ਭਾਰਤ-ਪਾਕਿਸਤਾਨ ਦੀ ਵੰਡ ਦੀ ਭੇਂਟ ਚੜ੍ਹਿਆ ਸੀ 5000 ਸਾਲ ਪੁਰਾਣਾ ਹਾਰ

08/14/2019 4:16:34 PM

ਜਦੋਂ ਦੇਸ਼ ਦੀ ਵੰਡ ਹੋਈ, ਤਾਂ ਸਿਰਫ਼ ਜ਼ਮੀਨ ਹੀ ਤਕਸੀਮ ਨਹੀਂ ਹੋਈ। ਸਿਰਫ਼ ਦੋ ਮੁਲਕਾਂ ਵਿਚਾਲੇ ਸਰਹੱਦਾਂ ਨਹੀਂ ਖਿੱਚੀਆਂ ਗਈਆਂ। ਵੰਡ ਸਾਂਝੀ ਵਿਰਾਸਤ ਤੇ ਸਾਂਝੀ ਤਵਾਰੀਖ ਦੀ ਵੀ ਹੋਈ।

ਦੋਵੇਂ ਮੁਲਕਾਂ ਦੇ ਵਸਨੀਕ ਸੂਈ, ਪੈਂਸਿਲ, ਕੁਰਸੀਆਂ ਤੇ ਪਾਲਤੂ ਜਾਨਵਰਾਂ ਲਈ ਲੜਨ ਲੱਗੇ।

ਭਾਰਤ-ਪਾਕਿਸਤਾਨ ਦੀ ਇਹ ਵੰਡ ਇੱਕ ਇਤਿਹਾਸਕ ਵਿਰਾਸਤ ਦੀ ਵੰਡ ਸੀ।ਸਿੰਧੂ ਘਾਟੀ ਸੱਭਿਅਤਾ ਦਾ ਕੇਂਦਰ ਰਹੇ ਮੋਹਨਜੋਦੜੋ ਦੀ ਖ਼ੁਦਾਈ ਵੇਲੇ ਮਿਲੇ ਇੱਕ ਹਾਰ ਨੂੰ ਲੈ ਕੇ ਭਾਰਤ ਪਾਕਿਸਤਾਨ ਵਿਚਾਲੇ ਜ਼ਬਰਦਸਤ ਖਿੱਚੋਤਾਣ ਹੋਈ।

Getty Images
ਵੰਡ ਤੋਂ ਬਾਅਦ ਭਰੀਆਂ ਰੇਲ ਗੱਡੀਆਂ

1920 ਦੇ ਦਹਾਕੇ ''ਚ ਹਿੰਦੋਸਤਾਨ ਆਜ਼ਾਦ ਨਹੀਂ ਹੋਇਆ ਸੀ ਤੇ ਭਾਰਤ-ਪਾਕਿਸਤਾਨ ਇੱਕ ਹੀ ਮੁਲਕ ਸਨ। ਉਸ ਵੇਲੇ ਸਿੰਧ ਸੂਬੇ ਦੀ ਖ਼ੁਦਾਈ ਦੌਰਾਨ ਤਕਰੀਬਨ 5000 ਸਾਲ ਪੁਰਾਣੇ ਸ਼ਹਿਰ ਦੇ ਨਿਸ਼ਾਨ ਮਿਲੇ।

ਇਸ ਨੂੰ ਸਿੰਧੂ ਘਾਟੀ ਸਭਿੱਅਤਾ ਦਾ ਨਾਮ ਦਿੱਤਾ ਗਿਆ। ਖ਼ੁਦਾਈ ''ਚ ਜੋ ਸ਼ਹਿਰ ਸਾਹਮਣੇ ਆਇਆ ਉਹ ਇਨਸਾਨੀ ਤਰੱਕੀ ਦੀ ਮਿਸਾਲ ਸੀ।

ਇਹ ਵੀ ਪੜ੍ਹੋ

  • ''ਭਗਤ ਸਿੰਘ ਦੀ ਭੈਣ ਤੋਂ ਗੁਰਮੁਖੀ ਸਿੱਖਦਾ ਸੀ, ਦੇਸ ਵੰਡਿਆ ਗਿਆ''
  • ਨਫ਼ਰਤ ਦੇ ਦੌਰ ''ਚ ''ਭਾਰਤ-ਪਾਕਿਸਤਾਨ'' ਦੀ ਮੁਹੱਬਤ
  • ਜਦੋਂ ਜਿਨਾਹ ਨੇ ਪੁੱਛਿਆ ''ਪਹਿਲਾਂ ਭਾਰਤੀ ਹੋ ਜਾਂ ਮੁਸਲਮਾਨ''

ਖ਼ੁਦਾਈ ਦੌਰਾਨ ਮਿਲਿਆ ਸੀ ਹਾਰ

ਸਿੰਧੂ ਘਾਟੀ ਦੀ ਸਭਿੱਅਤਾ ਦੀ ਖ਼ੋਜ ਨੇ ਅੰਗਰੇਜ਼ਾਂ ਦੇ ਗੁਲਾਮ ਹਿੰਦੋਸਤਾਨ ਨੂੰ ਆਪਣੀ ਤਵਾਰੀਖ ''ਤੇ ਮਾਣ ਮਹਿਸੂਸ ਕਰਨ ਦੀ ਵਜ੍ਹਾ ਦੇ ਦਿੱਤੀ। ਹੁਣ ਭਾਰਤ ਦੇ ਲੋਕ ਕਹਿ ਸਕਦੇ ਸੀ ਕਿ ਉਨ੍ਹਾਂ ਦਾ ਇਤਿਹਾਸ ਵੀ ਮਿਸਰ, ਯੂਨਾਨ ਤੇ ਚੀਨ ਦੀ ਸਭਿੱਅਤਾ ਵਾਂਗ ਹਜ਼ਾਰਾਂ ਸਾਲ ਪੁਰਾਣਾ ਹੈ।

Getty Images
ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਹੋਏ ਦੰਗੇ

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ ''ਡਿਸਕਵਰੀ ਆਫ ਇੰਡੀਆ'' ''ਚ ਮੋਹਨਜੋਦੜੋ ਬਾਰੇ ਲਿਖਿਆ ਹੈ।

ਨਹਿਰੂ ਕਹਿੰਦੇ ਹਨ ਕਿ ਮੋਹਨਜੋਦੜੋ ਦੇ ਟਿੱਲੇ ''ਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਪੰਜ ਹਜ਼ਾਰ ਸਾਲ ਤੋਂ ਵੀ ਪੁਰਾਣੀ ਸੱਭਿਅਤਾ ਦੀ ਪੈਦਾਇਸ਼ ਹਨ, ਇੱਕ ਅਜਿਹੀ ਸੱਭਿਅਤਾ ਜੋ ਲਗਾਤਾਰ ਬਦਲ ਰਹੀ ਹੈ।

ਮੋਹਨਜੋਦੜੋ ਦੀ ਖ਼ੁਦਾਈ ਦੌਰਾਨ ਇੱਕ ਨੱਚਦੀ ਹੋਈ ਮਹਿਲਾ ਦੀ ਮੂਰਤੀ, ਇੱਕ ਧਿਆਨ ਲਗਾਏ ਹੋਏ ਪੁਜਾਰੀ ਦਾ ਬੁੱਤ ਤੇ ਹਜ਼ਾਰਾਂ ਇਤਿਹਾਸਕ ਵਸਤਾਂ ਮਿਲੀਆਂ ਪਰ ਕੋਈ ਵੀ ਚੀਜ਼ ਸਾਬਤ ਨਹੀਂ ਸੀ।

ਇਸ ਖ਼ੁਦਾਈ ''ਚ ਇੱਕ ਸੋਨੇ ਦਾ ਹਾਰ ਜ਼ਰੂਰ ਮਿਲਿਆ। ਬੇਹੱਦ ਕੀਮਤੀ ਪੱਥਰਾਂ ਨੂੰ ਸੋਨੇ ਦੀਆਂ ਲੜੀਆਂ ''ਚ ਪਿਰੋਇਆ ਗਿਆ ਸੀ। ਮੋਹਨਜੋਦੜੋ ''ਚ ਮਿਲਿਆ ਇਹ ਇਕਲੌਤਾ ਹਾਰ ਸੀ, ਜੋ ਹਜ਼ਾਰਾਂ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਬਤ ਸੀ।

ਸਿੰਧੂ ਘਾਟੀ ਸੱਭਿਅਤਾ ਦੀ ਖ਼ੋਜ ਬਹੁਤ ਵੱਡੀ ਘਟਨਾ

ਭਾਰਤੀ ਇਤਿਹਾਸਕਾਰ ਸੁਦੇਸ਼ਨਾ ਗੁਹਾ ਮੁਤਾਬਿਕ ਸਿੰਧੂ ਘਾਟੀ ਸਭਿੱਅਤਾ ਦੀ ਖ਼ੁਦਾਈ ''ਚ ਬਹੁਤ ਘੱਟ ਗਹਿਣੇ ਮਿਲੇ ਸੀ। ਸੋਨੇ ਦਾ ਬਣਿਆ ਇਹ ਇਕੱਲਾ ਬੇਸ਼ਕੀਮਤੀ ਹਾਰ ਸੀ।

ਇਹ ਇੱਕ ਸਨਸਨੀਖੇਜ਼ ਖੋਜ ਸੀ। ਇਹ ਹਾਰ ਇੱਕ ਤਾਂਬੇ ਦੇ ਭਾਂਡੇ ''ਚ ਮਿਲਿਆ ਸੀ। ਮੰਨਿਆ ਜਾਂਦਾ ਹੈ ਕਿ ਉਹ ਘਰ ਇੱਕ ਸੁਨਿਆਰੇ ਦਾ ਰਿਹਾ ਹੋਵੇਗਾ।

ਸੁਦੇਸ਼ਨਾ ਗੁਹਾ ਮੁਤਾਬਿਕ ਸਿੰਧੂ ਘਾਟੀ ਸੱਭਿਅਤਾ ਦੀ ਖੋਜ ਭਾਰਤ ਲਈ ਬਹੁਤ ਵੱਡੀ ਚੀਜ਼ ਸੀ। ਇਸ ਸੱਭਿਅਤਾ ਦੇ ਸਾਹਮਣੇ ਆਉਣ ਨਾਲ ਭਾਰਤ ਉਨਾਂ ਦੇਸ਼ਾਂ ਦੀ ਜ਼ਮਾਤ ''ਚ ਸ਼ਾਮਲ ਹੋ ਗਿਆ, ਜਿਨ੍ਹਾਂ ਦਾ ਮਾਣ-ਮੱਤਾ ਇਤਿਹਾਸ ਰਿਹਾ ਹੈ।

Getty Images

ਸਿੰਧੂ ਘਾਟੀ ਸੱਭਿਅਤਾ ਭਾਰਤ-ਪਾਕਿਸਤਾਨ ਦੀ ਸਾਂਝੀ ਵਿਰਾਸਤ ਹੈ, ਕਿਉਂਕਿ ਇਹ 1947 ਦੀ ਵੰਡ ਤੋਂ ਪਹਿਲਾ ਇੱਕ ਹੀ ਮੁਲਕ ਸਨ।

ਜਦੋਂ ਜੂਨ 1947 ''ਚ ਦੋਵਾਂ ਦੇਸ਼ ਦੀ ਵੰਡ ਦਾ ਐਲਾਨ ਹੋਇਆ, ਤਾਂ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਲੋਕ ਛੋਟੀਆਂ-ਛੋਟੀਆਂ ਚੀਜ਼ਾਂ ਲਈ ਲੜਨ ਲੱਗੇ। ਕੁਝ ਮਹੀਨੇ ਪਹਿਲਾਂ ਇੰਗਲੈਡ ਤੋਂ ਮੰਗਵਾਈਆਂ ਗਈਆਂ 60 ਬੱਤਖਾਂ ਨੂੰ ਦੋਵਾਂ ਦੇਸ਼ਾਂ ''ਚ ਵੰਡਿਆ ਗਿਆ ।

ਜੰਗਲਾਤ ਮਹਿਕਮੇ ਦੀ ਜਾਇਦਾਦ ਰਹੇ ਜੌਏਮੁਨੀ ਨਾਂ ਦੇ ਇੱਕ ਹਾਥੀ ਨੂੰ ਜਦੋਂ ਪੂਰਬੀ ਬੰਗਾਲ ਨੂੰ ਦੇ ਦਿੱਤਾ ਗਿਆ, ਤਾਂ ਭਾਰਤ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਹਾਥੀ ਦੇ ਮਹਾਵਤ ਨੇ ਹਿੰਦੋਸਤਾਨ ''ਚ ਰਹਿਣ ਦਾ ਫ਼ੈਸਲਾ ਕੀਤਾ ਸੀ।

ਦੇਸ਼ ਦੀ ਵੰਡ ਦੇ ਨਾਲ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਦੇ ਹਿੱਸੇ ਹੋ ਗਏ। ਮਿਸਾਲ ਦੇ ਤੌਰ ''ਤੇ ਵਿਦੇਸ਼ ਮੰਤਾਰਾਲੇ ਤੋਂ 21 ਟਾਇਪਰਾਇਟਰ, 31 ਪੈੱਨ ਸਟੈਂਡ, 16 ਕੁਰਸੀਆਂ, 125 ਪੇਪਰ ਕੈਬਿਨੇਟ ਤੇ ਅਫਸਰਾਂ ਦੇ ਬੈਠਣ ਲਈ 31 ਕੁਰਸੀਆਂ ਪਾਕਿਸਤਾਨ ਭੇਜੀਆਂ ਗਈਆਂ।

ਇਹ ਤਾਂ ਇੱਕ ਛੋਟੀ ਜਿਹੀ ਮਿਸਾਲ ਸੀ, ਅਸਲ ''ਚ ਜਦੋਂ ਦੇਸ਼ ਦੀ ਵੰਡ ਹੋਈ, ਤਾਂ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਦਿੱਲੀ ਆਜ਼ਾਦ ਭਾਰਤ ਦੀ ਰਾਜਧਾਨੀ ਬਣ ਗਈ।

https://www.youtube.com/watch?v=wj9fROxBKl8

ਪਾਕਿਸਤਾਨ ਨੂੰ ਝੱਲਣੀ ਪਈ ਕਿੱਲਤ

ਪਾਕਿਸਤਾਨ ਨੇ ਕਰਾਚੀ ਨੂੰ ਆਪਣੀ ਰਾਜਧਾਨੀ ਬਣਾਇਆ। ਕਰਾਚੀ ਇੱਕ ਸੂਬੇ ਦੀ ਰਾਜਧਾਨੀ ਸੀ। ਦਫ਼ਤਰਾਂ ਦੀ ਗਿਣਤੀ ਬੇਹੱਦ ਘੱਟ ਸੀ ਜਿੰਨੇ ਕਿਸੇ ਦੇਸ਼ ਨੂੰ ਚਾਹੀਦੇ ਹੁੰਦੇ ਹਨ। ਨਾ ਥਾਂ ਸੀ ਤੇ ਨਾ ਹੀ ਸਰਕਾਰੀ ਕੰਮਾਂ ਲਈ ਜ਼ਰੂਰੀ ਸਮਾਨ।

ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਕਾਗਜ਼, ਫਾਇਲਾਂ, ਪੈੱਨ ਤੇ ਪਿਨ ਵਰਗੀਆਂ ਚੀਜ਼ਾਂ ਦੀ ਕਿੱਲਤ ਝੱਲਣੀ ਪਈ।

Getty Images

ਤੁਸੀਂ ਸੋਚ ਸਕਦੇ ਹੋ ਕਿ ਜਦੋਂ ਦੋ ਦੇਸ਼ ਪੈਨ-ਪੈਂਸਿਲ ਤੇ ਪਿਨ ਵਰਗੀਆਂ ਚੀਜ਼ਾਂ ਵੀ ਵੰਡ ਕਰ ਰਹੇ ਸੀ ਤਾਂ ਉਨ੍ਹਾਂ ਨੇ ਬੇਸ਼ਕੀਮਤੀ ਤੇ ਇਤਿਹਾਸਕ ਚੀਜ਼ਾਂ ਦੀ ਵੰਡ ਕਿਵੇਂ ਕੀਤੀ ਹੋਵੇਗੀ।

ਹਰ ਦੇਸ਼ ਦੀ ਹੋਂਦ ਲਈ ਉਸਦਾ ਇੱਕ ਇਤਿਹਾਸ ਹੋਣਾ ਜ਼ਰੂਰੀ ਹੈ। ਭਾਰਤ-ਪਾਕਿਸਤਾਨ ਦਾ ਕੋਈ ਵੱਖਰਾ ਨਹੀਂ ਬਲਕਿ ਇੱਕ ਹੀ ਇਤਿਹਾਸ ਸੀ, ਹੁਣ ਉਸਦੀ ਵੰਡ ਕਿਵੇਂ ਕਰਦੇ।

ਮੁਲਕ ਵੱਖ ਹੋਣ ਦੇ ਨਾਲ ਸਿੰਧੂ ਘਾਟੀ ਦੀ ਸੱਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਮੋਹਨਜੋਦੜੋ, ਪਾਕਿਸਤਾਨ ''ਚ ਹੀ ਰਹਿ ਗਿਆ।

ਪਾਕਿਸਤਾਨ ਦਾ ਆਪਣਾ ਕੋਈ ਵੱਖਰਾ ਇਤਿਹਾਸ ਨਹੀਂ ਸੀ। ਇਸ ਲਈ ਇਹ ਜ਼ਰੂਰੀ ਸੀ ਕਿ ਉਹ ਸਿੰਧੂ ਘਾਟੀ ਦੀ ਸੱਭਿਅਤਾ ਨੂੰ ਭਾਰਤ ਦੇ ਬਾਕੀ ਇਤਿਹਾਸ ਤੋਂ ਵੱਖਰਾ ਕਰਕੇ ਦੱਸਦੇ।

ਅਜਿਹਾ ਕਰਨ ਲਈ ਪਾਕਿਸਤਾਨ ਕੋਲ ਮੋਹਨਜੋਦੜੋ ''ਚ ਮਿਲੀਆਂ ਚੀਜ਼ਾਂ ਦਾ ਹੋਣਾ ਵੀ ਜ਼ਰੂਰੀ ਸੀ।

ਇਹ ਵੀ ਪੜ੍ਹੋ

  • ਵੰਡ ਦੇ ਫ਼ਿਰਕੂਪੁਣੇ ''ਚ ਕਿੰਝ ਬਚੀ 3 ਦੋਸਤਾਂ ਦੀ ਮਿੱਤਰਤਾ
  • ''ਸਮਰਾਲੇ ਤੋਂ ਲਾਹੌਰ ਗਏ ਵੱਡੇ ਲੇਖਕ ਮੰਟੋ ਨੂੰ ਲੋਕ ਯਾਦ ਕਰਦੇ ਨੇ ਸਰਕਾਰਾਂ ਨਹੀਂ''
  • 1947 ਦੀ ਵੰਡ : ਜਿਨਾਹ ਹੀ ਨਹੀਂ ਹੋਰ ਵੀ ਸੀ ਜ਼ਿੰਮੇਵਾਰ

ਵੰਡ ''ਚ ਕਿਸ ਨੂੰ ਕੀ ਮਿਲਿਆ?

ਇਤਿਹਾਸਕਾਰ ਸੁਦੇਸ਼ਨਾ ਗੁਹਾ ਮੁਤਾਬਕ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ, ਤਾਂ ਭਾਰਤ ਨੇ ਵੀ ਸਿੰਧੂ ਘਾਟੀ ਦੀ ਸੱਭਿਅਤਾ ''ਚ ਇੱਕ ਹਜ਼ਾਰ ਤੋਂ ਵੱਧ ਮਿਲੀਆਂ ਇਤਿਹਾਸਕ ਚੀਜ਼ਾਂ ''ਤੇ ਆਪਣੀ ਦਾਅਵੇਦਾਰੀ ਕੀਤੀ।

ਸਮਾਨ ਦੀ ਵੰਡ ਦਾ ਜੋ ਫ਼ਾਰਮੂਲਾ ਤੈਅ ਕੀਤਾ ਗਿਆ, ਉਸਦੇ ਤਹਿਤ ਭਾਰਤ ਨੂੰ 60 ਫ਼ੀਸਦ ਤੇ ਪਾਕਿਸਤਾਨ ਨੂੰ 40 ਫ਼ੀਸਦ ਸਮਾਨ ਮਿਲਣਾ ਸੀ।

ਨੱਚਦੀ ਹੋਈ ਕੁੜੀ ਭਾਰਤ ਦੇ ਹਿੱਸੇ ਆਈ ਅਤੇ ਧਿਆਨ ਲਾਈ ਯੋਗੀ ਦਾ ਬੁੱਤ ਪਾਕਿਸਤਾਨ ਦੇ ਹਿੱਸੇ ਗਿਆ। ਹੁਣ ਅੜਿੱਕਾ ਸੀ ਸੋਨੇ ਦੇ ਹਾਰ ''ਤੇ, ਉਹੀ ਹਾਰ ਜੋ ਖ਼ੁਦਾਈ ਵਿੱਚ ਮਿਲਿਆ ਇਕਲੌਤਾ ਅਟੁੱਟ ਸਮਾਨ ਸੀ।

ਹਾਰ ''ਤੇ ਦੋਵਾਂ ਮੁਲਕਾਂ ''ਚ ਅੜਿੱਕਾ

Getty Images

ਜਦੋਂ ਹਾਰ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਤਾਂ ਤੋੜ ਕੱਢਿਆ ਗਿਆ ਕਿ ਦੇਸ਼ ਦੀ ਵੰਡ ਦੀ ਤਰ੍ਹਾਂ ਹਾਰ ਵੀ ਦੋ ਹਿੱਸਿਆਂ ''ਚ ਵੰਡ ਦਿੱਤਾ ਜਾਵੇ।

ਹਾਰ ਨੂੰ ਵੀ ਦੋਵਾਂ ਦੇਸ਼ਾਂ ਵਿਚਾਲੇ ਅੱਧਾ-ਅੱਧਾ ਵੰਡ ਦਿੱਤਾ ਗਿਆ। ਅੱਜ ਭਾਰਤ ਦੇ ਹਿੱਸੇ ਵਾਲੇ ਹਾਰ ਦਾ ਇੱਕ ਹਿੱਸਾ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ''ਚ ਰੱਖਿਆ ਗਿਆ ਹੈ।

ਇੱਕ ਵਾਰ ਅਮਰੀਕਾ ''ਚ ਹੋਈ ਨੁਮਾਇਸ਼ ''ਚ ਦੋਵਾਂ ਦੇਸ਼ਾਂ ਨੂੰ ਹਾਰ ਦੇ ਟੁਕੜਿਆਂ ਨੂੰ ਇਕੱਠਾ ਕਰਨ ਦਾ ਪ੍ਰਸਤਾਵ ਦਿੱਤਾ ਗਿਆ, ਪਰ ਭਾਰਤ ਨੇ ਇਸ ਲਈ ਨਾਂਹ ਕਰ ਦਿੱਤੀ।

ਮੋਹਨਜੋਦੜੋ ''ਚ ਮਿਲੇ ਹਾਰ ਦੇ ਇਹ ਦੋ ਟੁਕੜੇ ਭਾਰਤ-ਪਾਕਿਸਤਾਨ ਦੀ ਵੰਡ ਦੇ ਵਿਚਾਲੇ ਇਤਿਹਾਸ ਦੇ ਵੰਡ ਦੇ ਸਭ ਤੋਂ ਵੱਡੇ ਗਵਾਹ ਹਨ।

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)