ਯੂ. ਪੀ. ਤੇ ਬਿਹਾਰ ਦੀਆਂ ਉਪ-ਚੋਣਾਂ ''ਨਾ ਮੋਦੀ ਲਹਿਰ, ਨਾ ਯੋਗੀ ਦਾ ਅਸਰ''

03/15/2018 7:44:37 AM

ਇਨ੍ਹੀਂ ਦਿਨੀਂ ਭਾਜਪਾ ਦੇਸ਼ ਦੇ ਤਿੰਨ ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ 'ਚ ਆਪਣੀ ਜਿੱਤ ਦਾ ਜਸ਼ਨ ਮਨਾ ਰਹੀ ਹੈ ਪਰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਅਤੇ ਗੁਆਂਢੀ ਸੂਬੇ ਬਿਹਾਰ 'ਚ ਤਿੰਨ ਲੋਕ ਸਭਾ ਤੇ ਦੋ ਵਿਧਾਨ ਸਭਾ ਉਪ-ਚੋਣਾਂ ਦੇ ਨਤੀਜਿਆਂ ਨੇ ਇਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਯੂ. ਪੀ. 'ਚ ਗੋਰਖਪੁਰ ਤੇ ਫੂਲਪੁਰ ਦੋਹਾਂ ਹਾਈ-ਪ੍ਰੋਫਾਈਲ ਸੀਟਾਂ 'ਤੇ ਭਾਜਪਾ ਦਾ ਕਬਜ਼ਾ ਸੀ, ਜਿਨ੍ਹਾਂ ਦੀ ਨੁਮਾਇੰਦਗੀ ਕ੍ਰਮਵਾਰ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਕਰਦੇ ਸਨ। ਜਿਥੇ ਯੋਗੀ ਆਦਿੱਤਿਆਨਾਥ 1998 ਤੋਂ ਬਾਅਦ ਲਗਾਤਾਰ 5 ਵਾਰ ਗੋਰਖਪੁਰ ਵਾਲੀ ਸੀਟ ਜਿੱਤ ਚੁੱਕੇ ਸਨ, ਉਥੇ ਹੀ ਮੌਰਿਆ ਨੇ 2014 'ਚ ਫੂਲਪੁਰ ਸੀਟ 3.74 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਹਾਲਾਂਕਿ ਯੋਗੀ ਤੇ ਮੌਰਿਆ ਵਲੋਂ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਬਣਨ ਤੋਂ ਬਾਅਦ ਛੱਡੀਆਂ ਗਈਆਂ ਉਕਤ ਦੋਹਾਂ ਸੀਟਾਂ 'ਤੇ ਪਾਰਟੀ ਦਾ ਕਬਜ਼ਾ ਬਰਕਰਾਰ ਰੱਖਣ ਲਈ ਯੋਗੀ ਤੇ ਮੌਰਿਆ ਨੇ ਵਿਆਪਕ ਪ੍ਰਚਾਰ ਕੀਤਾ ਪਰ ਸਪਾ ਤੇ ਬਸਪਾ ਦੇ 'ਸਮਝੌਤੇ' ਕਾਰਨ ਦੋਵੇਂ ਸੀਟਾਂ ਭਾਜਪਾ ਦੇ ਹੱਥੋਂ ਨਿਕਲ ਗਈਆਂ ਅਤੇ ਸਪਾ ਨੇ ਜਿੱਤ ਲਈਆਂ। ਬਿਹਾਰ 'ਚ ਭਾਜਪਾ ਆਪਣੇ ਕਬਜ਼ੇ ਵਾਲੀ ਭਬੂਆ ਸੀਟ 'ਤੇ ਹੀ ਕਬਜ਼ਾ ਕਾਇਮ ਰੱਖ ਸਕੀ ਅਤੇ ਅਰਰੀਆ ਦੀ ਲੋਕ ਸਭਾ ਤੇ ਜਹਾਨਾਬਾਦ ਦੀ ਵਿਧਾਨ ਸਭਾ ਸੀਟ 'ਤੇ ਰਾਜਦ ਨੇ ਕਬਜ਼ਾ ਕਾਇਮ ਰੱਖ ਕੇ ਭਾਜਪਾ ਨੂੰ ਨਿਰਾਸ਼ ਕਰ ਦਿੱਤਾ। ਜਿਥੇ ਯੂ. ਪੀ. ਦੇ ਵੋਟਰਾਂ ਨੇ ਮੋਦੀ ਤੇ ਯੋਗੀ ਸਰਕਾਰ ਦੀਆਂ ਨੀਤੀਆਂ ਪ੍ਰਤੀ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ, ਉਥੇ ਹੀ ਸਪਾ-ਬਸਪਾ 'ਸਮਝੌਤੇ' ਦੀ ਸਫਲਤਾ ਤੋਂ ਉਤਸ਼ਾਹਿਤ ਵਿਰੋਧੀ ਧਿਰ ਹੁਣ ਜ਼ਿਆਦਾ ਇਕਜੁੱਟ ਹੋਣ ਦੀ ਕੋਸ਼ਿਸ਼ ਕਰੇਗੀ। ਯੂ. ਪੀ. 'ਚ 19 ਮਾਰਚ ਨੂੰ ਆਪਣਾ ਇਕ ਵਰ੍ਹਾ ਪੂਰਾ ਕਰ ਰਹੀ ਯੋਗੀ ਸਰਕਾਰ ਨੂੰ ਸੂਬੇ ਦੇ ਵੋਟਰਾਂ ਦਾ ਇਹ ਪਹਿਲਾ ਵੱਡਾ ਝਟਕਾ ਹੈ। ਬਿਹਾਰ 'ਚ ਬੇਸ਼ੱਕ ਸਥਿਤੀ ਜਿਉਂ ਦੀ ਤਿਉਂ ਕਾਇਮ ਰਹੀ ਹੈ ਪਰ ਨਤੀਜੇ ਸਪੱਸ਼ਟ ਸੰਕੇਤ ਦੇ ਰਹੇ ਹਨ ਕਿ ਉਥੇ ਭਾਜਪਾ ਆਪਣਾ ਦਾਇਰਾ ਵਧਾਉਣ 'ਚ ਨਾਕਾਮ ਰਹੀ ਹੈ। ਕੁਲ ਮਿਲਾ ਕੇ ਉਕਤ ਚੋਣ ਨਤੀਜੇ ਭਾਜਪਾ ਲੀਡਰਸ਼ਿਪ ਲਈ ਇਕ ਚਿਤਾਵਨੀ ਹਨ ਕਿ ਜੇ ਉਨ੍ਹਾਂ ਨੇ ਆਪਣੀ ਕਾਰਜਸ਼ੈਲੀ ਤੇ ਰਣਨੀਤੀ ਨਾ ਬਦਲੀ ਤੇ ਲੋਕਾਂ ਦੇ ਮੂਡ ਨੂੰ ਨਾ ਤਾੜਿਆ ਤਾਂ ਆਉਣ ਵਾਲੀਆਂ ੰਚੋਣਾਂ 'ਚ ਪਾਰਟੀ ਨੂੰ ਹੋਰ ਝਟਕੇ ਸਹਿਣ ਲਈ ਤਿਆਰ ਰਹਿਣਾ ਪਵੇਗਾ।                                               
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra