ਮੈਕਸੀਕੋ ਤੋਂ ਡਿਪੋਰਟ ਕੀਤੇ ਭਾਰਤੀਆਂ ਵਿਚੋਂ ਇੱਕ ਪੰਜਾਬੀ ਮੁੰਡੇ ਦੀ ਹੱਡਬੀਤੀ

10/21/2019 7:01:17 AM

"ਇੰਡੀਆ ਤੋਂ ਕੁਇਟੋ (ਇਕੁਆਡੋਰ) ਤੱਕ ਦੀ ਸਾਡੀ ਏਅਰਲਾਈਨ ਦੀ ਟਿਕਟ ਸੀ। ਉਸ ਤੋਂ ਅੱਗੇ ਅਸੀਂ ਬੱਸਾਂ ਅਤੇ ਟੈਕਸੀਆਂ ਰਾਹੀਂ ਮੈਡਲਿਨ ਤੱਕ ਗਏ। ਫ਼ਿਰ ਪਨਾਮਾ ਤੱਕ ਕਿਸ਼ਤੀ ਰਾਹੀਂ ਪਹੁੰਚੇ ਸੀ। ਇਸ ਤੋਂ ਬਾਅਦ ਗੁਆਟੇਮਾਲਾ, ਸਿਲਵਾਡੋਰ ਆਦਿ ਨੂੰ ਪਾਰ ਕਰਦੇ ਹੋਏ ਤਾਪਾਚੂਲਾ ਕੈਂਪ ਵਿੱਚ ਪਹੁੰਚੇ। ਇਹ ਮੈਕਸੀਕੋ ਦਾ ਇਲਾਕਾ ਹੈ। ਇਸ ਤੋਂ ਬਾਅਦ ਅਸੀਂ ਵੈਰਾਕਰੂਜ਼ ਕੈਂਪ ਵਿੱਚ ਆਏ ਤਾਂ ਕਿ ਦੇਸ਼ ਵਿੱਚੋਂ ਬਾਹਰ ਜਾਣ ਲਈ ਰਾਹਦਾਰੀ ਲਈ ਜਾ ਸਕੇ। ਪਰ ਇਸ ਤੋਂ ਪਹਿਲਾਂ ਹੀ ਸਾਨੂੰ ਡਿਪੋਰਟ ਕਰ ਦਿੱਤਾ ਗਿਆ। ਇਸ ਕੈਂਪ ਵਿੱਚ 800 ਦੇ ਕਰੀਬ ਭਾਰਤੀ ਸਨ ਜਿਨ੍ਹਾਂ ਵਿਚੋਂ 311 ਨੂੰ ਡਿਪੋਰਟ ਕਰ ਦਿੱਤਾ ਗਿਆ।"

ਇਹ ਸ਼ਬਦ ਪੰਜਾਬ ਦੇ ਰਹਿਣ ਵਾਲੇ ਅਮ੍ਰਿਤਪਾਲ ਸਿੰਘ (ਬਦਲਿਆ ਹੋਇਆ ਨਾਮ) ਦੇ ਹਨ। ਅਮ੍ਰਿਤਪਾਲ ਉਨ੍ਹਾਂ 311 ਭਾਰਤੀਆਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੂੰ 18 ਅਕਤੂਬਰ ਨੂੰ ਮੈਕਸੀਕੋ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ।

(ਮੈਕਸੀਕੋ ਤੋਂ ਡਿਪੋਰਟ ਕੀਤੇ ਗਏ ਇਸ ਨੌਜਵਾਨ ਦੀ ਗੁਜ਼ਾਰਿਸ਼ ''ਤੇ ਅਸੀਂ ਉਸ ਦਾ ਅਸਲ ਨਾਮ ਨਹੀਂ ਛਾਪ ਰਹੇ)

https://www.youtube.com/watch?v=fVRVDknKTvY

ਮੈਕਸੀਕੋ ਤੋਂ ਜੇ ਡਿਪੋਰਟ ਨਾ ਕੀਤਾ ਜਾਂਦਾ ਤਾਂ ਅਮ੍ਰਿਤਪਾਲ ਅਤੇ ਉਸ ਦੇ ਨਾਲ ਦੇ ਸਾਥੀਆਂ ਨੇ ਸਰਹੱਦ ਟੱਪ ਕੇ ਅਮਰੀਕਾ ਵਿੱਚ ਦਾਖਲ ਹੋਣਾ ਸੀ। ਇਹ ਉਨ੍ਹਾਂ ਦੀ ਆਖ਼ਰੀ ਮੰਜ਼ਿਲ ਸੀ, ਜਿੱਥੇ ਪਹੁੰਚਣ ਲਈ ਉਨ੍ਹਾਂ ਹਰ ਖ਼ਤਰਾ ਮੁੱਲ ਲਿਆ।

ਇਹ ਵੀ ਪੜ੍ਹੋ:

  • ਅਮਰੀਕਾ ਭੇਜਣ ਲਈ ਕਿਹੜੇ ਰਸਤੇ ਚੁਣਦੇ ਹਨ ਏਜੰਟ
  • ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ?
  • ਮੈਕਸੀਕੋ ਜਾਂਦੇ ਪੰਜਾਬੀਆਂ ਲਈ ''ਦਰਵਾਜ਼ੇ ਖੁੱਲੇ ਹਨ, ਪਰ...''

ਅਮ੍ਰਿਤਪਾਲ ਦੇ ਘਰ ਜਦੋਂ ਸਾਡੀ ਟੀਮ ਪਹੁੰਚੀ ਤਾਂ ਉਸ ਦੇ ਛੋਟੇ ਭਰਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ। ਦੋ ਮੰਜ਼ਿਲਾਂ ਦੇ ਇਸ ਪੱਕੇ ਘਰ ਦੇ ਡਰਾਇੰਗ ਰੂਮ ਵਿੱਚ ਅਮ੍ਰਿਤਪਾਲ ਬੈਠਾ ਹੈ। ਪਹਿਲੀ ਮੁਲਾਕਾਤ ਵਿੱਚ ਹੀ ਉਸ ਦੇ ਸਲੀਕੇਦਾਰ ਅਤੇ ਨਿਮਰ ਸੁਭਾਅ ਦਾ ਅੰਦਾਜ਼ਾ ਹੋ ਜਾਂਦਾ ਹੈ।

''''ਸਫ਼ਰ ਦੌਰਾਨ ਮੈਂ ਕਈ ਲਾਸ਼ਾਂ ਜੰਗਲ ਵਿੱਚ ਸੜਦੀਆਂ ਦੇਖੀਆਂ''''

ਅਮ੍ਰਿਤਪਾਲ ਦੱਸਦਾ ਹੈ, ''''ਲੱਖਾਂ ਰੁਪਏ ਏਜੰਟਾਂ ਨੂੰ ਦੇਣ ਦੇ ਬਾਵਜੂਦ ਇਹ ਸਫ਼ਰ ਕੋਈ ਸੁਖਾਲਾ ਨਹੀਂ ਸੀ, ਮੈਂ 17 ਲੱਖ ਰੁਪਇਆ ਏਜੰਟ ਨੂੰ ਅਮਰੀਕਾ ਪਹੁੰਚਣ ਲਈ ਦਿੱਤਾ ਸੀ। ਕਈ 35-35 ਲੱਖ ਦੇ ਕੇ ਵੀ ਆਏ ਹੋਏ ਸਨ। ਜਹਾਜ਼ ਅਤੇ ਬੱਸਾਂ ਦਾ ਸਫ਼ਰ ਤਾਂ ਠੀਕ ਸੀ ਪਰ ਜੰਗਲ ਦਾ ਰਾਹ ਬਹੁਤ ਖ਼ਤਰਨਾਕ ਸੀ। ਜੰਗਲੀ ਜਾਨਵਰਾਂ ਅਤੇ ਸੱਪਾਂ ਦਾ ਖ਼ਤਰਾ ਬਹੁਤ ਸੀ। ਇਸ ਤੋਂ ਇਲਾਵਾ ਡੌਂਕੀ ਦੇ ਪਲਟਣ ਦਾ ਅਤੇ ਪਹਾੜੀਆਂ ਤੋਂ ਤਿਲਕ ਕੇ ਡਿੱਗਣ ਦਾ ਖ਼ਤਰਾ ਵੀ ਸੀ।''''

''''ਸਾਡੀ ਟੋਲੀ ਵਿੱਚ ਇੱਕ ਬੰਦੇ ਦੀ ਮੇਰੇ ਸਾਹਮਣੇ ਮੌਤ ਹੋ ਗਈ। ਉਸ ਨੂੰ ਖਾਣਾ ਨਹੀਂ ਪਚ ਰਿਹਾ ਸੀ। ਉਸਦੇ ਨਾਲ ਉਸ ਦੇ ਬੱਚੇ ਅਤੇ ਪਤਨੀ ਵੀ ਸੀ। ਉਸ ਦੇ ਪਰਿਵਾਰ ਨੇ ਆਪਣੇ ਧਰਮ ਅਨੁਸਾਰ ਅਰਦਾਸ ਕੀਤੀ, ਉਸ ਦੇ ਕੱਪੜੇ ਬਦਲੇ ਅਤੇ ਉਸ ਨੂੰ ਪਹਾੜ ਤੋਂ ਖੱਡ ਵਿੱਚ ਰੋੜ ਦਿੱਤਾ ਗਿਆ। ਇਸ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਸੀ। ਡੌਂਕਰ (ਪਾਰ ਕਰਵਾਉਣ ਵਾਲੇ ਏਜੰਟ ਦੇ ਬੰਦੇ) ਲਾਸ਼ਾਂ ਦਾ ਬੋਝ ਨਹੀਂ ਢੋਂਦੇ।''''

ਅਮ੍ਰਿਤਪਾਲ ਅੱਗੇ ਕਹਿੰਦਾ ਹੈ, ''''ਤੁਸੀਂ ਬਿਮਾਰ ਹੋ ਗਏ ਜਾਂ ਗੰਭੀਰ ਸੱਟ ਲੱਗ ਗਈ ਤਾਂ ਸਮਝੋ ਮਾਰੇ ਗਏ। ਭੁੱਖ ਅਤੇ ਪਿਆਸ ਨਾਲ ਮਰ ਜਾਣ ਦਾ ਖ਼ਤਰਾ ਵੱਖਰਾ ਹੁੰਦਾ ਹੈ। ਇੱਕ ਅਜਿਹੇ ਟਾਪੂ ਉੱਤੇ ਰਾਤ ਕੱਟੀ ਜਿਸ ਨੂੰ ਮੱਛਰਾਂ ਵਾਲਾ ਟਾਪੂ ਕਹਿੰਦੇ ਹਨ, ਇੱਥੇ ਇੱਕ ਘੰਟਾ ਵੀ ਖੜ੍ਹੇ ਹੋਣਾ ਔਖਾ ਹੈ ਪਰ ਮਜਬੂਰੀ ਵਿੱਚ ਸਭ ਕੁਝ ਕਰਨਾ ਪੈਂਦਾ ਹੈ। ਸਫ਼ਰ ਦੌਰਾਨ ਮੈਂ ਕਈ ਲਾਸ਼ਾਂ ਜੰਗਲ ਵਿੱਚ ਸੜਦੀਆਂ ਦੇਖੀਆਂ, ਸਾਡੇ ਮਗਰਲੀ ਟੋਲੀ ਦੇ ਵੀ ਤਿੰਨ ਮੁੰਡੇ ਮਾਰੇ ਗਏ ਸਨ। ਜਿਸ ਕੈਂਪ ਵਿੱਚੋਂ ਸਾਨੂੰ ਫੜ ਕੇ ਡਿਪੋਰਟ ਕੀਤਾ ਗਿਆ, ਇਸ ਤੋਂ ਅੱਗੇ ਅਸੀਂ ਰਾਹਦਾਰੀ ਲੈ ਕੇ ਸਰਹੱਦ ਪਾਰ ਕਰਨੀ ਸੀ ਪਰ ਸਭ ਵਿੱਚੇ ਹੀ ਰਹਿ ਗਿਆ।''''

''''ਸਾਨੂੰ ਇਹ ਕਹਿ ਕੇ ਲੈ ਕੇ ਗਏ ਸਨ ਕਿ ਮੈਕਸੀਕੋ ਦੇ ਕੈਂਪ ਵਿੱਚ ਸ਼ਿਫ਼ਟ ਕੀਤਾ ਜਾਣਾ ਹੈ ਅਤੇ ਉੱਥੋਂ ਦੇਸ਼ ''ਚੋਂ ਬਾਹਰ ਨਿਕਲਣ ਲਈ ਰਾਹਦਾਰੀ ਦਿੱਤੀ ਜਾਵੇਗੀ। ਸਾਡੇ ਨਾਲ ਇੱਕ ਵਿਆਹੁਤਾ ਜੋੜਾ ਸੀ, ਜਿਸ ਵਿੱਚੋਂ ਮੁੰਡੇ ਨੂੰ ਤਾਂ ਸਾਡੇ ਨਾਲ ਭੇਜ ਦਿੱਤਾ ਜਦਕਿ ਉਸਦੀ ਪਤਨੀ ਉੱਥੇ ਕੈਂਪ ਵਿੱਚ ਹੀ ਸੀ।"

ਖ਼ਤਰਾ ਮੁੱਲ ਲੈਣ ਦੀ ਵਜ੍ਹਾ ਭਲਾ ਕੀ?

ਇੰਨੀ ਮੋਟੀ ਰਕਮ ਖ਼ਰਚ ਕੇ ਅਤੇ ਜੋਖ਼ਮ ਲੈ ਕੇ ਬਾਹਰ ਜਾਣ ਦਾ ਤਰੀਕਾ ਅਪਣਾਉਣ ਬਾਰੇ ਅਸੀਂ ਅਮ੍ਰਿਤਪਾਲ ਨੂੰ ਇਸ ਦਾ ਕਾਰਨ ਵੀ ਪੁੱਛਿਆ।

ਅਮ੍ਰਿਤਪਾਲ ਇਸ ਬਾਰੇ ਕਹਿੰਦਾ ਹੈ, ''''ਬਾਈ ਜੀ ਹੋਰ ਦੱਸੋ ਕਰੀਏ ਕੀ? ਇੱਥੇ ਨੌਕਰੀ ਤਾਂ ਮਿਲਦੀ ਨਹੀਂ, ਨਸ਼ੇ ਜਿੰਨੇ ਮਰਜ਼ੀ ਲੈ ਲਓ। ਫ਼ੌਜੀ ਬਣਨਾ ਮੇਰਾ ਪਹਿਲਾ ਸੁਪਨਾ ਸੀ। ਮੈਂ ਤਾਂ ਬਚਪਨ ਵਿੱਚ ਖਿਡਾਉਣਾ ਵੀ ਖ਼ਰੀਦਦਾ ਸੀ ਤਾਂ ਉਹ ਬੰਦੂਕ ਹੀ ਹੁੰਦੀ ਸੀ। ਤਿੰਨ ਵਾਰ ਫੌਜ਼ ਦੀ ਭਰਤੀ ਲਈ ਟੈਸਟ ਦਿੱਤਾ, ਪਰ ਚੋਣ ਨਹੀਂ ਹੋਈ। ਪੰਜਾਬ ਸਰਕਾਰ ਦੇ ਰੁਜ਼ਗਾਰ ਕੈਂਪਾਂ ਵਿੱਚ ਵੀ ਗਿਆ। ਪ੍ਰਾਈਵੇਟ ਅਦਾਰਿਆਂ ਵਿੱਚ 5-5 ਹਜ਼ਾਰ ਮਹੀਨੇ ਦੀ ਤਨਖ਼ਾਹ ਉੱਤੇ ਨੌਕਰੀਆਂ ਮਿਲਦੀਆਂ ਸਨ।''''

https://www.youtube.com/watch?v=pVDNkQ1bgEM

''''ਬੀਏ ਪਾਸ ਕੀਤੀ ਹੋਈ ਹੈ। ਆਇਲੈਟਸ ਦਾ ਟੈਸਟ ਵੀ ਕਲੀਅਰ ਕੀਤਾ। ਪੜ੍ਹਾਈ ਦੇ ਆਧਾਰ ''ਤੇ ਬਾਹਰ ਜਾਣ ਦੀ ਵੀ ਕੋਸ਼ਿਸ਼ ਕੀਤੀ। ਨਹੀਂ ਕੰਮ ਬਣਿਆ। ਜੇ 100 ਬੰਦਾ ਆਇਲੈਟਸ ਕਲੀਅਰ ਕਰਦਾ ਹੈ ਤਾਂ 10 ਦਾ ਵੀਜ਼ਾ ਲਗਦਾ ਹੈ। ਸਰਕਾਰੀ ਨੌਕਰੀ ਮਿਲਦੀ ਕੋਈ ਨਹੀਂ, ਫਿਰ ਬਾਕੀ ਨੌਜਵਾਨ ਕੀ ਕਰਨ। ਸਾਡਾ ਵੀ ਚੰਗੀ ਜ਼ਿੰਦਗੀ ਜਿਉਣ ਨੂੰ ਦਿਲ ਕਰਦਾ ਹੈ।''''

ਅਮ੍ਰਿਤਪਾਲ ਭਰੇ ਮਨ ਨਾਲ ਆਖਦਾ ਹੈ, ''''ਜੇ ਇੱਥੇ ਇੰਨੇ ਪੈਸੇ ਲਾ ਕੇ ਕੋਈ ਕਾਰੋਬਾਰ ਕਰਦੇ ਤਾਂ ਚੱਲਣ ਦੀ ਕੋਈ ਉਮੀਦ ਨਹੀਂ ਸੀ, ਪੈਸੇ ਪੂਰੇ ਹੋਣ ਦੀ ਤਾਂ ਗੱਲ ਹੀ ਛੱਡੋ। ਬਾਹਰ ਪਹੁੰਚ ਕੇ ਇਹ ਉਮੀਦ ਤਾਂ ਸੀ ਕਿ ਕੰਮ ਕਰਕੇ ਇਸ ਤੋਂ ਕਿਤੇ ਜ਼ਿਆਦਾ ਕਮਾ ਸਕਦੇ ਹਾਂ।"

ਅਮ੍ਰਿਤਪਾਲ ਦੇ ਪਿਤਾ ਦੀ ਪੀੜ, ''''16 ਲੱਖ ਰੁਪਏ ਵਿਆਜ ਦੇ ਕਿਵੇਂ ਮੋੜਾਂਗੇ"

ਜਦੋਂ ਘਰ ਦੇ ਡਰਾਇੰਗ ਰੂਮ ਵਿੱਚ ਬੈਠਾ ਅਮ੍ਰਿਤਪਾਲ ਆਪਣੀ ਦਾਸਤਾਨ ਸੁਣਾ ਰਿਹਾ ਸੀ ਤਾਂ ਉਸ ਦੀ ਮਾਤਾ ਰਸੋਈ ਮੂਹਰੇ ਬੈਠੀ ਅੱਖਾਂ ਪੂੰਝ ਰਹੀ ਸੀ, ਪਿਓ ਦੀਆਂ ਅੱਖਾਂ ਖ਼ਾਲ੍ਹੀ-ਖ਼ਾਲ੍ਹੀ ਜਾਪ ਰਹੀਆਂ ਸਨ, ਚਿਹਰੇ ''ਤੇ ਤਾਂ ਜਿਵੇਂ ਸੁੰਨ ਪਸਰੀ ਹੋਈ ਸੀ।

https://www.youtube.com/watch?v=YF0inyU98e8

ਅਮ੍ਰਿਤਪਾਲ ਦੇ ਪਿਤਾ ਦੱਸਦੇ ਹਨ ਕਿ ਇਹ ਪੂਰੇ ਪਰਿਵਾਰ ਨਾਲ ਕਿਸ ਗਹਿਰਾਈ ਵਿੱਚ ਜੁੜਿਆ ਹੋਇਆ ਮਸਲਾ ਹੈ।

ਉਹ ਕਹਿੰਦੇ ਹਨ, "ਪੰਜਾਬ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ, ਕੰਮ ਬਹੁਤ ਘੱਟ ਗਿਆ। ਸਾਡਾ ਟਰਾਂਸਪੋਰਟ ਦਾ ਕੰਮ ਹੈ। ਪਹਿਲਾਂ ਚਾਰ ਟਰੱਕ ਸੀ, ਕਿਸ਼ਤਾਂ ਕੱਢਣੀਆਂ ਔਖੀਆਂ ਹੋਈਆਂ ਪਈਆਂ ਸਨ ਤਾਂ ਦੋ ਟਰੱਕ ਵੇਚਣੇ ਪਏ। ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੈ।''''

''''ਇਸ ਨੂੰ ਬਾਹਰ ਭੇਜਿਆ ਸੀ ਤਾਂ ਕਿ ਪਰਿਵਾਰ ਦਾ ਕਮਾਈ ਵਿੱਚ ਹੱਥ ਵਟਾਏਗਾ। ਕੀ ਪਤਾ ਸੀ ਕਿ ਚਾਰ ਮਹੀਨੇ ਮੁਸ਼ਕਿਲਾਂ ਕੱਟ ਕੇ ਵਾਪਸ ਆ ਜਾਵੇਗਾ। 16 ਲੱਖ ਰੁਪਏ ਵਿਆਜ ਉੱਤੇ ਚੱਕ ਕੇ ਲਾਏ ਸਨ। ਹੁਣ ਉਸ ਦਾ ਫ਼ਿਕਰ ਹੈ ਕਿ ਕਿਵੇਂ ਮੋੜਾਂਗੇ।"

ਭਿਆਨਕ ਚੁੱਪ ਸ਼ਾਇਦ ਘਰ ਦਾ ਵੱਡਾ ਸੱਚ

ਅਮ੍ਰਿਤਪਾਲ ਦਾ 12ਵੀਂ ਜਮਾਤ ਵਿੱਚ ਪੜ੍ਹਦਾ ਛੋਟਾ ਭਰਾ ਵੀ ਕਮਰੇ ਵਿੱਚ ਬੈਠਾ ਸਭ ਕੁਝ ਸੁਣ ਰਿਹਾ ਹੈ। ਸਾਡੇ ਆਉਣ ਤੋਂ ਪਹਿਲਾਂ ਉਹ ਇਹ ਸਭ ਕੁਝ ਅਮ੍ਰਿਤਪਾਲ ਤੋਂ ਕਈ ਵਾਰ ਸੁਣ ਚੁੱਕਿਆ ਹੋਵੇਗਾ।

ਇਹ ਵੀ ਪੜ੍ਹੋ:

  • ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ''ਚ ਹੋ ਤਾਂ 5 ਗੱਲਾਂ ਜ਼ਰੂਰ ਜਾਣ ਲਵੋ
  • ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ ''ਚੋਂ ਬਾਹਰ ਨਿਕਲੀ ਇਹ ਕੁੜੀ
  • ਮਿਡ-ਡੇਅ ਮੀਲ ''ਚ ਦਾਲ ਦੀ ਥਾਂ ਹਲਦੀ-ਪਾਣੀ ਦੇ ਘੋਲ ਦਾ ਸੱਚ

ਗੱਲਬਾਤ ਖ਼ਤਮ ਹੁੰਦਿਆਂ ਪਰਿਵਾਰ ਦੇ ਚਾਰੇ ਜੀਅ ਸਾਨੂੰ ਗੇਟ ਤੱਕ ਛੱਡਣ ਆਉਂਦੇ ਹਨ। ਅਮ੍ਰਿਤਪਾਲ ਦਾ ਛੋਟਾ ਭਰਾ ਅਤੇ ਮਾਂ ਹਾਲੇ ਵੀ ਚੁੱਪ ਹਨ। ਇਸ ਚੁੱਪ ਪਿੱਛੇ ਸ਼ਾਇਦ ਸੁਪਨੇ ਟੁੱਟਣ ਦਾ ਸਦਮਾ ਹੈ।

ਕੋਲ ਖੜੇ ਬੰਦੇ ਲਈ ਇਹ ਚੁੱਪ ਸਹਿਣ ਕਰਨੀ ਔਖੀ ਹੈ। ਬਾਕੀ ਗੱਲਾਂ ਨਾਲੋਂ ਜ਼ਿਆਦਾ ਇਹ ਭਿਆਨਕ ਚੁੱਪ ਸ਼ਾਇਦ ਇਸ ਘਰ ਦਾ ਵੱਡਾ ਸੱਚ ਹੈ।

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=3GDrAPMHpKE

https://www.youtube.com/watch?v=rlODkeY8uJo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)