ਬਨਾਰਸ ''ਚ ਵਿਦਿਆਰਥਣ ਛੇੜਖਾਨੀ ਕਾਂਡ ਯੋਗੀ ਸਰਕਾਰ ਲਈ ਨਵੀਂ ਚੁਣੌਤੀ

09/26/2017 7:34:19 AM

ਪੰ. ਮਦਨ ਮੋਹਨ ਮਾਲਵੀਆ ਵਲੋਂ ਸਥਾਪਿਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਹੁਣ ਆਪਣੀ ਪ੍ਰਸਿੱਧੀ ਦੇ ਉਲਟ ਸਿਆਸਤ ਦਾ ਅਖਾੜਾ ਬਣਦੀ ਜਾ ਰਹੀ ਹੈ। ਇਸ ਦੀਆਂ ਵਿਦਿਆਰਥਣਾਂ ਹੁਣ ਆਪਣੀ ਸੁਰੱਖਿਆ ਨੂੰ ਲੈ ਕੇ ਧਰਨਾ-ਪ੍ਰਦਰਸ਼ਨ ਕਰ ਰਹੀਆਂ ਹਨ। ਬੀਤੀ 21 ਸਤੰਬਰ ਨੂੰ ਸ਼ਾਮ 7 ਵਜੇ ਦੇ ਆਸ-ਪਾਸ ਬੀ. ਐੱਫ. ਏ. ਦੀ ਵਿਦਿਆਰਥਣ ਨਾਲ ਭਾਰਤ ਕਲਾ ਭਵਨ ਨੇੜੇ 3 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਛੇੜਖਾਨੀ ਅਤੇ ਉਸ ਦੇ ਕੱਪੜੇ ਖਿੱਚਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਤ੍ਰਿਵੇਣੀ ਕੰਪਲੈਕਸ ਵਿਚ ਸਥਿਤ ਆਪਣੇ ਹੋਸਟਲ ਨੂੰ ਪਰਤ ਰਹੀ ਸੀ। ਬਦਮਾਸ਼ਾਂ ਨੇ ਉਕਤ ਵਿਦਿਆਰਥਣ ਦੇ ਕੁੜਤੇ 'ਚ ਹੱਥ ਪਾਇਆ ਤੇ ਉਸ ਦੀ ਜੀਨਸ 'ਚ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਵਿਦਿਆਰਥਣ ਨੇ ਹੋਸਟਲ ਪਹੁੰਚਣ 'ਤੇ ਆਪਣੀਆਂ ਸਹੇਲੀਆਂ ਨੂੰ ਇਸ ਬਾਰੇ ਦੱਸਿਆ ਤਾਂ ਸਾਰੀਆਂ ਨੇ ਵਿਰੋਧ ਪ੍ਰਗਟਾਉਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪ੍ਰਾਕਟੋਰੀਅਲ ਬੋਰਡ ਨੂੰ ਇਸ ਦੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਇਸ ਤੋਂ ਬਾਅਦ ਵਿਦਿਆਰਥਣਾਂ ਨੇ 22 ਸਤੰਬਰ ਨੂੰ ਸਵੇਰੇ 6 ਵਜੇ ਤੋਂ ਹੀ ਬੀ. ਐੱਚ. ਯੂ. ਦੇ ਮੇਨ ਗੇਟ 'ਸਿੰਹ ਦੁਆਰ' ਉੱਤੇ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਮਾਮਲਾ ਅੰਦੋਲਨ 'ਚ ਬਦਲ ਗਿਆ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਪਲੈਕਸ ਵਿਚ ਛੇੜਖਾਨੀ ਕਰਨ ਵਾਲਿਆਂ ਦਾ ਅਕਸਰ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੁੰਦੀ।
ਇਹ ਵੀ ਦੋਸ਼ ਹੈ ਕਿ ਸ਼ਨੀਵਾਰ ਦੇਰ ਰਾਤ ਨੂੰ ਬੀ. ਐੱਚ. ਯੂ. ਦੇ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ-ਵਿਦਿਆਰਥਣਾਂ 'ਤੇ ਪੁਲਸ ਨੇ ਲਾਠੀਚਾਰਜ ਕੀਤਾ। ਇਸ ਤੋਂ ਬਾਅਦ ਮੁਜ਼ਾਹਰੇ ਵਾਲੀ ਮੁੱਖ ਜਗ੍ਹਾ 'ਤੇ ਵੀ ਭਾਰੀ ਲਾਠੀਚਾਰਜ ਕੀਤਾ ਗਿਆ, ਜਿਸ ਵਿਚ 2 ਦਰਜਨ ਤੋਂ ਜ਼ਿਆਦਾ ਵਿਦਿਆਰਥਣਾਂ ਅਤੇ ਦਰਜਨਾਂ ਵਿਦਿਆਰਥੀਆਂ ਨੂੰ ਸੱਟਾਂ ਲੱਗੀਆਂ।
ਮੁਜ਼ਾਹਰੇ 'ਚ ਸ਼ਾਮਿਲ ਕੁੜੀਆਂ ਅਨੁਸਾਰ, ''ਸਾਡੀ ਮੰਗ ਸੀ ਕਿ ਵਾਈਸ ਚਾਂਸਲਰ ਗਿਰੀਸ਼ ਚੰਦਰ ਤ੍ਰਿਪਾਠੀ ਆਉਣ ਅਤੇ ਗੱਲ ਕਰਨ ਪਰ ਉਹ ਨਹੀਂ ਆਏ।'' ਕੁਝ ਵਿਦਿਆਰਥਣਾਂ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚ ਗਈਆਂ, ਜਿਥੇ ਉਨ੍ਹਾਂ 'ਤੇ ਲਾਠੀਚਾਰਜ ਕਰਵਾਇਆ ਗਿਆ। ਇਸ ਤੋਂ ਬਾਅਦ ਬੀ. ਐੱਚ. ਯੂ. ਦੇ ਗੇਟ 'ਤੇ ਵੀ ਲਾਠੀਚਾਰਜ ਕੀਤਾ ਗਿਆ।
22 ਸਤੰਬਰ ਤੋਂ ਧਰਨਾ-ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਅਤੇ ਤ੍ਰਿਪਾਠੀ ਨਾਲ ਗੱਲਬਾਤ, ਸੁਰੱਖਿਆ ਦੇ ਭਰੋਸੇ ਦੀ ਮੰਗ 'ਤੇ ਅੜੀਆਂ ਸੈਂਕੜੇ ਵਿਦਿਆਰਥਣਾਂ ਨੇ 23 ਸਤੰਬਰ ਨੂੰ ਬਾਅਦ ਦੁਪਹਿਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਜੰਗ ਦੇ ਮੈਦਾਨ 'ਚ ਬਦਲ ਗਈ। 
ਹਾਲਾਤ ਕਾਬੂ ਵਿਚ ਕਰਨ ਲਈ ਕੰਪਲੈਕਸ ਅੰਦਰ ਵੜੇ ਸੁਰੱਖਿਆ ਬਲਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਵਾਈ ਫਾਇਰ ਅਤੇ ਹੰਝੂ ਗੈਸ ਛੱਡਣ ਤੋਂ ਇਲਾਵਾ ਪੁਲਸ ਨੇ ਪਥਰਾਅ ਵੀ ਕੀਤਾ। ਮਾਰ-ਕੁਟਾਈ ਤੇ ਪਥਰਾਅ ਦਰਮਿਆਨ 10 ਬੰਬ ਧਮਾਕਿਆਂ ਦੀ ਆਵਾਜ਼ ਦੋ-ਢਾਈ ਕਿਲੋਮੀਟਰ ਤਕ ਸੁਣੀ ਗਈ। ਇਸ ਦਰਮਿਆਨ ਪੈਟਰੋਲ ਬੰਬ ਵੀ ਸੁੱਟੇ ਗਏ।
ਇਹੋ ਨਹੀਂ, 2 ਪੁਲਸ ਮੁਲਾਜ਼ਮਾਂ ਤੋਂ ਇਲਾਵਾ ਘੱਟੋ-ਘੱਟ 30 ਵਿਦਿਆਰਥਣਾਂ ਸਮੇਤ ਦਰਜਨਾਂ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਐਤਵਾਰ 24 ਸਤੰਬਰ ਨੂੰ ਵੀ ਬੀ. ਐੱਚ. ਯੂ. ਵਿਚ ਕਈ ਗੱਡੀਆਂ ਨੂੰ ਸਾੜੇ ਜਾਣ ਦੌਰਾਨ ਸੁਰੱਖਿਆ ਬਲਾਂ ਤੇ ਵਿਦਿਆਰਥੀਆਂ ਵਿਚਾਲੇ ਟਕਰਾਅ ਹੁੰਦਾ ਰਿਹਾ। 
ਹਾਲਾਤ ਵਿਗੜਦੇ ਦੇਖ ਕੇ ਜ਼ਿਲਾ ਪ੍ਰਸ਼ਾਸਨ ਨੇ ਬਾਰਾਨਸੀ ਦੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਹੈ, ਜਦਕਿ ਬੀ. ਐੱਚ. ਯੂ. ਨੂੰ ਪਹਿਲਾਂ ਹੀ 2 ਅਕਤੂਬਰ ਤਕ ਬੰਦ ਕੀਤਾ ਜਾ ਚੁੱਕਾ ਹੈ। ਵਿਦਿਆਰਥਣਾਂ ਅਨੁਸਾਰ ਜੇਕਰ ਵਾਈਸ ਚਾਂਸਲਰ ਆ ਕੇ ਉਨ੍ਹਾਂ ਦੀ ਗੱਲ ਸੁਣ ਲੈਂਦੇ ਤਾਂ ਗੱਲ ਇੰਨੀ ਨਾ ਵਧਦੀ। ਮਾਮਲਾ ਸਿਰਫ ਵਿਦਿਆਰਥਣਾਂ ਦੀ ਸੁਰੱਖਿਆ ਦਾ ਸੀ, ਜਿਸ ਨੂੰ ਲੈ ਕੇ ਕੁੜੀਆਂ ਮੁਜ਼ਾਹਰਾ ਕਰ ਰਹੀਆਂ ਸਨ ਪਰ ਇਸ ਨੂੰ ਵਾਈਸ ਚਾਂਸਲਰ ਸਮੇਤ ਕਈ ਲੋਕਾਂ ਨੇ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਸਪਾ ਤੇ ਕਾਂਗਰਸ ਸਮੇਤ ਹੋਰ ਵਿਦਿਆਰਥੀ ਸੰਗਠਨ ਵੀ ਇਸ 'ਚ ਕੁੱਦ ਪਏ ਹਨ। 
ਏ. ਬੀ. ਵੀ. ਪੀ. ਅਤੇ ਐੱਨ. ਐੱਸ. ਯੂ. ਆਈ. ਨੇ ਵੀ ਲਾਠੀਚਾਰਜ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਵਿਦਿਆਰਥੀਆਂ ਦਾ ਇਕ ਧੜਾ ਧਰਨੇ 'ਤੇ ਬੈਠ ਗਿਆ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਵੀ ਵਿਰੋਧ ਮੁਜ਼ਾਹਰਾ ਕੀਤਾ। ਦਿੱਲੀ ਵਿਚ ਵੀ ਲੱਗਭਗ 20 ਵਿਦਿਆਰਥੀ ਤੇ ਸਮਾਜਿਕ ਸੰਗਠਨਾਂ ਨੇ ਮੁਜ਼ਾਹਰਾ ਕਰ ਕੇ ਵਾਈਸ ਚਾਂਸਲਰ ਤ੍ਰਿਪਾਠੀ ਨੂੰ ਬਰਖਾਸਤ ਕਰਨ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। 
ਹੁਣ ਸੂਬਾ ਸਰਕਾਰ ਨੇ ਕਾਨੂੰਨ-ਵਿਵਸਥਾ ਬਹਾਲ ਰੱਖਣ ਲਈ ਪੀ. ਏ. ਸੀ. ਦੇ ਜਵਾਨਾਂ ਸਮੇਤ ਲੱਗਭਗ 1500 ਪੁਲਸ ਮੁਲਾਜ਼ਮਾਂ ਨੂੰ ਕੰਪਲੈਕਸ ਅਤੇ ਉਸ ਦੇ ਆਸ-ਪਾਸ ਤਾਇਨਾਤ ਕੀਤਾ ਹੈ। ਵਿਦਿਆਰਥੀਆਂ 'ਤੇ ਲਾਠੀਚਾਰਜ ਦੇ ਸੰਬੰਧ ਵਿਚ 3 ਵਧੀਕ ਸਿਟੀ ਮੈਜਿਸਟ੍ਰੇਟਾਂ ਅਤੇ 2 ਪੁਲਸ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ। ਸਾੜ-ਫੂਕ, ਪਥਰਾਅ, ਭੰਨ-ਤੋੜ ਅਤੇ ਡਿਊਟੀ ਦੌਰਾਨ ਪੁਲਸ ਮੁਲਾਜ਼ਮਾਂ 'ਤੇ ਹਮਲੇ ਕਰਨ ਵਾਲੇ 1000 ਅਣਪਛਾਤੇ ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ ਤੇ ਸਪਾ ਦੇ 125 ਵਰਕਰ ਹਿਰਾਸਤ 'ਚ ਲਏ ਗਏ ਹਨ। 
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਸਿਰਫ ਘਟਨਾ ਦੀ ਜਾਂਚ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਗੱਲ ਕਹਿਣਾ ਹੀ ਕਾਫੀ ਨਹੀਂ ਹੈ। ਲੋੜ ਸਥਿਤੀ ਨੂੰ ਛੇਤੀ ਤੋਂ ਛੇਤੀ ਆਮ ਵਰਗੀ ਬਣਾਉਣ ਅਤੇ ਇਸ ਘਟਨਾ ਦੀ ਨਿਰਪੱਖ ਜਾਂਚ ਪੂਰੀ ਕਰ ਕੇ ਦੋਸ਼ੀਆਂ ਨੂੰ ਉਨ੍ਹਾਂ ਦੇ ਅੰਜਾਮ ਤਕ ਪਹੁੰਚਾਉਣ ਦੀ ਹੈ।               
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra