ਉਹ ਪਿੰਡ ਜੋ ਭਾਰਤ ਨੇ ਪਾਕਿਸਤਾਨ ਤੋਂ ਖੋਹਿਆ

08/22/2019 8:46:29 AM

ਤੁਰਤੁਕ ਪਿੰਡ ਤੱਕ ਪਹੁੰਚਣਾ ਕੋਈ ਸੁਖਾਲਾ ਕੰਮ ਨਹੀਂ ਹੈ। ਇਹ ਛੋਟਾ-ਜਿਹਾ ਪਿੰਡ ਲਦਾਖ਼ ਦੀ ਨੁਬਰਾ ਘਾਟੀ ਵਿੱਚ ਆਬਾਦ ਹੈ।

ਇਸ ਪਿੰਡ ਦੇ ਇੱਕ ਪਾਸੇ ਸ਼ਯੋਕ ਦਰਿਆ ਵਗਦਾ ਹੈ ਤੇ ਦੂਸਰੇ ਪਾਸੇ ਕਰਾਕੋਰਮ ਪਰਬਤ ਮਾਲਾ ਦੀਆਂ ਅੰਬਰਾਂ ਨੂੰ ਜੱਫ਼ੀ ਪਾਉਂਦੀਆਂ ਪਹਾੜੀਆਂ ਹਨ।

ਤੁਰਤੁਕ ਤੱਕ ਜਾਣ ਤੇ ਉੱਥੋਂ ਵਾਪਸ ਆਉਣ ਦਾ ਇੱਕੋ-ਇੱਕ ਰਾਹ ਹੈ। ਟੁੱਟੀ ਭੱਜੀ ਸੜਕ ਲੇਹ ਦੇ ਪਹਾੜੀ ਦਰਿਆਂ ਵਿੱਚੋਂ ਸੱਪ ਦੀ ਪੈੜ ਵਾਂਗ ਚਲਦੀ ਤੁਰਤੁਕ ਪਹੁੰਚਦੀ ਹੈ।

ਇਸ ਸੜਕ ਦੇ ਦੋਵੇਂ ਪਾਸੇ ਕੁਦਰਤ ਦਾ ਸੁਹੱਪਣ ਜਿਵੇਂ ਵਿਛਿਆ ਪਿਆ ਹੈ। ਪਰ ਸਭ ਤੋਂ ਦਿਲਚਸਪ ਇਸ ਪਿੰਡ ਦਾ ਇਤਿਹਾਸ ਹੈ। ਤੁਰਤੁਕ ਇੱਕ ਅਜਿਹਾ ਪਿੰਡ ਹੈ ਜਿਸ ਨੇ ਆਪਣਾ ਦੇਸ ਗੁਆ ਲਿਆ ਹੈ।

ਇਹ ਵੀ ਪੜ੍ਹੋ:

  • ਕਸ਼ਮੀਰ: ''ਸਾਨੂੰ ਕਹਿੰਦੇ, ਕੈਮਰਾ ਕੱਢਿਆ ਤਾਂ ਤੋੜ ਦੇਵਾਂਗੇ’
  • ਲਾੜੇ ਦੀ ਹੱਡਬੀਤੀ ਜਿਸਦੇ ਵਿਆਹ ''ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
  • ਕਸ਼ਮੀਰ ’ਤੇ ਨਹਿਰੂ ਨੂੰ ''ਵਿਲੇਨ'' ਬਣਾਉਣਾ ਕਿੰਨਾ ਕੁ ਸਹੀ

ਭਾਰਤ ਦਾ ਬਾਲਟੀ ਪਿੰਡ

ਲਦਾਖ ਦਾ ਬਾਕੀ ਹਿੱਸਾ ਬੋਧੀ ਹੈ, ਜਿੱਥੇ ਲਦਾਖ਼ੀ-ਤਿੱਬਤੀ ਰਹਿੰਦੇ ਹਨ। ਜਦਕਿ ਤੁਰਤੁਕ ਇੱਕ ਬਾਲਟੀ ਪਿੰਡ ਹੈ।

ਬਾਲਟੀ ਇੱਕ ਨਸਲੀ ਸਮੂਹ ਹੈ ਜਿਸ ਦੇ ਪੁਰਖੇ ਤਿੱਬਤੀ ਸਨ ਜੋ ਕਿ ਹੁਣ ਪਾਕਿਸਤਾਨ ਦੇ ਸੁਕਦੂ ਇਲਾਕੇ ਵਿੱਚ ਵਸਦੇ ਹਨ।

ਇੱਥੋਂ ਦੇ ਪਿੰਡ ਵਾਸੀ ਨੂਰਬਖ਼ਸ਼ੀਆ ਮੁਸਲਮਾਨ ਹਨ, ਜੋ ਇਸਲਾਮ ਦੀ ਸੂਫ਼ੀ ਪਰੰਪਰਾ ਦਾ ਹਿੱਸਾ ਹਨ। ਇਹ ਲੋਕ ਬਾਲਟੀ ਭਾਸ਼ਾ ਬੋਲਦੇ ਹਨ, ਜੋ ਕਿ ਮੂਲ ਰੂਪ ਵਿੱਚ ਤਿੱਬਤੀ ਭਾਸ਼ਾ ਹੈ।

ਪਿੰਡ ਵਾਸੀ ਸਲਵਾਰ ਕੁਰਤਾ ਪਾਉਂਦੇ ਹਨ। ਪਹਿਰਾਵੇ ਤੋਂ ਇਲਾਵਾ ਵੀ ਉਨ੍ਹਾਂ ਦੀਆਂ ਕਈ ਗੱਲਾਂ ਬਾਲਟਿਸਤਾਨ ਦੇ ਆਪਣੇ ਕੁਨਬੇਦਾਰਾਂ ਨਾਲ ਮਿਲਦੀਆਂ ਹਨ।

ਕੰਟਰੋਲ ਰੇਖਾ ਤੋਂ 6 ਕਿਲੋਮੀਟਰ ਪਾਕਿਸਤਾਨ ਵਾਲੇ ਪਾਸੇ ਜਾਈਏ ਤਾਂ ਉਨ੍ਹਾਂ ਦੀਆਂ ਬਸਤੀਆਂ ਹਨ।

ਸਾਲ 1947 ਦੀ ਲੜਾਈ ਤੋਂ ਬਾਅਦ ਤੁਰਤੁਕ ਪਾਕਿਸਤਾਨ ਦੇ ਕੰਟਰੋਲ ਵਿੱਚ ਚਲਿਆ ਗਿਆ ਸੀ ਪਰ 1971 ਦੀ ਲੜਾਈ ਵਿੱਚ ਭਾਰਤ ਨੇ ਇਸ ਉੱਪਰ ਮੁੜ ਅਧਿਕਾਰ ਕਰ ਲਿਆ।

ਸਰਹੱਦ ਨਾਲ ਵੰਡਿਆ ਪਿੰਡ

ਸਰਹੱਦ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਭਾਰਤ ਸਰਕਾਰ ਨੇ ਇਹ ਪਿੰਡ ਪਾਕਿਸਤਾਨ ਨੂੰ ਵਾਪਸ ਨਹੀਂ ਕੀਤਾ।

ਸਾਲ 1971 ਦੀ ਲੜਾਈ ਦੀ ਉਸ ਰਾਤ ਇਸ ਪਿੰਡ ਦੇ ਜਿਹੜੇ ਵਾਸੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ ਜਾਂ ਕਿਸੇ ਹੋਰ ਕੰਮ ਨਾਲ ਪਿੰਡ ਤੋਂ ਬਾਹਰ ਗਏ ਸਨ ਉਹ ਵਾਪਸ ਆਪਣੇ ਪਿੰਡ ਨਹੀਂ ਆ ਸਕੇ ਅਤੇ ਉਸੇ ਸਮੇਂ ਤੋਂ ਇਹ ਪਿੰਡ ਭਾਰਤ ਕੋਲ ਹੈ।

ਇੱਥੋਂ ਦੇ ਸਰਹੱਦੀ ਇਲਾਕੇ ਪਿਛਲੇ ਕਈ ਦਹਾਕਿਆਂ ਤੋਂ ਸ਼ਾਂਤ ਹਨ ਅਤੇ 2010 ਵਿੱਚ ਤੁਰਤੁਕ ਨੂੰ ਸੈਲਾਨੀਆਂ ਲਈ ਵੀ ਖੋਲ੍ਹ ਦਿੱਤਾ ਗਿਆ ਹੈ।

ਸੈਲਾਨੀ ਇੱਥੇ ਆ ਕੇ ਰਹਿ ਸਕਦੇ ਹਨ ਅਤੇ ਸਥਾਨਕ ਜਨ-ਜੀਵਨ ਨੂੰ ਨੇੜਿਓਂ ਮਾਣ ਸਕਦੇ ਹਨ।

ਬਾਲਟੀ ਲੋਕ ਕਰਾਕੁਰਮ ਦੇ ਪੱਥਰਾਂ ਨਾਲ ਘਰਾਂ ਦੀਆਂ ਕੰਧਾਂ ਬਣਾਉਂਦੇ ਹਨ। ਇੱਥੋ ਤੱਕ ਕਿ ਖੇਤਾਂ ਵਿੱਚ ਸਿੰਜਾਈ ਲਈ ਬਣਾਈਆਂ ਨਾਲੀਆਂ ਵੀ ਪੱਥਰਾਂ ਦੀਆਂ ਬਣੀਆਂ ਹਨ।

ਠੰਡਾ ਕਰਨ ਦੀ ਦੇਸੀ ਤਕਨੀਕ

ਤੁਰਤੁਕ ਦੀ ਉਚਾਈ ਲਦਾਖ਼ ਦੇ ਦੂਸਰੇ ਇਲਾਕਿਆਂ ਤੋਂ ਘੱਟ ਹੈ ਅਤੇ ਸਮੁੰਦਰੀ ਸਤਿਹ ਤੋਂ 2,900 ਮੀਟਰ ਦੀ ਉਚਾਈ ''ਤੇ ਵਸਿਆ ਹੈ।

ਇੱਥੇ ਗਰਮੀਆਂ ਬਹੁਤ ਜ਼ਿਆਦਾ ਗਰਮ ਹੁੰਦੀਆਂ ਹਨ। ਪਿੰਡ ਵਾਲਿਆਂ ਨੇ ਪੱਥਰਾਂ ਦੀ ਵਰਤੋਂ ਕਰਕੇ ਪਥਰੀਲੇ ਅਤੇ ਕੁਦਰਤੀ ਕੋਲਡ ਸਟੋਰ ਬਣਾਏ ਹਨ।

ਇਨ੍ਹਾਂ ਕੋਲਡ ਸਟੋਰਾਂ ਵਿੱਚ ਉਹ ਮਾਸ, ਮੱਖਣ ਅਤੇ ਗਰਮੀ ਨਾਲ ਖ਼ਰਾਬ ਹੋਣ ਵਾਲੀਆਂ ਦੂਸਰੀਆਂ ਵਸਤਾਂ ਰੱਖਦੇ ਹਨ।

ਬਾਲਟੀ ਭਾਸ਼ਾ ਵਿੱਚ ਇਨ੍ਹਾਂ ਕੋਲਡ ਸਟੋਰਾਂ ਨੂੰ ਨਾਂਗਚੁੰਗ ਕਹਿੰਦੇ ਹਨ।

ਪੱਥਰਾਂ ਨਾਲ ਬਣੇ ਇਨ੍ਹਾਂ ਬੰਕਰਨੁਮਾ ਘਰਾਂ ਵਿੱਚ ਠੰਡੀ ਹਵਾ ਦੇ ਪ੍ਰਵਾਹ ਲਈ ਸੁਰਾਖ਼ ਬਣੇ ਹੁੰਦੇ ਹਨ ਜਿਸ ਦੇ ਅੰਦਰ ਰੱਖੀਆਂ ਚੀਜ਼ਾਂ ਬਾਹਰ ਦੀ ਗਰਮੀ ਤੋਂ ਬਚੀਆਂ ਰਹਿੰਦੀਆਂ ਹਨ।

ਹਰਿਆਲੀ ਹੀ ਹਰਿਆਲੀ

ਤੁਰਤੁਕ ਦੀ ਮੁੱਖ ਫ਼ਸਲ ਜੌਂ ਹੈ। ਇਸ ਉਚਾਈ ਤੇ ਇਹੀ ਇੱਕ ਫ਼ਸਲ ਉਗਦੀ ਹੈ। ਘੱਟ ਉਚਾਈ ਵਾਲੀਆਂ ਥਾਵਾਂ ''ਤੇ ਲੋਕ ਕੁੱਟੂ ਨਾਮ ਦਾ ਅਨਾਜ ਵੀ ਬੀਜ ਲੈਂਦੇ ਹਨ ਜੋ ਹਲਕਾ ਤੇ ਪੋਸ਼ਣ ਨਾਲ ਭਰਪੂਰ ਹੁੰਦਾ ਹੈ।

Dave Stamboulis

ਪਰ ਤੁਰਤੁਕ ਖੁਰਮਾਣੀ ਤੇ ਅਖਰੋਟ ਲਈ ਮਸ਼ਹੂਰ ਹੈ। ਇਨ੍ਹਾਂ ਦੀ ਖੇਤੀ ਮਿਹਨਤ ਮੰਗਦੀ ਹੈ।

ਇੱਥੋਂ ਦੇ ਖੇਤਾਂ ਵਿੱਚ ਸਾਲਾਂ ਬੱਧੀ ਕੰਮ ਚਲਦਾ ਰਹਿੰਦਾ ਹੈ। ਕਦੇ ਬੂਟੇ ਲਾਏ ਜਾਂਦੇ ਹਨ ਕਦੇ ਫਸਲ ਦੀ ਵਾਢੀ ਹੋ ਰਹੀ ਹੁੰਦੀ ਹੈ।

ਕਰਾਕੋਰਮ ਪਰਬਤ ਮਾਲਾ ਦੇ ਭੂਰੇ ਪਹਾੜਾਂ ਅਤੇ ਨਦੀ ਘਾਟੀਆਂ ਦੀਆਂ ਸੁੰਨੇ ਬੀਆਬਾਨਾਂ ਵਿੱਚ ਤੁਰਤੁਕ ਦੀ ਹਰਿਆਲੀ ਕਿਸੇ ਨਖ਼ਲਿਸਤਾਨ ਤੋਂ ਘੱਟ ਨਹੀਂ ਹੈ।

ਵਿਰਾਸਤ ਨਾਲ ਵਫ਼ਾਦਾਰੀ

ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਨੂੰ ਲੈ ਕੇ ਜਿੰਨਾ ਮਰਜੀ ਤਣਾਅ ਹੋਵੇ, ਤੁਰਤੁਕ ਵਿੱਚ ਜ਼ਿੰਦਗੀ ਸ਼ਾਂਤੀ ਨਾਲ ਲੰਘਦੀ ਹੈ।

ਇੱਥੋਂ ਦੇ ਸਾਰੇ ਪਿੰਡ ਵਾਸੀਆਂ ਕੋਲ ਭਾਰਤੀ ਪਛਾਣ ਪੱਤਰ ਹਨ। ਸਾਲ 1971 ਵਿੱਚ ਕਬਜ਼ੇ ਤੋਂ ਬਾਅਦ ਸਾਰਿਆਂ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਗਈ ਸੀ।

ਨੁਬਰਾ ਘਾਟੀ ਦੇ ਆਧੁਨਿਕੀਕਰਨ ਦੀਆਂ ਨਵੀਆਂ ਕੋਸ਼ਿਸ਼ਾਂ, ਨਵੀਆਂ ਸੜਕਾਂ ਦਾ ਨਿਰਮਾਣ, ਸਿਹਤ ਸਹੂਲਤਾਂ ਤੇ ਆਵਾਜਾਈ ਨੂੰ ਸੁਧਾਰਨ ਨਾਲ ਲਗਦਾ ਹੈ ਕਿ ਤੁਰਤੁਕ ਦੇ ਭਲੇ ਦਿਨ ਆਉਣ ਵਾਲੇ ਹਨ।

ਫਿਰ ਵੀ ਇੱਥੇ ਭਾਰਤ ਵਾਂਗ ਮਹਿਸੂਸ ਨਹੀਂ ਹੁੰਦਾ। ਖੁਰਮਾਣੀ ਦੇ ਬਾਗ, ਨੂਰਬਖ਼ਸ਼ੀਆ ਮਸਜਿਦ, ਪੱਥਰ ਦੇ ਘਰ ਅਤੇ ਪੱਥਰਾਂ ਦੀ ਸਿੰਜਾਈ ਨਾਲੀਆਂ ਇੱਥੋਂ ਦੀ ਪਛਾਣ ਹੈ।

ਕਿਸੀਰ ਤੁਰਤੁਕ ਦਾ ਰਵਾਇਤੀ ਪਕਵਾਨ ਹੈ। ਕੁੱਟੂ ਦੇ ਆਟੇ ਨਾਲ ਬਣੀ ਇਸ ਰੋਟੀ ਨੂੰ ਯਾਕ ਦੇ ਮਾਸ ਜਾਂ ਖੁਰਮਾਣੀ ਨਾਲ ਅਤੇ ਅਖਰੋਟ ਦੀ ਚਟਣੀ ਨਾਲ ਖਾਧਾ ਜਾਂਦਾ ਹੈ।

ਪਤਝੜ ਦੇ ਰੰਗ

ਤੁਰਤੁਕ ਦੀ ਖ਼ੂਬਸੂਰਤੀ ਸਭ ਤੋਂ ਵਧੇਰੇ ਪਤਝੜ ਦੇ ਦਿਨਾਂ ਵਿੱਚ ਨਿੱਖਰਦੀ ਹੈ, ਜਦੋਂ ਪਹਾੜੀ ਪਿੱਪਲ (ਪਾਪੂਲਰ) ਦੇ ਪੱਤਿਆਂ ਦਾ ਰੰਗ ਬਦਲਦਾ ਹੈ।

ਭੂਰੇ ਪਹਾੜ ਇਨ੍ਹਾਂ ਵਿੱਚ ਕਿਤੇ ਲੁਕਣ-ਮੀਟੀਆਂ ਖੇਡਦੇ ਜਾਪਦੇ ਹਨ।

ਨੁਬਰਾ ਘਾਟੀ ਦੇ ਸਾਰੇ ਲਦਾਖ਼ੀ ਪਿੰਡ ਕਰਾਕੋਰਮ ਦੇ ਪੱਥਰ ਵਰਤਦੇ ਹਨ।

ਇੱਥੇ ਭੂਚਾਲ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ ਪਰ ਪੱਥਰ ਦੀਆਂ ਕੰਧਾਂ ਖੜ੍ਹੀਆਂ ਰਹਿੰਦੀਆਂ ਹਨ।

ਵੱਧਦਾ-ਫੁਲਦਾ ਸੰਸਾਰ

ਇਹ ਇੱਕ ਅਜਿਹੀ ਥਾਂ ਹੈ ਜਿੱਥੋਂ ਦੇ ਬਾਸ਼ਿੰਦਿਆਂ ਨੇ ਨਾ ਸਿਰਫ਼ ਕੁਦਰਤ ਅਤੇ ਉਸ ਦੀਆਂ ਦੁਸ਼ਵਾਰੀਆਂ ਨਾਲ ਤਾਲਮੇਲ ਕਾਇਮ ਕਰਕੇ ਜਿਊਣਾ ਸਿੱਖ ਲਿਆ ਹੈ ਸਗੋਂ ਵੱਧ-ਫੁੱਲ ਵੀ ਰਹੇ ਹਨ।

ਇੱਥੋਂ ਦੇ ਪਿੰਡ ਵਾਸੀ ਆਪਣੇ ਪੁਰਾਣੇ ਦੇਸ ਨੂੰ ਗੁਆ ਕੇ ਵੀ ਆਪਣੀ ਸਭਿਆਚਾਰਕ ਵਿਰਾਸਤ ਪ੍ਰਤੀ ਵਫ਼ਾਦਾਰ ਹਨ।

ਹੁਣ ਦੁਨੀਆਂ ਭਰ ਦੇ ਸੈਲਾਨੀਆਂ ਦੀ ਮੇਜ਼ਬਾਨੀ ਕਰਦੇ ਹੋਏ ਉਹ ਭਵਿੱਖ ਦੀਆਂ ਅੱਖਾਂ ਵਿੱਚ ਝਾਕ ਰਹੇ ਹਨ।

ਇਹ ਵੀ ਪੜ੍ਹੋ:

  • 23 ਸਾਲ ਜੇਲ੍ਹ ਕੱਟਣ ਤੋਂ ਬਾਅਦ ਬਰੀ: ‘ਜਵਾਨੀ ਲੰਘ ਗਈ, ਮਾਪੇ ਮਰ ਗਏ... ਕੀ ਇਹ ਨਿਆਂ ਹੈ?’
  • ਕੁਵੈਤ ਤੋਂ 11 ਮਹੀਨੇ ਗੁਲਾਮੀ ਕੱਟ ਕੇ ਭਾਰਤ ਪਰਤੀ ਮਾਂ ਦੇ ਬੱਚਿਆਂ ਦੀ ਕਹਾਣੀ
  • ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/watch?v=ZcOtKaL2B_w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)