ਸੌਨਿਕ ਬੂਮ ਨੇ ਅੰਮ੍ਰਿਤਸਰ ਡਰਾਇਆ, ਜਾਣੋ ਇਹ ਹੁੰਦਾ ਕੀ ਹੈ

03/15/2019 1:15:50 PM

ਪੰਜਾਬ ਦੇ ਅੰਮ੍ਰਿਤਸਰ ਵਿੱਚ ਵੀਰਵਾਰ, 14 ਮਾਰਚ ਨੂੰ ਰਾਤੀਂ ਡੇਢ ਵਜੇ ਜਦੋਂ ਆਵਾਜ਼ ਆਈ ਤਾਂ ਕਈ ਅਫ਼ਵਾਹਾਂ ਚੱਲ ਪਈਆਂ, ਜਿਨ੍ਹਾਂ ਵਿੱਚ ''ਸੌਨਿਕ ਬੂਮ'' ਦਾ ਜ਼ਿਕਰ ਵੀ ਬਹੁਤ ਆਇਆ।

ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਨੇ ਬਾਅਦ ਵਿੱਚ ਕਿਹਾ ਕਿ ਇਹ ਆਵਾਜ਼ਾਂ ਸੋਨਿਕ ਬੂਮ ਕਾਰਨ ਸਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ, ਜ਼ਰੂਰੀ ਸ਼ੁਰੂਆਤੀ ਪੜਤਾਲ ਕਰ ਲਈ ਗਈ ਹੈ।

ਪੁਲਿਸ ਕਮਿਸ਼ਨਰ ਐੱਸ.ਐੱਸ. ਸ਼੍ਰੀਵਾਸਤਵ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਦੱਸਿਆ ਕਿ ਭਾਰਤੀ ਹਵਾਈ ਫੌਜ ਦੀ ਪ੍ਰੈਕਟਿਸ ਦੌਰਾਨ ਆਵਾਜ਼ਾਂ ਆਈਆਂ ਸਨ।

ਫਿਰ ਵੀ ਸਵਾਲ ਬਾਕੀ ਹੈ: ਇਹ ਸੌਨਿਕ ਬੂਮ ਕੀ ਹੁੰਦਾ ਹੈ?

ਇਹ ਬੂਮ ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਚੀਜ਼ (ਜਹਾਜ਼, ਰਾਕੇਟ ਜਾਂ ਹੋਰ ਕੁਝ) ਆਵਾਜ਼ ਦੀ ਗਤੀ ਨਾਲੋਂ ਵੀ ਤੇਜ਼ ਚੱਲਦੀ ਜਾਂ ਉੱਡਦੀ ਹੈ।

ਇਹ ਵੀ ਜ਼ਰੂਰ ਪੜ੍ਹੋ

  • ਅੰਮ੍ਰਿਤਸਰ ਵਿੱਚ ਰਾਤ ਨੂੰ ਆਈਆਂ ਤੇਜ਼ ਆਵਾਜ਼ਾਂ, ਹੋਇਆ ਕੀ
  • ਕੀ ਅਭਿਨੰਦਨ ਨੂੰ ਰਿਹਾਅ ਕਰਕੇ ਮੋਦੀ ਨੂੰ ਇਮਰਾਨ ਨੇ ਦਿੱਤੀ ਮਾਤ
  • ''1947 ''ਚ ਤਾਂ ਅਸੀਂ ਦਸ ਲੱਖ ਬੰਦੇ ਟੈਂਕਾਂ ਤੋਪਾਂ ਤੋਂ ਬਿਨਾਂ ਹੀ ਮਾਰ ਦਿੱਤੇ''

ਜਦੋਂ ਇਸ ਚੀਜ਼ ਦੀ ਗਤੀ ਆਵਾਜ਼ ਦੀ ਗਤੀ ਦੀ ਸੀਮਾ ''ਤੇ ਪਹੁੰਚਦੀ ਹੈ ਉਦੋਂ ਇੱਕ ਬਿਜਲੀ ਕੜਕਣ ਵਰਗੀ ਜਾਂ ਬੰਬ ਫਟਣ ਵਰਗੀ ਆਵਾਜ਼ ਆਉਂਦੀ ਹੈ।

ਕਿਸ ਤੋਂ ਪੈਦਾ ਹੁੰਦਾ ਹੈ?

ਆਮ ਤੌਰ ''ਤੇ ਲੜਾਕੂ ਜਹਾਜ਼ਾਂ ਦੀ ਗਤੀ ਇੰਨੀ ਹੁੰਦੀ ਹੈ ਅਤੇ ਭਾਰਤ ਕੋਲ ਵੀ ਅਜਿਹੇ ਜਹਾਜ਼ ਹਨ ਜੋ ਅੰਮ੍ਰਿਤਸਰ ਦੇ ਆਲੇ-ਦੁਆਲੇ ਕਿਸੇ ਏਅਰਬੇਸ ਤੋਂ ਉੱਡੇ ਹੋ ਸਕਦੇ ਹਨ, ਹਾਲਾਂਕਿ ਇਸ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ।

ਅਮਰੀਕੀ ਸਪੇਸ ਏਜੰਸੀ ਨਾਸਾ ਮੁਤਾਬਕ ਜਦੋਂ ਕੋਈ ਚੀਜ਼ ਹਵਾ ਵਿੱਚ ਚੱਲਦੀ ਹੈ ਤਾਂ ਉਹ ਹਵਾ ਦੀਆਂ ਤਰੰਗਾਂ ਨੂੰ ਚੀਰਦੇ ਹੋਈ ਲੰਘਦੀ ਹੈ ਜਿਵੇਂ ਕੋਈ ਕਿਸ਼ਤੀ ਪਾਣੀ ਦੀਆਂ ਲਹਿਰਾਂ ਨੂੰ ਚੀਰਦੀ ਹੈ।

ਆਮ ਤੌਰ ''ਤੇ ਜਦੋਂ ਜਹਾਜ਼ ਦੀ ਗਤੀ ਆਵਾਜ਼ ਦੀ ਗਤੀ ਨਾਲੋਂ ਘੱਟ ਰਹਿੰਦੀ ਹੈ ਤਾਂ ਹਵਾ ਨੂੰ ਪਾਸੇ ਕਰਨ ਦੀ ਕੋਈ ਆਵਾਜ਼ ਨਹੀਂ ਆਉਂਦੀ। ਪਰ ਜਦੋਂ ਇਹ ਗਤੀ ਅਸਾਧਾਰਨ ਰੂਪ ਵਿੱਚ ਵਧਦੀ ਹੈ ਤਾਂ ਹਵਾ ਨੂੰ ਹਟਾਉਣ ਨਾਲ ਆਮ ਵਾਤਾਵਰਨ ਵਿੱਚ ਸ਼ੋਰ ਪੈਦਾ ਹੁੰਦਾ ਹੈ।

ਇਹ ਵੀ ਜ਼ਰੂਰ ਪੜ੍ਹੋ

  • ਕੀ ਤੁਹਾਨੂੰ ਹਵਾਈ ਜਹਾਜ਼ ''ਚ ਉੱਡਣ ਤੋਂ ਡਰ ਲਗਦਾ ਹੈ
  • ਕੀ ਪਾਕਿਸਤਾਨੀ ਕਰਨਲ ਨੇ ਮੰਨਿਆ ਬਾਲਾਕੋਟ ''ਚ ਹੋਈਆਂ 200 ਮੌਤਾਂ
  • ਮੁੰਬਈ ਵਿੱਚ ਪੁੱਲ ਡਿੱਗਿਆ, 5 ਦੀ ਮੌਤ ਤੇ 34 ਜ਼ਖਮੀ

ਹਵਾ ਦੇ ਦਬਾਅ ਨਾਲ ਸਬੰਧ

ਨਾਸਾ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਆਵਾਜ਼ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਹਵਾ ਵਿੱਚ ਕੁਝ ਤਰੰਗਾਂ ਹਲਚਲ ਪੈਦਾ ਕਰਦੀਆਂ ਹਨ।

ਕੁਝ ਆਵਾਜ਼ਾਂ ਮਿੱਠੀਆਂ ਜਾਪਦੀਆਂ ਹਨ ਕਿਉਂਕਿ ਇਨ੍ਹਾਂ ਦੀਆਂ ਤਰੰਗਾਂ ਹਵਾ ਨੂੰ ਬਹੁਤ ਸਲੀਕੇ ਨਾਲ, ਇਕਸਾਰ ਤਰੀਕੇ ਨਾਲ ਡਿਸਟਰਬ ਕਰਦੀਆਂ ਹਨ। ਜਦੋਂ ਇਹ ਡਿਸਟਰਬੈਂਸ ਬਹੁਤ ਤੇਜ਼ੀ ਨਾਲ ਜਾਂ ਬਿਨਾਂ ਤਰਤੀਬ ਨਾਲ ਹੁੰਦੀ ਹੈ ਤਾਂ ਕਰਕਸ਼ ਆਵਾਜ਼ ਪੈਦਾ ਹੁੰਦੀ ਹੈ।

ਇਹ ਵੀ ਜ਼ਰੂਰ ਪੜ੍ਹੋ

  • ਨਿਊਜ਼ੀਲੈਂਡ ''ਚ ਮਸਜਿਦਾਂ ’ਚ ਚੱਲੀਆਂ ਗੋਲੀਆਂ, ਕਈ ਮੌਤਾਂ, 4 ਸ਼ੱਕੀ ਹਿਰਾਸਤ ’ਚ
  • ਨਿਊਜ਼ੀਲੈਂਡ ’ਚ ਗੋਲੀਬਾਰੀ: ‘ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਅੱਲਾਹ ਨੇ ਬਚਾ ਲਿਆ’
  • ਮਸੂਦ ਅਜ਼ਹਰ ਦੇ ਫੜੇ ਜਾਣ ਤੇ ਛੱਡੇ ਜਾਣ ਦੀ ਪੂਰੀ ਕਹਾਣੀ

ਧਮਾਕਾ ਉਦੋਂ ਹੁੰਦਾ ਹੈ ਜਦੋਂ ਕੋਈ ਚੀਜ਼ ਹਵਾ ਵਿੱਚ ਆਵਾਜ਼ ਦੀ ਆਵਾਜਾਈ ਦੀ ਆਮ ਗਤੀ ਨੂੰ ਪਾਰ ਕਰ ਜਾਂਦੀ ਹੈ। ਇਸ ਕਰਕੇ ਹਵਾ ਦਾ ਦਬਾਅ ਬਹੁਤ ਤੇਜ਼ੀ ਨਾਲ ਧਰਤੀ ਵੱਲ ਵਧਦਾ ਹੈ ਅਤੇ ਉੱਚੀ ਆਵਾਜ਼ ਸੁਣਾਈ ਦਿੰਦੀ ਹੈ।

ਇਸ ਦਬਾਅ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਘਰਾਂ ਦੇ ਸ਼ੀਸ਼ੇ ਟੁੱਟ ਸਕਦੇ ਹਨ। ਅੰਮ੍ਰਿਤਸਰ ਵਿੱਚ ਅਜੇ ਅਜਿਹਾ ਕੁਝ ਹੋਣ ਦੀ ਖ਼ਬਰ ਨਹੀਂ ਹੈ, ਹਾਲਾਂਕਿ ਕੁਝ ਲੋਕਾਂ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਘਰ ਹਿੱਲ ਗਿਆ।

ਆਵਾਜ਼ ਦੀ ਗਤੀ ਕਿੰਨੀ ਹੁੰਦੀ ਹੈ?

ਆਵਾਜ਼ ਦੀ ਗਤੀ ਨੂੰ ਜੇ ਸਮੁੰਦਰ ਤਲ ''ਤੇ 20°C ਤਾਪਮਾਨ ਦੌਰਾਨ ਨਾਪਿਆ ਜਾਵੇ ਤਾਂ ਇਹ ਕਰੀਬ 1235 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਉਚਾਈ ਵਧਦੀ ਹੈ ਤਾਂ ਇਹ ਗਤੀ ਘਟਦੀ ਹੈ ਕਿਉਂਕਿ ਤਾਪਮਾਨ ਵੀ ਹੇਠਾਂ ਆਉਂਦਾ ਹੈ।

ਯੂਕੇ ਦੇ ''ਦਿ ਟੈਲੀਗ੍ਰਾਫ'' ਅਖਬਾਰ ਮੁਤਾਬਕ ਆਮ ਤੌਰ ''ਤੇ ਯਾਤਰੀ ਜਹਾਜ਼ ਔਸਤਨ 900 ਕਿਲਮੀਟਰ ਪ੍ਰਤੀ ਘੰਟਾ ਗਤੀ ''ਤੇ ਉੱਡਦਾ ਹੈ।

ਭਾਰਤੀ ਫੌਜ ਕੋਲ ਮੌਜੂਦ ਮਿਗ-21 ਵੀ ਆਵਾਜ਼ ਦੀ ਰਫਤਾਰ ਤੋਂ ਤੇਜ਼ ਉੱਡ ਸਕਦੇ ਹਨ।

ਗਿਨੀਜ਼ ਬੁੱਕ ਮੁਤਾਬਕ ਐੱਸ.ਆਰ-71 ''ਬਲੈਕਬਰਡ'' ਨਾਂ ਦਾ ਲੜਾਕੂ ਜਹਾਜ਼ ਆਪੇ ਜ਼ਮੀਨ ਤੋਂ ਟੇਕ-ਆਫ ਕਰ ਕੇ ਵਾਪਸ ਲੈਂਡ ਕੀਤਾ ਜਾ ਸਕਣ ਵਾਲਾ, ਸਭ ਤੋਂ ਤੇਜ਼ ਜਹਾਜ਼ ਹੈ।

ਹਾਲਾਂਕਿ ਹੁਣ ਇਹ ਵਰਤਿਆ ਨਹੀਂ ਜਾਂਦਾ, ਇਸ ਨੂੰ ਅਮਰੀਕੀ ਹਵਾਈ ਫੌਜ ਦੇ ਪਾਇਲਟ ਆਵਾਜ਼ ਦੀ ਰਫ਼ਤਾਰ ਤੋਂ ਤਿੰਨ ਗੁਣਾ ਵੱਧ ਗਤੀ ਤੋਂ ਵੀ ਪਾਰ ਉਡਾ ਚੁੱਕੇ ਹਨ। ਰਿਕਾਰਡ 3529 ਕਿਲੋਮੀਟਰ ਪ੍ਰਤੀ ਘੰਟਾ ਦਾ ਹੈ ਜੋ 1976 ਵਿੱਚ ਬਣਿਆ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

https://www.youtube.com/watch?v=xWw19z7Edrs

https://www.youtube.com/watch?v=hCDMUTpFqis

https://www.youtube.com/watch?v=-l928HzNcD8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)