1947 ਦੀ ਵੰਡ : ਜਿਨਾਹ ਹੀ ਨਹੀਂ ਕਈ ਹੋਰ ਵੀ ਸਨ ਜ਼ਿੰਮੇਵਾਰ

08/14/2019 4:16:29 PM

Getty Images
ਭਾਰਤ ਵਿੱਚ ਮੁਹੰਮਦ ਅਲੀ ਜਿਨਾਹ ਨੂੰ ਵੰਡ ਲਈ ਦੋਸ਼ ਮੰਨਿਆ ਜਾਂਦਾ ਹੈ

ਭਾਰਤ ਦੀ ਵੰਡ ਲਈ ਕੇਵਲ ਜਿਨਾਹ ਨਹੀਂ ਕਾਂਗਰਸ ਅਤੇ ਹਿੰਦੂ ਮਹਾਂਸਭਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਭਾਰਤ ਦੀ ਵੰਡ ਇੱਕ ਮੁਸ਼ਕਿਲ ਮਸਲਾ ਹੈ ਜਿਸ ਦੇ ਲਈ ਕਿਸੇ ਇੱਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣਾ ਨਾਸਮਝੀ ਹੈ।

ਇਸ ਵਿੱਚ ਮੁਸਲਿਮ ਲੀਗ, ਹਿੰਦੂ ਮਹਾਂਸਭਾ, ਕਾਂਗਰਸ ਅਤੇ ਬਰਤਾਨਵੀ ਸ਼ਾਸਨ ਸਣੇ ਸਾਰਿਆਂ ਦੀ ਭੂਮਿਕਾ ਹੈ। ਕਿਸੇ ਦੀ ਘੱਟ, ਕਿਸੇ ਦੀ ਵਧ, ਇਸ ਬਾਰੇ ਬਹਿਸ ਦੀ ਪੂਰੀ ਗੁੰਜਾਇਸ਼ ਹੈ।

(ਇਹ ਲੇਖ ਸਾਲ 2018 ਵਿੱਚ ਛਾਪਿਆ ਗਿਆ ਸੀ)

  • ਜਦੋਂ ਭਗਤ ਸਿੰਘ ਦੇ ਹੱਕ ''ਚ ਬੋਲੇ ਸਨ ਜਿਨਾਹ
  • ਕੀ ਇਹ ਜਿਨਾਹ ਦੇ ਸੁਪਨਿਆਂ ਦਾ ਪਾਕਿਸਤਾਨ ਹੈ?
  • ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਇਹ ਸੱਚ ਹੈ ਕਿ ਮੁਸਲਿਮ ਲੀਗ ਨੇ ਵੱਖ ਦੇਸ ਦੀ ਮੰਗ ਕੀਤੀ ਸੀ ਅਤੇ ਉਨ੍ਹਾਂ ਦੀ ਇਹ ਮੰਗ ਪੂਰੀ ਵੀ ਹੋ ਗਈ। ਇਹੀ ਕਾਰਨ ਹੈ ਕਿ ਵੰਡ ਦਾ ਪੂਰਾ ਦੋਸ਼ ਮੁਸਲਮਾਨਾਂ ''ਤੇ ਪਾ ਦਿੱਤਾ ਗਿਆ ਪਰ ਅਜਿਹਾ ਨਹੀਂ ਹੈ।

ਕਈ ਮੁਸਲਮਾਨ ਸਨ ਵੰਡ ਦੇ ਵਿਰੋਧੀ

ਸਾਰੇ ਮੁਸਲਮਾਨ ਵੰਡ ਦੇ ਪੱਖ ਵਿੱਚ ਨਹੀਂ ਸਨ ਜਾਂ ਕੇਵਲ ਮੁਸਲਮਾਨ ਹੀ ਇਸਦੇ ਲਈ ਜ਼ਿੰਮੇਵਾਰ ਸਨ।

ਮੌਲਾਨਾ ਆਜ਼ਾਦ ਅਤੇ ਖ਼ਾਨ ਅਬਦੁੱਲ ਗੱਫਾਰ ਖ਼ਾਨ ਵੰਡ ਦੇ ਸਭ ਤੋਂ ਵੱਡੇ ਵਿਰੋਧੀ ਸਨ।

Getty Images

ਉਨ੍ਹਾਂ ਨੇ ਇਸ ਦੇ ਖਿਲਾਫ਼ ਵੱਡੇ ਪੱਧਰ ''ਤੇ ਆਵਾਜ਼ ਚੁੱਕੀ ਸੀ ਪਰ ਉਨ੍ਹਾਂ ਤੋਂ ਇਲਾਵਾ ਇਮਾਰਤ-ਏ-ਸ਼ਰੀਆ ਦੇ ਮੌਲਾਨਾ ਸੱਜਾ, ਮੌਲਾਨਾ ਹਾਫਿਜ਼-ਉਰ-ਰਹਿਮਾਨ, ਤੁਫ਼ੈਲ ਅਹਿਮਦ ਮੰਗਲੌਰੀ ਵਰਗੇ ਕਈ ਹੋਰ ਲੋਕ ਸਨ ਜਿਨ੍ਹਾਂ ਨੇ ਬਹੁਤ ਸਰਗਰਮੀ ਨਾਲ ਮੁਸਲਿਮ ਲੀਗ ਦੀ ਵੰਡ ਵਾਲੀ ਸਿਆਸਤ ਦਾ ਵਿਰੋਧ ਕੀਤਾ ਸੀ।

ਮੋਤੀਲਾਲ ਨਹਿਰੂ ਕਮੇਟੀ ਦੀਆਂ ਸਿਫਾਰਸ਼ਾਂ

ਇਤਿਹਾਸਕਾਰ ਉਮਾ ਕੌਰਾ ਨੇ ਲਿਖਿਆ ਹੈ ਕਿ ਵੰਡ ਦੀ ਲਾਈਨ ਉਸ ਵੇਲੇ ਡੂੰਘੀ ਹੋ ਗਈ ਜਦੋਂ 1929 ਵਿੱਚ ਮੋਤੀਲਾਲ ਨਹਿਰੂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਹਿੰਦੂ ਮਹਾਂਸਭਾ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਮੋਤੀਲਾਲ ਨਹਿਰੂ ਕਮੇਟੀ ਨੇ ਹੋਰ ਗੱਲਾਂ ਤੋਂ ਇਲਾਵਾ ਇਸ ਗੱਲ ਦੀ ਵੀ ਸਿਫਾਰਸ਼ ਕੀਤੀ ਸੀ ਕਿ ਸੈਂਟਰਲ ਅਸੈਂਬਲੀ ਵਿੱਚ ਮੁਸਲਮਾਨਾਂ ਦੇ ਲਈ 33 ਫੀਸਦ ਸੀਟਾਂ ਰਾਖਵੀਆਂ ਹੋਣ।

ਆਇਸ਼ਾ ਜਲਾਲ ਨੇ ਲਿਖਿਆ ਹੈ ਕਿ 1938 ਤੱਕ ਜਿਨਾਹ ਮੁਸਲਮਾਨਾਂ ਦੇ ਇਕੱਲੇ ਬੁਲਾਰੇ ਬਣ ਗਏ ਕਿਉਂਕਿ ਕੇਵਲ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕ ਰਹੇ ਸਨ।

ਦੂਜੇ ਪਾਸੇ ਇਤਿਹਾਸਕਾਰ ਚਾਰੂ ਗੁਪਤਾ ਨੇ ਲਿਖਿਆ, "ਕਾਂਗਰਸ ਦੇ ਅੰਦਰ ਦੇ ਹਿੰਦੂਵਾਦੀ ਅਤੇ ਹਿੰਦੂ ਮਹਾਂਸਭਾ ਦੇ ਨੇਤਾ ਜਿਸ ਤਰੀਕੇ ਨਾਲ ਭਾਰਤ ਮਾਤਾ, ਮਾਂ ਬੋਲੀ ਅਤੇ ਗਊ ਮਾਤਾ ਦੇ ਨਾਅਰੇ ਲਗਾ ਰਹੇ ਸਨ ਉਸ ਨਾਲ ਬਹੁਗਿਣਤੀ ਦੇ ਏਕਾਅਧਿਕਾਰ ਦਾ ਮਾਹੌਲ ਬਣ ਰਿਹਾ ਸੀ ਜਿਸ ਵਿੱਚ ਮੁਸਲਮਾਨਾਂ ਦਾ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਸੁਭਾਵਿਕ ਸੀ।''''

ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ 1932 ਵਿੱਚ ਗਾਂਧੀ-ਅੰਬੇਡਕਰ ਦੇ ਪੁਣੇ ਪੈਕਟ ਤੋਂ ਬਾਅਦ ਜਦੋਂ ''ਹਰੀਜਨਾਂ'' ਦੇ ਲਈ ਸੀਟਾਂ ਰਾਖਵੀਆਂ ਹੋਈਆਂ ਤਾਂ ਸਵਰਨ ਜਾਤੀ ਅਤੇ ਮੁਸਲਮਾਨਾਂ, ਦੋਵਾਂ ਵਿੱਚ ਬੇਚੈਨੀ ਵਧੀ। ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਦਬਦਬਾ ਘੱਟ ਹੋ ਜਾਵੇਗਾ।

ਬੰਗਾਲ ਨੇ ਰੱਖੀ ਵੰਡ ਦੀ ਨੀਂਹ

ਇਤਿਹਾਸਕਾਰ ਜੋਇਆ ਚੈਟਰਜੀ ਦਾ ਕਹਿਣਾ ਹੈ ਕਿ 1932 ਤੋਂ ਬਾਅਦ ਬੰਗਾਲ ਵਿੱਚ ਹਿੰਦੂ-ਮੁਸਲਮਾਨਾਂ ਦਾ ਟਕਰਾਅ ਵਧਦਾ ਗਿਆ ਜੋ ਵੰਡ ਦੀ ਭੂਮਿਕਾ ਤਿਆਰ ਕਰਨ ਲੱਗਾ।

ਦਰਅਸਲ 1905 ਵਿੱਚ ਧਰਮ ਦੇ ਆਧਾਰ ''ਤੇ ਬੰਗਾਲ ਦੀ ਵੰਡ ਕਰਕੇ ਅੰਗਰੇਜ਼ਾਂ ਨੇ ਵੰਡ ਦੀ ਨੀਂਹ ਤਿਆਰ ਕਰ ਦਿੱਤੀ ਸੀ।

ਜੋਇਆ ਲਿਖਦੇ ਹਨ, "ਪੂਰਬੀ ਬੰਗਾਲ ਵਿੱਚ ਫਜ਼ਲ-ਉਲ-ਹੱਕ ਦੀ ਕ੍ਰਿਸ਼ੀ ਪ੍ਰਜਾ ਪਾਰਟੀ ਦਾ ਅਸਰ ਵਧਿਆ ਅਤੇ ਪੂਨਾ ਪੈਕਟ ਤੋਂ ਬਾਅਦ ''ਹਰੀਜਨਾਂ'' ਦੇ ਲਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ।

"ਇਸਦਾ ਅਸਰ ਇਹ ਹੋਇਆ ਕਿ ਕਥਿਤ ਉੱਚ ਜਾਤੀ ਹਿੰਦੂਆਂ ਦਾ ਦਬਦਬਾ ਘਟਣ ਲੱਗਿਆ, ਇਸ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਸਦਾ ਨਤੀਜਾ ਇਹ ਹੋਇਆ ਕਿ ਬੰਗਾਲ ਦੇ ਕਥਿਤ ਉੱਚ ਜਾਤੀ ਦੇ ਲੋਕ ਬਰਤਾਨਵੀ ਰਾਜ ਦੇ ਵਿਰੋਧ ਦੇ ਬਦਲੇ ਮੁਸਲਮਾਨਾਂ ਦੇ ਖਿਲਾਫ਼ ਰੁਖ ਅਖਿਤਆਰ ਕਰਨ ਲੱਗੇ।''''

ਵਿਲੀਅਮ ਗੋਲਡ ਨੇ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੇ ਵੱਡੇ ਆਗੂ, ਪੁਰਸ਼ੋਤਮ ਦਾਸ ਟੰਡਨ, ਸੰਪੂਰਣਾਨੰਦ ਅਤੇ ਗੋਵਿੰਦ ਵੱਲਭ ਪੰਤ ਦਾ ਝੁਕਾਅ ਹਿੰਦੂਵਾਦ ਵੱਲ ਸੀ ਜਿਸ ਕਾਰਨ ਮੁਸਲਮਾਨ ਅਲਗ-ਥਲੱਗ ਮਹਿਸੂਸ ਕਰ ਰਹੇ ਸਨ।

ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਵੰਡ ਵਿੱਚ ਉੱਤਰ ਪ੍ਰਦੇਸ਼ ਦੇ ਮੁਸਲਮਾਨਾਂ ਦੀ ਭੂਮਿਕਾ ਵੀ ਘੱਟ ਨਹੀਂ ਸੀ।

ਫਿਰਕਾਪ੍ਰਸਤੀ ਤਾਕਤਾਂ ''ਚ ਹੋੜ ਸੀ

ਫਰਾਂਸਿਸ ਰੌਬਿਨਸਨ ਅਤੇ ਵੈਂਕਟ ਧੁਲਿਪਾਲਾ ਨੇ ਲਿਖਿਆ ਹੈ ਕਿ ਯੂਪੀ ਦੇ ਖਾਨਦਾਨੀ ਰਈਸ ਅਤੇ ਜ਼ਿਮੀਂਦਾਰ ਸਮਾਜ ਵਿੱਚ ਆਪਣੀ ਹੈਸੀਅਤ ਨੂੰ ਹਮੇਸ਼ਾ ਦੇ ਲਈ ਬਣਾਏ ਰੱਖਣਾ ਚਾਹੁੰਦੇ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਭਾਰਤ ਵਿੱਚ ਉਨ੍ਹਾਂ ਦਾ ਪੁਰਾਣਾ ਰੁਤਬਾ ਬਰਕਰਾਰ ਨਹੀਂ ਰਹਿ ਸਕੇਗਾ।

ਮੁਸ਼ੀਰੁਲ ਹਸਨ, ਪਾਪਿਆ ਘੋਸ਼ ਅਤੇ ਵਨਿਤਾ ਦਾਮੋਦਰਨ ਜਿਹੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ 1937 ਵਿੱਚ ਕਾਂਗਰਸ ਦੀ ਅਗਵਾਈ ਵਿੱਚ ਜਦੋਂ ਸਰਕਾਰ ਬਣੀ ਤਾਂ ਹਿੰਦੂਆਂ ਅਤੇ ਮੁਸਲਮਾਨਾਂ, ਦੋਵੇਂ ਪਾਸੇ ਦੇ ਫਿਰਕੂ ਅਨਸਰਾਂ ਵਿੱਚ ਸੱਤਾ ਦੇ ਵੱਡੇ ਹਿੱਸੇ ''ਤੇ ਕਬਜ਼ਾ ਕਰਨ ਦੀ ਹੋੜ ਲੱਗੀ ਹੋਈ ਸੀ ਜੋ 1940 ਤੋਂ ਬਾਅਦ ਲਗਾਤਾਰ ਵਧਦੀ ਗਈ।

ਜਦੋਂ ਕਾਂਗਰਸ ਨਾਲ ਜੁੜੇ ਮੁਸਲਮਾਨ ਖੁਦ ਨੂੰ ਅਲੱਗ-ਥਲੱਗ ਮਹਿਸੂਸ ਕਰਨ ਲੱਗੇ ਤਾਂ ਜਿਨਾਹ ਦੀ ਮੁਸਲਿਮ ਲੀਗ ਨੇ ਆਪਣੀ ਸਿਆਸਤ ਚਮਕਾਉਣ ਦੇ ਲਈ ਇਸ ਦਾ ਪੂਰਾ ਫਾਇਦਾ ਚੁੱਕਿਆ।

ਗੌਰ ਕਰਨ ਵਾਲੀ ਗੱਲ ਹੈ ਕਿ ਅੰਗਰੇਜ਼ਾਂ ਨੇ ਮੁਸਲਿਮ ਲੀਗ ਅਤੇ ਹਿੰਦੂ ਮਹਾਂਸਭਾ ਦੋਵਾਂ ਨੂੰ ਉਕਸਾਇਆ ਕਿਉਂਕਿ ਉਹ ਉਨ੍ਹਾਂ ਦੇ ਨਾਲ ਨਹੀਂ ਲੜ ਰਹੇ ਸਨ ਜਦਕਿ 1942 ਵਿੱਚ ''ਭਾਰਤ ਛੱਡੋ ਅੰਦੋਲਨ'' ਦੌਰਾਨ ਤਕਰੀਬਨ ਸਾਰੇ ਵੱਡੇ ਕਾਂਗਰਸੀ ਨੇਤਾਵਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ ਅਜਿਹੇ ਵਿੱਚ ਫਿਰਕੂ ਲੋਕਾਂ ਨੂੰ ਸੁਨਹਿਰਾ ਮੌਕਾ ਮਿਲਿਆ।

ਜੇ ਤੁਸੀਂ ਸਮਝਦੇ ਹੋ ਕਿ ਮੁਸਲਿਮ ਲੀਗ ਅਤੇ ਹਿੰਦੂ ਮਹਾਂਸਭਾ ਦੇ ਵਿਚਾਲੇ ਕੋਈ ਝਗੜਾ ਸੀ ਤਾਂ ਤੁਹਾਨੂੰ ਇਹ ਜ਼ਰੂਰ ਜਾਣਨਾ ਪਵੇਗਾ ਕਿ ਜਦੋਂ ਕਾਂਗਰਸ ਦੇ ਨੇਤਾ ਜੇਲ੍ਹ ਵਿੱਚ ਸਨ ਤਾਂ ਬੰਗਾਲ, ਸੂਬਾ ਸਰਹਦ ਅਤੇ ਸਿੰਧ ਵਿੱਚ ਉਹ ਮਿਲ ਕੇ ਸਰਕਾਰਾਂ ਚਲਾ ਰਹੇ ਸਨ।

ਇਸ ਨਾਲ ਉਨ੍ਹਾਂ ਦੀ ਫਿਰਕੂ ਸਿਆਸਤ ਹੋਰ ਮਜ਼ਬੂਤ ਹੋਈ ਅਤੇ ਗਾਂਧੀ-ਨਹਿਰੂ ਨੇ ਜੋ ਹਿੰਦੂ-ਮੁਸਲਿਮ ਏਕਤਾ ਦੀ ਨੀਂਹ ਰੱਖੀ ਸੀ ਉਹ ਵੀ ਕਮਜ਼ੋਰ ਹੋ ਗਈ।

ਸਮਾਜਵਾਦੀ ਨੇਤਾ ਰਾਮਮਨੋਹਰ ਲੋਹੀਆ ਨੇ ਆਪਣੀ ਕਿਤਾਬ ''ਗਿਲਟੀ ਮੈਨ ਆਫ ਪਾਰਟੀਸ਼ਨ'' ਵਿੱਚ ਲਿਖਿਆ ਹੈ ਕਿ ਕਈ ਵੱਡੇ ਕਾਂਗਰਸੀ ਨੇਤਾ ਜਿਨ੍ਹਾਂ ਵਿੱਚ ਨਹਿਰੂ ਵੀ ਸ਼ਾਮਿਲ ਸਨ, ਸੱਤਾ ਦੇ ਭੁੱਖੇ ਸਨ ਜਿਨ੍ਹਾਂ ਦੇ ਕਾਰਨ ਦੇਸ ਦੀ ਵੰਡ ਹੋਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)