ਦੁਨੀਆ ''ਤੇ ਫਿਰ ਮੰਡਰਾਅ ਰਹੇ ''ਪ੍ਰਮਾਣੂ ਜੰਗ ਦੇ ਬੱਦਲ''

08/13/2017 7:22:04 AM

ਇਨ੍ਹੀਂ ਦਿਨੀਂ ਅਮਰੀਕਾ ਤੇ ਉੱਤਰੀ ਕੋਰੀਆ, ਭਾਰਤ ਤੇ ਚੀਨ ਵਿਚਾਲੇ ਤਣਾਅਪੂਰਨ ਸੰਬੰਧਾਂ ਕਾਰਨ ਸਥਿਤੀ ਵਿਸਫੋਟਕ ਬਣੀ ਹੋਈ ਹੈ, ਜਿਸ ਤੋਂ ਕਦੇ-ਕਦੇ ਲੱਗਦਾ ਹੈ ਕਿ ਜੰਗ ਹੁਣ ਸ਼ੁਰੂ ਹੋਈ ਕਿ ਹੋਈ। ਜਿਥੋਂ ਤਕ ਅਮਰੀਕਾ ਅਤੇ ਉੱਤਰੀ ਕੋਰੀਆ ਦਾ ਸੰਬੰਧ ਹੈ, ਉਥੇ ਦੋਹਾਂ ਦੇਸ਼ਾਂ ਦਰਮਿਆਨ ਪ੍ਰਮਾਣੂ ਜੰਗ ਦਾ ਖਤਰਾ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ। ਉੱਤਰੀ ਕੋਰੀਆ ਦੀ ਦੱਖਣੀ ਕੋਰੀਆ ਨਾਲ ਦੁਸ਼ਮਣੀ ਪੁਰਾਣੀ ਹੈ ਅਤੇ ਅਮਰੀਕਾ ਤੇ ਮਿੱਤਰ ਦੇਸ਼ਾਂ ਵਲੋਂ ਦੱਖਣੀ ਕੋਰੀਆ ਦੀ ਸਮੇਂ-ਸਮੇਂ 'ਤੇ ਮਦਦ ਕਰਨ ਨਾਲ ਉੱਤਰੀ ਕੋਰੀਆ ਭੜਕਿਆ ਹੋਇਆ ਹੈ।  
ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਨੇ ਹੁਣੇ ਜਿਹੇ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਕੇ ਅਮਰੀਕਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਜਿਸ ਨਾਲ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਜਾਪਾਨ ਤੇ ਦੱਖਣੀ ਕੋਰੀਆ ਦੀ ਸੁਰੱਖਿਆ ਲਈ ਵੀ ਖਤਰਾ ਵਧ ਗਿਆ ਹੈ। 
ਅਮਰੀਕਾ ਵਲੋਂ ਉੱਤਰੀ ਕੋਰੀਆ 'ਤੇ ਪ੍ਰਸਤਾਵਿਤ ਪਾਬੰਦੀਆਂ ਦੀ ਸੰਯੁਕਤ ਰਾਸ਼ਟਰ ਵਲੋਂ ਪੁਸ਼ਟੀ ਕਰ ਦੇਣ ਨਾਲ ਉੱਤਰੀ ਕੋਰੀਆ ਭੜਕ ਉੱਠਿਆ ਹੈ, ਜਿਸ ਕਾਰਨ ਹਰ ਸਾਲ 1 ਅਰਬ ਡਾਲਰ ਦੀ ਸਹਾਇਤਾ ਦੇ ਨੁਕਸਾਨ ਦੇ ਬਾਵਜੂਦ ਇਸ ਨੇ ਚਿਤਾਵਨੀ ਦੇ ਦਿੱਤੀ ਹੈ ਕਿ ਅਜਿਹੇ ਹੱਥਕੰਡਿਆਂ ਨਾਲ ਉਸ ਨੂੰ ਹਥਿਆਰ ਬਣਾਉਣ ਤੋਂ ਨਹੀਂ ਰੋਕਿਆ ਜਾ ਸਕਦਾ। 
ਇਸ ਦਰਮਿਆਨ ਟਰੰਪ ਨੇ ਵੀ ਧਮਕੀ ਦੇ ਦਿੱਤੀ ਹੈ ਕਿ ਜੇ ਉੱਤਰੀ ਕੋਰੀਆ ਨੇ ਉਸ ਨੂੰ ਧਮਕਾਉਣ ਦਾ ਸਿਲਸਿਲਾ ਜਾਰੀ ਰੱਖਿਆ ਤਾਂ ''ਉਸ 'ਤੇ ਇੰਨੀਆਂ ਗੋਲੀਆਂ ਵਰ੍ਹਾਈਆਂ ਜਾਣਗੀਆਂ ਅਤੇ ਉਸ ਨੂੰ ਅਜਿਹੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ, ਜੋ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।''
ਅਮਰੀਕਾ ਦੀ ਚਿਤਾਵਨੀ ਤੋਂ ਬੇਪਰਵਾਹ ਅਤੇ ਇਸ ਨੂੰ 'ਬਕਵਾਸ' ਦੱਸਦਿਆਂ ਉੱਤਰੀ ਕੋਰੀਆ ਨੇ ਅਮਰੀਕੀ ਟਾਪੂ 'ਗੁਆਮ' ਉੱਤੇ ਹਮਲੇ ਦਾ ਸਮਾਂ ਤਕ ਤੈਅ ਕਰਦਿਆਂ ਕਿਹਾ ਹੈ ਕਿ ''ਉਦੋਂ ਫਿਰ ਗੁਆਮ ਦੇ ਚਾਰੇ ਪਾਸੇ ਅੱਗ ਹੀ ਅੱਗ ਹੋਵੇਗੀ।''
ਦੂਜੇ ਪਾਸੇ ਭਾਰਤ-ਚੀਨ ਵਿਚਾਲੇ ਡੋਕਲਾਮ ਨੂੰ ਲੈ ਕੇ ਡੈੱਡਲਾਕ ਬਣਿਆ ਹੋਇਆ ਹੈ, ਜਿਥੇ ਚੀਨ ਹਾਈਵੇ ਬਣਾਉਣ ਦੀ ਕੋਸ਼ਿਸ਼ 'ਚ ਹੈ। ਭਾਰਤ ਇਸ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਇਸ ਨਾਲ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਨੂੰ ਜੋੜਨ ਵਾਲੀ 'ਚਿਕਨਨੈੱਕ' ਤਕ ਉਹ ਆਪਣੀ ਆਸਾਨ ਪਹੁੰਚ ਬਣਾ ਸਕਦਾ ਹੈ, ਜੋ ਭਾਰਤ ਲਈ ਬਹੁਤ ਨੁਕਸਾਨਦੇਹ ਹੋਵੇਗੀ। 
ਉਥੇ ਚੀਨ ਨੂੰ ਰੋਕਣ ਲਈ ਭਾਰਤੀ ਫੌਜ ਨੇ ਆਪਣੇ ਖੇਤਰ 'ਚ ਸੜਕ ਬਣਾਉਣੀ ਸ਼ੁਰੂ ਕੀਤੀ ਹੋਈ ਹੈ ਪਰ ਚੀਨ ਇਥੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ, ਇਸ ਲਈ ਭਾਰਤ ਨੇ ਡੋਕਲਾਮ 'ਚ ਆਪਣੀ ਫੌਜ ਤਾਇਨਾਤ ਕਰ ਦਿੱਤੀ ਹੈ। 
ਡੋਕਲਾਮ ਇਲਾਕੇ 'ਚੋਂ ਭਾਰਤੀ ਫੌਜ ਨੂੰ ਪਿੱਛੇ ਹਟਾਉਣ ਲਈ ਚੀਨ ਦੀਆਂ ਧਮਕੀਆਂ ਦੇ ਮੱਦੇਨਜ਼ਰ ਭਾਰਤੀ ਫੌਜ ਨੇ ਵੀ ਉਸ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਉਹ ਚੀਨੀ ਫੌਜ ਦੀ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। 
ਜਿਥੇ ਚੀਨੀ ਫੌਜਾਂ ਨੇ ਸਿੱਕਮ ਦੀ ਹੱਦ ਨਾਲ 70 ਤੰਬੂ ਗੱਡ ਦਿੱਤੇ ਹਨ, ਉਥੇ ਹੀ ਭਾਰਤ ਨੇ ਆਪਣੀ ਫੌਜ ਦੀ ਸਹਾਇਤਾ ਲਈ ਸਿੱਕਮ ਦੇ ਬਾਰਡਰ 'ਤੇ ਨਾਥੂ-ਲਾ ਵਿਚ ਲੱਗਭਗ 6 ਹਜ਼ਾਰ ਜਵਾਨ ਤੇ ਆਪਣੀਆਂ ਬੋਫਰਜ਼ ਤੋਪਾਂ ਤਾਇਨਾਤ ਕਰਨ ਦੇ ਨਾਲ ਹੀ ਡੋਕਲਾਮ ਦੇ ਆਸ-ਪਾਸ ਵਾਲੇ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਹੈ। 
9 ਅਗਸਤ ਨੂੰ ਚੀਨ ਦੀ ਸਰਕਾਰੀ ਅਖ਼ਬਾਰ 'ਚਾਈਨਾ ਡੇਲੀ' ਨੇ ਇਕ ਸੰਪਾਦਕੀ 'ਚ ਇਹ ਲਿਖ ਕੇ ਸਨਸਨੀ ਫੈਲਾ ਦਿੱਤੀ ਕਿ ''ਭਾਰਤ-ਚੀਨ ਜੰਗ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਭਾਰਤ ਨੂੰ ਛੇਤੀ ਹੀ ਇਸ ਬਾਰੇ ਕੋਈ ਕਦਮ ਚੁੱਕ ਲੈਣਾ ਚਾਹੀਦਾ ਹੈ ਕਿਉਂਕਿ ਸ਼ਾਂਤਮਈ ਹੱਲ ਦੀ ਸੰਭਾਵਨਾ ਖਤਮ ਹੁੰਦੀ ਜਾ ਰਹੀ ਹੈ।''
ਦੂਜੇ ਪਾਸੇ ਭੂਟਾਨ ਸਰਕਾਰ ਨੇ ਵੀ ਚੀਨ ਦਾ ਉਹ ਦਾਅਵਾ ਖਾਰਿਜ ਕਰ ਦਿੱਤਾ ਹੈ, ਜਿਸ ਦੇ ਮੁਤਾਬਿਕ ਭੂਟਾਨ ਨੇ ਇਹ ਮੰਨਿਆ ਸੀ ਕਿ ਡੋਕਲਾਮ ਦਾ ਇਲਾਕਾ ਉਸ ਦਾ ਆਪਣਾ ਨਹੀਂ ਹੈ। ਭੂਟਾਨ ਦਾ ਕਹਿਣਾ ਹੈ ਕਿ ਡੋਕਲਾਮ ਚੀਨ ਦਾ ਨਹੀਂ, ਸਾਡਾ ਹਿੱਸਾ ਹੈ। 
ਇਸੇ ਦਰਮਿਆਨ ਭਾਰਤੀ ਫੌਜ ਨੇ ਚੀਨ ਨਾਲ ਲੱਗਦੀ ਸਿੱਕਮ ਤੇ ਅਰੁਣਾਚਲ ਦੀ ਆਪਣੀ ਪੂਰਬੀ ਸਰਹੱਦ 'ਤੇ ਭਾਰਤੀ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਹੈ। 11 ਅਗਸਤ ਨੂੰ ਇਕ ਨਾਟਕੀ ਘਟਨਾ 'ਚ ਦੋਹਾਂ ਦੇਸ਼ਾਂ ਦਰਮਿਆਨ ਕੂਟਨੀਤਕ ਗੱਲਬਾਤ ਤੋਂ ਬਾਅਦ ਸਹਿਮਤੀ ਲੱਗਭਗ ਬਣਨ ਦੀ ਗੱਲ ਕਹੀ ਜਾ ਰਹੀ ਹੈ। 
ਇਸ ਦੇ ਮੁਤਾਬਿਕ ਚੀਨ ਡੋਕਲਾਮ ਵਿਚ ਆਪਣੀ ਤਾਇਨਾਤੀ ਵਾਲੇ ਹਿੱਸੇ ਤੋਂ ਫੌਜ ਲੱਗਭਗ 500 ਮੀਟਰ ਪਿੱਛੇ ਹਟਾਉਣ ਲਈ ਰਾਜ਼ੀ ਹੋ ਗਿਆ ਹੈ ਤੇ ਉਹ ਭਾਰਤ ਦੇ ਇਲਾਕੇ 'ਚੋਂ ਬਾਹਰ ਹੋ ਜਾਵੇਗਾ, ਜਿਥੇ ਦੋਹਾਂ ਦੇਸ਼ਾਂ ਦੇ ਫੌਜੀ ਜਵਾਨ ਆਹਮੋ-ਸਾਹਮਣੇ ਤਾਇਨਾਤ ਹਨ। 
ਉਕਤ ਘਟਨਾਵਾਂ ਅਨੁਸਾਰ ਭਾਰਤ ਤੇ ਚੀਨ ਵਿਚਾਲੇ ਜੰਗ ਦਾ ਖਤਰਾ ਚੀਨ ਵਲੋਂ ਆਪਣੀਆਂ ਫੌਜਾਂ ਡੋਕਲਾਮ 'ਚ 500 ਮੀਟਰ ਪਿੱਛੇ ਹਟਾ ਲੈਣ 'ਤੇ ਟਲਦਾ ਲੱਗ ਰਿਹਾ ਹੈ ਪਰ ਅਮਰੀਕਾ ਤੇ ਉੱਤਰੀ ਕੋਰੀਆ ਦੇ  ਦੋ ਜ਼ਿੱਦੀ ਰਾਸ਼ਟਰਪਤੀ ਅਜੇ ਤਕ ਆਪਣੇ ਸਟੈਂਡ 'ਚ ਨਰਮੀ ਲਿਆਉਂਦੇ ਨਜ਼ਰ ਨਹੀਂ ਆ ਰਹੇ। 
ਜੇਕਰ ਸਮਾਂ ਰਹਿੰਦਿਆਂ ਉੱਤਰੀ ਕੋਰੀਆ ਤੇ ਅਮਰੀਕਾ ਦੇ ਸ਼ਾਸਕਾਂ ਨੇ ਜੰਗ ਟਾਲਣ ਲਈ ਸਾਰਥਕ ਯਤਨ ਨਾ ਕੀਤੇ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਦੁਨੀਆ ਇਕ ਹੋਰ ਭਿਆਨਕ ਜੰਗ 'ਚ ਫਸ ਜਾਵੇ, ਜੋ ਸਾਰੀਆਂ ਧਿਰਾਂ ਲਈ ਭਾਰੀ ਤਬਾਹੀ ਦੀ ਵਜ੍ਹਾ ਬਣੇ। 
—ਵਿਜੇ ਕੁਮਾਰ 

Vijay Kumar Chopra

This news is Chief Editor Vijay Kumar Chopra