ਜਦੋਂ 20 ਸਾਲ ਬਾਅਦ ਚੇਨੱਈ ਦੀ ਬਜਾਇ ਅਮਰੀਕਾ ’ਚ ਮਿਲਿਆ ਵਿਛੜਿਆ ਬੇਟਾ

09/15/2019 7:31:29 AM

"ਜਦੋਂ ਮੇਰੀ ਪਤਨੀ ਘਰ ਦੇ ਕੋਲ ਸਰਕਾਰੀ ਪਾਣੀ ਲੈਣ ਗਈ ਸੀ, ਸਾਡਾ ਬੇਟਾ ਉੱਥੇ ਖੇਡ ਰਿਹਾ ਸੀ ਅਤੇ ਉਸ ਨੂੰ ਇੱਕ ਹੀ ਮਿੰਟ ਵਿੱਚ ਅਗਵਾ ਕਰ ਲਿਆ।"

ਅਵਿਨਾਸ਼ ਦੇ ਪਿਤਾ ਨਾਗੇਸ਼ਵਰ ਰਾਏ ਉਸ ਪਲ ਨੂੰ ਯਾਦ ਕਰਦਿਆਂ ਹੋਇਆ ਦੱਸਦੇ ਹਨ ਕਿ 18 ਫਰਵਰੀ 1999 ਨੂੰ ਉਨ੍ਹਾਂ ਦਾ ਡੇਢ ਸਾਲ ਦਾ ਬੇਟੇ ਅਗਵਾ ਹੋ ਗਿਆ ਸੀ।

"ਲੋਕਾਂ ਨੇ ਉਸ ਨੂੰ ਬਹੁਤ ਲੱਭਿਆ, ਆਪਣੇ ਬੇਟੇ ਨੂੰ ਅਸੀਂ ਲੱਭ ਨਹੀਂ ਸਕੇ।"

ਤਮਿਲਨਾਡੂ ਵਿੱਚ ਚੇਨੱਈ ਦੇ ਪੁਲਿਆਂਥੋਪ ਇਲਾਕੇ ਵਿੱਚ ਨਾਗੇਸ਼ਵਰ ਰਾਓ ਅਤੇ ਸਿਵਾਗਾਮੀ ਰਹਿੰਦੇ ਹਨ। ਸੁਭਾਸ਼ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਸੀ।

ਨਾਗੇਸ਼ਵਰ ਰਾਓ ਕਹਿੰਦੇ ਹਨ, "ਅਸੀਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਬੇਟੇ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਬੇਟੇ ਨੂੰ ਵਾਪਸ ਹਾਸਿਲ ਕਰਨ ਲਈ ਅਸੀਂ ਕਾਨੂੰਨੀ ਬਦਲ ਵੀ ਦੇਖੇ ਅਤੇ ਮੰਦਿਰਾਂ ਦੇ ਚੱਕਰ ਵੀ ਲਗਾਏ।"

ਪਰ ਪੁਲਿਸ ਦੀ ਜਾਂਚ ਬਹੁਤ ਹੌਲੀ-ਹੌਲੀ ਅੱਗੇ ਵੱਧ ਰਹੀ ਸੀ ਇਸ ਲਈ ਨਾਗੇਸ਼ਵਰ ਰਾਓ ਦੇ ਵਕੀਲ ਨੇ ਸਾਲ 2006 ਵਿੱਚ ਹਾਈ ਕੋਰਟ ਵਿੱਚ ਹੈਬੀਅਸ ਕਾਰਪਸ ਦੀ ਪਟੀਸ਼ਨ ਦਾਇਰ ਕੀਤੀ।

ਇਸ ਵਿਚਾਲੇ ਸੀਬੀਆਈ ਵੀ ਗਾਇਬ ਬੱਚਿਆਂ ''ਤੇ ਆਪਣੀ ਜਾਂਚ ਕਰ ਰਹੀ ਸੀ ਅਤੇ ਉਸ ਦੀ ਨਜ਼ਰ ਮਲੇਸ਼ੀਅਨ ਸੋਸ਼ਲ ਮੀਡੀਆ ਨਾਮ ਦੇ ਇੱਕ ਫਰਮ ''ਤੇ ਸੀ।

ਉਸ ਨੇ ਕੁਝ ਬੱਚਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਿਨ੍ਹਾਂ ਨੂੰ ਅਗਵਾ ਕਰ ਕੇ ਗੋਦ ਲੈਣ ਲਈ ਭੇਜ ਦਿੱਤਾ ਗਿਆ ਸੀ।

ਸਾਲ 2009 ਵਿੱਚ ਸੁਭਾਸ਼ ਦੇ ਮਾਮਲੇ ਵਿੱਚ ਸੀਬੀਆਈ ਵੀ ਸਰਗਰਮ ਹੋ ਗਈ।

ਇਹ ਵੀ ਪੜ੍ਹੋ-

  • ਪੰਜਾਬ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰਨ ਵਾਲੀ ਟੀਚਰ
  • ''ਮੇਰਾ ਰੇਪ ਹੋਇਆ, ਹੁਣ ਮੈਨੂੰ ਧੀਆਂ ਬਾਰੇ ਵੀ ਡਰ ਲੱਗਦਾ ਹੈ''
  • ਮੋਹਾਲੀ ''ਚ ਕਸ਼ਮੀਰੀਆਂ ਦੇ ਹੱਕ ''ਚ ਮੁਜ਼ਾਹਰੇ ''ਤੇ ਰੋਕ, ਪ੍ਰਸ਼ਾਸਨ ਨੇ ਦੱਸੇ ਇਹ ਕਾਰਨ

ਨਾਗੇਸ਼ਵਰ ਰਾਓ ਦੇ ਵਕੀਲ ਮੋਹਨਵੇਦੀਵੇਲਨ ਕਹਿੰਦੇ ਹਨ, "ਜਦੋਂ ਅਸੀਂ ਸੁਭਾਸ਼ ਨੂੰ ਲੱਭ ਰਹੇ ਸੀ, ਇਸੇ ਦੌਰਾਨ ਅਮਰੀਕਾ ਵਿੱਚ ਰਹਿ ਰਹੇ ਇੱਕ ਬੱਚੇ ਅਵਿਨਾਸ਼ ਬਾਰੇ ਸਾਨੂੰ ਪਤਾ ਲੱਗਾ।"

"ਇੱਕ ਪੱਤਰਕਾਰ ਸਕੌਟ ਕਾਰਨੇ ਰਾਹੀਂ ਅਸੀਂ ਅਮਰੀਕੀ ਮੀਡੀਆ ਵਿੱਚ ਇੱਕ ਕਹਾਣੀ ਪ੍ਰਕਾਸ਼ਿਤ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਅਸੀਂ ਉਨ੍ਹਾਂ ਨੂੰ ਕਿਹਾ ਕਿ ਉਹ ਅਵਿਨਾਸ਼ ਦੇ ਘਰਦਿਆਂ ਨਾਲ ਗੱਲ ਕਰਨ।"

ਅਸਲ ਵਿੱਚ ਚੇਨੱਈ ਤੋਂ ਅਗਵਾ ਬੱਚਾ ਸੁਭਾਸ਼ ਮਲੇਸ਼ੀਅਨ ਸੋਸ਼ਲ ਸਰਵਿਸ ਫਰਮ ਨੂੰ ਦੇ ਦਿੱਤਾ ਗਿਆ ਸੀ। ਬਾਅਦ ਵਿੱਚ ਇੱਕ ਅਮਰੀਕੀ ਜੋੜੇ ਨੇ ਉਸ ਨੂੰ ਗੋਦ ਲੈ ਲਿਆ ਅਤੇ ਉਸ ਬੱਚੇ ਨੂੰ ਨਵਾਂ ਨਾਮ ਦਿੱਤਾ, ਅਵਿਨਾਸ਼।

ਵਕੀਲ ਮੁਤਾਬਕ, "ਜਦੋਂ ਅਸੀਂ ਡੀਐਨਏ ਟੈਸਟ ਬਾਰੇ ਅਮਰੀਕੀ ਜੋੜੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੱਲੋਂ ਕੋਈ ਠੀਕ-ਠੀਕ ਜਵਾਬ ਨਹੀਂ ਆਇਆ।"

ਇਸ ਤੋਂ ਬਾਅਦ ਇੰਟਰਪੋਲ ਰਾਹੀਂ ਬੱਚੇ ਦੇ ਖ਼ੂਨ ਦਾ ਨਮੂਨਾ ਉਨ੍ਹਾਂ ਨੇ ਹਾਸਿਲ ਕੀਤਾ ਅਤੇ ਚੇਨੱਈ ਵਿੱਚ ਉਸ ਦਾ ਟੈਸਟ ਹੋਇਆ। ਜਾਂਚ ਵਿੱਚ ਇਸ ਬੱਚੇ ਅਤੇ ਪਰਿਵਾਰ ਵਿਚਾਲੇ ਕਰੀਬੀ ਰਿਸ਼ਤੇ ਦੀ ਪੁਸ਼ਟੀ ਹੋਈ।

ਨਾਗੇਸ਼ਵਰ ਰਾਓ ਕਹਿੰਦੇ ਹਨ, "ਇਹ ਸਾਬਿਤ ਹੋਣ ਦੇ ਬਾਵਜੂਦ ਕਿ ਉਹ ਸਾਡਾ ਬੱਚਾ ਹੈ, ਸਾਡੇ ਅੰਦਰ ਇੰਨੀ ਹਿੰਮਤ ਨਹੀਂ ਹੋਈ ਕਿ ਅਸੀਂ ਗੋਦ ਲੈਣ ਵਾਲੇ ਪਰਿਵਾਰ ਨਾਲ ਲੜਾਈ ਕਰ ਸਕੀਏ।"

"ਉਨ੍ਹਾਂ ਨੇ ਉਸ ਨੂੰ ਬਹੁਤ ਪਿਆਰ ਨਾਲ ਪਾਲਿਆ ਸੀ। ਇਸ ਲਈ ਅਸੀਂ ਇੰਤਜ਼ਾਰ ਕੀਤਾ ਉਹ ਖ਼ੁਦ ਹੀ ਬੱਚੇ ਨੂੰ ਇਸ ਬਾਰੇ ਦੱਸਣ ਅਤੇ ਉਦੋਂ ਉਹ ਸਾਡੇ ਨਾਲ ਮਿਲਣ ਬਾਰੇ ਫ਼ੈਸਲਾ ਲੈ ਸਕੇ।"

ਅਵਿਨਾਸ਼ ਦੀ ਅਮਰੀਕੀ ਜ਼ਿੰਦਗੀ

ਅਵਿਨਾਸ਼ ਅਮਰੀਕਾ ਵਿੱਚ ਆਪਣੇ ਪਰਿਵਾਰ ਅਤੇ ਤਿੰਨ ਭੈਣ-ਭਰਾਵਾਂ ਨਾਲ ਰਹਿ ਰਹੇ ਸਨ। 13 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਭਾਰਤ ਰਹਿ ਰਹੇ ਆਪਣੇ ਅਸਲੀ ਮਾਂ-ਪਿਉ ਬਾਰੇ ਪਤਾ ਲੱਗਾ।

ਅਵਿਨਾਸ਼ ਦੱਸਦੇ ਹਨ, "ਇਸ ਤਰ੍ਹਾਂ ਦੀ ਸੂਚਨਾ ਲਈ ਇਹ ਬਹੁਤ ਨਾਜ਼ੁਕ ਉਮਰ ਸੀ। ਮੈਂ ਕੁਝ ਨਹੀਂ ਕੀਤਾ। ਜੋ ਵੀ ਸੂਚਨਾਵਾਂ ਮੇਰੇ ਤੱਕ ਆਉਂਦੀਆਂ ਸਨ, ਉਨ੍ਹਾਂ ਨੂੰ ਬਸ ਦੇਖ ਰਿਹਾ ਸੀ।"

4-5 ਸਾਲ ਪਹਿਲਾਂ ਅਵਿਨਾਸ਼ ਨੇ ਭਾਰਤ ਵਿੱਚ ਰਹਿ ਰਹੇ ਆਪਣੇ ਬਾਇਓਲਾਜੀਕਲ ਮਾਪਿਆਂ ਨਲਾ ਮਿਲਣ ਦਾ ਫ਼ੈਸਲਾ ਲਿਆ।

ਉਹ ਕਹਿੰਦੇ ਹਨ, "ਜਦੋਂ ਮੈਂ ਅਮਰੀਕਾ ਵਿੱਚ ਆਪਣੇ ਘਰ ਵਾਲਿਆਂ ਨੂੰ ਦੱਸਿਆ ਤਾਂ ਗੋਦ ਲੈਣ ਵਾਲੇ ਮੇਰੇ ਮਾਤਾ-ਪਿਤਾ ਅਤੇ ਭੈਣ-ਭਰਾਵਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ।"

8 ਸਤੰਬਰ 2019 ਨੂੰ ਨਾਗੇਸ਼ਵਰ ਰਾਓ ਦਾ ਪਰਿਵਾਰ 20 ਸਾਲ ਬਾਅਦ ਆਪਣੇ ਬੇਟੇ ਨਾਲ ਮਿਲਿਆ।

ਰਾਓ ਦੱਸਦੇ ਹਨ, "ਚੇਨੱਈ ਵਿੱਚ ਜੋ ਵੀ ਥਾਂ ਉਹ ਦੇਖਣਾ ਚਾਹੁੰਦਾ ਸੀ, ਅਸੀਂ ਉਸ ਨੂੰ ਉੱਥੇ ਲੈ ਕੇ ਗਏ। ਅਸੀਂ ਆਪਣੇ ਲਈ ਕੁਝ ਹੋਰ ਨਹੀਂ ਸੋਚਿਆ। ਉਸ ਨੇ ਜੋ ਵੀ ਖਾਣ ਦੀ ਇੱਛਾ ਜਤਾਈ ਅਸੀਂ ਉਸ ਨੂੰ ਮੁਹੱਈਆ ਕਰਵਾਇਆ ਅਤੇ ਜਿੱਥੇ ਜਾਣਾ ਚਾਹੁੰਦਾ ਸੀ ਉੱਥੇ ਲੈ ਕੇ ਗਏ।"

ਦੂਜੇ ਪਾਸੇ ਅਵਿਨਾਸ਼ ਦਾ ਕਹਿਣਾ ਹੈ ਕਿ ਇਸ ਮੁਲਾਕਾਤ ਨਾਲ ਉਨ੍ਹਾਂ ਨੂੰ ਸ਼ਾਂਤੀ ਮਿਲੀ ਹੈ।

ਉਹ ਕਹਿੰਦੇ ਹਨ, "ਆਪਣੇ ਮਾਂ-ਪਿਉ ਨਾਲ ਮਿਲਣਾ, ਉਨ੍ਹਾਂ ਦੇ ਸ਼ਹਿਰ ਜਾਣਾ, ਜਿਵੇਂ ਉਹ ਵੱਡੇ ਹੋਏ, ਮੇਰਾ ਸੱਭਿਆਚਾਰ ਅਤੇ ਬਾਕੀ ਚੀਜ਼ਾਂ ਬਹੁਤ ਹੀ ਚੰਗੇ ਤਜੁਰਬੇ ਰਹੇ। ਇਹ ਜਾਣਕਾਰੀ ਕਿ ਆਖ਼ਿਰ ਮੈਂ ਕਿਥੋਂ ਆਇਆ ਹਾਂ, ਇਸ ਨੇ ਮੇਰੇ ਅੰਦਰ ਸ਼ਾਂਤੀ ਦਾ ਭਾਵ ਪੈਦਾ ਕੀਤਾ ਹੈ।"

ਆਪਣੇ ਪਰਿਵਾਰ ਦੇ ਨਾਲ ਕੁਝ ਦਿਨ ਬਿਤਾਉਣ ਤੋਂ ਬਾਅਦ ਅਵਿਨਾਸ਼ ਹੁਣ ਫਿਰ ਅਮਰੀਕਾ ਜਾ ਰਹੇ ਹਨ।

ਨਾਗੇਸ਼ਵਰ ਰਾਓ ਕਹਿੰਦੇ ਹਨ, "ਆਪਣੇ ਗੁਆਚੇ ਬੇਟੇ ਨੂੰ ਪਾ ਕੇ ਮੇਰੀ ਪਤਨੀ ਸੱਚਮੁੱਚ ਬਹੁਤ ਖ਼ੁਸ਼ ਹੈ। ਹਾਲਾਂਕਿ ਬੇਟੇ ਦੇ ਵਾਪਸ ਜਾਣ ਨੂੰ ਲੈ ਕੇ ਉਹ ਦੁਖੀ ਵੀ ਹੈ ਪਰ ਨਾਲ ਹੀ ਉਹ ਬੇਟੇ ਨੂੰ ਸਮਝਾ ਰਹੀ ਹੈ ਕਿ ਉੱਥੇ ਉਸ ਦਾ ਪਰਿਵਾਰ ਹੈ।"

ਭਾਸ਼ਾ ਬਣੀ ਰੁਕਾਵਟ

ਮੁਲਾਕਾਤ ਤੋਂ ਪਹਿਲਾਂ ਅਵਿਨਾਸ਼ ਆਪਣੇ ਪਰਿਵਾਰ ਦੇ ਵਕੀਲ ਮੋਹਨਵੇਦੀਵੇਲਨ ਨਾਲ ਸੰਪਰਕ ''ਚ ਸਨ। ਇਸ ਮੁਲਾਕਾਤ ''ਚ ਪਰਿਵਾਰ ਨੂੰ ਭਾਸ਼ਾ ਵਜੋਂ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

ਅਵਿਨਾਸ਼ ਤਮਿਲ ਨਹੀਂ ਜਾਣਦੇ ਅਤੇ ਨਾਗੇਸ਼ਵਰ ਰਾਓ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅੰਗਰੇਜ਼ੀ ਨਹੀਂ ਆਉਂਦੀ।

ਇਸੇ ਲਈ ਦੋਵਾਂ ਪੱਖਾਂ ਵਿਚਾਲੇ ਉਨ੍ਹਾਂ ਦੇ ਵਕੀਲ ਨੇ ਪੁੱਲ ਦਾ ਕੰਮ ਕੀਤਾ।

ਵਕੀਲ ਮੋਹਨਵੇਦੀਵੇਲਨ ਮੁਤਾਬਕ, "ਜਦੋਂ ਦੋਵੇਂ ਪੱਖ ਮਿਲੇ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਕਿਵੇਂ ਗੱਲ ਕਰੀਏ। ਉਨ੍ਹਾਂ ਦੀ ਮਾਂ ਨੇ ਗਲੇ ਲਗਾਇਆ ਅਤੇ ਰੋਣ ਲੱਗੀ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਸ਼ਬਦਾਂ ਨਾਲ ਭਾਵਨਾਵਾਂ ਨੂੰ ਕਿਵੇਂ ਬਿਆਨ ਕਰੇ।"

"ਹਾਲਾਂਕਿ ਮੈਂ ਉਨ੍ਹਾਂ ਲਈ ਤਰਜਮਾ ਕਰ ਰਿਹਾ ਸੀ ਪਰ ਭਾਵਨਾਵਾਂ ਨੂੰ ਸ਼ਬਦਾਂ ''ਚ ਨਹੀਂ ਪਿਰੋਇਆ ਜਾ ਸਕਦਾ।"

ਪਰ ਅਵਿਨਾਸ਼ ਨੇ ਪਹਿਲਾਂ ਹੀ ਤਮਿਲ ਸਿੱਖਣ ਦਾ ਸੰਕਲਪ ਲਿਆ ਸੀ। ਜਦੋਂ ਅਸੀਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਸੰਵਾਦ ਕੀਤਾ ਤੇ ਮੁਸ਼ਕਿਲਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ, "ਅਮਰੀਕਾ ਪਹੁੰਚਣ ਤੋਂ ਬਾਅਦ ਮੈਂ ਤਮਿਲ ਸਿੱਖਣ ਦਾ ਫ਼ੈਸਲਾ ਕੀਤਾ ਹੈ।"

"ਬੇਸ਼ੱਕ ਮੈਂ ਫਰਾਟੇ ਨਾਲ ਨਾ ਬੋਲ ਸਕਾਂ, ਮੈਂ ਯਕੀਨਨ ਕੁਝ ਬੁਨਿਆਦੀ ਚੀਜ਼ਾਂ ਸਿੱਖਾਗਾਂ ਤਾਂ ਜੋ ਸਾਡੇ ਵਿਚਾਲੇ ਟਰਾਂਸਲੇਟਰ ਦੀ ਲੋੜ ਨਾ ਪਵੇ।"

ਇਹ ਵੀ ਪੜ੍ਹੋ-

  • ਚੰਦਰਯਾਨ-2: ਵਿਕਰਮ ਲੈਂਡਰ ਨਾਲ ਹੋਏ ਸੰਪਰਕ ਤੇ ਉਸ ਨਾਲ ਸਬੰਧਿਤ ਸਵਾਲਾਂ ਦੇ ਜਵਾਬ
  • ਤਾਲਿਬਾਨ ਦੇ ਪੈਦਾ ਹੋਣ ਤੇ ਅਫ਼ਗਾਨਿਸਤਾਨ ''ਚ ਛਿੜੀ ਜੰਗ ਦੀ ਕਹਾਣੀ
  • ਪਾਸ਼ ਦੀ ਨਜ਼ਰ ਵਿੱਚ ‘ਬੰਦ ਕੋਠੜੀ ਦੀ ਜ਼ਿੰਦਗੀ’

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3Z8YmVNYFUs

https://www.youtube.com/watch?v=hUMcwPAUaRE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)