ਕਿੱਥੇ ਜਾ ਕੇ ਰੁਕੇਗਾ ‘ਇਹ ਦਲ-ਬਦਲੀ ਦਾ ਵਧ ਰਿਹਾ ਰੁਝਾਨ’

07/12/2019 6:01:10 AM

ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ’ਚ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਅਤੇ ਇਸ ਦੇ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ। ਪਿਛਲੇ ਸਿਰਫ ਤਿੰਨ ਹਫਤਿਆਂ ’ਚ ਘੱਟੋ-ਘੱਟ 3 ਵੱਡੀਆਂ ਦਲ-ਬਦਲੀਆਂ ਤੋਂ ਇਲਾਵਾ ਛੋਟੀਆਂ-ਛੋਟੀਆਂ ਕਈ ਦਲ-ਬਦਲੀਆਂ ਹੋਈਆਂ ਹਨ।

* 20 ਜੂਨ ਨੂੰ ਟੀ. ਡੀ. ਪੀ. ਦੇ 4 ਰਾਜ ਸਭਾ ਮੈਂਬਰਾਂ ਵਾਈ. ਐੱਸ. ਚੌਧਰੀ, ਟੀ. ਜੀ. ਵੈਂਕਟੇਸ਼, ਜੀ. ਐੱਮ. ਰਾਓ ਅਤੇ ਸੀ. ਐੱਮ. ਰਮੇਸ਼ ਆਪਣੀ ਵੱਖਰੀ ਪਾਰਟੀ ਬਣਾ ਕੇ ਭਾਜਪਾ ਵਿਚ ਜਾ ਮਿਲੇ।

* 06 ਜੁਲਾਈ ਨੂੰ 14 ਵਿਧਾਇਕਾਂ ਦੇ ਅਸਤੀਫੇ ਦੇਣ ਨਾਲ ਕਰਨਾਟਕ ਦੀ ਕਾਂਗਰਸ-ਜਦ (ਐੱਸ) ਗੱਠਜੋੜ ਸਰਕਾਰ ਸੰਕਟ ’ਚ ਆ ਗਈ ਅਤੇ ਫਿਰ 10 ਜੁਲਾਈ ਨੂੰ ਕਰਨਾਟਕ ਦੇ 2 ਹੋਰ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਨਾਲ ਨਾਰਾਜ਼ ਵਿਧਾਇਕਾਂ ਦੀ ਗਿਣਤੀ ਵਧ ਕੇ 16 ਹੋ ਜਾਣ ਨਾਲ ਉਸ ਦੇ ਸਾਹਮਣੇ ਬਹੁਮਤ ਗੁਆਉਣ ਦਾ ਖਤਰਾ ਮੰਡਰਾਉਣ ਲੱਗਾ ਹੈ।

* 10 ਜੁਲਾਈ ਨੂੰ ਹੀ ਗੋਆ ’ਚ ਕਾਂਗਰਸ ਟੁੱਟ ਗਈ ਅਤੇ ਇਸ ਦੇ 15 ’ਚੋਂ 10, ਭਾਵ ਦੋ-ਤਿਹਾਈ ਵਿਧਾਇਕ ਭਾਜਪਾ ਵਿਚ ਜਾ ਮਿਲੇ।

ਕਾਂਗਰਸ ਅਤੇ ਜਦ (ਐੱਸ) ’ਤੇ ਲੱਗੀ ਅਸਤੀਫਿਆਂ ਦੀ ਝੜੀ ਵਿਚਾਲੇ ਪਿਛਲੇ ਕੁਝ ਦਿਨਾਂ ’ਚ ਕੁਝ ਹੋਰ ਨੇਤਾਵਾਂ ਨੇ ਦਲ-ਬਦਲੀ ਕੀਤੀ ਹੈ, ਜਿਨ੍ਹਾਂ ’ਚ :

* 03 ਜੁਲਾਈ ਨੂੰ ਹਰਿਆਣਾ ’ਚ ਇਨੈਲੋ ਨੇਤਾ ਕੁਲਭੂਸ਼ਣ ਗੋਇਲ ਅਤੇ ਪਾਰਟੀ ਦੇ ਬੁਲਾਰੇ ਪ੍ਰਵੀਨ ਅਤਰੇ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ।

* 06 ਜੁਲਾਈ ਨੂੰ ਜੰਮੂ ’ਚ ਯੂਥ ਕਾਂਗਰਸ ਦੇ ਸੀਨੀਅਰ ਨੇਤਾ ਸੂਬਾ ਉਪ-ਪ੍ਰਧਾਨ ਪੰਕਜ ਬਸੋਤਰਾ ਅਤੇ ਸਾਹਿਲ ਸ਼ਰਮਾ, ਸੂਬਾ ਜਨਰਲ ਸਕੱਤਰ ਚੇਤਨ ਵਾਂਚੂ ਆਦਿ ਵੀ ਭਾਜਪਾ ’ਚ ਚਲੇ ਗਏ।

* 06 ਜੁਲਾਈ ਨੂੰ ਹੀ ਜਨ-ਨਾਇਕ ਜਨਤਾ ਪਾਰਟੀ ਦੀ ਨੇਤਾ ਸਵਾਤੀ ਯਾਦਵ ਨੇ ਗੁਰੂਗ੍ਰਾਮ ’ਚ ਆਯੋਜਿਤ ਸਮਾਰੋਹ ’ਚ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।

* 08 ਜੁਲਾਈ ਨੂੰ ਜੰਮੂ ਦੇ ਸਾਬਕਾ ਕਾਂਗਰਸੀ ਨੇਤਾ ਇਕਬਾਲ ਮਲਿਕ ਭਾਜਪਾ ਵਿਚ ਜਾ ਮਿਲੇ। ਉਨ੍ਹਾਂ ਨੇ ਰਾਮ ਮਾਧਵ ਦੀ ਮੌਜੂਦਗੀ ਵਿਚ ਭਾਜਪਾ ਦਾ ਪੱਲਾ ਫੜਿਆ।

* 08 ਜੁਲਾਈ ਨੂੰ ਹਰਿਆਣਾ ਦੇ ਸਾਬਕਾ ਡਿਪਟੀ ਸਪੀਕਰ ਗੋਪੀਚੰਦ ਗਹਿਲੋਤ ਨੇ ਆਪਣੇ ਸਮਰਥਕਾਂ ਦੇ ਨਾਲ ਇਨੈਲੋ ਛੱਡ ਦਿੱਤੀ।

* 10 ਜੁਲਾਈ ਨੂੰ ਫਿਰੋਜ਼ਪੁਰ ਦੇ ਸਾਬਕਾ ਆਰ. ਐੱਸ. ਐੱਸ. ਅਤੇ ਭਾਜਪਾ ਨੇਤਾ ਰਾਜੇਸ਼ ਖੁਰਾਣਾ ਅਤੇ ਉਨ੍ਹਾਂ ਦੀ ਪਤਨੀ ਅਤੇ ਭਾਜਪਾ ਕੌਂਸਲਰ ਸਾਕਸ਼ੀ ਕਾਂਗਰਸ ’ਚ ਸ਼ਾਮਿਲ ਹੋ ਗਏ।

ਹਾਲਾਂਕਿ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ’ਚ ਸ਼ਾਮਿਲ ਹੋਣ ਵਾਲਿਆਂ ਨੂੰ ਉਥੇ ਬਣਦਾ ਸਨਮਾਨ ਨਹੀਂ ਮਿਲਦਾ, ਫਿਰ ਵੀ ਉਹ ਸੱਤਾ ਦੇ ਮੋਹ ’ਚ ਉਸ ਪਾਰਟੀ ਨਾਲ ਜੁੜਨ ’ਚ ਸੰਕੋਚ ਨਹੀਂ ਕਰਦੇ, ਜਿਸ ਵਿਚ ਉਹ ਆਪਣਾ ਭਵਿੱਖ ਬਿਹਤਰ ਮੰਨਦੇ ਹੋਣ।

ਦਲ-ਬਦਲੀ ਦੀ ਇਹ ਆਦਤ ਲੋਕਤੰਤਰ ਲਈ ਬਿਲਕੁਲ ਵੀ ਸ਼ੁਭ ਨਹੀਂ ਹੈ। ਇਸ ਲਈ ਜੇ ਕਿਸੇ ਵਿਅਕਤੀ ਨੂੰ ਆਪਣੀ ਪਾਰਟੀ ਨਾਲ ਕੋਈ ਸ਼ਿਕਾਇਤ ਹੋਵੇਗੀ ਤਾਂ ਉਸ ਨੂੰ ਪਾਰਟੀ ’ਚ ਰਹਿੰਦੇ ਹੋਏ ਹੀ ਆਪਣੀ ਗੱਲ ਆਪਣੇ ਨੇਤਾਵਾਂ ਤਕ ਪਹੁੰਚਾਉਣੀ ਚਾਹੀਦੀ ਹੈ, ਨਾ ਕਿ ਪਾਰਟੀ ਛੱਡ ਕੇ ਆਪਣੀ ਭਰੋਸੇਯੋਗਤਾ ’ਤੇ ਧੱਬਾ ਲਗਵਾਉਣਾ। ਇਸ ਦੇ ਨਾਲ ਹੀ ਅਜਿਹਾ ਕਾਨੂੰਨ ਵੀ ਬਣਨਾ ਚਾਹੀਦਾ ਕਿ ਜੋ ਉਮੀਦਵਾਰ ਜਿਸ ਪਾਰਟੀ ਤੋਂ ਚੁਣਿਆ ਜਾਵੇ, ਉਹ ਆਪਣਾ ਕਾਰਜਕਾਲ ਖਤਮ ਹੋਣ ਤਕ ਉਸੇ ਪਾਰਟੀ ਵਿਚ ਰਹੇ ਅਤੇ ਦਲ ਨਾ ਬਦਲ ਸਕੇ।

–ਵਿਜੇ ਕੁਮਾਰ
 

Bharat Thapa

This news is Content Editor Bharat Thapa