ਮਣੀਪੁਰ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਚਾਰੇ ਪਾਸੇ ਹਿੰਸਾ ਆਖਿਰ ਕਿੱਥੋਂ ਆ ਰਹੀ ਹੈ

07/24/2023 3:18:30 AM

ਮਣੀਪੁਰ ’ਚ 2 ਔਰਤਾਂ ਨਾਲ ਦਰਿੰਦਗੀ ਦੀ ਘਟਨਾ ਪਿੱਛੋਂ ਦੇਸ਼ ’ਚ ਔਰਤਾਂ ’ਤੇ ਜ਼ੁਲਮਾਂ ਨੂੰ ਲੈ ਕੇ ਗੁੱਸਾ ਹੋਰ ਵਧ ਗਿਆ ਹੈ। ਤਾਜ਼ਾ ਖਬਰਾਂ ਮੁਤਾਬਕ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਆਈਆਂ ਸ਼ਿਕਾਇਤਾਂ ਮੁਤਾਬਕ ਮਣੀਪੁਰ ’ਚ 4 ਮਈ ਤੋਂ 15 ਮਈ ਦਰਮਿਆਨ ਕੁਕੀ ਭਾਈਚਾਰੇ ਦੀਆਂ ਔਰਤਾਂ ਨਾਲ ਵੱਡੀ ਗਿਣਤੀ ’ਚ ਦਰਿੰਦਗੀ ਕੀਤੀ ਗਈ ਹੈ।

4 ਮਈ ਨੂੰ 2 ਔਰਤਾਂ ਨਾਲ ਦਰਿੰਦਗੀ ਦਾ ਵੀਡੀਓ ਵਾਇਰਲ ਹੋਣ ਤੋਂ ਇਲਾਵਾ ਉਸੇ ਦਿਨ ਇਕ 22 ਸਾਲਾ ਕੁਕੀ ਵਿਦਿਆਰਥਣ ਅਤੇ ਉਸ ਦੀ ਸਹੇਲੀ ਨਾਲ ਵੀ ਦਰਿੰਦਗੀ ਕੀਤੀ ਗਈ ਸੀ। ਅਗਲੇ ਦਿਨ 5 ਮਈ ਨੂੰ ਵੀ ਕੋਨੁੰਗ ਮਾਮਾਂਗ ਪਿੰਡ ਦੀਆਂ 2 ਔਰਤਾਂ ਦੀ ਜਬਰ-ਜ਼ਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ।

ਇੱਥੇ ਹੀ ਬਸ ਨਹੀਂ, 15 ਮਈ ਨੂੰ ਵੀ ਮੈਤੇਈ ਭੀੜ ਨੇ ਇਕ 18 ਸਾਲਾ ਮੁਟਿਆਰ ਦੇ ਅਗਵਾ ਪਿੱਛੋਂ ਉਸ ਨਾਲ ਜਬਰ-ਜ਼ਨਾਹ ਕੀਤਾ। ਉੱਥੇ 2 ਹੋਰ ਔਰਤਾਂ ਨਾਲ ਵੀ ਦਰਿੰਦਗੀ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਗਈ ਹੈ।

ਦੂਜੇ ਪਾਸੇ ਬੰਗਾਲ ਅਤੇ ਹੋਰਨਾਂ ਸੂਬਿਆਂ ’ਚ ਵੀ ਔਰਤਾਂ ਨਾਲ ਦਰਿੰਦਗੀ ਕੀਤੇ ਜਾਣ ਦੀਆਂ ਖਬਰਾਂ ਆਈਆਂ ਹਨ। ਭਾਜਪਾ ਦੀ ਐੱਮ. ਪੀ. ਲਾਕੇਟ ਚੈਟਰਜੀ ਮੁਤਾਬਕ ਪੰਚਾਇਤੀ ਚੋਣਾਂ ਦੌਰਾਨ ਬੰਗਾਲ ’ਚ ਵੀ ਔਰਤਾਂ ਨਾਲ ਮਣੀਪੁਰ ਵਰਗੀਆਂ 2 ਘਟਨਾਵਾਂ ਵਾਪਰੀਆਂ ਹਨ।

ਮਣੀਪੁਰ ’ਚ ਔਰਤਾਂ ’ਤੇ ਅੱਤਿਆਚਾਰਾਂ ’ਤੇ ਸੂਬੇ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਕੋਲੋਂ ਇੰਨੇ ਲੰਬੇ ਸਮੇਂ ਤੱਕ ਇਸ ਮਾਮਲੇ ’ਚ ਕੋਈ ਕਾਰਵਾਈ ਨਾ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ, ‘‘ਮਣੀਪੁਰ ’ਚ ਅਜਿਹੇ ਸੈਂਕੜੇ ਕੇਸ ਹੋਏ ਹਨ ਪਰ ਮੈਂ ਇਸ ਕੇਸ ਦੀ ਨਿੰਦਾ ਕਰਦਾ ਹਾਂ। ਅਸੀਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਦਾ ਯਤਨ ਕਰਾਂਗੇ।’’

ਤਾਂ ਕੀ ਇਹ ਮੰਨਿਆ ਜਾਵੇ ਕਿ ਮਣੀਪੁਰ ’ਚ ਜਬਰ-ਜ਼ਨਾਹ ਦਾ ਸ਼ਿਕਾਰ ਹੋਈ ਔਰਤ ਦਾ ਦੁੱਖ ਘੱਟ ਹੈ ਕਿਉਂਕਿ ਬੰਗਾਲ ’ਚ ਵੀ ਇਹੀ ਹੋਇਆ ਹੈ। ਲਗਭਗ 86 ਬੱਚੀਆਂ ਨਾਲ ਜਬਰ-ਜ਼ਨਾਹ ਭਾਰਤ ’ਚ ਰੋਜ਼ਾਨਾ ਹੁੰਦੇ ਹਨ ਜਦੋਂ ਕਿ ਇਕ ਸੱਭਿਅਕ ਸਮਾਜ ’ਚ ਇਕ ਵੀ ਜਬਰ-ਜ਼ਨਾਹ ਨਹੀਂ ਹੋਣਾ ਚਾਹੀਦਾ।

ਮਣੀਪੁਰ ਅਤੇ ਹੋਰਨਾਂ ਸੂਬਿਆਂ ’ਚ ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਤੋਂ ਸਪੱਸ਼ਟ ਹੈ ਕਿ ਸਾਡੇ ਸਮਾਜ ’ਚ ਹਿੰਸਾ ਅਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਮਾਨਸਿਕਤਾ ਵਧਦੀ ਜਾ ਰਹੀ ਹੈ। ਜਿੱਥੋਂ ਤੱਕ ਮਣੀਪੁਰ ਦਾ ਸਵਾਲ ਹੈ, ਇਹ ਬਹੁਗਿਣਤੀ ਬਨਾਮ ਘੱਟਗਿਣਤੀ ਦਰਮਿਆਨ ਜਾਰੀ ਲੜਾਈ ਦਾ ਨਤੀਜਾ ਤਾਂ ਹੈ ਹੀ, ਇਸ ਦੇ ਨਾਲ ਹੀ ਅਫਵਾਹਾਂ ਕਾਰਨ ਵੀ ਸ਼ਰਾਰਤੀ ਅਨਸਰ ਵਧੇਰੇ ਭੜਕਾਹਟ ’ਚ ਆਏ।

ਮਣੀਪੁਰ ਦੀਆਂ 73 ਫੀਸਦੀ ਔਰਤਾਂ ਸਾਖਰ ਅਤੇ ਆਰਥਿਕ ਪੱਖੋਂ ਅਤਿਅੰਤ ਮਜ਼ਬੂਤ ਹਨ। ਉਨ੍ਹਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀ ਹਾਲਤ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਇੰਨੀ ਹਿੰਸਾ ਅਤੇ ਔਰਤਾਂ ਦੇ ਇਸ ਹੱਦ ਤਕ ਦਮਨ ਦਾ ਸੋਮਾ ਕਿੱਥੇ ਹੈ?

ਲਗਭਗ ਇਹੀ ਸਥਿਤੀ ਹੋਰ ਸੂਬਿਆਂ ’ਚ ਵੀ ਹੈ। ਔਰਤਾਂ ’ਤੇ ਵਧ ਰਹੀ ਹਿੰਸਾ ਅਤੇ ਤੰਗ-ਪ੍ਰੇਸ਼ਾਨ ਦਾ ਇਕ ਕਾਰਨ ਇਹ ਵੀ ਹੈ ਕਿ ਦੇਸ਼ ’ਚ ਜਬਰ-ਜ਼ਨਾਹ ਦੇ ਜਿੰਨੇ ਕੇਸ ਦਰਜ ਹੁੰਦੇ ਹਨ, ਉਨ੍ਹਾਂ ’ਚੋਂ ਬਹੁਤ ਘੱਟ ਮਾਮਲਿਆਂ ’ਚ ਹੀ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ ਜੋ 27 ਫੀਸਦੀ ਦੇ ਲਗਭਗ ਹੈ।

ਆਮ ਤੌਰ ’ਤੇ ਜਿੱਥੇ ਤਾਨਾਸ਼ਾਹੀ ਹੁੰਦੀ ਹੈ ਉੱਥੇ ਔਰਤਾਂ ਨੂੰ ਦਮਨ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਭਾਰਤ ਵਰਗੇ ਲੋਕਰਾਜ ’ਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣਾ ਤਾਂ ਇਕ ਪਾਸੇ ਉਨ੍ਹਾਂ ਨੂੰ ਪਿੱਛੇ ਧੱਕਣ ਅਤੇ ਉਨ੍ਹਾਂ ਨੂੰ ਆਪਣੀ ਹਿੰਸਾ ਦਾ ਇਕ ਔਜ਼ਾਰ ਵਜੋਂ ਵਰਤਿਆ ਜਾਣਾ ਕਿਸੇ ਵੀ ਪੱਖੋਂ ਢੁੱਕਵਾਂ ਨਹੀਂ।

ਆਖਿਰ ਇਹ ਮਾਨਸਿਕਤਾ ਕਿੱਥੋਂ ਆ ਰਹੀ ਹੈ? ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਨਾਰੀ ਸਾਖਰਤਾ, ਅਰਥਵਿਵਸਥਾ, ਗਰੀਬੀ ਨੂੰ ਦੂਰ ਕਰਨ, ਰੋਜ਼ਗਾਰ ਆਦਿ ਹਰ ਖੇਤਰ ’ਚ ਭਾਰੀ ਤਰੱਕੀ ਕੀਤੀ ਹੈ, ਇਸ ਲਈ ਇਸ ਸਭ ਦੇ ਬਾਵਜੂਦ ਸਵਾਲ ਪੈਦਾ ਹੁੰਦਾ ਹੈ ਕਿ ਲੋਕਾਂ ’ਚ ਇੰਨੀ ਹਤਾਸ਼ਾ ਕਿੱਥੋਂ ਆ ਰਹੀ ਹੈ? ਕੀ ਇਹ ਸਮਾਜ ’ਚ ਪਾਈ ਜਾਂਦੀ ਆਰਥਿਕ ਹਤਾਸ਼ਾ ਦਾ ਨਤੀਜਾ ਹੈ ਜਾਂ ਸਿਆਸੀ ਹਤਾਸ਼ਾ ਦਾ?

ਅਜਿਹੇ ਮਾਮਲਿਆਂ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਵੀ ਅਪਰਾਧ ਕਰ ਕੇ ਉਹ ਆਸਾਨੀ ਨਾਲ ਬਚ ਕੇ ਨਿਕਲ ਜਾਣਗੇ। ਕੀ ਸਮਾਜ ’ਚ ਇਹ ਸੰਦੇਸ਼ ਜਾ ਰਿਹਾ ਹੈ ਕਿ ਅਸੀਂ ਜਿੰਨੀ ਹਿੰਸਾ ਕਰਾਂਗੇ, ਉਸ ਵਿਰੁੱਧ ਦੂਜੀ ਧਿਰ ਦੇ ਲੋਕ ਉਸ ਦੀ ਓਨੀ ਹੀ ਤਿੱਖੀ ਪ੍ਰਤੀਕਿਰਿਆ ਨਹੀਂ ਕਰਨਗੇ? ਅਤੇ ਉਹ ਪੁਲਸ ਨੂੰ ਰਿਪੋਰਟ ਨਹੀਂ ਕਰਨਗੇ ਅਤੇ ਜਾਂ ਫਿਰ ਇਸ ਤਰ੍ਹਾਂ ਦੇ ਕੇਸ ਹੀ ਇੰਨੇ ਵੱਧ ਹਨ ਕਿ ਅਜਿਹਾ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਹੀ ਨਹੀਂ ਹੋਵੇਗੀ।

ਕੀ ਇਸ ਦਾ ਕਾਰਨ ਇਹ ਹੈ ਕਿ ਕਾਨੂੰਨ ਅਤੇ ਪੁਲਸ ਦਾ ਡਰ ਲੋਕਾਂ ਦੇ ਦਿਲ ’ਚੋਂ ਨਿਕਲ ਗਿਆ ਹੈ ਜਾਂ ਇਸ ਤਰ੍ਹਾਂ ਦੇ ਅਪਰਾਧ ਇਕ-ਦੂਜੇ ਦੇ ਭੜਕਾਉਣ ਕਾਰਨ ਕੀਤੇ ਜਾ ਰਹੇ ਹਨ ਜਾਂ ਇਸ ਪਿੱਛੇ ਸਿਆਸੀ ਹੱਲਾਸ਼ੇਰੀ ਦਾ ਹੱਥ ਹੈ ਜਾਂ ਪੁਲਸ ਦੀ ਭੀੜ? ਦੋ ਮਹੀਨਿਆਂ ’ਚ ਵੀ ਮਣੀਪੁਰ ਦੀ ਪੁਲਸ ਨੇ ਨਾ ਕੋਈ ਜਬਰ-ਜ਼ਨਾਹੀ ਫੜਿਆ ਹੈ ਅਤੇ ਨਾ ਝੂਠੀ ਵੀਡੀਓ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਿਸ ਕਾਰਨ ਇਹ ਸਾਰਾ ਦੁਖਦਾਈ ਅਧਿਆਏ ਸ਼ੁਰੂ ਹੋਇਆ।

ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਜਿਸ ਵੀ ਸਮਾਜ ’ਚ ਅਜਿਹੀ ਹਿੰਸਾ ਦੀ ਭਾਵਨਾ ਆ ਜਾਂਦੀ ਹੈ ਉਸ ਨੂੰ ਖਤਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਨਾਜ਼ੀ ਜਰਮਨੀ ’ਚ ਅਜੇ ਵੀ ‘ਨਿਯੋ ਨਾਜ਼ੀ’ ਬਣ ਰਹੇ ਹਨ ਅਤੇ ਅਮਰੀਕਾ ’ਚ ਗੋਰਿਆਂ ਦਾ ਦਬਦਬਾ (ਵ੍ਹਾਈਟ ਸੁਪਰਮੇਸੀ) ਅਜੇ ਵੀ ਜਾਰੀ ਹੈ। ਇਸ ਤਰ੍ਹਾਂ ਦੇ ਹਿੰਸਕ ਵਿਚਾਰਾਂ ਅਤੇ ਹਿੰਸਕ ਕੰਮਾਂ ਦੀ ਮਾਨਸਿਕਤਾ ਵਾਲੇ ਗਰੁੱਪਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਇਹ ਦੁਬਾਰਾ ਕਿਸੇ ਨਾ ਕਿਸੇ ਰੂਪ ’ਚ ਹਰ ਥਾਂ ਸਿਰ ਚੁੱਕਦੇ ਰਹਿੰਦੇ ਹਨ।

ਸਾਡੇ ਸਾਹਮਣੇ ਇਸ ਦੀ ਇਕ ਭੱਖਦੀ ਉਦਾਹਰਣ ਅਫਰੀਕਾ ਦੇ ਕਈ ਦੇਸ਼ ਹਨ। ਹਾਲਾਂਕਿ ਉਨ੍ਹਾਂ ਨੂੰ ਆਜ਼ਾਦੀ ਭਾਰਤ ਦੇ ਆਸਪਾਸ ਹੀ ਮਿਲੀ ਪਰ ਉੱਥੋਂ ਦੇ ਸਮਾਜ ’ਚ ਬਹੁਤ ਜ਼ਿਆਦਾ ਹਿੰਸਾ ਆ ਜਾਣ ਕਾਰਨ ਅਜੇ ਤੱਕ ਉੱਥੇ ਸਥਿਰਤਾ ਨਹੀਂ ਆ ਸਕੀ।

Mukesh

This news is Content Editor Mukesh