ ਪੰਜਾਬ ਪੁਲਿਸ ਨੇ ਹਾਂਗਕਾਂਗ ਵਿੱਚ ਮੁਕੱਦਮਾ ਕਿਵੇਂ ਲੜਿਆ
  • ਭਾਰਤ ਵਿੱਚ ਮੋਬਾਈਲ ਡਾਟਾ ਕਿਉਂ ਮਹਿੰਗਾ ਹੋਣ ਜਾ ਰਿਹਾ

ਇਹ ਘਟਨਾ ਰਾਤ ਨੂੰ ਵਾਪਰੀ ਅਤੇ ਸਵੇਰ ਹੁੰਦਿਆਂ ਹੀ ਚਾਰਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪਿੰਡ ਦੀ ਮਸਜਿਦ ''ਚ ਲਿਆਂਦਾ ਗਿਆ।

ਜਿਵੇਂ-ਜਿਵੇਂ ਲੋਕਾਂ ਨੂੰ ਇਸ ਦਰਦਨਾਕ ਘਟਨਾ ਦਾ ਪਤਾ ਲਗਿਆ ਮਸਜਿਦ ਦੇ ਬਾਹਰ ਭੀੜ੍ਹ ਇੱਕਠੀ ਹੋ ਗਈ। ਮੰਨਿਆ ਜਾ ਰਿਹਾ ਸੀ ਕਿ ਚਾਰੇ ਮ੍ਰਿਤਕ ਨੌਜਵਾਨ ਬੇਕਸੂਰ ਸਨ। ਹਰ ਕਿਸੇ ਦੀ ਜ਼ਬਾਨ ''ਤੇ ਇਹੀ ਸੀ।

BBC
ਚਾਰ ਜਵਾਨ ਬੱਚਿਆਂ ਨੂੰ ਇਸ ਇੱਕ ਕਮਰੇ ਦੇ ਗੈਸਟ ਹਾਊਸ ਵਿਚ ਕਤਲ ਕੀਤੇ ਗਏ ਸਨ

ਮੁਹੰਮਦ ਇਬਰਾਹਿਮ, ਜੋ ਕਿ ਨਾਦ-ਏ-ਅਲੀ ਦੇ ਤਤਕਾਲੀ ਜ਼ਿਲ੍ਹਾ ਗਵਰਨਰ ਸਨ ਉਨ੍ਹਾਂ ਨੇ ਦੱਸਿਆ, "ਅਫ਼ਗਾਨ ਸੁਰੱਖਿਆ ਏਜੰਸੀ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਇਸ ਛਾਪੇਮਾਰੀ ਦਾ ਮਕਸਦ ਫੈਜ਼ਲ ਮੁਹੰਮਦ ਨੂੰ ਹਿਰਾਸਤ ''ਚ ਲੈਣਾ ਸੀ।

ਇਬਰਾਹਿਮ ਨੇ ਅੱਗੇ ਕਿਹਾ, “ਮੈਂ ਕਈ ਵਾਰ ਫੈਜ਼ਲ ਨੂੰ ਮਿਲ ਚੁੱਕਿਆ ਸੀ। ਉਹ ਕੋਈ ਤਾਲਿਬਾਨ ਕਮਾਂਡਰ ਨਹੀਂ ਸੀ। ਮੈਂ ਇਸ ਗੱਲ ਦੀ ਗਰੰਟੀ ਲੈਂਦਾ ਹਾਂ ਕਿ ਫੈਜ਼ਲ ਅਜਿਹਾ ਮੁੰਡਾ ਨਹੀਂ ਸੀ।"

"ਜੇਕਰ ਉਹ ਤਾਲਿਬਾਨੀ ਹੁੰਦੇ ਤਾਂ ਮੈਨੂੰ ਸਭ ਤੋਂ ਪਹਿਲਾਂ ਉਸ ਤੋਂ ਖ਼ਤਰਾ ਹੁੰਦਾ ਅਤੇ ਮੈਂ ਉਹ ਪਹਿਲਾ ਵਿਅਕਤੀ ਹੁੰਦਾ ਜੋ ਉਸ ਨੂੰ ਹਿਰਾਸਤ ''ਚ ਲੈਂਦਾ ਜਾਂ ਫਿਰ ਉਸ ਦਾ ਕਤਲ ਕਰਦਾ।"

''ਸੰਡੇ ਟਾਈਮਜ਼'' ਅਤੇ ਬੀਬੀਸੀ ਪਨੋਰਮਾ ਵੱਲੋਂ ਸਾਂਝੇ ਤੌਰ ''ਤੇ ਉਸ ਦਿਨ ਵਾਪਰੀ ਘਟਨਾ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਜੰਗੀ ਅਪਰਾਧ ਦੇ ਸਬੂਤ ਮਿਲੇ ਹਨ।

ਛਾਪੇਮਾਰੀ ਕਿਉਂ ਕੀਤੀ ਗਈ

ਲੋਏ ਬਾਗ ਪਿੰਡ ''ਚ ਜੋ ਛਾਪੇਮਾਰੀ ਦੀ ਘਟਨਾ ਵਾਪਰੀ, ਉਹ ਆਮ ਗੱਲ ਸੀ ਅਤੇ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਅਜਿਹੀ ਕਾਰਵਾਈ ਆਮ ਹੀ ਕੀਤੀ ਜਾਂਦੀ ਸੀ।

ਜੰਗ ਪ੍ਰਭਾਵਿਤ ਅਫ਼ਗਾਨਿਸਤਾਨ ''ਚ ਅਜਿਹੀਆਂ ਛਾਪੇਮਾਰੀ ਦੀਆਂ ਘਟਨਾਵਾਂ ਅਤੇ ਗੋਲੀਬਾਰੀ ਸੁਰੱਖਿਆ ਬਲਾਂ ਵੱਲੋਂ ਅਕਸਰ ਕੀਤੀ ਜਾਂਦੀ ਹੈ।

BBC
ਸਬਾਹ ਮੁਹੰਮਦ ਕਤਲ ਕੀਤੇ ਗਏ ਦੋ ਬੱਚਿਆਂ ਦੀ ਮਾਂ ਹੈ

ਗਠਜੋੜ ਵਾਲੇ ਵਿਸ਼ੇਸ਼ ਬਲਾਂ ਵੱਲੋਂ ਬ੍ਰਿਟਿਸ਼ ਸੈਨਿਕਾਂ ''ਤੇ ਹਮਲਾ ਕਰਨ ਵਾਲੇ ਤਾਲਿਬਾਨ ਨੂੰ ਜਵਾਬ ਦੇਣ ਲਈ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਸ਼ਾਮ ਨੂੰ ਹੀ ਛਾਪੇਮਾਰੀ ਕੀਤੀ ਜਾਂਦੀ ਹੈ।

ਸੁਰੱਖਿਆ ਬਲਾਂ ਨੂੰ ਨਿਸ਼ਾਨੇ ’ਤੇ ਲੈਣ ਵਾਲੇ ਲੋਕਾਂ ਦੀ ਸੂਚੀ ਖੂਫ਼ੀਆ ਅਧਿਕਾਰੀਆਂ ਤੋਂ ਹਾਸਿਲ ਹੁੰਦੀ ਹੈ।

ਫ੍ਰੈਂਕ ਲੇਡਵਿਜ ਜੋ ਕਿ ਜੰਗੀ ਮਾਮਲਿਆਂ ਦੇ ਮਾਹਿਰ ਅਤੇ ਸਾਬਕਾ ਖੂਫ਼ੀਆ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ "ਰਾਤ ਦੀ ਛਾਪੇਮਾਰੀ ਜਾਂ ਫ਼ਿਰ ਡੈੱਥ ਸਕੁਐਡ (ਕੁੱਝ ਲੋਕਾਂ ਦੇ ਕਹਿਣ ਅਨੁਸਾਰ) ਇੱਕ ਅਜਿਹੀ ਕਵਾਇਦ ਸੀ ਜਿਸ ''ਚ ਤੁਹਾਡੇ ਕੋਲ ਨਿਸ਼ਾਨਾ ਹੈ ਜਾਂ ਨਹੀਂ ਪਰ ਤੁਸੀਂ ਛਾਪੇਮਾਰੀ ਜ਼ਰੂਰ ਕਰਨੀ ਹੈ।"

ਕੁਝ ਲੋਕ ਜੋ ਇਨ੍ਹਾਂ ਛਾਪੇਮਾਰੀ ਦੀਆਂ ਕਾਰਵਾਈਆਂ ਵਿੱਚ ਮਾਰੇ ਗਏ, ਉਹ ਤਾਲਿਬਾਨ ਦੇ ਮੈਂਬਰ ਸਨ ਪਰ ਇਸ ਗੱਲ ਦੇ ਵੀ ਸਬੂਤ ਹਨ ਕਿ ਸੁਰੱਖਿਆ ਮੁਲਾਜ਼ਮਾਂ ਵੱਲੋਂ ਮਿੱਥੇ ਗਏ ਟਾਰਗੇਟ ਹਰ ਵਾਰ ਸਹੀ ਨਹੀਂ ਹੁੰਦੇ ਹਨ।

ਉਨ੍ਹਾਂ ਕਿਹਾ, “ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਕਈ ਇਲਜ਼ਾਮ ਸਹੀ ਹਨ ਪਰ ਇਸ ਨਾਲ ਇਹ ਸਾਬਿਤ ਵੀ ਹੁੰਦਾ ਹੈ ਕਿ ਵੱਡੀ ਗਿਣਤੀ ਵਿੱਚ ਬੇਕਸੂਰ ਲੋਕ ਇਨ੍ਹਾਂ ਛਾਪੇਮਾਰੀਆਂ ਦੌਰਾਨ ਮਾਰੇ ਗਏ ਹਨ, ਜੋ ਬਿਲਕੁੱਲ ਜਾਇਜ਼ ਨਹੀਂ ਹੈ।”

AFP
14 ਅਗਸਤ 2011- ਅਮਰੀਕੀ ਤੇ ਅਫ਼ਗਾਨ ਫ਼ੌਜਾਂ ਦੱਖਣੀ ਅਫ਼ਗਾਨਿਸਤਾਨ ਵਿੱਚ ਕੰਦਾਹਾਰ ''ਚ ਚਿਨੂਕ ਹੈਲੀਕਾਪਟਰ ''ਚ ਜਾਂਦੇ ਹੋਏ

ਸੰਯੁਕਤ ਰਾਸ਼ਟਰ ਅਨੁਸਾਰ ਗੱਠਜੋੜ ਦੀਆਂ ਫੌਜਾਂ ਵੱਲੋਂ ਇਸ ਤਰ੍ਹਾਂ ਦੀ ਛਾਪੇਮਾਰੀ ਦੀ ਕਾਰਵਾਈ ''ਚ 300 ਤੋਂ ਵੀ ਵੱਧ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।

ਕਤਲ ਦੇ ਚਾਰ ਮਾਮਲੇ

ਗੈਸਟ ਹਾਊਸ ''ਚ ਰਾਤ ਦੇ ਹਨੇਰੇ ''ਚ ਚਾਰ ਮੁੰਡਿਆਂ ਦੇ ਕਤਲ ਦੀ ਘਟਨਾ ਨੇ ਸਥਾਨਕ ਲੋਕਾਂ ''ਚ ਗੁੱਸਾ ਅਤੇ ਰੋਹ ਭਰ ਦਿੱਤਾ ਅਤੇ ਬਾਅਦ ''ਚ ਰਾਇਲ ਮਿਲੀਟਰੀ ਪੁਲਿਸ (ਆਰਐਮਪੀ) ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ।

ਆਰਐਮਪੀ ਨੇ ਆਪ੍ਰੇਸ਼ਨ ਨਾਰਥਮੂਰ ਨਾਮ ਤੋਂ ਇੱਕ ਵੱਡੇ ਪੱਧਰ ਦੀ ਜਾਂਚ ਦੇ ਹਿੱਸੇ ਵਜੋਂ ਵਿਸ਼ੇਸ਼ ਬਲਾਂ ਨਾਲ ਸਬੰਧਿਤ ਦਰਜਨਾਂ ਸ਼ੱਕੀ ਮੌਤਾਂ ਦੇ ਮਾਮਲਿਆਂ ''ਤੇ ਕੰਮ ਕੀਤਾ। ਬੀਬੀਸੀ ਪਨੋਰਮਾ ਅਤੇ ਸੰਡੇ ਟਾਈਮਜ਼ ਨੇ ਅੰਦਰੂਨੀ ਸੂਤਰਾਂ ਤੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ।

BBC
ਫ਼ੌਜੀਆਂ ਦੇ ਘਰੋਂ ਜਾਣ ਤੋਂ ਬਾਅਦ ਸੁਲਤਾਨ ਮੁਹੰਮਦ ਪਹਿਲਾ ਵਿਅਕਤੀ ਸੀ ਜੋ ਗੈਸਟ ਹਾਊਸ ਵਿੱਚ ਦਾਖਲ ਹੋਇਆ ਸੀ

ਚਾਰਾਂ ਮੁੰਡਿਆਂ ਨੂੰ ਮਾਰਨ ਵਾਲੇ ਸੈਨਿਕ ਨੇ ਕਿਹਾ ਕਿ ਉਸ ਨੇ ਆਪਣੀ ਸਵੈ-ਰੱਖਿਆ ''ਚ ਗੋਲੀ ਚਲਾਈ ਸੀ। ਉਸ ਨੇ ਦੱਸਿਆ ਕਿ ਉਸ ਨੇ ਪਹਿਲਾਂ ਦੋ ਮੁੰਡਿਆਂ ਨੂੰ ਗੋਲੀ ਮਾਰੀ ਕਿਉਂਕਿ ਉਹ ਖਿੜਕੀ ''ਚੋਂ ਉਸ ''ਤੇ ਨਿਸ਼ਾਨਾ ਸਾਧ ਰਹੇ ਸਨ ਅਤੇ ਬਾਅਦ ''ਚ ਉਸ ਨੇ ਪਰਛਾਈ ਵੇਖੀ ਅਤੇ ਗੋਲੀ ਚਲਾਈ ਜਿਸ ''ਚ ਦੂਜੇ ਦੋ ਵੀ ਮਾਰੇ ਗਏ।

ਪਰ ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਸਾਰੀ ਮਨਘੜੰਤ ਕਹਾਣੀ ਹੈ ਕਿਉਂਕਿ ਚਾਰਾਂ ''ਚੋਂ ਕਿਸੇ ਵੀ ਕੋਲ ਕੋਈ ਹਥਿਆਰ ਨਹੀਂ ਸੀ ਅਤੇ ਉਹ ਹਥਿਆਰਬੰਦ ਫੌਜਾਂ ਲਈ ਕਿਸੇ ਵੀ ਤਰ੍ਹਾਂ ਦਾ ਖ਼ਤਰਾ ਨਹੀਂ ਸਨ।

ਸੁਲਤਾਨ ਮੁਹੰਮਦ ਨੇ ਦੱਸਿਆ ਕਿ "ਚਾਰੇ ਰਾਤ ਦੇ ਸਮੇਂ ਚਾਹ ਪੀ ਰਹੇ ਸਨ ਅਤੇ ਉਸੇ ਸਮੇਂ ਹੀ ਉਨ੍ਹਾਂ ''ਤੇ ਗੋਲੀਆਂ ਚੱਲੀਆਂ।"

ਪਨੋਰਮਾ ਵਲੋਂ ਹਾਸਲ ਹੋਈਆਂ ਫੋਟੋਆਂ ਤੋਂ ਸਪਸ਼ਟ ਪਤਾ ਚੱਲਦਾ ਹੈ ਕਿ ਕਮਰੇ ਦੀ ਕੰਧ ''ਤੇ ਗੋਲੀਆਂ ਦੇ ਨਿਸ਼ਾਨ ਮੌਜੂਦ ਸਨ। ਜ਼ਿਆਦਾਤਰ ਦੋ ਫੁੱਟ ਦੀ ਦੂਰੀ ਤੋਂ ਹੀ ਗੋਲੀਆਂ ਚੱਲੀਆਂ। ਇੰਨ੍ਹਾਂ ਤਸਵੀਰਾਂ ਤੋਂ ਬਿਆਨ ਹੁੰਦੀ ਕਹਾਣੀ ਪੀੜ੍ਹਤ ਪਰਿਵਾਰਾਂ ਦੇ ਹੱਕ ''ਚ ਹੈ।

ਆਰਐਮਪੀ ਦੇ ਜਾਂਚ ਅਧਿਕਾਰੀ ਚਾਹੁੰਦੇ ਹਨ ਕਿ ਇੰਨਾਂ ਚਾਰ ਕਤਲ ਮਾਮਲਿਆਂ ਦੇ ਦੋਸ਼ੀ ਸੈਨਿਕ ''ਤੇ ਕਾਰਵਾਈ ਕੀਤੀ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਛਾਪੇਮਾਰੀ ਦਾ ਹੁਕਮ ਦੇਣ ਵਾਲੇ ਅਧਿਕਾਰੀ ਅਤੇ ਉਸ ਦੀ ਰਿਪੋਰਟ ਨੂੰ ਸਹੀ ਦੱਸਣ ਵਾਲੇ ਉਸ ਦੇ ਅਫ਼ਸਰ ''ਤੇ ਵੀ ਮੁਕੱਦਮਾ ਚਲਾਇਆ ਜਾਵੇ।

ਇਹ ਬਰਤਾਨੀਆ ਦੀ ਸਪੈਸ਼ਲ ਫੋਰਸ ਦੇ ਸੀਨੀਅਰ ਅਧਿਕਾਰੀ ਸਨ। ਉਨ੍ਹਾਂ ''ਤੇ ਸਾਰੀ ਘਟਨਾ ''ਤੇ ਪਰਦਾ ਪਾਉਣ ਅਤੇ ਆਪਣੀ ਕਾਰਵਾਈ ਨੂੰ ਸਹੀ ਦੱਸਣ ਦਾ ਦੋਸ਼ ਆਇਦ ਹੋਇਆ ਸੀ।

ਫੌਜ ਦੇ ਵਕੀਲ ਨੇ ਦੋਸ਼ੀਆਂ ''ਤੇ ਕਾਰਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਸਾਲ 2017 ''ਚ ਸਰਕਾਰ ਨੇ ਆਪ੍ਰੇਸ਼ਨ ਨਾਰਥਮੂਰ ਨੂੰ ਬੰਦ ਕਰਨ ਦਾ ਐਲਾਨ ਕੀਤਾ।

ਪਰ ਜਦੋਂ ਪਨੋਰਮਾ ਨੇ ਸਬੂਤ ਵਿਖਾਏ ਤਾਂ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਸਾਬਕਾ ਮੁਖੀ ਲੋਰਡ ਕੇਨ ਮੈਕਡੋਨਲਡ ਨੇ ਕਿਹਾ ਕਿ ਇਸ ਮਾਮਲੇ ਦੀ ਮੁੜ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ "ਗੋਲੀਆਂ ਦੇ ਜੋ ਸਬੂਤ ਹਨ ਉਹ ਸੈਨਿਕ ਵਲੋਂ ਬਿਆਨ ਕੀਤੀ ਕਹਾਣੀ ਦੇ ਅਨੁਕੂਲ ਨਹੀਂ ਹਨ ਪਰ ਪੀੜ੍ਹਤ ਪਰਿਵਾਰਾਂ ਵਲੋਂ ਜੋ ਦੱਸਿਆ ਗਿਆ ਹੈ ਉਸ ਦੀ ਗਵਾਹੀ ਜ਼ਰੂਰ ਭਰਦੇ ਹਨ।"

"ਜੇਕਰ ਇਹ ਸਹੀ ਹੈ ਅਤੇ ਘਟਨਾ ਤੋਂ ਬਾਅਦ ਝੂਠੇ ਦਸਤਾਵੇਜ਼ ਪੇਸ਼ ਕੀਤੇ ਗਏ ਹਨ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਸ ਰਾਤ ਉਸ ਕਮਰੇ ''ਚ ਕੀ ਵਾਪਰਿਆ ਸੀ।"

ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਫੌਜੀ ਕਾਰਵਾਈ ਕਾਨੂੰਨ ਦੇ ਦਾਇਰੇ ''ਚ ਰਹਿ ਕੇ ਕੀਤੀ ਜਾਂਦੀ ਹੈ ਅਤੇ ਦੋਸ਼ਾਂ ਦੀ ਵਿਆਪਕ ਪੱਧਰ ''ਤੇ ਜਾਂਚ ਕੀਤੀ ਗਈ ਸੀ। ਉਨ੍ਹਾਂ ਨੇ ਇੰਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ।

ਰੱਖਿਆ ਮੰਤਰਾਲੇ ਨੇ ਕਿਹਾ ਹੈ, "ਇਰਾਕ ਅਤੇ ਅਫ਼ਗਾਨਿਸਤਾਨ ''ਚ ਸਾਡੀ ਫੌਜ ਨੇ ਬਹੁਤ ਹੀ ਹਿੰਮਤ ਅਤੇ ਪੇਸ਼ੇਵਰ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਹਨ।"

ਇਹ ਵੀ ਪੜ੍ਹੋ:

  • ਜਿਹੜੀ ‘ਗੰਦਗੀ’ ਭਾਰਤ ਤੋਂ ਅਮਰੀਕਾ ਆਈ, ਉਸ ਦਾ ਸੱਚ ਕੀ
  • ''ਥਮਲੇ ਨਾਲ ਬੰਨ੍ਹ ਕੇ ਪਲਾਸਾਂ ਨਾਲ ਮਾਸ ਨੋਚਿਆ ਗਿਆ ਤੇ ਪਿਸ਼ਾਬ ਪਿਲਾਇਆ ਗਿਆ''
  • 5 ਗੱਲਾਂ ਜੋ ਹਰ ਔਰਤ ਨੂੰ ਆਪਣੇ ਗੁਪਤ ਅੰਗ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ

"ਇੰਨ੍ਹਾਂ ਹਵਾਲਾ ਮਾਮਲਿਆਂ ਸਬੰਧੀ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਸੁਤੰਤਰ ਸਰਵਿਸ ਪ੍ਰੋਸੀਕਿਊਟਿੰਗ ਅਥਾਰਟੀ ਨੇ ਮੁਕੱਦਮਾ ਨਾ ਚਲਾਉਣ ਦਾ ਫ਼ੈਸਲਾ ਲਿਆ ਹੈ।"

"ਜਾਂਚ ਅਤੇ ਮੁਕੱਦਮਾ ਚਲਾਉਣ ਦੇ ਫ਼ੈਸਲੇ ਰੱਖਿਆ ਮੰਤਰਾਲੇ ਤੋਂ ਬਿਲਕੁੱਲ ਆਜ਼ਾਦ ਹਨ ਅਤੇ ਇਸ ''ਚ ਬਾਹਰੀ ਨਿਗਰਾਨੀ ਅਤੇ ਕਾਨੂੰਨੀ ਸਲਾਹ ਸ਼ਾਮਲ ਹੈ।"

ਬੀਬੀਸੀ ਦੇ ਦਾਅਵਿਆਂ ਨੂੰ ਸਰਵਿਸ ਪੁਲਿਸ ਅਤੇ ਸਰਵਿਸ ਪ੍ਰੋਸਿਕਿਊਟਿੰਗ ਅਥਾਰਟੀ ਨੂੰ ਸੌਂਪਿਆਂ ਗਿਆ ਹੈ।

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=rtmfa9ptr_Q

https://www.youtube.com/watch?v=nIn9tH_xCcM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)