ਅਯੁੱਧਿਆ ’ਚ SC ਦੇ ਮੰਦਿਰ-ਮਸਜਿਦ ਦੇ ਫ਼ੈਸਲੇ ਤੋਂ ਪਹਿਲਾਂ ਕੀ ਹੈ ਮਾਹੌਲ - ਗਰਾਊਂਡ ਰਿਪੋਰਟ

11/08/2019 8:46:22 AM

BBC
ਰਾਮ ਜਨਮਭੂਮੀ ਦੇ ਪੁਜਾਰੀ ਸਤੇਂਦਰ ਦਾਸ ਦੇ ਘਰ ਅੰਨਕੂਟ ਭੋਜ ਦੀ ਇੱਕ ਪੰਗਤ ਵਿਚ ਬਾਬਰੀ ਮਸਜਿਦ ਦੇ ਪੈਰੋਕਾਰ ਇਕਬਾਲ ਅੰਸਾਰੀ

ਰਾਮ ਜਨਮਭੂਮੀ ਦੇ ਪੁਜਾਰੀ ਸਤੇਂਦਰ ਦਾਸ ਕੋਲ ਰਾਮ ਦੇ ਵਨਵਾਸ ਤੋਂ ਵਾਪਸੀ ਦੀ ਖੁਸ਼ੀ ਵਿਚ ਕੀਤੇ ਗਏ ਅੰਨਕੂਟ ਭੋਜ ਦੀ ਇੱਕ ਪੰਗਤ ਵਿਚ ਬਾਬਰੀ ਮਸਜਿਦ ਦੇ ਪੈਰੋਕਾਰ ਇਕਬਾਲ ਅੰਸਾਰੀ ਵੀ 56 ਭੋਗ ਦਾ ਮਜ਼ਾ ਲੈਂਦੇ ਦਿਖੇ।

ਸਿਰਫ਼ ਇੰਨਾ ਹੀ ਨਹੀਂ, ਸਤੇਂਦਰ ਦਾਸ ਨੇ ਇਕਬਾਲ ਅੰਸਾਰੀ ਨੂੰ 100 ਰੁਪਏ ਵੀ ਦਿੱਤੇ।

ਨਾਲ-ਨਾਲ ਆਸਨ ਉੱਤੇ ਬੈਠ ਕੇ ਸਤੇਂਦਰ ਦਾਸ ਤੇ ਇਕਬਾਲ ਅੰਸਾਰੀ ਨੇ ਮੀਡੀਆ ਨੂੰ ਸੱਦਾ ਭੇਜੇ ਜਾਣ, ਮਿਲਣ ਤੇ ਅਯੁੱਧਿਆ ਵਿਚ ਹਿੰਦੂ ਮੁਸਲਮਾਨ ਭਾਈਚਾਰੇ ਦੀ ਗੱਲ ਕੀਤੀ।

ਹਾਲਾਂਕਿ ਸਤੇਂਦਰ ਦਾਸ ਬਾਬਰੀ ਮਸਜਿਦ ਨੂੰ ''ਢਾਂਚਾ'' ਬੁਲਾਉਂਦੇ ਹਨ। ਉਹ ਸਵਾਲ ਕਰਦੇ ਹਨ ਕਿ "ਜੇ ਉੱਥੇ ਵਾਕਈ ਮਸਜਿਦ ਸੀ ਤਾਂ ਸੁੰਨੀ ਵਕਫ਼ ਬੋਰਡ ਨੇ ਅਦਾਲਤ ਵਿਚ ਆਪਣਾ ਦਾਅਵਾ 1991 ਵਿਚ ਕਿਉਂ ਪੇਸ਼ ਕੀਤਾ।"

"ਰਾਮ ਲਲਾ ਪਿਛਲੇ 26 ਸਾਲਾਂ ਤੋਂ ਟਾਟ ''ਤੇ ਬੈਠੇ ਹਨ ਤੇ ਹੁਣ ਲਗਦਾ ਹੈ ਵਿਸ਼ਾਲ ਮੰਦਿਰ ਦਾ ਸਮਾਂ ਆ ਗਿਆ ਹੈ।"

ਇਹ ਵੀ ਪੜ੍ਹੋ:

  • ਕਰਤਾਰਪੁਰ ਲਾਂਘੇ ਨੇ ਵੰਡ ਦੇ ਜ਼ਖਮ ਵੀ ਕੁਰੇਦੇ: ''ਮੇਰਾ ਦਿਲ ਕਰਦਾ ਕਿ ਹੁਣੇ ਉੱਡ ਕੇ ਚਲਾ ਜਾਵਾਂ''
  • 20 ਸਾਲਾ ਕੁੜੀ ਜਿਸ ਨੇ ਦਾਦਕੇ-ਨਾਨਕੇ ਸਣੇ ਕਈਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ
  • ਟਰੰਪ ’ਤੇ ਮਹਾਂਦੋਸ਼: ਅਮਰੀਕੀ ਰਾਸ਼ਟਰਪਤੀ ਦਾ ਕੀ ਬਣੇਗਾ

ਸਤੇਂਦਰ ਦਾਸ ਆਪਣੇ ਘਰ ਦੀ ਪਹਿਲੀ ਮੰਜ਼ਿਲ ਦੇ ਇੱਕ ਕਮਰੇ ਵਿਚ ਚੌਂਕੀ ''ਤੇ ਬੈਠੇ ਹਨ। ਤੀਰ-ਕਮਾਨ ਵਾਲਾ ਰਾਮ ਦਾ ਇੱਕ ਵੱਡਾ ਪੋਸਟਰ ਪਿਛਲੀ ਕੰਧ ’ਤੇ ਨਜ਼ਰ ਆਉਂਦਾ ਹੈ।

ਪੁਰਾਣੇ ਵਿਵਾਦ ਵਿਚ ਸੰਤ ਪਰਿਵਾਰ

ਸੰਤ ਕਬੀਰ ਨਗਰ ਨਾਲ ਸਬੰਧ ਰੱਖਣ ਵਾਲੇ ਆਚਾਰਿਆ ਸਤੇਂਦਰ ਦਾਸ ਨੂੰ ਬਾਬਰੀ ਮਸਜਿਦ ਢਾਹੇ ਜਾਣ ਤੋਂ ਕੁਝ ਮਹੀਨੇ ਪਹਿਲਾਂ ਹੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਜਨਮਭੂਮੀ ਦੇ ਪੁਰਾਣੇ ਪੁਜਾਰੀ ਤੇ ਆਰਐਸਐਸ, ਵੀਐਚਪੀ ਤੇ ਬਜਰੰਗ ਦਲ ਦੇ ਆਲੋਚਕ ਰਹੇ ਲਾਲ ਦਾਸ ਨੂੰ ਹਟਾਏ ਜਾਣ ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ।

ਮਸਜਿਦ ਢਾਹੇ ਜਾਣ ਦੇ 11 ਮਹੀਨਿਆਂ ਬਾਅਦ 1993 ਵਿਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

BBC
ਰਾਮ ਜਨਮਭੂਮੀ ਦੇ ਪੁਜਾਰੀ ਸਤੇਂਦਰ ਦਾਸ

ਇਹ ਉਹ ਦੌਰ ਸੀ ਜਦੋਂ ਰਾਮ ਜਨਮਭੂਮੀ ਮਾਮਲੇ ਵਿਚ ਪੈਰੋਕਾਰ ਸਥਾਨਕ ਹਿੰਦੂ ਸੰਗਠਨ ਜਿਵੇਂ ਕਿ ਨਿਰਮੋਹੀ ਅਖਾੜੇ ਨੂੰ ਹੌਲੀ-ਹੌਲੀ ਪਿੱਛੇ ਧੱਕ ਕੇ, ਹਿੰਦੁਵਾਦੀ ਉਸ ''ਤੇ ਆਪਣੀ ਪਕੜ ਮਜ਼ਬੂਤ ਕਰ ਰਹੇ ਸੀ।

ਅਯੁੱਧਿਆ ਦੇ ਸੰਤਾਂ ਤੇ ਧਰਮ-ਆਚਿਰਿਆਂ ਨੂੰ ਜਿੱਤ ਸਾਫ਼ ਦਿਖਾਈ ਦੇ ਰਹੀ ਹੈ ਜਦੋਂਕਿ ਇਹ ਫ਼ੈਸਲਾ ਸੁਪਰੀਮ ਕੋਰਟ ਨੇ ਕਰਨਾ ਹੈ। ਇੱਥੇ ਹੋ ਰਹੀ ਚਰਚਾ ਵਿਚ ਮੋਦੀ ਤੇ ਯੋਗੀ ਦਾ ਨਾਮ ਵਾਰੀ-ਵਾਰੀ ਆ ਰਿਹਾ ਹੈ।

BBC

ਰਾਮ ਜਨਮਭੂਮੀ ਨਿਆਸ ਦੇ ਨ੍ਰਿਤਿਆ ਗੋਪਾਲ ਦਾਸ ਕਹਿੰਦੇ ਹਨ, "ਕੇਂਦਰ ਵਿਚ ਮੋਦੀ ਤੇ ਇੱਥੇ ਯੋਗੀ ਦੇ ਸ਼ਾਸਨਕਾਲ ਵਿਚ ਰਾਮਲਲਾ ਜਿੱਥੇ ਸਥਾਪਤ ਹਨ, ਉੱਥੇ ਇੱਕ ਵਿਸ਼ਾਲ ਮੰਦਿਰ ਦੀ ਉਸਾਰੀ ਹੋਵੇਗੀ।"

ਰਾਮ ਜਨਮਭੂਮੀ ਮੰਦਿਰ ਉਸਾਰੀ ਨਿਆਸ ਦੇ ਜਨਮੇਜੈਅ ਸ਼ਰਨ ਕਹਿੰਦੇ ਹਨ, "ਫੈਸਲਾ ਰਾਮ ਮੰਦਿਰ ਦੇ ਪੱਖ ਵਿਚ ਹੀ ਆਵੇਗਾ।"

ਜਨਮਭੂਮੀ ਨਿਰਮਾਣ ਸੰਗਠਨ ਦਾ ਸਰੂਪ

ਰਾਮ ਦੇ ਨਾਮ ''ਤੇ ਬਣ ਗਏ ਇਨ੍ਹਾਂ ਸੰਗਠਨਾਂ ਵਿਚੋਂ ਕੋਈ ਵੀ ਜਨਮਭੂਮੀ ਦੀ ਅਦਾਲਤੀ ਕਾਰਵਾਈ ਵਿੱਚ ਪਾਰਟੀ ਨਹੀਂ ਹੈ।

ਪਰ ਨ੍ਰਿਤਿਆਗੋਪਾਲ ਦਾਸ ਸਰਕਾਰ ਦੇ ਕਰੀਬੀ ਮੰਨੇ ਜਾਂਦੇ ਹਨ ਤੇ ਇਹ ਵੀ ਚਰਚਾ ਹੈ ਕਿ ਮੰਦਿਰ ਦੇ ਪੱਖ ਵਿਚ ਫੈਸਲਾ ਆਉਣ ''ਤੇ ਉਸਾਰੀ ਦਾ ਕੰਮ ਉਨ੍ਹਾਂ ਦੇ ਸੰਗਠਨ ਨੂੰ ਮਿਲ ਸਕਦਾ ਹੈ।

ਕੁਝ ਲੋਕ ਸੋਮਨਾਥ ਦੀ ਤਰਜ ''ਤੇ ਬੋਰਡ ਬਣਾਉਣ ਦੀ ਗੱਲ ਵੀ ਕਹਿ ਰਹੇ ਹਨ।

BBC
ਰਾਮ ਜਨਮਭੂਮੀ ਨਿਆਸ ਦੇ ਨ੍ਰਿਤਿਆ ਗੋਪਾਲ ਦਾਸ

ਨਿਰਮੋਹੀ ਅਖਾੜਾ ਤੇ ਹਿੰਦੂ ਮਹਾਸਭਾ ਵਰਗੇ ਸੰਗਠਨ, ਜਿਨ੍ਹਾਂ ਨੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੱਕ ਜਨਮਭੂਮੀ ਦੀ ਅਦਾਲਤੀ ਲੜਾਈ ਲੜੀ, ਸੰਘ ਪਰਿਵਾਰ ਦੀ ਰਾਮ ਮੰਦਿਰ ਦੀ ਸਿਆਸਤ ਦਾ ਹਿੱਸਾ ਨਾ ਬਣਨ ਕਾਰਨ ਹੁਣ ਹਾਸ਼ੀਏ ''ਤੇ ਹਨ।

ਨਿਰਮੋਹੀ ਅਖਾੜਾ ਦੀ ਖਸਤਾਹਾਲ ਹੋ ਰਹੀ ਚਾਰਦੀਵਾਰੀ ਦੇ ਅੰਦਰ ਅਸ਼ੋਕ ਦੇ ਦਰਖ਼ਤ ਹੇਠਾਂ ਬੈਠੇ ਦੀਨੇਂਦਰ ਦਾਸ ਕਹਿੰਦੇ ਹਨ, "ਨਿਰਮੋਹੀ ਅਖਾੜੇ ਨੇ ਆਪਣੇ ਕੰਮ ਦਾ ਪ੍ਰਚਾਰ ਨਹੀਂ ਕੀਤਾ, ਉਨ੍ਹਾਂ ਨੇ ਕੀਤਾ, ਰਾਮ ਦੇ ਨਾਮ ਦਾ ਪ੍ਰਚਾਰ।"

ਹਾਲਾਂਕਿ ਉਹ ਕਹਿੰਦੇ ਹਨ ਕਿ ਸਾਰੇ ਹਿੰਦੂ ਪੱਖ ਮਿਲਕੇ ਫੈਸਲਾ ਕਰਨਗੇ ਕਿ ਅੱਗੇ ਕੀ ਕਰਨਾ ਹੈ।

ਕਾਰਜਸ਼ਾਲਾ ਦੀ ਹਾਲਤ

ਰਾਮ ਜਨਮਭੂਮੀ ਲਈ ਜਿੱਥੇ ਉਸਾਰੀ ਲਈ ਸਮੱਗਰੀ ਬਣ ਕੇ ਤਿਆਰ ਹੁੰਦੀ ਰਹੀ ਹੈ ਉੱਥੇ ਸ਼ਾਂਤੀ ਹੈ। ਨੇੜਲੇ ਮੰਦਿਰ ਤੋਂ ਲਾਊਡਸਪੀਕਰ ’ਤੇ ਭਜਨ ਦੀ ਆਵਾਜ਼ ਆ ਰਹੀ ਹੈ ਅਤੇ ਸੈਲਾਨੀਆਂ ਦੀ ਭੀੜ ਲੱਗੀ ਹੋਈ ਹੈ।

ਗਾਈਡ ਸ਼ਰਧਾਲੂਆਂ ਨੂੰ ਪਰਿਸਰ ਵਿਚ ਹੀ ਮੌਜੂਦ ਪ੍ਰਦਰਸ਼ਨੀ ਦਿਖਾ ਰਹੇ ਹਨ ਜਿਸ ਵਿਚ ਰਾਮ ਮੰਦਰ ਅੰਦੋਲਨ ਦੌਰਾਨ ਮਾਰੇ ਗਏ ਕਾਰ ਸੇਵਕਾਂ ਨੂੰ ਦਿਖਾਇਆ ਗਿਆ ਹੈ।

BBC
ਰਾਮ ਜਨਮਭੂਮੀ ਮੰਦਿਰ ਨਿਰਮਾਣ ਨਿਆਸ ਦੇ ਜਨਮੇਜੈ ਸ਼ਰਨ

ਹਾਲਾਂਕਿ ਅਜਿਹਾ ਕੋਈ ਇਤਿਹਾਸਕ ਸਬੂਤ ਨਹੀਂ ਹੈ ਪਰ ਤਸਵੀਰਾਂ ਵਿਚ ਉਹ ਦ੍ਰਿਸ਼ ਵੀ ਦਰਸਾਇਆ ਗਿਆ ਹੈ ਜਿਸ ਵਿਚ ਬਾਬਰ ਰਾਮ ਮੰਦਿਰ ਨੂੰ ਢਾਹੁਣ ਦੀ ਇਜਾਜ਼ਤ ਦੇ ਰਿਹਾ ਹੈ।

ਇਸ ਸਵਾਲ ''ਤੇ ਕਿ, ਕੀ ਅਯੁੱਧਿਆ ਵਿਚ ਗਾਈਡ ਵੀ ਮਿਲ ਜਾਂਦੇ ਹਨ, ਸਥਾਨਕ ਪੱਤਰਕਾਰ ਮਹੇਂਦਰ ਤ੍ਰਿਪਾਠੀ ਕਹਿੰਦੇ ਹਨ, "ਰਾਮ ਦੇ ਨਾਮ ''ਤੇ ਬਹੁਤ ਸਾਰੇ ਲੋਕਾਂ ਦੀ ਦੁਕਾਨ ਚੱਲ ਰਹੀ ਹੈ।"

BBC

ਕਾਰਸੇਵਕ ਪੁਰਮ ਦੇ ਸੁਪਰਵਾਈਜ਼ਰ ਅੰਨੂ ਭਾਈ ਸੋਨਪੂਰਾ ਕਹਿੰਦੇ ਹਨ ਕਿ ਪਿਛਲੇ ਦਿਨੀਂ ਆਖਰੀ ਕਾਰੀਗਰ ਦੀ ਮੌਤ ਹੋ ਗਈ ਜਿਸ ਦੇ ਬਾਅਦ ਤੋਂ ਕੰਮ ਬੰਦ ਹੈ।

ਇੱਕ ਸਮੇਂ ਇੱਥੇ 150 ਕਾਰੀਗਰ ਕੰਮ ਕਰਦੇ ਸੀ ਪਰ ਲਾਲ ਪੱਥਰ ਦੇ ਜੋ ਖੰਭੇ ਤੇ ਨੱਕਾਸ਼ੀਆਂ ਤਿਆਰ ਪਈਆਂ ਹਨ ਉਹ ਕਾਲੀਆਂ ਪੈ ਰਹੀਆਂ ਹਨ ਤੇ ਅੰਨੂ ਭਾਈ ਸੋਨਪੂਰਾ ਮੁਤਾਬਕ ਇਸਤੇਮਾਲ ਤੋਂ ਪਹਿਲਾਂ ਉਨ੍ਹਾਂ ਦੀ ਜੰਮ ਕੇ ਘਿਸਾਈ ਕਰਵਾਉਣੀ ਹੋਵੇਗੀ।

BBC

ਕਾਰਸੇਵਕ ਪੁਰਮ ਦੇ ਬਿਲਕੁਲ ਬਾਹਰ ਚਾਹ ਤੇ ਪਾਨ ਦੀ ਦੁਕਾਨ ਚਲਾਉਣ ਵਾਲੀ ਸੰਤੋਸ਼ ਚੌਰਸੀਆ ਰਾਮ ਮੰਦਿਰ ਨਾ ਬਣਨ ਤੋਂ ਕਾਫ਼ੀ ਨਾਰਾਜ਼ ਹਨ ਤੇ ਕੁਝ ਦਿਨ ਪਹਿਲਾਂ ਹੋਈ ਦਿਵਾਲੀ ’ਤੇ ਸਵਾਲ ਚੁੱਕਦੇ ਹੋਏ ਕਹਿੰਦੀ ਹੈ, "ਇਹ ਪੰਜ ਲੱਖ ਦੀਵੇ ਬਾਲ ਕੇ ਕੀ ਹੋਇਆ, ਲੋਕ ਆਗਰਾ ਤਾਜਮਹਿਲ ਦੇਖਣ ਜਾਂਦੇ ਹਨ। ਅਯੁੱਧਿਆ ਵਿਚ ਰਾਮ ਲਲਾ ਦਾ ਮੰਦਿਰ ਬਣ ਜਾਂਦਾ ਤਾਂ ਲੋਕ ਉਸ ਨੂੰ ਦੇਖਣ ਆਉਂਦੇ।"

ਫਿਰ ਖੁਦ ਹੀ ਅੱਗੇ ਕਹਿੰਦੀ ਹੈ, "ਨਹੀਂ ਨਾ ਬਣਨ ਦੇਣਗੇ, ਇਨ੍ਹਾਂ ਦੀ ਕਮਾਈ ਨਾ ਖ਼ਤਮ ਹੋ ਜਾਵੇਗੀ, ਇਨ੍ਹਾਂ ਦੀ ਵੋਟ ਕੱਟੀ ਜਾਵੇਗੀ।"

ਕਾਰਸੇਵਕ ਪੁਰਮ ’ਤੇ ਅਯੁੱਧਿਆ ਸ਼ਹਿਰ ਤਕਰੀਬਨ ਖ਼ਤਮ ਹੋ ਜਾਂਦਾ ਹੈ ਪਰ ਉੱਥੇ ਵੀ ਦੂਜੇ ਕਈ ਇਲਾਕਿਆਂ ਦੀ ਤਰ੍ਹਾਂ ਸੁਰੱਖਿਆ ਕਰਮੀਆਂ ਦੀ ਇੱਕ ਟੁਕੜੀ ਮੌਜੂਦ ਹੈ।

BBC
ਕਾਰਸੇਵਕ ਪੁਰਮ ਦੇ ਸੁਪਰਵਾਈਜ਼ਰ ਅੰਨੂ ਭਾਈ ਸੋਨਪੂਰਾ ਮੁਤਾਬਕ ਪਿਛਲੇ ਦਿਨੀਂ ਆਖਿਰੀ ਕਾਰੀਗਰ ਦੀ ਮੌਤ ਹੋ ਦੇ ਬਾਅਦ ਤੋਂ ਕੰਮ ਬੰਦ ਹੈ।

ਪੁਲਿਸ ਪ੍ਰਬੰਧ ਦੇ ਆਦਿ ਹੋ ਚੁੱਕੇ ਅਯੁੱਧਿਆ ਦੇ ਲੋਕ ਜ਼ਿੰਦਗੀ ਦੀਆਂ ਉਲਝਣਾਂ ਵਿਚ ਫਸੇ ਹੋਏ ਹਨ।

ਹਨੂੰਮਾਨ ਮੰਦਿਰ ਦੀ ਗਲੀ ਵਿਚ ਹਮੇਸ਼ਾ ਵਾਂਗ ਖੁਰਚਨ ਤੋਂ ਲੈ ਕੇ ਕੇਸਰਿਆ ਪੇੜਾ ਤੱਕ ਆਮ ਵਾਂਗ ਵਿੱਕ ਰਿਹਾ ਹੈ ਅਤੇ ਨਾਰੀਅਲ ਦੇ ਲੱਡੂ ਵਿਕ ਰਹੇ ਹਨ। ਸ਼ਰਧਾਲੂ ਵਾਹਨਾਂ ਅਤੇ ਮੋਟਰਸਾਈਕਲਾਂ ਵਿਚ ਸਵਾਰ ਹੋ ਕੇ ਦਰਸ਼ਨਾਂ ਲਈ ਪਹੁੰਚ ਰਹੇ ਹਨ।

ਮੁਜੀਬੁਰ ਅਹਿਮਦ ਦਾ ਕਹਿਣਾ ਹੈ ਕਿ ਅਯੁੱਧਿਆ ਵਿਚ ਹਾਲੇ ਵੀ ਭਾਈਚਾਰਿਆਂ ਵਿਚ ਉਹੀ ਚਾਚਾ-ਭਤੀਜਾ, ਛੋਟੇ ਭਰਾ-ਵੱਡੇ ਭਰਾ ਦਾ ਸਬੰਧ ਹੈ। ''ਜੋ ਵੀ ਗਲਤ ਦਿਖਾਈ ਦੇ ਰਿਹਾ ਹੈ, ਉਹ ਚੈਨਲ ਵਾਲੇ ਹੀ ਦਿਖਾ ਰਹੇ ਹਨ।''

BBC

ਰੋਹਿਤ ਸਿੰਘ ਦਾ ਵਿਚਾਰ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਮੰਦਿਰ ਦੀ ਉਸਾਰੀ 2022 ਯਾਨਿ ਕਿ ਆਮ ਚੋਣਾਂ ਤੋਂ ਪਹਿਲਾਂ ਸ਼ੁਰੂ ਨਹੀਂ ਹੋਵੇਗੀ ਤਾਂ ਅਤੀਕੁਰ ਰਹਿਮਾਨ ਅੰਸਾਰੀ ਸਵਾਲ ਕਰਦੇ ਹਨ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਜੇ ਫ਼ੈਸਲਾ ਮੁਸਲਮਾਨਾਂ ਦੇ ਹੱਕ ਵਿਚ ਆਉਂਦਾ ਹੈ ਤਾਂ ਹਿੰਦੂ ਇਸ ਨੂੰ ਸਵੀਕਾਰ ਕਰਨਗੇ ਜਾਂ ਜੇ ਫੈਸਲਾ ਹਿੰਦੂਆਂ ਦੇ ਹੱਕ ਵਿਚ ਹੁੰਦਾ ਹੈ ਤਾਂ ਮੁਸਲਮਾਨ ਇਸ ਨੂੰ ਸਵੀਕਾਰ ਕਰਨਗੇ?

ਖ਼ਾਲਿਕ ਅਹਿਮਦ ਖ਼ਾਨ, ਬਾਬਰੀ ਪੱਖ ਦੇ ਰਹਿਨੁਮਾ ਹਨ। ਉਹ ਕਹਿੰਦੇ ਹਨ ਕਿ ਅਦਾਲਤ ਦਾ ਫੈਸਲਾ ਜੇ ਕਾਨੂੰਨੀ ਤੌਰ ''ਤੇ ਦਰੁਸਤ ਹੋਵੇਗਾ ਤਾਂ ਮੁਸਲਮਾਨ ਪੱਖ ਉਸ ਨੂੰ ਮੰਨਣ ਨੂੰ ਤਿਆਰ ਹੈ, ਨਹੀਂ ਤਾਂ ਅਗਲੀ ਕਾਰਵਾਈ ਬਾਰੇ ਸੋਚੇਗਾ ਅਤੇ ਲੋੜ ਪਈ ਤਾਂ ਫਿਰ ਤੋਂ ਅਦਾਲਤ ਵਿਚ ਅਪੀਲ ਕਰ ਸਕਦਾ ਹੈ।

ਖਾਲਿਕ ਅਹਿਮਦ ਖਾਨ ਹਾਲ ਹੀ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ ''ਤੇ ਬਣੀ ਸਮਝੌਤਾ ਕਮੇਟੀ ਨੂੰ ਵੀ ਮਿਲੇ ਸਨ ਤੇ ਦਾਅਵਾ ਕਰਦੇ ਹਨ ਕਿ ਮੁਸਲਮਾਨਾਂ ''ਤੇ ਬਾਬਰੀ ਮਸਜਿਦ ਵਾਲੀ ਜ਼ਮੀਨ ’ਤੇ ਦਾਅਵਾ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਸੀ।

BBC
ਬਾਬਰੀ ਪੱਖ ਦੇ ਖਾਲਿਕ ਅਹਿਮ ਖ਼ਾਨ ਹਾਲ ਹੀ ਵਿਚ ਸੁਪਰੀਮ ਕੋਰਟ ਦੇ ਨਿਰਦੇਸ਼ ''ਤੇ ਬਣੀ ਸਮਝੌਤਾ ਕਮੇਟੀ ਨੂੰ ਵੀ ਮਿਲੇ ਸਨ

ਇਹ ਵੀ ਪੜ੍ਹੋ:

  • ਆਗੂਆਂ ਨੂੰ ਉਂਗਲਾਂ ''ਤੇ ਨਚਾਉਣ ਵਾਲਾ ''ਕਾਲਾ ਬਾਂਦਰ''
  • ਨਜ਼ਰੀਆ: ਰਾਮ ਮੰਦਿਰ ''ਤੇ ਪਹਿਲ ਦੇ ਪਿੱਛੇ ਕੀ ਹੈ ?
  • ਕੀ ਫ਼ਿਰ ਤੋਂ ਉਸਾਰੀ ਜਾ ਸਕੇਗੀ ਬਾਬਰੀ ਮਸਜਿਦ?

ਬਾਬਰੀ ਮਸਜਿਦ ਪੱਖ ਦਾ ਕਹਿਣਾ ਹੈ ਕਿ ਸਾਰੇ ਪੁਰਾਣੇ ਦਾਅਵਿਆਂ ਨੂੰ ਉਸ ਨੇ ਵਾਪਸ ਲੈ ਲਿਆ ਹੈ। ਜੋ 120X40 ਫੁੱਟ ਦੀ ਜ਼ਮੀਨ ''ਤੇ ਉਹ ਦਾਅਵਾ ਕਾਇਮ ਰੱਖ ਰਹੇ ਹਨ ਉਸ ਦਾ ਕਾਰਨ ਇਹ ਹੈ ਕਿ ਮਸਜਿਦ ਦੀ ਵਕਫ਼ ਦੀ ਜ਼ਮੀਨ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਭਾਰਤੀ ਵਕਫ਼ ਕਾਨੂੰਨ ਦੇ ਖਿਲਾਫ਼ ਹੈ।

ਖਾਲਿਕ ਕਹਿੰਦੇ ਹਨ, "ਅਸੀਂ ਤਾਂ ਇਸ ਲਈ ਵੀ ਤਿਆਰ ਹਾਂ ਕਿ ਉਹ ਇਸ ਜ਼ਮੀਨ ਨੂੰ ਛੱਡ ਕੇ ਬਾਕੀ ''ਤੇ ਮੰਦਿਰ ਉਸਾਰੀ ਸ਼ੁਰੂ ਕਰ ਦੇਣ। ਅਸੀਂ ਤਾਂ ਮਸਜਿਦ ਦੀ ਫਿਰ ਤੋਂ ਮੰਗ ਵੀ ਨਹੀਂ ਕਰ ਰਹੇ ਪਰ ਕੁਝ ਲੋਕ ਮੰਦਿਰ ਬਣਾਉਣ ਤੋਂ ਵੱਧ ਇਸ ਨੂੰ ਹਿੰਦੂ-ਮੁਸਲਮਾਨ ਦੇ ਮੁੱਦੇ ਦੇ ਤੌਰ ''ਤੇ ਪੇਸ਼ ਕਰਨ ਵਿਚ ਵੱਧ ਦਿਲਚਸਪੀ ਰੱਖਦੇ ਹਨ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=E0s9H9FuWBM

https://www.youtube.com/watch?v=8hN8UUGzsUQ

https://www.youtube.com/watch?v=A-OWbIBwe2A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)