ਲਾਹੌਰ ''''ਚ ਪੰਜਾਬੀ ਰਸਾਲੇ ''''ਬਾਰਾਂ ਮਾਹ'''' ਦੀ ਘੁੰਢ ਚੁਕਾਈ

03/24/2019 9:45:18 AM

BBC

ਭਾਰਤੀ ਪੰਜਾਬ ਤੋਂ ਅਮਰਜੀਤ ਚੰਦਨ ਅਤੇ ਪਾਕਿਸਤਾਨੀ ਪੰਜਾਬ ਤੋਂ ਜ਼ੁਬੈਰ ਅਹਿਮਦ ਨੇ ਮਿਲ ਕੇ ਸੋਚਿਆ ਕਿ ਪੰਜਾਬੀ ਜ਼ੁਬਾਨ ਵਿੱਚ ਇੱਕ ਸਲਾਨਾ ਮੈਗਜ਼ੀਨ ਕੱਢਿਆ ਜਾਵੇ।

ਉਨ੍ਹਾਂ ਦੀਆਂ ਕੋਸ਼ਿਸ਼ਾਂ ''ਤੇ ਚੋਖਾ ਰੰਗ ਚੜ੍ਹਿਆ ਅਤੇ ਜਨਵਰੀ 2019 ਤੋਂ ਮੈਗਜ਼ੀਨ ਦੀ ਸ਼ੁਰੂਆਤ ਹੋਈ, ਜਿਸ ਦਾ ਨਾਂ ਅਮਰਜੀਤ ਚੰਦਨ ਨੇ ''ਬਾਰਾਂ ਮਾਹ'' ਰੱਖਿਆ।

ਲਾਹੌਰ ਵਿੱਚ ਇਸ ਰਸਾਲੇ ਦੀ ਘੁੰਢ ਚੁਕਾਈ ਲਈ ਪ੍ਰੋਗਰਾਮ ਰੱਖਿਆ ਗਿਆ ਜਿਸ ''ਚ ਪੰਜਾਬੀ ਦੇ ਕਈ ਨਾਮੀ ਲਿਖਾਰੀਆਂ ਅਤੇ ਸ਼ਾਇਰਾਂ ਨੇ ਸ਼ਿਰਕਤ ਕੀਤੀ।

ਇਹ ਮੈਗਜ਼ੀਨ ਸ਼ਾਹਮੁਖੀ ਵਿੱਚ ਛਪ ਰਹੀ ਹੈ।

ਦੋਹਾਂ ਪੰਜਾਬਾਂ ਦੇ ਯਾਰਾਂ ਦੀ ਕੋਸ਼ਿਸ਼

ਪਾਕਿਸਤਾਨੀ ਪੰਜਾਬ ਤੋਂ ਮੈਗਜ਼ੀਨ ਦੇ ਸਹਿਯੋਗੀ ਜ਼ੁਬੈਰ ਅਹਿਮਦ ਨੇ ਦੱਸਿਆ, ''''ਚਾਰ ਸੌ ਸਫ਼ਿਆਂ ਦੇ ਇਸ ਰਸਾਲੇ ਵਿੱਚ ਕਈ ਲਿਖਾਰੀਆਂ ਦੇ ਲੇਖ ਸ਼ਾਮਿਲ ਕੀਤੇ ਗਏ ਨੇ। ਇਸ ਰਸਾਲੇ ਵਿਚ ਇਤਿਹਾਸ, ਸਾਹਿਤ, ਮੌਸੀਕੀ, ਫ਼ਿਲਮ ਅਤੇ ਪੇਂਟਿੰਗ ਦੇ ਵਿਸ਼ਿਆਂ ਵਿਚ ਤਹਿਰੀਰਾਂ ਨੇ।''''

ਜ਼ੁਬੈਰ ਅਹਿਮਦ ਨੇ ਦੱਸਿਆ ਕਿ ''ਬਾਰਾਂ ਮਾਹ'' ''ਚ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਹਾੜੇ ਬਾਰੇ ਕਈ ਲੇਖ ਸ਼ਾਮਿਲ ਕੀਤੇ ਗਏ ਨੇ ਅਤੇ ਜਲਿਆਂਵਾਲਾ ਬਾਗ਼ ਗੋਲੀਕਾਂਡ ਦੇ 100 ਸਾਲ ਪੂਰੇ ਹੋਣ ''ਤੇ ਵੀ ਖ਼ੁਸੂਸੀ ਤਹਿਰੀਰਾਂ ਸ਼ਾਮਿਲ ਕੀਤੀਆਂ ਗਈਆਂ ਨੇ।

ਜ਼ੁਬੈਰ ਅਹਿਮਦ ਨੂੰ ਉਮੀਦ ਹੈ ਕਿ ''ਬਾਰਾਂ ਮਾਹ'' ਰਸਾਲਾ ਪਾਕਿਸਤਾਨ ਵਿੱਚ ਪੰਜਾਬੀ ਜ਼ੁਬਾਨ ਦੀ ਬਿਹਤਰੀ ਵਿਚ ਚੰਗਾ ਕਿਰਦਾਰ ਅਦਾ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਇਕ ਛੋਟਾ ਜਿਹਾ ਦੀਵਾ ਬਾਲਿਆ ਏ ਪਰ ਸਾਨੂੰ ਉਮੀਦ ਏ ਕਿ ਏ ਦੀਵਾ ਬਹੁਤ ਚਾਨਣ ਕਰੇਗਾ।

ਇਹ ਵੀ ਜ਼ਰੂਰ ਪੜ੍ਹੋ:

  • ਨਫ਼ਰਤ ਦੇ ਦੌਰ ''ਚ ''ਭਾਰਤ-ਪਾਕਿਸਤਾਨ'' ਦੀ ਮੁਹੱਬਤ
  • ਪਾਕਿਸਤਾਨ ਜਾਣ ਲਈ ਕਿਵੇਂ ਹੁੰਦੀ ਹੈ ਸਿੱਖ ਜਥੇ ਦੀ ਚੋਣ?
  • ਪੰਜਾਬੀ, ਸਿੰਧੀ ਤੇ ਬਲੋਚਾਂ ’ਚ ਵੰਡੀ ਪਾਕਿਸਤਾਨ ਦੀ ਸਿਆਸਤ

ਇਸ ਰਸਾਲੇ ਦੇ ਦੂਜੇ ਸਹਿਯੋਗੀ ਭਾਰਤੀ ਪੰਜਾਬ ਤੋਂ ਅਮਰਜੀਤ ਚੰਦਨ ਅੱਜ ਕੱਲ੍ਹ ਲੰਦਨ ''ਚ ਰਹਿੰਦੇ ਹਨ।

ਅਮਰਜੀਤ ਚੰਦਨ ਨੇ ਕਿਹਾ, ''''ਇਸ ਰਸਾਲੇ ''ਚ 60 ਫ਼ੀਸਦੀ ਪਾਕਿਸਤਾਨੀ ਪੰਜਾਬ ਦੇ ਲੇਖਕਾਂ ਅਤੇ 40 ਫ਼ੀਸਦੀ ਭਾਰਤੀ ਪੰਜਾਬ ਦੇ ਲੇਖਕਾਂ ਦੀਆਂ ਤਹਿਰੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ। ਦੋਵਾਂ ਪਾਸਿਆਂ ਦੇ ਲੇਖਕਾਂ ਦੇ ਲੇਖ ਇਸ ਲਈ ਹਨ ਤਾਂ ਜੋ ਦੂਰੀਆਂ ਨੂੰ ਮਿਟਾਇਆ ਜਾਵੇ ਅਤੇ ਇਕ-ਦੂਜੇ ਬਾਰੇ ਜਾਣਿਆ ਜਾਵੇ।''''

ਅਮਰਜੀਤ ਚੰਦਨ ਦਾ ਕਹਿਣਾ ਸੀ ਕਿ ਆਲਮੀ ਸਰਮਾਏਦਾਰੀ ਨਿਜ਼ਾਮ ''ਚ ਸਿਰਫ਼ ਪੰਜਾਬੀ ਹੀ ਨਹੀਂ ਸਾਰੀਆਂ ਮਾਂ ਬੋਲੀਆਂ ਨੂੰ ਖ਼ਤਰਾ ਹੈ ਅਤੇ ਮੈਗਜ਼ੀਨ ''ਬਾਰਾਂ ਮਾਹ'' ਨੂੰ ਕੱਢ ਕੇ ਉਨ੍ਹਾਂ ਨੇ ਪੰਜਾਬੀ ਨੂੰ ਹੁੰਗਾਰਾ ਦੇਣ ਲਈ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ, ''''ਇਸ ਮੈਗਜ਼ੀਨ ਨੂੰ ਕੱਢਣ ਪਿੱਛੇ ਇੱਕ ਵੱਡੀ ਸੋਚ ਪੰਜਾਬੀਅਤ ਨੂੰ ਵਧਾਵਾ ਦੇਣਾ ਵੀ ਹੈ ਤੇ ਕੋਸ਼ਿਸ਼ ਹੈ ਕਿ ਉਹ ਇਸ ਵਿਚ ਅਪਣਾ ਹਿੱਸਾ ਪਾ ਸਕਣ।''''

ਉਨ੍ਹਾਂ ਅੱਗੇ ਦੱਸਿਆ ਕਿ ''ਬਾਰਾਂ ਮਾਹ'' ਦੇ ਸਲਾਹਕਾਰੀ ਬੋਰਡ ''ਚ ਔਰਤਾਂ ਨੂੰ ਪੂਰੀ ਨੁਮਾਇੰਦਗੀ ਦਿੱਤੀ ਗਈ ਏ।

''...ਤਾਂ ਜੋ ਨਵੀਂ ਪੀੜ੍ਹੀ ਪੰਜਾਬੀ ਜ਼ੁਬਾਨ ਦੀ ਮਿਠਾਸ ਨੂੰ ਮਹਿਸੂਸ ਕਰ ਸਕੇ''

ਦੱਸ ਦਈਏ ਕਿ ਇਸ ਰਸਾਲੇ ਵਿੱਚ ਕਈ ਤਹਿਰੀਰਾਂ ਔਰਤਾਂ ਦੀਆਂ ਵੀ ਲਿਖੀਆਂ ਹੋਈਆਂ ਹਨ।

ਸਮੀਨਾ ਅਸਮਾ ਪੰਜਾਬੀ ਦੀ ਸ਼ਾਇਰਾ ਹਨ ਤੇ ਉਨ੍ਹਾਂ ਦੀਆਂ ਦੋ ਕਿਤਾਬਾਂ ਛਪ ਚੁੱਕੀਆਂ ਨੇ।

ਸਮੀਨਾ ਅਸਮਾ ਦਾ ਕਹਿਣਾ ਸੀ ਕਿ ਇਹ ਬਹੁਤ ਵੱਡੀ ਕੋਸ਼ਿਸ਼ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅੱਗੇ ਚੱਲ ਕੇ ਪੰਜਾਬੀ ਜ਼ੁਬਾਨ ਦਾ ਇਹ ਇੱਕ ਥੰਮ ਬਣੇਗਾ।

ਇਸ ਮੈਗਜ਼ੀਨ ਵਿੱਚ ਸਮੀਨਾ ਅਸਮਾ ਦੀਆਂ ਦੋ ਨਜ਼ਮਾਂ ਪ੍ਰਕਾਸ਼ਿਤ ਹੋਈਆਂ ਹਨ।

ਸਮੀਨਾ ਮੁਤਾਬਕ, ''''ਅੱਜ ਕੱਲ੍ਹ ਦੇ ਬੱਚੇ ਅੰਗਰੇਜ਼ੀ ਸਾਹਿਤ ''ਚ ਬਹੁਤੀ ਦਿਲਚਸਪੀ ਲੈਂਦੇ ਨੇ, ਉਹ ਅੰਗਰੇਜ਼ੀ ਸਾਹਿਤ ਜ਼ਰੂਰ ਪੜ੍ਹਨ ਪਰ ਨਾਲ-ਨਾਲ ਪੰਜਾਬੀ ਦੀਆਂ ਤਹਿਰੀਰਾਂ ਵੀ ਪੜ੍ਹਨ ਤਾਂ ਜੋ ਉਨ੍ਹਾਂ ਨੂੰ ਪਤਾ ਚੱਲੇ ਕਿ ਪੰਜਾਬੀ ਸਾਹਿਤ ''ਚ ਵੀ ਇਲਮ ਦਾ ਦਰਿਆ ਏ।''''

ਸਮੀਨਾ ਅਸਮਾ ਕਹਿੰਦੇ ਹਨ ਕਿ ਸਾਨੂੰ ਚਾਹੀਦਾ ਏ ਕਿ ਆਪਣੇ ਬੱਚਿਆਂ ਨਾਲ਼ ਪੰਜਾਬੀ ਬੋਲੀਏ ਤੇ ਉਨ੍ਹਾਂ ਨੂੰ ਕਹੀਏ ਕਿ ਪੰਜਾਬੀ ਵਿਚ ਇਤਿਹਾਸ ਅਤੇ ਸਾਹਿਤ ਨੂੰ ਪੜ੍ਹਨ।

''''ਬਾਰਾਂ ਮਾਹ ਨੂੰ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ''ਚ ਪੜ੍ਹਾਉਣਾ ਚਾਹੀਦਾ ਏ ਤਾਂ ਜੋ ਨਵੀਂ ਪੀੜ੍ਹੀ ਪੰਜਾਬੀ ਜ਼ੁਬਾਨ ਦੀ ਮਿਠਾਸ ਨੂੰ ਮਹਿਸੂਸ ਕਰ ਸਕੇ।''''

''ਮੈਂ ਭਾਵੇਂ ਵਿਦੇਸ਼ੀ ਕੱਪੜੇ ਪਾਉਂਦੀ ਹਾਂ ਪਰ ਸ਼ਾਇਰੀ ਪੰਜਾਬੀ ''ਚ ਕਰਦੀ ਹਾਂ''

ਪੰਜਾਬੀ ਜ਼ੁਬਾਨ ਦੀ ਇਕ ਹੋਰ ਸ਼ਾਇਰਾ ਅੰਜੁਮ ਕੁਰੈਸ਼ੀ ਜਿਨ੍ਹਾਂ ਦੀ ਸ਼ਾਇਰੀ ਦੀਆਂ ਪੰਜ ਕਿਤਾਬਾਂ ਛੱਪ ਚੁੱਕੀਆਂ ਨੇ ਉਨ੍ਹਾਂ ਦਾ ਕਹਿਣਾ ਸੀ ਕਿ ''ਬਾਰਾਂ ਮਾਹ'' ਰਸਾਲਾ ਪੰਜਾਬੀ ਜ਼ੁਬਾਨ ਦੀ ਬਿਹਤਰੀ ਵਿੱਚ ਉਦੋਂ ਹੀ ਕਿਰਦਾਰ ਅਦਾ ਕਰ ਸਕਦਾ ਏ ਜਦੋਂ ਇਸਨੂੰ ਘਰ-ਘਰ ਵਿੱਚ ਪਹੁੰਚਾਇਆ ਜਾਵੇ। ਇਸ ਰਸਾਲੇ ਨੂੰ ਸਕੂਲਾਂ, ਕਾਲਜਾਂ ਅਤੇ ਦਫ਼ਤਰਾਂ ਵਿਚ ਰੱਖਿਆ ਜਾਵੇ ਤਾਂ ਜੋ ਬੱਚੇ ਤੇ ਵੱਡੇ ਸਾਰੇ ਹੀ ਇਸਨੂੰ ਪੜ੍ਹਨ ਤੇ ਪੰਜਾਬੀ ਜ਼ੁਬਾਨ ਦੇ ਨਾਲ਼ ਉਨ੍ਹਾਂ ਦੀ ਸਾਂਝ ਹੋਵੇ।

ਅੰਜੁਮ ਕੁਰੈਸ਼ੀ ਦਾ ਮੁਤਾਬਕ, ''''ਪੰਜਾਬੀ ਨੂੰ ਹੁੰਗਾਰਾ ਦੇਣ ਲਈ ਮਾਂ ਦਾ ਕਿਰਦਾਰ ਬਹੁਤ ਅਹਿਮ ਹੁੰਦਾ ਏ ਜਦ ਤੱਕ ਸਾਡੀਆਂ ਮਾਵਾਂ ਬੱਚਿਆਂ ਨਾਲ਼ ਪੰਜਾਬੀ ਬੋਲਣ ''ਚ ਆਰ ਮਹਿਸੂਸ ਕਰਦੀਆਂ ਰਹਿਣਗੀਆਂ ਉਦ੍ਹੋਂ ਤੱਕ ਪੰਜਾਬੀ ਜ਼ੁਬਾਨ ਤਰੱਕੀ ਨਹੀਂ ਕਰ ਸਕਦੀ।''''

ਅੰਜੁਮ ਕੁਰੈਸ਼ੀ ਨੇ ਕਿਹਾ, ''''ਮੈਂ ਜ਼ਿਆਦਾਤਰ ਵਿਦੇਸ਼ੀ ਕੱਪੜੇ ਪਾਉਂਦੀ ਹਾਂ ਪਰ ਸ਼ਾਇਰੀ ਪੰਜਾਬੀ ''ਚ ਕਰਦੀ ਹਾਂ ਅਤੇ ਆਪਣੇ ਬੱਚਿਆਂ ਨਾਲ ਠੇਠ ਪੰਜਾਬੀ ''ਚ ਗੱਲ ਕਰਦੀ ਹਾਂ।''''

ਸਰਕਾਰੀ ਕਾਲਜ ਲਾਹੌਰ ਵਿੱਚ ਪੰਜਾਬੀ ਪੜ੍ਹਾਉਂਦੇ ਸਈਦ ਭੁੱਟਾ ਕਹਿੰਦੇ ਹਨ, ''''ਕਿਸੇ ਵੀ ਸਾਹਿਤ ''ਚ ਇਹੋ ਜਿਹਾ ਰਸਾਲਾ ਬਹੁਤ ਅਹਿਮੀਅਤ ਰੱਖਦਾ ਏ ਅਤੇ ''ਬਾਰਾਂ ਮਾਹ'' ਪਹਿਲਾ ਰਸਾਲਾ ਏ ਜਿਹਦੇ ''ਚ ਪੁਰਾਣੇ ਤੇ ਨਵੇਂ ਦੋਵੇਂ ਤਰ੍ਹਾਂ ਦੇ ਲੇਖਕਾਂ ਨੇ ਲਿਖਿਆ ਏ।''''

ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਇਸ ਨੂੰ ਜ਼ਰੂਰ ਰੱਖਣਗੇ ਅਤੇ ਵਿਦਿਆਰਥੀਆਂ ਨੂੰ ਕਹਾਂਗੇ ਕਿ ਇਸ ਰਸਾਲੇ ਨੂੰ ਪੜ੍ਹਨ ਤਾਂ ਜੋ ਆਪਣੇ ਰਿਸਰਚ ਦੇ ਕੰਮ ਵਿਚ ਉਨ੍ਹਾਂ ਨੂੰ ਫ਼ਾਇਦਾ ਹੋਵੇ।

ਪਾਕਿਸਤਾਨ ਵਿੱਚ ਪੰਜਾਬੀ ਦੇ ਹੋਰ ਰਸਾਲੇ

  • ਪੰਚਮ, ਮਕਸੂਦ ਸਾਕਿਬ (ਤਿਮਾਹੀ)
  • ਲਹਿਰਾਂ, ਸਈਅਦ ਅਰਫ਼ਾਨ ਅਖ਼ਤਰ (1964 ਤੋਂ)
  • ਰਵੇਲ, ਕਰਾਮਤ ਮੁਗ਼ਲ
  • ਪੰਜਾਬੀ ਅਦਬੀ ਬੋਰਡ ਦਾ ਰਸਾਲਾ ''ਪੰਜਾਬੀ ਅਦਬ'', ਸੰਪਾਦਕ ਮੁਸ਼ਤਾਕ ਸੂਫ਼ੀ ਅਤੇ ਪਰਵੀਨ ਮਲਿਕ (ਤਿਮਾਹੀ)
  • ਕੁਕਨੂਸ, ਤੌਹੀਦ ਚੱਠਾ ਸਾਲਾਨਾ (ਪਰਚਾ) (ਫ਼ੈਸਲਾਬਾਦ, ਪੁਰਾਣਾ ਲਾਇਲਪੁਰ)
  • ਲਿਖਾਰੀ, ਸੰਪਾਦਕ ਅਰਸ਼ਦ ਇਕਬਾਲ (ਲਾਹੌਰ ਨੇੜੇ ਸ਼ਾਹਦਰਾ ਬਾਗ ਤੋਂ ਮਹੀਨਾਵਾਰ)

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

https://www.youtube.com/watch?v=6uoZ_2SeBZY

https://www.youtube.com/watch?v=K8Ln-GC5-_c

https://www.youtube.com/watch?v=WD9xQcHkwZU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)