‘ਵਿਦੇਸ਼ ਜਾਣ ਦੇ ਮੋਹ ’ਚ’ ‘ਵਿਆਹ ਅਤੇ ਨੌਕਰੀ ਦੇ ਨਾਂ ’ਤੇ ਠੱਗੇ ਜਾ ਰਹੇ ਨੌਜਵਾਨ’

07/23/2021 3:30:58 AM

ਆਪਣੇ ਦੇਸ਼ ’ਚ ਰਹਿ ਕੇ ਕੰਮ ਕਰਨ ਅਤੇ ਭਵਿੱਖ ਬਣਾਉਣ ਦੀ ਬਜਾਏ ਅੱਜ ਸਾਡੇ ਨੌਜਵਾਨ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਇੰਗਲੈਂਡ, ਤੁਰਕੀ ਅਤੇ ਦੱਖਣੀ ਅਫਰੀਕਾ ਆਦਿ ਦੇਸ਼ਾਂ ’ਚ ਕਿਸੇ ਤਰ੍ਹਾਂ ਪਹੁੰਚ ਕੇ ਰੋਜ਼ਗਾਰ ਹਾਸਲ ਕਰਨ ਅਤੇ ਵੱਧ ਧਨ ਕਮਾਉਣ ਦੇ ਜਨੂੰਨ ’ਚ ਧੋਖੇ ਦਾ ਸ਼ਿਕਾਰ ਹੋ ਰਹੇ ਹਨ।

ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਪੀੜਤ ਪਰਿਵਾਰਾਂ ਨੇ ਲੱਖਾਂ ਰੁਪਏ ਖਰਚ ਕੇ ਆਪਣੇ ਪੁੱਤਰਾਂ ਦੀ ‘ਕੰਟ੍ਰੈਕਟ ਮੈਰਿਜ’ ਕਰਵਾ ਕੇ ਇਸ ਆਸ ਨਾਲ ਆਪਣੀਆਂ ਨੂੰਹਾਂ ਨੂੰ ਵਿਦੇਸ਼ ਭੇਜਿਆ ਕਿ ਉੱਥੇ ਜਾ ਕੇ ਉਹ ਉਨ੍ਹਾਂ ਨੂੰ ‘ਸਪਾਊਸ ਵੀਜ਼ਾ’ ਭੇਜਣਗੀਆਂ ਤਾਂ ਕਿ ਉਨ੍ਹਾਂ ਦੇ ਪੁੱਤਰ ਵਿਦੇਸ਼ ’ਚ ਵੱਸ ਸਕਣ ਪਰ ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਅਜਿਹੇ ਪਰਿਵਾਰਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿਉਂਕਿ ਇਨ੍ਹਾਂ ਦੀਆਂ ‘ਨੂੰਹਾਂ’ ਨੇ ਵਿਦੇਸ਼ ਪਹੁੰਚ ਕੇ ਨਾ ਸਿਰਫ ‘ਪਤੀਆਂ’ ਨੂੰ ਛੱਡ ਦਿੱਤਾ, ਕਈਆਂ ਨੇ ਉਨ੍ਹਾਂ ਨੂੰ ਜੇਲ ਵੀ ਭਿਜਵਾ ਦਿੱਤਾ।

ਇਕ ਰਿਪੋਰਟ ਦੇ ਅਨੁਸਾਰ ਪਿਛਲੇ 5 ਮਹੀਨਿਆਂ ’ਚ ਲਾੜੀਆਂ ਵੱਲੋਂ ਠੱਗੀ ਦੀਆਂ 3300 ਤੋਂ ਵੱਧ ਸ਼ਿਕਾਇਤਾਂ ਵਿਦੇਸ਼ ਮੰਤਰਾਲਿਆਂ ’ਚ ਦਰਜ ਕੀਤੀਆਂ ਗਈਆਂ ਜਿਨ੍ਹਾਂ ’ਚੋਂ 3000 ਇਕੱਲੇ ਪੰਜਾਬ ਤੋਂ ਸਨ। ਇਸ ਦੇ ਇਲਾਵਾ ਕੁਝ ਟ੍ਰੈਵਲ ਏਜੰਟਾਂ ਵੱਲੋਂ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਵੀ ਠੱਗਿਆ ਜਾ ਰਿਹਾ ਹੈ ਜਿਸ ਦੀਆਂ ਕੁਝ ਕੁ ਉਦਾਹਰਣਾਂ ਹੇਠਾਂ ਦਰਜ ਹਨ :

* 18 ਨਵੰਬਰ, 2020 ਨੂੰ ਸੰਗਰੂਰ ਨਿਵਾਸੀ ਇਕ ਮੁਟਿਆਰ ਨੇ ਲੁਧਿਆਣੇ ਦੇ ਇਕ ਨੌਜਵਾਨ ਨੂੰ ਇਹ ਕਹਿ ਕੇ ਵਿਆਹ ਕਰ ਲਿਆ ਕਿ ਉਹ ਉਸ ਨੂੰ ਕੈਨੇਡਾ ਲੈ ਜਾਵੇਗੀ ਪਰ ਵਿਆਹ ਦੇ ਬਾਅਦ ਇਕ ਦਿਨ ਵੀ ਸਹੁਰੇ ਘਰ ’ਚ ਨਹੀਂ ਰਹੀ ਅਤੇ ਸਮੇਂ-ਸਮੇਂ ’ਤੇ ਆਪਣੇ ਕਥਿਤ ਸਹੁਰੇ ਵਾਲਿਆਂ ਤੋਂ 8.78 ਲੱਖ ਰੁਪਏ ਠੱਗਣ ਦੇ ਬਾਅਦ ਵਿਦੇਸ਼ ਲਿਜਾਣ ਦੀ ਗੱਲ ਤੋਂ ਸਾਫ ਮੁੱਕਰ ਗਈ ਜਿਸਦੇ ਬਾਅਦ ਪੀੜਤ ਧਿਰ ਨੇ ਡੇਹਲੋਂ ਥਾਣਾ ਪੁਲਸ ’ਚ 3 ਵਿਅਕਤੀਆਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

* 5 ਫਰਵਰੀ, 2021 ਨੂੰ ਨਵੀਂ ਦਿੱਲੀ ਸਥਿਤ ਮਹਾਰਾਣੀ ਬਾਗ ’ਚ ਫਰਜ਼ੀ ਦਫਤਰ ਖੋਲ੍ਹ ਕੇ ਦੱਖਣੀ ਅਫਰੀਕਾ ਅਤੇ ਤੁਰਕੀ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਕੁਸ਼ੀਨਗਰ ਅਤੇ ਦੇਵਰੀਆ ਦੇ 39 ਵਿਅਕਤੀਆਂ ਕੋਲੋਂ ਉਨ੍ਹਾਂ ਦੇ ਪਾਸਪੋਰਟਾਂ ਸਮੇਤ 20 ਲੱਖ ਦੀ ਠੱਗੀ ਮਾਰ ਕੇ ਫਰਾਰ ਹੋ ਜਾਣ ਵਾਲੇ ਗਿਰੋਹ ਦੇ ਮੈਂਬਰਾਂ ਦੇ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

* 12 ਮਾਰਚ, 2021 ਨੂੰ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਦੇ ਚੱਕਰ ’ਚ ਸੰਗਰੂਰ ਦੇ ਨੇੜੇ ਦਿੜ੍ਹਬਾ ਦਾ ਇਕ ਪਰਿਵਾਰ 25 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਬਾਘਾਪੁਰਾਣਾ ਇਲਾਕੇ ਦੇ ਪਰਿਵਾਰ ਦੀ ਇਕ ਲੜਕੀ ਨੇ ਪਹਿਲਾਂ ਤਾਂ ਲੜਕੇ ਨਾਲ ਵਿਆਹ ਕਰਵਾਇਆ ਫਿਰ ਸਹੁਰਿਆਂ ਦੇ ਖਰਚ ’ਤੇ ਖੁਦ ਕੈਨੇਡਾ ਪਹੁੰਚ ਕੇ ਆਪਣੇ ਪਤੀ ਅਤੇ ਸਹੁਰਿਆਂ ਨਾਲੋਂ ਸੰਪਰਕ ਤੋੜ ਦਿੱਤਾ।

* 26 ਮਾਰਚ, 2021 ਨੂੰ ਗੋਰਖਪੁਰ ਦੇ ਕੋਲਿਆ ’ਚ ਇਕ ਟ੍ਰੈਵਲ ਏਜੰਸੀ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲਗਭਗ 350 ਵਿਅਕਤੀਆਂ ਨਾਲ ਸਵਾ ਕਰੋੜ ਰੁਪਏ ਦੀ ਠੱਗੀ ਮਾਰ ਕੇ ਇਕ ਟ੍ਰੈਵਲ ਏਜੰਸੀ ਵੱਲੋਂ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ।

* 21 ਮਾਰਚ, 2021 ਨੂੰ ਫਿਰੋਜ਼ਪੁਰ ਨਿਵਾਸੀ ਇਕ ਮੁਟਿਆਰ ਨੇ ਆਪਣੇ ਮਾਂ-ਬਾਪ ਨਾਲ ਮਿਲ ਕੇ ਆਸਟ੍ਰੇਲੀਆ ਜਾਣ ਦੇ ਲਈ ਪਹਿਲਾਂ ਬਠਿੰਡਾ ਨਿਵਾਸੀ ਇਕ ਨੌਜਵਾਨ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ 46 ਲੱਖ ਰੁਪਏ ਖਰਚ ਕਰਵਾ ਕੇ ਖੁਦ ਤਾਂ ਵਿਦੇਸ਼ ਪਹੁੰਚ ਗਈ ਅਤੇ ਉੱਥੇ ਜਾ ਕੇ ਪਤੀ ’ਤੇ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਇਕਪਾਸੜ ਤਲਾਕ ਲੈਣ ਦਾ ਕੇਸ ਕੋਰਟ ’ਚ ਦਾਇਰ ਕਰ ਦਿੱਤਾ।

* 23 ਮਈ, 2021 ਨੂੰ ਸ਼੍ਰੀਗੰਗਾਨਗਰ ਦੇ ਪਿੰਡ ‘ਆਰਬੀ’ ’ਚ ਇਕ ਕਿਸਾਨ ਨੇ ਆਪਣੇ ਬੇਟੇ ਦਾ ਵਿਆਹ ਕੈਨੇਡਾ ਤੋਂ ਸਟੱਡੀ ਆਫਰ ਪ੍ਰਾਪਤ ਇਕ ਮੁਟਿਆਰ ਨਾਲ ਕਰਵਾਇਆ ਅਤੇ 9 ਲੱਖ ਰੁਪਏ ਵਿਦੇਸ਼ ’ਚ ਉਸ ਦੀ ਪੜ੍ਹਾਈ ਦੇ ਨਾਂ ’ਤੇ ਦਿੱਤੇ ਪਰ ਬਾਅਦ ’ਚ ਨੂੰਹ ਅਤੇ ਉਸ ਦੇ ਮਾਤਾ-ਪਿਤਾ ਨੇ ਨੌਜਵਾਨ ਨੂੰ ਵਿਦੇਸ਼ ਲਿਜਾਣ ਤੋਂ ਨਾਂਹ ਕਰ ਦਿੱਤੀ।

* 17 ਜੁਲਾਈ, 2021 ਨੂੰ ਪਿਹੋਵਾ ਸਦਰ ਥਾਣਾ ਪੁਲਸ ਨੇ ਇਕ ਨੌਜਵਾਨ ਨੂੰ ਖਿਡਾਰੀ ਦੱਸ ਕੇ ਅਮਰੀਕਾ ਭੇਜਣ ਦੇ ਨਾਂ ’ਤੇ ਉਸ ਨਾਲ 32 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਔਰਤ ਸਮੇਤ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ।

* 18 ਜੁਲਾਈ, 2021 ਨੂੰ ਗੁਰਦਾਸਪੁਰ ਜ਼ਿਲੇ ਦੇ ਸ਼ਹਿਜਾਦਾ ਨਗਰ ਪਿੰਡ ਦੇ ਇਕ ਨੌਜਵਾਨ ਨੇ ਜਰਮਨੀ ’ਚ ਸੈਟਲ ਹੋਣ ਦੇ ਲਈ 18 ਲੱਖ ਰੁਪਏ ਖਰਚ ਕੇ ਇਕ ਮੁਟਿਆਰ ਨਾਲ ‘ਕੰਟ੍ਰੈਕਟ ਮੈਰਿਜ’ ਕਰ ਲਈ ਪਰ ਮੁਟਿਆਰ ਉਸ ਨੂੰ ਆਪਣੇ ਨਾਲ ਲੈ ਕੇ ਗਈ ਹੀ ਨਹੀਂ ਅਤੇ ਉਸ ਦਾ ਮੋਬਾਇਲ ਨੰਬਰ ਅਤੇ ਸੋਸ਼ਲ ਮੀਡੀਆ ’ਤੇ ਉਸ ਦਾ ਅਕਾਊਂਟ ਹੀ ਬਲਾਕ ਕਰ ਦਿੱਤਾ।

* 21 ਜੁਲਾਈ, 2021 ਨੂੰ ਵਿਆਹ ਤੋਂ ਬਾਅਦ ਕੈਨੇਡਾ ਸੱਦਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ ਪਿੰਡ ਤਾਜੇਵਾਲ ਦੇ ਇਕ ਪਰਿਵਾਰ ਨਾਲ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਮਾਹਿਲਪੁਰ ਦੀ ਪੁਲਸ ਨੇ ਇਕ ਮੁਟਿਆਰ ਅਤੇ ਉਸ ਦੇ ਪਿਤਾ ਅਤੇ ਇਕ ਰਿਸ਼ਤੇਦਾਰ ਦੇ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ।

* 21 ਜੁਲਾਈ, 2021 ਨੂੰ ਇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 7 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਕੁਰੂਕਸ਼ੇਤਰ ਪੁਲਸ ਨੇ ਇਕ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ।

ਇਹ ਤਾਂ ਉਹ ਕੁਝ ਕੁ ਉਦਾਹਰਣਾਂ ਹਨ ਜੋ ਅਖਬਾਰਾਂ ’ਚ ਪ੍ਰਕਾਸ਼ਿਤ ਹੋਈਆਂ ਹਨ ਅਤੇ ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਏ ਹੋਣਗੇ ਜਿਨ੍ਹਾਂ ਦੀ ਰਿਪੋਰਟ ਦਰਜ ਨਹੀਂ ਹੋਈ ਹੋਵੇਗੀ। ਇਨ੍ਹਾਂ ਤੋਂ ਸਪੱਸ਼ਟ ਹੈ ਕਿ ‘ਕੰਟ੍ਰੈਕਟ ਮੈਰਿਜ’ ਰਾਹੀਂ ਵਿਦੇਸ਼ ’ਚ ਵੱਸਣ ਅਤੇ ਨੌਕਰੀ ਦੇ ਲਈ ਵਿਚੋਲਿਆਂ ਜਾਂ ਟ੍ਰੈਵਲ ਏਜੰਟਾਂ ’ਤੇ ਅੱਖਾਂ ਮੀਟ ਕੇ ਭਰੋਸਾ ਕਰਨਾ ਠੀਕ ਨਹੀਂ।

ਉਂਝ ਵੀ ਵਿਦੇਸ਼ ਜਾਣ ਦੀ ਇੱਛਾ ਰੱਖਣ ਦੀ ਬਜਾਏ ਚੰਗਾ ਇਹ ਹੈ ਕਿ ਜਿੰਨੀ ਰਕਮ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰਦੇ ਹਨ, ਓਨੀ ਹੀ ਰਕਮ ਭਾਰਤ ’ਚ ਖਰਚ ਕਰ ਕੇ ਉਹ ਆਪਣੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਦੇਣ ਤਾਂ ਕਿ ਉਹ ਆਪਣੇ ਨਾਲ-ਨਾਲ ਦੂਸਰਿਆਂ ਦੇ ਲਈ ਵੀ ਰੋਜ਼ਗਾਰ ਅਤੇ ਆਮਦਨ ਦੇ ਸਾਧਨ ਪੈਦਾ ਕਰ ਕੇ ਦੇਸ਼ ਦੀ ਬੇਰੋਜ਼ਗਾਰੀ ਦੂਰ ਕਰ ਸਕਣ।

-ਵਿਜੇ ਕੁਮਾਰ

Bharat Thapa

This news is Content Editor Bharat Thapa