ਭਾਰਤ ਦੇਸ਼ ’ਚ ਇਹ ਕੀ ਹੋ ਰਿਹਾ ਹੈ, ਇਹ ਕੀ ਕਰ ਰਹੇ ਹੋ!

09/07/2019 2:01:56 AM

ਰਿਸ਼ੀਆਂ-ਮੁਨੀਆਂ ਦੇ ਦੇਸ਼ ’ਚ ਅੱਜ ਨੈਤਿਕ ਅਤੇ ਚਰਿੱਤਰ ਦਾ ਪਤਨ ਆਪਣੇ ਸਿਖਰਾਂ ’ਤੇ ਪਹੁੰਚ ਗਿਆ ਹੈ। ਸਭ ਮਾਣ-ਮਰਿਆਦਾਵਾਂ ਅਤੇ ਰਿਸ਼ਤਿਆਂ-ਨਾਤਿਆਂ ਨੂੰ ਭੁੱਲ ਕੇ ਲੋਕ ਅਜਿਹੇ-ਅਜਿਹੇ ਘਿਨਾਉਣੇ ਅਤੇ ਮਨੁੱਖਤਾ ਤੋਂ ਡਿੱਗੇ ਹੋਏ ਅਪਰਾਧ ਕਰ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕੀ ਇਹੀ ਉਹ ਦੇਸ਼ ਹੈ, ਜਿੱਥੇ ਪੁਰਾਤਨ ਕਾਲ ’ਚ ਸਾਰੇ ਵਿਸ਼ਵ ਤੋਂ ਲੋਕ ਗਿਆਨ ਅਤੇ ਜੀਵਨ ਦੇ ਉੱਚ ਸੰਸਕਾਰ ਹਾਸਿਲ ਕਰਨ ਆਉਂਦੇ ਹੁੰਦੇ ਸਨ।

* 16 ਅਗਸਤ ਨੂੰ ਮੁਜ਼ੱਫਰਨਗਰ ਦੇ ਪਿੰਡ ਜੜੌਦਾ ਵਿਚ ਇਕ ਨੌਜਵਾਨ ਨੇ ਮਾਂ-ਬਾਪ ਦੀ ਗੈਰ-ਹਾਜ਼ਰੀ ਵਿਚ ਆਪਣੀ ਭੈਣ ਨੂੰ ਮੋਬਾਇਲ ’ਤੇ ਕਿਸੇ ਨਾਲ ਗੱਲ ਕਰਦੇ ਦੇਖ ਕੇ ਗੁੱਸੇ ਵਿਚ ਆ ਕੇ ਉਸ ਦੇ ਹੱਥ-ਪੈਰ ਬੰਨ੍ਹੇ ਅਤੇ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ।

* 19 ਅਗਸਤ ਨੂੰ ਬੈਂਗਲੁਰੂ ’ਚ ਨਾਜਾਇਜ਼ ਸਬੰਧਾਂ ’ਤੇ ਇਤਰਾਜ਼ ਕਰਨ ਉੱਤੇ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦੀ ਉਸ ਸਮੇਂ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ, ਜਦੋਂ ਉਹ ਸੌਂ ਰਿਹਾ ਸੀ।

* 19 ਅਗਸਤ ਨੂੰ ਲਖਨਊ ’ਚ ਇਕ ਲੜਕੀ ਨੇ ਆਪਣੇ ਪਿਤਾ ’ਤੇ ਕਈ ਸਾਲਾਂ ਤੋਂ ਉਸ ਨਾਲ ਬਲਾਤਕਾਰ ਕਰਦੇ ਰਹਿਣ ਦਾ ਦੋਸ਼ ਲਾਇਆ। ਲੜਕੀ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪਿਤਾ ਨੇ ਉਸ ਦੀ ਛੋਟੀ ਭੈਣ ਦੀ ਇੱਜ਼ਤ ’ਤੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਜ਼ੁਬਾਨ ਖੋਲ੍ਹਣ ਲਈ ਮਜਬੂਰ ਹੋ ਗਈ।

* 21 ਅਗਸਤ ਨੂੰ ਮੱਧ ਪ੍ਰਦੇਸ਼ ਦੇ ਭਿੰਡ ’ਚ ਆਪਣੀ ਭਾਬੀ ਦੇ ਪਿਆਰ ਵਿਚ ਪਾਗਲ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕਰ ਕੇ ਉਸ ਦਾ ਨੱਕ ਵੱਢ ਦਿੱਤਾ।

* 22 ਅਗਸਤ ਨੂੰ ਮਹਾਰਾਸ਼ਟਰ ਦੇ ਨਾਲਾਸੋਪਾੜਾ ’ਚ ਦੂਜੀ ਧੀ ਪੈਦਾ ਹੋਣ ’ਤੇ ਨਾਰਾਜ਼ ਔਰਤ ਨੇ ਛੁਰਾ ਮਾਰ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ।

* 22 ਅਗਸਤ ਨੂੰ ਗ੍ਰੇਟਰ ਨੋਇਡਾ ਦੇ ਗੋਪਾਲਗੜ੍ਹ ਪਿੰਡ ’ਚ ਇਕ ਔਰਤ ਨੇ ਆਪਣੇ ਦੁਪੱਟੇ ਨਾਲ ਗਲਾ ਘੁੱਟ ਕੇ ਆਪਣੇ 8 ਮਹੀਨਿਆਂ ਦੇ ਬੇਟੇ ਨੂੰ ਮਾਰ ਦਿੱਤਾ।

* 26 ਅਗਸਤ ਨੂੰ ਛੱਤੀਸਗੜ੍ਹ ਦੇ ਬੋਤਾਲਦਾ ਪਿੰਡ ’ਚ ਸ਼ਰਾਬ ਪੀਣ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਗਲਾ ਘੁੱਟ ਕੇ ਆਪਣੀ ਮਾਂ ਨੂੰ ਮਾਰ ਦਿੱਤਾ।

* 27 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਨਸਿੰਘ ਵਾਲਾ ’ਚ ਚਰਿੱਤਰ ’ਤੇ ਸ਼ੱਕ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਵੱਢ ਦਿੱਤਾ।

* 27 ਅਗਸਤ ਨੂੰ ਨਵੀਂ ਦਿੱਲੀ ’ਚ ਇਕ ਜਿਮ ਟ੍ਰੇਨਰ ਨੌਜਵਾਨ ਨੇ ਆਪਣੇ ਦਿਵਿਆਂਗ ਪਿਤਾ ਵਲੋਂ ਗਾਲੀ-ਗਲੋਚ ਕਰਨ ’ਤੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 28 ਅਗਸਤ ਨੂੰ ਰਾਜਸਥਾਨ ਦੇ ਦੌਸਾ ਜ਼ਿਲੇ ਦੇ ‘ਲਾਹੜੀ ਕਾ ਬਾਸ’ ਪਿੰਡ ਵਿਚ ਘਰੇਲੂ ਕਲੇਸ਼ ਕਾਰਨ ਇਕ ਔਰਤ ਨੇ ਆਪਣੀਆਂ 3 ਮਾਸੂਮ ਬੇਟੀਆਂ ਨੂੰ ਜ਼ਹਿਰ ਦੇ ਕੇ ਮਾਰਨ ਤੋਂ ਬਾਅਦ ਖ਼ੁਦ ਵੀ ਆਤਮ-ਹੱਤਿਆ ਕਰ ਲਈ।

* 28 ਅਗਸਤ ਨੂੰ ਬਿਹਾਰ ਦੇ ਦਰਭੰਗਾ ਜ਼ਿਲੇ ਦੇ ‘ਏਕਭਿੰਡਾ’ ਪਿੰਡ ਵਿਚ ਇਕ ਕਲਯੁਗੀ ਬਾਪ ਨੇ ਆਟੋ ਖਰੀਦਣ ਲਈ ਆਪਣੇ ਦੁੱਧ-ਮੂੰਹੇ ਬੇਟੇ ਨੂੰ ਕਿਸੇ ਵਿਅਕਤੀ ਕੋਲ 80,000 ਰੁਪਏ ਵਿਚ ਵੇਚ ਦਿੱਤਾ।

* 28 ਅਗਸਤ ਨੂੰ ਮੰਡੀ ਦੇ ਸਰਾਜ ਖੇਤਰ ਦੀ ਇਕ ਨਾਬਾਲਗ ਲੜਕੀ ਨੇ ਆਪਣੇ ਪਿਤਾ ’ਤੇ ਉਸ ਦੇ ਨਾਲ ਨਸ਼ੇ ਦੀ ਹਾਲਤ ’ਚ ਬਲਾਤਕਾਰ ਕਰਨ ਦਾ ਦੋਸ਼ ਲਾਇਆ।

* 28-29 ਅਗਸਤ ਦੀ ਦਰਮਿਆਨੀ ਰਾਤ ਨੂੰ ਇਕ ਕਲਯੁਗੀ ਪਿਤਾ ਨੇ ਜਗਰਾਓਂ ’ਚ ਆਪਣੀ 14 ਸਾਲਾ ਨਾਬਾਲਗ ਬੇਟੀ ਦੀ ਇੱਜ਼ਤ ਲੁੱਟ ਲਈ।

* 29 ਅਗਸਤ ਨੂੰ ਆਪਣੀ 3 ਸਾਲਾ ਬੀਮਾਰ ਬੇਟੀ ਦੇ ਇਲਾਜ ਦਾ ਖਰਚ ਸਹਿਣ ਕਰਨ ਦੇ ਅਸਮਰੱਥ ਇਕ ਮਜਬੂਰ ਬਾਪ ਨੇ ਉਸ ਮਾਸੂਮ ਨੂੰ ਖੂਹ ਵਿਚ ਸੁੱਟ ਕੇ ਮਾਰ ਦਿੱਤਾ।

* 30 ਅਗਸਤ ਨੂੰ ਲੁਧਿਆਣਾ ’ਚ 6ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਭਰਾ ’ਤੇ ਉਸ ਨਾਲ 4 ਵਾਰ ਬਲਾਤਕਾਰ ਕਰਨ ਦਾ ਯਤਨ ਕਰਨ ਦਾ ਦੋਸ਼ ਲਾਇਆ।

* 30 ਅਗਸਤ ਨੂੰ ਮੋਗਾ ਦੇ ਪਿੰਡ ਚੜਿੱਕ ’ਚ ਸ਼ਰਾਬ ਦੇ ਨਸ਼ੇ ’ਚ ਚੂਰ ਇਕ ਵਿਅਕਤੀ ਨੇ ਸ਼ਰਾਬ ਪੀਣ ਤੋਂ ਰੋਕਣ ’ਤੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।

* 01 ਸਤੰਬਰ ਨੂੰ ਬਿਹਾਰ ਦੇ ਕਟਿਹਾਰ ’ਚ ਇਕ ਔਰਤ ਨੇ ਆਪਣੇ 9 ਸਾਲਾ ਬੇਟੇ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਨੇ 10 ਰੁਪਏ ਚੋਰੀ ਕਰ ਲਏ ਸਨ।

* 01 ਸਤੰਬਰ ਨੂੰ ਮੋਗਾ ’ਚ ਪਤਨੀ ਵਲੋਂ ਨਸ਼ੇ ਲਈ ਪੈਸੇ ਨਾ ਦੇਣ ’ਤੇ ਇਕ ਵਿਅਕਤੀ ਨੇ ਕੁੱਟਮਾਰ ਕਰ ਕੇ ਆਪਣੀ ਪਤਨੀ ਦੀ ਬਾਂਹ ਤੋੜ ਦਿੱਤੀ।

* 01 ਸਤੰਬਰ ਨੂੰ ਗੁਜਰਾਤ ਦੇ ਭਾਵਨਗਰ ’ਚ ਪੁਲਸ ਦੇ ਇਕ ਜਵਾਨ ਨੇ ਆਪਣੀ ਪਤਨੀ ਨਾਲ ਝਗੜੇ ਤੋਂ ਬਾਅਦ ਆਪਣੇ 3 ਬੇਟਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

* 01 ਸਤੰਬਰ ਨੂੰ ਹੀ ਸਹੁਰਿਆਂ ਵਲੋਂ ਵਪਾਰ ਸ਼ੁਰੂ ਕਰਨ ਲਈ 5 ਲੱਖ ਰੁਪਏ ਨਾ ਦੇਣ ’ਤੇ ਨਾਰਾਜ਼ ਵਿਅਕਤੀ ਨੇ ਹਿਸਾਰ ’ਚ ਆਪਣੀ ਪਤਨੀ ਨੂੰ ਮਾਰ ਦਿੱਤਾ।

* 03 ਸਤੰਬਰ ਨੂੰ ਲਖੀਮਪੁਰ ਖੀਰੀ ਦੇ ਬਰਖੇੜਾ ਪਿੰਡ ’ਚ ਇਕ ਨੌਜਵਾਨ ਨੇ ਸਹੁੁਰਿਆਂ ਤੋਂ ਪੇਕੇ ਆਈ ਭੈਣ ਦੀ ਸਿਰਫ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਹ ਗੋਲ ਰੋਟੀ ਨਹੀਂ ਬਣਾ ਸਕੀ ਸੀ।

* 03 ਸਤੰਬਰ ਨੂੰ ਅਬੋਹਰ ਦੇ ਫਤਿਹਪੁਰ ਧਾਲੀਆ ਪਿੰਡ ’ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਣ ’ਤੇ ਇਕ ਨੌਜਵਾਨ ਨੇ ਆਪਣੇ ਚਾਚੇ ਨੂੰ ਮਾਰ ਦਿੱਤਾ।

* 03 ਸਤੰਬਰ ਨੂੰ ਹੀ ਮਹਾਰਾਸ਼ਟਰ ਦੇ ਠਾਣੇ ’ਚ ਇਕ ਕਬਾਇਲੀ ਨੇ ਝਗੜੇ ਤੋਂ ਬਾਅਦ ਆਪਣੀ ਪਤਨੀ ਨੂੰ ਨਦੀ ’ਚ ਧੱਕਾ ਦੇ ਕੇ ਉਸ ਦੀ ਜੀਵਨ ਲੀਲਾ ਖਤਮ ਕਰ ਦਿੱਤੀ।

* 05 ਸਤੰਬਰ ਨੂੰ ਦਿੱਲੀ ਦੇ ਜਯੋਤੀ ਨਗਰ ’ਚ ਇਕ ਵਿਅਕਤੀ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਆਪਣੇ ਨਾਬਾਲਗ ਬੇਟੇ ਨਾਲ ਮਿਲ ਕੇ ਆਪਣੀ 70 ਸਾਲਾ ਮਾਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

ਸਿਰਫ ਲੱਗਭਗ 3 ਹਫਤਿਆਂ ਦੀਆਂ ਉਕਤ ਘਟਨਾਵਾਂ ਗਵਾਹ ਹਨ ਕਿ ਅੱਜ ਦੇਸ਼ ’ਚੋਂ ਕਿਸ ਹੱਦ ਤਕ ਸਾਡੇ ਪੁਰਾਣੇ ਉੱਚ ਆਦਰਸ਼ ਅਤੇ ਸੰਸਕਾਰ ਖਤਮ ਹੋ ਰਹੇ ਹਨ। ਇਹ ਨਿਸ਼ਚੇ ਹੀ ਘੋਰ ਅਸ਼ੁੱਭ ਸੰਕੇਤ ਅਤੇ ਇਕ ਚਿਤਾਵਨੀ ਹੈ ਕਿ ਜੇਕਰ ਅਸੀਂ ਨੈਤਿਕ ਪਤਨ ਦੇ ਇਸ ਰਸਤੇ ਤੋਂ ਨਹੀਂ ਪਲਟੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਵੱਖ-ਵੱਖ ਖੇਤਰਾਂ ਵਿਚ ਤਮਾਮ ਵਿਕਾਸ ਅਤੇ ਤਰੱਕੀ ਦੇ ਬਾਵਜੂਦ ਦੁਨੀਆ ਸਾਡੇ ’ਤੇ ਹੱਸੇਗੀ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa