ਪਿੰਡ-ਜਿਥੇ ਗੰਦਗੀ, ਪ੍ਰਦੂਸ਼ਣ ਅਤੇ ਸ਼ਰਾਬ ਕਾਰਣ ਨਹੀਂ ਵੱਜ ਰਹੀਆਂ ਸ਼ਹਿਨਾਈਆਂ

11/07/2019 1:31:12 AM

ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਦੇਸ਼ ’ਚ ਕਈ ਥਾਵਾਂ ਅਜਿਹੀਆਂ ਹਨ, ਜਿਥੇ ਰਹਿਣ ਵਾਲੇ ਲੋਕ ਜੀਵਨ ਲਈ ਉਪਯੋਗੀ ਸਹੂਲਤਾਂ ਦੀ ਘਾਟ ਅਤੇ ਸ਼ਰਾਬਨੋਸ਼ੀ ਵਰਗੀਆਂ ਬੁਰਾਈਆਂ ਦਾ ਸੰਤਾਪ ਝੱਲ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਪਰਿਵਾਰਕ ਜੀਵਨ ਪ੍ਰਭਾਵਿਤ ਹੋ ਰਿਹਾ ਹੈ।

ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲੇ ’ਚ ਕਈ ਪਿੰਡਾਂ ਦੇ ਲੋਕ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਹਿਰਦੇ ਨਗਰ ਨਾਮੀ ਪਿੰਡ ’ਚ ਪਾਣੀ ਦੀ ਘਾਟ ਕਾਰਣ ਕੋਈ ਵੀ ਆਦਮੀ ਆਪਣੀ ਧੀ ਨਹੀਂ ਦੇਣਾ ਚਾਹੁੰਦਾ। ਰਿਸ਼ਤਾ ਲੈ ਕੇ ਆਉਣ ਵਾਲਾ ਹਰੇਕ ਆਦਮੀ ਇਹ ਕਹਿ ਕੇ ਮੁੜ ਜਾਂਦਾ ਹੈ ਕਿ ਇਥੇ ਤਾਂ ਉਸ ਦੀ ਧੀ ਪਿਆਸੀ ਮਰ ਜਾਵੇਗੀ।

ਇਸੇ ਕਾਰਣ ਪਿੰਡ ਦੇ ਅੱਧੇ ਤੋਂ ਵੱਧ ਨੌਜਵਾਨ ਕੁਆਰੇ ਬੈਠੇ ਹਨ। ਪਿੰਡ ਵਾਸੀ ਸਿਰਫ ਇਕ ਹੈਂਡਪੰਪ ’ਤੇ ਨਿਰਭਰ ਹਨ, ਜੋ ਪਿੰਡ ਤੋਂ ਇਕ ਕਿਲੋਮੀਟਰ ਦੂਰ ਹੈ।

ਮੱਧ ਪ੍ਰਦੇਸ਼ ਦੇ ਹੀ ਮੁਰੈਨਾ ’ਚ ਨਿਚਲੀ ਬਹਿਰਾਈ ਨਾਮੀ ਪਿੰਡ ’ਚ ਸਾਰਾ ਸਾਲ ਪਾਣੀ ਦੀ ਘਾਟ ਰਹਿਣ ਕਰਕੇ ਨਾ ਸਿਰਫ ਇਥੋਂ ਦੇ ਲੋਕਾਂ ਦੀ ਕਿਸਾਨੀ ਠੱਪ ਹੋ ਗਈ ਸਗੋਂ ਪਸ਼ੂਆਂ ਲਈ ਪੱਠੇ ਨਾ ਮਿਲਣ ਕਰਕੇ ਉਹ ਪਸ਼ੂ ਵੀ ਨਹੀਂ ਪਾਲ਼ ਸਕਦੇ।

ਜ਼ਿਕਰਯੋਗ ਹੈ ਕਿ ਇਥੇ ਆਵਾਜਾਈ ਦੇ ਸਾਧਨ ਵੀ ਨਹੀਂ ਹਨ ਅਤੇ ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਵੀ ਨਾ ਹੋਣ ਕਰਕੇ ਜ਼ਿਆਦਾਤਰ ਪਰਿਵਾਰਾਂ ਦੇ 40-40 ਸਾਲ ਦੇ ਲੜਕੇ ਵੀ ਵਿਆਹ ਲਈ ਤਰਸ ਰਹੇ ਹਨ।

ਦੇਸ਼ ’ਚ ਬੇਸ਼ੱਕ ਹੀ ਸਵੱਛਤਾ ਦਾ ਨਾਅਰਾ ਬੁਲੰਦ ਹੋ ਰਿਹਾ ਹੈ ਪਰ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲੇ ਦੇ ਆਲੇ-ਦੁਆਲੇ ਦੇ ਕਈ ਪਿੰਡਾਂ, ਜਿਵੇਂ ਪਨਕੀ ਪੜਾਵ, ਜਮੁਈ, ਬਦੁਆਪੁਰ ਅਤੇ ਸਰਾਯਮਿਤਾ ਆਦਿ ’ਚ ਫੈਲੀ ਗੰਦਗੀ ਅਤੇ ਕੂੜੇ ਨੇ ਬਰਬਾਦੀ ਲਿਆ ਦਿੱਤੀ ਹੈ। ਬਦਬੂ ਅਤੇ ਗੰਦਗੀ ਨਾਲ ਪੈਦਾ ਹੋਣ ਵਾਲੀਆਂ ਬੀਮਾਰੀਆਂ ਬੜੀ ਤੇਜ਼ੀ ਨਾਲ ਫੈਲੀਆਂ ਹਨ ਅਤੇ ਇਥੇ 70 ਫੀਸਦੀ ਲੋਕ ਟੀ. ਬੀ. ਅਤੇ ਦਮੇ ਵਰਗੇ ਰੋਗਾਂ ਤੋਂ ਪੀੜਤ ਹਨ।

ਜਿਥੇ ਇਸ ਇਲਾਕੇ ’ਚ ‘ਸਰੀਰਕ ਰੋਗ’ ਵਧ ਰਹੇ ਹਨ, ਉਥੇ ਹੀ ਲੜਕੀ ਵਾਲਿਆਂ ਵਲੋਂ ਇਨ੍ਹਾਂ ਪਿੰਡਾਂ ’ਚ ਆਪਣੀਆਂ ਧੀਆਂ ਨਾ ਵਿਆਹੁਣ ਕਾਰਣ ਇਥੋਂ ਦੇ ਨੌਜਵਾਨਾਂ ’ਚ ‘ਕੁਆਰਾ ਰੋਗ’ ਵੀ ਛੂਤ ਦੀ ਬੀਮਾਰੀ ਵਾਂਗ ਵਧ ਰਿਹਾ ਹੈ। ਇਨ੍ਹਾਂ ਪਿੰਡਾਂ ’ਚ 5 ਸਾਲਾਂ ਤੋਂ ਕੋਈ ਵਿਆਹ ਨਹੀਂ ਹੋ ਸਕਿਆ ਅਤੇ ਜੇਕਰ ਭੁੱਲ-ਭੁਲੇਖੇ ਕੋਈ ਵਿਆਹ ਹੋਇਆ ਵੀ ਤਾਂ ਉਹ ਟੁੱਟ ਗਿਆ।

ਬਦੁਆਪੁਰ ਦੇ ਤਲਾਬ ਨੂੰ ਕਈ ਟਨ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪੂਰੇ ਕਾਨਪੁਰ ਸ਼ਹਿਰ ਦੀ ਗੰਦਗੀ ਉਨ੍ਹਾਂ ਦੇ ਮੱਥੇ ਮੜ੍ਹ ਦਿੱਤੀ ਗਈ ਹੈ। ਇਸ ਕੂੜੇ ’ਚ ਗਰਮੀਆਂ ਦੇ ਮੌਸਮ ਦੌਰਾਨ ਅਕਸਰ ਅੱਗ ਲੱਗਦੀ ਰਹਿੰਦੀ ਹੈ, ਜਿਸ ਕਾਰਣ ਇਥੇ ਗਰਮੀਆਂ ’ਚ ਕੋਈ ਨਹੀਂ ਰੁਕਦਾ।

ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਕਲਕਪੁਰਵਾ, ਬਨਪੁਰਵਾ, ਸੁੰਦਰ ਨਗਰ, ਸਪਾਤ ਨਗਰ ਆਦਿ ’ਚ ਵੀ ਵਰ੍ਹਿਆਂ ਤੋਂ ਸ਼ਹਿਨਾਈਆਂ ਨਹੀਂ ਵੱਜੀਆਂ। ਇਥੇ ਕੂੜੇ, ਬਦਬੂ ਅਤੇ ਬੀਮਾਰੀਆਂ ਦਾ ਪਤਾ ਲੱਗਣ ’ਤੇ ਲੜਕੀ ਵਾਲੇ ਬਿਨਾਂ ਰਿਸ਼ਤਾ ਕੀਤੇ ਮੁੜ ਜਾਂਦੇ ਹਨ।

ਬੰਗਾਲ ਦੇ ਪੱਛਮੀ ਮਿਦਨਾਪੁਰ ’ਚ ਕਈ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਮੀਂਹ ’ਚ ਇੰਨੀ ਖਰਾਬ ਹੋ ਜਾਂਦੀ ਹੈ ਕਿ ਲੋਕਾਂ ਨੂੰ ਉਥੋਂ ਲੰਘਣ ਲਈ 10 ਵਾਰ ਸੋਚਣਾ ਪੈਂਦਾ ਹੈ। ਇਸੇ ਕਾਰਣ ਇਥੇ ਵੀ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ।

ਕੱਚੀ ਸ਼ਰਾਬ ਲਈ ਬਦਨਾਮ ਗੋਰਖਪੁਰ ਸ਼ਹਿਰ ਦੇ ਨੇੜਲੇ ਪਿੰਡ ਬਹਿਰਾਮਪੁਰ ਦੱਖਣੀ ’ਚ ਆਪਣੀ ਉਮਰ ਪੂਰੀ ਕਰ ਕੇ ਘੱਟ ਹੀ ਲੋਕ ਮਰਦੇ ਹਨ। ਇਥੇ ਘੱਟ ਤੋਂ ਘੱਟ 85 ਔਰਤਾਂ ਦੇ ਪਤੀ ਸ਼ਰਾਬ ਦੀ ਭੇਟ ਚੜ੍ਹ ਗਏ ਹਨ। ਸ਼ਰਾਬ ਲਈ ਬਦਨਾਮ ਹੋਣ ਕਾਰਣ ਇਸ ਪਿੰਡ ਦੇ ਮੁੰਡਿਆਂ ਦੇ ਵਿਆਹ ਵੀ ਆਸਾਨੀ ਨਾਲ ਨਹੀਂ ਹੁੰਦੇ ਅਤੇ ਸੈਂਕੜੇ ਨੌਜਵਾਨ ਉਥੇ ਕੁਆਰੇ ਬੈਠੇ ਹਨ।

ਪਾਨੀਪਤ ਤੋਂ 13 ਕਿਲੋਮੀਟਰ ਦੂਰ ਵਸੇ ਖੁਖਰਾਨਾ ਪਿੰਡ ਨੂੰ ਥਰਮਲ ਪਲਾਂਟ ਦੀ ਸਵਾਹ ਨੇ ਉਜਾੜ ਦਿੱਤਾ ਹੈ। ਲੋਕ ਘਰਾਂ ਦੇ ਬਾਹਰ ਨਹੀਂ ਬੈਠ ਸਕਦੇ। ਪਿੰਡ ’ਚ ਪਾਣੀ ਅਤੇ ਹਵਾ ਇੰਨੀ ਖਰਾਬ ਹੈ ਕਿ ਇਥੇ ਮਹਿਮਾਨ ਰੁਕਣਾ ਪਸੰਦ ਹੀ ਨਹੀਂ ਕਰਦੇ ਅਤੇ ਨਾ ਹੀ ਇਥੇ ਆਪਣੀਆਂ ਧੀਆਂ ਦੇ ਵਿਆਹ ਕਰਨਾ ਚੰਗਾ ਸਮਝਦੇ ਹਨ।

ਇਥੋਂ ਦਾ ਪਾਣੀ ਇੰਨਾ ਖਰਾਬ ਹੋ ਚੁੱਕਾ ਹੈ ਕਿ ਜੇਕਰ ਰਾਤ ਨੂੰ ਪਾਣੀ ਦਾ ਗਲਾਸ ਭਰ ਕੇ ਰੱਖਿਆ ਜਾਵੇ ਤਾਂ ਸਵੇਰ ਹੋਣ ਤਕ ਉਸ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਪ੍ਰਦੂਸ਼ਣ ਕਾਰਣ ਬੱਚਿਆਂ ਨੂੰ ਛੋਟੀ ਉਮਰ ’ਚ ਹੀ ਐਨਕ ਲੱਗ ਗਈ ਹੈ।

ਇਹ ਕੁਝ ਥਾਵਾਂ ਦੀ ਹੀ ਕਹਾਣੀ ਨਹੀਂ ਸਗੋਂ ਦੇਸ਼ ’ਚ ਕਈ ਅਜਿਹੀਆਂ ਥਾਵਾਂ ਹਨ, ਜਿਥੇ ਸ਼ਰਾਬ ਅਤੇ ਹੋਰ ਨਸ਼ਿਆਂ ਵਰਗੀਆਂ ਬੁਰਾਈਆਂ ਅਤੇ ਸਹੂਲਤਾਂ ਦੀ ਘਾਟ ਕਾਰਣ ਲੋਕਾਂ ਨੂੰ ਨਰਕ ਵਰਗਾ ਜੀਵਨ ਬਿਤਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸਬੰਧਤ ਪ੍ਰਸ਼ਾਸਨ ਵਲੋਂ ਬੁਨਿਆਦੀ ਸਹੂਲਤਾਂ ’ਚ ਸੁਧਾਰ ਲਿਆ ਕੇ ਅਤੇ ਸ਼ਰਾਬ ਵਰਗੀਆਂ ਬੁਰਾਈਆਂ ਨੂੰ ਸਖਤੀ ਨਾਲ ਰੋਕ ਕੇ ਹੀ ਇਸ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ।

–ਵਿਜੇ ਕੁਮਾਰ\\\