ਅਜਿਹਾ ਦੇਸ ਜਿੱਥੇ ਏਟੀਐਮ ਤੋਂ ਅਣਜਾਨ ਲੋਕ ਤੇ ਸਿਮ ਕਾਰਡ ਹਾਸਲ ਕਰਨਾ ਵੀ ਔਖਾ

10/19/2019 9:31:16 AM

Getty Images
ਏਰੀਟੇਰੀਆ ਵਿੱਚ ਦੇਸ ਦੀ ਸੇਵਾ ਕਰਨਾ ਲਾਜ਼ਮੀ ਹੈ

ਏਰੀਟਰੀਆ ਨੂੰ ਅਫ਼ਰੀਕਾ ਦੇ ਸਭ ਤੋਂ ਦਮਨਕਾਰੀ ਸੂਬਿਆਂ ''ਚੋਂ ਇੱਕ ਮੰਨਿਆ ਜਾਂਦਾ ਹੈ, ਜਿੱਥੋਂ ਦੇ ਲੋਕ ਬੁਨਿਆਦੀ ਸਿਆਸੀ ਅਤੇ ਧਾਰਮਿਕ ਆਜ਼ਾਦੀ ਤੋਂ ਸੱਖਣੇ ਹਨ।

ਅਜਿਹੇ ''ਚ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ 1993 ''ਚ ਇਥੋਪੀਆ ਤੋਂ ਅਧਿਕਾਰਤ ਤੌਰ ''ਤੇ ਸੁਤੰਤਰ ਹੋਣ ਤੋਂ ਬਾਅਦ ਹੁਣ ਤੱਕ ਇੱਥੇ ਇੱਕ ਹੀ ਪਾਰਟੀ ਨੇ ਸੱਤਾ ਸੰਭਾਲੀ ਹੋਈ ਹੈ।

ਸਰਕਾਰ ਨੇ ਵਿਰੋਧੀ ਪਾਰਟੀਆਂ ਅਤੇ ਸਥਾਨਕ ਮੀਡੀਆ ''ਤੇ ਪਾਬੰਦੀਆਂ ਲਾਈਆਂ, ਆਲੋਚਕਾਂ ਨੂੰ ਹਿਰਾਸਤ ''ਚ ਲਿਆ, ਜਿੰਨ੍ਹਾਂ ''ਚੋਂ ਕਈਆਂ ਬਾਰੇ ਤਾਂ ਕਿਸੇ ਨੂੰ ਕੁੱਝ ਪਤਾ ਵੀ ਨਹੀਂ ਹੈ ਅਤੇ ਨੌਜਵਾਨਾਂ ''ਤੇ ਲਾਜ਼ਮੀ ਤੌਰ ''ਤੇ ਫ਼ੌਜੀ ਭਰਤੀ ਦਾ ਦਬਾਅ ਪਾਇਆ।

ਇਸੇ ਕਾਰਨ ਹੀ ਏਰੀਟਰੀਆ ਦੇ ਲੱਖਾਂ ਦੀ ਗਿਣਤੀ ''ਚ ਨਾਗਰਿਕਾਂ ਨੇ ਇੱਥੋਂ ਪਰਵਾਸ ਕਰਨ ''ਚ ਹੀ ਸਮਝਦਾਰੀ ਸਮਝੀ। ਕੁੱਝ ਤਾਂ ਯੂਰਪ ਪਹੁੰਚਣ ਦੇ ਯਤਨਾਂ ''ਚ ਸਹਾਰਾ ਮਾਰੂਥਲ ਅਤੇ ਮੈਡੀਟੇਰੀਅਨ ਸਾਗਰ ਨੂੰ ਪਾਰ ਕਰਦਿਆਂ ਆਪਣੀਆਂ ਜਾਨਾਂ ਗਵਾ ਬੈਠੇ।

ਇਹ ਵੀ ਪੜ੍ਹੋ:

  • ''ਮੈਂ ਸੋਨਾ-ਜ਼ਮੀਨ ਵੇਚ ਕੇ, 18 ਲੱਖ ਰੁਪਏ ਏਜੰਟ ਨੂੰ ਦਿੱਤੇ'' - ਮੈਕਸੀਕੋ ਤੋਂ 311 ਭਾਰਤੀ ਭੇਜੇ ਵਾਪਸ
  • ਬ੍ਰੈਗਜ਼ਿਟ: ''ਨਵੇਂ ਸਮਝੌਤੇ ਨਾਲ ਸਰਕਾਰ ਨੂੰ ਮਜ਼ਦੂਰਾਂ, ਵਾਤਾਵਰਨ ਨੂੰ ਢਾਹ ਲਾਉਣ ਦਾ ਲਾਈਸੈਂਸ ਮਿਲ ਜਾਵੇਗਾ''
  • ''ਫੋਨ ''ਤੇ ਕਹਿੰਦਾ ਸੀ ਮਾਹੌਲ ਚੰਗਾ ਹੈ, ਪਤਾ ਨਹੀਂ ਕੀ ਹੋ ਗਿਆ''

ਬੀਬੀਸੀ ਦੇ ਅਮਹਾਰਿਕ ਦੇ ਜੀਬਤ ਤਮੀਰਤ ਨੇ ਹਾਲ ''ਚ ਹੀ ਇੱਥੋਂ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਸਰਕਾਰ ਦੇ ਲੋਕਾਂ ਦੀ ਜ਼ਿੰਦਗੀ ''ਤੇ ਅਸਧਾਰਨ ਨਿਯੰਤਰਣ ਬਾਰੇ ਲਿਖਿਆ।

1. ਮੁਸ਼ਕਲ ਨਾਲ ਹਾਸਲ ਹੁੰਦੇ ਹਨ ਸਿਮ ਕਾਰਡ

ਸਿਮ ਕਾਰਡ ਤਾਂ ਇੱਥੇ ਬਹੁਤ ਹੀ ਮੁਸ਼ਕਲ ਨਾਲ ਹਾਸਲ ਹੁੰਦੇ ਹਨ। ਸਰਕਾਰੀ ਮਾਲਕੀ ਵਾਲੇ ਏਰੀਟੈਲ ਦੂਰ ਸੰਚਾਰ ਸੇਵਾਵਾਂ ਦੇਣ ਵਾਲਾ ਇੱਕੋ ਇੱਕ ਮਾਧਿਅਮ ਹੈ।

ਏਰੀਟੈਲ ਵਲੋਂ ਜੋ ਸੇਵਾ ਦਿੱਤੀ ਵੀ ਜਾਂਦੀ ਹੈ ਉਹ ਬਹੁਤ ਮਾੜੀ ਹੈ ਅਤੇ ਇਸ ''ਤੇ ਪੂਰੀ ਤਰ੍ਹਾਂ ਨਾਲ ਸਰਕਾਰ ਦਾ ਹੀ ਨਿਯੰਤਰਣ ਹੈ।

AFP
ਨਾਗਰਿਕਾਂ ਨੂੰ ਸਿਮ ਕਾਰਡ ਲਈ ਸਥਾਨਕ ਸਰਕਾਰ ਨੂੰ ਦਰਖ਼ਾਸਤ ਦੇਣੀ ਪੈਂਦੀ ਹੈ

ਕੌਮਾਂਤਰੀ ਦੂਰ ਸੰਚਾਰ ਯੂਨੀਅਨ ਵਲੋਂ ਪੇਸ਼ ਕੀਤੀ ਗਈ ਇੱਕ ਰਿਪੋਰਟ ਮੁਤਾਬਿਕ ਏਰੀਟਰੀਆ ''ਚ ਇੰਟਰਨੈੱਟ ਸਿਰਫ਼ 1% ਤੋਂ ਉੱਪਰ ਹੈ। ਏਰੀਟਰੀਆ ''ਚ ਸਿਮ ਕਾਰਡ ਵੀ ਬਹੁਤ ਮਸ਼ਕਤ ਤੋਂ ਬਾਅਦ ਹਾਸਲ ਹੁੰਦੇ ਹਨ।

ਇੱਥੋਂ ਦੇ ਨਾਗਰਿਕਾਂ ਨੂੰ ਸਿਮ ਕਾਰਡ ਲਈ ਸਥਾਨਕ ਸਰਕਾਰਾਂ ਬਾਰੇ ਪ੍ਰਸ਼ਾਸਨ ਅੱਗੇ ਦਰਖ਼ਾਸਤ ਦੇਣੀ ਪੈਂਦੀ ਹੈ।

ਜੇਕਰ ਤੁਸੀਂ ਸਿਮ ਕਾਰਡ ਹਾਸਲ ਕਰ ਵੀ ਲੈਂਦੇ ਹੋ ਤਾਂ ਤੁਸੀਂ ਉਸ ਦੀ ਵਰਤੋਂ ਇੰਟਰਨੈੱਟ ਸੇਵਾਵਾਂ ਲਈ ਨਹੀਂ ਕਰ ਸਕਦੇ ਹੋ, ਕਿਉਂਕਿ ਇੱਥੇ ਕੋਈ ਮੋਬਾਇਲ ਡਾਟਾ ਹੀ ਨਹੀਂ ਹੈ।

ਲੋਕ ਸਿਰਫ ਵਾਈਫਾਈ ਜ਼ਰੀਏ ਹੀ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ, ਜੋ ਕਿ ਬਹੁਤ ਹੀ ਹੌਲੀ ਰਫ਼ਤਾਰ ਰੱਖਦਾ ਹੈ।

ਫੇਸਬੁੱਕ, ਟਵਿੱਟਰ ਵਰਗੀਆਂ ਸੋਸ਼ਲ ਮੀਡੀਆ ਸਾਈਟਾਂ ਦੀ ਵਰਤੋਂ ਕਰਨ ਲਈ ਇੱਥੋਂ ਦੇ ਲੋਕਾਂ ਵਲੋਂ ਵਰਚੁਅਲ ਪ੍ਰਾਈਵੇਟ ਨੈੱਟਵਰਕ, ਵੀਪੀਐਨ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਸਿਮ ਕਾਰਡ ਲੈਣ ''ਚ ਭਾਰੀ ਮੁਸ਼ਕਲ ਹੋਣ ਕਾਰਨ ਲੋਕਾਂ ਵਲੋਂ ਅੱਜ ਵੀ ਜਨਤਕ ਭੁਗਤਾਨ ਫੋਨਾਂ (ਪਬਲਿਕ ਪੇਅ ਫੋਨ) ਦੀ ਵਰਤੋਂ ਕੀਤੀ ਜਾਂਦੀ ਹੈ।

ਇੱਥੋਂ ਦੀ ਆਪਣੀ ਫੇਰੀ ਦੇ ਸ਼ੁਰੂ ਦੇ ਚਾਰ ਦਿਨਾਂ ਤੱਕ ਅਸੀਂ ਵੀ ਜਨਤਕ ਫੋਨ ਦੀ ਹੀ ਵਰਤੋਂ ਕੀਤੀ। ਫਿਰ ਸਾਨੂੰ ਤਿੰਨ ਜਾਣਿਆਂ ਨੂੰ ਇੱਕ ਹੀ ਸਿਮ ਕਾਰਡ ਮੁੱਹਈਆ ਕਰਵਾਇਆ ਗਿਆ ਜਿਸ ਨੂੰ ਕਿ ਬਾਅਦ ''ਚ ਵਾਪਸ ਕੀਤਾ ਜਾਣਾ ਸੀ।

2. ਬੈਂਕ ਕਾਉਂਟਰਾਂ ਤੋਂ ਹੀ ਲੋਕ ਪੈਸੇ ਕਢਵਾ ਸਕਦੇ ਹਨ

ਸਰਕਾਰ ਨੇ ਬੈਂਕ ਖਾਤਿਆਂ ''ਚ ਜਮ੍ਹਾਂ ਰਾਸ਼ੀ ਨੂੰ ਕਢਵਾਉਣ ''ਤੇ ਵੀ ਪਾਬੰਦੀਆਂ ਲਗਾਈਆਂ ਹੋਈਆਂ ਹਨ। ਸਰਕਾਰ ਵਲੋਂ ਤੈਅ ਰਾਸ਼ੀ ਹੀ ਕਢਵਾਈ ਜਾ ਸਕਦੀ ਹੈ।

ਭਾਵੇਂ ਕਿ ਖਾਤਾਧਾਰਕ ਦੇ ਖਾਤੇ ''ਚ ਲੱਖਾਂ ਨਕਫਾ (ਏਰੀਟਰੀਆ ਮੁਦਰਾ) ਪਏ ਹੋਣ ਪਰ ਉਹ ਪ੍ਰਤੀ ਮਹੀਨਾ 5 ਹਜ਼ਾਰ ਨਕਫਾ ਯਾਨਿ ਕਿ 330 ਡਾਲਰ ਤੋਂ ਵੱਧ ਨਹੀਂ ਕੱਢਵਾ ਸਕਦਾ ਹੈ।

BBC
ਪ੍ਰਤੀ ਮਹੀਨਾ 5 ਹਜ਼ਾਰ ਨਕਫਾ (23,460 ਰੁਪਏ) ਹੀ ਕਢਵਾਉਣ ਦੀ ਇਜਾਜ਼ਤ ਹੈ

ਏਰੀਟਰੀਆ ਦੀ ਰਾਜਧਾਨੀ ਅਸਮਾਰਾ ਵਿਖੇ ਇੱਕ ਨਾਗਰਿਕ ਨੇ ਦੱਸਿਆ ਕਿ 1986 ''ਚ ਟੋਇਟਾ ਕੋਰੋਲਾ ਕਾਰ ਖਰੀਦਣ ਲਈ ਉਸ ਨੇ 11 ਮਹੀਨਿਆਂ ਲਈ 5 ਹਜ਼ਾਰ ਨਕਫਾ ਪ੍ਰਤੀ ਮਹੀਨਾ ਬੈਂਕ ''ਚੋਂ ਕਢਵਾਏ ਸਨ। ਫਿਰ ਜਾ ਕੇ ਉਸ ਨੇ ਵਿਕਰੇਤਾ ਨੂੰ 55 ਹਜ਼ਾਰ ਨਕਦ ਅਤੇ 55 ਹਜ਼ਾਰ ਬੈਂਕ ਰਾਹੀਂ ਟਰਾਂਸਫਰ ਕੀਤੇ ਸਨ।

ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਉਮੀਦ ਕਰਦੀ ਹੈ ਕਿ ਸਾਰੀ ਰਕਮ ਤਬਦੀਲ ਕੀਤੀ ਜਾਵੇਗੀ ਪਰ ਕੁੱਝ ਕਾਰੋਬਾਰੀ ਨਕਦੀ ਰੱਖਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਬਾਅਦ ''ਚ ਇਸ ਦੀ ਬਹੁਤ ਘਾਟ ਹੋ ਜਾਂਦੀ ਹੈ।

ਵਿਆਹਾਂ ਦੇ ਮੌਕੇ ਇੰਨ੍ਹਾਂ ਪਾਬੰਦੀਆਂ ''ਚ ਕੁੱਝ ਰਿਆਇਤ ਦਿੱਤੀ ਜਾਂਦੀ ਹੈ। ਦਰਅਸਲ ਇਹ ਅਜਿਹਾ ਮੌਕਾ ਹੁੰਦਾ ਹੈ ਜਦੋਂ 5 ਹਜ਼ਾਰ ਨਕਫਾ ਤੋਂ ਵੱਧ ਦੀ ਲਾਗਤ ਨਾਲ ਸਮਾਗਮਾਂ ਦਾ ਪ੍ਰਬੰਧ ਹੁੰਦਾ ਹੈ।

ਜਿਸ ਵਿਅਕਤੀ ਦੇ ਘਰ ਵਿਆਹ ਸਮਾਗਮ ਹੁੰਦਾ ਹੈ ਉਹ ਸਥਾਨਕ ਸਰਕਾਰਾਂ ਦੇ ਦਫ਼ਤਰ ''ਚ ਜਾ ਕੇ ਬੈਂਕ ਦੇ ਨਾਂਅ ਇੱਕ ਪੱਤਰ ਲਿਖਵਾਉਂਦਾ ਹੈ, ਜਿਸ ''ਚ ਲਿਖਿਆ ਜਾਂਦਾ ਹੈ ਕਿ ਇਸ ਵਿਅਕਤੀ ਨੂੰ 5 ਹਜ਼ਾਰ ਨਕਫਾ ਤੋਂ ਵੱਧ ਰਾਸ਼ੀ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ।

Getty Images
ਵਿਆਹਾਂ ਵਿੱਚ ਖਰਚੇ ਲਈ ਪੈਸੇ ਕਢਵਾਉਣ ਵਿੱਚ ਰਿਆਇਤ ਦਿੱਤੀ ਜਾਂਦੀ ਹੈ

ਸਰਕਾਰ ਵੱਲੋਂ ਆਪਣੇ ਹੀ ਖਾਤੇ ''ਚੋਂ ਰਾਸ਼ੀ ਕਢਵਾਉਣ ਸਬੰਧੀ ਸਰਕਾਰ ਦੀਆਂ ਪਾਬੰਦੀਆਂ ''ਤੇ ਇੱਥੋਂ ਦੇ ਲੋਕਾਂ ਦੇ ਵੱਖੋ-ਵੱਖ ਵਿਚਾਰ ਹਨ।

ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੋਕਾਂ ''ਚ ਬਚਤ ਕਰਨ ਦੀ ਆਦਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਮਹਿੰਗਾਈ ''ਤੇ ਠੱਲ ਪਾਉਣ ''ਚ ਇਹ ਕਾਰਗਰ ਹੈ।

ਜਦੋਂਕਿ ਦੂਜੇ ਪਾਸੇ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਵਪਾਰਕ ਗਤੀਵਿਧੀਆਂ ''ਚ ਰੁਝਾਨ ਨਹੀਂ ਰੱਖ ਰਹੀ ਹੈ। ਇਸ ਕਰਕੇ ਹੀ ਸਰਕਾਰ ਪੈਸੇ ਦੇ ਗੇੜ ਨੂੰ ਸੀਮਤ ਰੱਖਣਾ ਚਾਹੁੰਦੀ ਹੈ।

ਏਰੀਟਰੀਆ ''ਚ ਕੋਈ ਵੀ ਏਟੀਐਮ ਨਹੀਂ ਹੈ। ਇੱਕ ਕਾਰ ਖਰੀਦਦਾਰ ਨੇ ਸਾਨੂੰ ਦੱਸਿਆ ਕਿ ਜਦੋਂ ਪਿਛਲੇ ਸਾਲ ਏਰੀਟਰੀਆ ਅਤੇ ਇਥੋਪੀਆ ਵਿਚਾਲੇ ਚੱਲ ਰਹੀ ਜੰਗ ਖ਼ਤਮ ਹੋਈ ਤਾਂ ਦੋਵਾਂ ਮੁਲਕਾਂ ਦਰਮਿਆਨ ਸਰਹੱਦਾਂ ਨੂੰ ਖੋਲ ਦਿੱਤਾ ਗਿਆ ਸੀ।

ਉਸ ਸਮੇਂ ਮੈਂ ਉੱਤਰੀ ਇਥੋਪੀਆ ਦੇ ਮੇਕੈਲੇ ਸ਼ਹਿਰ ਗਿਆ ਤਾਂ ਉੱਥੇ ਏਟੀਐਮ ਵੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ਕਿ ਕਿਵੇਂ ਲੋਕ ਇੱਕ ਮਸ਼ੀਨ ''ਚੋਂ ਵੱਡੀ ਰਕਮ ਕੱਢਵਾ ਰਹੇ ਹਨ।

3. ਇੱਥੇ ਸਿਰਫ਼ ਇੱਕ ਹੀ ਸਥਾਨਕ ਟੈਲੀਵਿਜ਼ਨ ਸਟੇਸ਼ਨ ਮੌਜੂਦ ਹੈ

ਸਰਕਾਰੀ ਮਾਲਕੀ ਵਾਲੇ ਏਰੀ-ਟੀਵੀ ਏਰੀਟਰੀਆ ਦਾ ਇੱਕੋ-ਇੱਕ ਟੈਲੀਵਿਜ਼ਨ ਸਟੇਸ਼ਨ ਹੈ। ਉਹ ਵੀ ਸਰਕਾਰ ਦੀ ਜ਼ੁਬਾਨ ਹੀ ਬੋਲਦਾ ਹੈ। ਪਰ ਜੇਕਰ ਤੁਹਾਡੇ ਕੋਲ ਸੈਟੇਲਾਈਟ ਡਿਸ਼ ਹੈ ਤਾਂ ਤੁਸੀਂ ਬੀਬੀਸੀ ਅਤੇ ਹੋਰ ਕੌਮਾਂਤਰੀ ਚੈਨਲਾਂ ਅਤੇ ਅਸੇਨਾ ਟੀਵੀ ਤੇ ਏਰੀਸੈੱਟ ਦੇਖ ਸਕਦੇ ਹੋ, ਜੋ ਕਿ ਸਿਆਸੀ ਰਸੂਖਦਾਰਾਂ ਵਲੋਂ ਹੀ ਚਲਾਏ ਜਾਂਦੇ ਹਨ।

Getty Images
ਜ਼ਿਆਦਾਤਰ ਲੋਕ ਸਥਾਨਕਲ ਦੀ ਥਾਂ ਵਿਦੇਸ਼ੀ ਟੀਵੀ ਚੈਨਲ ਦੇਖਣਾ ਪਸੰਦ ਕਰਦੇ ਹਨ

ਪੱਤਰਕਾਰਾਂ ਦੀ ਸੁਰੱਖਿਆ ਲਈ ਬਣੀ ਕਮੇਟੀ, ਸੀਪੀਜੇ ਨੇ ਏਰੀਟਰੀਆ ''ਚ ਮੀਡੀਆ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਹੈ। ਕਮੇਟੀ ਨੇ ਕਿਹਾ ਹੈ ਕਿ ਏਰੀਟਰੀਆ ਦੁਨੀਆਂ ਦਾ ਸਭ ਤੋਂ ਸੈਂਸਰਡ ਦੇਸ ਹੈ। ਇਸ ਮਾਮਲੇ ''ਚ ਇਹ ਤਾਂ ਉੱਤਰੀ ਕੋਰੀਆ ਨੂੰ ਵੀ ਪਿੱਛੇ ਛੱਡ ਰਿਹਾ ਹੈ।

ਜਰਮਨੀ ਦੇ ਇੱਕ ਅਕਾਦਮੀ ਦਾ ਹਵਾਲਾ ਦਿੰਦਿਆਂ ਕਮੇਟੀ ਨੇ ਕਿਹਾ ਹੈ ਕਿ "ਗ਼ੁਲਾਮੀ ਦੌਰਾਨ ਰੇਡਿਓ ਸਟੇਸ਼ਨਾਂ ਦੇ ਸੈਟੇਲਾਈਟ ਪ੍ਰਸਾਰਣ ''ਚ ਕਈ ਵਾਰ ਸਿਗਨਲ ਜਾਮ ਕਰਕੇ ਅਤੇ ਖਰਾਬ ਇੰਟਰਨੈੱਟ ਸੇਵਾ ਕਰਕੇ ਰੁਕਾਵਟ ਖੜ੍ਹੀ ਹੁੰਦੀ ਹੈ।

ਹਾਲਾਂਕਿ ਸੂਚਨਾ ਮੰਤਰੀ ਯੇਮਾਨੇ ਮਸਕੇਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਏਰੀਟੇਰੀਆ ਇੱਕ "ਸੌੜੇ" ਸਮਾਜ ਦੀ ਅਗਵਾਈ ਕਰ ਰਿਹਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਸਬਿਆਂ ਅਤੇ ਸ਼ਹਿਰਾਂ ''ਚ 91% ਤੋਂ ਵੀ ਵੱਧ ਘਰਾਂ ''ਚ ਸੈਟੇਲਾਈਟ ਡਿਸ਼ ਹਨ ਅਤੇ 650 ਤੋਂ ਵੀ ਵੱਧ ਕੌਮਾਂਤਰੀ ਚੈਨਲ ਡਿਸ਼ ਜ਼ਰੀਏ ਵਿਖਾਏ ਜਾਂਦੇ ਹਨ। ਆਪਣੀ ਇਸ ਗੱਲ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਵਲੋਂ ਕੁੱਝ ਤਸਵੀਰਾਂ ਵੀ ਟਵੀਟ ਕੀਤੀਆਂ ਗਈਆਂ ਹਨ।

https://twitter.com/hawelti/status/1171407606986027009/photo/1

4. ਇੱਕ ਸ਼ਰਾਬ ਦੀ ਭੱਠੀ

ਏਰੀਟਰੀਆ ''ਚ ਅਸਮਾਰਾ ਬਰੂਅਰੀ ਨਾਂਅ ਦੀ ਇੱਕੋ ਇੱਕ ਬਰੂਅਰੀ ਹੈ, ਜਿਸ ਦੀ ਸਥਾਪਨਾ 1939 ''ਚ ਇਟਲੀ ਦੇ ਇੱਕ ਇੰਜੀਨੀਅਰ ਲਿਊਗੀ ਮੇਲੋਟੀਆ ਵਲੋਂ ਕੀਤੀ ਗਈ ਸੀ।

ਆਮ ਨਾਗਰਿਕਾਂ ਨੇ ਸਾਨੂੰ ਦੱਸਿਆ ਕਿ ਹਾਲ ''ਚ ਹੀ ਉਨ੍ਹਾਂ ਨੂੰ ਬਾਰ ''ਚ ਇੱਕ ਸਮੇਂ ਸਿਰਫ਼ ਦੋ ਹੀ ਬੀਅਰ ਪੀਣ ਦੀ ਇਜਾਜ਼ਤ ਸੀ।

ਇਸ ਲਈ ਉਹ ਆਪਣੇ ਨਾਲ ਉਨ੍ਹਾਂ ਲੋਕਾਂ ਨੂੰ ਰੱਖਦੇ ਸਨ ਜੋ ਕਿ ਬੀਅਰ ਪੀਂਦੇ ਨਹੀਂ ਸਨ ਅਤੇ ਉਨ੍ਹਾਂ ਦੇ ਹਿੱਸੇ ਦੀ ਬੀਅਰ ਵੀ ਉਹ ਲੋਕ ਆਪ ਹੀ ਚਾੜ ਜਾਂਦੇ ਸਨ।

Getty Images
ਕਈ ਬਾਰ ਤੇ ਕੈਫ਼ੇ ਦੇ ਨਾਮ ਇਟਲੀ ਦੇ ਹਨ

ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਕੁੱਝ ਮਹੀਨੇ ਪਹਿਲਾਂ ਹੀ ਬਰੂਅਰੀ ਨੂੰ ਅਪਗ੍ਰੇਡ ਕੀਤਾ ਗਿਆ ਸੀ, ਜਿਸ ਕਰਕੇ ਬੀਅਰ ਦੀ ਸਪਲਾਈ ''ਚ ਵਾਧਾ ਹੋਇਆ ਹੈ। ਭਾਵੇਂ ਕਿ ਬਾਰ ''ਚ ਸਾਨੂੰ ਸਿਰਫ਼ ਅਸਮਾਰਾ ਬੀਅਰ ਹੀ ਮਿਲਦੀ ਹੈ।

ਮੇਲੋਟੀਆ ਜਿਸ ਨੂੰ ਕਿ ਬਾਅਦ ''ਚ ਮੇਲੋਟੀ ਕਿਹਾ ਜਾਣ ਲੱਗਾ, ਸਾਬਕਾ ਇਟਾਲਵੀ ਕਲੋਨੀ ''ਚ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਉਸਾਰੀ ਲਈ ਆਇਆ ਸੀ।

ਇੱਥੇ ਆ ਕੇ ਉਸ ਨੇ ''ਬਰੂਅਰੀ'' ਦੀ ਘਾਟ ਮਹਿਸੂਸ ਕੀਤੀ ਅਤੇ ਤੁਰੰਤ ਹੀ ਇਸ ਮੌਕੇ ''ਤੇ ਚੌਕਾ ਮਾਰਦਿਆਂ ਇੱਕ ਬਰੂਅਰੀ ਦਾ ਨਿਰਮਾਣ ਕੀਤਾ। ਆਪਣੇ ਇਸ ਕਾਰਜ ਕਰਕੇ ਹੀ ਉਹ ਲੋਕਾਂ ਵਲੋਂ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।

5. ਬਹੁਤ ਸਾਰੇ ਨੌਜਵਾਨ ਇੱਥੋਂ ਪਰਵਾਸ ਕਰਨ ਦੇ ਚਾਹਵਾਨ ਹਨ

ਸਾਡੇ ਨਾਲ ਰਾਤ ਦਾ ਖਾਂਦੇ ਹੋਏ ਇੱਕ ਨੌਜਵਾਨ ਨੇ ਕਿਹਾ, "ਪਾਸਪੋਰਟ ਹਾਸਲ ਕਰਨਾ ਇੱਕ ਸੁਪਨੇ ਦੇ ਸਾਕਾਰ ਹੋਣ ਦੀ ਤਰ੍ਹਾਂ ਹੈ।"

ਉਸ ਨੇ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਉਦੋਂ ਤੱਕ ਪਾਸਪੋਰਟ ਹਾਸਲ ਨਹੀਂ ਹੁੰਦਾ ਹੈ ਜਦੋਂ ਤੱਕ ਉਹ ਆਪਣੀ ਰਾਸ਼ਟਰੀ ਸੇਵਾ ਮੁਕੰਮਲ ਨਾ ਕਰ ਲੈਣ। ਇਸ ''ਚ ਫੌਜੀ ਸਿਖਲਾਈ ਸ਼ਾਮਲ ਹੈ ਅਤੇ ਸਥਾਨਕ ਪ੍ਰਸ਼ਾਸਨ ਦੇ ਦਫ਼ਤਰ ਵਲੋਂ ਅਰਜ਼ੀ ਦੇ ਸਮਰਥਨ ''ਚ ਇੱਕ ਪੱਤਰ ਮਿਲਦਾ ਹੈ।

ਉਸ ਨੌਜਵਾਨ ਨੇ ਵਿਅੰਗ ਕਰਦਿਆਂ ਕਿਹਾ, "ਉਦੋਂ ਤੱਕ ਤੁਸੀਂ 40 ਤੋਂ 45 ਸਾਲ ਦੇ ਹੋ ਜਾਂਦੇ ਹੋ ਅਤੇ ਤੁਹਾਡੇ ਪਰਿਵਾਰ ''ਚ ਤੁਹਾਡੀ ਪਤਨੀ ਅਤੇ ਬੱਚਾ ਵੀ ਸ਼ਾਮਲ ਹੋ ਚੁੱਕੇ ਹੁੰਦੇ ਹਨ।"

ਇੱਕ ਵਾਰ ਪਾਸਪੋਰਟ ਮਿਲ ਜਾਣ ''ਤੇ ਵੀ ਤੁਸੀਂ ਦੇਸ ਨਹੀਂ ਛੱਡ ਸਕਦੇ ਹੋ, ਉਸ ਲਈ ਵੀ ਤੁਹਾਨੂੰ ਐਗਜ਼ਿਟ ਵੀਜ਼ਾ ਦੀ ਲੋੜ ਹੁੰਦੀ ਹੈ।

ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਹੈ ਕਿ ਉਹ ਇਸ ਨੂੰ ਹਾਸਲ ਕਰ ਪਾਉਣਗੇ ਕਿ ਨਹੀਂ ਕਿਉਂਕਿ ਸਰਕਾਰ ਨੂੰ ਡਰ ਹੈ ਕਿ ਜੇਕਰ ਉਹ ਇੱਕ ਵਾਰ ਚਲੇ ਗਏ ਤਾਂ ਮੁੜ ਵਤਨ ਨਹੀਂ ਪਰਤਣਗੇ।

ਕਈ ਨੌਜਵਾਨ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦਾਂ ਪਾਰ ਕਰਕੇ ਇਥੋਪੀਆ ਅਤੇ ਸੁਡਾਨ ''ਚ ਜਾ ਕੇ ਰਹਿਣ ਲੱਗ ਪਏ ਹਨ।

ਅਜਿਹੇ ''ਚ ਕਈ ਤਾਂ ਆਪਣੀਆਂ ਜਾਨਾਂ ਵੀ ਗੁਆ ਬੈਠੇ ਹਨ ਕਿਉਂਕਿ ਸਹਾਰਾ ਮਾਰੂਥਲ ਅਤੇ ਮੱਧ ਪੂਰਬ ਸਾਗਰ ਨੂੰ ਪਾਰ ਕਰਕੇ ਯੂਰਪ ਪਹੁੰਚਣ ਦਾ ਰਾਹ ਕੰਢਿਆ ਨਾਲ ਭਰਿਆ ਹੋਇਆ ਹੈ। ਮਾਰੂਥਲ ''ਚ ਪਾਣੀ ਅਤੇ ਭੋਜਨ ਦੀ ਘਾਟ ਅਤੇ ਸਾਗਰ ''ਚ ਡੁੱਬ ਕੇ ਕਈ ਲੋਕ ਮਰੇ ਹਨ।

ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਨੇ ਏਰੀਟਰੀਅਨ ਨੂੰ ਸ਼ਰਨਾਰਥੀਆਂ ਦੀ "ਉਤਪਤੀ ਦਾ ਨੌਵਾਂ ਸਭ ਤੋਂ ਵੱਡਾ ਦੇਸ" ਦੱਸਿਆ ਹੈ।

ਸਾਲ 2018 ਦੇ ਅੰਤ ਤੱਕ ਇੰਨਾਂ ਦੀ ਗਿਣਤੀ 5,07,300 ਸੀ ਜੋ ਕਿ ਇਸ ਤੋਂ ਪਿਛਲੇ ਸਾਲ 4,86,200 ਦਰਜ ਕੀਤੀ ਗਈ ਸੀ।

Getty Images
ਇਟਲੀ ਦੇ ਫਾਸੀਵਾਦੀ ਤਾਨਾਸ਼ਾਹ ਬੇਨੀਟੋ ਮੁਸੋਲੀਨੀ ਅਸਮਾਰਾ ਨੂੰ ਛੋਟਾ ਰੋਮ ਬਣਾਉਣਾ ਚਾਹੁੰਦੀ ਸੀ

ਇਸ ਰਿਪੋਰਟ ''ਚ ਦੱਸਿਆ ਗਿਆ ਹੈ ਕਿ ਵਧੇਰੇ ਸ਼ਰਨਾਰਥੀ ਇਥੋਪੀਆ (174,000) ਅਤੇ ਸੁਡਾਨ (114,500) ਵੱਲ ਪਰਵਾਸ ਕਰ ਰਹੇ ਹਨ।

ਇਸ ਤੋਂ ਇਲਾਵਾ ਜਰਮਨੀ (55,300) ਅਤੇ ਸਵਿਟਜ਼ਰਲੈਂਡ (34,100) ਵਰਗੇ ਯੂਰਪੀਅਨ ਸੂਬਿਆਂ ''ਚ ਵੀ ਇਹ ਸ਼ਰਨਾਰਥੀ ਸੁਰੱਖਿਅਤ ਰਹਿ ਰਹੇ ਹਨ।

ਏਰੀਟਰੀਆ ''ਚੋਂ ਜ਼ਿਆਦਾਤਰ ਨੌਜਵਾਨਾਂ ਦੇ ਪਰਵਾਸ ਕਰ ਜਾਣ ਕਰਕੇ ਅਸਮਾਰਾ ''ਚ ਬਜ਼ੁਰਗ ਲੋਕ ਵਧੇਰੇ ਵਿਖਾਈ ਦਿੰਦੇ ਹਨ। ਉਹ ਮੈਕੀਆਟੋ ਜੋ ਕਿ ਇੱਕ ਤਰ੍ਹਾਂ ਦੀ ਕੌਫ਼ੀ ਹੈ ਜੋ ਕਿ ਹਲਕੇ ਦੁੱਧ ਨਾਲ ਲਈ ਜਾਂਦੀ ਹੈ, ਉਸ ਨੂੰ ਪੀ ਕੇ ਆਪਣਾ ਸਮਾਂ ਗੁਜ਼ਾਰਦੇ ਹਨ।

ਏਰੀਟਰੀਆ ਦੀ ਆਬਾਦੀ ਬਾਰੇ ਕੋਈ ਸਪਸ਼ਟ ਅੰਕੜੇ ਹਾਸਲ ਨਹੀਂ ਹਨ, ਕਿਉਂਕਿ ਆਜ਼ਾਦੀ ਤੋਂ ਬਾਅਦ ਸਰਕਾਰ ਵਲੋਂ ਕਦੇ ਵੀ ਮਰਦਮਸ਼ੁਮਾਰੀ ਨਹੀਂ ਕੀਤੀ ਗਈ।

ਪਰ ਫਿਰ ਵੀ ਵਿਸ਼ਵ ਆਬਾਦੀ ਸਮੀਖਿਆ ਦੇ ਅੰਦਾਜ਼ੇ ਮੁਤਾਬਿਕ ਇੱਥੋਂ ਦੀ ਆਬਾਦੀ 3.5 ਮਿਲੀਅਨ ਦੇ ਕਰੀਬ ਹੈ, ਜਿਸ ''ਚ ਅਸਮਾਰਾ ਦੀ ਆਬਾਦੀ ਤਕਰੀਬਨ 5,00,000 ਹੈ।

6.ਕੁੱਝ ਵੀ ਹੋਵੇ ਪਰ ਰਾਜਧਾਨੀ ਬਹੁਤ ਸੁੰਦਰ ਹੈ

ਇਟਲੀ ਦੇ ਫਾਸੀਵਾਦੀ ਤਾਨਾਸ਼ਾਹ ਬੇਨੀਟੋ ਮੁਸੋਲੀਨੀ ਅਸਮਾਰਾ ਨੂੰ ਅਫ਼ਰੀਕਾ ਦਾ "ਪਿਕੋਲਾ ਰੋਮਾ" ਯਾਨਿ ਕਿ ਛੋਟਾ ਰੋਮ ਬਣਾਉਣਾ ਚਾਹੁੰਦਾ ਸੀ। ਇਸ ਸ਼ਹਿਰ ਦੀ ਉਸਾਰੀ, ਆਧੁਨਿਕ ਇਮਾਰਤਾਂ ਦਾ ਨਕਸ਼ਾ ਅਤੇ ਹੋਰ ਦਿਖਾਵਟ ਇਟਲੀ ਦੇ ਬਸਤੀਵਾਦ ਦੀ ਯਾਦ ਦਿਵਾਉਂਦੀ ਹੈ।

ਇਹ ਵੀ ਪੜ੍ਹੋ:

  • ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ?
  • ਸ਼ਿਲਾਜੀਤ ਕੀ ਹੈ, ਕਿਵੇਂ ਬਣਦਾ ਹੈ ਤੇ ਕਿੰਨਾ ਖਾਣਾ ਚਾਹੀਦਾ ਹੈ
  • "ਮੇਰਾ ਸਰੀਰ ਮੈਨੂੰ ਸੰਭੋਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ"

ਸੰਯੁਕਤ ਰਾਸ਼ਟਰ ਦੀ ਸਭਿਆਚਾਰਕ ਏਜੰਸੀ, ਯੁਨੇਸਕੋ ਨੇ ਅਸਮਾਰਾ ਨੂੰ ਵਿਸ਼ਵ ਵਿਰਾਸਤ ਦੀ ਸੂਚੀ ''ਚ ਵੀ ਨਾਮਜ਼ਦ ਕੀਤਾ ਹੈ।

ਯੁਨੈਸਕੋ ਅਨੁਸਾਰ, "ਇਹ 20ਵੀਂ ਸਦੀ ਦੇ ਸ਼ੁਰੂਆਤੀ ਆਧੁਨਿਕ ਸ਼ਹਿਰੀਵਾਦ ਦੀ ਇੱਕ ਬੇਮਿਸਾਲ ਉਦਾਹਰਣ ਹੈ ਅਤੇ ਇਸ ਨੂੰ ਇੱਕ ਅਫ਼ਰੀਕੀ ਪ੍ਰਸੰਗ ''ਚ ਪੇਸ਼ ਕੀਤਾ ਗਿਆ ਹੈ।"

ਇਸ ਲਈ ਏਰੀਟਰੀਆ ਦੀਆਂ ਸਿਆਸੀ ਅਤੇ ਆਰਥਿਕ ਮੁਸ਼ਕਲਾਂ ਦੇ ਬਾਵਜੂਦ, ਅਸਮਾਰਾ ਇੱਕ ਮਨਮੋਹਕ ਸ਼ਹਿਰ ਹੈ ਅਤੇ ਇੱਕ ਵਾਰ ਇਸ ਦੀ ਖੂਬਰਸੂਰਤੀ ਦਾ ਨਜ਼ਾਰਾ ਲੈਣਾ ਬਣਦਾ ਹੈ।

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=Te3IppZe1lY

https://www.youtube.com/watch?v=YF0inyU98e8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)