ਕਰਤਾਰਪੁਰ ਲਾਂਘਾ: ''''ਸਾਨੂੰ ਤਾਂ ਇੱਥੇ ਪਹੁੰਚ ਕੇ ਪਤਾ ਲੱਗਿਆ ਪਾਸਪੋਰਟ ਜ਼ਰੂਰੀ ਹੈ''''

11/13/2019 7:46:26 AM

"ਸਾਨੂੰ ਤਾਂ ਇਹੀ ਪਤਾ ਸੀ ਕਿ ਲਾਂਘੇ ਰਾਹੀਂ ਕਰਤਾਰਪੁਰ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਹੈ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਪਾਸਪੋਰਟ ਚਾਹੀਦਾ ਹੈ। ਇਸ ਕਾਰਨ ਅਸੀਂ ਅੱਗੇ ਨਹੀਂ ਜਾ ਸਕੇ।"

ਇਹ ਕਹਿਣਾ ਹੈ ਅੰਮ੍ਰਿਤਸਰ ਤੋਂ ਆਈ ਇੱਕ ਸ਼ਰਧਾਲੂ ਦਾ। ਇਸੇ ਤਰ੍ਹਾਂ ਪ੍ਰੀਤਮ ਸਿੰਘ ਮਖੂਆ ਵੀ ਡੇਰਾ ਬਾਬਾ ਨਾਨਕ ਪਹੁੰਚੇ ਸੀ ਪਰ ਪਾਸਪੋਰਸਟ ਨਾ ਹੋਣ ਕਾਰਨ ਵਾਪਸ ਪਰਤਣਾ ਪਿਆ।

ਪ੍ਰੀਤਮ ਸਿੰਘ ਮਖੂਆ ਦਾ ਕਹਿਣਾ ਹੈ, "ਸਾਨੂੰ ਤਾਂ ਇਹੀ ਜਾਣਕਾਰੀ ਸੀ ਕਿ ਆਧਾਰ ਕਾਰਡ ਦਿਖਾ ਕੇ ਵੀ ਜਾ ਸਕਦੇ ਹਾਂ ਪਰ ਇਹ ਪਾਸਪੋਰਟ ਬਿਨਾ ਅੱਗੇ ਨਹੀਂ ਜਾਣ ਦਿੰਦੇ।"

ਦਰਅਸਲ ਕਰਤਾਰਪੁਰ ਲਾਂਘਾ ਖੁਲ੍ਹਣ ਤੋਂ ਬਾਅਦ ਪਹਿਲੇ ਦਿਨ 170, ਦੂਜੇ ਦਿਨ 400 ਸ਼ਰਧਾਲੂ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕਰਨ ਜਾ ਸਕੇ। ਜਦੋਂਕਿ ਤੀਜੇ ਦਿਨ ਵੀ ਸ਼ਰਧਾਲੂ ਤੈਅ ਕੀਤੇ 5000 ਸ਼ਰਧਾਲੂਆਂ ਤੋਂ ਘੱਟ ਹੀ ਜਾ ਸਕੇ ਸਨ।

ਇਹ ਵੀ ਪੜ੍ਹੋ:

  • ਕਰਤਾਰਪੁਰ ਲਾਂਘਾ: ਕਿਹੜੇ ਪੜਾਵਾਂ ''ਚੋਂ ਗੁਜ਼ਰਕੇ ਬਣਿਆ ਰਾਹ
  • ‘ਅਯੁੱਧਿਆ ’ਚ ਸਾਰੀ ਵਿਵਾਦਤ ਜ਼ਮੀਨ ਹਿੰਦੂਆਂ ਨੂੰ ਦੇਣ ਨਾਲ ਮੈਂ ਇਸ ਲਈ ਅਸਹਿਮਤ ਹਾਂ’
  • ਗੁਰੂ ਨਾਨਕ ਦੇਵ ਨਾਲ ਜੁੜੀਆਂ ਇਤਿਹਾਸਕ ਥਾਵਾਂ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਤੱਕ

ਸ਼ਰਧਾਲੂਆਂ ਵਿੱਚ ਪਾਸਪੋਰਟ ਅਤੇ ਆਨਲਾਈਨ ਰਜਿਸਟਰ ਕਰਨ ਦੀ ਦੁਬਿਧਾ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਪਹਿਲੇ ਤਿੰਨ ਦਿਨ ਵੱਡੀ ਗਿਣਤੀ ''ਚ ਸ਼ਰਧਾਲੂ ਦਰਸ਼ਨ ਕੀਤੇ ਬਿਨਾ ਹੀ ਵਾਪਸ ਪਰਤ ਰਹੇ ਹਨ|

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਦੀ ਗਿਣਤੀ ''ਚ ਸ਼ਰਧਾਲੂ ਡੇਰਾ ਬਾਬਾ ਨਾਨਕ ਪਹੁੰਚੇ। ਉਹ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਦਰਬਾਰ ਸਾਹਿਬ ਵਿੱਚ ਗੁਰਪੁਰਬ ਮਨਾਉਣਾ ਚਾਹੁੰਦੇ ਸਨ|

ਸ਼ਰਧਾਲੂਆਂ ''ਚ ਦੁਬਿਧਾ

ਸ਼ਰਧਾਲੂਆਂ ਨੂੰ ਦੁਬਿਧਾ ਸਿਰਫ਼ ਪਾਸਪੋਰਟ ਨੂੰ ਲੈ ਕੇ ਹੀ ਨਹੀਂ ਸੀ ਸਗੋਂ ਕਈ ਲੋਕਾਂ ਨੂੰ ਤਾਂ ਇਹ ਜਾਣਕਾਰੀ ਵੀ ਨਹੀਂ ਸੀ ਕਿ ਇਸ ਲਈ ਰਜਿਸਟਰ ਕਰਨ ਦੀ ਲੋੜ ਹੈ।

ਜੰਮੂ-ਕਸ਼ਮੀਰ ਤੋਂ ਆਏ ਇੱਕ ਸਿੱਖ ਪਰਿਵਾਰ ਇਸੇ ਤਰ੍ਹਾਂ ਆਪਣਾ ਪਾਸਪੋਰਟ ਅਤੇ ਹੋਰ ਸਾਰੇ ਦਸਤਾਵੇਜ਼ ਲੈਕੇ ਡੇਰਾ ਬਾਬਾ ਨਾਨਕ ਪਹੁੰਚੇ ਪਰ ਬਿਨਾ ਰਜਿਸਟਰੇਸ਼ਨ ਦੇ ਜਾਣ ਨਹੀਂ ਦਿੱਤਾ ਗਿਆ।

ਐਚਬੀ ਸਿੰਘ ਨੇ ਕਿਹਾ, "ਸਾਨੂੰ ਤਾਂ ਉਮੀਦ ਸੀ ਕਿ ਸਾਲਾਂ ਤੋਂ ਜੋ ਅਰਦਾਸ ਅਸੀਂ ਕਰ ਰਹੇ ਸੀ ਉਹ ਅੱਜ ਪੂਰੀ ਹੋ ਜਾਵੇਗੀ ਪਰ ਹੋ ਨਾ ਸਕਿਆ। ਸਾਨੂੰ ਤਾਂ ਇੱਥੇ ਪਹੁੰਚ ਕੇ ਜਾਣਕਾਰੀ ਮਿਲੀ ਹੈ ਕਿ ਪਹਿਲਾਂ ਰਜਿਸਟਰ ਕਰਨਾ ਜ਼ਰੂਰੀ ਹੈ ਅਤੇ ਹੁਣ ਅਸੀਂ ਖਾਲੀ ਹੱਥ ਵਾਪਸ ਜਾ ਰਹੇ ਹਾਂ|"

ਇਸੇ ਤਰ੍ਹਾਂ ਲੰਦਨ ਤੋਂ ਆਏ ਪਤੀ -ਪਤਨੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪੰਜਾਬ ''ਚ ਪ੍ਰਕਾਸ਼ ਪੁਰਬ ਮਨਾਉਣ ਆਏ ਸਨ।

ਇਸ ਦੌਰਾਨ ਲਾਂਘਾ ਖੁਲ੍ਹ ਗਿਆ ਤਾਂ ਉਨ੍ਹਾਂ ਨੇ ਇਹ ਤਹਿ ਕੀਤਾ ਕਿ ਉਹ ਪਾਕਿਸਤਾਨ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਦਿਹਾੜੇ ਨਤਮਸਤਕ ਹੋਣਗੇ ਪਰ ਇਹ ਸੰਭਵ ਨਹੀਂ ਹੋ ਸਕਿਆ।

ਇਸੇ ਤਰ੍ਹਾਂ ਕਾਫ਼ੀ ਸ਼ਰਧਾਲੂ ਪੰਜਾਬ, ਹਰਿਆਣਾ, ਹਿਮਾਚਲ ਦੇ ਵੱਖ-ਵੱਖ ਜਿਲ੍ਹਿਆਂ ਤੋਂ ਪਰਿਵਾਰ ਸਣੇ ਡੇਰਾ ਬਾਬਾ ਨਾਨਕ ਪਹੁੰਚੇ। ਪਰ ਉੱਥੇ ਪਹੁੰਚ ਕੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ-ਇਕੱਲੇ ਰਜਿਸਟਰੇਸ਼ਨ ਕਰਨੀ ਪਏਗੀ।

ਗਰੁੱਪ ਰਜਿਸਟਰੇਸ਼ਨ ਕਰਨ ਵਾਲੇ ਸ਼ਰਧਾਲੂ ਨਿਰਾਸ਼

ਰੋਪੜ ਤੋਂ ਡੇਰਾ ਬਾਬਾ ਨਾਨਕ ਪਰਿਵਾਰ ਸਣੇ ਪਹੁੰਚੀ ਰਾਜਵਿੰਦਰ ਕੌਰ ਦਾ ਕਹਿਣਾ ਹੈ, "ਅਸੀਂ ਤਾਂ ਪੋਰਟਲ ''ਤੇ ਹੀ ਪਰਿਵਾਰ ਦੇ ਪੰਜ ਮੈਂਬਰਾਂ ਲਈ ਗਰੁੱਪ ਅਪਲਾਈ ਕੀਤਾ ਸੀ। ਸਾਰੀ ਵੈਰੀਫਿਕੇਸ਼ਨ ਵੀ ਹੋਈ ਪਰ ਜਦੋਂ ਇੱਥੇ ਪਹੁੰਚੇ ਤਾਂ ਮਨ੍ਹਾ ਕਰ ਦਿੱਤਾ।"

"ਪਰਿਵਾਰ ਦੇ ਸਿਰਫ਼ ਇੱਕ ਮੈਂਬਰ ਨੂੰ ਹੀ ਈਟੀਏ ਮਿਲਿਆ ਹੈ। ਜਾਂ ਤਾਂ ਪੋਰਟਲ ''ਤੇ ਗਰੁੱਪ ਰਜਿਸਟਰੇਸ਼ਨ ਦਾ ਬਦਲ ਹੀ ਨਾ ਦੇਣ। ਸੰਗਤਾਂ ਨੂੰ ਭੁਲੇਖਾ ਨਹੀਂ ਪਾਉਣਾ ਚਾਹੀਦਾ। ਅਸੀਂ ਇੰਨੀ ਦੂਰੋਂ ਸ਼ਰਧਾ ਨਾਲ ਆਏ ਸੀ।"

ਇਸੇ ਹੀ ਤਰ੍ਹਾਂ ਦਿੱਲੀ ਤੋਂ ਆਏ ਤਿੰਨ ਭੈਣ ਭਰਾ ਵੀ ਬੜੇ ਨਿਰਾਸ਼ ਸਨ। ਉਹਨਾਂ ਤਿੰਨ ਮੈਂਬਰਾਂ ਲਈ ਗਰੁੱਪ ਰਜਿਸਟਰੇਸ਼ਨ ਕਰਵਾਈ ਸੀ ਪਰ ਈਟੀਏ ਇੱਕ ਨੂੰ ਹੀ ਮਿਲਿਆ।

ਇਸ ਕਾਰਨ ਉਹ ਵੀ ਦਰਸ਼ਨ ਲਈ ਪਾਕਿਸਤਾਨ ਨਹੀਂ ਗਏ ਅਤੇ ਵਾਪਸ ਦਿੱਲੀ ਪਰਤ ਗਏ।

ਇਸ ਸਭ ''ਚ ਸਾਈਕਲ ''ਤੇ ਸਵਾਰ ਇਕ ਮੋਹਾਲੀ ਦਾ ਨੌਵਾਨ ਕਰਮਵੀਰ ਸਿੰਘ ਕਰਤਾਰਪੁਰ ਲਾਂਘੇ ਕੋਲ ਡੇਰਾ ਬਾਬਾ ਨਾਨਕ ਪਹੁੰਚਿਆ।

ਕਰਮਵੀਰ ਦਾ ਕਹਿਣਾ ਹੈ, "ਮੈਂ ਪਿਛਲੇ ਦੋ ਦਿਨਾਂ ਤੋਂ ਸਫ਼ਰ ਤਹਿ ਕਰ ਰਿਹਾ ਹਾਂ ਅਤੇ ਮੇਰੀ ਇਹ ਯਾਤਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।"

"ਮਕਸਦ ਹੈ ਲੋਕਾਂ ਨੂੰ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਜਾਗਰੂਕ ਕਰਨਾ। ਜੇ ਮੈਨੂੰ ਮੌਕਾ ਮਿਲੇਗਾ ਤਾਂ ਮੈਂ ਸਾਈਕਲ ''ਤੇ ਹੀ ਸਵਾਰ ਹੋ ਕੇ ਕਰਤਾਰਪੁਰ ਸਥਿਤ ਗੁਰੂਦਵਾਰਾ ਦਰਬਾਰ ਸਾਹਿਬ ਪਹੁੰਚਾਂਗਾ।"

ਕਰਤਾਰਪੁਰ ਜਾਣ ਦੀ ਪ੍ਰਕਿਰਿਆ

  • ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੇ ਪੋਰਟਲ https://prakashpurb550.mha.gov.in/kpr/ ਉੱਤੇ ਰਜਿਸਟਰ ਕਰਨਾ ਹੋਵੇਗਾ।
  • ਯਾਤਰਾ ਤੋਂ ਚਾਰ ਦਿਨ ਪਹਿਲਾਂ ਯਾਤਰੀਆਂ ਨੂੰ ਯਾਤਰਾ ਦੀ ਸੂਚਨਾ ਮਿਲੇਗੀ।
  • ਯਾਤਰਾ ਬਿਨਾ ਵੀਜੇ ਦੀ ਹੋਵੇਗੀ ਪਰ ਇਸ ਦੇ ਲਈ ਇਸ ਆਨ ਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਿਟ ਲੈਣਾ ਜ਼ਰੂਰੀ ਹੋਵੇਗਾ।
  • ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ। ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਈ-ਮੇਲ ਆਈ.ਡੀ ਜ਼ਰੂਰੀ ਨਹੀਂ ਹੈ।
  • ਹਾਲਾਂਕਿ ਜੇ ਆਨਲਾਈਨ ਵੇਰਵੇ ਜਮ੍ਹਾਂ ਕਰਦੇ ਸਮੇਂ ਈ-ਮੇਲ ਆਈ.ਡੀ ਮੁਹੱਈਆ ਕਰੋਗੇ ਤਾਂ ਇਲੈਕਟਰਾਨਿਕ ਟਰੈਵਲ ਆਥੋਰਾਈਜੇਸ਼ਨ (ਈਟੀਏ) ਨੂੰ ਈ-ਮੇਲ ਵਿੱਚ ਅਟੈਚਮੈਂਟ ਦੇ ਤੌਰ ''ਤੇ ਹਾਸਿਲ ਕੀਤਾ ਜਾ ਸਕਦਾ ਹੈ।
  • ਬਦਲ ਦੇ ਤੌਰ ''ਤੇ ਮੋਬਾਇਲ ਸੰਦੇਸ਼ ਵਿਚ ਦਿੱਤੇ ਲਿੰਕ ਤੋਂ ਈਟੀਏ ਡਾਊਨਲੋਡ ਕੀਤਾ ਜਾ ਸਕਦਾ ਹੈ।
  • ਭਾਰਤ ਵਲੋਂ ਇਹ ਯਾਤਰਾ ਮੁਫ਼ਤ ਹੈ ਪਰ ਪਾਕਿਸਤਨ ਵਲੋਂ ਪ੍ਰਤੀ ਯਾਤਰੀ 20 ਡਾਲਰ ਦੀ ਫ਼ੀਸ ਲਈ ਜਾਵੇਗੀ ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਹੋਵੇਗੀ। ਇਹ ਫੀਸ ਸ਼ੁਰੂਆਤੀ ਦਿਨਾਂ ਵਿੱਚ ਨਹੀਂ ਲੱਗੇਗੀ।

ਕੀ ਲਾਂਘਾ ਵੀਜ਼ਾ ਫ੍ਰੀ ਹੈ, ਪਾਸਪੋਰਟ ਦੀ ਲੋੜ ਹੋਵੇਗੀ?

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਤੁਹਾਨੂੰ ਲਾਂਘੇ ਤੋਂ ਹੋ ਕੇ ਜਾਣਾ ਪਵੇਗਾ। ਇਹ ਲਾਂਘਾ ਵੀਜ਼ਾ ਮੁਕਤ ਹੋਵੇਗਾ।

ਇਹ ਵੀ ਪੜ੍ਹੋ:

  • ''ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ''
  • ਕਰਤਾਰਪੁਰ ਸਾਹਿਬ ਦੀ ਧਾਰਮਿਕ ਮਹੱਤਤਾ ਕੀ ਹੈ?
  • ਮੇਰਾ ਯਾਰ ਦਿਲਦਾਰ ਇਮਰਾਨ ਖ਼ਾਨ ਜੀਵੇ: ਨਵਜੋਤ ਸਿੱਧੂ

ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਕਰਤਾਰਪੁਰ ਆਉਣ ਲਈ ਪਾਸਪੋਰਟ ਦੀ ਲੋੜ ਵੀ ਨਹੀਂ ਹੋਵੇਗੀ, ਸਿਰਫ਼ ਇੱਕ ਵੈਧ ਆਈਡੀ ਚਾਹੀਦੀ ਹੋਵੇਗੀ। ਪਰ ਬਾਅਦ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਪਛਾਣ ਲਈ ਪਾਸਪੋਰਟ ਜ਼ਰੂਰੀ ਦੱਸਿਆ।

ਭਾਰਤ ਨੇ ਵੀ ਕਿਹਾ ਹੈ ਕਿ ਉਸਨੇ ਦੋਹਾਂ ਮੁਲਕਾਂ ਵਿਚਾਲੇ 24 ਅਕਤੂਬਰ ਨੂੰ ਹੋਏ ਕਰਾਰ ਤਹਿਤ ਪਾਸਪੋਰਟ ਜ਼ਰੂਰੀ ਰੱਖਿਆ ਹੈ।

BBC

ਲਾਂਘੇ ਲਈ ਜਿਨ੍ਹਾਂ ਲੋਕਾਂ ਦੀ ਅਰਜ਼ੀ ਉੱਤੇ ਮੁਹਰ ਲੱਗ ਜਾਂਦੀ ਹੈ ਭਾਵ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਕਾਰਡ ਦਿੱਤਾ ਜਾਵੇਗਾ।

ਪਾਕਿਸਤਾਨ ਸਰਕਾਰ ਨੇ ਭਾਰਤੀ ਸ਼ਰਧਾਲੂਆਂ ਲਈ 20 ਡਾਲਰ ਫੀਸ ਤੈਅ ਕੀਤੀ ਗਈ ਹੈ, ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਬਣਦੀ ਹੈ।

ਇਹ ਵੀਡੀਓ ਵੀ ਦੇਖੋ:

https://www.youtube.com/watch?v=mVI6UGiSclU

https://www.youtube.com/watch?v=FrnVPlc5yHs

https://www.youtube.com/watch?v=YCmWM19t87c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)