ਔਰਤਾਂ ਜਿਨ੍ਹਾਂ ਦੀ ਜ਼ਿੰਦਗੀ ਵਿਆਹ ਦੀ ਪਹਿਲੀ ਰਾਤ ਮਗਰੋਂ ਬਰਬਾਦ ਹੋਈ

11/08/2019 1:46:21 PM

Getty Images

ਵਿਆਹ ਬਾਰੇ ਪੂਰੀ ਦੁਨੀਆਂ ਦੇ ਲੋਕਾਂ ਵਿੱਚ ਉਤਸੁਕਤਾ ਰਹਿੰਦੀ ਹੈ ਪਰ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਇਸ ਨਾਲ ਜੁੜੀਆਂ ਰਸਮਾਂ ਉਨ੍ਹਾਂ ਨੂੰ ਜ਼ਖ਼ਮ ਦੇ ਜਾਂਦੀਆਂ ਹਨ। ਉਨ੍ਹਾਂ ਦੇ ਵਿਆਹ ਦੀ ਪਹਿਲੀ ਰਾਤ ਅਜਿਹੀ ਗੁਜ਼ਰਦੀ ਹੈ ਕਿ ਜਿਸਦੀਆਂ ਮਾੜੀਆਂ ਯਾਦਾਂ ਜ਼ਿੰਦਗੀ ਭਰ ਉਨ੍ਹਾਂ ਦਾ ਪਿੱਛਾ ਕਰਦੀਆਂ ਹਨ।

ਕਈ ਅਰਬੀ ਅਤੇ ਮੁਸਲਿਮ ਮੁਲਕਾਂ ''ਚ ਉਮੀਦ ਕੀਤੀ ਜਾਂਦੀ ਹੈ ਕਿ ਵਿਆਹ ਦੀ ਪਹਿਲੀ ਰਾਤ ਨੂੰ ਵਿਆਹੁਲੀ ਕੁਆਰੀ ਹੋਵੇ।

ਬੀਬੀਸੀ ਅਰਬੀ ਨੇ ਵੱਖ-ਵੱਖ ਸਮਾਜਿਕ ਤਬਕਿਆਂ ਨਾਲ ਸਬੰਧਿਤ ਕਈ ਔਰਤਾਂ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ ਅਤੇ ਨਾਲ ਹੀ ਇਹ ਸਮਝਣ ਦੀ ਕੋਸ਼ਿਸ਼ ਵੀ ਕੀਤੀ ਕਿ ਵਿਆਹ ਨਾਲ ਜੁੜੇ ਇਸ ਰਿਵਾਜ ਦਾ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ''ਤੇ ਕੀ ਅਸਰ ਪਿਆ। ਇਸ ਤੋਂ ਇਲਾਵਾ ਸੈਕਸ ਸਿੱਖਿਆ ਦੀ ਘਾਟ ਨੇ ਕਿਵੇਂ ਵਿਆਹ ''ਤੇ ਅਸਰ ਪਾਇਆ।

ਇਹ ਰਿਪੋਰਟ ਉਨ੍ਹਾਂ ਔਰਤਾਂ ਨਾਲ ਹੋਈ ਗੱਲਬਾਤ ਦਾ ਸੰਖੇਪ ਸਾਰ ਹੈ, ਜਿਸ ''ਚ ਉਨ੍ਹਾਂ ਨੇ ਦੱਸਿਆ ਹੈ ਕਿ ਸੁਹਾਗਰਾਤ ਵਾਲੀ ਰਾਤ ਦੇ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ।

ਇਹ ਵੀ ਪੜ੍ਹੋ:

  • ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
  • ਕੁੜੀਆਂ ਨਾਲ ਡੇਟਿੰਗ ਦਾ ਝਾਂਸਾ ਦੇ ਕੇ ਮੁੰਡਿਆਂ ਤੋਂ ਲੱਖਾਂ ਰੁਪਏ ਕਿਵੇਂ ਠੱਗੇ ਗਏ
  • ''ਇੱਕ ਸੈਲਫ਼ੀ ਜਿਸ ਨੇ ਮੈਨੂੰ ਚੋਰੀ ਦੀ ਬੱਚੀ ਬਣਾ ਦਿੱਤਾ''

33 ਸਾਲਾ ਸੌਮਿਆ

33 ਸਾਲਾ ਸੌਮਿਆ ਨੇ ਆਪਣੇ ਦੋਸਤ ਇਬਰਾਹਿਮ ਨਾਲ ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ, ਨਾਲ ਵਿਆਹ ਕਰਵਾਉਣ ਲਈ ਆਪਣੇ ਪਰਿਵਾਰ ਨਾਲ ਲੰਬੀ ਲੜਾਈ ਲੜੀ। ਪਰਿਵਾਰ ਵਾਲੇ ਇਸ ਲਈ ਤਿਆਰ ਨਹੀਂ ਸਨ ਪਰ ਸੋਮਿਆ ਇਬਰਾਹਿਮ ਨੂੰ ਬੇਹੱਦ ਪਿਆਰ ਕਰਦੀ ਸੀ ਤੇ ਆਦਰਸ਼ ਸ਼ੌਹਰ ਮੰਨਦੀ ਸੀ।

Getty Images
ਸੰਕੇਤਕ ਤਸਵੀਰ

ਸੌਮਿਆ ਨਾਲ ਵਿਆਹ ਤੋਂ ਬਾਅਦ ਦੀ ਪਹਿਲੀ ਰਾਤ ਨੂੰ ਹੀ ਕੁਝ ਅਜਿਹਾ ਹੋਇਆ ਕਿ ਇਬਰਾਹਿਮ ਲਈ ਉਸ ਦਾ ਪਿਆਰ ਭਾਫ਼ ਬਣ ਕੇ ਉੱਡ ਗਿਆ।

ਉਸ ਰਾਤ ਉਨ੍ਹਾਂ ਦੇ ਕੁਆਰੇਪਣ ਨੂੰ ਲੈ ਕੇ ਉੱਠੇ ਸਵਾਲ ਨੇ ਸੋਮਿਆ ਦੇ ਦਿਲ ਵਿੱਚੋਂ ਇਬਰਾਹਿਮ ਲਈ ਪਿਆਰ ਹਮੇਸ਼ਾ ਲਈ ਮੇਟ ਦਿੱਤਾ।

ਵਿਆਹ ਮੌਕੇ ਸੋਮਿਆ 23 ਸਾਲਾਂ ਦੀ ਮੁਟਿਆਰ ਸੀ। ਉਹ ਸੀਰੀਆ ਦੀ ਰਾਜਧਾਨੀ ਦਮਸ਼ਿਕ ਦੀ ਯੂਨੀਵਰਸਿਟੀ ''ਚ ਅਰਬੀ ਸਾਹਿਤ ਦੀ ਪੜ੍ਹਾਈ ਕਰ ਰਹੀ ਸੀ।

ਕੁਝ ਹੀ ਸਮੇਂ ''ਚ ਉਸ ਦੀ ਡਿਗਰੀ ਵੀ ਮੁਕੰਮਲ ਹੋਣ ਵਾਲੀ ਸੀ ਪਰ ਉਹ ਇਬਰਾਹਿਮ ਨੂੰ ਬਹੁਤ ਪਿਆਰ ਕਰਦੀ ਸੀ। ਇਬਰਾਹਿਮ ਨੇ ਵੀ ਸੌਮਿਆ ਨੂੰ ਵਾਅਦਾ ਕੀਤਾ ਕਿ ਕੁਝ ਵੀ ਹੋਵੇ ਉਹ ਉਸ ਨੂੰ ਪੜ੍ਹਾਈ ਪੂਰੀ ਕਰਨ ਦੇਵੇਗਾ।

ਸੌਮਿਆ ਦਾ ਪਰਿਵਾਰ ਚਾਹੁੰਦਾ ਸੀ ਕਿ ਪਹਿਲਾਂ ਉਹ ਆਪਣੀ ਪੜ੍ਹਾਈ ਪੂਰੀ ਕਰ ਲਵੇ। ਪਰਿਵਾਰ ਵਾਲਿਆਂ ਨੂੰ ਇਸ ਗੱਲੋਂ ਵੀ ਦਿੱਕਤ ਸੀ ਕਿ ਇਬਰਾਹਿਮ ਕੋਲ ਆਪਣਾ ਘਰ ਨਹੀਂ ਸੀ।

ਫਿਰ ਵੀ ਸੌਮਿਆ ਇਬਰਾਹਿਮ ਨਾਲ ਵਿਆਹ ਕਰਵਾਉਣ ਲਈ ਅੜੀ ਹੋਈ ਸੀ। ਸੋਮਿਆ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਉਹ ਇਬਰਾਹਿਮ ਦੀ ਮਾਂ ਨਾਲ ਰਹਿਣ ਚਲੀ ਜਾਵੇਗੀ ਜਿਨ੍ਹਾਂ ਨੂੰ ਉਹ ਆਪਣੀ ਮਾਂ ਵਾਂਗ ਹੀ ਸਮਝਦੀ ਸੀ।

ਵਿਆਹ ਦੀਆਂ ਰਸਮਾਂ ਨਿਪਟਾ ਕੇ ਸੌਮਿਆਂ ਥੱਕੀ ਟੁੱਟੀ ਆਰਾਮ ਕਰਨ ਲਈ ਆਪਣੇ ਕਮਰੇ ਪਹੁੰਚੀ ਪਰ ਇਬਰਾਹਿਮ ਸਰੀਰਕ ਸਬੰਧਾਂ ਲਈ ਜ਼ੋਰ ਪਾਉਣ ਲੱਗਿਆ।

Getty Images
ਸੰਕੇਤਕ ਤਸਵੀਰ

ਇਬਰਾਹਿਮ ਸੌਮਿਆ ਦਾ ਕੁਆਰਾਪਣ ਜਾਂਚਣਾ ਚਾਹੁੰਦਾ ਸੀ। ਉਹ ਬਸ ਇਹ ਜਾਣਨਾ ਚਾਹੁੰਦਾ ਸੀ ਕੀ ਸੌਮਿਆ ਦੀ ਯੋਨੀ ਦੀ ਝਿੱਲੀ ਸਹੀ-ਸਲਾਮਤ ਹੈ ਜਾਂ ਨਹੀਂ। ਇਬਰਾਹਿਮ ਨੇ ਸੌਮਿਆ ਨੂੰ ਕਿਹਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਇਸੇ ਲਈ ਉਸ ਨੂੰ ਹਾਸਲ ਕਰਨ ਲਈ ਉਤਾਵਲਾ ਹੈ।

ਸੌਮਿਆ ਨੇ ਦੱਸਿਆ, "ਉਹ ਉਸ ਸਮੇਂ ਬਹੁਤ ਥੱਕੀ ਹੋਈ ਸੀ ਪਰ ਮੈਂ ਸਹਿਯੋਗ ਕੀਤਾ। ਮੈਂ ਉਸ ਦੀ ਜ਼ਿੱਦ ਅੱਗੇ ਹਾਰ ਗਈ।"

''ਰੋਮਾਂਸ ਅਚਾਨਕ ਹਵਾ ਹੋ ਗਿਆ''

ਜਿਵੇਂ ਹੀ ਸੰਭੋਗ ਕਰਨ ਤੋਂ ਬਾਅਦ ਇਬਰਾਹਿਮ ਨੇ ਕਿਹਾ ਕਿ ਮਿਲਾਪ ਤੋਂ ਬਾਅਦ ਖੂਨ ਤਾਂ ਨਿਕਲਿਆਂ ਹੀ ਨਹੀਂ। ਤਾਂ ਸੌਮਿਆਂ ਨੂੰ ਲੱਗਿਆ ਕਿ ਉਸ ਦੇ ਪਤੀ ਨੂੰ , ਉਸਦੇ ਕੁਆਰੇਪਣ ਤੇ ਸ਼ੱਕ ਹੋ ਗਿਆ ਹੈ, ਕਿ ਉਹ ਵਰਜਿਨ ਨਹੀਂ ਹੈ।

Getty Images
ਸੰਕੇਤਕ ਤਸਵੀਰ

ਪਹਿਲੀ ਵਾਰ ਸੰਭੋਗ ਕਰਨ ਮੌਕੇ ਜ਼ਿਆਦਾਤਰ ਔਰਤਾਂ ਦਾ ਖੂਨ ਨਿਕਲਦਾ ਹੈ। ਖੂਨ ਦੀ ਮਾਤਰਾ ਵੱਖ-ਵੱਖ ਹੋ ਸਕਦੀ ਹੈ। ਇਸ ਦਾ ਕਾਰਨ ਹੁੰਦੀ ਹੈ ਯੋਨੀ ਦੇ ਉੱਪਰ ਲੱਗੀ ਇੱਕ ਝਿੱਲੀ, ਜਿਸ ਨੂੰ ਕਿ ਹਾਈਮੇਨ ਵੀ ਕਿਹਾ ਜਾਂਦਾ ਹੈ।

ਲੇਕਿਨ ਡਾਕਟਰਾਂ ਤੇ ਮਾਹਰਾਂ ਮੁਤਾਬਕ ਪਹਿਲੀ ਵਾਰ ਯੋਨ ਸੰਬੰਧ ਬਣਾਉਣ ’ਤੇ ਹਰ ਕੁੜੀ ਦੇ ਖੂਨ ਪਵੇ, ਇਹ ਜ਼ਰੂਰੀ ਨਹੀਂ ਹੈ ਕਿਉਂਕਿ ਹਾਈਮੇਨ ਵੀ ਵੱਖੋ-ਵੱਖ ਕਿਸਮ ਦੇ ਹੁੰਦੇ ਹਨ।

ਕਈ ਤਾਂ ਇੰਨੇ ਮੋਟੇ ਹੁੰਦੇ ਹਨ ਕਿ ਉਨ੍ਹਾਂ ਨੂੰ ਕੱਟਣਾ ਪੈਂਦਾ ਹੈ। ਜਦਕਿ ਕਈ ਇੰਨੇ ਨਾਜ਼ੁਕ ਹੁੰਦੇ ਹਨ ਕਿ ਉਹ ਬਿਨਾਂ ਖੂਨ ਵਹੇ ਹੀ ਫਟ ਜਾਂਦੇ ਹਨ। ਉੱਥੇ ਹੀ ਕਈ ਔਰਤਾਂ ਵਿੱਚ ਹਾਈਮਨ ਹੁੰਦਾ ਹੀ ਨਹੀਂ ਜਾਂ ਫਿਰ ਕਿਸੇ ਹਾਦਸੇ ਵਿੱਚ ਫਟ ਜਾਂਦਾ ਹੈ।

ਸੌਮਿਆ ਆਪਣੇ ਪਤੀ ਦੀ ਪ੍ਰਤੀਕ੍ਰਿਆ ਬਾਰੇ ਦੱਸਦੀ ਹੈ, "ਉਸ ਦੀਆਂ ਅੱਖਾਂ ਦੇ ਖ਼ੰਜਰ ਮੇਰੇ ਸੀਨੇ ਵਿੱਚ ਚੁਭ ਰਹੇ ਸਨ। ਉਸ ਨੇ ਸਮਝਿਆ ਹੀ ਨਹੀਂ ਕਿ ਉਸ ਤੱਕਣੀ ਨੇ ਮੇਰੀ ਹਸਤੀ ਮਿਟਾ ਦਿੱਤੀ।"

ਸੌਮਿਆ ਅਨੁਸਾਰ, "ਇਬਰਾਹਿਮ ਨੇ ਮੇਰੇ ਨਾਲ ਗੱਲ ਕਰਨੀ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਮੈਂ ਕੋਈ ਸ਼ੱਕੀ ਹੋਵਾਂ ਅਤੇ ਮੇਰੇ ’ਤੇ ਮੁੱਕਦਮਾ ਚੱਲਣ ਵਾਲਾ ਹੈ।”

“ਵਿਆਹ ਤੋਂ ਪਹਿਲਾਂ ਅਸੀਂ ਕਈ ਵਿਸ਼ਿਆਂ ''ਤੇ ਗੱਲਾਂ ਕੀਤੀਆਂ ਸਨ। ਇੱਥੋਂ ਤੱਕ ਕਿ ਸੁਹਾਗਰਾਤ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ। ਜੋ ਸਾਡੀ ਜ਼ਿੰਦਗੀ ਦੀ ਸਭ ਤੋਂ ਹਸੀਨ ਰਾਤ ਹੋਣੀ ਚਾਹੀਦੀ ਸੀ। ਸਾਨੂੰ ਲਗਦਾ ਸੀ ਇੱਕ ਦੂਸਰੇ ਬਾਰੇ ਬਹੁਤ ਕੁਝ ਜਾਣਦੇ ਹਾਂ। ਜਦੋਂ ਸੁਹਾਗਰਾਤ ਨੂੰ ਖੂਨ ਨਹੀਂ ਨਿਕਲਿਆ ਤਾਂ, ਸਾਰੀ ਮੁਹੱਬਤ ਹਵਾ ਹੋ ਗਈ।"

''ਖੂਨ ਨਾਲ ਭਿੱਜੀਆਂ ਚਾਦਰਾਂ''

ਹਾਲਾਂਕਿ ਜਿਸ ਸਮਾਜ ਨਾਲ ਸੌਮਿਆ ਤਾਲੁੱਕ ਰੱਖਦੀ ਹੈ , ਉੱਥੇ ਅਜਿਹੀਆਂ ਗੱਲਾਂ ਆਮ ਹਨ। ਫਿਰ ਵੀ ਸੌਮਿਆ ਨੂੰ ਇਹ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਵੀ ਅਜਿਹੇ ਤਜ਼ੁਰਬੇ ''ਚੋਂ ਲੰਘਣਾ ਪਵੇਗਾ। ਉਸ ਨੂੰ ਲੱਗਦਾ ਸੀ ਕਿ ਨਵੀਂ ਪੀੜ੍ਹੀ ਦਾ ਨਜ਼ਰੀਆ ਅਜਿਹੀਆਂ ਗੱਲਾਂ ਬਾਰੇ ਬਦਲਿਆ ਹੈ।

Getty Images
ਸੰਕੇਤਕ ਤਸਵੀਰ

ਵਿਆਹ ਤੋਂ ਅਗਲੇ ਹੀ ਦਿਨ ਇਬਰਾਹਿਮ ਨੇ ਸਲਾਹ ਦਿੱਤੀ ਕਿ ਸੌਮਿਆ ਨੂੰ ਆਪਣੇ ਕੁਆਰੇਪਣ ਦੀ ਪੁਸ਼ਟੀ ਲਈ ਡਾਕਟਰ ਕੋਲ ਜਾਣਾ ਚਾਹੀਦਾ ਹੈ ਤਾਂ ਸੌਮਿਆ ਹੱਕੀ-ਬੱਕੀ ਰਹਿ ਗਈ।

ਕੁੜੀਆਂ ਦੀ ਪੁਸ਼ਟੀ ਵੈਸੇ ਬਹੁਤ ਪੁਰਾਣੀ ਪਰੰਪਰਾ ਰਹੀ ਹੈ ਪਰ ਇਸ ਦਾ ਮਕਸਦ ਅਤੇ ਤਰੀਕਾ ਹਰ ਸਮਾਜ ਵਿੱਚ ਵੱਖੋ-ਵੱਖ ਹੁੰਦਾ ਹੈ।

ਕਈ ਰੂੜੀਵਾਦੀ ਪਰਿਵਾਰਾਂ ਵਿੱਚ ਤਾਂ ਸੁਹਾਗਰਾਤ ਨੂੰ ਲਾੜੀ ਦੇ ਕੁਆਰੀ ਹੋਣ ਦੀ ਪੁਸ਼ਟੀ ਸਫਲ ਰਹਿਣ ''ਤੇ ਪੂਰਾ ਜਸ਼ਨ ਮਨਾਇਆ ਜਾਂਦਾ ਹੈ। ਜੋੜੇ ਦੇ ਪਰਿਵਾਰਾਂ ਨੂੰ ਖੂਨ ਦੇ ਧੱਬਿਆਂ ਵਾਲੀ ਚਾਦਰ ਦਿਖਾਈ ਜਾਂਦੀ ਹੈ।

ਕੁਵਾਂਰੇਪਣ ਦੇ ਸਬੂਤ ਹਾਸਲ ਕਰਨ ਦੇ ਹੋਰ ਵੀ ਤਰੀਕੇ ਹਨ ਜਿਵੇਂ ਜੇ ਕਿਸੇ ਕੁੜੀ ਦੀ ਯੌਨੀ ਦੀ ਝਿੱਲੀ ਫਟ ਗਈ ਹੋਵੇ ਤਾਂ ਸਰਜਰੀ ਕਰਕੇ ਮੁੜ ਸਿਉਂ ਦਿੱਤੀ ਜਾਂਦੀ ਹੈ। ਚੀਨ ਵਿੱਚ ਤਾਂ ਬਣਾਉਟੀ ਹਾਈਮੇਨ ਵੀ ਮਿਲਦੇ ਹਨ। ਜਦੋਂ ਸੰਭੋਗ ਦੌਰਾਨ ਉਨ੍ਹਾਂ ਤੇ ਦਬਾਅ ਪੈਂਦਾ ਹੈ ਤਾਂ ਉਨ੍ਹਾਂ ਵਿੱਚੋਂ ਖ਼ੂਨ ਵਰਗਾ ਤਰਲ ਵਹਿੰਦਾ ਹੈ।

ਔਰਤਾਂ ਨੂੰ ਵੱਖਰੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜੇ ਕੁਆਰਾਪਣ ਸਾਬਤ ਨਾ ਹੋਵੇ ਤਾਂ ਕਈ ਵਾਰ ਕੁੜੀਆਂ ਦਾ ਇਜ਼ਤ ਦੇ ਨਾਂ ’ਤੇ ਕਤਲ ਵੀ ਕਰ ਦਿੱਤਾ ਜਾਂਦਾ ਹੈ।

ਜਦੋਂ ਸੈਕਸ ਤੋਂ ਨਫ਼ਰਤ ਹੋ ਗਈ

ਵਿਆਹ ਤੋਂ ਅਗਲੇ ਹੀ ਦਿਨ ਸੌਮਿਆ ਅਤੇ ਉਸ ਦਾ ਪਤੀ ਇਕ ਡਾਕਟਰ ਕੋਲ ਗਏ। ਜਾਂਚ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਸੌਮਿਆ ਦਾ ਹਾਈਮੇਨ ਬਹੁਤ ਮੌਟਾ ਹੈ ਅਤੇ ਜਦੋਂ ਇਹ ਕੁਦਰਤੀ ਤੌਰ ''ਤੇ ਕਿਸੇ ਬੱਚੇ ਨੂੰ ਜਨਮ ਦੇਵੇਗੀ ਤਾਂ ਹੀ ਇਹ ਫਟੇਗਾ। ਇਹ ਸੁਣ ਕੇ ਇਬਰਾਹਿਮ ਨੂੰ ਤਸੱਲੀ ਮਿਲੀ ਪਰ ਸੌਮਿਆ ਨੇ ਇਬਰਾਹਿਮ ਨੂੰ ਛੇਤੀ ਤੋਂ ਛੇਤੀ ਤਲਾਕ ਦੇਣ ਦਾ ਮਨ ਬਣਾ ਲਿਆ ਸੀ।

ਤਲਾਕ ਲੈਣ ਵਿੱਚ ਇੰਨੀ ਦੇਰ ਕਰਨ ਤੋਂ ਬਾਅਦ ਸੌਮਿਆ ਨੇ ਦੱਸਿਆ, "ਮੇਰਾ ਪਤੀ ਹੁਣ ਮੇਰੇ ਲਈ ਇਕ ਅਜਨਬੀ ਬਣ ਗਿਆ ਸੀ। ਮੈਨੂੰ ਇਸ ਗੱਲ ਨੇ ਬਹੁਤ ਪ੍ਰੇਸ਼ਾਨ ਕੀਤਾ ਸੀ ਕਿ ਉਸ ਦੀ ਸੋਚ ਸਮਾਜ ਦੇ ਦੂਸਰੇ ਲੋਕਾਂ ਵਰਗੀ ਹੀ ਸੀ। ਉਹ ਵਰਜਨਿਟੀ ਬਾਰੇ ਲੋਕਾਂ ਵਰਗੀ ਹੀ ਸੋਚ ਰੱਖਦਾ ਸੀ। ਕੁਝ ਵੀ ਹੋ ਸਕਦਾ ਸੀ। ਮੈਂ ਉਸ ਕੋਲ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਸੀ। ਸਾਲਾਂ ਦੀ ਮੁਹੱਬਤ ਦਾ ਕੁਝ ਪਲਾਂ ਵਿੱਚ ਹੀ ਕਤਲ ਕਰ ਦਿੱਤਾ।"

ਕੁਝ ਦੇਰ ਰੁਕ ਕੇ ਸੌਮਿਆ ਅੱਗੇ ਦੱਸਦੀ ਹੈ, "ਹਕੀਕਤ ਤਾਂ ਇਹ ਹੈ ਕਿ ਮੈਨੂੰ ਵੀ ਨਹੀਂ ਪਤਾ ਕਿ ਮੈਂ ਆਪਣੀ ਗੱਲ ਕਿਵੇਂ ਦੱਸਾਂ। ਉਸ ਰਾਤ ਤੋਂ ਬਾਅਦ ਮੇਰੇ ਲਈ ਉਸ ਨਾਲ ਇੱਕ-ਇੱਕ ਪਲ ਗੁਜ਼ਾਰਨਾ ਔਖਾ ਹੋ ਰਿਹਾ ਸੀ। ਮੈਂ ਵੀ ਇੱਕ ਇਨਸਾਨ ਹਾਂ, ਸਿਰਫ ਕੋਈ ਮਾਸਪੇਸ਼ੀ ਦਾ ਟੁਕੜਾ ਨਹੀਂ।"

ਉਸ ਦਿਨ ਤੋਂ ਬਾਅਦ ਸੌਮਿਆ ਨੇ ਆਪਣੇ ਆਪ ਨੂੰ ਦੂਜੇ ਲੋਕਾਂ ਤੋਂ ਦੂਰ ਰੱਖਣਾ ਸ਼ੁਰੂ ਕਰ ਦਿੱਤਾ। ਉਹ ਕਿਸੇ ਨਾਲ ਵੀ ਖੁੱਲ੍ਹ ਕੇ ਗੱਲਬਾਤ ਨਾ ਕਰਦੀ। ਉਸ ਨੂੰ ਲੱਗ ਰਿਹਾ ਸੀ ਕਿ ਉਹ ਵੀ ਹੋਰ ਔਰਤਾਂ ਵਰਗੀ ਹੈ ਜਿਨ੍ਹਾਂ ਦੀ ਆਪਣੀ ਕੋਈ ਹਸਤੀ ਨਹੀਂ ਹੁੰਦੀ।

ਅਗਲੇ ਤਿੰਨ ਮਹੀਨਿਆਂ ਤੱਕ ਸੌਮਿਆ ਇਬਰਾਹਿਮ ਨਾਲ ਆਪਣੀ ਮਰਜ਼ੀ ਤੋਂ ਬਿਨਾਂ ਸੰਭੋਗ ਕਰਦੀ ਰਹੀ।

ਸੌਮਿਆ ਦੱਸਦੀ ਹੈ, "ਜਦੋਂ ਉਹ ਮੇਰੇ ਨਾਲ ਹਮਬਿਸਤਰ ਹੁੰਦਾ ਸੀ ਤਾਂ ਮੈਨੂੰ ਅੰਦਰੋਂ ਗਿਲਾਨੀ ਆਉਂਦੀ ਸੀ। ਮੇਰਾ ਉਤਸ਼ਾਹ ਉਸੇ ਰਾਤ ਖ਼ਤਮ ਹੋ ਚੁੱਕਿਆ ਸੀ। ਮੈਂ ਬਸ ਉਸ ਦੇ ਕੰਮ ਨਿਬੇੜਨ ਦੀ ਉਡੀਕ ਕਰਦੀ ਸੀ ਤਾਂ ਕਿ ਉਹ ਮੈਨੂੰ ਇਕੱਲਿਆਂ ਛੱਡ ਦੇਵੇ। ਉਸ ਨਾਲ ਸੈਕਸ ਕਰਨਾ ਮੈਨੂੰ ਗੰਦਾ ਅਤੇ ਧੋਖੇਬਾਜ਼ੀ ਲਗਦਾ ਸੀ। ਮੇਰੇ ਲਈ ਇੱਕ ਕੰਮ ਸੀ। ਇੱਕ ਜ਼ਿੰਮੇਵਾਰੀ ਸੀ ਜੋ ਨਿਭਾਉਣੀ ਹੁੰਦੀ ਸੀ। ਇਹ ਮੁਹੱਬਤ ਨਹੀਂ ਸੀ।"

ਵਿਆਹ ਦੀ ਪਹਿਲੀ ਰਾਤ ਲਈ ਸੁਝਾਅ

ਸੋਮਿਆ ਜਿਸ ਸਮਾਜ ਨਾਲ ਸੰਬੰਧਿਤ ਹਨ ਉੱਥੇ ਇਹ ਗੱਲਾਂ ਆਮ ਹਨ। ਉਨ੍ਹਾਂ ਵਰਗੀਆਂ ਬਹੁਤ ਸਾਰੀਆਂ ਔਰਤਾਂ ਹਨ, ਜੋ ਮਜ਼ਬੂਤੀ ਨਾਲ ਬੰਦ ਦਰਵਾਜਿਆਂ ਪਿੱਛੇ ਜ਼ਿੰਦਗੀ ਜੀਅ ਰਹੀਆਂ ਹਨ, ਤਾਂ ਕਿ ਸਮਾਜ ਦੇ ਨਫ਼ਰਤ ਭਰੇ ਬੋਲਾਂ ਤੋਂ ਆਪਣੇ-ਆਪ ਨੂੰ ਬਚਾ ਸਕਣ।

ਅਜਿਹੇ ਵਿਆਹਾਂ ਤੋਂ ਪੈਦਾ ਹੋਏ ਬੱਚਿਆਂ ਅਤੇ ਪਰਿਵਾਰਾਂ ''ਤੇ ਅਜਿਹੀਆਂ ਗੱਲਾਂ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਖ਼ਾਸ ਤੌਰ ''ਤੇ ਉਸ ਸਮੇਂ ਜਦੋਂ ਅਜਿਹੇ ਮਸਲਿਆਂ ਨੂੰ ਖੁੱਲ੍ਹ ਕੇ ਵਿਚਾਰਿਆ ਨਹੀਂ ਜਾਂਦਾ ਹੈ।

BBC
ਡਾਕਟਰ ਅਮਲ ਅਲ-ਹਾਮਿਦ ਦਾ ਮੰਨਣਾ ਹੈ ਕਿ ਵਿਆਹ ਤੋਂ ਪਹਿਲਾਂ ਅਜਿਹੀ ਸਲਾਹਕਾਰੀ ਨਾਲ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੁੜੱਤਣ ਨਾਲ ਨਹੀਂ ਹੁੰਦੀ।

ਡਾਕਟਰ ਅਮਲ ਅਲ-ਹਾਮਿਦ ਇੱਕ ਮਨੋਵਿਗਿਆਨੀ ਹਨ। ਉਨ੍ਹਾਂ ਨੇ ਬੀਬੀਸੀ ਨਾਲ ਇਸ ਬਾਰੇ ਗੱਲਬਾਤ ਦੌਰਾਨ ਦੱਸਿਆ ਕਿ ਵਿਆਹ ਦੀ ਪਹਿਲੀ ਰਾਤ ਇੱਕ ਕੁੜੀ ਦੀ ਮਾਨਸਿਕ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਹੈ।

ਅਮਲ, ਉਨ੍ਹਾਂ ਸਾਰੀਆਂ ਕੁੜੀਆਂ ਅਤੇ ਜੋੜਿਆਂ ਨੂੰ ਸਲਾਹ ਦਿੰਦੇ ਹਨ, ਜਿੰਨ੍ਹਾਂ ਦਾ ਵਿਆਹ ਹੋਣ ਵਾਲਾ ਹੁੰਦਾ ਹੈ ਤਾਂ ਕਿ ਅਣਚਾਹੀਆਂ ਦਿੱਕਤਾਂ ਪੈਦਾ ਨਾ ਹੋਣ। ਸਾਡੇ ਸਮਾਜ ''ਚ ਮਨੋਵਿਗਿਆਨਕ ਮਸ਼ਵਰਾ ਨਹੀਂ ਲਿਆ ਜਾਂਦਾ ਕਿਉਂਕਿ ਇਸ ਸਬੰਧੀ ਕਈ ਪੂਰਬ ਧਾਰਨਾਵਾਂ ਪਹਿਲਾਂ ਤੋਂ ਹੀ ਮੌਜੂਦ ਹਨ।"

ਅਮਲ ਦਾ ਮੰਨਣਾ ਹੈ ਕਿ ਵਿਆਹ ਤੋਂ ਪਹਿਲਾਂ ਅਜਿਹੀ ਸਲਾਹ ਨਾਲ ਵਿਆਹੁਤਾ ਜੀਵਨ ਦੀ ਸ਼ੁਰੂਆਤ ਕੁੜੱਤਣ ਨਾਲ ਨਹੀਂ ਹੁੰਦੀ ਹੈ। ਕਿਸੇ ਵੀ ਵਿਆਹੁਤਾ ਜੀਵਨ ਦੀ ਸ਼ੁਰੂਆਤ ਇੱਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਨ ਤੇ ਸਮਝਣ ਨਾਲ ਹੀ ਹੁੰਦੀ ਹੈ।

ਅਮਲ ਦਾ ਕਹਿਣਾ ਹੈ ਕਿ " ਵਿਆਹ ਤੋਂ ਪਹਿਲਾਂ ਕੁੜੀ-ਮੁੰਡੇ ਨੂੰ ਕੰਮ ਦੀਆਂ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਹਨ। ਕੋਈ ਗੱਲ ਭਾਵੇਂ ਕਿੰਨੀ ਵੀ ਨਿੱਜੀ ਕਿਉਂ ਨਾਲ ਹੋਵੇ ਉਸ ਬਾਰੇ ਪੁੱਛੋ। ਮਸਲਨ ਹਾਈਮੇਨ ਦੀਆਂ ਕਿਸਮਾਂ, ਪਹਿਲੀ ਵਾਰ ਸੰਭੋਗ ਕਿਵੇਂ ਕਰੀਏ ਤਾਂ ਕਿ ਕੁੜੀਆਂ ਨੂੰ ਇਸ ਨਾਲ ਉਮਰ ਭਰ ਦਾ ਜ਼ਖ਼ਮ ਨਾ ਮਿਲੇ। ਜਦਕਿ ਹਕੀਕਤ ਇਸ ਦੇ ਉਲਟ ਹੈ। ਔਰਤਾਂ ਲਈ ਸੁਹਾਗਰਾਤ ਜ਼ਿੰਦਗੀ ਦੀ ਸਭ ਤੋਂ ਬੁਰੀ ਰਾਤ ਬਣ ਜਾਂਦੀ ਹੈ।"

ਉਨ੍ਹਾਂ ਅੱਗੇ ਕਿਹਾ ਕਿ "ਬਹੁਤ ਸਾਰੇ ਅਜਿਹੇ ਮਾਮਲਿਆਂ ''ਚ ਸਥਿਤੀ ਨੂੰ ਸੁਧਾਰਨ ਦੀ ਬਜਾਏ ਜ਼ਖ਼ਮ ਰਿਸਣ ਲਈ ਛੱਡ ਦਿੱਥੇ ਜਾਂਦੇ ਹਨ ਜੋ ਅੱਗੇ ਚੱਲ ਕੇ ਹੋਰ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ।"

''ਕੁਆਰੀ ਹੋਣ ਦਾ ਸਬੂਤ''

ਬੀਬੀਸੀ ਨੇ 20 ਮਰਦਾਂ ਨੂੰ ਪੁੱਛਿਆ ਕਿ ਜੇਕਰ ਉਨ੍ਹਾਂ ਨੂੰ ਆਪਣੀ ਪਤਨੀ ਨਾਲ ਪਹਿਲੀ ਵਾਰ ਸੰਭੋਗ ਕਰਨ ਸਮੇਂ ਉਸ ਦੇ '' ਕੁਆਰੇ ਹੋਣ ਦੇ ਸਬੂਤ'' ਨਾ ਮਿਲੇ ਤਾਂ ਉਹ ਕੀ ਕਰਨਗੇ?

ਇੰਨ੍ਹਾਂ ਲੋਕਾਂ ਦੀ ਉਮਰ 20 ਤੋਂ 45 ਸਾਲ ਦੇ ਵਿਚਾਲੇ ਸੀ। ਇਨ੍ਹਾਂ ਵਿੱਚੋਂ ਕਈ ਵਿਆਹੇ ਹੋਏ ਸਨ ਤੇ ਕਈ ਪੜ੍ਹੇ ਲਿਖੇ ਤਬਕੇ ਦੇ ਤਲਾਕਸ਼ੁਦਾ ਲੋਕ ਸਨ ਜਿਵੇਂ- ਡਾਕਟਰ, ਅਧਿਆਪਕ ਤੇ ਆਪਣੇ-ਆਪ ਨੂੰ ਖੁੱਲ੍ਹੇ ਦਿਲ ਵਾਲਾ ਹੋਣ ਦਾ ਦਾਅਵੇ ਕਰਦੇ ਸਨ।

Getty Images
ਸੰਕੇਤਕ ਤਸਵੀਰ

ਪਰ ਇਨ੍ਹਾਂ ਲੋਕਾਂ ਦੇ ਬਿਆਨ ਘੁੰਮਾ-ਫਿਰਾ ਕੇ ਨਕਾਰਤਾਮਕ ਹੀ ਸਨ।

ਜ਼ਿਆਦਾਤਰ ਨੇ ਤਾਂ ਪਤਨੀ ਨਾਲ ਪਹਿਲੇ ਸੰਭੋਗ ਦੌਰਾਨ ਚਾਦਰ ''ਤੇ ਖੂਨ ਦੇ ਦਾਗਾਂ ਨੂੰ ਹੀ ਇਸ ਦਾ ਸਬੂਤ ਮੰਨਿਆ। ਉਨ੍ਹਾਂ ਅਨੁਸਾਰ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਦੀ ਇਹ ਬੁਨਿਆਦ ਸੀ, ਜੋ ਕਿ ਆਪਸੀ ਭਰੋਸੇ ਅਤੇ ਸਮਝ ਨਾਲ ਸ਼ੁਰੂ ਹੁੰਦੀ ਸੀ।

''ਨਾ ਪਿਆਰ ਰਿਹਾ ਤੇ ਨਾ, ਜਨੂੰਨ''

ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਸੌਮਿਆ ਨੇ ਆਪਣੇ ਪਤੀ ਅੱਗੇ ਤਲਾਕ ਦੀ ਮੰਗ ਰੱਖੀ ਅਤੇ ਨਾਲ ਹੀ ਕਿਹਾ ਕਿ ਹੁਣ ਕੋਈ ਵੀ ਗੱਲ ਉਸ ਦਾ ਇਹ ਫ਼ੈਸਲਾ ਬਦਲ ਨਹੀਂ ਸਕਦੀ ਕਿਉਂਕਿ ਉਸ ਨੂੰ ਇਬਰਾਹਿਮ ਕੋਲ ਆਪਣੀ ਜਾਨ ਦਾ ਖ਼ਤਰਾ ਲਗਦਾ ਹੈ ਤੇ ਪਹਿਲੀ ਰਾਤ ਜੋ ਕੁਝ ਵੀ ਵਾਪਰਿਆ, ਉਸ ਤੋਂ ਬਾਅਦ ਉਨ੍ਹਾਂ ਦੋਵਾਂ ਦਰਮਿਆਨ ਨਾ ਪਿਆਰ ਰਿਹਾ ਤੇ ਨਾ, ਜਨੂੰਨ।

ਸੌਮਿਆ ਨੇ ਇਬਰਾਹਿਮ ਨੂੰ ਇਹ ਵੀ ਦੱਸਿਆ ਕਿ ਕਿਵੇਂ ਉਸ ਦੇ ਸ਼ੱਕ ਨੇ ਉਸ ਨੂੰ ਬੇਇਜ਼ਤ ਕੀਤਾ ਸੀ।

ਸੌਮਿਆ ਨੇ ਅੱਗੇ ਦੱਸਿਆ ਕਿ " ਮੇਰੀਆਂ ਗੱਲਾਂ ਸੁਣ ਕੇ ਇਬਰਾਹਿਮ ਨੂੰ ਬਹੁਤ ਧੱਕਾ ਲੱਗਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਮਰਦ ਹੋਣ ਦੇ ਨਾਤੇ ਉਸ ਦਾ ਹੱਕ ਹੈ ਕਿ ਉਹ ਆਪਣੀ ਪਤਨੀ ਨੂੰ ਇਹ ਪੁੱਛੇ ਕਿ ਵਿਆਹ ਤੋਂ ਪਹਿਲਾਂ ਉਸਦੇ ਕਿਸੇ ਨਾਲ ਸਰੀਰਕ ਸੰਬੰਧ ਤਾਂ ਨਹੀਂ ਸਨ।” ਉਸ ਨੇ ਕਿਹਾ ਕਿ ਉਹ ਮੈਨੂੰ ਸਾਰੀ ਉਮਰ ਤਲਾਕ ਨਹੀਂ ਦੇਵੇਗਾ। ਇਬਰਾਹਿਮ ਨੇ ਆਪਣੇ ਫ਼ੈਸਲੇ ਨੂੰ ਮੁੜ ਵਿਚਾਰਨ ਲਈ ਵੀ ਕਿਹਾ। ਉਸ ਨੇ ਮੈਨੂੰ ਕਿਹਾ ਕਿ ਇਸ ਕਦਮ ਤੋਂ ਬਾਅਦ ਮੈਨੂੰ ਅਫ਼ਸੋਸ ਤੇ ਪਛਤਾਵਾ ਹੀ ਹੋਵੇਗਾ।"

Getty Images
ਸੰਕੇਤਕ ਤਸਵੀਰ

ਸੌਮਿਆ ਕਹਿੰਦੀ ਹੈ ਸਾਡਾ ਸਮਾਜ ਦੋਗਲਾ ਹੈ, ਜਿੱਥੇ ਮਰਦਾਂ ਦੂਜੀਆਂ ਔਰਤਾਂ ਨਾਲ ਸਬੰਧ ਬਣਾਉਣ ਨੂੰ ਚੰਗਾ ਸਮਝਿਆ ਜਾਂਦਾ ਹੈ ਪਰ ਔਰਤਾਂ ਲਈ ਅਸੂਲ ਕੁਝ ਹੋਰ ਹਨ। ਉਨ੍ਹਾਂ ਨੂੰ ਅਜਿਹੇ ਵਿਹਾਰ ਲਈ ਕਈ ਵਾਰ ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ।

ਸੌਮਿਆ ਨੇ ਕਿਹਾ ਕਿ ਮੇਰਾ ਪਤੀ ਵੀ ਅਜਿਹਾ ਹੀ ਬੰਦਾ ਸੀ ਜੋ ਆਪਣੇ ਰਿਸ਼ਤਿਆਂ ਬਾਰੇ ਤਾਂ ਆਪਣੇ ਦੋਸਤਾਂ ਨੂੰ ਵਧਾਅ-ਚੜਾਅ ਕੇ ਦੱਸਦਾ ਸੀ ਪਰ ਮੇਰੇ ਇੱਕ ਮਜ਼ਾਕ ਨਾਲ ਵੀ ਗੁੱਸੇ ਹੋ ਜਾਂਦਾ ਸੀ।

ਸੌਮਿਆ ਦੇ ਪਰਿਵਾਰ ਵਾਲਿਆਂ ਨੇ ਤਲਾਕ ਦੀ ਗੱਲ ''ਤੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨਿੱਕੀ ਜਿਹੀ ਗੱਲ ਨੂੰ ਵਧਾ ਰਹੀ ਹੈ। ਇਸ ਤੋਂ ਬਾਅਦ ਸੌਮਿਆ ਨੇ ਸੀਰੀਆ ਛੱਡ ਦਿੱਤਾ ਤੇ ਉਹ ਯੂਰਪ ਚਲੀ ਗਈ।

ਜੁਮਨਾ , ਉਮਰ 45 ਸਾਲ

ਜੁਮਨਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਸੀਰੀਆ ਦੇ ਅਲੇਪੋ ਸ਼ਹਿਰ ਦੇ ਅਲਬਾਬ ਮੁਹੱਲੇ ''ਚ ਗੁਜ਼ਾਰਿਆ ਹੈ। ਸਾਲ 2016 ''ਚ ਉਹ ਬੈਲਜੀਅਮ ਦੀ ਰਾਜਧਾਨੀ ਬ੍ਰੇਸਲਸ ''ਚ ਆ ਗਈ ਸੀ।

Getty Images
ਸੰਕੇਤਕ ਤਸਵੀਰ

ਜੁਮਨਾ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਵੀਹ ਸਾਲ ਦੀ ਲੰਬੀ ਉਡੀਕ ਕੀਤੀ।

ਉਸ ਨੇ ਦੱਸਿਆ, "19 ਸਾਲ ਦੀ ਉਮਰ ''ਚ ਹੀ ਮੇਰੇ ਅੱਬਾ ਨੇ ਮੇਰਾ ਨਿਕਾਹ ਮੇਰੇ ਚਚੇਰੇ ਭਰਾ ਨਾਲ ਤੈਅ ਕਰ ਦਿੱਤਾ ਸੀ। ਮੇਰੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੈਂ ਪੜ੍ਹਣਾ ਚਾਹੁੰਦੀ ਸੀ ਪਰ ਪਰਿਵਾਰ ਦੇ ਦਬਾਅ ਦੇ ਚੱਲਦਿਆਂ ਮੈਨੂੰ ਇਹ ਵਿਆਹ ਕਰਵਾਉਣਾ ਪਿਆ।"

ਜ਼ਿਆਦਾਤਰ ਰੂੜੀਵਾਦੀ ਪਰਿਵਾਰਾਂ ਦੇ ਬੁਜ਼ਰਗ ਨਵੇਂ ਵਿਆਹੇ ਜੋੜੇ ਦੀ ਪਹਿਲੀ ਰਾਤ ਤੋਂ ਬਾਅਦ ਲਾੜੀ ਦੇ ਕੁਆਰੇਪਣ ਦੀ ਪੁਸ਼ਟੀ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਜੁਮਨਾ ਨੂੰ ਆਪਣੀ ਸੁਹਾਗਰਾਤ ਚੰਗੀ ਤਰ੍ਹਾਂ ਯਾਦ ਹੈ। ਉਹ ਬਹੁਤ ਹੀ ਦੁੱਖੀ ਮਨ ਨਾਲ ਉਸ ਪੂਰੀ ਘਟਨਾ ਨੂੰ ਸਾਡੇ ਨਾਲ ਸਾਂਝਾ ਕਰਦੀ ਹੈ।

ਜੁਮਨਾ ਕਹਿੰਦੀ ਹੈ ਕਿ, "ਮੇਰੇ ਪਤੀ ਨੇ ਦਰਵਾਜ਼ਾ ਬੰਦ ਕੀਤਾ ਅਤੇ ਕਿਹਾ ਕਿ ਸਾਨੂੰ ਜਲਦੀ ਕਰਨੀ ਚਾਹੀਦੀ ਹੈ ਕਿਉਂਕਿ ਪਰਿਵਾਰ ਦੇ ਬਜ਼ੁਰਗ ਖੂਨ ਨਾਲ ਭਿੱਜੀ ਚਾਦਰ ਵੇਖਣ ਦਾ ਇੰਤਜ਼ਾਰ ਕਰ ਰਹੇ ਹਨ।"

ਜੁਮਨਾ ਨੇ ਅੱਗੇ ਕਿਹਾ,"ਮੈਨੂੰ ਇਹ ਬਹੁਤ ਹੀ ਖ਼ਰਾਬ ਲੱਗਿਆ। ਮੇਰੇ ਪਤੀ ਨੇ ਇਕ ਮਿੰਟ ਮੇਰੇ ਨਾਲ ਗੱਲ ਨਾ ਕੀਤੀ ਉਸ ਨੂੰ ਇਸ ਦੀ ਫਿਕਰ ਹੀ ਨਹੀਂ ਸੀ। ਉਹ ਤਾਂ ਆਪਣਾ ਕੰਮ ਪੂਰਾ ਕਰਨ ਲੱਗਿਆ ਜਦ ਕਿ ਮੈਂ ਡਰ ਤੇ ਗਿਲਾਨੀ ਨਾਲ ਕੰਬ ਰਹੀ ਸੀ।"

‘ਸ਼ਰਮਿੰਦਗੀ’

ਜੁਮਨਾ ਕਹਿੰਦੀ ਹੈ ਕਿ " ਉਸ ਰਾਤ ਮੈਨੂੰ ਖੂਨ ਨਹੀਂ ਪਿਆ ਅਤੇ ਮੇਰੇ ਪਤੀ ਨੇ ਬਹੁਤ ਗੁੱਸੇ ''ਚ ਪੁੱਛਿਆ ਕਿ ਖੂਨ ਕਿਉਂ ਨਹੀਂ ਨਿਕਲਿਆ। ਮੈਨੂੰ ਉਹ ਗੰਦੀਆਂ ਗਾਲਾਂ ਵੀ ਕੱਢੀਆਂ ਜੋ ਮੈਂ ਆਪਣੀ ਜ਼ਬਾਨ ਨਾਲ ਕੱਢ ਵੀ ਨਹੀਂ ਸਕਦੀ।"

Getty Images
ਸੰਕੇਤਕ ਤਸਵੀਰ

ਲਗਭਗ ਇੱਕ ਘੰਟੇ ਤੱਕ ਜੁਮਨਾ ਸਦਮੇ ਵਿੱਚ ਸੀ। ਉਸ ਦੇ ਮੂੰਹੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ। ਉਸ ਦੇ ਪਤੀ ਨੇ ਬਿਨਾਂ ਸਵੇਰ ਦੀ ਉਡੀਕ ਕੀਤੇ ਉਸੇ ਰਾਤ ਹੀ ਇਕ ਡਾਕਟਰ ਕੋਲ ਪਹੁੰਚ ਕੀਤੀ।

ਉਹ ਅੱਗੇ ਦੱਸਦੀ ਹੈ ਕਿ " ਡਾਕਟਰ ਮੈਨੂੰ ਤਸੱਲੀ ਦੇ ਰਿਹਾ ਸੀ ਜਿਵੇਂ ਕਿ ਉਹ ਪੇਰੇ ਪਿਤਾ ਹੋਣ ਅਤੇ ਨਾਲ ਹੀ ਮੇਰੇ ਪਤੀ ਨੂੰ ਉਸ ਦੀ ਇਸ ਕਰਤੂਤ ''ਤੇ ਝਾੜ ਵੀ ਰਿਹਾ ਸੀ।"

ਜੁਮਨਾ ਨੂੰ ਅਗਲੇ ਕਈ ਸਾਲਾਂ ਤੱਕ ਆਪਣੇ ਪਤੀ ਨਾਲ ਰਹਿਣਾ ਪਿਆ। ਕਿਉਂਕਿ ਨਾ ਉਸ ਦਾ ਪਰਿਵਾਰ ਅਤੇ ਨਾ ਹੀ ਆਸ-ਪਾਸ ਦੇ ਲੋਕ ਤਲਾਕ ਲਈ ਉਸਦਾ ਸਾਥ ਦੇ ਰਹੇ ਸਨ। ਪਹਿਲੀ ਰਾਤ ਤੋਂ ਲੈ ਕੇ ਆਉਂਦੇ ਵੀਹਾਂ ਸਾਲਾਂ ਦੌਰਾਨ ਉਸ ਨੂੰ ਕਿਸੇ ਦਾ ਸਾਥ ਨਹੀਂ ਮਿਲਿਆ।

ਚਾਰ ਬੱਚੇ ਵੀ ਹੋ ਗਏ ਪਰ ਜੁਮਨਾ ਉਸ ਬੇਇਜ਼ਤੀ ਨੂੰ ਭੁਲਾ ਨਾ ਸਕੀ। ਆਪਣੇ ਬੱਚਿਆਂ ਨਾਲ ਬ੍ਰਸਲਸ ਪਹੁੰਚਦਿਆਂ ਹੀ ਉਸ ਨੇ ਆਪਣੇ ਵਿਆਹ ''ਤੇ ਪੂਰਣ ਵਿਰਾਮ ਲਾ ਦਿੱਤਾ।

ਜੁਮਨਾ ਦੱਸਦੀ ਹੈ, " ਮੈਂ ਹੁਣ ਖੁਸ਼ ਹਾਂ ਕਿਉਂਕਿ ਮੈਂ ਆਪਣੀਆਂ ਦੋਵੇਂ ਧੀਆਂ ਵੀ ਲਿਆ ਸਕੀ ਅਤੇ ਆਪਣੇ ਪਤੀ ਨੂੰ ਤਲਾਕ ਦੇ ਕੇ ਉਸ ਨੂੰ ਅਤੇ ਉਸ ਸਮਾਜ ਨੂੰ ਵੀ ਅਲਵਿਦਾ ਕਹਿ ਦਿੱਤਾ ਹੈ ਜਿਸ ਨੇ ਕਦੇ ਵੀ ਮੇਰੇ ਨਾਲ ਨਿਆਂ ਨਹੀਂ ਕੀਤਾ।

ਰੋਜ਼ਾਨਾ ਅਤੇ ਅਮੀਨਾ: ਹਾਈਮੇਨ ਨੂੰ ਠੀਕ ਕਰਨ ਲਈ ਸਰਜਰੀ

ਇਕ ਹੋਰ ਔਰਤ ਰੋਜ਼ਾਨਾ ਆਪਣੇ ਮੰਗੇਤਰ ਤੋਂ ਅਲੱਗ ਹੋਣ ਦਾ ਕਾਰਨ ਦੱਸਦੀ ਹੋਈ ਕਹਿੰਦੀ ਹੈ ਕਿ " ਮੈਂ ਉਸ ''ਤੇ ਬਹੁਤ ਵਿਸ਼ਵਾਸ ਕਰਦੀ ਸੀ। ਇੱਕ ਦਿਨ ਉਸ ਨੇ ਸੰਭੋਗ ਕਰਨ ਦੀ ਜਿੱਦ ਕੀਤੀ। ਕਿਉਂਕਿ ਉਹ ਮੇਰਾ ਮੰਗੇਤਰ ਸੀ ਤੇ ਮੈਂ ਉਸ ਨੂੰ ਆਪਣਾ ਪਤੀ ਹੀ ਮੰਨਦੀ ਸੀ, ਇਸ ਲਈ ਮੈਂ ਉਸ ਦੀ ਇਸ ਜਿੱਦ ਅੱਗੇ ਝੁੱਕ ਗਈ ਅਤੇ ਅਸੀਂ ਰਿਸ਼ਤਾ ਬਣਾਇਆ।"

ਪਰ ਛੇ ਮਹੀਨੇ ਬਾਅਦ ਦੋਵਾਂ ਪਰਿਵਾਰਾਂ ''ਚ ਕਿਸੇ ਗੱਲੋਂ ਝਗੜਾ ਹੋ ਗਿਆ ਅਤੇ ਦੋਵੇਂ ਅਲੱਗ ਹੋ ਗਏ।

Getty Images
ਸੰਕੇਤਕ ਤਸਵੀਰ

ਰੋਜ਼ਾਨਾ ਨੇ ਕਿਹਾ, "ਸਾਡੇ ਸਮਾਜ ਵਿੱਚ ਕੁਆਰਾਪਣ ਗੁਆਉਣ ਦੀ ਕੀ ਸਜ਼ਾ ਹੋਵੇਗੀ ਇਸ ਬਾਰੇ ਕੋਈ ਬਹਿਸ ਨਹੀਂ ਹੈ। ਇਸ ਦੀ ਸਜ਼ਾ ਸਿਰਫ਼ ਮੌਤ ਹੈ।"

ਖ਼ੁਸ਼ਕਿਮਤੀ ਨਾਲ ਉਸ ਦੀ ਇੱਕ ਸਹੇਲੀ ਉਸ ਨਾਲ ਸੀ। ਉਸ ਨੇ ਮੈਨੂੰ ਇਕ ਲੇਡੀ ਡਾਕਟਰ ਨੂੰ ਮਿਲਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸਰਜਰੀ ਕਰਵਾ ਕੇ ਨਵੀਂ ਹਾਈਮੇਨ ਲਗਾਵਾਂ ਲਵਾਂ। ਉਸ ਛੋਟੀ ਜਿਹੀ ਸਰਜਰੀ ਤੋਂ ਬਿਨ੍ਹਾਂ ਤਾਂ ਮੈਂ ਕਦੋਂ ਦੀ ਮਰ ਵੀ ਚੁੱਕੀ ਹੁੰਦੀ।

ਇਸੇ ਤਰ੍ਹਾਂ ਹੀ ਅਮੀਨਾ ਨੂੰ ਵੀ ਹਾਈਮੇਨ ਦੇ ਬਚਪਨੇ ਵਿੱਚ ਇੱਕ ਘਟਨਾ ਹੋਈ ਉਹ ਗੁਸਲਖ਼ਾਨੇ ਦੀਆਂ ਪੌੜੀਆਂ ਤੇ ਡਿੱਗ ਗਈ ਤੇ ਕੁਝ ਖੂਨ ਨਿਕਲਿਆ ਸੀ। ਅਮੀਨਾ ਇੱਕ ਰੂੜੀਵਾਦੀ ਅਤੇ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ।

ਅਮੀਨਾ ਨੇ ਕੁਝ ਸਮਾਂ ਬਾਅਦ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਤਾਂ ਉਸ ਦੀ ਮਾਂ ਤੁਰੰਤ ਉਸ ਨੂੰ ਲੇਡੀ ਡਾਕਟਰ ਕੋਲ ਲੈ ਗਈ । ਜਾਂਚ ਦੌਰਾਨ ਪਤਾ ਲੱਗਿਆ ਕਿ ਅਮੀਨਾ ਦਾ ਹਾਈਮੇਨ ਫਟ ਗਿਆ ਹੈ।

ਅਮੀਨਾ ਦੱਸਦੀ ਹੈ, " ਉਹ ਦਿਨ ਮੇਰੀ ਮਾਂ ਲਈ ਤਕਲੀਫ਼ਦੇਹ ਸੀ। ਮੇਰੀਆਂ ਤਿੰਨ ਭੂਆ ਨਾਲ ਸਲਾਹ ਕਰਨ ਤੋਂ ਬਾਅਦ ਸਰਜਰੀ ਕਰਵਾਉਣ ਲਈ ਸਮਾਂ ਲਿਆ ਗਿਆ। ਅਜਿਹੇ ਅਪ੍ਰੇਸ਼ਨ ਬਹੁਤ ਹੀ ਚੋਰੀਓਂ ਕੀਤੇ ਜਾਂਦੇ ਹਨ ਕਿਉਂਕਿ ਇਹ ਗੈਰ-ਕਾਨੂੰਨੀ ਹੈ।"

"ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਯਕੀਨ ਹੀ ਨਹੀਂ ਸੀ ਹੋਣਾ ਕਿ ਮੇਰੀ ਯੋਨੀ ਦੀ ਝਿੱਲੀ ਪੌੜ੍ਹੀਆਂ ਤੋਂ ਡਿੱਗਣ ਕਾਰਨ ਟੁੱਟੀ ਹੈ ਤਾਂ ਉਨ੍ਹਾਂ ਨੇ ਸਾਰੀ ਉਮਰ ਮੇਰੇ ਕੁਆਰੇਪਣ ''ਤੇ ਸਵਾਲ ਖੜ੍ਹੇ ਕਰਨੇ ਸਨ।"

ਵਰਜੀਨਿਟੀ ਟੈਸਟ

ਕਈ ਅਰਬ ਅਤੇ ਮੁਸਲਿਮ ਮੁਲਕਾਂ ''ਚ ਬਹੁਤ ਸਾਰੀਆਂ ਔਰਤਾਂ ਨੂੰ ਵਰਜੀਨਿਟੀ ਟੈਸਟ ''ਚੋਂ ਗੁਜ਼ਰਨਾ ਪੈਂਦਾ ਹੈ। ਇਸ ਤੋਂ ਬਾਅਦ ਹੀ ਉਸ ਨੂੰ ਲਾੜੀ ਨੂੰ ਕੁਆਰੀ ਹੋਣ ਦਾ ਤਗਮਾ ਮਿਲਦਾ ਹੈ।

ਹਿਊਮਨ ਰਾਈਟਸ ਵਾਚ (ਐਚਆਰਡਬਲਿਊ) ਨੇ ਇੰਡੋਨੇਸ਼ੀਆ ਅਤੇ ਹੋਰ ਅਰਬ ਤੇ ਮੁਸਲਿਮ ਦੇਸ਼ਾਂ ''ਚ ਇਸ ਤਰ੍ਹਾਂ ਦੇ ਵਰਜੀਨਿਟੀ ਟੈਸਟ ਦੀ ਸਖ਼ਤ ਸ਼ਬਦਾਂ ''ਚ ਨਿਖੇਧੀ ਕੀਤੀ ਹੈ।

ਅਜਿਹੇ ਮੁਲਕਾਂ ''ਚ ਬਜ਼ੁਰਗ ਔਰਤਾਂ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਕਿ ਉਹ ਹੋਣ ਵਾਲੀ ਲਾੜੀ ਦੀ ਯੋਨੀ ''ਚ ਦੋ ਉਂਗਲੀਆਂ ਪਾ ਕੇ ਪੱਕਾ ਕਰਨ ਕਿ ਉਸ ਦੀ ਯੋਨੀ ਦੀ ਝਿੱਲੀ ਸੁਰੱਖਿਅਤ ਹੈ ਜਾਂ ਨਹੀਂ।

ਇਹ ਰਿਵਾਜ਼ ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਮੁਲਕਾਂ ''ਚ ਬਹੁਤ ਆਮ ਹੈ। ਹਿਊਮਨ ਰਾਈਟਸ ਵਾਚ ਨੇ ਸਾਲ 2014 ''ਚ ਪ੍ਰਕਾਸ਼ਿਤ ਆਪਣੀ ਰਿਪੋਰਟ ''ਚ ਇਸ ਕਾਰਵਾਈ ਨੂੰ ਲਿੰਗਕ ਹਿੰਸਾ ਦੇ ਇਕ ਰੂਪ ਵੱਜੋਂ ਮੰਨਿਆ ਸੀ। ਜੋ ਔਰਤਾਂ ਪ੍ਰਤੀ ਵਿਤਕਰੇ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਹੈ।

ਬੀਬੀਸੀ ਦੇ ਪੜਤਾਲ ਮੁਤਾਬਿਕ ਭਾਰਤ, ਅਫ਼ਗਾਨਿਸਤਾਨ, ਬੰਗਲਾਦੇਸ਼, ਇਰਾਨ,ਮਿਸਰ, ਜਾਰਡਨ, ਲੀਬਿਆ, ਮੋਰਾਕੋ ਅਤੇ ਦੂਜੇ ਅਰਬ ਮੁਲਕਾਂ ਦੇ ਨਾਲ-ਨਾਲ ਦੱਖਣੀ ਅਫ਼ਰੀਕਾ ਵਰਗੇ ਦੇਸ਼ ਵਰਜੀਨਿਟੀ ਟੈਸਟ ''ਚ ਸਭ ਤੋਂ ਅੱਗੇ ਹਨ।

ਹਿਊਮਨ ਰਾਈਟਸ ਵਾਚ ਮੁਤਾਬਕ ਮਿਸਰ, ਮੋਰਾਕੋ, ਜਾਰਡਨ ਅਤੇ ਲਿਬੀਆ ਵਿੱਚ ਕੁਆਰੇਪਣ ਦੀ ਪਰੀਖਿਆ ਬਹੁਤ ਜ਼ਿਆਦਾ ਆਮ ਹੈ।

ਐਚਆਰਡਬਲਿਊ ਦੀ ਰਿਪੋਰਟ ਦੇ ਜਵਾਬ ''ਚ ਮੋਰਾਕੋ ਅਤੇ ਮਿਸਰ ਨੇ ਅਜਿਹੇ ਦਾਅਵਿਆਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਦੁਹਰਾਇਆ ਹੈ ਕਿ ਅਜਿਹੇ ਰਿਵਾਜ਼ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹਨ ਅਤੇ ਚੋਰੀ-ਛਿਪੇ ਕੇ ਗੈਰ-ਕਾਨੂੰਨੀ ਢੰਗ ਨਾਲ ਪੂਰੇ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ:

  • ਪਾਕਿਸਤਾਨ ਦਾ ਕਰੀਬੀ ਸਾਊਦੀ ਅਰਬ ਕਿਉਂ ਭਾਰਤ ਦੇ ਨੇੜੇ ਹੋ ਰਿਹਾ ਹੈ
  • ਗੁਰਮੁਖੀ ਪਾਸਵਰਡ ਬਣਾਓ ਆਪਣਾ ਡਾਟਾ ਬਚਾਓ
  • ਬੋਰਵੈੱਲ ਵਿੱਚ ਫਸੇ ਬੱਚੇ ਦੀ ਮੌਤ, ਸਰੀਰ ਹੋਣ ਲੱਗਿਆ ਸੀ ਖ਼ਰਾਬ

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=i2kk8sWMzaY

https://www.youtube.com/watch?v=epD-CpBihfs

https://www.youtube.com/watch?v=5es344CJPDU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)