ਮੋਦੀ ਲਹਿਰ ਦੇ ਉਲਟ ਪੰਜਾਬ ''''ਚ ਪਤਨ ਵੱਲ ਕਿਉਂ ਹੈ ਭਾਜਪਾ

05/15/2019 7:34:01 AM

Getty Images

2014 ਦੀਆਂ ਲੋਕ ਸਭਾ ਚੋਣਾਂ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀਆਂ ਲਗਾਤਾਰ ਬਣੀਆਂ ਯੂਪੀਏ -1 ਅਤੇ ਯੂਪੀਏ-2 ਸਰਕਾਰਾਂ ਦੀ ਸੱਤਾ ਵਿਰੋਧੀ ਲਹਿਰ ਹੇਠ ਹੋਈਆਂ ਸਨ।

ਅੰਨਾ ਹਜ਼ਾਰੇ ਤੇ ਰਾਮਦੇਵ ਦੀਆਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮਾਂ ਅਤੇ ਭਾਰਤੀ ਜਨਤਾ ਪਾਰਟੀ ਦੇ ਹਾਈਟੈੱਕ ਪ੍ਰਚਾਰ ਨੇ ਦੇਸ ਵਿੱਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬਦਲਾਅ ਦਾ ਚਿਹਰਾ ਬਣਾਇਆ।

ਭਾਰਤੀ ਜਨਤਾ ਪਾਰਟੀ ਲਈ ਇਹ ਚੋਣਾਂ ਮੋਦੀ ਲਹਿਰ ਬਣ ਗਈਆਂ ਅਤੇ ਐਨਡੀਏ ਦੇ ਭਾਈਵਾਲਾਂ ਦੀ ਸੀਟਾਂ ਤੋਂ ਬਿਨਾਂ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਿਆ।

ਜਦੋਂ ਦੇਸ ਵਿੱਚ ਮੋਦੀ ਲਹਿਰ ਚੱਲ ਰਹੀ ਸੀ ਤਾਂ ਪੰਜਾਬ ਵਿੱਚ ਇਸ ਦਾ ਉਲਟ ਅਸਰ ਹੋਇਆ। ਭਾਵੇਂ ਪਾਰਟੀ ਆਪਣੇ ਕੋਟੇ ਦੀਆਂ ਤਿੰਨ ਵਿੱਚੋਂ 2 ਸੀਟਾਂ ਜਿੱਤ ਗਈ ਪਰ ਵੋਟ ਪ੍ਰਤੀਸ਼ਤ ਵਿੱਚ 1.4 ਫੀਸਦ ਦੀ ਗਿਰਾਵਟ ਆਈ।

EPA

ਕੇਂਦਰ ਵਿੱਚ ਸਰਕਾਰ ਬਣਨ ਦੇ ਬਾਵਜੂਦ ਪੰਜਾਬ ਵਿੱਚ ਭਾਜਪਾ ਦੀ ਜਿੱਤ ਦਾ ਮਜ਼ਾ ਅੰਮ੍ਰਿਤਸਰ ਹਲਕੇ ਤੋਂ ਅਰੁਣ ਜੇਤਲੀ ਵਰਗੇ ਘਾਗ ਆਗੂ ਦੀ ਕੈਪਟਨ ਅਮਰਿੰਦਰ ਸਿੰਘ ਹੱਥੋਂ ਹੋਈ ਹਾਰ ਨੇ ਕਿਰਕਿਰਾ ਕਰ ਦਿੱਤਾ।

ਇਹ ਵੀ ਪੜ੍ਹੋ:

  • ਇੱਕ ਫ਼ੈਸਲਾ ਜੋ ਬਣ ਗਿਆ ਟਕਸਾਲੀ ਅਕਾਲੀਆਂ ਲਈ ''ਆਤਮਘਾਤੀ''
  • ਵੱਟਸਐਪ ਰਾਹੀਂ ਆਏ ਜਾਸੂਸੀ ਸਾਫਟਵੇਅਰ ਤੋਂ ਆਪਣੇ ਫੋਨ ਨੂੰ ਇੰਝ ਬਚਾਓ
  • ਜਦੋਂ ਬਾਦਲ ਨੇ ਸੰਘ ਨੂੰ ਠਿੱਬੀ ਲਾਉਣ ਲਈ ਕਾਂਗਰਸ ਦਾ ਸਮਰਥਨ ਲਿਆ

ਵਿਨੋਦ ਖੰਨਾ ਦੀ ਮੌਤ ਤੋਂ ਬਾਅਦ 2017 ਵਿੱਚ ਗੁਰਦਾਸਪੁਰ ਜ਼ਿਮਨੀ ਚੋਣ ਵੀ ਕਾਂਗਰਸ ਦੇ ਸੁਨੀਲ ਜਾਖ਼ੜ ਨੇ ਜਿੱਤ ਲਈ ਸੀ।

ਭਾਜਪਾ ਦੀਆਂ ਵੋਟਾਂ ਦਾ ਘਟਣਾ

ਮੋਦੀ ਇੰਨੇ ਤਾਕਤਵਰ ਚਿਹਰੇ ਵਜੋਂ ਉਭਰੇ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਸਿਰਫ਼ ਆਪਣਾ ਗੜ੍ਹ ਸਮਝੇ ਜਾਂਦੀ ਹਿੰਦੀ ਬੈਲਟ ਜਾਂ ਪੱਛਮੀ ਭਾਰਤ ਵਿੱਚ ਹੀ ਹੂੰਝਾ ਫੇਰ ਜਿੱਤ ਹਾਸਲ ਨਹੀਂ ਕੀਤੀ ਸਗੋਂ ਕੇਰਲ, ਆਂਧਰਾ ਤੇ ਅਸਾਮ ਵਰਗੇ ਸੂਬਿਆਂ ਵਿੱਚ ਵੀ ਵੋਟ ਬੈਂਕ ਵਧਾਇਆ।

ਪਰ ਪੰਜਾਬ ਇੱਕ ਅਜਿਹਾ ਸੂਬਾ ਸੀ, ਜਿਸ ਵਿੱਚ ਪੂਰੇ ਦੇਸ ਵਿੱਚ ਚੱਲਦੀ ਮੋਦੀ ਲਹਿਰ ਦਾ ਅਸਰ ਨਾ ਹੋਇਆ ਅਤੇ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ 2009 ਦੇ ਮੁਕਾਬਲੇ ਡਿੱਗ ਗਿਆ।

Getty Images

2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ 10.1 ਫੀਸਦ ਵੋਟਾਂ ਮਿਲੀਆਂ ਸਨ, ਜੋ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਘਟ ਕੇ 8.7 ਫ਼ੀਸਦ ਰਹਿ ਗਈਆਂ।

ਕੇਂਦਰ ਵਿੱਚ ਮੋਦੀ ਸਰਕਾਰ ਦੇ ਤਿੰਨ ਸਾਲ ਬਾਅਦ ਫਰਵਰੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਸਿਰਫ਼ 5.4 ਫੀਸਦ ਵੋਟਾਂ ਹੀ ਮਿਲੀਆਂ। ਇਕ ਅੰਕੜਾ ਪਿਛਲੇ 25 ਸਾਲਾਂ ਦੌਰਾਨ ਸਭ ਤੋਂ ਘੱਟ ਸੀ।

ਪੰਜਾਬ ਭਾਜਪਾ ਮੌਜੂਦਾ ਹਾਲਤ

ਸਿਆਸੀ ਮਾਹਰ ਸਮਝਦੇ ਹਨ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਹਾਲਾਤ ਵੀ 2014 ਜਾਂ 2017 ਤੋਂ ਬਿਹਤਰ ਨਹੀਂ ਦਿਖਦੇ ਹਨ।

ਉਨ੍ਹਾਂ ਦੀ ਦਲੀਲ ਹੈ ਕਿ ਇਸ ਵਾਰ ਵੀ ਭਾਰਤੀ ਜਨਤਾ ਪਾਰਟੀ ਨੂੰ ਅੰਮ੍ਰਿਤਸਰ ਅਤੇ ਗੁਰਦਾਸਪੁਰ ਹਲਕਿਆਂ ਲਈ ਪੰਜਾਬ ਲੀਡਰਸ਼ਿਪ ਵਿੱਚੋਂ ਸਮਰੱਥ ਉਮੀਦਵਾਰ ਨਹੀਂ ਮਿਲਿਆ ਹੈ।

ਪਾਰਟੀ ਨੇ ਅੰਮ੍ਰਿਤਸਰ ਤੋਂ ਹਰਦੀਪ ਪੁਰੀ ਅਤੇ ਗੁਰਦਾਸਪੁਰ ਤੋਂ ਫ਼ਿਲਮ ਅਦਾਕਾਰ ਸੰਨੀ ਦਿਓਲ ਨੂੰ ਉਮੀਦਵਾਰ ਬਣਾਇਆ ਹੈ।

BBC

ਹੁਸ਼ਿਆਰਪੁਰ ਸੀਟ ਲਈ ਪਾਰਟੀ ਵਿੱਚ ਪੂਰੀ ਖਾਨਜੰਗੀ ਚੱਲੀ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਟਿਕਟ ਕੱਟ ਨੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੂੰ ਦੇ ਦਿੱਤੀ ਗਈ।

ਪਾਰਟੀ ਦੇ ਇਸ ਫੈਸਲੇ ਦੀ ਤੁਲਨਾ ਵਿਜੇ ਸਾਂਪਲਾ ਨੇ ''ਗਊ ਹੱਤਿਆ'' ਨਾਲ ਕੀਤੀ ਸੀ।

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਮੋਦੀ ਸਰਕਾਰ ਦੁਬਾਰਾ ਬਣਨ ਦੀ ਆਸ ਲਈ ਬੈਠੇ ਪਾਰਟੀ ਆਗੂ ਟਿਕਟਾਂ ਦੀ ਵੰਡ ਬਾਰੇ ਖੁੱਲ੍ਹ ਕੇ ਵਿਰੋਧ ਨਹੀਂ ਕਰ ਰਹੇ ਪਰ ਪਾਰਟੀ ਹਾਈਕਮਾਂਡ ਦੇ ਫੈਸਲੇ ਤੋਂ ਪਾਰਟੀ ਕਾਡਰ ਵਿੱਚ ਮਾਯੂਸੀ ਆਈ ਹੈ।

ਇਹ ਵੀ ਪੜ੍ਹੋ:

  • ''ਉਤਰਨ'' ਨਾਟਕ ਦੀ ਰਸ਼ਮੀ ਨੂੰ ਹੋਈ ਸੋਰਾਇਸਿਸ ਬੀਮਾਰੀ ਕੀ ਹੈ
  • ਕਰਨਜੀਤ ਕੌਰ ਦੇ ਸਨੀ ਲਿਓਨੀ ਬਣਨ ਦੀ ਕਹਾਣੀ
  • ਜਦੋਂ ਕੇਜਰੀਵਾਲ ਨੇ ਪੁੱਛਿਆ, ''ਕੀ ਮੈਂ ਸ਼ਕਲੋਂ ਖ਼ਾਲਿਸਤਾਨੀ ਲਗਦਾਂ''

ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਲਗਾਤਾਰ ਘਟ ਰਹੇ ਲੋਕ ਅਧਾਰ ਦੇ 5 ਅਹਿਮ ਕਾਰਨ

1.ਅਕਾਲੀਆਂ ਖਿਲਾਫ਼ ਲੋਕ ਰੋਹ

ਭਾਰਤੀ ਜਨਤਾ ਪਾਰਟੀ ਦੇ ਆਗੂ ਇਹ ਗੱਲ ਜਨਤਕ ਤੌਰ ਉੱਤੇ ਸਵਿਕਾਰ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਅਕਾਲੀ ਅਤੇ ਖਾਸਕਰ ਬਾਦਲ ਪਰਿਵਾਰ ਖ਼ਿਲਾਫ਼ ਲੋਕਾਂ ਦੇ ਰੋਹ ਦਾ ਨੁਕਸਾਨ ਭਾਜਪਾ ਨੂੰ ਵੀ ਝੱਲਣਾ ਪਿਆ ਹੈ।

Getty Images

2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਅਕਾਲੀਆਂ ਨਾਲੋਂ ਚੋਣ ਗਠਜੋੜ ਤੋੜਨ ਅਤੇ ਇਕੱਲੇ ਚੋਣ ਲੜਨ ਦੇ ਪੱਖ ਵਿੱਚ ਸੀ।

ਸਿਆਸੀ ਜਾਣਕਾਰਾਂ ਮੁਤਾਬਕ ਭਾਜਪਾ ਦੀ ਕੇਂਦਰੀ ਹਾਈਕਮਾਂਡ ਅਕਾਲੀ ਦਲ ਨਾਲ ਗਠਜੋੜ ਨੂੰ ਆਪਣੇ ਖ਼ਿਲਾਫ਼ ਘੱਟ ਗਿਣਤੀਆਂ ਵਿਰੋਧੀ ਹੋਣ ਦੇ ਪ੍ਰਚਾਰ ਨੂੰ ਖੁੰਢਾ ਕਰਨ ਲਈ ਵਰਤਦੀ ਹੈ। ਇਸ ਲਈ ਅਕਾਲੀ ਦਲ ਨਾਲ ਨੁਕਸਾਨ ਝੱਲਣ ਲਈ ਤਿਆਰ ਹੋ ਗਈ।

2.ਅਕਾਲੀ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ

ਪੰਜਾਬ ਵਿੱਚ ਭਾਜਪਾ 2007 ਤੋਂ 2017 ਤੱਕ ਅਕਾਲੀਆਂ ਨਾਲ ਸਾਂਝੀ ਸੱਤਾ ਦਾ ਅਨੰਦ ਮਾਣਦੀ ਰਹੀ। ਹੈਰਾਨੀਜਨਕ ਗੱਲ ਹੈ ਕਿ 2007 ਵਿੱਚ ਪਾਰਟੀ ਨੇ ਆਪਣੇ ਕੋਟੇ ਦੀਆਂ ਕੁੱਲ 23 ਵਿੱਚੋਂ 19 ਸੀਟਾਂ ਜਿੱਤੀਆਂ ਸਨ।

ਸਾਲ 2012 ਦੀਆਂ ਆਮ ਵਿਧਾਨ ਸਭਾ ਚੋਣਾਂ ਵਿੱਚ ਇਹ ਘਟ ਕੇ 12 ਰਹਿ ਗਈਆਂ, ਜਦਕਿ ਅਕਾਲੀ ਦਲ ਨੇ 2009 ਦੀਆਂ 48 ਸੀਟਾਂ ਦੇ ਮੁਕਾਬਲੇ 56 ਸੀਟਾਂ ਹਾਸਲ ਕੀਤੀਆਂ, ਜਿਸ ਸਦਕਾ ਭਾਜਪਾ ਮੁੜ ਸੱਤਾ ਵਿੱਚ ਆ ਗਈ।

Getty Images

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ 3 ਸੀਟਾਂ ਹਾਸਲ ਹੋਈਆਂ।

ਇਸ ਨਾਲ ਪਾਰਟੀ 2002 ਦੇ ਅੰਕੜੇ ਉੱਤੇ ਹੀ ਪਹੁੰਚ ਗਈ। ਉਦੋਂ ਵੀ ਪਾਰਟੀ ਦੀ ਇਹ ਹਾਲਤ ਅਕਾਲੀ ਭਾਜਪਾ ਦੇ ਪੰਜ ਸਾਲ ਰਾਜ ਕਾਰਨ ਹੋਈ ਸੀ।

ਫਰਵਰੀ 2017 ਵਿਚ 3 ਸੀਟਾਂ ਤੱਕ ਸਿਮਟਣ ਦਾ ਕਾਰਨ ਵੀ ਭਾਜਪਾ ਦੀ 10 ਸਾਲ ਸੱਤਾ ਦੀ ਵਿਰੋਧੀ ਹਵਾ ਦਾ ਨਤੀਜਾ ਹੈ।

ਭਾਰਤੀ ਜਨਤਾ ਪਾਰਟੀ ਦੇ ਮੰਤਰੀ ਰਹੇ ਆਗੂਆਂ ਦੀ ਪੰਜਾਬ ਵਿੱਚ ਦਿੱਖ ਕੁਝ ਖਾਸ ਚੰਗੀ ਨਹੀਂ ਰਹੀ ਅਤੇ ਉਨ੍ਹਾਂ ਦੇ ਵਿਭਾਗਾਂ ਦੀ ਕਾਰਗੁਜ਼ਾਰੀ ਉੱਤੇ ਭਾਜਪਾ ਨਾਲੋਂ ਵੱਧ ਅਸਰ ਅਕਾਲੀਆਂ ਦਾ ਦਿਖਦਾ ਸੀ।

3.ਹਿੰਦੂਤਵੀ ਤੇ ਰਾਸ਼ਟਰਵਾਦੀ ਏਜੰਡਾ

2011 ਦੀ ਜਨਗਣਨਾ ਮੁਤਾਬਕ ਪੰਜਾਬ ਵਿੱਚ ਸਿੱਖਾਂ ਦੀ ਅਬਾਦੀ 57.69 ਫ਼ੀਸਦ ਹੈ। ਸਿੱਖ ਭਾਈਚਾਰਾ ਦੀ ਕਾਫ਼ੀ ਗਿਣਤੀ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਇਸ ਵਿਚਾਰ ਨੂੰ ਪਸੰਦ ਨਹੀਂ ਕਰਦਾ ਕਿ ਸਿੱਖ ਹਿੰਦੂ ਧਰਮ ਦਾ ਹੀ ਹਿੱਸਾ ਹਨ।

ਸਿੱਖਾਂ ਵਿੱਚ ਕਾਫ਼ੀ ਗਿਣਤੀ ਅਜਿਹੀ ਹੈ, ਜਿਹੜੀ ਇਹ ਦਾਅਵਾ ਵੀ ਕਰਦੀ ਹੈ ਕਿ ਹਿੰਦੂਤਵੀਆਂ ਨੇ ਜਿਵੇਂ ਜੈਨ ਤੇ ਬੁੱਧ ਧਰਮ ਨੂੰ ਨੁਕਸਾਨ ਪਹੁੰਚਾਇਆ ਉਵੇਂ ਹੀ ਸਿੱਖਾਂ ਨਾਲ ਵੀ ਕਰਦੇ ਹਨ।

EPA

ਜਾਣਕਾਰ ਮੰਨਦੇ ਹਨ ਕਿ ਭਾਰਤੀ ਜਨਤਾ ਪਾਰਟੀ ਤੇ ਹਿੰਦੂਤਵੀ ਸੰਗਠਨਾਂ ਦੇ ਘੱਟ ਗਿਣਤੀ ਵਿਰੋਧੀ ਏਜੰਡੇ ਨਾਲ ਹੋਣ ਵਾਲੇ ਧਰੁਵੀਕਰਨ ਨਾਲ ਭਾਵੇਂ ਭਾਰਤ ਦੇ ਦੂਜੇ ਹਿੱਸਿਆ ਵਿੱਚ ਲਾਭ ਹੋਵੇ ਪਰ ਪੰਜਾਬ ਵਿੱਚ ਇਹ ਨੁਕਸਾਨ ਕਰਦਾ ਹੈ।

ਪੰਜਾਬ ਦਾ ਵੱਡਾ ਖੇਤਰ ਸਰਹੱਦ ਨਾਲ ਲੱਗਦਾ ਹੈ, ਇੱਥੋਂ ਦੇ ਲੋਕ ਦਹਾਕਿਆਂ ਤੋਂ ਸਰਹੱਦੀ ਸਮੱਸਿਆਵਾਂ ਦਾ ਸੰਤਾਪ ਹੰਢਾਉਂਦੇ ਹਨ। ਸਰਹੱਦੀ ਗੜਬੜ ਕਾਰਨ ਇਹ ਵਾਰ ਵਾਰ ਉਜੜਦੇ ਹਨ, ਇਸ ਲਈ ਪੰਜਾਬ ਵਿੱਚ ਜੰਗੀ ਹਾਲਾਤ ਦਾ ਦੇਸ ਤੋਂ ਉਲਟ ਅਸਰ ਹੁੰਦਾ ਹੈ।

ਇਸ ਦੀ ਪ੍ਰਤੱਖ ਉਦਾਹਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਪ੍ਰਚਾਰ ਦੌਰਾਨ ਭਾਸ਼ਣਾਂ ਤੋਂ ਮਿਲਦੀ ਹੈ। ਮੋਦੀ ਪੰਜਾਬ ਆਕੇ ਦੇਸ ਦੇ ਦੂਜੇ ਹਿੱਸਿਆ ਵਾਂਗ ਪੁਲਵਾਮਾ, ਬਾਲਾਕੋਟ ਏਅਰਸਟਰਾਈਕ ਦੀ ਥਾਂ ਸਿੱਖ ਕਤਲੇਆਮ ਦੀ ਗੱਲ ਕਰਦੇ ਰਹੇ।

ਇਹ ਵੀ ਪੜ੍ਹੋ:

  • 39 ਸਾਲਾਂ ਦੀ ਹੋਈ ਭਾਜਪਾ, ਪਾਰਟੀ ਬਾਰੇ ਅਹਿਮ ਗੱਲਾਂ
  • ਕੀ ਭਾਜਪਾ ਨੇ ਹੀ 5 ਸਾਲਾਂ ''ਚ ਇਹ ਸੜਕਾਂ ਬਣਾਈਆਂ
  • ਖਤਰੇ ਦੀ ਕਿਸ ਘੰਟੀ ਤੋਂ ਘਬਰਾ ਰਹੀ ਹੈ ਭਾਜਪਾ?

4.ਸੂਬੇ ਵਿੱਚ ਪਾਰਟੀ ਦੀ ਧੜੇਬੰਦੀ

ਭਾਰਤੀ ਜਨਤਾ ਪਾਰਟੀ ਨੂੰ ਭਾਵੇਂ ਅਨੁਸ਼ਾਸਿਤ ਕਾਡਰ ਦੀ ਪਾਰਟੀ ਸਮਝਿਆ ਜਾਂਦਾ ਹੈ, ਪਰ ਪੰਜਾਬ ਵਿੱਚ ਇਹ ਜਿਸ ਤਰ੍ਹਾਂ ਧੜ੍ਹਿਆਂ ਵਿੱਚ ਵੰਡੀ ਹੋਈ ਹੈ, ਉਸ ਦਾ ਪਾਰਟੀ ਨੂੰ ਅੱਛਾ ਖਾਸਾ ਨੁਕਸਾਨ ਹੋਇਆ ਹੈ।

ਪਾਰਟੀ ਵਿੱਚ ਇੱਕ ਕਮਲ ਸ਼ਰਮਾਂ, ਤੀਕਸ਼ਣ ਸੂਦ, ਸੋਮ ਪ੍ਰਕਾਸ਼ ਦਾ ਧੜਾ ਹੈ, ਦੂਜੇ ਪਾਸੇ ਅਕਾਲੀਆਂ ਨਾਲ ਸੱਤਾ ਹੰਢਾਉਣ ਵਾਲੇ ਮਦਨ ਮੋਹਨ ਮਿੱਤਲ ਵਰਗੇ ਆਗੂ ਹਨ ਅਤੇ ਤੀਜੇ ਪਾਸੇ ਅਵਿਨਾਸ਼ ਰਾਏ ਖੰਨਾ, ਵਿਜੇ ਸਾਂਪਲਾ ਅਤੇ ਹਰਜੀਤ ਗਰੇਵਾਲ ਵਰਗੇ ਆਗੂਆਂ ਦਾ ਗੁੱਟ।

ਪਿਛਲੇ ਕੁਝ ਸਾਲਾਂ ਤੋਂ ਕੇਂਦਰ ਨੇ ਪੰਜਾਬ ਦੇ ਸਾਰੇ ਵੱਡੇ ਫ਼ੈਸਲੇ ਅਰੁਣ ਜੇਤਲੀ ਹੱਥ ਛੱਡੇ ਹੋਏ ਹਨ।

ਅਰੁਣ ਜੇਤਲੀ ਨੇ ਅਵਿਨਾਸ਼ ਰਾਏ ਖੰਨਾ ਦੀ ਰਾਜ ਸਭਾ ਸੀਟ ਸ਼ਵੇਤ ਮਲਿਕ ਨੂੰ ਹੀ ਨਹੀਂ ਦੁਆਈ, ਸਗੋਂ ਨਗਰ ਕੌਸਲ ਦੀ ਚੋਣ ਹਾਰਨ ਵਾਲੇ ਆਗੂ ਨੂੰ ਸੂਬੇ ਦੀ ਪ੍ਰਧਾਨਗੀ ਸੌਂਪ ਦਿੱਤੀ।

ਜਦੋਂ ਕਮਲ ਸ਼ਰਮਾਂ ਪ੍ਰਧਾਨ ਸਨ ਉਦੋਂ ਕਮਲ ਸ਼ਰਮਾਂ ਦਾ ਧੜਾ ਮੀਡੀਆ ਤੇ ਸਿਆਸੀ ਹਲਕਿਆ ਵਿੱਚ ਦਿਖਦਾ ਸੀ ਅਤੇ ਜਦੋਂ ਵਿਜੇ ਸਾਂਪਲਾ ਪ੍ਰਧਾਨ ਬਣੇ ਤਾਂ ਉਹ ਗਾਇਬ ਹੋ ਗਏ।

ਵਿਜੇ ਸਾਂਪਲਾ ਨਾਲ ਜਿਹੜੇ ਆਗੂ ਦਿਖਦੇ ਸਨ, ਉਹ ਸ਼ਵੇਤ ਮਲਿਕ ਦੇ ਪ੍ਰਧਾਨ ਬਣਦਿਆਂ ਹੀ ਕਿਧਰੇ ਲਾਪਤਾ ਹੋ ਗਏ ਹਨ।

5.ਸ਼ਹਿਰੀ ਖੇਤਰ ਤੱਕ ਸਿਮਟਣਾ

ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਅਧਾਰ ਸ਼ਹਿਰੀ ਖੇਤਰਾਂ ਤੱਕ ਸੀਮਤ ਹੈ। ਪੰਜਾਬ ਵਿੱਚ ਪਾਰਟੀ ਪੇਂਡੂ ਖੇਤਰਾਂ ਤੱਕ ਆਪਣੀ ਪਹੁੰਚ ਨਹੀਂ ਬਣਾ ਸਕੀ।

Getty Images

ਅਕਾਲੀ ਦਲ ਨੂੰ ਪਹਿਲਾਂ ਪੇਂਡੂ ਖੇਤਰਾਂ ਦੀ ਪਾਰਟੀ ਸਮਝਿਆ ਜਾਂਦਾ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਦੇ ਪਾਰਟੀ ਦੇ ਸਰੂਪ ਨੂੰ ਸਿੱਖ ਪਾਰਟੀ ਦੀ ਬਜਾਇ ਪੰਜਾਬੀ ਪਾਰਟੀ ਬਣਾਉਣ ਅਤੇ ਸੁਖਬੀਰ ਦੇ ਸ਼ਹਿਰੀ ਖੇਤਰਾਂ ਵਿੱਚ ਅਧਾਰ ਮਜ਼ਬੂਤ ਕਰਨ ਦੇ ਤਜਰਬੇ ਨਾਲ ਭਾਜਪਾ ਲਈ ਮੌਕੇ ਘਟੇ ਹਨ।

ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਵਿੱਚ ਪੂਰੀ ਤਰ੍ਹਾਂ ਅਕਾਲੀ ਦਲ ਦੀ ਪਿਛਲੱਗੂ ਪਾਰਟੀ ਬਣ ਕੇ ਰਹਿ ਗਈ ਹੈ।

ਇਹ ਵੀ ਪੜ੍ਹੋ:

https://www.youtube.com/watch?v=xWw19z7Edrs&t=1s

https://www.youtube.com/watch?v=6zwi6JQP7G8

https://www.youtube.com/watch?v=vMXY2n58V8k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)