ਅਸ਼ਾਂਤੀ, ਹਿੰਸਾ ਤੇ ਅਸਹਿਣਸ਼ੀਲਤਾ ਆਖਿਰ ਵਿਸ਼ਵ ਨੂੰ ਕਿੱਥੇ ਲੈ ਕੇ ਜਾਵੇਗੀ

07/31/2020 3:33:20 AM

ਵੱਖ-ਵੱਖ ਕਾਰਨਾਂ ਨਾਲ ਵਿਸ਼ਵ ’ਚ ਹਿੰਸਾ ਦੀ ਪ੍ਰਵਿਰਤੀ ਅਤੇ ਅਸਹਿਣਸ਼ੀਲਤਾ ਲਗਾਤਾਰ ਵਧਣ ਨਾਲ ਵਿਸ਼ਵ ਸ਼ਾਂਤੀ ਅਤੇ ਮਨੁੱਖ ਜਾਤੀ ਲਈ ਭਾਰੀ ਖਤਰਾ ਪੈਦਾ ਹੋ ਗਿਆ ਹੈ :

* 14 ਜੁਲਾਈ ਨੂੰ ‘ਅਫਗਾਨਿਸਤਾਨ ’ਚ ਪੂਰਬੀ ਕਾਬੁਲ’ ’ਚ ਹੋਏ ਬੰਬ ਧਮਾਕੇ ’ਚ 4 ਨਾਗਰਿਕ ਮਾਰੇ ਗਏ ਅਤੇ 4 ਹੋਰ ਜ਼ਖ਼ਮੀ ਹੋ ਗਏ।

* 15 ਜੁਲਾਈ ਨੂੰ ‘ਅਫਗਾਨਿਸਤਾਨ ਦੇ ਉੱਤਰੀ ਕੁੰਦੁਜ ਸੂਬੇ’ ’ਚ ਤਾਲਿਬਾਨੀਆਂ ਦੇ ਹਮਲੇ ’ਚ 2 ਅਫਗਾਨ ਫੌਜੀਆਂ ਦੀ ਜਾਨ ਗਈ ਅਤੇ 5 ਜ਼ਖ਼ਮੀ ਹੋ ਗਏ।

* 21 ਜੁਲਾਈ ਨੂੰ ‘ਅਮਰੀਕਾ ਦੇ ਸ਼ਿਕਾਗੋ’ ’ਚ ਇਕ ਅੰਤਿਮ ਸੰਸਕਾਰ ’ਚ ਸ਼ਾਮਲ ਵਿਰਲਾਪ ਕਰ ਰਹੇ ਲੋਕਾਂ ’ਤੇ ਕਾਰ ਸਵਾਰ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ 14 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕਈ ਥਾਵਾਂ ’ਤੇ ਅੱਗ ਲੱਗ ਗਈ।

* 23 ਜੁਲਾਈ ਨੂੰ ਉੱਤਰ-ਪੱਛਮੀ ‘ਪਾਕਿਸਤਾਨ ਦੇ ਪਿਸ਼ਾਵਰ’ ਜ਼ਿਲੇ ਦੇ ਪਾੜਾਚਿਨਾਰ ਸ਼ਹਿਰ ’ਚ ਇਕ ਬੰਬ ਧਮਾਕੇ ’ਚ 20 ਵਿਅਕਤੀ ਜ਼ਖ਼ਮੀ ਹੋ ਗਏ।

* 25 ਜੁਲਾਈ ਨੂੰ ‘ਅਮਰੀਕਾ ਦੇ ਫਲੋਰਿਡਾ’ ’ਚ ਹਵਾਈ ਫੌਜ ਦੇ ਹਰਲਬਰਟ ਸਥਿਤ ਅੱਡੇ ’ਤੇ ਫਾਇਰਿੰਗ ’ਚ ਇਕ ਵਿਅਕਤੀ ਦੀ ਮੌਤ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।

* 27 ਜੁਲਾਈ ਨੂੰ ‘ਅਫਰੀਕੀ ਦੇਸ਼ ਸੁਡਾਨ’ ਦੇ ਪੱਛਮੀ ਦਾਰਫੂਰ ਸੂਬੇ ’ਚ ਹੋਏ ਹਮਲੇ ’ਚ 60 ਵਿਅਕਤੀਅਾਂ ਦੀ ਮੌਤ ਅਤੇ 60 ਵਿਅਕਤੀਆਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਅਬਦੁਲਾ ਹਮਦਕ ਨੇ ਦੇਸ਼ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ।

* 27 ਜੁਲਾਈ ਨੂੰ ਹੀ ‘ਅਮਰੀਕਾ ਦੇ ਕਈ ਸ਼ਹਿਰਾਂ’ ’ਚ ਨਸਲੀ ਹਿੰਸਾ ਵਿਰੁੱਧ ਨਿਆਂ ਅਤੇ ਪੁਲਸ ਸੁਧਾਰਾਂ ਦੀ ਮੰਗ ’ਤੇ ਜ਼ੋਰ ਦੇਣ ਲਈ ਹਜ਼ਾਰਾਂ ਲੋਕਾਂ ਨੇ ਰੋਸ ਵਿਖਾਵਾ ਕੀਤਾ। ਇਸ ਦੌਰਾਨ ਓਰੇਗਾਨ ਅਤੇ ਆਕਲੈਂਡ ’ਚ ਵਿਖਾਵਾਕਾਰੀਆਂ ਨੇ 2 ਅਦਾਲਤ ਕੰਪਲੈਕਸਾਂ ’ਤੇ ਵੀ ਹਮਲੇ ਕੀਤੇ। ਕਈ ਥਾਵਾਂ ’ਤੇ ਸਾੜ-ਫੂਕ ਅਤੇ ਭੰਨ-ਤੋੜ ਦੀਆਂ ਘਟਨਾਵਾਂ ਹੋਈਆਂ। ਵਿਖਾਵਾਕਾਰੀਆਂ ਨੇ ਪੁਲਸ ਮੁਲਾਜ਼ਮਾਂ ਉਪਰ ਸੜਦੇ ਹੋਏ ਪਟਾਕੇ ਸੁੱਟੇ ਅਤੇ ਕਈ ਥਾਵਾਂ ’ਤੇ ਅੱਗ ਲਗਾ ਦਿੱਤੀ।

* 27 ਜੁਲਾਈ ਨੂੰ ਹੀ ‘ਇਰਾਕ ਦੀ ਰਾਜਧਾਨੀ ਬਗਦਾਦ’ ’ਚ ਨਵੇਂ ਸਿਰੇ ਤੋਂ ਭੜਕੇ ਸਰਕਾਰ ਵਿਰੋਧੀ ਰੋਸ ਵਿਖਾਵਿਆਂ ਦੌਰਾਨ ਇਰਾਕੀ ਫੌਜਾਂ ਅਤੇ ਵਿਖਾਵਾਕਾਰੀਆਂ ਦਰਮਿਆਨ ਝੜਪ ’ਚ 2 ਵਿਅਕਤੀਆਂ ਦੀ ਮੌਤ ਅਤੇ 21 ਵਿਅਕਤੀ ਜ਼ਖ਼ਮੀ ਹੋ ਗਏ।

* 27 ਜੁਲਾਈ ਨੂੰ ਹੀ ‘ਦੱਖਣੀ ਕੋਰੀਆ ਦੇ ਸਿਓਲ’ ’ਚ ਤਾਇਨਾਤ ਅਮਰੀਕੀ ਰਾਜਦੂਤ ਹੈਰੀ ਹੈਰਿਸ ਦੇ ਵਿਰੁੱਧ ਵੀ ਲੋਕਾਂ ਦਾ ਗੁੱਸਾ ਭੜਕ ਉੱਠਿਆ। ਪਰ ਇਹ ਗੁੱਸਾ ਸਿਆਸੀ ਕਾਰਨਾਂ ਨਾਲ ਨਾ ਹੋ ਕੇ ਉਨ੍ਹਾਂ ਦੀਆਂ ਮੁੱਛਾਂ ਨੂੰ ਲੈ ਕੇ ਸੀ।

ਹੈਰੀ ਦੀ ਮਾਂ ਜਾਪਾਨੀ ਤੇ ਪਿਤਾ ਅਮਰੀਕੀ ਹਨ। ਲੋਕਾਂ ਦਾ ਕਹਿਣਾ ਹੈ ਕਿ ਹੈਰੀ ਦੀਆਂ ਮੁੱਛਾਂ 1910 ਅਤੇ 1945 ਦੇ ਦਰਮਿਆਨ ਦੇ ਇਕ ਜਾਪਾਨੀ ਜਨਰਲ ਵਲੋਂ ਦੱਖਣੀ ਕੋਰੀਅਾ ਦੇ ਲੋਕਾਂ ’ਤੇ ਕੀਤੇ ਅੱਤਿਆਚਾਰਾਂ ਦੀ ਯਾਦ ਦਿਵਾਉਂਦੀਆਂ ਹਨ, ਇਸ ਲਈ ਉਹ ਉਨ੍ਹਾਂ ਨੂੰ ਕਟਵਾਉਣ।

ਹੈਰੀ ਨੇ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਮੁੱਛਾਂ ਕਟਵਾ ਦਿੱਤੀਆਂ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਰੋਨਾ ਸੰਕਟ ਦੇ ਕਾਰਨ ਭਾਰੀ ਗਰਮੀ ਦੇ ਕਾਰਨ ਮਾਸਕ ਲਗਾਉਣ ’ਚ ਅਸੁਵਿਧਾ ਤੋਂ ਬਚਣ ਲਈ ਮੁੱਛਾਂ ਮੁਨਵਾਈਆਂ ਹਨ।

* 27 ਜੁਲਾਈ ਨੂੰ ‘ਕੈਨੇਡਾ ’ਚ ਵੈਨਕੂਵਰ’ ਸਥਿਤ ਆਰਟ ਗੈਲਰੀ ਦੇ ਨੇੜੇ ਵੱਖ-ਵੱਖ ਸੰਗਠਨਾਂ ਨੇ ਚੀਨ ਦੀਆਂ ਸਾਮਰਾਜਵਾਦੀ ਨੀਤੀਆਂ ਦੇ ਵਿਰੁੱਧ ਰੋਸ ਵਿਖਾਵਾ ਕੀਤਾ ਅਤੇ ਚੀਨੀ ਦੂਤਘਰ ਦੇ ਨੇੜੇ ਰੈਲੀ ਕਰ ਕੇ ਆਪਣਾ ਰੋਸ ਪ੍ਰਗਟਾਇਆ।

* 29 ਜੁਲਾਈ ਨੂੰ ਜਾਰੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਨੂੰ ਪ੍ਰਭਾਵਿਤ ਕਰਨ ਲਈ ਰੂਸ ਕੋਰੋਨਾ ਨੂੰ ਲੈ ਕੇ ਭਰਮ ਫੈਲਾਅ ਰਿਹਾ ਹੈ ਅਤੇ ਇਸ ਲਈ ਰੂਸੀ ਏਜੰਸੀ ਜੀ.ਆਰ. ਯੂ. ਇਨਫੋਰੇਸ ਆਦਿ ਵਲੋਂ ਵੱਖ-ਵੱਖ ਵੈੱਬਸਾਈਟਾਂ ਨੂੰ ਕਿਹਾ ਗਿਆ ਹੈ ਕਿ ਉਹ ਚੀਨ ਦੇ ਉਸ ਦੋਸ਼ ਦਾ ਸਮਰਥਨ ਕਰਨ, ਜਿਸ ’ਚ ਕਿਹਾ ਗਿਆ ਹੈ ਕਿ ਅਮਰੀਕੀ ਫੌਜ ਨੇ ਹੀ ਕੋਰੋਨਾ ਵਾਇਰਸ ਬਣਾਇਆ ਸੀ।

* 29 ਜੁਲਾਈ ਨੂੰ ‘ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ ਬਾਲਿਤਸਤਾਨ’ ਵਿਚ ਛਾਪੇਮਾਰੀ ਦੌਰਾਨ ਪਾਕਿਸਤਾਨੀ ਪੁਲਸ ਦੇ 5 ਮੈਂਬਰ ਮਾਰੇ ਗਏ।

* 29 ਜੁਲਾਈ ਨੂੰ ਹੀ ‘ਤਾਲਿਬਾਨੀ ਅੱਤਵਾਦੀਆਂ’ ਅਤੇ ਪਾਕਿਸਤਾਨੀ ਫੌਜ ਵਲੋਂ ਅਫਗਾਨ ਸਰਹੱਦ ’ਤੇ ਲਗਾਤਾਰ ਕੀਤੇ ਜਾਣ ਵਾਲੇ ਰਾਕੇਟ ਹਮਲਿਆਂ ਦੇ ਵਿਰੁੱਧ ਅਫਗਾਨਾਂ ਅਤੇ ਪਸ਼ਤੂਨਾਂ ਨੇ ਵਿਸ਼ਵ ਭਰ ’ਚ ਰੋਸ ਵਿਖਾਵੇ ਕੀਤੇ।

* 29 ਜੁਲਾਈ ਨੂੰ ਹੀ ‘ਈਰਾਨ ਨੇ ਸੰਯੁਕਤ ਅਰਬ ਅਮੀਰਾਤ ’ਚ ਸਥਿਤ ਫਰਾਂਸ ਦੇ ਅਲਧਾਫਾ’ ਹਵਾਈ ਟਿਕਾਣੇ ਦੇ ਨੇੜੇ ਹੋਰਮੁਜ ਸਟੇਟ ’ਚ ਡੰਮੀ ਅਮਰੀਕੀ ਜਹਾਜ਼ ਵਾਹਕ ਜਹਾਜ਼ ਨੂੰ ਮਿਜ਼ਾਈਲ ਹਮਲੇ ਨਾਲ ਉਡਾ ਦਿੱਤਾ।

ਉਸ ਸਮੇਂ ਭਾਰਤ ਆ ਰਹੇ 5 ਰਾਫੇਲ ਜਹਾਜ਼ ਵੀ ਉੱਥੇ ਸਨ, ਜਿਨ੍ਹਾਂ ਦੇ ਪਾਇਲਟਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ।

* 29 ਜੁਲਾਈ ਨੂੰ ਹੀ ‘ਅਮਰੀਕਾ ਦੇ ਵਾਸ਼ਿੰਗਟਨ’ ’ਚ ਹਸਪਤਾਲ ਦੇ ਬਾਹਰ ਖੜ੍ਹੀ ਇਕ ਭਾਰਤੀ ਨਰਸ ’ਤੇ ਚਾਕੂ ਨਾਲ ਕਈ ਵਾਰ ਕਰਨ ਤੋਂ ਬਾਅਦ ਇਕ ਵਾਹਨ ਨਾਲ ਧੱਕਾ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ।

* 29 ਜੁਲਾਈ ਨੂੰ ਹੀ ‘ਪਾਕਿਸਤਾਨ ਦੇ ਇਸਲਾਮਾਬਾਦ’ ਵਿਚ ਈਸ਼ਨੰਦਾ ਦੇ ਦੋਸ਼ੀ ਤਾਹਿਰ ਸ਼ਮੀਮ ਅਹਿਮਦ ਦੀ ਕੋਰਟ ਰੂਮ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਵਿਸ਼ਵ ਭਰ ’ਚ ਪੈਦਾ ਹਿੰਸਾ ਅਤੇ ਅਸੰਤੋਸ਼ ਦੀਆਂ ਇਹ ਤਾਂ ਕੁਝ ਕੁ ਉਦਾਹਰਣਾਂ ਹਨ, ਜਦਕਿ ਇਨ੍ਹਾਂ ਦੇ ਇਲਾਵਾ ਵੀ ਵਿਸ਼ਵ ’ਚ ਇਸ ਅਰਸੇ ਦੌਰਾਨ ਹਿੰਸਾ ਦੀਆਂ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਅਾਂ ਅਤੇ ਹੋ ਰਹੀਆਂ ਹਨ। ਇਸ ਲਈ ਸਮਾਜ ’ਚ ਵਧ ਰਹੀ ਹਿੰਸਾ ਨੂੰ ਦੇਖਦੇ ਹੋਏ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਇਹ ਸਭ ਕਿਉਂ ਹੋ ਰਿਹਾ ਹੈ ਅਤੇ ਆਖਿਰ ਵਿਸ਼ਵ ’ਚ ਉਹ ਸਮਾਂ ਕਦੋਂ ਆਵੇਗਾ, ਜਦੋਂ ਇਥੇ ਲੋਕ ਸੁੱਖ ਅਤੇ ਸ਼ਾਂਤੀਪੂਰਵਕ ਰਹਿ ਸਕਣਗੇ।

-ਵਿਜੇ ਕੁਮਾਰ

Bharat Thapa

This news is Content Editor Bharat Thapa