ਹੀਰੋ ਮੋਟਰਸਾਈਕਲ, ਸਕੂਟਰ 1 ਜੁਲਾਈ ਤੋਂ ਹੋਣ ਜਾ ਰਹੇ ਹਨ ਇੰਨੇ ਮਹਿੰਗੇ

06/25/2021 7:37:12 AM

ਨਵੀਂ ਦਿੱਲੀ- ਹੀਰੋ ਦਾ ਮੋਟਰਸਾਈਕਲ ਜਾਂ ਸਕੂਟਰ ਖ਼ਰੀਦਣ ਵਾਲੇ ਹੋ ਤਾਂ ਜਲਦ ਕਰੋ ਕਿਉਂਕਿ ਹੁਣ ਤੁਹਾਨੂੰ ਮੋਟਰਸਾਈਕਲ ਅਤੇ ਸਕੂਟਰ ਖਰੀਦਣ ਲਈ ਵਧੇਰੇ ਖਰਚ ਕਰਨਾ ਪਏਗਾ। ਹੀਰੋ ਮੋਟੋਕਾਰਪ 1 ਜੁਲਾਈ 2021 ਤੋਂ ਆਪਣੇ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਐਕਸ-ਸ਼ੋਅਰੂਮ ਕੀਮਤਾਂ ਵਿਚ ਵਾਧਾ ਕਰਨ ਜਾ ਰਹੀ ਹੈ।

ਹੀਰੋ ਮੋਟੋਕਾਰਪ ਦਾ ਕਹਿਣਾ ਹੈ ਕਿ ਕਮੋਡਿਟੀ ਦੀਆਂ ਕੀਮਤਾਂ ਵਿਚ ਨਿਰੰਤਰ ਵਾਧੇ ਕਾਰਨ ਉਸ ਨੂੰ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣੀਆਂ ਪੈ ਰਹੀਆਂ ਹਨ। ਹਾਲਾਂਕਿ, ਗਾਹਕਾਂ 'ਤੇ ਇਸ ਦਾ ਜ਼ਿਆਦਾ ਬੋਝ ਨਹੀਂ ਪਾਇਆ ਜਾਵੇਗਾ। ਕੰਪਨੀ ਨੇ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 1 ਜੁਲਾਈ ਤੋਂ 3,000 ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।

ਕੰਪਨੀ ਨੇ ਕਿਹਾ ਕਿ ਕੀਮਤਾਂ ਵਿਚ ਵਾਧਾ ਮੋਟਰਸਾਈਕਲਾਂ ਅਤੇ ਸਕੂਟਰਾਂ ਦੇ ਵੱਖ ਵੱਖ ਮਾਡਲਾਂ ਵਿਚ ਵੱਖ-ਵੱਖ ਹੋਵੇਗਾ। ਇਹ ਵੱਧ ਤੋਂ ਵੱਧ 3,000 ਰੁਪਏ ਤੱਕ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੱਚੇ ਮਾਲ ਦੀਆਂ ਕੀਮਤਾਂ ਨਿਰੰਤਰ ਵੱਧ ਰਹੀਆਂ ਸਨ। ਇਸ ਨਾਲ ਇਨਪੁਟ ਲਾਗਤ ਵੱਧ ਰਹੀ ਹੈ। ਹੁਣ ਕੰਪਨੀ ਨੇ ਇਸ ਦਾ ਕੁਝ ਹਿੱਸਾ ਗਾਹਕਾਂ 'ਤੇ ਪਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਹੀਰੋ ਮੋਟੋਕਾਰਪ ਨੇ ਅਪ੍ਰੈਲ ਵਿਚ ਆਪਣੀਆਂ ਬਾਈਕਸ ਤੇ ਸਕੂਟਰਾਂ ਦੀਆਂ ਕੀਮਤਾਂ ਵਿੱਚ 2500 ਰੁਪਏ ਦਾ ਵਾਧਾ ਕੀਤਾ ਸੀ।

Sanjeev

This news is Content Editor Sanjeev