ਵਿਧਵਾਵਾਂ ਅਤੇ ‘ਜ਼ਰੂਰਤਮੰਦ ਭੈਣਾਂ ਦੇ ਮਸੀਹਾ’ ‘ਜਗਦੀਸ਼ ਬਜਾਜ’ ਨਹੀਂ ਰਹੇ

11/03/2019 1:40:47 AM

ਸਾਲ 1997 ਦੀ ਗੱਲ ਹੈ, ਲੁਧਿਆਣਾ ਤੋਂ ਜਗਦੀਸ਼ ਬਜਾਜ ਨਾਂ ਦੇ ਇਕ 61-62 ਸਾਲਾ ਸੱਜਣ ਮੈਨੂੰ ਮਿਲਣ ਆਏ। ਉਨ੍ਹਾਂ ਨੇ ਕਿਹਾ ਕਿ ਉਹ ਉਥੇ ਬਤੌਰ ਚੁੰਗੀ ਕਲਰਕ ਕੰਮ ਕਰਦੇ ਸਨ ਅਤੇ ਪੂਜਨੀਕ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿਚ ਜਗਰਾਤਾ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ, ‘‘ਤੁਸੀਂ ਉਸ ਵਿਚ ਜ਼ਰੂਰ ਪਧਾਰੋ। ਮੈਂ ਉਸ ਵਿਚ 2-3 ਚੰਗੇ ਗਾਇਕਾਂ ਨੂੰ ਬੁਲਾ ਕੇ ਵੱਡਾ ਲੰਗਰ ਵੀ ਲਗਾਵਾਂਗਾ।’’

ਉਨ੍ਹਾਂ ਨੇ ਕਿਹਾ, ‘‘ਸਾਡਾ ਪਰਿਵਾਰ ਸ਼ਰਨਾਰਥੀ ਦੇ ਰੂਪ ਵਿਚ ਲੁਧਿਆਣਾ ਆਇਆ ਸੀ ਅਤੇ ਜਦੋਂ ਮੈਂ ਲੱਕੜ ਬਾਜ਼ਾਰ ਸਥਿਤ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ ਤਾਂ 1952 ਵਿਚ ਲਾਲਾ ਜਗਤ ਨਾਰਾਇਣ ਜੀ, ਜੋ ਉਨ੍ਹੀਂ ਦਿਨੀਂ ਸਿੱਖਿਆ ਮੰਤਰੀ ਸਨ, ਸਾਡੇ ਸਕੂਲ ਵਿਚ ਆਏ ਸਨ।’’

‘‘ਮੈਂ ਉਨ੍ਹਾਂ ਨੂੰ ਉਠ ਕੇ ਨਮਸਤੇ ਕੀਤੀ ਤਾਂ ਉਨ੍ਹਾਂ ਨੇ ਮੇਰੇ ਵੱਲ ਦੇਖਿਆ ਅਤੇ ਆਪਣੇ ਗਲੇ ’ਚੋਂ ਉਤਾਰ ਕੇ ਇਕ ਮਾਲਾ ਮੇਰੇ ਗਲ ’ਚ ਪਹਿਨਾ ਕੇ ਕਿਹਾ ਕਿ ਜਦੋਂ ਕਦੇ ਤੁਹਾਨੂੰ ਕੋਈ ਕੰਮ ਹੋਵੇ ਤਾਂ ਮੇਰੇ ਕੋਲ ਆ ਜਾਣਾ। ਮੇਰੇ ਮੈਟ੍ਰਿਕ ਕਰਨ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਨੌਕਰੀ ਦਿਵਾਈ ਅਤੇ ਹੁਣ ਮੈਂ ਰਿਟਾਇਰ ਹੋ ਚੁੱਕਾ ਹਾਂ।’’

ਮੈਂ ਜਗਰਾਤੇ ਵਿਚ ਜਾਣ ਲਈ ਹਾਂ ਨਹੀਂ ਕੀਤੀ ਅਤੇ ਉਹ ਇਸ ਦੀ ਉਡੀਕ ਵਿਚ 2-3 ਘੰਟੇ ਬੈਠੇ ਰਹੇ। ਇਸੇ ਦੌਰਾਨ ਸਾਡੇ ਕੋਲ ਸਹਾਇਤਾ ਲਈ ਇਕ ਵਿਧਵਾ ਭੈਣ ਆ ਗਈ (‘ਸ਼ਹੀਦ ਪਰਿਵਾਰ ਫੰਡ’ ਦੇ ਕਾਰਣ ਸਾਨੂੰ ਅਨੇਕ ਦਾਨੀ ਸੱਜਣ ਘਰੇਲੂ ਵਰਤੋਂ ਦੀਆਂ ਵਸਤਾਂ ਕੰਬਲ, ਭਾਂਡੇ, ਕੱਪੜੇ, ਦਾਲਾਂ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਪੈਕੇਟ ਬਣਾ ਕੇ ਜ਼ਰੂਰਤਮੰਦ ਭੈਣਾਂ ਨੂੰ ਦੇ ਦਿੰਦੇ ਹਾਂ)।

ਉਹ ਭੈਣ ਜਦੋਂ ਸਾਮਾਨ ਲੈ ਕੇ ਚਲੀ ਗਈ ਤਾਂ ਸ਼੍ਰੀ ਬਜਾਜ ਨੇ ਕਿਹਾ ਕਿ ਮੈਂ ਵੀ ਕੁਝ ਅਜਿਹਾ ਕੰਮ ਕਰਾਂ? ਮੈਂ ਹਾਮੀ ਭਰੀ ਤਾਂ ਉਹ ਬੋਲੇ, ‘‘ਠੀਕ ਹੈ, ਮੈਂ ਵਿਧਵਾਵਾਂ ਲਈ ਮਾਸਿਕ ਰਾਸ਼ਨ ਦੇਣਾ ਸ਼ੁਰੂ ਕਰ ਦਿੰਦਾ ਹਾਂ। ਫਿਰ ਤਾਂ ਤੁਹਾਨੂੰ ਮੇਰੇ ਸਮਾਰੋਹ ਵਿਚ ਆਉਣਾ ਹੀ ਪਵੇਗਾ।’’ ਉਨ੍ਹਾਂ ਦੀ ਇਹ ਗੱਲ ਸੁਣ ਕੇ ਮੈਂ ਹਾਂ ਕਹਿ ਦਿੱਤੀ।

ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ ਰਾਹਤ ਦਾ ਸਾਹ ਲਿਆ ਅਤੇ ਸੋਚਿਆ ਕਿ ਬੜਾ ਜ਼ਿੱਦੀ ਵਿਅਕਤੀ ਹੈ ਪਰ 10 ਦਿਨਾਂ ਬਾਅਦ ਹੀ ਉਹ ਦੁਬਾਰਾ ਆਏ ਅਤੇ 11 ਵਿਧਵਾ ਭੈਣਾਂ ਲਈ ਪੂਰੇ ਵੇਰਵੇ ਸਮੇਤ ਤਿਆਰ ਕੀਤੀਆਂ ਹੋਈਆਂ ਫਾਈਲਾਂ ਮੇਰੇ ਅੱਗੇ ਰੱਖ ਦਿੱਤੀਆਂ, ਜਿਨ੍ਹਾਂ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਅਤੇ ਮੈਂ ਉਨ੍ਹਾਂ ਦੇ ਸਮਾਰੋਹ ਵਿਚ ਜਾਣਾ ਮੰਨ ਲਿਆ।

3-4 ਹਫਤਿਆਂ ਤੋਂ ਬਾਅਦ ਸਤੰਬਰ 1997 ’ਚ ਇਕ ਐਤਵਾਰ ਦੇ ਦਿਨ ਲੁਧਿਆਣਾ ਵਿਚ ਸ਼੍ਰੀ ਬਜਾਜ ਦੇ ਸੱਦੇ ’ਤੇ ਗਿਆਨ ਸਥਲ ਮੰਦਰ ਵਿਚ ਪਹੁੰਚਿਆ, ਜਿੱਥੇ ਉਨ੍ਹਾਂ ਨੇ ਇਸ ਮੰਦਰ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਸਮਾਰੋਹ ਆਯੋਜਿਤ ਕੀਤਾ ਹੋਇਆ ਸੀ। ਉਨ੍ਹਾਂ ਨੇ ਪਹਿਲੇ ਹੀ ਸਮਾਰੋਹ ਵਿਚ 51 ਵਿਧਵਾ ਭੈਣਾਂ ਨੂੰ ਰਾਸ਼ਨ ਦਿੱਤਾ ਅਤੇ ਬਾਅਦ ਵਿਚ ਇਹ ਗਿਣਤੀ ਵਧ ਕੇ 800 ਤੱਕ ਪਹੁੰਚ ਗਈ।

ਫਿਰ ਉਨ੍ਹਾਂ ਨੇ ਜਨ-ਕਲਿਆਣ ਲਈ ਸਿਲਾਈ ਸਕੂਲ, ਬਿਊਟੀਸ਼ੀਅਨ ਅਤੇ ਕੰਪਿਊਟਰ ਦੇ ਕੋਰਸ ਆਦਿ ਸ਼ੁਰੂ ਕਰਵਾਉਣ ਤੋਂ ਇਲਾਵਾ ਸਮਾਜ ਸੇਵੀ ਔਰਤਾਂ ਨੂੰ ਸਨਮਾਨਿਤ ਕਰਨ, ਬੱਚਿਆਂ ਨੂੰ ਵਰਦੀਆਂ, ਸਵੈਟਰ, ਜੁੱਤੀਆਂ, ਕਾਪੀਆਂ ਅਤੇ ਸਕੂਲ ਬੈਗਾਂ ਦੀ ਵੰਡ, ਬੱਚੀਆਂ ਦੀਆਂ ਫੀਸਾਂ ਦੇਣਾ, ਮਹਿੰਦੀ ਅਤੇ ਕੁਕਿੰਗ ਕੋਰਸ, ਫ੍ਰੀ ਮੈਡੀਕਲ ਕੈਂਪ ਲਗਵਾਉਣ, ਨਵਜਾਤ ਬੱਚਿਆਂ ਨੂੰ ਸ਼ਗਨ ਦੇਣ ਆਦਿ ਦੀਆਂ ਮੁਹਿੰਮਾਂ ਵੀ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਨੇ ਅਪਾਹਜਾਂ ਨੂੰ ਟ੍ਰਾਈਸਾਈਕਲ ਅਤੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਆਦਿ ਦੀ ਮੁਹਿੰਮ ਵੀ ਸ਼ੁਰੂ ਕੀਤੀ। ਇਸ ਯਤਨ ਵਿਚ ਵੀ ਉਨ੍ਹਾਂ ਨੂੰ ਆਪਣੇ ਸਹਿਯੋਗੀਆਂ ਅਤੇ ਵੱਖ-ਵੱਖ ਦਾਨੀ ਸੰਸਥਾਵਾਂ, ਧਰਮ ਸਥਲਾਂ ਆਦਿ ਦਾ ਪੂਰਾ ਸਹਿਯੋਗ ਮਿਲਿਆ।

ਇਸ ਦੌਰਾਨ ਜਦੋਂ 26 ਅਪ੍ਰੈਲ 2005 ਨੂੰ ਉਨ੍ਹਾਂ ਦੀ ਧਰਮਪਤਨੀ ਦੀ ਮੌਤ ਹੋਈ ਤਾਂ ਉਸ ਦੇ ਅਗਲੇ ਹੀ ਦਿਨ ਜ਼ਰੂਰਤਮੰਦ ਵਿਧਵਾਵਾਂ ਨੂੰ ਰਾਸ਼ਨ ਦੇਣ ਦਾ ਪ੍ਰੋਗਰਾਮ ਤੈਅ ਸੀ। ਉਨ੍ਹਾਂ ਨੇ ਮੈਨੂੰ ਫੋਨ ਕਰ ਕੇ ਪੁੱਛਿਆ ਕਿ ਤੁਹਾਡੀ ਕੀ ਰਾਇ ਹੈ? ਮੇਰੀ ਚੁੱਪ ’ਤੇ ਉਹ ਖ਼ੁਦ ਹੀ ਬੋਲ ਉੱਠੇ, ‘‘ਜ਼ਰੂਰਤਮੰਦ ਭੈਣਾਂ ਆ ਰਹੀਆਂ ਹਨ, ਇਸ ਲਈ ਇਹ ਸਮਾਰੋਹ ਤਾਂ ਮੈਂ ਕਰਾਂਗਾ ਹੀ।’’

ਜੰਮੂ-ਕਸ਼ਮੀਰ ਦੇ ਜ਼ਰੂਰਤਮੰਦਾਂ ਲਈ ਉਨ੍ਹਾਂ ਨੇ ਜਦੋਂ ਰਾਹਤ ਸਮੱਗਰੀ ਦਾ ਪਹਿਲਾ ਟਰੱਕ ਦਿੱਤਾ ਅਤੇ ਇਸ ਨੂੰ ਵੰਡਣ ਗਏ ਤਾਂ ਇਕ ਬਜ਼ੁਰਗ ਔਰਤ ਨੇ ਉਨ੍ਹਾਂ ਨੂੰ ਕਿਹਾ ਕਿ ਕੰਬਲ ਨਾਲ ਠੰਡ ਨਹੀਂ ਰੁਕਦੀ। ਇਸ ’ਤੇ ਉਨ੍ਹਾਂ ਨੇ ਜ਼ਰੂਰਤਮੰਦਾਂ ਲਈ ਰਜਾਈਆਂ ਭਿਜਵਾਉਣ ਦਾ ਬੀੜਾ ਚੁੱਕਿਆ ਅਤੇ ਰਜਾਈਆਂ ਦੇ 39 ਟਰੱਕ ਹੁਣ ਤੱਕ ਭਿਜਵਾਏ।

ਜਦੋਂ ਵੀ ਲੁਧਿਆਣਾ ਤੋਂ ਸਾਡੇ ਕੋਲ ਕੋਈ ਜ਼ਰੂਰਤਮੰਦ ਸਹਾਇਤਾ ਲਈ ਆਉਂਦਾ ਤਾਂ ਅਸੀਂ ਉਸ ਨੂੰ ਸ਼੍ਰੀ ਬਜਾਜ ਦੇ ਕੋਲ ਹੀ ਭੇਜ ਦਿੰਦੇ ਸੀ। ਉਨ੍ਹਾਂ ਦੀ ਪ੍ਰੇਰਣਾ ’ਤੇ ਹੀ ਪੰਜਾਬ, ਹਰਿਆਣਾ ਅਤੇ ਹਿਮਾਚਲ ’ਚ ਦਾਨੀ ਸੰਸਥਾਵਾਂ ਨੇ ਜ਼ਰੂਰਤਮੰਦ ਭੈਣਾਂ ਨੂੰ ਰਾਸ਼ਨ ਆਦਿ ਦੇਣ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ, ਜੋ ਹੁਣ ਤੱਕ ਜਾਰੀ ਹਨ।

ਹਾਲਾਂਕਿ ਇਹ ਕੰਮ ਤਾਂ ਸਰਕਾਰਾਂ ਦਾ ਹੈ ਪਰ ਇਸ ਦੇ ਸੂਤਰਧਾਰ ਸਵ. ਜਗਦੀਸ਼ ਬਜਾਜ ਹੀ ਹਨ। ਬੇਸ਼ੱਕ ਅੱਜ ਪੰਜਾਬ, ਹਿਮਾਚਲ ਅਤੇ ਹਰਿਆਣਾ ਸਰਕਾਰਾਂ ਬੁਢਾਪਾ ਪੈਨਸ਼ਨ ਆਦਿ ਦੇ ਰਹੀਆਂ ਹਨ ਪਰ ਪੰਜਾਬ ਵਿਚ ਇਹ ਨਿਯਮਿਤ ਤੌਰ ’ਤੇ ਨਹੀਂ ਮਿਲਦੀ।

ਅਖੀਰ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ 85 ਸਾਲਾ ਸ਼੍ਰੀ ਜਗਦੀਸ਼ ਬਜਾਜ ਦਾ 1 ਨਵੰਬਰ ਨੂੰ ਦਿਹਾਂਤ ਹੋ ਗਿਆ ਅਤੇ ਇਸ ਦੇ ਨਾਲ ਹੀ ਵਿਧਵਾ ਅਤੇ ਜ਼ਰੂਰਤਮੰਦ ਭੈਣਾਂ ਦਾ ਮਸੀਹਾ ਚਲਿਆ ਗਿਆ।

ਇਸ ਦੁੱਖ ਦੀ ਘੜੀ ਵਿਚ ਸਾਡੀ ਇਹੀ ਪ੍ਰਾਰਥਨਾ ਹੈ ਕਿ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਸ਼ਰਨ ਦੇਵੇ ਅਤੇ ਉਨ੍ਹਾਂ ਦੇ ਪੈਰੋਕਾਰ ਉਨ੍ਹਾਂ ਦਾ ਸ਼ੁਰੂ ਕੀਤਾ ਹੋਇਆ ਜ਼ਰੂਰਤਮੰਦਾਂ ਦੀ ਸਹਾਇਤਾ ਦਾ ਕੰਮ ਜਾਰੀ ਰੱਖਣ। ਇਸ ਤੋਂ ਬਿਹਤਰ ਸ਼ਰਧਾਂਜਲੀ ਉਨ੍ਹਾਂ ਨੂੰ ਹੋਰ ਕੋਈ ਨਹੀਂ ਹੋ ਸਕਦੀ।

–ਵਿਜੇ ਕੁਮਾਰ

Bharat Thapa

This news is Content Editor Bharat Thapa