ਗੁਰੂਗ੍ਰਾਮ ਹਿੰਸਾ: '''' ਮੈਂ ਮੁਸਲਮਾਨ ਹਾਂ ਅਤੇ ਭਾਰਤ ਹੀ ਮੇਰਾ ਮੁਲਕ ਹੈ''''- ਗਰਾਊਂਡ ਰਿਪੋਰਟ

03/25/2019 7:15:15 AM

BBC
ਕੁੱਟਮਾਰ ਦਾ ਸ਼ਿਕਾਰ ਹੋਏ ਦਿਲਸ਼ਾਦ ਦੇ ਸਿਰ ''ਤੇ ਦੋ ਟੰਕੇ ਲੱਗੇ ਹਨ ਅਤੇ ਸੱਜੇ ਹੱਥ ਦੀ ਹੱਡੀ ਟੁੱਟੀ ਹੈ, ਸਰੀਰ ''ਤੇ ਹੋਰ ਵੀ ਡੂੰਘੇ ਜਖ਼ਮ ਹਨ

"ਮੈਂ ਇਹ ਘਰ ਛੱਡ ਕੇ ਚਲਾ ਜਾਵਾਂਗਾ। ਮੈਂ ਆਪਣੇ ਪਿੰਡ ਚਲਾ ਜਾਵਾਂਗਾ। ਮੇਰੇ ਸਾਹਮਣੇ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਅਤੇ ਮੈਂ ਉਨ੍ਹਾਂ ਨੂੰ ਕੁੱਟ ਖਾਂਦੇ ਹੋਏ ਦੇਖ ਰਿਹਾ ਸੀ। ਮੈਂ ਕੁਝ ਨਹੀਂ ਕਰ ਸਕਿਆ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ। ਇਸ ਮਕਾਨ ਲਈ ਮੈਂ ਲੋਕਾਂ ਤੋਂ ਕਰਜ਼ਾ ਲਿਆ ਹੈ ਪਰ ਮੈਂ ਹੁਣ ਪੂਰੀ ਜ਼ਿੰਦਗੀ ਡਰ ਕੇ ਨਹੀਂ ਬਤੀਤ ਕਰਨਾ ਚਾਹੁੰਦਾ।"

ਇਹ ਕਹਿੰਦੇ ਹੀ ਮੰਜੇ ''ਤੇ ਪਿਆ ਮੁਹੰਮਦ ਸਾਜਿਦ ਰੋਣ ਲੱਗ ਪਿਆ। ਕੋਲ ਬੈਠੇ ਇੱਕ ਵਿਅਕਤੀ ਨੇ ਉਸ ਦੇ ਹੰਝੂ ਪੂੰਝੇ।

ਸਾਜਿਦ ਦੀ ਖੱਬੀ ਬਾਂਹ ''ਤੇ ਪਲਾਸਟਰ ਚੜ੍ਹਿਆ ਹੈ ਅਤੇ ਪੈਰਾਂ ''ਤੇ ਡੂੰਘੀ ਸੱਟ ਹੈ। ਉਨ੍ਹਾਂ ਨਾਲ ਅਜਿਹਾ ਕਿਉਂ ਹੋਇਆ, ਉਨ੍ਹਾਂ ਦੀ ਕੀ ਗ਼ਲਤੀ ਹੈ, ਇਹ ਉਨ੍ਹਾਂ ਨੂੰ ਵੀ ਨਹੀਂ ਪਤਾ।

21 ਮਾਰਚ ਨੂੰ ਦੇਸ ਹੋਲੀ ਦਾ ਤਿਉਹਾਰ ਮਨਾ ਰਿਹਾ ਸੀ। ਹੋਲੀ ਨੂੰ ਭਾਈਚਾਰੇ ਅਤੇ ਆਪਸੀ ਪਿਆਰ ਦਾ ਤਿਉਹਾਰ ਮੰਨਿਆ ਜਾਂਦਾ ਹੈ।

ਪਰ ਜਿਸ ਵੇਲੇ ਲੋਕ ਰੰਗ ਲਗਾ ਕੇ ਇੱਕ-ਦੂਜੇ ਦੇ ਗਲੇ ਮਿਲ ਰਹੇ ਸਨ, ਉਸੇ ਸਮੇਂ ਗੁਰੂਗ੍ਰਾਮ ਦੇ ਭੂਪ ਸਿੰਘ ਨਗਰ ਦੇ ਰਹਿਣ ਵਾਲੇ ਮੁਹੰਮਦ ਸਾਜਿਦ ਦੇ ਪਰਿਵਾਰ ਨੇ ਸਮਾਜ ਦਾ ਇੱਕ ਅਜਿਹਾ ਭਿਆਨਕ ਚਿਹਰਾ ਦੇਖਿਆ ਜਿਸ ਨਾਲ ਉਹ ਹੁਣ ਤੱਕ ਦਹਿਸ਼ਤ ਵਿਚ ਹਨ।

ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਫਿਰਕੂ ਹਿੰਸਾ ਨਾਲ ਜੋੜ ਕੇ ਨਹੀਂ ਦੇਖਦੀ।

ਇਹ ਵੀ ਪੜ੍ਹੋ-

  • ਭਗਤ ਸਿੰਘ ਨੂੰ ਕਿਸ ਤਰ੍ਹਾਂ ਯਾਦ ਕਰਦੀ ਹੈ ਇਹ ਪਾਕਿਸਤਾਨੀ ਕੁੜੀ
  • ਸਪਨਾ: ''ਮੈਂ ਕਾਂਗਰਸ ''ਚ ਸ਼ਾਮਿਲ ਨਹੀਂ ਹੋਈ''
  • ਅੱਲਾਹ ਦਾ ਵਾਸਤਾ ਦਿੰਦੀ ਮਾਂ ''ਤੇ ਵੀ ਨਹੀਂ ਆਇਆ ਰਹਿਮ
  • ਵੇਟਰ ਤੋਂ ਹੋਟਲਾਂ ਦੇ ਮਾਲਕ ਬਣੇ ਸ਼ਖਸ ਦੀ ਕਹਾਣੀ
BBC
ਮੁਹੰਮਦ ਸਾਜਿਦ ਦੇ ਵੀ ਇੱਕ ਹੱਥ ਦੀ ਹੱਡੀ ਟੁੱਟੀ ਹੈ ਅਤੇ ਡੂੰਘੀਆਂ ਸੱਟਾਂ ਹਨ

ਇਸ ਮਾਰ-ਕੁੱਟ ਦੇ ਸ਼ਿਕਾਰ ਅਤੇ ਮੁਹੰਮਦ ਸਾਜਿਦ ਦੇ ਭਤੀਜੇ ਦਿਲਸ਼ਾਦ ਮੁਤਾਬਕ ਵੀਰਵਾਰ ਨੂੰ ਸ਼ਾਮ ਪੰਜ ਤੋਂ ਸਾਢੇ ਪੰਜ ਵਜੇ ਵਿਚਕਾਰ ਨਯਾ ਗਾਂਵ ਤੋਂ 25-30 ਲੋਕ ਡਾਂਗਾਂ ਅਤੇ ਬਰਛਿਆਂ ਨਾਲ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ।

ਉਨ੍ਹਾਂ ਨੇ ਘਰ ਵਿਚ ਮੌਜੂਦ ਸਾਜਿਦ, ਦਿਲਸ਼ਾਦ, ਸਮੀਰ, ਸ਼ਾਦਾਬ ਸਣੇ 12 ਲੋਕਾਂ ਦੀ ਕੁੱਟਮਾਰ ਕੀਤੀ।

ਸਾਜਿਦ ਦੇ ਪੁੱਤਰ ਸ਼ਾਦਾਬ ਦਾ ਇਸ ਵੇਲੇ ਸਫ਼ਦਰਜੰਗ ਹਸਪਤਾਲ ਦੇ ਟ੍ਰੌਮਾ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ।

ਗੁਰੂਗ੍ਰਾਮ ਦੇ ਭੌਂਡਸੀ ਥਾਣੇ ਦੇ ਭੂਪ ਸਿੰਘ ਨਗਰ ਇਲਾਕੇ ਵਿਚ ਸਾਜਿਦ ਅਤੇ ਉਨ੍ਹਾਂ ਦੇ ਪਰਿਵਾਰ ''ਤੇ ਹੋਏ ਹਮਲੇ ਦਾ ਵੀਡੀਓ ਤੁਸੀਂ ਹੁਣ ਤੱਕ ਸੋਸ਼ਲ ਮੀਡੀਆ ''ਤੇ ਦੇਖ ਹੀ ਲਿਆ ਹੋਵੇਗਾ।

ਇਸ ਵੀਡੀਓ ਵਿਚ ਕੁਝ ਲੋਕ ਮੁਹੰਮਦ ਸਾਜਿਦ ਨੂੰ ਕੁੱਟਦੇ ਨਜ਼ਰ ਆ ਰਹੇ ਹਨ।

ਇਸ ਵਿਚ ਇੱਕ ਔਰਤ ਵੀ ਹੈ ਜੋ ਸਾਜਿਦ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ ਅਤੇ ਲੋਕ ਉਸ ਨੂੰ ਵੀ ਕੁੱਟ ਰਹੇ ਹਨ।

ਕੁਝ ਬੱਚੇ ਛੱਤ ਦਾ ਦਰਵਾਜਾ ਬੰਦ ਕਰਕੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇੱਕ ਕੁੜੀ ਦੀਆਂ ਚੀਕਾਂ ਸੁਣ ਰਹੀਆਂ ਹਨ।

21 ਸਾਲਾ ਦੀ ਦਾਨਿਸਤਾ ਨੇ ਜਦੋਂ ਇਹ ਵੀਡੀਓ ਬਣਾਇਆ ਤਾਂ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਇਹ ਵੀਡੀਓ ਸ਼ੇਅਰ ਵੀ ਕਰ ਸਕੇਗੀ ਜਾਂ ਨਹੀਂ।

BBC
ਪੂਰੇ ਘਰ ਵਿੱਚ ਕੱਚ ਦੇ ਖਿਲਰੇ ਹੋਏ ਟੁਕੜੇ ਪਏ ਹਨ

ਦਾਨਿਸਤਾ ਆਪਣੇ ਚਾਚੇ ਦੇ ਘਰ ਹੋਲੀ ਮਨਾਉਣ ਲਈ ਆਈ ਸੀ। ਜਿਸ ਵੇਲੇ ਭੀੜ ਘਰ ਵਿਚ ਦਾਖ਼ਲ ਹੋਈ, ਉਸ ਵੇਲੇ ਉਹ ਖਾਣਾ ਬਣਾ ਰਹੀ ਸੀ ਅਤੇ ਉਸ ਦੇ ਹੱਥਾਂ ਵਿਚ ਉਸਦੇ ਭਰਾ ਇਰਸ਼ਾਦ ਦਾ ਮੋਬਾਇਲ ਫ਼ੋਨ ਸੀ।

ਦਾਨਿਸਤਾ ਕਹਿੰਦੀ ਹੈ, "ਜਦੋਂ ਉਹ ਲੋਕ ਕੁੱਟਮਾਰ ਕਰ ਰਹੇ ਸੀ ਤਾਂ ਮੇਰੇ ਹੱਥਾਂ ਵਿਚ ਫ਼ੋਨ ਸੀ, ਮੈਨੂੰ ਲੱਗਿਆ ਕਿ ਵੀਡੀਓ ਬਣਾਉਣੀ ਚਾਹੀਦੀ ਹੈ। ਅਸੀਂ ਭੈਣ-ਭਰਾ ਉੱਪਰ ਵਾਲੀ ਛੱਤ (ਦੂਜੀ ਮੰਜ਼ਿਲ) ''ਤੇ ਭੱਜੇ ਅਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ।"

"ਜਿਵੇਂ ਹੀ ਉਨ੍ਹਾਂ ਲੋਕਾਂ ਨੂੰ ਪਤਾ ਲੱਗਾ ਕਿ ਵੀਡੀਓ ਬਣ ਰਹੀ ਹੈ ਤਾਂ ਉਹ ਉੱਚੀ ਚੀਕੇ ਕਿ ਉਸ ਕੁੜੀ ਨੂੰ ਫ਼ੋਨ ਦੇ ਨਾਲ ਹੀ ਸੁੱਟ ਦਿਓ। ਮੈਂ ਡਰ ਗਈ ਸੀ, ਮੈਨੂੰ ਬੱਸ ਇਹ ਫ਼ੋਨ ਬਚਾਉਣਾ ਸੀ। ਮੈਂ ਫੋਨ ਨੂੰ ਕੋਲ ਪਈਆਂ ਇੱਟਾਂ ਵਿਚ ਲੁਕਾਇਆ ਅਤੇ ਸੋਚਿਆ ਜੇਕਰ ਇਹ ਲੋਕ ਮੈਨੂੰ ਮਾਰ ਵੀ ਦੇਣਗੇ ਤਾਂ ਇਹ ਵੀਡੀਓ ਸਾਡਾ ਸਬੂਤ ਹੋਵੇਗਾ। ਪਰ ਉਹ ਲੋਕ ਦਰਵਾਜ਼ਾ ਨਹੀਂ ਤੋੜ ਸਕੇ।"

15 ਸਾਲ ਪਹਿਲਾਂ ਮੁਹੰਮਦ ਸਾਜਿਦ ਆਪਣੇ ਪਰਿਵਾਰ ਦੇ ਨਾਲ ਉੱਤਰ ਪ੍ਰਦੇਸ਼ ਦੇ ਬਾਗ਼ਪਤ ਤੋਂ ਰੁਜ਼ਗਾਰ ਦੀ ਭਾਲ ਵਿਚ ਗੁਰੂਗ੍ਰਾਮ ਆਇਆ ਸੀ।

ਇੱਥੇ ਘਸੋਲਾ ਪਿੰਡ ਵਿਚ ਉਸ ਦੀ ਗੈਸ ਰਿਪੇਅਰਿੰਗ ਦੀ ਦੁਕਾਨ ਹੈ। ਪਿੰਡ ਨੂੰ ਛੱਡ ਕੇ ਉਹ ਬਿਹਤਰ ਭਵਿੱਖ ਦੀ ਆਸ ਲੈ ਕੇ ਸ਼ਹਿਰ ਆਇਆ ਸੀ, ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਸ਼ਹਿਰ ਉਨ੍ਹਾਂ ਦੇ ਅੰਦਰ ਵੱੜ ਚੁੱਕੇ ਡਰ ਦਾ ਕਾਰਨ ਬਣੇਗਾ।

''ਇੱਥੇ ਕਿਉਂ ਖੇਡ ਰਿਹਾ ਹੈ, ਪਾਕਿਸਤਾਨ ਜਾ ਕੇ ਖੇਡ''

ਗੁਰੂਗ੍ਰਾਮ ਪੁਲਿਸ ਕਮਿਸ਼ਨਰ ਮੁਹੰਮਦ ਅਕੀਲ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ, "ਇਹ ਸਾਰਾ ਵਿਵਾਦ ਕ੍ਰਿਕੇਟ ਨੂੰ ਲੈ ਕੇ ਸ਼ੁਰੂ ਹੋਇਆ। ਖੇਡ ਨਾਲ ਸ਼ੁਰੂ ਹੋਇਆ ਇਹ ਵਿਵਾਦ ਵਧਦਾ ਗਿਆ ਅਤੇ ਕੁੱਟਮਾਰ ਤੱਕ ਪਹੁੰਚ ਗਿਆ।"

"ਦੋਹਾਂ ਹੀ ਪੱਖਾਂ ਨੇ ਕੁੱਟਮਾਰ ਕੀਤੀ। ਹਾਂ, ਇੱਕ ਪੱਖ ਨੇ ਜ਼ਿਆਦਾ ਕੁੱਟਮਾਰ ਕੀਤੀ ਅਤੇ ਅਸੀਂ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ।"

ਮਾਮਲੇ ਦੀ ਜਾਂਚ ਚੱਲ ਰਹੀ ਹੈ। ਅੱਗੇ ਹੋਰ ਵੀ ਗ੍ਰਿਫ਼ਤਾਰੀਆਂ ਸੰਭਵ ਹਨ।

BBC
21 ਸਾਲ ਦੀ ਦਾਨਿਸਤਾ ਆਪਣੇ ਚਾਚੇ ਦੇ ਘਰ ਹੋਲੀ ਮਨਾਉਣ ਆਈ ਸੀ ਅਤੇ ਇਸ ਘਟਨਾ ਦਾ ਵੀਡੀਓ ਉਨ੍ਹਾਂ ਨੇ ਹੀ ਬਣਾਇਆ

ਗੁਰੂਗ੍ਰਾਮ ਪੁਲਿਸ ਦੇ ਪੀਆਰਓ ਸੁਭਾਸ਼ ਬੋਕੇਨ ਨੇ ਦੱਸਿਆ ਕਿ ਦਿਲਸ਼ਾਦ ਨਾਮ ਦੇ ਵਿਅਕਤੀ ਨੇ ਇਸ ਮਾਮਲੇ ਵਿਚ ਅਣਪਛਾਤੇ ਲੋਕਾਂ ਦੇ ਖਿਲਾਫ਼ ਕੇਸ ਦਰਜ ਕਰਵਾਇਆ ਹੈ।

ਸਬੂਤ ਅਤੇ ਵੀਡੀਓ ਦੇ ਆਧਾਰ ''ਤੇ ਮਹੇਸ਼ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਮਾਮਲਾ ਆਈਪੀਸੀ ਦੀ ਧਾਰਾ 147 (ਦੰਗਾ ਭੜਕਾਉਣਾ), 148 (ਗ਼ੈਰ-ਕਾਨੂੰਨੀ ਮੀਟਿੰਗਾਂ), 452 (ਗ਼ੈਰ-ਕਾਨੂੰਨੀ ਕਬਜ਼ਾ), 506 (ਧਮਕਾਉਣਾ) ਅਤੇ 307 (ਕਤਲ ਦੀ ਕੋਸ਼ਿਸ਼ ਕਰਨਾ) ਦੇ ਤਹਿਤ ਦਰਜ ਕੀਤਾ ਗਿਆ ਹੈ।

ਹਰਿਆਣਾ ਪੁਲਿਸ ਦੇ ਡਾਇਰੈਕਟਰ ਜਨਰਲ ਮਨੋਜ ਯਾਦਵ ਨੇ ਕਿਹਾ ਕਿ, "ਇਹ ਮੰਦਭਾਗਾ ਹੈ। ਪਰ ਮੈਂ ਇਹ ਨਹੀਂ ਮੰਨਦਾ ਕਿ ਇਹ ਫਿਰਕਾਪ੍ਰਸਤੀ ਨਾਲ ਸਬੰਧਤ ਹੈ। ਦੋਹਾਂ ਗੁੱਟਾਂ ਵਿਚਾਲੇ ਇਕ ਆਪਸੀ ਝਗੜਾ ਹੈ ਜਿਸ ਨੂੰ ਸੰਪਰਦਾਇਕ ਕਹਿਣਾ ਗਲਤ ਹੋਵੇਗਾ।"

ਪੁਲਸ ਮੁਤਾਬਕ, ਕ੍ਰਿਕੇਟ ਮੈਚ ਖੇਡਣ ਦੌਰਾਨ ਦੋ ਗਰੁੱਪਾਂ ਵਿਚ ਬਹਿਸ ਹੋ ਗਈ ਅਤੇ ਇਹ ਮਾਮਲਾ ਕੁੱਟਮਾਰ ਤੱਕ ਜਾ ਪਹੁੰਚਿਆ। ਕੁੱਟਮਾਰ ਦੋਹਾਂ ਹੀ ਪੱਖਾਂ ਨੇ ਕੀਤੀ ਸੀ ਪਰ ਇੱਕ ਪੱਖ ਨੇ ਘਰ ਵਿਚ ਵੜ ਕੇ ਕੀਤੀ, ਜਿੰਨ੍ਹਾਂ ''ਤੇ ਕਾਰਵਾਈ ਜਾਰੀ ਹੈ।

ਪਰ ਪੀੜਤ ਪਰਿਵਾਰ ਦੀ ਕਹਾਣੀ ਪੁਲਿਸ ਦੇ ਵੇਰਵੇ ਨਾਲ ਮੇਲ ਨਹੀਂ ਖਾਂਦੀ।

ਕੁੱਟਮਾਰ ਦਾ ਸ਼ਿਕਾਰ ਹੋਏ ਦਿਲਸ਼ਾਦ ਦਾ ਕਹਿਣਾ ਹੈ ਕਿ, "ਘਰ ਵਿਚ ਕੁਲ 17 ਲੋਕ ਸਨ। ਅਸੀਂ ਸਾਰੇ ਘਰ ਦੇ ਬਾਹਰ ਕ੍ਰਿਕੇਟ ਖੇਡ ਰਹੇ ਸੀ। ਇੰਨੇ ਵਿਚ ਬਾਇਕ ''ਤੇ ਸਵਾਰ ਦੋ ਲੋਕ ਆਏ ਅਤੇ ਬੋਲਣ ਲੱਗੇ ਮੁੱਲੇ ਇੱਥੇ ਕਿਉਂ ਖੇਡ ਰਹੇ ਹੋ, ਪਾਕਿਸਤਾਨ ਜਾਕੇ ਖੇਡੋ।"

"ਅਸੀਂ ਬੈਟ ਅਤੇ ਬਾਲ ਉਨ੍ਹਾਂ ਨੂੰ ਦੇ ਦਿੱਤੇ। ਇੰਨੇ ਵਿਚ ਸਾਜਿਦ ਚਾਚਾ ਆ ਗਏ ਅਤੇ ਪੁੱਛਿਆ ਕਿ ਕੀ ਹੋਇਆ। ਇਹ ਸੁਣਦੇ ਹੀ ਇੱਕ ਬਾਇਕ ਸਵਾਰ ਨੇ ਉਨ੍ਹਾਂ ਦੇ ਥੱਪੜ ਮਾਰ ਦਿੱਤਾ। ਉਸ ਨੇ ਪੁੱਛਿਆ ਤੂੰ ਹੈਂ ਕੌਣ, ਘਰ ਕਿੱਥੇ ਹੈ ਤੇਰਾ?"

ਇਹ ਵੀ ਪੜ੍ਹੋ-

  • ਤਲਾਕਸ਼ੁਦਾ ਪੰਜਾਬਣ ਦੀ ਕਹਾਣੀ ਜਿਸ ਲਈ ਮੁੜ ਵਿਆਹ ਕਰਾਉਣਾ ਬਣੀ ਚੁਣੌਤੀ
  • ਜਦੋਂ ਠੇਠ ਲਾਹੌਰੀ ਪੰਜਾਬੀ ''ਚ ਧਮਕੀ ਮਿਲੀ- ''ਨਾਂ ਕੀ ਹੈ ਤੇਰਾ, ਮੈਂ ਤੈਨੂੰ ਵੇਖ ਲਵਾਂਗਾ''
  • ਨਿਊਜ਼ੀਲੈਂਡ: ਹਮਲਾਵਰ ਪਾਕ ''ਚ ਕੀ ਕਰਦਾ ਰਿਹਾ
  • ਇੱਥੇ ਕੁੜੀਆਂ ਨੂੰ ਦੇਹ ਵਪਾਹ ''ਚ ਭੇਜਣਾ ''ਰਵਾਇਤ'' ਹੈ
BBC
ਸਾਜਿਦ ਦੇ ਦੋ ਮੰਜ਼ਲਾ ਘਰ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ

"ਉਨ੍ਹਾਂ ਨੇ ਦੱਸਿਆ ਕਿ ਅਸੀਂ ਇੱਥੇ ਹੀ ਰਹਿੰਦੇ ਹਾਂ। ਬਾਅਦ ਵਿਚ ਅਸੀਂ ਆਪਣੇ ਘਰ ਚਲੇ ਗਏ। ਥੋੜ੍ਹੀ ਦੇਰ ਬਾਅਦ ਦੋ ਬਾਇਕ ''ਤੇ ਬੈਠ ਕੇ ਛੇ ਵਿਅਕਤੀ ਆਏ। ਉਨ੍ਹਾਂ ਵਿਚੋਂ ਇੱਕ ਨੇ ਚਾਚਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਹੈ, ਅਤੇ ਉਸ ਦੇ ਇੰਨ੍ਹਾ ਆਖਦੇ ਹੀ ਲੋਕਾਂ ਨੇ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ।"

"ਉਨ੍ਹਾਂ ਲੋਕਾਂ ਦੇ ਪਿੱਛੇ ਕਈ ਲੋਕ ਸਨ। ਉਨ੍ਹਾਂ ਲੋਕਾਂ ਦੇ ਕੋਲ ਲਾਠੀ ਅਤੇ ਬਰਛੀਆਂ ਤੋਂ ਇਲਾਵਾ ਪੱਥਰ ਵੀ ਸਨ। ਉਨ੍ਹਾਂ ਲੋਕਾਂ ਨੇ ਘਰ ''ਤੇ ਪੱਥਰਬਾਜ਼ੀ ਵੀ ਸ਼ੁਰੂ ਕਰ ਦਿੱਤੀ।"

ਵਾਇਰਲ ਵੀਡੀਓ ਵਿਚ ਨਜ਼ਰ ਆ ਰਹੇ ਮੁੱਖ ਪੀੜਤ ਮੁਹੰਮਦ ਸਾਜਿਦ ਦਾ ਕਹਿਣਾ ਹੈ , "ਉਹ ਲੋਹੇ ਦੇ ਦਰਵਾਜ਼ੇ ਨੂੰ ਜ਼ੋਰ ਨਾਲ ਧੱਕ ਰਹੇ ਸਨ। ਜਦੋਂ ਦਰਵਾਜ਼ਾ ਨਹੀਂ ਖੁੱਲਿਆ ਤਾਂ ਉਨ੍ਹਾਂ ਨੇ ਖਿੜਕੀ ਦੀ ਗ੍ਰਿਲ ਤੋੜ ਦਿੱਤੀ ਅਤੇ ਛੱਤ ''ਤੇ ਆ ਗਏ।"

"ਇਨ੍ਹਾਂ ਲੋਕਾਂ ਨੇ ਮੈਨੂੰ ਇੰਨੇ ਡੰਡੇ ਮਾਰੇ ਕਿ ਮੈਂ ਯਾਦ ਕਰਕੇ ਵੀ ਡਰ ਜਾਂਦਾ ਹਾਂ। ਅਸੀਂ ਮੁਸਲਮਾਨ ਹਾਂ ਅਤੇ ਭਾਰਤ ਦੇ ਰਹਿਣ ਵਾਲੇ ਹਾਂ, ਪਾਕਿਸਤਾਨ ਨਾਲ ਆਖ਼ਰ ਸਾਡਾ ਕੀ ਰਿਸ਼ਤਾ ਹੈ?"

"ਮੈਨੂੰ ਇੱਕ ਫ਼ੋਨ ਆਇਆ ਅਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਕੇਸ ਵਾਪਸ ਲੈ ਲਓ। ਆਪਸ ਵਿਚ ਸੁਲਝਾ ਲਓ। ਮੈਂ ਫ਼ੈਸਲਾ ਨਹੀਂ ਕਰਾਂਗਾ। ਪ੍ਰਸ਼ਾਸਨ ਨੇ ਮੇਰੀ ਮਦਦ ਨਹੀਂ ਕੀਤੀ ਤਾਂ ਮੈਂ ਆਪਣੇ ਬੱਚਿਆਂ ਦੇ ਨਾਲ ਖ਼ੁਦਕੁਸ਼ੀ ਕਰ ਲਵਾਂਗਾ। ਮੈਂ ਇਹ ਜਗ੍ਹਾ ਛੱਡ ਕੇ ਚਲਾ ਜਾਵਾਂਗਾ।"

ਸਾਜਿਦ ਆਪਣੀ ਗੱਲ ਕਹਿੰਦੇ ਕਹਿੰਦੇ ਕੰਬਣ ਲੱਗਾ। ਨਾਲ ਦੇ ਕਮਰੇ ਤੋਂ ਨਿਕਲ ਕੇ ਇੱਕ ਕੁੜੀ ਨੇ ਉਨ੍ਹਾਂ ਨੂੰ ਪਾਣੀ ਦਿੱਤਾ ਅਤੇ ਉਹ ਸ਼ਾਂਤ ਹੋਇਆ।

ਗੱਲ ਕਰਦੇ ਹੋਏ ਮੇਰੀ ਨਜ਼ਰ ਜ਼ਮੀਨ ''ਤੇ ਪਈ ਜਿੱਥੇ ਕੱਚ ਦੇ ਟੁਕੜੇ ਖਿੱਲਰੇ ਹੋਏ ਸਨ।

ਵੀਰਵਾਰ ਦੀ ਸ਼ਾਮ ਨੂੰ ਇਸ ਘਰ ਦੇ ਸ਼ੀਸ਼ਿਆਂ ਨੂੰ ਹੀ ਨਹੀਂ ਤੋੜਿਆ ਗਿਆ ਸਗੋਂ ਇਸ ਪਰਿਵਾਰ ਦੇ ਹਰ ਮੈਂਬਰ ਨੂੰ ਵੀ ਤੋੜ ਕੇ ਰੱਖ ਦਿੱਤਾ ਗਿਆ।

BBC

ਉੱਪਰ ਪੌੜੀਆਂ ''ਤੇ ਸਾਨੂੰ ਇੱਕ ਬੱਚੀ ਖੇਡਦੀ ਹੋਈ ਮਿਲੀ। ਇਸ ਬੱਚੇ ਦੇ ਚਿਹਰੇ ''ਤੇ ਡੂੰਘੀ ਸੱਟ ਲੱਗੀ ਹੋਈ ਸੀ, ਜਿਸ ਦਾ ਖੂਨ ਹਾਲੇ ਤੱਕ ਪੂਰੀ ਤਰ੍ਹਾਂ ਸੁੱਕਿਆ ਨਹੀਂ ਸੀ।

ਬੱਚੀ ਤੋਂ ਪੁੱਛਿਆ ਉਸ ਨੂੰ ਇਹ ਸੱਟ ਕਿਵੇਂ ਲੱਗੀ ਤਾਂ ਉਸ ਨੇ ਕਿਹਾ ਕਿ ਹੋਲੀ ਵਾਲੇ ਅੰਕਲ ਆਏ ਸੀ ਅਤੇ ਉਸ ਨੇ ਸਭ ਨੂੰ ਮਾਰਿਆ। ਮੈਨੂੰ ਵੀ ਮਾਰਿਆ। ਕੀ ਉਹ ਅੰਕਲ ਲੋਕ ਵਾਪਸ ਆਉਣਗੇ?

ਪੰਜ ਸਾਲਾਂ ਦੀ ਅਫ਼ੀਫ਼ਾ ਵੀ ਆਪਣੇ ਨਾਨਾ ਦੇ ਘਰ ਆਈ ਸੀ। ਉਹ ਕਹਿੰਦੀ ਹੈ, "ਅੰਕਲ ਲੋਕ ਉੱਪਰ ਆ ਗਏ ਫਿਰ ਜੰਗਲਾ ਤੋੜ ਦਿੱਤਾ ਅਤੇ ਇੱਥੇ ਆ ਗਏ। ਇੱਥੇ ਆ ਕੇ ਨਾਨਾ ਨੂੰ ਮਾਰਿਆ। ਇਹ ਖੂਨ ਲੱਗਾ ਹੋਇਆ ਹੈ ਇਹ ਨਾਨਾ ਦਾ ਹੀ ਹੈ। ਮੈਂ ਉੱਥੇ ਛੁੱਪ ਗਈ ਸੀ। ਅੰਕਲ ਨੇ ਮੈਨੂੰ ਅਤੇ ਮੇਰੀ ਮੁੰਨੀ ਨੂੰ ਮਾਰਿਆ। ਮੇਰਾ ਗੇਟ ਵੀ ਤੋੜ ਦਿੱਤਾ ਅੰਕਲ ਨੇ।"

''ਪਿੰਡ ਵਿਚ ਬਦਮਾਸ਼ ਮੁਸਲਮਾਨ ਨੂੰ ਨਹੀਂ ਰਹਿਣ ਦਵਾਂਗੇ''

ਇਸ ਮਾਮਲੇ ਵਿਚ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਹੋਈ ਹੈ, ਜਿਸ ਦਾ ਨਾਂ ਮਹੇਸ਼ ਹੈ। ਮਹੇਸ਼ ਨੇੜੇ ਦੇ ਹੀ ਨਯਾ ਗਾਂਵ ਦਾ ਰਹਿਣ ਵਾਲਾ ਹੈ।

ਜਦੋਂ ਅਸੀਂ ਨਯਾ ਗਾਂਵ ਮਹੇਸ਼ ਦੇ ਘਰ ਪਹੁੰਚੇ ਤਾਂ ਉੱਥੇ ਉਸ ਦੀ 17 ਸਾਲ ਦੀ ਭੈਣ ਸ਼ੀਤਲ ਸੀ ਅਤੇ ਹੋਰ ਕੋਈ ਨਹੀਂ ਸੀ। ਸ਼ੀਤਲ ਨੇ ਸਾਡੇ ਨਾਲ ਗੱਲ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ।

ਇਸ ਤੋਂ ਬਾਅਦ, ਅਸੀਂ ਨੇੜੇ ਦੇ ਸਥਾਨਕ ਲੋਕਾਂ ਨਾਲ ਗੱਲ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਪਹਿਲਾਂ ਮਨ੍ਹਾ ਕਰ ਦਿੱਤਾ ਅਤੇ ਫਿਰ ਨਾਮ ਨਾ ਦੱਸਣ ਦੀ ਸ਼ਰਤ ''ਤੇ ਗੱਲ ਕਰਨ ਲਈ ਸਹਿਮਤ ਹੋ ਗਏ।

BBC
ਕੁੱਟਮਾਰ ਦਾ ਸ਼ਿਕਾਰ ਹੋਈ 5 ਸਾਲ ਦੀ ਅਫ਼ੀਫਾ ਆਪਣੇ ਨਾਨਾ ਦੇ ਘਰ ਹੋਲੀ ਦਾ ਤਿਉਹਾਰ ਮਨਉਣ ਆਈ ਸੀ

ਇੱਕ ਸਥਾਨਕ ਵਿਅਕਤੀ ਨੇ ਕਿਹਾ, "ਕੁਝ ਨਹੀਂ ਹੋਇਆ, ਇਹ ਗੁੰਡੇ ਬਦਮਾਸ਼ ਹਨ। ਸਾਡੇ ਮੁੰਡੇ ਨੂੰ ਫਸਾ ਦਿੱਤਾ। ਅੱਜ ਤੱਕ ਮੁਸਲਮਾਨ ਇੱਥੇ ਰਹਿੰਦੇ ਆਏ ਹਨ ਪਰ ਕੋਈ ਵਿਵਾਦ ਨਹੀਂ ਹੋਇਆ।"

"ਇਹ ਬਦਮਾਸ਼ ਆ ਗਏ ਹਨ। ਸਾਡੇ ਬੱਚੇ ਭੱਜ ਰਹੇ ਹਨ, ਲੁੱਕ ਰਹੇ ਹਨ। ਦੋ ਦਿਨਾਂ ਬਾਅਦ ਪੰਚਾਇਤ ਲੱਗੇਗੀ ਅਤੇ ਪਿੰਡ ਦਾ ਬੱਚਾ ਬੱਚਾ ਬੋਲੇਗਾ ਅਸੀਂ ਪਿੰਡ ਵਿਚ ਬਦਮਾਸ਼ ਮੁਸਲਮਾਨਾਂ ਨੂੰ ਨਹੀਂ ਰਹਿਣ ਦਵਾਂਗੇ। ਇਹ ਆਪਣੇ ਘਰ ਵਿਚ ਹਥਿਆਰ ਰੱਖਦੇ ਹਨ।"

"ਜੇਕਰ ਇਸ ਪਿੰਡ ਵਿਚ ਰਹਿਣਾ ਹੈ ਤਾਂ ਪੰਚਾਇਤ ਵਿਚ ਸਾਡੇ ਤੋਂ ਮੁਆਫ਼ੀ ਮੰਗਣੀ ਪਵੇਗੀ। ਮੁਆਫ਼ੀ ਨਾ ਮੰਗਣ ''ਤੇ ਇਨ੍ਹਾਂ ਦਾ ਬਾਈਕਾਟ ਕਰ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਵੇਗਾ।"

ਇੱਕ ਹੋਰ ਸਥਾਨਕ ਵਿਅਕਤੀ ਨੇ ਦੱਸਿਆ, "ਸਾਜਿਦ ਦਾ ਪਰਿਵਾਰ ਕ੍ਰਿਕੇਟ ਖੇਡ ਰਿਹਾ ਸੀ ਅਤੇ ਦੋ ਮੁੰਡਿਆਂ ਦੀ ਗੱਡੀ ਨਾਲ ਉਨ੍ਹਾਂ ਨੂੰ ਹਲਕੀ ਸੱਟ ਲੱਗ ਗਈ। ਇਸ ''ਤੇ ਉਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਕੁੱਟਿਆ।"

"ਇਹ ਲੜਾਈ ਦੇਖ ਕੇ ਸਾਡੇ ਸਮਾਜ ਦੇ ਇੱਕ ਬਜ਼ੁਰਗ ਬਚਾਅ ਕਰਨ ਗਏ ਤਾਂ ਉਨ੍ਹਾਂ ਨੂੰ ਮੁਸਲਮਾਨਾਂ ਨੇ ਬੈਟ ਮਾਰਿਆ। ਇਸ ਤੋਂ ਬਾਅਦ ਪਿੰਡ ਦੇ ਬੱਚੇ ਗੁੱਸੇ ਵਿਚ ਉਨ੍ਹਾਂ ਦੇ ਘਰ ਪਹੁੰਚੇ।"

ਨਯਾ ਗਾਂਵ ਗੁੱਜਰ-ਪ੍ਰਭਾਵਿਤ ਖੇਤਰ ਹੈ। ਇਸ ਪਿੰਡ ਦੇ ਲੋਕ ਕਹਿੰਦੇ ਹਨ ਕਿ ਇਹ ਇਕ ਛੋਟੀ ਜਿਹੀ ਲੜਾਈ ਹੈ ਜਿਸ ਵਿਚ ਬੱਚੇ ਸ਼ਾਮਿਲ ਸਨ।

ਪਰ ਇਸ ਨੂੰ ਹਿੰਦੂ-ਮੁਸਲਿਮ ਬਣਾ ਕੇ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਨਯਾ ਗਾਂਵ ਪਿੰਡ ਦੇ ਲੋਕ ਪੀੜਤ ਪਰਿਵਾਰ ''ਤੇ ਮਾਮਲੇ ਨੂੰ ਫਿਰਕੂ ਰੰਗ ਦੇਣ ਦੇ ਦੋਸ਼ ਲਗਾ ਰਹੇ ਸਨ ਤਾਂ ਉਸੇ ਸਮੇਂ ਇੱਕ ਸਥਾਨਕ ਬਜ਼ੁਰਗ ਲਖਨ ਸਿੰਘ ਨੇ ਕਿਹਾ, "ਇਸ ਦੇਸ ਵਿਚ ਹਿੰਦੂ ਨਾਗਰਿਕ ਗੱਦਾਰ ਹੈ ਅਤੇ ਮੁਸਲਮਾਨ ਸਹੀ ਹਨ। ਦੇਸ ਵਿਚ ਹਿੰਦੂਆਂ ਦੀ ਆਵਾਜ਼ ਦਬਾਈ ਜਾ ਰਹੀ ਹੈ ਅਤੇ ਮੁਸਲਮਾਨਾਂ ਦਾ ਕਹਿਣਾ ਸੱਚ ਹੈ।"

ਇਹ ਸ਼ਬਦ ਸੁਣ ਕੇ ਇਹ ਸਮਝਣਾ ਔਖਾ ਸੀ ਇਸ ਵਿਵਾਦ ਨੂੰ ਧਰਮ ਦੇ ਰੰਗ ਵਿਚ ਕੌਣ ਰੰਗ ਰਿਹਾ ਹੈ।

BBC
ਨਯਾ ਗਾਂਵ ਪਿੰਡ ਦੇ ਲੋਕ ਕਹਿੰਦੇ ਹਨ ਕਿ ਇਹ ਇਕ ਛੋਟੀ ਜਿਹੀ ਲੜਾਈ ਹੈ ਜਿਸ ਵਿਚ ਬੱਚੇ ਸ਼ਾਮਿਲ ਸਨ

ਇਸ ਮਾਮਲੇ ਵਿਚ ਪੀੜਤ ਪਰਿਵਾਰ, ਪੁਲਿਸ ਅਤੇ ਹਮਲਾਵਰਾਂ ਹਰ ਕਿਸੇ ਕੋਲ ਆਪਣਾ ਪੱਖ ਹੈ।

ਪਰ ਵਾਇਰਲ ਹੋ ਰਹੀ ਵੀਡੀਓ ਨੇ ਫਿਰ ਭੀੜ ਵੱਲੋਂ ਕੀਤੇ ਗਏ ਹਮਲੇ ''ਤੇ ਸਵਾਲ ਚੁੱਕਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਭਾਰਤ ਵਿਚ ਅਜਿਹੇ ਹਮਲੇ ਕਦੋਂ ਰੁਕਣਗੇ।

ਸਾਜਿਦ ਦੇ ਦੋ ਮੰਜ਼ਲਾ ਘਰ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ। ਪਹਿਲੀ ਮੰਜ਼ਿਲ ''ਤੇ ਦੋ ਕਮਰੇ ਅਤੇ ਛੋਟਾ ਬਰਾਂਡਾ ਹੈ।

ਇਸ ਬਰਾਂਡੇ ਵਿਚ ਕੱਚ ਅਤੇ ਸੀਮੈਂਟ ਦੇ ਟੁਕੜੇ ਖਿੱਲਰੇ ਪਏ ਹਨ। ਔਰਤਾਂ ਇੱਕ ਕਮਰੇ ਵਿਚ ਬੈਠੀਆਂ ਹਨ ਜਿਵੇਂ ਕਿ ਉਹ ਮੀਡੀਆ ਦੇ ਸਾਰੇ ਕੈਮਰਿਆਂ ਨਾਲ ਇੱਕੋ ਗੱਲ ਕਰ-ਕਰ ਕੇ ਥੱਕ ਚੁੱਕੀਆਂ ਹੋਣ।

ਜਦੋਂ ਮੈਂ ਗੱਡੀ ਵੱਲ ਵਧੀ ਤਾਂ ਪੰਜ ਸਾਲ ਦੀ ਅਫ਼ੀਫਾ ਨੇ ਪੁੱਛਿਆ ਦੀਦੀ ਹੁਣ ਕਦੋਂ ਆਓਗੇ?

ਮੈਂ ਮਨ ਹੀ ਮਨ ਸੋਚਿਆ ਕਿ ਭਗਵਾਨ ਨਾ ਕਰੇ ਕਿ ਤੁਹਾਡੇ ਨਾਲ ਕੁਝ ਅਜਿਹਾ ਹੋਵੇ ਕਿ ਮੀਡੀਆ ਵਾਲਿਆਂ ਨੂੰ ਆਉਣਾ ਪਵੇ।

ਇਹ ਵੀ ਪੜ੍ਹੋ-

  • ਮੁਸਲਮਾਨਾਂ ਨੂੰ ਕੁਰਾਨ ਜਮ੍ਹਾਂ ਕਰਵਾਉਣ ਦੇ ਹੁਕਮ
  • ਭਾਰਤ ''ਚ ਮੁਸਲਮਾਨਾਂ ਦੀ ਹਾਲਤ ਦਾ ਕੌੜਾ ਸੱਚ
  • ਕਿੰਨਾ ਬਦਲਿਆ ਗੁਜਰਾਤ ਦਾ ਮੁਸਲਮਾਨ?
  • ਮੁਸਲਮਾਨਾਂ ਖ਼ਿਲਾਫ਼ ਹਿੰਸਾ ਦਾ ਇਹ ਨਵਾਂ ਪ੍ਰਯੋਗ ਹੈ?

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=xWw19z7Edrs&t=1s

https://www.youtube.com/watch?v=1078Xd6nIAo

https://www.youtube.com/watch?v=z5sT1ClQ4Wk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)