ਅਮਰੀਕਾ ਕਬੂਤਰਾਂ ਰਾਹੀਂ ਕਰਵਾਉਂਦਾ ਸੀ ਜਾਸੂਸੀ, ਜਾਣੋ ਕਿਵੇਂ

09/17/2019 8:01:30 AM

Getty Images
ਸੀਆਈਨੇ ਨੇ ਆਪਣੇ ਖੁਫ਼ੀਆ ਅਭਿਆਨਾਂ ਵਿੱਚ ਕਬੂਤਰਾਂ ਦਾ ਇਸਤੇਮਾਲ ਕੀਤਾ

ਅਮਰੀਕਾ ਦੀ ਖੁਫ਼ੀਆ ਏਜੰਸੀ ਸੈਂਟ੍ਰਲ ਇੰਟੈਲੀਜੈਂਸ ਏਜੰਸੀ ਜਿਸ ਨੂੰ ਸੀਆਈਏ ਕਿਹਾ ਜਾਂਦਾ ਹੈ, ਉਸ ਨੇ ਸ਼ੀਤ ਯੁੱਧ ਦੌਰਾਨ ਇਸਤੇਮਾਲ ਕੀਤੀਆਂ ਜਾਣ ਵਾਲੀ ਖੁਫ਼ੀਆ ਤਕਨੀਕਾਂ ਤੋਂ ਪਰਦਾ ਚੁੱਕਿਆ ਹੈ।

ਸੀਆਈਏ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਕਬੂਤਰਾਂ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਜਾਸੂਸੀ ਲਈ ਤਿਆਰ ਕੀਤਾ ਜਾਂਦਾ ਸੀ।

ਕਬੂਤਰਾਂ ਨੂੰ ਸਿਖਾਇਆ ਜਾਂਦਾ ਸੀ ਕਿ ਕਿਵੇਂ ਉਹ ਸੋਵੀਅਤ ਸੰਘ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪਹੁੰਚ ਕੇ ਉਥੋਂ ਦੀਆਂ ਗੁਪਤ ਢੰਗ ਨਾਲ ਤਸਵੀਰਾਂ ਖਿੱਚ ਸਕਣ।

ਇਸ ਦੇ ਨਾਲ ਹੀ ਸੀਆਈਏ ਨੇ ਇਹ ਵੀ ਦੱਸਿਆ ਕਿ ਕਬੂਤਰਾਂ ਨੂੰ ਖਿੜਕੀਆਂ ਦੇ ਕੋਲ ਉਪਕਰਨ ਰੱਖਣ ਦੀ ਟਰੇਨਿੰਗ ਵੀ ਦਿੱਤੀ ਜਾਂਦੀ ਸੀ। ਕਬੂਤਰਾਂ ਤੋਂ ਇਲਾਵਾ ਡੋਲਫਿੰਸ ਮੱਛੀਆਂ ਦਾ ਇਸਤੇਮਾਲ ਵੀ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ-

  • ਕਰੋੜਪਤੀ ਬਣੇ ਬਿਹਾਰ ਦੇ ਇਸ ਮੁੰਡੇ ਦੀ ਸੰਘਰਸ਼ ਦੀ ਕਹਾਣੀ
  • ਜਦੋਂ 20 ਸਾਲ ਬਾਅਦ ਚੇਨੱਈ ਦੀ ਬਜਾਇ ਅਮਰੀਕਾ ’ਚ ਮਿਲਿਆ ਵਿਛੜਿਆ ਬੇਟਾ
  • 18 ਕੈਰਟ ਦੇ ਮਜ਼ਬੂਤ ਸੋਨੇ ਨਾਲ ਬਣਿਆ ਟਾਇਲਟ ਹੋਇਆ ਚੋਰੀ

ਸੀਆਈਏ ਦਾ ਮੰਨਣਾ ਹੈ ਕਿ ਇਹ ਜਾਨਵਰ ਏਜੰਸੀ ਦੇ ਖੁਫ਼ੀਆ ਮਿਸ਼ਨ ਨੂੰ ਸਫ਼ਲ ਕਰਨ ਵਿੱਚ ਕਾਫੀ ਲਾਭਕਾਰੀ ਸਾਬਿਤ ਹੁੰਦੇ ਹਨ।

ਵਰਜੀਨੀਆ ਵਿੱਚ ਸੀਆਈਏ ਦਾ ਮੁੱਖ ਦਫ਼ਤਰ ਹੈ, ਉਸ ਅੰਦਰ ਇੱਕ ਮਿਊਜ਼ੀਅਮ ਵੀ ਹੈ, ਜਿਸ ਨੂੰ ਹੁਣ ਆਮ ਜਨਤਾ ਲਈ ਬੰਦ ਕਰ ਦਿੱਤਾ ਗਿਆ ਹੈ।

ਮੈਂ ਇੱਕ ਵਾਰ ਉਸ ਮਿਊਜ਼ੀਅਮ ਦੇ ਤਤਕਾਲੀ ਡਾਇਰੈਕਟਰ ਦਾ ਇੰਟਰਵਿਊ ਕੀਤਾ ਸੀ ਅਤੇ ਉੱਥੇ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਦੇਖੀਆਂ ਸਨ।

ਮੈਂ ਦੇਖਿਆ ਸੀ ਕਿ ਉੱਥੇ ਇੱਕ ਕਬੂਤਰ ਦਾ ਮਾਡਲ ਰੱਖਿਆ ਸੀ ਜਿਸ ''ਤੇ ਇੱਕ ਕੈਮਰਾ ਬੰਨਿਆ ਗਿਆ ਸੀ।

ਮੈਂ ਉਨ੍ਹਾਂ ਦਿਨੀਂ ਦੂਜੀ ਵਿਸ਼ਵ ਜੰਗ ਨਾਲ ਜੁੜੀ ਇੱਕ ਕਿਤਾਬ ਲਿੱਖ ਰਿਹਾ ਸੀ ਜਿਸ ਲਈ ਮੈਂ ਅੰਗਰੇਜ਼ਾਂ ਰਾਹੀਂ ਕਬੂਤਰਾਂ ਦੇ ਇਸਤੇਮਾਲ ਦੀ ਜਾਣਕਾਰੀ ਇਕੱਠੀ ਕਰ ਰਿਹਾ ਸੀ।

ਸੀਆਈਏ ਦੇ ਮਿਊਜ਼ਅਮ ਵਿੱਚ ਕਬੂਤਰ ਦੇ ਮਾਡਲ ''ਤੇ ਬੰਨੇ ਕੈਮਰੇ ਨੂੰ ਦੇਖ ਕੇ ਮੇਰੀ ਦਿਲਚਸਪੀ ਉਸ ਵਿੱਚ ਵਧ ਗਈ। ਇਸ ਵੇਲੇ ਉਨ੍ਹਾਂ ਨੇ ਮੈਨੂੰ ਇਸ ਸਬੰਧੀ ਵਧੇਰੇ ਜਾਣਕਾਰੀ ਨਹੀਂ ਦਿੱਤੀ ਸੀ।

1970 ''ਚ ਹੋਏ ਆਪਰੇਸ਼ਨ ਦਾ ਕੋਡ ਨਾਮ ''ਟਕਾਨਾ'' ਰੱਖਿਆ ਗਿਆ ਸੀ। ਉਸ ਮੁਹਿੰਮ ਵਿੱਚ ਕਬੂਤਰਾਂ ਦਾ ਇਸਤੇਮਾਲ ਤਸਵੀਰਾਂ ਖਿੱਚਣ ਲਈ ਕੀਤਾ ਗਿਆ ਸੀ।

Getty Images

ਕਬੂਤਰਾਂ ਦਾ ਖੁਫ਼ੀਆ ਮਿਸ਼ਨ

ਕਬੂਤਰਾਂ ਦੀ ਇੱਕ ਖ਼ਾਸੀਅਤ ਹੁੰਦੀ ਹੈ ਕਿ ਉਨ੍ਹਾਂ ਦੀ ਯਾਦਦਾਸ਼ਤ ਬਹੁਤ ਚੰਗੀ ਹੁੰਦੀ ਹੈ। ਇਸ ਦੇ ਨਾਲ ਹੀ ਕਬੂਤਰ ਬਹੁਤ ਹੀ ਆਗਿਆਕਾਰੀ ਜੀਵ ਵੀ ਹੈ।

ਉਨ੍ਹਾਂ ਨੂੰ ਕਿਸੇ ਵੀ ਇਲਾਕੇ ''ਤੋਂ ਉਡਾਇਆ ਜਾਵੇ ਤਾਂ ਉਹ ਮੀਲਾਂ ਦੀ ਦੂਰੀ ਤੈਅ ਕਰਕੇ ਮੁੜ ਘਰ ਪਰਤ ਆਉਣ ਦੀ ਕਲਾ ਜਾਣਦੇ ਹਨ। ਇਹ ਕਾਰਨ ਸੀ ਕਿ ਸੀਆਈਏ ਕਬੂਤਰਾਂ ਨੂੰ ਗੁਪਤ ਮਿਸ਼ਨ ''ਚ ਇਸਤੇਮਾਲ ਕਰਦਾ ਸੀ।

ਹਾਲਾਂਕਿ ਕਬੂਤਰਾਂ ਨੂੰ ਪੋਸਟਮੈਨ ਵਜੋਂ ਇਸਤੇਮਾਲ ਕਰਨ ਦੀ ਗੱਲ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਸੁਣਨ ਨੂੰ ਮਿਲਦੀ ਰਹੀ ਹੈ ਪਰ ਉਨ੍ਹਾਂ ਨੂੰ ਜਾਸੂਸੀ ਵਰਗੇ ਕੰਮਾਂ ਵਿੱਚ ਇਸਤੇਮਾਲ ਕਰਨ ਦਾ ਪਹਿਲਾ ਪ੍ਰਯੋਗ ਪਹਿਲੇ ਵਿਸ਼ਵ ਯੁੱਧ ਵਿੱਚ ਦੇਖਣ ਨੂੰ ਮਿਲਿਆ।

ਦੂਜੇ ਵਿਸ਼ਵ ਯੁੱਧ ਵਿੱਚ ਬਰਤਾਨੀਆਂ ਖੁਫ਼ੀਆ ਵਿਭਾਗ ਇੱਕ ਘੱਟ ਪ੍ਰਸਿੱਧ ਬਰਾਂਚ ਐੱਮਆਈ 14 (ਡੀ) ਨੇ ਖੁਫ਼ੀਆ ਕਬੂਤਰ ਸਰਵਿਸ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ-

  • ਪੰਜਾਬ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰਨ ਵਾਲੀ ਟੀਚਰ
  • ''ਮੇਰਾ ਰੇਪ ਹੋਇਆ, ਹੁਣ ਮੈਨੂੰ ਧੀਆਂ ਬਾਰੇ ਵੀ ਡਰ ਲੱਗਦਾ ਹੈ''
  • ਮੋਹਾਲੀ ''ਚ ਕਸ਼ਮੀਰੀਆਂ ਦੇ ਹੱਕ ''ਚ ਮੁਜ਼ਾਹਰੇ ''ਤੇ ਰੋਕ, ਪ੍ਰਸ਼ਾਸਨ ਨੇ ਦੱਸੇ ਇਹ ਕਾਰਨ
Getty Images

ਇਸ ਸਰਵਿਸ ਦੌਰਾਨ ਕਬੂਤਰਾਂ ਨੂੰ ਕਿਸੇ ਡੱਬੇ ਵਿੱਚ ਰੱਖ ਕੇ ਪੈਰਾਸ਼ੂਟ ਨਾਲ ਬੰਨ੍ਹ ਕੇ ਯੂਰਪ ਦੇ ਅਸਮਾਨ ਵਿੱਚ ਛੱਡ ਦਿੱਤਾ ਜਾਂਦਾ ਸੀ। ਇਨ੍ਹਾਂ ਕਬੂਤਰਾਂ ਨਾਲ ਕੁਝ ਸਵਾਲ ਵੀ ਰੱਖੇ ਹੁੰਦੇ ਸਨ।

ਉਸ ਵੇਲੇ ਦੀਆਂ ਜਾਣਕਾਰੀਆਂ ਮੁਤਾਬਕ ਤਕਰੀਬਨ ਇੱਕ ਹਜ਼ਾਰ ਤੋਂ ਵੱਧ ਕਬੂਤਰ ਖੁਫ਼ੀਆ ਜਾਣਕਾਰੀ ਇਕੱਠੀ ਕਰ ਕੇ ਵਾਪਸ ਆਏ ਸਨ।

ਇਸ ਵਿੱਚ ਰਾਕਟ ਨੂੰ ਲਾਂਚ ਕਰਨ ਵਾਲੀ ਥਾਂ ਅਤੇ ਜਰਮਨ ਰਡਾਰ ਸਟੇਸ਼ਨ ਦੀ ਜਾਣਕਾਰੀ ਤੱਕ ਸ਼ਾਮਿਲ ਸੀ।

ਜੰਗ ਮਗਰੋਂ ਬਰਤਾਨੀਆ ਦੇ ਖ਼ੁਫ਼ੀਆ ਵਿਭਾਗਾਂ ਦੀ ਸੰਯੁਕਤ ਕਮੇਟੀ ਵਿੱਚ ''ਕਬੂਤਰਾਂ ਦੀ ਸਬ ਕਮੇਟੀ 1 ਬਣਾਈ ਗਈ ਸੀ, ਇਸ ਕਮੇਟੀ ਵਿੱਚ ਸ਼ੀਤ ਯੁੱਧ ਦੌਰਾਨ ਕਬੂਤਰਾਂ ਦਾ ਬਿਹਤਰ ਢੰਗ ਨਾਲ ਇਸਤੇਮਾਲ ਕਰਨ ''ਤੇ ਵਿਚਾਰ ਕੀਤਾ ਗਿਆ ਸੀ।

ਸੀਆਈਏ ਨੇ ਕੀਤਾ ਵਧੇਰੇ ਪ੍ਰਯੋਗ

ਹਾਲਾਂਕਿ ਬਾਅਦ ਵਿੱਚ ਅੰਗਰੇਜ਼ਾਂ ਦੀਆਂ ਜ਼ਿਆਦਾਤਰ ਮੁਹਿੰਮਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਸੀਆਈਏ ਨੇ ਕਬੂਤਰਾਂ ਦੀ ਤਾਕਤ ਨੂੰ ਪਛਾਣਦਿਆਂ ਹੋਇਆ ਉਸ ਦਾ ਬਿਹਤਰ ਇਸਤੇਮਾਲ ਕਰਨ ''ਤੇ ਵਿਚਾਰ ਕੀਤਾ।

ਆਪਰੇਸ਼ਨ ਟਕਾਨਾ ਦੌਰਾਨ ਕਈ ਦੂਜੇ ਜਾਨਵਰਾਂ ਦੇ ਇਸਤੇਮਾਲ ਬਾਰੇ ਵੀ ਪਤਾ ਲੱਗਦਾ ਹੈ। ਫਾਇਲਾਂ ਵਿੱਚ ਦੱਸਿਆ ਗਿਆ ਹੈ ਕਿ ਸੀਆਈਏ ਨੇ ਇੱਕ ਕਾਂ ਨੂੰ ਇਸ ਤਰ੍ਹਾਂ ਟਰੇਨਿੰਗ ਦਿੱਤੀ ਸੀ ਕਿ ਉਹ 40 ਗ੍ਰਾਮ ਭਾਰ ਵਾਲੀ ਵਸਤੂ ਨੂੰ ਕਿਸੇ ਇਮਾਰਤ ਦੀ ਖਿੜਕੀ ''ਤੇ ਰੱਖ ਸਕਦਾ ਸੀ।

Getty Images

ਇੱਕ ਲਾਲ ਲੇਜ਼ਰ ਲਾਈਟ ਰਾਹੀਂ ਟਾਰਗੇਟ ਨੂੰ ਮਾਰਕ ਕੀਤਾ ਜਾਂਦਾ ਸੀ ਅਤੇ ਇੱਕ ਖ਼ਾਸ ਲੈਂਪ ਰਾਹੀਂ ਚਿੜੀ ਵਾਪਸ ਆਉਂਦੀ ਸੀ।

ਇੱਕ ਵਾਰ ਯੂਰਪ ਵਿੱਚ ਸੀਆਈਏ ਨੇ ਚਿੜੀ ਰਾਹੀਂ ਇੱਕ ਇਮਾਰਤ ਦੀ ਖਿੜਕੀ ''ਤੇ ਜਾਸੂਸੀ ਉਪਕਰਨ ਰਖਵਾਇਆ ਸੀ।

ਇਸ ਦੇ ਨਾਲ ਹੀ ਸੀਆਈਏ ਇਹ ਵੀ ਦੇਖਦਾ ਰਹਿੰਦਾ ਸੀ ਕਿ ਕੀ ਭੇਜੇ ਗਏ ਪੰਛੀਆਂ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸੋਵੀਅਤ ਸੰਘ ਕੈਮੀਕਲ ਹਥਿਆਰਾਂ ਦਾ ਇਸਤੇਮਾਲ ਕਰ ਰਿਹਾ ਹੈ ਜਾਂ ਨਹੀਂ।

ਇਸੇ ਤਰ੍ਹਾਂ ਦੀ ਟਰੇਨਿੰਗ ਕੁੱਤਿਆਂ ਨੂੰ ਵੀ ਦਿੱਤੀ ਜਾਂਦੀ ਸੀ ਹਾਲਾਂਕਿ ਇਸ ਸਬੰਧੀ ਵਧੇਰੇ ਜਾਣਕਾਰੀ ਉਪਲਬਧ ਨਹੀਂ ਹੈ।

ਇੱਕ ਪੁਰਾਣੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ''ਅਕਾਊਸਟਿਕ ਕਿੱਟੀ'' ਨਾਮ ਦੇ ਆਪਰੇਸ਼ਨ ਵਿੱਚ ਇੱਕ ਬਿੱਲੀ ''ਚ ਅਜਿਹਾ ਉਪਕਰਨ ਲਗਾਇਆ ਗਿਆ ਸੀ ਜੋ ਆਵਾਜ਼ਾਂ ਸੁਣ ਅਤੇ ਰਿਕਾਰਡ ਕਰ ਸਕਦਾ ਸੀ।

Getty Images
ਮੌਜੂਦਾ ਦੌਰ ਵਿੱਚ ਵੀ ਅਮੀਰੀਕੀ ਨੇਵੀ ਆਪਣੇ ਅਭਿਆਨਾਂ ਲਈ ਡਾਲਫਿਨ ਦੀ ਵਰਤੋਂ ਕਰਦੀ ਹੈ

ਉੱਥੇ ਹੀ 1960 ਦੀਆਂ ਫਾਇਲਾਂ ਦੱਸਦੀਆਂ ਹਨ ਕਿ ਸੀਆਈਏ ਨੇ ਦੂਜੇ ਦੇਸ਼ਾਂ ਦੀਆਂ ਬੰਦਰਗਾਹਾਂ ''ਤੇ ਜਾਸੂਸੀ ਲਈ ਡਾਲਫਿਨ ਦਾ ਇਸਤੇਮਾਲ ਵੀ ਕੀਤਾ ਹੈ।

ਪੱਛਮੀ ਫਲੋਰੀਡਾ ''ਚ ਦੁਸ਼ਮਣ ਦੇ ਜਹਾਜ਼ ''ਤੇ ਹਮਲੇ ਲਈ ਡਾਲਫਿਨ ਨੂੰ ਤਿਆਰ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਡਾਲਫਿਨ ਨੂੰ ਇਹ ਵੀ ਸਿਖਾਇਆ ਗਿਆ ਕਿ ਉਹ ਸਮੁੰਦਰ ''ਚ ਨਿਊਕਲੀਅਰ ਪਣਡੁੱਬੀ ਦਾ ਪਤਾ ਲਗਾ ਸਕੇ ਜਾਂ ਫਿਰ ਰੇਡੀਓਐਕਿਵ ਹਥਿਆਰਾਂ ਦੀ ਪਛਾਣ ਕਰ ਸਕੇ।

ਸਾਲ 1967 ਤੋਂ ਸੀਆਈਏ ਆਪਣੇ ਤਿੰਨ ਪ੍ਰੋਗਰਾਮਾਂ ''ਤੇ 6 ਲੱਖ ਡਾਲਰ ਤੋਂ ਵੱਧ ਪੈਸਾ ਖਰਚ ਕਰ ਰਹੀ ਹੈ। ਇਸ ਵਿੱਚ ਡਾਲਫਿੰਜ਼, ਪੰਛੀ, ਕੁੱਤੇ ਅਤੇ ਬਿੱਲੀਆਂ ਦਾ ਪ੍ਰਯੋਗ ਕਰਨਾ ਸ਼ਾਮਿਲ ਹੈ।

ਇੱਕ ਫਾਈਲ ਵਿੱਚ ਦੱਸੀ ਗਈ ਜਾਣਕਾਰੀ ਮੁਤਾਬਕ ਕੈਨੇਡਾ ਦੇ ਬਾਜਾਂ ਦਾ ਇਸਤੇਮਾਲ ਵੀ ਖ਼ੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਕੀਤਾ ਜਾਂਦਾ ਸੀ। ਇਸ ਤੋਂ ਪਹਿਲਾਂ ਕੋਕਾਟੂ (ਤੋਤੇ ਦੀ ਪ੍ਰਜਾਤੀ) ਦਾ ਇਸਤੇਮਾਲ ਹੁੰਦਾ ਸੀ।

Getty Images

ਲੇਖਕ ਇਸ ਬਾਰੇ ਦੱਸਦੇ ਹਨ, "ਹਨੇਰੇ ਵਿੱਚ ਹੋਣ ਵਾਲੇ ਅਭਿਆਨਾਂ ਵਿੱਚ ਇਹ ਜੀਵ ਕਾਰਗਰ ਸਾਬਿਤ ਹੁੰਦੇ ਸਨ।"

ਕਬੂਤਰ ਸਭ ਤੋਂ ਪ੍ਰਭਾਸ਼ਾਲੀ

ਸੀਆਈਏ ਨੇ ਆਪਣੇ ਅਭਿਆਨਾਂ ਲਈ ਬਹੁਤ ਸਾਰੇ ਜਾਨਵਰਾਂ ਦਾ ਇਸਤੇਮਾਲ ਕੀਤਾ, ਉਸ ਨੇ ਦੇਖਿਆ ਕਿ ਇਨ੍ਹਾਂ ਸਭਨਾਂ ''ਚੋਂ ਕਬੂਤਰ ਵਧੇਰੇ ਪ੍ਰਭਾਵਸ਼ਾਲੀ ਜੀਵ ਹੈ।

ਇਸੇ ਕਾਰਨ 1970 ਦੇ ਮੱਧ ਵਿੱਚ ਸੀਆਈਏ ਨੇ ਕਬੂਤਰਾਂ ਨਾਲ ਜੁੜੀ ਇੱਕ ਸੀਰੀਜ਼ ਸ਼ੁਰੂ ਕਰ ਦਿੱਤੀ। ਕਬੂਤਰਾਂ ਨੂੰ ਦੂਜੇ ਅਭਿਆਨਾਂ ਵਿੱਚ ਵੀ ਇਸਤੇਮਾਲ ਕੀਤਾ ਜਾਣਾ ਸ਼ੁਰੂ ਕਰ ਦਿੱਤਾ। ਜਿਵੇਂ, ਇੱਕ ਕਬੂਤਰ ਨੂੰ ਜੇਲ੍ਹ ਦੇ ਉੱਪਰ ਤਾਇਨਾਤ ਕਰ ਦਿੱਤਾ ਤਾਂ ਦੂਜੇ ਨੂੰ ਵਾਸ਼ਿੰਗਟਨ ਡੀਸੀ ਵਿੱਚ ਨੇਵੀ ਦੇ ਵਾੜੇ ਵਿੱਚ।

ਇਨ੍ਹਾਂ ਅਭਿਆਨਾਂ ਵਿੱਚ ਇਸਤੇਮਾਲ ਹੋਣ ਵਾਲੇ ਕੈਮਰਿਆਂ ਦੀ ਕੀਮਤ ਦੋ ਹਜ਼ਾਰ ਡਾਲਰ ਤੱਕ ਸੀ ਜਿਸ ਦਾ ਭਾਰ ਸਿਰਫ਼ 35 ਗ੍ਰਾਮ ਹੁੰਦਾ ਸੀ, ਉੱਥੇ ਕਬੂਤਰ ਨਾਲ ਬੰਨ੍ਹਣ ਲਈ ਜਿਸ ਚੀਜ਼ ਦੀ ਵਰਤੋਂ ਹੁੰਦੀ ਉਸ ਦਾ ਭਾਰ 5 ਗ੍ਰਾਮ ਤੋਂ ਵੀ ਘੱਟ ਹੁੰਦਾ ਹੈ।

ਟੈਸਟ ਵਿੱਚ ਪਤਾ ਲੱਗਦਾ ਹੈ ਕਿ ਕਬੂਤਰਾਂ ਨੇ ਨੇਵੀ ਦੇ ਵਾੜੇ ''ਚੋਂ 140 ਤਸਵੀਰਾਂ ਹਾਸਿਲ ਕੀਤੀਆਂ, ਜਿਸ ਵਿੱਚ ਅੱਧੀਆਂ ਤਸਵੀਰਾਂ ਚੰਗੀ ਕੁਆਲਿਟੀ ਦੀਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਗੱਡੀਆਂ, ਇਨਸਾਨ ਬਹੁਤ ਸਾਫ਼ ਦੇਖੇ ਜਾ ਸਕਦੇ ਸਨ।

ਮਾਹਿਰਾਂ ਨੇ ਇਹ ਵੀ ਦੇਖਿਆ ਕਿ ਉਸੇ ਦੌਰਾਨ ਜੋ ਤਸਵੀਰਾਂ ਖ਼ੁਫੀਆ ਸੈਟੇਲਾਈਟ ਨੇ ਮੁਹੱਈਆ ਕਰਵਾਈਆਂ ਸਨ ਉਨ੍ਹਾਂ ਦੀ ਕੁਆਲਿਟੀ ਇਨ੍ਹਾਂ ਦੇ ਸਾਹਮਣੇ ਬਹੁਤੀ ਖ਼ਾਸ ਨਹੀਂ ਸੀ।

Getty Images

ਹਾਲਾਂਕਿ ਕਬੂਤਰਾਂ ਦੇ ਇਸਤੇਮਾਲ ਵਿੱਚ ਇੱਕ ਡਰ ਇਹ ਸੀ ਕਿ ਜੇਕਰ ਕਿਸੇ ਸ਼ਖ਼ਸ ਨੂੰ ਉਸ ''ਤੇ ਸ਼ੱਕ ਹੋ ਜਾਵੇ ਅਤੇ ਉਹ ਉਸ ਨੂੰ ਮਾਰ ਦੇਵੇ ਤਾਂ ਪੂਰੇ ਅਭਿਆਨ ਵਿੱਚ ਗੜਬੜੀ ਆ ਸਕਦੀ ਸੀ।

ਕਬੂਤਰਾਂ ਨੂੰ ਸੋਵੀਅਤ ਸੰਘ ''ਚ ਛੱਡਣ ਲਈ ਬਹੁਤ ਗੁਪਤ ਤਰੀਕੇ ਅਪਣਾਏ ਜਾਂਦੇ ਸਨ। ਉਨ੍ਹਾਂ ਨੂੰ ਜਹਾਜ਼ ਰਾਹੀਂ ਲੁਕਾ ਕੇ ਮੌਸਕੋ ਲੈ ਕੇ ਜਾਂਦੇ ਸੀ।

ਉਸ ਤੋਂ ਬਾਅਦ ਉਨ੍ਹਾਂ ਕਬੂਤਰਾਂ ਨੂੰ ਕਿਸੇ ਕੋਟ ਦੇ ਹੇਠਾਂ ਦਬਾ ਕੇ ਜਾਂ ਕਿਸੇ ਕਾਰ ਦੀ ਛੱਤ ''ਚ ਛੇਦ ਕਰਕੇ ਬਾਹਰ ਛੱਡਿਆ ਜਾਂਦਾ ਸੀ।

ਇਸ ਤੋਂ ਇਲਾਵਾ ਚਲਦੀ ਗੱਡੀ ਦੀ ਖਿੜਕੀ ''ਚੋਂ ਵੀ ਕਬੂਤਰਾਂ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਕਬੂਤਰ ਇਸ ਤੋਂ ਬਾਅਦ ਆਪਣੇ ਟਾਰਗੇਟ ਦੇ ਨੇੜੇ ਜਾਂਦੇ ਅਤੇ ਉੱਥੇ ਕੰਮ ਪੂਰਾ ਹੋਣ ਤੋਂ ਬਾਅਦ ਟਰੇਨਿੰਗ ਮੁਤਾਬਕ ਆਪਣੇ ਘਰ ਵੱਲ ਮੁੜ ਜਾਂਦੇ।

ਸਤੰਬਰ 1976 ਵਿੱਚ ਮੈਮੋ ਮੁਤਾਬਕ ਲੈਨਿਨਗਰਾਦ ਵਿੱਚ ਇੱਕ ਸਮੁੰਦਰੀ ਜਹਾਜ਼ ਦੇ ਬੇੜੇ ਨੂੰ ਟਾਰਗੇਟ ਬਣਾਇਆ ਗਿਆ ਸੀ। ਇੱਥੇ ਸਭ ਤੋਂ ਆਧੁਨਿਕ ਸੋਵੀਅਤ ਪਣਡੁੱਬਈਆਂ ਤਿਆਰ ਹੁੰਦੀਆਂ ਸਨ।

ਇਨ੍ਹਾਂ ਜਾਸੂਸ ਕਬੂਤਰਾਂ ਨੇ ਸੀਆਈਏ ਨੂੰ ਕਿੰਨੀਆਂ ਜਾਣਕਾਰੀਆਂ ਦਿੱਤੀਆਂ ਅਤੇ ਇਸ ਨਾਲ ਸੀਆਈਏ ਨੂੰ ਕੀ-ਕੀ ਲਾਭ ਹੋਇਆ, ਇਹ ਅਜੇ ਵੀ ਰਹੱਸ ਹੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ-

  • ''ਉਹ ਇੱਧਰ ਦੇ ਹਨ ਜਾਂ ਉੱਧਰ ਦੇ,ਪੰਛੀ ਤਾਂ ਪੰਛੀ ਹਨ''
  • ਤਸਵੀਰਾਂ: ਪਰਵਾਸੀ ਪੰਛੀਆਂ ਦੀ ਠਾਹਰ
  • ਕੀ ਹੋਵੇਗਾ ਜੰਗਲੀ ਜਾਨਵਰਾਂ ਦੇ ਇਸ ਅਨਾਥ ਆਸ਼ਰਮ ਦਾ?

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=vXYRHgnhNGo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)