ਆਪਣੀਆਂ ਅਨਮੋਲ ਪ੍ਰਾਚੀਨ ਵਿਰਾਸਤਾਂ ਨੂੰ ਸੰਭਾਲਣ ਵਿਚ ਅਸਫ਼ਲ ਹਾਂ ਅਸੀਂ

09/26/2022 12:45:07 AM

8 ਸਾਲ ਬਾਅਦ ਵੀ ‘ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ’ (ਏ. ਐੱਸ. ਆਈ.) ਪੁਰਾਣੇ ਕਿਲੇ ’ਚ ਖੋਦਾਈ ਦੇ ਦੌਰਾਨ ਮਿਲੇ ਪਿਛਲੇ 2,500 ਸਾਲਾਂ ਦੇ ਸੱਭਿਆਚਾਰਕ ਭੰਡਾਰ  ਨੂੰ  ਸੰਭਾਲਣ ’ਚ ਅਸਫਲ ਰਿਹਾ ਹੈ। 3 ਸਦੀ ਈਸਾ ਪੂਰਵ ਤੱਕ ਜਾਣੇ ਜਾਣ ਵਾਲੇ ਤੇ ਪੂਰਵ ਮੌਰਿਆ ਕਾਲ ਤੋਂ ਮੁਗਲ ਕਾਲ ਤੱਕ ਦੇ ਸੱਭਿਆਚਾਰਕ ਸਬੰਧਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦਿੱਲੀ ’ਚ ਇਹ ਇਕੋ-ਇਕ ਸਥਾਨ ਹੈ। ਇਨ੍ਹਾਂ ਅਵਸ਼ੇਸ਼ਾਂ  ਨੂੰ ਪ੍ਰਦਰਸ਼ਿਤ ਕਰਦੇ ਸਮੇਂ ਉਨ੍ਹਾਂ ਦੀ ਸੁਰੱਖਿਆ ਲਈ ਜਿਸ ਸ਼ੈੱਡ ਦਾ ਨਿਰਮਾਣ ਕੀਤਾ ਜਾਣਾ ਸੀ, ਉਸ ਨੂੰ ਵੀ ਅਜੇ ਤੱਕ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ ਹੈ। ਸਾਲ 2014 ’ਚ ਖੋਦਾਈ ਦੇ ਬਾਅਦ ‘ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ’ ਦੇ ਅਧਿਕਾਰੀਆਂ ਨੇ ਇਕ ਛੱਤ ਦੇ ਨਾਲ ਸਾਈਟ ਨੂੰ ਕਵਰ ਕਰਨ ਦੀ ਯੋਜਨਾ ਬਣਾ ਕੇ ਜਨਤਾ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦੇ ਬਾਰੇ ’ਚ ਸੋਚਿਆ ਸੀ, ਜਿਸ ਦੇ ਰਾਹੀਂ ਸ਼ਹਿਰ ਦੇ ਇਤਿਹਾਸ ਅਤੇ ਇਸ ਸਥਾਨ ਨਾਲ ਜੁੜੇ 9 ਇਤਿਹਾਸਕ ਯੁੱਗਾਂ ਦੇ ਬਾਰੇ ’ਚ ਜਨਤਾ ਨੂੰ ਦੱਸਿਆ ਜਾਣਾ ਲੋੜੀਂਦਾ ਸੀ। ਪਰ ਇਥੇ ਅਜੇ ਤਕ ਮੁੱਢਲਾ ਢਾਂਚਾ ਹੀ ਨਹੀਂ ਬਣਿਆ ਹੈ ਅਤੇ ‘ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ’ ਅਜੇ ਵੀ ਸਿਰਫ ਸ਼ੈੱਡ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ’ਚ ਹੈ।

ਉਕਤ ਵਿਭਾਗ ਦੇ ਨਿਰਦੇਸ਼ਕ ਅਤੇ ਬੁਲਾਰੇ ਵਸੰਤ ਸਵਰਨਕਾਰ ਨੇ ਮੰਨਿਆ ਕਿ ਅਸਲ ’ਚ ਇਹ ਯੋਜਨਾ ਸੀ ਕਿ ਸਾਈਟ ਨੂੰ ਉਚਿਤ ਢੰਗ ਨਾਲ ਕਵਰ ਕਰਨ ਦੇ ਬਾਅਦ 2014 ਦੀ ਖੋਦਾਈ ਦੇ ਨਤੀਜੇ ਜਨਤਾ ਦੇ ਲਈ ਪ੍ਰਦਰਸ਼ਿਤ ਕੀਤੇ ਜਾਣਗੇ ਪਰ ਖੋਦਾਈ ਵਾਲੀ ਥਾਂ ਨੂੰ ਫਿਰ ਤੋਂ ਖੋਲ੍ਹਣ ਅਤੇ ਖੋਦਾਈ ਵਾਲੇ ਇਲਾਕੇ ’ਚ ਸ਼ੈੱਡ ਮੁਹੱਈਆ ਕਰਵਾਉਣ ਦੇ ਯਤਨ ਅਜੇ ਵੀ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖੋਦਾਈ ਵਾਲੀਆਂ ਥਾਵਾਂ ਨੂੰ ਏ. ਐੱਸ. ਆਈ. ਮਿਊਜ਼ੀਅਮ (ਆਰਕਾਈਵਸ) ਦੇ ਪੁਰਾਣੇ ਚਿੱਤਰਾਂ ਅਤੇ ਤਸਵੀਰਾਂ ਦੀ ਮਦਦ ਨਾਲ  ਸੁਰੱਖਿਅਤ ਕੀਤਾ ਜਾਵੇਗਾ।  ਹੁਣ ਤੱਕ ਪ੍ਰਾਚੀਨ ਢਾਂਚਿਆਂ ਦੀ ਰੱਖਿਆ ਲਈ ਖੋਦੀਆਂ ਗਈਆਂ ਥਾਵਾਂ ਨੂੰ ਮਿੱਟੀ ਨਾਲ  ਭਰ ਦਿੱਤਾ ਜਾਂਦਾ ਰਿਹਾ ਹੈ। ਪਿਛਲੇ 60 ਸਾਲਾਂ ’ਚ ਪੁਰਾਣਾ ਕਿਲਾ ’ਚ ਖੋਦਾਈ ਦੀਆਂ 3 ਮੁਹਿੰਮਾਂ ਚਲਾਈਅਾਂ ਗਈਆਂ ਹਨ। ਖੋਦਾਈ ’ਚ ਮਿਲੀਆਂ ਕਲਾਕ੍ਰਿਤੀਆਂ ’ਚ ਮੌਰੀਆ ਕਾਲ ਦੇ ਟੇਰਾਕੋਟਾ ਮੋਤੀ ਅਤੇ ਖਿਡੌਣੇ,  ਸ਼ੁੰਗ ਯੁੱਗ ਦੀ ਟੇਰਾਕੋਟਾ ਦੀ ਯਕਸ਼ੀ ਮੂਰਤੀ, ਕੁਸ਼ਾਣ ਯੁੱਗ ਦੀਆਂ ਟੇਰਾਕੋਟਾ ਮੂਰਤੀਆਂ ਅਤੇ ਤਾਂਬੇ ਦੇ ਸਿੱਕੇ, ਗੁਪਤ ਕਾਲ ਦੀਆਂ ਮੋਹਰਾਂ ਅਤੇ ਸਿੱਕੇ, ਮੂੰਗਾ, ਵੱਖ-ਵੱਖ ਕਿਸਮ ਦੇ ਮੋਤੀ, ਕ੍ਰਿਸਟਲ ਅਤੇ ਮੁਗਲ ਸਲਤਨਤ ਦੇ ਕਾਲ ਦੇ ਸਿੱਕੇ ਅਤੇ ਚੀਨੀ ਸ਼ਿਲਾਲੇਖਾਂ ਦੇ ਨਾਲ ਚੀਨੀ ਮਿੱਟੀ ਦੇ ਬਰਤਨ, ਕੱਚ ਦੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਮੁਗਲ ਕਾਲ ਨਾਲ ਸਬੰਧਤ ਇਕ ਸੋਨੇ ਦੀ ਵਾਲੀ ਸ਼ਾਮਲ ਹਨ।

ਪਹਿਲੀ ਖੋਦਾਈ ਸਾਲ 1954-55 ਦੌਰਾਨ ਪ੍ਰਸਿੱਧ ਪੁਰਾਤੱਤਵ ਮਾਹਿਰ ਬੀ. ਬੀ. ਲਾਲ ਨੇ ਕੀਤੀ ਸੀ, ਜਿਨ੍ਹਾਂ ਦੀ ਇਸ ਮਹੀਨੇ ਦੇ ਸ਼ੁਰੂ ’ਚ ਮੌਤ ਹੋ ਗਈ। ਬੀ. ਬੀ. ਲਾਲ ਨੇ ਟਿੱਲੇ ਦੇ ਹੇਠਾਂ ਚਿੱਤਰਿਤ ‘ਗ੍ਰੇ ਵੇਅਰ ਕਲਚਰ’ ਦੇ ਅਵਸ਼ੇਸ਼ਾਂ ਦਾ ਪਤਾ ਲਾਇਆ ਸੀ। ਇਨ੍ਹਾਂ ਅਵਸ਼ੇਸ਼ਾਂ ਦੇ ਆਧਾਰ ’ਤੇ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪੁਰਾਣਾ ਕਿਲਾ ਇੰਦਰਪ੍ਰਸਥ ਦੇ ਪਾਂਡਵ ਸਾਮਰਾਜ ਦਾ ਹਿੱਸਾ ਸੀ ਅਤੇ ਅੰਦਾਜ਼ਾ ਲਾਇਆ ਕਿ ਮਹਾਕਾਵਾਂ ’ਚ ਵਰਣਿਤ ਯੁੱਧ 300 ਈਸਾ ਪੂਰਵ ’ਚ ਹੋਇਆ ਸੀ। ਸਾਲ 2014 ’ਚ ਖੋਦਾਈ ਦੇ ਦੌਰਾਨ, ਚਿੱਤਰਿਤ ਭੂਰੇ ਰੰਗ ਦੇ ਬਰਤਨਾਂ ਦੇ ਅਵਸ਼ੇਸ਼ ਪਾਏ ਗਏ ਅਤੇ 2017 ’ਚ ਇਕ ਹੋਰ ਖੋਦਾਈ ਨੇ ਇਸ ਥਾਂ ਦੇ ਲੋਹ ਯੁੱਗ ਦੇ ਪੂਰਵ-ਮੌਰੀਆ ਕਾਲ ਨਾਲ ਸਬੰਧਾਂ ਦੀ ਹੋਂਦ ਦੀ ਪੁਸ਼ਟੀ ਕੀਤੀ। ਮੌਰਿਆ ਕਾਲ ਤੋਂ ਪਹਿਲਾਂ ਦੇ ਦੌਰ ਦੀ ਅਤੇ ਤੀਜੀ ਸਦੀ ਈਸਵੀ ਪੂਰਵ ਤੋਂ ਪਹਿਲਾਂ ਦੀਆਂ ਇੰਨੀਆਂ ਮਹੱਤਵਪੂਰਨ ਵਿਰਾਸਤਾਂ ਦੇਸ਼ ਦੀ ਰਾਜਧਾਨੀ ਦਿੱਲੀ ’ਚ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵੀ ਜੇਕਰ ਪੁਰਾਤੱਤਵ ਵਿਭਾਗ ਨਾ ਸੰਭਾਲ ਸਕੇ ਤਾਂ ਇਸ ਤੋਂ ਵੱਧ ਕੇ ਦੁਖਦਾਇਕ ਗੱਲ ਹੋਰ ਕੀ ਹੋ ਸਕਦੀ ਹੈ। ਪੰਜਾਬ ਦੇ ਰਾਜਪੁਰਾ ਅਤੇ ਹਰਿਆਣਾ ’ਚ ਵੀ ਪੁਰਾਤੱਤਵ ਮਹੱਤਵ ਦੀਆਂ ਕਈ ਵਿਰਾਸਤਾਂ ਦੇਖਭਾਲ ਦੀ ਘਾਟ ਦੇ ਕਾਰਨ ਖਰਾਬ ਹੋ ਰਹੀਆਂ ਹਨ ਅਤੇ ਅਸੀਂ ਗੱਲਾਂ ਤਾਂ ਬੜੀਆਂ ਕਰਦੇ ਹਾਂ ਅਤੇ ਉਸ ’ਤੇ ਮਾਣ ਕਰਦੇ ਨਹੀਂ ਥੱਕਦੇ ਪਰ ਗੱਲ ਸਿਰਫ ਮਾਣ ਕਰਨ ਨਾਲ ਨਹੀਂ ਬਣੇਗੀ। ਸਾਡੇ ਪੁਰਾਤੱਤਵ ਵਿਭਾਗ ਦੇ ਨਾਲ-ਨਾਲ ਪੁਰਾਤੱਤਵ ’ਚ ਦਿਲਚਸਪੀ ਰੱਖਣ ਵਾਲਿਆਂ ਅਤੇ  ਆਪਣੇ ਖੁਸ਼ਹਾਲ ਅਤੀਤ  ’ਤੇ ਮਾਣ ਕਰਨ ਵਾਲਿਆਂ ਨੂੰ ਆਪਣੀਆਂ ਪ੍ਰਾਚੀਨ ਮਾਣਮੱਤੀਆਂ ਵਿਰਾਸਤਾਂ ਦੀ ਰਖਵਾਲੀ ਕਰਨ ਦੀ ਦਿਸ਼ਾ ’ਚ ਸਖਤ ਕਦਮ ਚੁੱਕਣ ਦੀ ਵੀ ਲੋੜ ਹੈ। ਜੇਕਰ ਅਸੀਂ ਆਪਣੀ ਪ੍ਰਾਚੀਨ ਅਨਮੋਲ ਵਿਰਾਸਤ ਹੀ ਨਾ ਸੰਭਾਲੀ ਤਾਂ ਇਸ ਤੋਂ ਬੁਰੀ ਗੱਲ ਹੋਰ ਕੀ ਹੋ ਸਕਦੀ ਹੈ! ਉਂਝ ਤਾਂ ਸਾਡੀ ਸਰਕਾਰ ਬਹੁਤ ਸਾਰੀਆਂ ਪੁਰਾਤਨ ਥਾਵਾਂ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ’ਚ ਸ਼ਾਇਦ ਹੋਰ ਵੀ ਪ੍ਰਾਚੀਨ ਇਮਾਰਤਾਂ ਦੇ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਆਪਣੇ ਪੁਰਾਤੱਤਵਿਕ ਮਹੱਤਵ ਦੇ ਸਥਾਨਾਂ ਤੇ ਇਮਾਰਤਾਂ ਦੀ ਸੰਭਾਲ ਦੇ ਸਬੰਧ ’ਚ ਜੇਕਰ ਅਸੀਂ ਕੁਝ ਸਿੱਖਣਾ ਹੈ ਤਾਂ ਇਸਰਾਈਲ, ਇੰਗਲੈਂਡ ਅਤੇ ਇਟਲੀ ਤੋਂ ਕਾਫੀ ਕੁਝ ਸਿੱਖ ਸਕਦੇ ਹਾਂ।

Manoj

This news is Content Editor Manoj