ਕਿਵੇਂ ਪਲ ਰਹੀਆਂ ਹਨ ਇਸ “ਮਾਂ ਵਿਹੂਣੇ” ਪਿੰਡ ਦੀਆਂ ਧੀਆਂ

05/20/2019 6:34:02 PM

BBC
ਫਾਤਿਮਾ ਦਾ ਪਿਤਾ ਇੱਕ ਅਰਬੀ ਹੈ, ਉਹ ਉਸ ਨੂੰ ਕਦੇ ਨਹੀਂ ਮਿਲੀ।

ਪੂਰਬੀ ਇੰਡੋਨੇਸ਼ੀਆ ਦੇ ਕਈ ਖਿੱਤਿਆਂ ਦੀਆਂ ਮੁਟਿਆਰ ਮਾਵਾਂ ਨੂੰ ਆਪਣੇ ਮਾਸੂਮ ਬੱਚੇ ਮਾਮਿਆਂ-ਮਾਸੀਆਂ ਦੇ ਆਸਰੇ ਛੱਡ ਕੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਵਿਦੇਸ਼ਾਂ ਵਿੱਚ ਜਾਣਾ ਪੈਂਦਾ ਹੈ।

ਇੰਡੋਨੇਸ਼ੀਆ ਵਿੱਚ ਅਜਿਹੇ ਭਾਈਚਾਰਿਆਂ ਨੂੰ "ਮਾਂ ਵਿਹੂਣੇ" ਪਿੰਡ ਕਿਹਾ ਜਾਂਦਾ ਹੈ।

ਬੀਬੀਸੀ ਦੀ ਰਿਬੈਕਾ ਹੈਨਸ਼ੈਕੇ ਨੇ ਪਰਦੇਸ ਗਈਆਂ ਮਾਵਾਂ ਦੇ ਪਿੱਛੇ ਰਹਿ ਗਏ ਬੱਚਿਆਂ ਨਾਲ ਮੁਲਾਕਾਤ ਕੀਤੀ।

ਐਲੀ ਸੁਸੀਆਵਤੀ, ਮਹਿਜ਼ ਇੱਕ ਸਾਲ ਦੀ ਸੀ ਜਦੋਂ ਉਸ ਦੀ ਮਾਂ ਨੂੰ ਪਰਿਵਾਰ ਟੁੱਟਣ ਤੋਂ ਬਾਅਦ ਉਸ ਨੂੰ ਨਾਨੀ ਕੋਲ ਛੱਡ ਕੇ ਆਪ ਸਾਊਦੀ ਅਰਬ ਜਾਣਾ ਪਿਆ।

ਤਲਾਕ ਤੋਂ ਬਾਅਦ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ ਐਲੀ ਦੀ ਮਾਂ ਮਾਰਤੀਆ ਦੇ ਸਿਰ ਆ ਪਈ ਜਿਸ ਕਾਰਨ ਉਸ ਨੂੰ ਸਾਊਦੀ ਅਰਬ ਵਿੱਚ ਇੱਕ ਘਰੇਲੂ ਕੰਮ ਕਰਨ ਵਜੋਂ ਕੰਮ ਕਰਨ ਜਾਣਾ ਪਿਆ।

ਇਹ ਵੀ ਪੜ੍ਹੋ:

  • ਸਿੱਧੂ ਸ਼ਾਇਦ ਸੀਐੱਮ ਬਣਨਾ ਚਾਹੁੰਦੇ ਹਨ - ਕੈਪਟਨ
  • ਐਗਜ਼ਿਟ ਪੋਲ ਗ਼ਲਤ ਕਿਵੇਂ ਸਾਬਿਤ ਹੋ ਜਾਂਦੇ
  • ਇਹ 5 ਸੂਬੇ ਤੈਅ ਕਰਨਗੇ ਲੋਕ ਸਭਾ ਦੇ ਨਤੀਜੇ

ਐਲੀ ਦੀ ਆਪਣੀ ਮਾਂ ਨਾਨ ਨਾਲ ਪਹਿਲੀ ਮੁਲਾਕਾਤ ਉਸ ਸਮੇਂ ਹੋਈ ਸੀ ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਈ ਪੂਰੀ ਕਰਨ ਹੀ ਵਾਲੀ ਸੀ।

ਐਲੀ ਨੇ ਮੈਨੂੰ ਦੱਸਿਆ ਕਿ ਮਾਂ ਤੋਂ ਵਿਛੜਨਾ ਕਿੰਨਾ ਕਸ਼ਟਦਾਈ ਸੀ, ਉਸ ਦੀ ਗੱਲਬਾਤ ਤੋਂ ਸਪਸ਼ਟ ਹੋ ਰਿਹਾ ਸੀ ਕਿ ਵਿਛੋੜਾ ਹਾਲੇ ਵੀ ਦੁੱਖ ਦਿੰਦਾ ਸੀ।

"ਜਦੋਂ ਮੈਂ ਸਕੂਲ ਦੇ ਆਸ-ਪਾਸ ਆਪਣੀਆਂ ਸਹੇਲੀਆਂ ਨੂੰ ਆਪਣੇ ਮਾਂ-ਬਾਪ ਨਾਲ ਦੇਖਦੀ ਹਾਂ ਤਾਂ ਬਹੁਤ ਦੁੱਖ ਹੁੰਦਾ ਹੈ। ਮੈਂ ਚਾਹੁੰਦੀ ਹਾਂ ਕਿ ਮਾਂ ਘਰ ਆ ਜਾਵੇ।"

"ਮੈਂ ਨਹੀਂ ਚਾਹੁੰਦੀ ਮੇਰੀ ਮਾਂ ਵਾਰ-ਵਾਰ ਜਾਂਦੀ ਰਹੇ ਸਗੋਂ ਉਹ ਘਰੇ ਰਹੇ ਤੇ ਮੇਰੇ ਭਰਾ-ਭੈਣਾਂ ਦੀ ਸੰਭਾਲ ਕਰੇ।"

ਐਲੀ, ਪੂਰਬੀ ਲੋਮਬੋਕ ਦੇ ਵਨਸਾਬਾ ਪਿੰਡ ਵਿੱਚ ਰਹਿੰਦੀ ਹੈ। ਇਸ ਪਿੰਡ ਵਿੱਚ ਇਹ ਇੱਕ ਪ੍ਰਵਾਨਿਤ ਧਾਰਣਾ ਹੈ ਕਿ ਮਾਵਾਂ ਨੂੰ ਬੱਚੇ ਪਾਲਣ ਲਈ ਵਿਦੇਸ਼ ਜਾਣਾ ਹੀ ਪਵੇਗਾ।

BBC
ਐਲੀ ਆਪਣੀ ਮਾਂ ਦੀ ਤਸਵੀਰ ਨਾਲ

ਇੱਥੋਂ ਦੇ ਬਹੁਗਿਣਤੀ ਮਰਦ ਜਾਂ ਤਾਂ ਕਿਸਾਨ ਹਨ ਜਾਂ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੀ ਆਮਦਨੀ ਇੱਥੋਂ ਬਾਹਰ ਜਾ ਕੇ ਕੰਮ ਕਰਨ ਵਾਲੀਆਂ ਔਰਤਾਂ ਦਾ ਇੱਕ ਅੰਸ਼ ਮਾਤਰ ਹੀ ਹੈ।

ਪਿੰਡ ਵਿੱਚ ਘਰ ਬਹੁਤ ਜੁੜਵੇਂ ਰੂਪ ਵਿੱਚ ਬਣੇ ਹੋਏ ਹਨ ਜਿੰਨ੍ਹਾਂ ਵਿਚਦੀ ਤੰਗ ਗਲੀਆਂ ਲੰਘਦੀਆਂ ਹਨ। ਵੱਡੀ ਸੜਕ ਦੇ ਕਿਨਾਰੇ ਬਣੀ ਘਰਾਂ ਦੀ ਕਤਾਰ ਦੇ ਮਗਰਲੇ ਪਾਸੇ ਝੋਨੇ ਦੇ ਅੰਤਹੀਣ ਖੇਤ ਹਨ। ਗਲੀਆਂ ਦੀ ਚੌੜਾਈ ਵਿਚਾਲੇ ਬਸ ਇੱਕ ਮੋਟਰ ਸਾਈਕਲ ਲੰਘ ਸਕਣ ਜਿੰਨੀ ਥਾਂ ਹੈ।

ਇਹ ਵੀ ਪੜ੍ਹੋ:

  • ਉਹ ਮਾਵਾਂ ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਹੁਨਰ ਨੂੰ ਨਿਖਾਰਿਆ
  • ਮਾਵਾਂ ਧੀਆਂ ਨੂੰ ਪੁੱਛਣ ਲੱਗੀਆਂ, #MeToo ਕੀ ਬਲਾ ਹੈ?

ਜਦੋਂ ਮਾਵਾਂ ਜਾਂਦੀਆਂ ਹਨ ਤਾਂ ਪਿੱਛੇ ਰਹਿ ਗਏ ਬੱਚਿਆਂ ਦੀ ਸੰਭਾਲ ਦਾ ਜਿੰਮਾ ਉਨ੍ਹਾਂ ਦੇ ਪਰਿਵਾਰ ਅਤੇ ਪਤੀ ਕੋਲ ਆ ਜਾਂਦਾ ਹੈ। ਇੱਥੇ ਹਰ ਕੋਈ ਇੱਕ ਦੂਸਰੇ ਦੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ।

ਫਿਰ ਵੀ ਬੱਚਿਆਂ ਲਈ ਤਾਂ ਆਪਣੀਆਂ ਮਾਵਾਂ ਨੂੰ ਵਿਦਾ ਕਰਨਾ ਪੀੜਾਦਾਇਕ ਹੁੰਦਾ ਹੀ ਹੈ।

ਕਰੀਮਾਤੁਲ ਅਬੀਬੀਆ ਦੀ ਮਾਂ ਵੀ ਉਸ ਨੂੰ ਇੱਕ ਸਾਲ ਦੀ ਛੋਟੀ ਉਮਰ ਵਿੱਚ ਹੀ ਛੱਡ ਕੇ ਚਲੀ ਗਈ ਸੀ। ਕਰੀਮਾਤੁਲ ਨੂੰ ਆਪਣੀ ਮਾਂ ਨਾਲ ਬਿਤਾਇਆ ਸਮਾਂ ਵੀ ਯਾਦ ਨਹੀਂ ਹੈ।

BBC
ਕਰੀਮਾਤੁਲ ਅਬੀਬੀਆ

ਜਦੋਂ ਉਸ ਨੇ ਆਪਣਾ ਪ੍ਰਾਇਮਰੀ ਸਕੂਲ ਮੁਕਾ ਲੈਣ ਤੋਂ ਬਾਅਦ ਪਹਿਲੀ ਵਾਰ ਉਸਦੀ ਮਾਂ ਛੁੱਟੀ ’ਤੇ ਉਸ ਨੂੰ ਮਿਲਣ ਆਈ ਪਰ ਉਸ ਸਮੇਂ ਤੱਕ ਕਰੀਮਾ ਆਪਣੀ ਮਾਸੀ ਨੂੰ ਹੀ ਮਾਂ ਸਮਝਣ ਲੱਗ ਪਈ ਸੀ।

ਕਰੀਮਾਤੁਲ ਨੇ ਦੱਸਿਆ, "ਮੈਂ ਸ਼ਸ਼ੋਪੰਜ ਵਿੱਚ ਸੀ।"

"ਮੇਰੇ ਯਾਦ ਹੈ ਮੇਰੀ ਮਾਂ ਰੋ ਰਹੀ ਸੀ ਤੇ ਮੇਰੀ ਮਾਸੀ ਨੂੰ ਪੁੱਛ ਰਹੀ ਸੀ ਕਿ ਮੈਂ ਉਸ ਨੂੰ ਪਹਿਚਾਣ ਕਿਉਂ ਨਹੀਂ ਰਹੀ।"

ਕਰੀਮਾਤੁਲ ਦੀ ਮਾਸੀ ਨੇ ਉਸ ਦੀ ਮਾਂ ਨੂੰ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਉਸਦੀ ਕੋਈ ਤਸਵੀਰ ਨਹੀਂ ਸੀ ਅਤੇ ਕਰੀਮਾਤੁਲ ਸਿਰਫ਼ ਉਸਦਾ (ਆਪਣੀ ਮਾਂ ਦਾ) ਦਾ ਨਾਮ ਤੇ ਪਤਾ ਹੀ ਜਾਣਦੀ ਹੈ। ਇਸ ਲਈ ਕੋਈ ਹੈਰਾਨੀ ਨਹੀਂ ਕਿ ਉਹ ਉਸ ਨੂੰ ਨਹੀਂ ਪਛਾਣਦੀ।

ਇਹ ਵੀ ਪੜ੍ਹੋ:

  • ‘ਔਰਤਾਂ ਵਿੱਚ ਹੁੰਦਾ ਹੈ ਇੱਕ-ਚੌਥਾਈ ਦਿਮਾਗ’
  • ਔਰਤਾਂ ਦੇ ''ਬੈਠਣ ਦੇ ਹੱਕ'' ਦੀ ਪੂਰੀ ਲੜਾਈ ਕੀ ਹੈ

"ਮੈਂ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਕਿ ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਸੀ ਪਰ ਉਸ ਸਮੇਂ ਮੈਂ ਗੁੱਸੇ ਵੀ ਸੀ ਕਿ ਉਹ ਮੈਨੂੰ ਨਿਆਣੀ ਹੁੰਦੀ ਨੂੰ ਹੀ ਛੱਡ ਕੇ ਚਲੀ ਗਈ ਸੀ।"

ਹੁਣ ਕਰੀਮਾਤੁਲਾ 13 ਸਾਲਾਂ ਦੀ ਹੋ ਚੁੱਕੀ ਹੈ ਤੇ ਉਹ ਆਪਣੀ ਮਾਂ ਨਾਲ ਹਰ ਰਾਤ ਵੀਡੀਓ ਕਾਲ ’ਤੇ ਗੱਲ ਕਰਦੀ ਹੈ ਤੇ ਉਹ ਇੱਕ ਦੂਸਰੇ ਨੂੰ ਮੈਸਜ ਵੀ ਕਰਦੀਆਂ ਹਨ ਪਰ ਫਿਰ ਵੀ ਇਹ ਇੱਕ ਮੁਸ਼ਕਲ ਰਿਸ਼ਤਾ ਹੈ।

"ਜਦੋਂ ਮੇਰੀ ਮਾਂ ਛੁੱਟੀਆਂ ’ਤੇ ਘਰ ਵੀ ਆਉਂਦੀ ਹੈ ਤਾਂ ਮੈਂ ਆਪਣੀ ਮਾਸੀ ਕੋਲ ਹੀ ਰਹਿਣਾ ਚਾਹੁੰਦੀ ਹਾਂ। ਉਹ ਮੈਨੂੰ ਕੋਲ ਆਉਣ ਲਈ ਕਹਿੰਦੀ ਹੈ ਪਰ ਮੈਂ ਟਾਲ ਦਿੰਦੀ ਹਾਂ।"

BBC
ਕਰੀਮਾਤੁਲ ਅਬੀਬੀਆ ਆਪਣੀ ਮਾਸੀ ਨਾਲ

ਉਸਦੀ ਮਾਸੀ, ਬਾਇਕ ਨੂਰਜਨਾਹ ਨੇ ਕਰੀਮਾਤੁਲ ਨੂੰ ਨੌਂ ਹੋਰ ਬੱਚਿਆਂ ਨਾਲ ਪਾਲਿਆ ਹੈ। ਇਨ੍ਹਾਂ ਨੌਂ ਵਿੱਚੋਂ ਸਿਰਫ਼ ਇੱਕ ਬੱਚਾ ਹੀ ਉਸ ਦਾ ਆਪਣਾ ਹੈ ਤੇ ਬਾਕੀ ਬੱਚੇ ਉਸ ਦੇ ਵਿਦੇਸ਼ੀਂ ਗਏ ਭੈਣਾਂ-ਭਰਾਵਾਂ ਦੇ ਬੱਚੇ ਹਨ।

ਬਾਇਕ ਹੱਸ ਕੇ ਕਹਿੰਦੀ ਹੈ, "ਮੈਨੂੰ ਵੱਡੀ ਮਾਂ ਕਹਿੰਦੇ ਹਨ।"

ਬਾਇਕਾ ਹੁਣ ਪੰਜਾਹਵਿਆਂ ਨੂੰ ਢੁੱਕ ਚੁੱਕੀ ਹੈ ਅਤੇ ਲਗਪਗ ਹਰ ਵਾਕ ਵਿੱਚ "ਅਲਹਮਦੁਲਿਲਾਹ" ਕਹਿੰਦੀ ਹੈ।

"ਮੈਂ ਉਨ੍ਹਾਂ ਵਿੱਚ ਕੋਈ ਵਿਤਕਰਾ ਨਹੀਂ ਕਰਦੀ।" ਉਹ ਭੈਣਾਂ-ਭਰਾਵਾਂ ਵਾਂਗ ਹਨ ਅਤੇ ਜੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਵੇ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ "ਅਲਹਮਦੁਲਿਲਾਹ" ਮੈਂ ਦਿਆਂਗੀ।”

BBC

ਇੰਡੋਨੇਸ਼ੀਆ ਦੀਆਂ ਔਰਤਾਂ ਨੇ 1980 ਵਿਆਂ ਵਿੱਚ ਕੰਮ-ਕਾਜ ਲਈ ਬਾਹਰਲੇ ਦੇਸ਼ਾਂ ਵਿੱਚ ਪਰਵਾਸ ਕਰਨਾ ਸ਼ੁਰੂ ਕੀਤਾ ਸੀ।

ਕਾਨੂੰਨੀ ਸੁਰੱਖਿਆ ਤੋਂ ਬਿਨਾਂ ਉਨ੍ਹਾਂ ’ਤੇ ਸ਼ੋਸ਼ਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੀਆਂ ਖ਼ਬਰਾਂ ਹਨ ਕਿ ਲੋਕ ਵਿਦੇਸ਼ਾਂ ਤੋਂ ਤਾਬੂਤਾਂ ਵਿੱਚ ਵਾਪਸ ਆਉਂਦੇ ਹਨ।

ਇੰਡੋਨੇਸ਼ੀਆ ਦੇ ‘ਨਿਸ਼ਾਨੀ’ ਬੱਚੇ

ਜਦਕਿ ਕੁਝ ਦੀ ਉਨ੍ਹਾਂ ਦੇ ਮਾਲਕਾਂ ਵੱਲੋਂ ਗੰਭੀਰ ਕੁੱਟਮਾਰ ਕੀਤੇ ਜਾਣ ਦੀਆਂ ਵੀ ਰਿਪੋਰਟਾਂ ਹਨ। ਕੁਝ ਲੋਕਾਂ ਨੂੰ ਬਗੈਰ ਤਨਖ਼ਾਹੋਂ ਹੀ ਵਾਪਸ ਭੇਜ ਦਿੱਤਾ ਗਿਆ।

ਕਈ ਵਾਰ ਮਾਵਾਂ ਵਿਦੇਸ਼ ਤੋਂ ਵੀ ਆਪਣੇ ਨਾਲ ਹੋਰ ਬੱਚੇ ਲੈ ਕੇ ਵਾਪਸ ਆਉਂਦੀਆਂ ਹਨ। ਇਹ ਬੱਚੇ ਵਿਦੇਸ਼ਾਂ ਵਿੱਚ ਮਰਜ਼ੀ ਨਾਲ ਜਾਂ ਧੱਕੇ ਨਾਲ ਬਣਾਏ ਸਰੀਰਕ ਸੰਬੰਧਾਂ ਦੀ ਉਪਜ ਹੁੰਦੇ ਹਨ।

ਇਨ੍ਹਾਂ ਬੱਚਿਆਂ ਨੂੰ ਅਕਸਰ ''ਨਿਸ਼ਾਨੀ'' ਬੱਚੇ ਕਿਹਾ ਜਾਂਦਾ ਹੈ। ਮਿਕਸ-ਨਸਲ ਦੇ ਹੋਣ ਕਾਰਨ ਇਹ ਬੱਚੇ ਪਿੰਡ ਵਿੱਚ ਵੱਖਰੇ ਹੀ ਪਛਾਣੇ ਜਾਂਦੇ ਹਨ।

18 ਸਾਲਾਂ ਦੀ ਫਾਤਿਮਾ ਦਾ ਕਹਿਣਾ ਹੈ ਕਿ ਕਦੇ-ਕਦੇ ਉਸ ਨੂੰ ਮਿਲਦਾ ਧਿਆਨ ਪਸੰਦ ਵੀ ਆਉਂਦਾ ਹੈ।

ਫਾਤਿਮਾ ਕੁਝ ਝਿਜਕਦੀ ਹੋਈ ਦੱਸਦੀ ਹੈ, "ਲੋਕ ਮੇਰੇ ਵੱਲ ਹੈਰਾਨੀ ਨਾਲ ਦੇਖਦੇ ਹਨ। ਮੈਂ ਵੱਖਰੀ ਨਜ਼ਰ ਆਉਂਦੀ ਹਾਂ। ਕੁਝ ਕਹਿੰਦੇ ਹਨ, ''ਤੂੰ ਬਹੁਤ ਸੋਹਣੀ ਹੈਂ ਕਿਉਂਕਿ ਤੇਰੇ ਅੰਦਰ ਅਰਬ ਖ਼ੂਨ ਹੈ। ਇਹ ਮੈਨੂੰ ਖ਼ੁਸ਼ੀ ਦਿੰਦਾ ਹੈ।"

ਇਹ ਵੀ ਪੜ੍ਹੋ:

  • ਪਾਲਣ-ਪੋਸ਼ਣ ਵਿੱਚ ਅਸਮਰੱਥ ਮਾਵਾਂ ਬੱਚੇ ਦਾਨ ਕਰਨ ਲਈ ਮਜਬੂਰ
  • ''ਬੱਚਿਆਂ ਨੂੰ ਕੀ ਪਤਾ ਹਿੰਦੂ ਕੀ ਮੁਸਲਮਾਨ ਕੀ?''

ਪਰਵਾਸੀਆਂ ਦੇ ਹੱਕਾਂ ਲਈ ਕੰਮ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਇਨ੍ਹਾਂ ਨਿਸ਼ਾਨੀਆਂ ਨੂੰ ਘਰਾਂ ਤੇ ਸਕੂਲਾਂ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।

ਫਾਤਿਮਾ ਕਦੇ ਵੀ ਆਪਣੇ ਅਰਬੀ ਪਿਓ ਨੂੰ ਨਹੀਂ ਮਿਲੀ ਪਰ ਉਹ ਫਾਤਿਮਾ ਦੀ ਮਾਂ ਨੂੰ ਪੈਸੇ ਭੇਜਦਾ ਸੀ, ਤਾਂ ਜੋ ਆਪਣੇ ਬੱਚਿਆਂ ਨਾਲ ਘਰ ਰਹਿ ਸਕੇ। ਕੁਝ ਸਮਾਂ ਪਹਿਲਾਂ ਹੀ ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਮਗਰੋਂ ਜ਼ਿੰਦਗੀ ਮੁੜ ਮੁਸ਼ਕਲ ਹੋ ਗਈ ਤੇ ਫਾਤਿਮਾ ਦੀ ਨੂੰ ਇੱਕ ਹੋਰ ਨੌਕਰੀ ਲਈ ਫਿਰ ਤੋਂ ਵਿਦੇਸ਼ ਜਾਣਾ ਪਿਆ।

"ਇੱਕ ਗੱਲ ਜਿਸ ਨੇ ਮੇਰੀ ਮਾਂ ਨੂੰ ਬਾਹਰ ਜਾਣ ਲਈ ਮਜ਼ਬੂਰ ਕੀਤਾ ਉਹ ਇਹ ਸੀ ਕਿ ਮੇਰਾ ਛੋਟਾ ਭਰਾ ਹਮੇਸ਼ਾ ਪੁੱਛਦਾ ਰਹਿੰਦਾ ਸੀ ਕਿ ਅਸੀਂ ਮੋਟਰਸਾਈਕਲ ਕਦੋਂ ਲੈ ਸਕਾਂਗੇ? ਫਿਰ ਜਦੋਂ ਉਹ ਕਿਸੇ ਨੂੰ ਨਵੇਂ ਮੋਬਾਈਲ ਨਾਲ ਦੇਖਦਾ ਤਾਂ ਕਹਿੰਦਾ, ਅਸੀਂ ਅਜਿਹਾ ਕਦੋਂ ਲੈ ਸਕਾਂਗੇ।?"

ਭਿੱਜੀਆਂ ਅੱਖਾਂ ਨਾਲ ਫ਼ਾਤਿਮਾ ਨੇ ਦੱਸਿਆ, "ਜੇ ਮੇਰੀ ਮਾਂ ਸਾਊਦੀ ਅਰਬ ਨਾ ਜਾਂਦੀ ਤਾਂ ਸਾਡੇ ਕੋਲ ਗੁਜ਼ਾਰੇ ਜੋਗੇ ਪੈਸੇ ਨਾ ਹੁੰਦੇ।"

BBC
ਸੁਪਰਿਹਤੀ ਮਾਂ ਤੋਂ ਬਿਨਾਂ ਪਲਣ ਵਾਲੇ ਬੱਚਿਆਂ ਨੂੰ ਇੱਕ ਵੱਡਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੀਆਂ ਮਾਵਾਂ ਦੀ ਕਮੀ ਪੂਰੀ ਕਰ ਰਹੀ ਹੈ।

ਇਸੇ ਪਿੰਡ ਦੀ ਇੱਕ ਹੋਰ ਔਰਤ ਸੁਪਰਿਹਤੀ ਹੈ। ਉਹ ਆਪਣੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਸਾਊਦੀ ਅਰਬ ਕੰਮ ਲਈ ਜਾਣਾ ਪਿਆ।

ਉਸ ਨੇ ਦੱਸਿਆ, “ਇਹ ਇੱਕ ਭਾਵੁਕ ਜੂਆ ਸੀ ਜੋ ਠੀਕ ਖੇਡਿਆ ਗਿਆ। ਮੈਂ ਮੁਸ਼ਕਲਾਂ ਝੱਲੀਆਂ ਪਰ ਸਭ ਸਹੀ ਹੋ ਗਿਆ।”

ਸੁਪਰਿਹਤੀ ਨੇ ਆਪਣੀ ਮਿਹਨਤ ਨਾਲ ਬਹੁਤ ਸਾਰੇ ਪੈਸੇ ਬਚਾ ਲਏ। ਉਸ ਨੇ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਵਿੱਚ ਪੜ੍ਹਾਇਆ ਅਤੇ ਹੁਣ ਇੱਕ ਖ਼ੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ। ਹੁਣ ਸੁਪਰਿਹਤੀ ਨੂੰ ਆਪਣੇ ਬੱਚੇ ਪਾਲਣ ਲਈ ਹੋਰ ਕੰਮ ਕਰਨ ਦੀ ਲੋੜ ਨਹੀਂ ਹੈ।

ਆਪਣੀਆਂ ਦਿੱਕਤਾਂ ਤੋਂ ਸਮਝਦੇ ਹੋਏ ਕਿ ਪਿੱਛੇ ਰਹਿ ਗਏ ਬੱਚਿਆਂ ਲਈ ਆਪਣੀਆਂ ਮਾਵਾਂ ਤੋਂ ਬਿਨਾਂ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਹੈ, ਸੁਪਰਿਹਤੀ ਨੇ ਇਨ੍ਹਾਂ ਬੱਚਿਆਂ ਲਈ ਇੱਕ ਪੂਰਕ ਪਰਿਵਾਰ ਬਣਾਇਆ ਹੈ।

BBC
ਸੁਪਰਿਹਤੀ ਦੇ ਘਰ ਦੇ ਵਿਹੜੇ ਵਿੱਚ ਸਕੂਲ ਤੋਂ ਬਾਅਦ ਬੈਠੀਆਂ ਬੱਚੀਆਂ।

ਉਨ੍ਹਾਂ ਦਾ ਕਹਿਣਾ ਹੈ, "ਆਪਣੀ ਮਾਂ ਤੋਂ ਬਿਨਾਂ ਕਿਸੇ ਰਿਸ਼ਤੇਦਾਰ ਵੱਲੋਂ ਪਾਲਿਆ ਜਾਣਾ ਬਿਲਕੁਲ ਵੱਖਰਾ ਹੁੰਦਾ ਹੈ। ਇਹ ਵੱਖਰੀ ਕਿਸਮ ਦਾ ਪਿਆਰ ਹੁੰਦਾ ਹੈ। ਬੱਚੇ ਆਤਮ ਵਿਸ਼ਾਵਾਸ਼ ਗੁਆ ਦਿੰਦੇ ਹਨ।"

ਉਹ ਬੱਚਿਆਂ ਨੂੰ ਸਕੂਲੋਂ ਬਾਅਦ ਕਲਾਸਾਂ ਦੇ ਕੇ ਇਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ।

"ਅਸੀਂ ਉਨ੍ਹਾਂ ਦੀ ਘਰ ਦੇ ਕੰਮ ਵਿੱਚ ਮਦਦ ਕਰਦੇ ਹਾਂ ਤੇ ਦੇਖਦੇ ਹਾਂ ਕੀ ਉਹ ਕੀ ਸਿੱਖਣਾ ਚਾਹੁੰਦੇ ਹਨ। ਅਸੀਂ ਇਸ ਨੂੰ ਸਮਾਰਟ ਕਲਾਸ ਕਹਿੰਦੇ ਹਾਂ ਤੇ ਹੁਣ ਉਹ ਵੀ ਆਪਣੀ ਕਲਾਸ ਦੇ ਹੋਰ ਬੱਚਿਆਂ ਦੇ ਬਰਾਬਰ ਹਨ। ਉਹ ਸਾਰੇ ਵੱਧ-ਫੁੱਲ ਰਹੇ ਹਨ।"

ਇਹ ਵੀ ਪੜ੍ਹੋ:

  • ਕੀ ਔਰਤਾਂ ਦੇ ਅਧਿਕਾਰ ਨਜ਼ਰਅੰਦਾਜ਼ ਕੀਤੇ ਜਾ ਰਹੇ?
  • ਔਰਤਾਂ ਸੋਸ਼ਲ ਸਾਈਟਾਂ ''ਤੇ ਸੁਰਖਿਅਤ ਕਿਵੇਂ ਰਹਿਣ?

ਯੂਲੀ ਅਫਰੀਨਾ ਸਫਿਤਰੀ, ਅੱਜ ਇਸ ਕਲਾਸ ਵਿੱਚ ਬਹੁਤ ਦੇਰੀ ਨਾਲ ਪਹੁੰਚੀ ਹੈ। ਘਰ ਵਿੱਚ ਉਸਦੇ ਪੰਜ ਭੈਣ-ਭਰਾ ਹਨ ਤੇ ਉਹ ਉਨ੍ਹਾਂ ਲਈ ਰਾਤ ਦਾ ਖਾਣਾ ਬਣਾ ਕੇ ਇੱਥੇ ਪਹੁੰਚੀ ਹੈ।

ਉਸਦੀ ਦਾਦੀ, ਪਹਿਲਾਂ ਉਸਦੀ ਮਦਦ ਕਰਦੀ ਸੀ ਪਰ ਹੁਣ ਉਸਦੀ ਵੀ ਮੌਤ ਹੋ ਗਈ ਹੈ।

ਉਸ ਦੀ ਮਾਂ, ਜਦੋਂ ਸਫਿਤਰੀ ਦੀ ਛੋਟੀ ਭੈਣ ਮਹਿਜ਼ ਇੱਕ ਸਾਲ ਤੋਂ ਵੀ ਛੋਟੀ ਸੀ, ਉਨ੍ਹਾਂ ਨੂੰ ਛੱਡ ਕੇ ਵਿਦੇਸ਼ ਚਲੀ ਗਈ।

BBC
ਯੂਲੀ ਅਫਰੀਨਾ ਸਫਿਤਰੀ

ਕੁਝ ਸਮੇਂ ਤੱਕ ਉਸ ਨੇ ਪੈਸੇ ਭੇਜੇ ਪਰ ਬਾਅਦ ਵਿੱਚ ਸਾਰੇ ਸੰਪਰਕ ਟੁੱਟ ਗਏ, ਹਾਲਾਂਕਿ ਉਹ ਨਹੀਂ ਮੰਨਦੇ ਕਿ ਉਸਦੀ ਮਾਂ ਨਾਲ ਕੋਈ ਦੁਰਘਟਨਾ ਹੋ ਗਈ ਹੋਵੇਗੀ।

ਹੋਰ ਬੱਚਿਆਂ ਵਾਂਗ ਅਫਰੀਨਾ ਵਿੱਚ ਆਪਣੀ ਮਾਂ ਤੋਂ ਵਿਛੜਨ ਦਾ ਦਰਦ ਨਜ਼ਰ ਨਹੀਂ ਆਉਂਦਾ।

"ਜਦੋਂ ਲੋਕ ਸਾਡੇ ਬਾਰੇ ਦੁੱਖ ਜਤਾਉਂਦੇ ਹਨ ਤਾਂ ਮੈਨੂੰ ਬਹੁਤ ਬੁਰਾ ਲਗਦਾ ਹੈ। ਮੈਨੂੰ ਬਹੁਤ ਬੁਰਾ ਲਗਦਾ ਹੈ ਜਦੋਂ ਉਹ ਕਹਿੰਦੇ ਹਨ, ਉਹ ਵਿਚਾਰਿਓ ਤੁਹਾਡੀ ਮਾਂ ਤੁਹਾਡੇ ਨਾਲ ਨਹੀਂ ਹੈ।"

"ਮੇਰੇ ਛੋਟੇ ਭੈਣ-ਭਰਾਵਾਂ ਨੂੰ ਮੇਰੀ ਮਾਂ ਬਿਲਕੁਲ ਵੀ ਯਾਦ ਨਹੀਂ ਹੈ, ਉਹ ਕਦੇ ਉਸ ਲਈ ਨਹੀਂ ਰੋਂਦੇ। ਉਹ ਪਿਤਾ ਨਾਲ ਰਹਿੰਦੇ ਹਨ ਜੋ ਖਾਣਾ ਪਕਾਉਂਦੇ ਹਨ ਤੇ ਭਾਂਡੇ ਮਾਂਜਦੇ ਹਨ। ਜੇ ਉਹ ਨਹੀਂ ਕਰਦੇ ਤਾਂ ਅਸੀਂ ਸਾਰੇ ਮਿਲ ਕੇ ਘਰ ਦਾ ਕੰਮ ਕਰ ਲੈਂਦੇ ਹਾਂ।"

ਇਹ ਵੀ ਪੜ੍ਹੋ:

  • ਪਰਵਾਸ ਦੀ ਕੀਮਤ: ‘ਸੁਪਨੇ ਪੂਰੇ ਹੁੰਦੇ ਨਹੀਂ, ਬੱਚੇ ਮਾਪਿਆਂ ਤੋਂ ਵਾਂਝੇ ਰਹਿ ਜਾਂਦੇ ਨੇ’
  • ਸਾਊਦੀ ''ਚ ਭਾਰਤੀਆਂ ਲਈ ਨੌਕਰੀ ਹੁਣ ਹੋਰ ਔਖੀ

ਉਹ ਬੜੀ ਖ਼ੁਸ਼ੀ ਨਾਲ ਦੱਸਦੀ ਹੈ ਕਿ ਉਹ ਆਪਣੀ ਕਲਾਸ ਵਿੱਚ ਹਮੇਸ਼ਾ ਪਹਿਲੇ ਨੰਬਰ ’ਤੇ ਰਹਿੰਦੀ ਹੈ ਤੇ ਇੰਡੋਨੇਸ਼ੀਆ ਦੀ ਜਲ ਸੈਨਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ।

ਇੰਡੋਨੇਸ਼ੀਆ ਦੇ ਕੁੱਲ ਪਰਵਾਸੀ ਕਾਮਿਆਂ ਵਿੱਚੋਂ ਇੱਕ ਤਿਹਾਈ ਪਰਵਾਸੀ ਔਰਤਾਂ ਹਨ। ਉਨ੍ਹਾਂ ਦੇ ਭੇਜੇ ਪੈਸਿਆਂ ਕਾਰਨ ਹੀ ਅਗਲੀ ਪੀੜ੍ਹੀ ਵੱਡੇ ਸੁਪਨੇ ਦੇਖਣਯੋਗ ਹੋਈ ਹੈ।

‘ਪੜ੍ਹਾਈ ਲਈ ਮਾਂ ਦੇ ਵਿਦੇਸ਼ ਜਾਣਾ ਜ਼ਰੂਰੀ’

ਐਲੀ ਨੇ ਭਾਵੇਂ ਨੌਂ ਸਾਲਾਂ ਤੱਕ ਆਪਣੀ ਮਾਂ ਨਹੀਂ ਦੇਖੀ ਪਰ ਉਸ ਦੇ ਭੇਜੇ ਪੈਸਿਆਂ ਕਾਰਨ ਹੀ ਐਲੀ ਆਪਣੇ ਪਰਿਵਾਰ ਵਿੱਚੋਂ ਯੂਨੀਵਰਸਿਟੀ ਜਾਣ ਵਾਲੀ ਪਹਿਲੀ ਵਿਅਕਤੀ ਬਣਨ ਜਾ ਰਹੀ ਹੈ।

ਉਹ ਖੇਤਰੀ ਰਾਜਧਾਨੀ, ਮਾਤਾਰਮ ਵਿੱਚ ਇਸਲਾਮਿਕ ਵਿੱਤ ਪੜ੍ਹ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਮਾਂ ਦੀ ਕੁਰਬਾਨੀ ਸਮਝ ਆ ਗਈ ਹੈ।

"ਜੇ ਉਹ ਨਾ ਗਈ ਹੁੰਦੀ, ਮੈਂ ਪੜ੍ਹ ਨਾ ਸਕਦੀ। ਇਹ ਜ਼ਿੰਦਗੀ ਉਸ ਨੇ ਸੰਭਵ ਬਣਾਈ ਹੈ। ਮੈਨੂੰ ਆਪਣੀ ਮਾਂ ’ਤੇ ਮਾਣ ਹੈ। ਉਹ ਇੱਕ ਵੰਡਰ ਵੂਮੈਨ ਹੈ ! ਮੇਰੀ ਮਾਂ ਨਾਲੋਂ ਮਜ਼ਬੂਤ ਔਰਤ ਹੋਰ ਕੋਈ ਨਹੀਂ ਹੈ।"

BBC
ਐਲੀ ਸਮਝਦੀ ਹੈ ਕਿ ਉਸ ਦੀ ਮਾਂ ਨੇ ਉਸ ਲਈ ਕੁਰਬਾਨੀ ਕੀਤੀ ਹੈ।

ਉਹ ਹਮੇਸ਼ਾ ਵਟਸਐਪ ਜਾਂ ਫੇਸਟਾਈਮ ਉੱਪਰ ਗੱਲਬਾਤ ਕਰਦੇ ਰਹਿੰਦੇ ਹਨ।

"ਮੈਂ ਉਨ੍ਹਾਂ ਨੂੰ ਆਪਣੇ ਬਾਰੇ ਹਮੇਸ਼ਾ ਦੱਸਦੀ ਰਹਿੰਦੀ ਹਾਂ, ਬਾਹਰ ਜਾਣ ਲਈ ਹਮੇਸ਼ਾ ਉਨ੍ਹਾਂ ਨੂੰ ਪੁੱਛਦੀ ਰਹਿੰਦੀ ਹਾਂ। ਅਸੀਂ ਮਿਲਦੇ ਭਾਵੇਂ ਨਹੀਂ ਪਰ ਹਮੇਸ਼ਾ ਸੰਪਰਕ ਵਿੱਚ ਰਹਿੰਦੇ ਹਾਂ। ਮੇਰੀ ਜ਼ਿੰਦਗੀ ਬਾਰੇ ਮੇਰੀ ਮਾਂ ਸਭ ਕੁਝ ਜਾਣਦੀ ਹੈ।"

ਐਲੀ ਆਪਣੀ ਮਾਂ ਨਾਲ ਮੇਰੀ ਗੱਲ ਕਰਵਾਉਣ ਲਈ ਸ਼ਹਿਰ ਦੀ ਵੱਡੀ ਮਸੀਤ ਦੇ ਵੱਡੇ ਸਾਰੇ ਵਰਾਂਢੇ ਵਿੱਚੋਂ ਵਟਸਐਪ ਵੀਡੀਓ ਕਾਲ ਕਰਦੀ ਹੈ।

ਮਾਰਤੀਆ ਕਹਿੰਦੀ ਹੈ ਕਿ ਸਾਊਦੀ ਅਰਬ ਵਿੱਚ ਸਭ ਕੁਝ ਕੁਸ਼ਲ ਹੈ। ਜਿਸ ਪਰਿਵਾਰ ਨਾਲ ਉਹ ਕੰਮ ਕਰ ਰਹੀ ਹੈ ਉਹ ਬੜੇ ਚੰਗੇ ਸੁਭਾਅ ਦਾ ਹੈ ਅਤੇ ਇੱਕ ਚੰਗੀ ਤਨਖ਼ਾਹ ਉਸ ਨੂੰ ਸਮੇਂ ਸਿਰ ਮਿਲ ਜਾਂਦੀ ਹੈ।

‘ਮੈਂ ਵਿਦੇਸ਼ ਕਾਰੋਬਾਰੀ ਸਮਝੌਤੇ ਕਰਨ ਜਾਵਾਂਗੀ’

ਉਸ ਨੇ ਮੈਨੂੰ ਦੱਸਿਆ, "ਸਭ ਆਸਾਨ ਨਹੀਂ ਰਿਹਾ ਅਤੇ ਸਾਨੂੰ ਸੰਘਰਸ਼ ਕਰਨਾ ਪਿਆ ਹੈ।"

ਉਸ ਨੇ ਆਪਣੀ ਧੀ ਨੂੰ ਸੰਬੋਧਨ ਕਰਦਿਆਂ ਕਿਹਾ, "ਬਿਲਕੁਲ ਐਲੀ ਕੁਮਾਰੀ, ਪਰ ਸੱਚਾਈ ਇਹੀ ਹੈ ਕਿ ਸਾਨੂੰ ਵੱਖ ਹੋਣਾ ਪਿਆ।"

ਉਸ ਨੇ ਅੱਗੇ ਕਿਹਾ, "ਮੈਨੂੰ ਮਾਣ ਹੈ ਕਿ ਉਹ ਕਿੰਨੀ ਮਿਹਨਤ ਨਾਲ ਪੜ੍ਹਾਈ ਕਰਦੀ ਹੈ।"

“ਮਾਰਤੀਆ ਨੇ ਦੱਸਿਆ ਕਿ ਇਹ ਐਲੀ ਦੀ ਡਿਗਰੀ ਪੂਰੀ ਹੋਣ ਤੋਂ ਬਾਅਦ ਵਾਪਸ ਆਵੇਗੀ। ਜਿਸ ਵਿੱਚ ਹਾਲੇ ਤਿੰਨ ਸਾਲ ਹੋਰ ਲੱਗਣਗੇ।”

ਮੈਂ ਮਾਰਤੀਆ ਨੂੰ ਦੱਸਿਆ ਕਿ ਐਲੀ ਉਸ ਨੂੰ ਵੰਡਰ ਵੂਮੈਨ ਕਹਿੰਦੀ ਹੈ।

ਉਹ ਹੱਸੀ ਪਰ ਮੈਨੂੰ ਉਸਦੀਆਂ ਅੱਖਾਂ ਵਿੱਚ ਹੰਝੂ ਦਿਖਾਈ ਦੇ ਰਹੇ ਸਨ। ਉਸ ਨੇ ਕਿਹਾ, "ਉਹ ਇਹ ਸੁਣ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ ਹੈ।"

ਕਾਲ ਕੱਟਣ ਸਮੇਂ ਐਲੀ ਨੇ ਕਿਹਾ ਕਿ ਉਸਦੇ ਕੈਰੀਅਰ ਦਾ ਰਾਹ ਵੱਖਰਾ ਹੋਵੇਗਾ।

"ਪੜ੍ਹਾਈ ਦੀ ਕਮੀ ਕਾਰਨ ਸਾਡੇ ਮਾਪਿਆਂ ਨੂੰ ਬਾਹਰ ਜਾਣਾ ਪਿਆ- ਇਹ ਸਮਾਜ ਦੇ ਮੂੰਹ ''ਤੇ ਬੁਹਤ ਬੁਰਾ ਤਮਾਚਾ ਹੈ। ਜੇ ਮੈਂ ਵਿਦੇਸ਼ ਜਾਵਾਂਗੀ ਤਾਂ ਕੰਮ ਕਰਨ ਨਹੀਂ ਸਗੋਂ ਕਾਰੋਬਾਰੀ ਸਮਝੌਤੇ ਕਰਨ ਜਵਾਂਗੀ। !"

ਰੋਹਮਾਟਿਨ ਬੋਨਾਸਿਰ ਦੇ ਸਹਿਯੋਗ ਨਾਲ/ਤਸਵੀਰਾ- ਹਾਰਿਓ ਬੈਨਗੁਨ ਵੀਰਾਵਨ

ਇਹ ਵੀ ਪੜ੍ਹੋ:

  • 5 ਮੁੱਦੇ ਜੋ ਬਣ ਸਕਦੇ ਹਨ ਅਕਾਲੀ ਦਲ ਦੇ ਰਾਹ ਦੇ ਰੋੜੇ
  • ਲੋਕ ਸਭਾ ਚੋਣਾਂ ਬਾਰੇ ਕੀ ਸੋਚਦੇ ਹਨ ਆਮ ਲਾਹੌਰੀ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=qDFAicJMpEw

https://www.youtube.com/watch?v=VCrntskDRS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।