ਵੈਗਨਰ ਦੀ ਬਗਾਵਤ ਅਤੇ ਪ੍ਰਾਈਵੇਟ ਫੌਜਾਂ ਦੇ ਰਿਵਾਜ ਦਾ ਇਤਿਹਾਸ

07/03/2023 2:56:14 AM

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਾਬਕਾ ਸਹਿਯੋਗੀ ਯੇਵਗੇਨੀ ਪ੍ਰਿਗੋਝਿਨ ਦੀ ਅਗਵਾਈ ’ਚ ਕਿਰਾਏ ਦੀ ਪ੍ਰਾਈਵੇਟ ਫੌਜ ‘ਵੈਗਨਰ ਗਰੁੱਪ’ ਦੇ ਪੁਤਿਨ ਵਿਰੁੱਧ ਅਸਫਲ ਬਗਾਵਤ ਅਤੇ ਉਸ ਨਾਲ ‘ਸੁਲ੍ਹਾ’ ਉਪਰੰਤ ਬੇਲਾਰੂਸ ਚਲੇ ਜਾਣ ਪਿੱਛੋਂ ਨਿੱਜੀ ਮਿਲਿਸ਼ੀਆ ਇਕ ਵਾਰ ਫਿਰ ਚਰਚਾ ’ਚ ਹੈ।

ਮਿਲਿਸ਼ੀਆ ਜਾਂ ਪ੍ਰਾਈਵੇਟ ਫੌਜਾਂ ਪੂਰੀ ਦੁਨੀਆ ’ਚ ਵੱਖ-ਵੱਖ ਰੂਪਾਂ ’ਚ ਮੌਜੂਦ ਰਹੀਆਂ ਹਨ ਅਤੇ ਕਈ ਸਰਕਾਰਾਂ ਉਨ੍ਹਾਂ ਨੂੰ ਕਾਨੂੰਨ ਤੋਂ ਪਰ੍ਹੇ ਕੰਮ ਕਰਨ ਅਤੇ ਸਹਾਇਕ ਬਲਾਂ ਦੇ ਰੂਪ ’ਚ ਆਪਣੇ ਕੰਮ ਕਰਵਾਉਣ ਲਈ ਉਪਯੋਗੀ ਮੰਨਦੀਆਂ ਹਨ। ਅਸਲ ’ਚ ਮਿਲਿਸ਼ੀਆ ਇਕ ਲੜਾਕੂ ਸੰਗਠਨ ਹੁੰਦਾ ਹੈ ਜਿਸ ’ਚ ਨਿਯਮਿਤ, ਪੂਰੇ ਸਮੇਂ ਦੇ ਫੌਜੀਆਂ ਦੇ ਉਲਟ ਗੈਰ-ਪੇਸ਼ੇਵਰ ਜਾਂ ਥੋੜ੍ਹੇ ਸਮੇਂ ਦੇ ਫੌਜੀ ਸ਼ਾਮਲ ਹੁੰਦੇ ਹਨ।

ਅਮਰੀਕਾ ’ਚ ਮਿਲਿਸ਼ੀਆ ਦੀ ਸ਼ੁਰੂਆਤ ਬਸਤੀਵਾਦੀ ਮੈਸਾਚੁਸੇਟਸ ’ਚ ਕਾਲੋਨੀ ਦੀ ਰੱਖਿਆ ਲਈ ਜ਼ਿੰਮੇਵਾਰ ਥੋੜ੍ਹੇ ਸਮੇਂ ਦੀ ਫੌਜ ਨਾਲ ਹੋਈ। ਜੰਗ ਦੇ ਸਮੇਂ ’ਚ, ਇਹ ਤਤਕਾਲ ਰੱਖਿਆਤਮਕ ਬਲ ਦੇ ਰੂਪ ’ਚ ਕੰਮ ਕਰ ਕੇ ਰੈਗੂਲਰ ਫੌਜ ’ਚ ਸ਼ਾਮਲ ਕਰਨ ਲਈ ਫੌਜੀ ਮੁਹੱਈਆ ਕਰਵਾਉਂਦਾ ਸੀ। ਅਮਰੀਕੀ ਖਾਨਾਜੰਗੀ ਦੇ ਸਮੇਂ ਤੱਕ ਉੱਥੇ ਮਿਲਿਸ਼ੀਆ ਦੀਆਂ ਕੁਝ ਕੰਪਨੀਆਂ ਮੌਜੂਦ ਸਨ ਜਿਨ੍ਹਾਂ ਨੂੰ 20ਵੀਂ ਸਦੀ ਦੀ ਸ਼ੁਰੂਆਤ ’ਚ ‘ਯੂ. ਐੱਸ. ਨੈਸ਼ਨਲ ਗਾਰਡ’ ’ਚ ਸ਼ਾਮਲ ਕਰ ਲਿਆ ਗਿਆ।

ਇਰਾਕ ’ਚ ਅਮਰੀਕੀ ਫੌਜੀ ਦਖਲਅੰਦਾਜ਼ੀ ਦੌਰਾਨ ਇਰਾਕੀ ਸ਼ੀਆ ਮੌਲਵੀ ‘ਮੁਕਤਦਾ ਅਲ-ਸਦਰ’ ਵੱਲੋਂ ਗਠਿਤ ‘ਮਹਦੀ ਸੈਨਾ’ ਅਪ੍ਰੈਲ 2004 ’ਚ ਪ੍ਰਮੁੱਖਤਾ ਨਾਲ ਉੱਭਰੀ ਸੀ। ਇਸ ਨੇ ਅਮਰੀਕੀ ਫੌਜ ਦੇ ਵਿਰੁੱਧ ਪਹਿਲਾ ਵੱਡਾ ਹਮਲਾ ਕੀਤਾ।

ਆਇਰਲੈਂਡ ’ਚ ‘ਆਇਰਿਸ਼ ਰਿਪਬਲਿਕਨ ਆਰਮੀ’ (ਆਈ. ਆਰ. ਏ.) ਦੀ ਸਥਾਪਨਾ 1919 ’ਚ ਆਇਰਲੈਂਡ ’ਚ ਬ੍ਰਿਟਿਸ਼ ਸ਼ਾਸਨ ਨੂੰ ਕਮਜ਼ੋਰ ਕਰਨ ਦੇ ਮਕਸਦ ਨਾਲ ਇਕ ਅੱਤਵਾਦੀ ਰਾਸ਼ਟਰਵਾਦੀ ਸੰਗਠਨ ਦੇ ਰੂਪ ’ਚ ਕੀਤੀ ਗਈ ਸੀ। ਐਂਗਲੋ-ਆਇਰਿਸ਼ ਜੰਗ (1919-1921) ਦੇ ਦੌਰਾਨ, ਮਾਈਕਲ ਕੋਲਿੰਸ ਦੀ ਅਗਵਾਈ ’ਚ ਇਸ ਨੇ ਅੰਗਰੇਜ਼ਾਂ ਨੂੰ ਗੱਲਬਾਤ ਲਈ ਮਜਬੂਰ ਕਰਨ ਲਈ ਗੋਰਿੱਲਾ ਰਣਨੀਤੀ ਦੀ ਵਰਤੋਂ ਕੀਤੀ ਜਿਸ ਦੇ ਨਤੀਜੇ ਵਜੋਂ ਉੱਤਰੀ ਆਇਰਲੈਂਡ ਦਾ ਨਿਰਮਾਣ ਹੋਇਆ।

ਸੂਡਾਨ ’ਚ ਫੌਜ ਅਤੇ ਨੀਮ ਫੌਜੀ ਰੈਪਿਡ ਸਪੋਰਟ ਫੋਰਸਿਜ਼ (ਆਰ. ਐੱਸ. ਐੱਫ.) ਦਰਮਿਆਨ ਚੱਲ ਰਹੀ ਖਾਨਾਜੰਗੀ ’ਚ ਵੀ ਮਿਲਿਸ਼ੀਆ ਮੌਜੂਦ ਹੈ। ਆਰ. ਐੱਸ. ਐੱਫ. ਦਾ ਜਨਮ ਅਸਲ ’ਚ ਸੂਡਾਨ ਦੇ ਜੰਜਾਵੀਦ ਮਿਲਿਸ਼ੀਆ ਤੋਂ ਹੀ ਹੋਇਆ ਹੈ। ਇਸ ’ਤੇ ਦਾਰਫੁਰ ਦੇ ਸੰਘਰਸ਼ ’ਚ 3,00,000 ਲੋਕਾਂ ਦੇ ਕਤਲੇਆਮ ਦਾ ਦੋਸ਼ ਲੱਗਾ ਸੀ।

ਚੀਨ ਦੀ ਸਮੁੰਦਰੀ ਮਿਲਿਸ਼ੀਆ ਹਜ਼ਾਰਾਂ ਮੱਛੀਆਂ ਫੜਨ ਵਾਲੇ ਜਹਾਜ਼ਾਂ ਰਾਹੀਂ ਚੀਨੀ ਕੋਸਟ ਗਾਰਡ ਨਾਲ ਮਿਲ ਕੇ ਬੀਜਿੰਗ ਦੇ ਸਿਆਸੀ ਇਰਾਦਿਆਂ ਨੂੰ ਪੂਰਾ ਕਰਨ ਦਾ ਕੰਮ ਕਰਦੀ ਹੈ ਜਿਸ ’ਚ ਵਿਰੋਧੀ ਦੇਸ਼ਾਂ ਦੇ ਜਹਾਜ਼ਾਂ ਨੂੰ ਘੇਰਨਾ ਅਤੇ ਲੋੜ ਪੈਣ ’ਤੇ ਵਿਦੇਸ਼ੀ ਜਹਾਜ਼ਾਂ ਨੂੰ ਪ੍ਰੇਸ਼ਾਨ ਕਰਨਾ ਆਦਿ ਸ਼ਾਮਲ ਹੈ।

ਇਸ ਤਰ੍ਹਾਂ ਮਿਲਿਸ਼ੀਆ ਨਾ ਸਿਰਫ ਸਮੇਂ ਦੇ ਨਾਲ ਵਿਕਸਿਤ ਹੋਇਆ ਸਗੋਂ ਵੱਖ-ਵੱਖ ਹਾਲਤਾਂ ਦੇ ਅਨੁਕੂਲ ਢਲਣ ਦਾ ਇਕ ਰਸਤਾ ਲੱਭ ਲਿਆ ਹੈ। ਜਦੋਂ ਤੱਕ ਸਿਆਸਤ, ਸੱਤਾ ਅਤੇ ਕਾਰੋਬਾਰੀ ਹਿੱਤ ਇਕ-ਦੂਜੇ ਨਾਲ ਜੁੜੇ ਰਹਿਣਗੇ, ਮਿਲਿਸ਼ੀਆ ਕੰਮ ਕਰਦੀਆਂ ਰਹਿਣਗੀਆਂ।

ਰੂਸ ’ਚ ਵੈਗਨਰ ਆਰਮੀ ਨੂੰ ਲੈ ਕੇ ਜੋ ਕੁਝ ਹੋਇਆ ਉਸ ਦੇ ਬਾਅਦ ਇਹ ਮਾਮਲਾ ਉੱਭਰ ਕੇ ਸਾਹਮਣੇ ਆਇਆ ਹੈ। ਰੂਸੀ ਲੋਕ ਯੂਕ੍ਰੇਨ ਦੇ ਨਾਲ ਜੰਗ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਅਤੇ ਆਪਣੇ ਨੇਤਾਵਾਂ ਤੋਂ ਖੁਸ਼ ਨਾ ਹੋਣ ਦੇ ਬਾਵਜੂਦ ਘੱਟ ਲੋਕ ਹੀ ਵੈਗਨਰ ਗਰੁੱਪ ਦੇ ਸਰਗਣਾ ਪ੍ਰਿਗੋਝਿਨ ਦੇ ਸਮਰਥਨ ’ਚ ਅੱਗੇ ਆਏ ਪਰ ਉਸ ਦੇ ਮਕਸਦਾਂ ਨੂੰ ਕੁਝ ਸਮਰਥਨ ਤਾਂ ਜ਼ਰੂਰ ਹਾਸਲ ਸੀ।

ਪੁਤਿਨ ਯੂਕ੍ਰੇਨ ’ਚ ਜੰਗ ਲੜਨ ਦੇ ਕਾਰਨ ਪ੍ਰਸਿੱਧੀ ਇਸ ਲਈ ਗਵਾ ਰਹੇ ਹਨ ਕਿਉਂਕਿ ਜੰਗ ਸਹੀ ਦਿਸ਼ਾ ’ਚ ਨਹੀਂ ਜਾ ਰਹੀ। ਜੇਕਰ ਰੂਸ ’ਚ ਪੁਤਿਨ ਦੀ ਸੱਤਾ ਡਿੱਗ ਵੀ ਜਾਵੇ ਤਾਂ ਅਜਿਹਾ ਨਹੀਂ ਹੈ ਕਿ ਉੱਥੇ ਕੋਈ ਹੋਰ ਸੱਤਾ ’ਚ ਨਹੀਂ ਆਵੇਗਾ।

ਪੁਤਿਨ ਦੇ ਜਾਣ ਪਿੱਛੋਂ ਰੂਸ ’ਚ ਸੱਤਾਧਾਰੀ ਹੋਣ ਵਾਲਾ ਨੇਤਾ ਉਸ ਤੋਂ ਵੀ ਵੱਡਾ ਤਾਨਾਸ਼ਾਹ ਹੋ ਸਕਦਾ ਹੈ ਕਿਉਂਕਿ ਉੱਥੇ ਲੋਕਤੰਤਰ ਤਾਂ ਹੈ ਨਹੀਂ ਅਤੇ ਵਿਰੋਧੀ ਧਿਰ ਨੂੰ ਖਤਮ ਕਰ ਦਿੱਤਾ ਿਗਆ ਹੈ। ਲਿਹਾਜ਼ਾ ਜੋ ਵੀ ਆਵੇਗਾ, ਉਹ ਫੌਜ ਦਾ ਹੀ ਕੋਈ ਮਜ਼ਬੂਤ ਨੇਤਾ ਹੋਵੇਗਾ।

ਅਜਿਹੇ ’ਚ ਪੁਤਿਨ ਦਾ ਉੱਥੇ ਰਹਿਣਾ ਸ਼ਾਇਦ ਉਨ੍ਹਾਂ ਨੂੰ ਹਟਾਏ ਜਾਣ ਨਾਲੋਂ ਚੰਗਾ ਹੈ ਅਤੇ ਅਜਿਹਾ ਹੀ ਕੁਝ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬੁਸ਼ ਨੇ ਕੀਤਾ ਸੀ ਜਦੋਂ ਉਨ੍ਹਾਂ ਨੇ ਅਫਗਾਨਿਸਤਾਨ ’ਚ ਐਕਸਟ੍ਰਾ ਆਰਮੀ ਬਣਾ ਕੇ ਭੇਜੀ ਸੀ। ਉਸ ਦਾ ਨੁਕਸਾਨ ਅਮਰੀਕਾ ਅਤੇ ਅਫਗਾਨਿਸਤਾਨ ਦੋਵਾਂ ਨੂੰ ਹੀ ਹੋਇਆ। ਜਿੱਥੇ-ਜਿੱਥੇ ਐਕਸਟ੍ਰਾ ਆਰਮੀ ਬਣਦੀ ਹੈ, ਉਹ ਅਖੀਰ ਦੋਵਾਂ ਹੀ ਧਿਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਕਿਸੇ ਵੀ ਦੇਸ਼ ਨੇ ਜਦ ਕਿਸੇ ਹੋਰ ਦੇਸ਼ ’ਚ ਵੜਨ ਦੀ ਕੋਸ਼ਿਸ਼ ਕੀਤੀ ਹੈ ਉਦੋਂ ਉਸ ਨੇ ਇਸ ਤਰ੍ਹਾਂ ਦੀ ਗੈਰ-ਕਾਨੂੰਨੀ ਆਰਮੀ ਬਣਾਈ ਹੈ।

ਇਸ ਦੇ ਪਿੱਛੇ ਅਜਿਹੀ ਖਾਹਿਸ਼ ਹੁੰਦੀ ਹੈ ਕਿ ਸ਼ਾਇਦ ਇਸ ਦੀ ਮਦਦ ਨਾਲ ਅਸੀਂ ਸਮੱਸਿਆ ਹੱਲ ਕਰ ਲਈਏ ਪਰ ਆਮ ਤੌਰ ’ਤੇ ਸਮੱਸਿਆ ਹੱਲ ਨਹੀਂ ਹੁੰਦੀ। ‘ਇਟਲੀ ਦੇ ਚਾਣੱਕਿਆ’ ਅਖਵਾਉਣ ਵਾਲੇ ਨਿਕੋਲੋ ਮੈਕਿਆਵੇਲੀ ਤੋਂ ਲੈ ਕੇ ਜਰਮਨੀ ਦੇ ਤਾਨਾਸ਼ਾਹ ਹਿਟਲਰ ਤੱਕ ਜਦੋਂ ਵੀ ਕੋਈ ਗੈਰ-ਕਾਨੂੰਨੀ ਆਰਮੀ ਬਣੀ ਹੈ, ਉਸ ਨੇ ਉਸ ਨੂੰ ਬਣਾਉਣ ਵਾਲੇ ਦੇਸ਼ ਦਾ ਨੁਕਸਾਨ ਵੀ ਓਨਾ ਹੀ ਵੱਡਾ ਕੀਤਾ ਹੈ।

ਜਦੋਂ ਤੁਸੀਂ ਵੱਧ ਖਾਹਿਸ਼ੀ ਹੋ ਜਾਂਦੇ ਹੋ ਅਤੇ ਮੁੱਦਿਆਂ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਤਹਿਤ ਕਾਨੂੰਨਨ ਸੁਲਝਾਉਣ ਦੀ ਬਜਾਏ ਗੈਰ-ਕਾਨੂੰਨੀ ਆਰਮੀ ਦਾ ਸਹਾਰਾ ਲੈਂਦੇ ਹੋ ਤਾਂ ਤੁਹਾਡਾ ਹਾਲ ਪਾਕਿਸਤਾਨ, ਅਫਗਾਨਿਸਤਾਨ ਜਾਂ ਰੂਸ ਵਰਗਾ ਹੀ ਹੁੰਦਾ ਹੈ।

Mukesh

This news is Content Editor Mukesh