‘ਮੈਂ ਪਲ ਦੋ ਪਲ ਕਾ ਸ਼ਾਇਰ ਹੂੰ’ ਲਿਖਣ ਵਾਲੇ ਪੰਜਾਬੀ ਸੰਗੀਤਕਾਰ ਖ਼ਯਾਮ ਦੀ ਜੀਵਨ ਯਾਤਰਾ

08/17/2019 5:31:28 PM

BBC

"ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ

ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ

ਜਿਸੇ ਭੀ ਦੇਖੀਏ ਵੋ ਅਪਣੇ ਆਪ ਮੈਂ ਗੁੰਮ ਹੈ

ਜ਼ੁਬਾਂ ਮਿਲੀ ਹੈ ਮਗਰ ਹਮਜ਼ੁਬਾਂ ਨਹੀਂ ਮਿਲਤਾ"

ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ 1981 ''ਚ ਆਈ ਇਸ ਫ਼ਿਲਮੀ ਗੀਤ ਦੇ ਸੰਗੀਤਕਾਰ ਕੌਣ ਹਨ ਤਾਂ ਜਵਾਬ ਹੋਵੇਗਾ ਪੰਜਾਬੀ ਦੇ ਮਸ਼ਹੂਰ ਸੰਗੀਤਕਾਰ ਖ਼ਯਾਮ।

ਖ਼ਯਾਮ ਇੱਕ ਮਸ਼ਹੂਰ ਸੰਗੀਤਕਾਰ ਹਨ ਜਿੰਨਾਂ ਨੇ 1947 ''ਚ ਸ਼ੁਰੂ ਹੋਏ ਆਪਣੇ ਫ਼ਿਲਮੀ ਕਰੀਅਰ ਦੇ ਪਹਿਲੇ ਪੰਜ ਸਾਲ ''ਸ਼ਰਮਾ ਜੀ'' ਦੇ ਨਾਂਅ ਹੇਠ ਸੰਗੀਤ ਫ਼ਿਲਮ ਇੰਡਸਟਰੀ ਨੂੰ ਦਿੱਤਾ ਸੀ।

ਇਸ ਵੇਲੇ ਉਨ੍ਹਾਂ ਦੀ ਹਾਲਤ ਨਾਸਾਜ਼ ਹੈ, ਆਓ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਘਟਨਾਵਾਂ ''ਤੇ ਨਜ਼ਰ ਮਾਰੀਏ-

ਖ਼ਯਾਮ ਰਹਿਮਾਨ ਨਾਲ ਮਿਲ ਕੇ ਸੰਗੀਤ ਦਿੰਦੇ ਸਨ, ਜਿਸ ਕਰਕੇ ਉਨ੍ਹਾਂ ਦੀ ਜੋੜੀ ਦਾ ਨਾਂਅ ਸੀ- ਸ਼ਰਮਾ ਜੀ ਅਤੇ ਵਰਮਾ ਜੀ।

ਬਾਅਦ ''ਚ ਵਰਮਾ ਜੀ ਯਾਨਿ ਕਿ ਰਹਿਮਾਨ ਪਾਕਿਸਤਾਨ ਚਲੇ ਗਏ ਤਾਂ ਸ਼ਰਮਾ ਜੀ ਇੱਕਲੇ ਰਹਿ ਗਏ।

ਸਾਲ 1952 ਦੀ ਗੱਲ ਹੈ। ਹੁਣ ਤੱਕ ਸ਼ਰਮਾ ਜੀ ਕਈ ਫ਼ਿਲਮਾਂ ''ਚ ਆਪਣਾ ਸੰਗੀਤ ਦੇ ਚੁੱਕੇ ਸਨ ਅਤੇ ਉਨ੍ਹਾਂ ਨੂੰ ਜ਼ੀਆ ਸਰਹੱਦੀ ਦੀ ਫ਼ਿਲਮ ''ਫੁੱਟਪਾਥ'' ਲਈ ਸੰਗੀਤ ਦੇਣ ਦਾ ਮੌਕਾ ਮਿਲਿਆ।

ਹਿੰਦੀ ਫ਼ਿਲਮਾਂ ਦੇ ਮਹਾਨ ਕਲਾਕਾਰ ਦਿਲੀਪ ਕੁਮਾਰ ''ਤੇ ਇੱਕ ਗਾਣਾ ਫ਼ਿਲਮਾਇਆ ਗਿਆ, ਜਿਸ ਦੇ ਬੋਲ ਸਨ- "ਸ਼ਾਮ-ਏ-ਗ਼ਮ ਕੀ ਕਸਮ ਆਜ ਗ਼ਮਗੀਂ ਹੈਂ ਹਮ।"

ਇਹ ਵੀ ਪੜ੍ਹੋ-

  • ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸਤਲੁਜ ਦਰਿਆ ਚੜ੍ਹਿਆ
  • ਕਸ਼ਮੀਰ ''ਤੇ ਯੂ ਐੱਨ ਦੀ ਬੈਠਕ ਵਿੱਚ ਇਹ ਕੁਝ ਹੋਇਆ
  • ਕਸ਼ਮੀਰ: ਟੈਲੀਫੋਨ-ਇੰਟਰਨੈੱਟ ਬੰਦ ਹੋਣ ਦਾ ਕਸ਼ਮੀਰ ''ਚ ਕਿਹੋ ਜਿਹਾ ਅਸਰ
  • ਟਰਾਂਸਸੈਕਸੂਅਲ ਨਾਜ਼ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਸੁੰਦਰਤਾ ਮੁਕਾਬਲਾ

ਦੂਰਦਰਸ਼ਨ ''ਤੇ ਹੋਈ ਇੱਕ ਪੁਰਾਣੀ ਇੰਟਰਵਿਊ ''ਚ ਖ਼ਯਾਮ ਨੇ ਦੱਸਿਆ ਸੀ, "ਇੱਕ ਦਿਨ ਗੱਲਬਾਤ ਦੌਰਾਨ ਜ਼ੀਆ ਸਰਹੱਦੀ ਨੇ ਉਨਾਂ ਨੂੰ ਪੁੱਛਿਆ ਸੀ ਕਿ ਤੁਹਾਡਾ ਪੂਰਾ ਨਾਂਅ ਕੀ ਹੈ। ਮੈਂ ਕਿਹਾ ਕਿ ਮੁਹੰਮਦ ਹਜ਼ੂਰ ਖ਼ਯਾਮ, ਤਾਂ ਉਨ੍ਹਾਂ ਨੇ ਝੱਟ ਕਿਹਾ ਕਿ ਤੁਸੀ ਖ਼ਯਾਮ ਦੇ ਨਾਂਅ ਹੇਠ ਕੰਮ ਕਿਉਂ ਨਹੀਂ ਕਰਦੇ ਹੋ। ਬਸ ਉਸ ਦਿਨ ਤੋਂ ਹੀ ਮੈਂ ਖ਼ਯਾਮ ਹੋ ਗਿਆ।"

ਇਹ ਉਹੀ ਖ਼ਯਾਮ ਹਨ ਜਿੰਨਾਂ ਨੇ ਕਭੀ-ਕਭੀ, ਬਾਜ਼ਾਰ, ਉਮਰਾਓ ਜਾਨ, ਰਜ਼ਿਆ ਸੁਲਤਾਨ ਵਰਗੀਆਂ ਮਸ਼ਹੂਰ ਫ਼ਿਲਮਾਂ ''ਚ ਆਪਣੇ ਸੰਗੀਤ ਨਾਲ ਚਾਰ ਚੰਨ ਬਨ੍ਹ ਦਿੱਤੇ ਸਨ।

18 ਫਰਵਰੀ 1927 ਨੂੰ ਪੰਜਾਬ (ਉਦੋਂ ਦਾ ਜਲੰਧਰ, ਹੁਣ ਦਾ ਨਵਾਂ ਸ਼ਹਿਰ ਹੈ) ''ਚ ਜਨਮੇ ਖ਼ਯਾਮ ਦੇ ਪਰਿਵਾਰ ਦਾ ਫ਼ਿਲਮੀ ਜਗਤ ਨਾਲ ਦੂਰ-ਦੂਰ ਤੱਕ ਕੋਈ ਵਾਹ ਵਾਸਤਾ ਵੀ ਨਹੀਂ ਸੀ। ਉਨ੍ਹਾਂ ਦੇ ਪਰਿਵਾਰ ''ਚ ਕੋਈ ਇਮਾਮ ਸੀ ਤਾਂ ਕੋਈ ਮੁਆਜ਼ਿਨ।

ਪਰ ਇਸ ਦੌਰ ਦੇ ਹੋਰ ਕਈ ਨੌਜਵਾਨਾਂ ਵਾਂਗ ਹੀ ਖ਼ਯਾਮ ਦੇ ਸਿਰ ਕੇਐਲ ਸਹਿਗਲ ਦਾ ਨਸ਼ਾ ਸੀ। ਉਹ ਉਨ੍ਹਾਂ ਵਾਂਗ ਹੀ ਗਾਇਕ ਅਤੇ ਅਦਾਕਾਰ ਬਣਨਾ ਚਾਹੁੰਦੇ ਸਨ। ਆਪਣੀ ਇਸੇ ਇੱਛਾ ਸਦਕਾ ਹੀ ਉਹ ਛੋਟੀ ਉਮਰ ''ਚ ਦਿੱਲੀ ਆਪਣੇ ਚਾਚੇ ਕੋਲ ਆ ਗਏ।

ਘਰ ਬੇਹੱਦ ਨਾਰਾਜ਼ਗੀ ਹੋਈ ਪਰ ਆਖ਼ਿਰ ''ਚ ਇਹ ਫ਼ੈਸਲਾ ਹੋਇਆ ਕਿ ਉਹ ਮਸ਼ਹੂਰ ਪੰਡਿਤ ਹੁਸਨਲਾਲ-ਭਗਤਰਾਮ ਦੀ ਸ਼ਾਗਿਰਦਗੀ ''ਚ ਸੰਗੀਤ ਸਿਖਣਗੇ।

ਜਵਾਨੀ ਦੇ ਇਸੇ ਨਸ਼ੇ ''ਚ ਹੀ ਖ਼ਯਾਮ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ, ਪਰ ਜ਼ਿੰਦਗੀ ਦੀ ਅਸਲ ਹਕੀਕਤ ਜਾਣਨ ਤੋਂ ਬਾਅਦ ਉਨ੍ਹਾਂ ਨੁੰ ਸਮਝ ਆਇਆ ਕਿ ਅਜੇ ਸਿਖਣਾ ਬਾਕੀ ਹੈ।

ਸੰਗੀਤ ਸਿਖਣ ਦੀ ਇੱਛਾ ਉਨ੍ਹਾਂ ਨੂੰ ਦਿੱਲੀ ਤੋਂ ਲਾਹੌਰ ਬਾਬਾ ਚਿਸ਼ਤੀ (ਸੰਗੀਤਕਾਰ ਗ਼ੁਲਾਮ ਅਹਿਮਦ ਚਿਸ਼ਤੀ) ਕੋਲ ਲੈ ਗਈ ਜਿਨ੍ਹਾਂ ਦੇ ਫ਼ਿਲਮੀ ਘਰਾਣਿਆਂ ਨਾਲ ਬਹੁਤ ਵਧੀਆ ਸਬੰਧ ਸਨ। ਉਸ ਸਮੇਂ ਲਾਹੌਰ ਹੀ ਫ਼ਿਲਮਾਂ ਦਾ ਗੜ੍ਹ ਹੁੰਦਾ ਸੀ।

ਬਾਬਾ ਚਿਸ਼ਤੀ ਦੇ ਘਰ ਖ਼ਯਾਮ ਇੱਕ ਸ਼ਗਿਰਦ ਵਾਂਗ ਉਨ੍ਹਾਂ ਦੇ ਘਰ ਹੀ ਰਹਿਣ ਲੱਗੇ ਅਤੇ ਸੰਗੀਤ ਸਿੱਖਣ ਲੱਗੇ।

ਦੂਰਦਰਸ਼ਨ ਸਮੇਤ ਖ਼ਯਾਮ ਨੇ ਹੋਰ ਕਈ ਇੰਟਵਿਊਜ਼ ''ਚ ਇੱਕ ਕਿੱਸੇ ਨੂੰ ਜ਼ਰੂਰ ਸੁਣਾਇਆ ਹੈ।

Getty Images
ਖਯਾਮ ਆਪਣੀ ਪਤਨੀ ਜਗਜੀਤ ਕੌਰ ਦਾ ਜ਼ਿਕਰ ਹਰੇਕ ਮੰਚ ਉੱਤੇ ਕਰਦੇ ਸਨ

ਉਹ ਦੱਸਦੇ , "ਇੱਕ ਵਾਰ ਬੀਆਰ ਚੌਪੜਾ ਬਾਬਾ ਚਿਸ਼ਤੀ ਦੇ ਘਰ ਆਏ ਸਨ ਅਤੇ ਉਸ ਸਮੇਂ ਚਿਸ਼ਤੀ ਸਾਹਿਬ ਸਾਰਿਆਂ ਨੂੰ ਤਨਖ਼ਾਹ ਵੰਡ ਰਹੇ ਸਨ। ਬੀਆਰ ਚੌਪੜਾ ਨੇ ਵੇਖਿਆ ਕਿ ਮੈਨੂੰ ਤਨਖ਼ਾਹ ਨਹੀਂ ਮਿਲੀ।"

"ਚੌਪੜਾ ਸਾਬ੍ਹ ਦੇ ਪੁੱਛਣ ''ਤੇ ਬਾਬਾ ਚਿਸ਼ਤੀ ਨੇ ਕਿਹਾ ਕਿ ਇਸ ਨੌਜਵਾਨ ਨਾਲ ਤੈਅ ਹੋਇਆ ਸੀ ਕਿ ਇਹ ਸੰਗੀਤ ਸਿੱਖੇਗਾ ਅਤੇ ਮੇਰੇ ਘਰ ''ਚ ਹੀ ਰਹੇਗਾ, ਪਰ ਪੈਸੇ ਨਹੀਂ ਲਵੇਗਾ।”

“ਪਰ ਬੀਆਰ ਚੌਪੜਾ ਨੇ ਕੁਝ ਹੈਰਾਨੀ ਨਾਲ ਕਿਹਾ ਕਿ ਮੈਂ ਵੇਖਿਆ ਹੈ ਕਿ ਸਭ ਨਾਲੋਂ ਵੱਧ ਕੰਮ ਤਾਂ ਇਹੀ ਕਰ ਰਿਹਾ ਹੈ। ਚੌਪੜਾ ਸਾਬ੍ਹ ਨੇ ਉਸੇ ਸਮੇਂ 120 ਰੁ. ਮਹੀਨੇ ਦੀ ਤਨਖ਼ਾਹ ਮੇਰੇ ਹੱਥ ''ਤੇ ਰੱਖੀ ਅਤੇ ਮੇਰਾ ਚੌਪੜਾ ਖ਼ਾਨਦਾਨ ਨਾਲ ਰਿਸ਼ਤਾ ਬਣ ਗਿਆ।"

ਖ਼ਯਾਮ ਨੇ ਭਾਵੇਂ ਕਈ ਦੂਜੇ ਸੰਗੀਤਕਾਰਾਂ ਦੀ ਤੁਲਨਾ ਵਿੱਚ ਬਹੁਤ ਘੱਟ ਕੰਮ ਕੀਤਾ, ਪਰ ਜਿੰਨ੍ਹਾਂ ਵੀ ਕੀਤਾ ਬੇਮਿਸਾਲ ਕੀਤਾ।

ਇੱਕ ਸੰਗੀਤ ਪ੍ਰੇਮੀ ਦੇ ਨਾਤੇ ਮੈਂ ਜਦੋਂ ਵੀ ਉਨ੍ਹਾਂ ਦੇ ਗਾਣੇ ਸੁਣਦੀ ਹਾਂ ਤਾਂ ਇੱਕ ਅਜਬ ਜਿਹਾ ਠਹਿਰਾਅ ਅਤੇ ਸੰਜੀਦਗੀ ਮਹਿਸੂਸ ਹੁੰਦੀ ਹੈ।

ਫਿਰ ਭਾਵੇਂ ਆਖ਼ਰੀ ਮੁਲਾਕਾਤ ਕਾ ਦਰਦ ਬਿਆਨ ਕਰਦਾ ਫ਼ਿਲਮ ਬਾਜ਼ਾਰ ਦਾ ਗਾਣਾ- " ਦੇਖ ਲੋ ਆਜ ਹਮ ਕੋ ਜੀ ਭਰ ਕੇ" ਹੋਵੇ ਜਾਂ ਫਿਰ ਉਮਰਾਓ ਜਾਨ ਫ਼ਿਲਮ ''ਚ ਪਿਆਰ ਦੇ ਅਹਿਸਾਸ ਨੂੰ ਪੇਸ਼ ਕਰਦਾ ਗਾਣਾ- " ਜ਼ਿੰਦਗੀ ਜਬ ਬੀ ਤੇਰੀ ਬਜ਼ਮ ਮੇਂ ਲਾਤੀ ਹੈ ਮੁਝੇ, ਯੇ ਜ਼ਮੀਂ ਚਾਂਦ ਸੇ ਬਹਿਤਰ ਨਜ਼ਰ ਆਤੀ ਹੈ ਹਮੇਂ…।"

ਇਸ ਲਈ ਖਯਾਮ ਕਾਫੀ ਮਿਹਨਤ ਕਰਦੇ ਸਨ। ਮਿਸਾਲ ਵਜੋਂ ਉਨ੍ਹਾਂ ਦੀਆਂ ਸਭ ਤੋਂ ਬਿਹਤਰੀਨ ਪੇਸ਼ਕਸ਼ ''ਚੋਂ ਸਾਲ 1982 ਦੀ ਫ਼ਿਲਮ ਉਮਰਾਓ ਜਾਨ ਨੂੰ ਲੈ ਲਓ।

ਇਹ ਇੱਕ ਨਾਵਲ ‘ਉਮਰਾਓ ਜਾਨ ਅਦਾ’ ''ਤੇ ਆਧਾਰਿਤ ਫ਼ਿਲਮ ਸੀ, ਜਿਸ ''ਚ 19ਵੀਂ ਸਦੀ ਦੀ ਇੱਕ ਤਵਾਇਫ਼ ਦੀ ਕਹਾਣੀ ਹੈ।

ਖ਼ਯਾਮ ਨੇ ਇਸ ਫ਼ਿਲਮ ਨੂੰ ਸੰਗੀਤ ਦੇਣ ਤੋਂ ਪਹਿਲਾਂ ਨਾ ਸਿਰਫ਼ ਇਸ ਪੂਰੇ ਨਾਵਲ ਦੀ ਕਹਾਣੀ ਨੂੰ ਪੜ੍ਹਿਆ ਬਲਕਿ ਉਸ ਦੌਰ ਨਾਲ ਸੰਬੰਧਤ ਸਾਰੀ ਜਾਣਕਾਰੀ ਵੀ ਹਾਸਿਲ ਕੀਤੀ ਕਿ ਉਸ ਸਮੇਂ ਰਾਗ-ਰਾਗਨੀਆਂ ਕਿਹੜੀਆਂ ਸਨ, ਲਿਬਾਸ,ਬੋਲੀ ਆਦਿ।

ਐਸਵਾਈ ਕੁਰੈਸ਼ੀ ਨੂੰ ਦਿੱਤੇ ਆਪਣੇ ਇੰਟਰਵਿਊ ''ਚ ਖ਼ਯਾਮ ਦੱਸਦੇ ਹਨ, "ਬਹੁਤ ਪੜ੍ਹਨ-ਲਿਖਣ ਤੋਂ ਬਾਅਦ ਮੈਂ ਅਤੇ ਜਗਜੀਤ ਜੀ (ਉਨ੍ਹਾਂ ਦੀ ਪਤਨੀ ) ਨੇ ਤੈਅ ਕੀਤਾ ਕਿ ਉਮਰਾਓ ਜਾਨ ਦਾ ਸੁਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਅਸੀਂ ਆਸ਼ਾ ਭੋਂਸਲੇ ਨੂੰ ਉਨ੍ਹਾਂ ਦੇ ਸੁਰ ਤੋਂ ਛੋਟਾ ਸੁਰ ਦਿੱਤਾ ਸੀ।"

"ਪਹਿਲਾਂ ਮੈਂ ਆਪਣੀ ਆਵਾਜ਼ ''ਚ ਗਾਣੇ ਨੂੰ ਰਿਕਾਰਡ ਕਰ ਕੇ ਦਿੱਤਾ। ਪਰ ਜਦੋਂ ਰਿਹਰਸਲ ਵਾਲੇ ਦਿਨ ਆਸ਼ਾ ਜੀ ਨੇ ਗਾਣਾ ਗਾਇਆ ਤਾਂ ਉਹ ਕੁਝ ਪ੍ਰੇਸ਼ਾਨ ਵਿਖਾਈ ਦਿੱਤੀ ਤੇ ਕਿਹਾ ਕਿ ਇਹ ਸੁਰ ਉਨ੍ਹਾਂ ਦਾ ਨਹੀਂ ਹੈ।"

"ਮੈਂ ਉਨ੍ਹਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਮੈਨੂੰ ਆਸ਼ਾ ਦਾ ਨਹੀਂ ਬਲਕਿ ੳਮਰਾਓ ਜਾਨ ਦਾ ਸੁਰ ਚਾਹੀਦਾ ਹੈ। ਇਸ ''ਤੇ ਆਸ਼ਾ ਜੀ ਦਾ ਜਵਾਬ ਸੀ ਕਿ ਤੁਹਾਡੀ ਉਮਰਾਓ ਤਾਂ ਗਾ ਹੀ ਨਹੀਂ ਪਾ ਰਹੀ।"

"ਫਿਰ ਸਾਡੇ ਦੋਵਾਂ ''ਚ ਸਮਝੌਤਾ ਹੋਇਆ। ਮੈਂ ਕਿਹਾ ਕਿ ਅਸੀਂ ਦੋ ਤਰ੍ਹਾਂ ਨਾਲ ਗਾਣਾ ਰਿਕਾਰਡ ਕਰਾਂਗੇ। ਆਸ਼ਾ ਨੇ ਮੈਨੂੰ ਸਹੁੰ ਖਵਾਈ ਕਿ ਉਨ੍ਹਾਂ ਦੇ ਸੁਰ ''ਚ ਵੀ ਗਾਣਾ ਰਿਕਾਰਡ ਹੋਵੇਗਾ ਅਤੇ ਮੈਂ ਵੀ ਉਨ੍ਹਾਂ ਨੂੰ ਕਸਮ ਦਿੱਤੀ ਕਿ ਉਹ ਮੇਰੇ ਸੁਰ ''ਚ ਵੀ ਪੂਰੀ ਸ਼ਿੱਦਤ ਨਾਲ ਗਾਣਾ ਗਾਉਣਗੇ।”

“ਆਸ਼ਾ ਨੇ ਜਦੋਂ ਉਮਰਾਓ ਵਾਲੇ ਸੁਰ ''ਚ ਗਾਣਾ ਗਾਇਆ ਤਾਂ ਉਹ ਆਪ ਇੰਨ੍ਹਾਂ ਮਸਤ ਹੋ ਗਈ ਕਿ ਬਾਅਦ ''ਚ ਉਹ ਖ਼ੁਦ ਹੈਰਾਨ ਸੀ। ਬਸ ਗੱਲ ਬਣ ਗਈ।"


ਇਹ ਵੀ ਪੜ੍ਹੋ-

  • ਹਾਰਡ ਕੌਰ ’ਤੇ ‘ਮੋਦੀ-ਭਗਤ’ ਦੇ ਹਮਲਾ ਕਰਨ ਦਾ ਸੱਚ
  • ਮੀਆ ਖ਼ਲੀਫ਼ਾ ਨੂੰ ਕਿਉਂ ਮਾਰਨਾ ਚਾਹੁੰਦਾ ਸੀ ਆਈਐੱਸ
  • ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਸਤਲੁਜ ਦਰਿਆ ਚੜ੍ਹਿਆ
  • ਕਸ਼ਮੀਰ ''ਤੇ ਯੂ ਐੱਨ ਦੀ ਬੈਠਕ ਵਿੱਚ ਇਹ ਕੁਝ ਹੋਇਆ

ਖਯਾਮ ਆਪਣੀ ਧੁੰਨ ਦੇ ਪੱਕੇ ਸਨ

ਉਮਰਾਓ ਜਾਨ ਫ਼ਿਲਮ ਲਈ ਖ਼ਯਾਮ ਅਤੇ ਆਸ਼ਾ ਭੋਂਸਲੇ ਦੋਵਾਂ ਨੂੰ ਕੌਮੀ ਪੁਰਸਕਾਰ ਮਿਲਿਆ ਸੀ।

ਆਪਣੇ 88ਵੇਂ ਜਨਮ ਦਿਨ ਮੌਕੇ ਬੀਬੀਸੀ ਨੂੰ ਦਿੱਤੇ ਇੰਟਰਵਿਊ ''ਚ ਉਨ੍ਹਾਂ ਨੇ ਕਿਹਾ ਸੀ ਕਿ ਉਮਰਾਓ ਜਾਨ ਲਈ ਸੰਗੀਤ ਦੇਣ ਤੋਂ ਪਹਿਲਾਂ ਉਹ ਬਹੁਤ ਡਰੇ ਹੋਏ ਸਨ ਕਿਉਂਕਿ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਫ਼ਿਲਮ ਪਾਕਿਜ਼ਾ ਆਈ ਸੀ, ਜਿਸ ਦਾ ਕਿ ਸੰਗੀਤ ਬੇਮਿਸਾਲ ਸੀ।

ਸਾਥੀ ਕਲਾਕਾਰਾਂ ਨਾਲ ਸੰਗੀਤ ਨੂੰ ਲੈ ਕੇ ਕਈ ਕਿੱਸੇ ਖ਼ਯਾਮ ਨਾਲ ਹੋਏ। ਉਹ ਆਪਣੇ ਗਾਇਕਾਂ ਨੂੰ ਮਨਾ ਹੀ ਲੈਂਦੇ ਪਰ ਸੀ ਉਹ ਆਪਣੀ ਧੁੰਨ ਦੇ ਪੱਕੇ।

ਅਤੀਤ ''ਚ ਜਾ ਕੇ ਜੇਕਰ ਖ਼ਯਾਮ ਦੇ ਫ਼ਿਲਮੀ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਨੇ 1947 ''ਚ ਆਪਣਾ ਫ਼ਿਲਮੀ ਸਫ਼ਰ ''ਹੀਰ-ਰਾਂਝਾ'' ਨਾਲ ਸ਼ੁਰੂ ਕੀਤਾ ਸੀ। ਰੋਮਿਓ ਜੂਲੀਅਟ ਵਰਗੀਆਂ ਫ਼ਿਲਮਾਂ ''ਚ ਸੰਗੀਤ ਦਿੱਤਾ ਅਤੇ ਗਾਣਾ ਵੀ ਗਾਇਆ।

1950 ''ਚ ਆਈ ਫ਼ਿਲਮ ''ਬੀਵੀ'' ਦੇ ਮਸ਼ਹੂਰ ਗਾਣੇ ''ਅਕੇਲੇ ਮੇਂ ਵੋ ਘਬਰਾਤੇ ਤੋ ਹੋਂਗੇ'' ਨਾਲ ਲੋਕਾਂ ਦੇ ਮਨਾਂ ''ਚ ਉਨ੍ਹਾਂ ਦੀ ਪਛਾਣ ਕਾਇਮ ਹੋਈ। ਇਸ ਗੀਤ ਨੂੰ ਰਫ਼ੀ ਨੇ ਗਾਇਆ ਸੀ।

1953 ''ਚ ਆਈ ''ਫੁੱਟਪਾਥ'' ਨਾਲ ਖ਼ਯਾਮ ਨੂੰ ਪਛਾਣ ਮਿਲਣ ਲੱਗੀ ਅਤੇ ਇਸ ਤੋਂ ਬਾਅਦ ਇਹ ਸਿਲਸਿਲਾ ਤੁਰ ਪਿਆ।

ਸਾਲ 1958 ''ਚ ਆਈ ਫ਼ਿਲਮ ''ਫਿਰ ਸੁਬਹ ਹੋਗੀ'' ''ਚ ਮੁਕੇਸ਼ ਨਾਲ ''ਵੋ ਸੁਬਹ ਕਭੀ ਤੋ ਆਏਗੀ'' ਗੀਤ ਬਣਾਇਆ।

1961 ''ਚ ਫ਼ਿਲਮ ''ਸ਼ੋਲਾ ਔਰ ਸ਼ਬਨਮ'' ''ਚ ਰਫ਼ੀ ਦੇ ਨਾਲ ''ਜਾਨੇ ਕਿਆ ਡੂੰਡਤੀ ਰਹਤੀ ਹੈਂ ਯੇ ਆਂਖੇਂ ਮੁਝ ਮੇ ਰਚਾ'' ਬਣਾਇਆ ਅਤੇ 1966 ''ਚ ਫ਼ਿਲਮ ''ਆਖ਼ਰੀ ਖ਼ਤ'' ''ਚ ਲਤਾ ਜੀ ਨਾਲ ਮਿਲ ਕੇ ''ਬਹਾਰੋ ਮੇਰਾ ਜੀਵਨ ਭੀ ਸਵਾਰੋ'' ਗੀਤ ਪੇਸ਼ ਕੀਤਾ।

Getty Images

ਖ਼ਯਾਮ ਨੇ 70 ਅਤੇ 80 ਦੇ ਦਸ਼ਕ ''ਚ ਕਭੀ-ਕਭੀ, ਤ੍ਰਿਸ਼ੂਲ, ਖਾਨਦਾਨ, ਨੂਰੀ, ਥੋੜੀ ਸੀ ਬੇਵਫ਼ਾਈ, ਦਰਦ, ਆਹਿਸਤਾ ਆਹਿਸਤਾ, ਦਿਲ-ਏ-ਨਾਦਾਨ, ਬਾਜ਼ਾਰ, ਰਜ਼ੀਆ ਸੁਲਤਾਨ ਵਰਗੀਆਂ ਫ਼ਿਲਮਾਂ ''ਚ ਇੱਕ ਤੋਂ ਵੱਧ ਇੱਕ ਗੀਤ ਦਿੱਤੇ। ਇਸ ਦੌਰ ਨੂੰ ਉਨ੍ਹਾਂ ਦੇ ਫ਼ਿਲਮੀ ਸਫ਼ਰ ਦਾ ਗੋਲਡਨ ਪੀਰਿਅਡ ਕਿਹਾ ਜਾਂਦਾ ਹੈ।

ਪ੍ਰੇਮ ਕਹਾਣੀ

ਖ਼ਯਾਮ ਦੇ ਜੀਵਨ ''ਚ ਉਨ੍ਹਾਂ ਦੀ ਪਤਨੀ ਜਗਜੀਤ ਕੌਰ ਦਾ ਬਹੁਤ ਯੋਗਦਾਨ ਰਿਹਾ ਹੈ ਜਿਸ ਦਾ ਕਿ ਜ਼ਿਕਰ ਕਿਸੇ ਮੰਚ ''ਤੇ ਕਰਨਾ ਨਹੀਂ ਭੁੱਲਦੇ ਸਨ।

ਜਗਜੀਤ ਕੌਰ ਆਪ ਵੀ ਬਹੁਤ ਵਧੀਆ ਗਾਇਕਾ ਸੀ। ਕੁਝ ਹਿੰਦੀ ਫ਼ਿਲਮਾਂ ''ਚ ਉਨ੍ਹਾਂ ਨੇ ਵੀ ਚੌਣਵੇਂ ਗਾਣੇ ਗਾਏ ਸਨ।

ਪੰਜਾਬ ਦੇ ਮੰਨੇ-ਪ੍ਰਮੰਨੇ ਸਿੱਖ ਪਰਿਵਾਰ ਨਾਲ ਸਬੰਧਤ ਜਗਜੀਤ ਕੌਰ ਨੇ ਉਸ ਸਮੇਂ ਖ਼ਯਾਮ ਨਾਲ ਵਿਆਹ ਰਚਾਇਆ ਸੀ ਜਦੋਂ ਉਹ ਸੰਘਰਸ਼ ਦੇ ਦੌਰ ''ਚ ਸਨ।

ਮਜ਼ਹਬ ਅਤੇ ਪੈਸਾ ਕੁਝ ਵੀ ਹੋਵੇ ਦੋ ਪ੍ਰੇਮੀਆਂ ਵਿਚਾਲੇ ਦੀਵਾਰ ਨਹੀਂ ਬਣ ਸਕੇ।

ਵੈਸੇ ਤਾਂ ਦੋਵਾਂ ਦੀ ਮੁਲਾਕਾਤ ਸੰਗੀਤ ਦੇ ਸਿਲਸਿਲੇ ''ਚ ਪਹਿਲਾਂ ਹੀ ਹੋ ਗਈ ਸੀ ਪਰ ਮੁੰਬਈ ''ਚ ਇੱਕ ਸੰਗੀਤ ਮੁਕਾਬਲੇ ਦੌਰਾਨ ਜਦੋਂ ਜਗਜੀਤ ਕੌਰ ਦੀ ਚੋਣ ਹੋਈ ਤਾਂ ਦੋਵਾਂ ਨੂੰ ਇੱਕ-ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਥੋਂ ਹੀ ਸ਼ੁਰੂ ਹੋਈ ਦੋਵਾਂ ਦੀ ਪ੍ਰੇਮ ਕਹਾਣੀ।

ਜਗਜੀਤ ਕੌਰ ਭਾਵੇਂ ਆਪ ਫ਼ਿਲਮਾਂ ਤੋਂ ਦੂਰ ਰਹੇ ਪਰ ਖ਼ਯਾਮ ਦੀਆਂ ਫ਼ਿਲਮਾਂ ''ਚ ਉਹ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਸਨ।

ਦੋਵਾਂ ਲਈ ਉਹ ਬਹੁਤ ਮੁਸ਼ਕਲ ਦੌਰ ਸੀ ਜਦੋਂ ਸਾਲ 2013 ''ਚ ਖ਼ਯਾਮ ਦੇ ਬੇਟੇ ਪ੍ਰਦੀਪ ਦੀ ਮੌਤ ਹੋ ਪਰ ਹਰ ਮੁਸ਼ਕਿਲ ''ਚ ਜਗਜੀਤ ਕੌਰ ਨੇ ਉਨ੍ਹਾਂ ਦਾ ਸਾਥ ਦਿੱਤਾ।

Getty Images

ਦੋਵਾਂ ਦੀ ਪ੍ਰੇਮ ਕਹਾਣੀ ਵੇਖ ਕੇ ਇੰਝ ਲੱਗਦਾ ਹੈ ਕਿ ਜਗਜੀਤ ਕੌਰ ਨੇ ਖ਼ਯਾਮ ਦੇ ਲਈ ਹੀ ਉਨ੍ਹਾਂ ਦੇ ਨਿਰਦੇਸ਼ਨ ਹੇਠ ਇਹ ਗਾਣਾ ਗਾਇਆ ਸੀ-

" ਤੁਮ ਆਪਣਾ ਰੰਜ-ਓ-ਗ਼ਮ, ਅਪਣੀ ਪ੍ਰੇਸ਼ਾਨੀ ਮੁਝੇ ਦੇ ਦੋ"

ਇੱਥੇ 1976 ਦੀ ਫਿਲਮ ਕਭੀ-ਕਭੀ ਦੇ ਜ਼ਿਕਰ ਬਿਨਾਂ ਖਯਾਮ ''ਤੇ ਗੱਲ ਅਧੂਰੀ ਹੈ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ''ਚ ਖ਼ਯਾਮ ਨੇ ਦੱਸਿਆ ਸੀ, "ਯਸ਼ ਚੌਪੜਾ ਆਪਣੀ ਫ਼ਿਲਮ ਲਈ ਮੇਰੇ ਕੋਲੋਂ ਸੰਗੀਤ ਲੈਣਾ ਚਾਹੁੰਦੇ ਸਨ। ਪਰ ਸਾਰੇ ਉਨ੍ਹਾਂ ਨੂੰ ਮੇਰੇ ਨਾਲ ਕੰਮ ਕਰਨ ਤੋਂ ਰੋਕ ਰਹੇ ਸਨ। ਉਨ੍ਹਾਂ ਨੇ ਮੈਨੂੰ ਕਿਹਾ ਵੀ ਸੀ ਕਿ ਇੰਡਸਟਰੀ ''ਚ ਕਈ ਲੋਕਾਂ ਦਾ ਮੰਨਣਾ ਹੈ ਕਿ ਖ਼ਯਾਮ ਬਦਕਿਸਮਤ ਵਿਅਕਤੀ ਹੈ।"

"ਉਨ੍ਹਾਂ ਦਾ ਸੰਗੀਤ ਹਿੱਟ ਤਾਂ ਹੁੰਦਾ ਹੈ ਪਰ ਜੁਬਲੀ ਨਹੀਂ ਕਰਦਾ। ਪਰ ਫਿਰ ਵੀ ਮੈਂ ਯਸ਼ ਚੌਪੜਾ ਦੀ ਫ਼ਿਲਮ ''ਚ ਸੰਗੀਤ ਦਿੱਤਾ ਅਤੇ ਫ਼ਿਲਮ ਨੇ ਡਬਲ ਜੁਬਲੀ ਕਰਕੇ ਸਾਰਿਆਂ ਦਾ ਮੂੰਹ ਬੰਦ ਕਰ ਦਿੱਤਾ।"

ਸੱਚਮੁੱਚ ਸਾਹਿਰ ਲੁਧਿਆਨਵੀ ਦੀ ਸ਼ਾਇਰੀ ''ਚ ਡੁੱਬਿਆ ਅਤੇ ਖ਼ਯਾਮ ਦੇ ਸੰਗੀਤ ''ਚ ਨਿਖਰਿਆ ''ਕਭੀ-ਕਭੀ'' ਦਾ ਇਹ ਗੀਤ ਸੱਚ ''ਚ ਬਹੁਤ ਹੀ ਬੇਮਿਸਾਲ ਹੋ ਨਿਭੜਿਆ।

ਇੱਥੇ ਯਾਦ ਆਉਂਦਾ ਹੈ ਕਭੀ-ਕਭੀ ਦਾ ਗੀਤ-

" ਮੈਂ ਪਲ ਦੋ ਪਲ ਕਾ ਸ਼ਾਇਰ ਹੂੰ…"

"ਕਲ ਔਰ ਆਏਂਗੇ ਨਗ਼ਮੋ ਕੀ ਖਿਲਤੀ ਕਲਿਆਂ ਚੁਨਨੇ ਵਾਲੇ

ਮੁਝ ਸੇ ਬਿਹਤਰ ਕਹਨੇ ਵਾਲੇ ਤੁਮ ਸੇ ਬਿਹਤਰ ਸੁਨਨੇ ਵਾਲੇ

ਕਲ ਕੋਈ ਮੁਝ ਕੋ ਯਾਦ ਕਰੇ, ਕਿਉਂ ਕੋਈ ਮੁਝ ਕੋ ਯਾਦ ਕਰੇ,

ਮਸ਼ਰੂਫ਼ ਜ਼ਮਾਨਾ ਮੇਰੇ ਲਿਏ, ਕਿਉਂ ਵਕਤ ਅਪਣਾ ਬਰਬਾਦ ਕਰੇ

ਮੈਂ ਪਲ ਦੋ ਪਲ ਕਾ ਸ਼ਾਇਰ ਹੂੰ…..।

ਇਹ ਵੀ ਪੜ੍ਹੋ-

  • ‘ਈਦ ਦੀ ਕਿਸ ਨੂੰ ਚਿੰਤਾ ਹੈ ਘਰ ਵਾਲਿਆਂ ਦਾ ਹਾਲ ਪਤਾ ਕਰਨਾ ਹੈ’
  • ਮੋਦੀ ਨਾਲ ਜੰਗਲ ''ਚ ਜਾਣ ਵਾਲੇ ਸ਼ਖਸ ਬਾਰੇ ਜਾਣੋ
  • ‘ਜਦੋਂ ਮੈਂ ਆਪਣੇ ਘਰੋਂ ਕੱਢੀ ਗਈ, ਮੈਨੂੰ ਨਸ਼ੇ ਦੀ ਲਤ ਲੱਗ ਗਈ’
  • ਕੈਂਸਰ ਮਰੀਜ਼ ਜੋ ਦੂਸਰਿਆਂ ਨੂੰ ਹੌਂਸਲਾ ਦੇਣ ਲਈ ਯੂਟਿਊਬ ਵੀਡੀਓ ਬਣਾਉਂਦੀ

ਇਹ ਵੀਡੀਓਜ਼ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=sNSzvZH1-Sg

https://www.youtube.com/watch?v=ltta6wxCDpI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)