‘ਊਧਵ ਠਾਕਰੇ ਨੂੰ ਜ਼ੋਰਦਾਰ ਥੱਪੜ ਮਾਰਦਾ’ ਕਹਿਣ ’ਤੇ ਗ੍ਰਿਫਤਾਰ ਹੋਏ ਕੇਂਦਰੀ ਮੰਤਰੀ ਨਾਰਾਇਣ ਰਾਣੇ

08/25/2021 3:01:20 AM

ਨਾਰਾਇਣ ਰਾਣੇ 2005 ’ਚ ਸ਼ਿਵ ਸੈਨਾ ਛੱਡ ਕੇ ਕਾਂਗਰਸ ’ਚ ਚਲੇ ਗਏ ਸਨ। ਪਾਰਟੀ ਵਿਰੋਧੀ ਟਿੱਪਣੀਆਂ ਕਰਨ ’ਤੇ ਉਨ੍ਹਾਂ ਨੂੰ 2008 ’ਚ ਕਾਂਗਰਸ ਤੋਂ ਮੁਅੱਤਲ ਕਰ ਦਿੱਤਾ ਗਿਆ ਪਰ 2009 ’ਚ ਮੁਆਫੀ ਮੰਗ ਕੇ ਦੁਬਾਰਾ ਪਾਰਟੀ ’ਚ ਆ ਗਏ ਅਤੇ 2019 ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦੇ ਬਾਅਦ ਹੁਣ ਇਸ ਦੀ ਕੇਂਦਰ ਸਰਕਾਰ ’ਚ ਮੰਤਰੀ ਹਨ।

ਭਾਜਪਾ ਦੀ ‘ਜਨ ਆਸ਼ੀਰਵਾਦ ਯਾਤਰਾ’ ’ਤੇ ਨਿਕਲੇ ਸ਼੍ਰੀ ਰਾਣੇ ਨੇ 23 ਅਗਸਤ ਨੂੰ ਰਤਨਾਗਿਰੀ ਦੇ ਚਿਪਲੂਨ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ :

‘‘ਆਜ਼ਾਦੀ ਦਿਵਸ ਦੇ ਮੌਕੇ ’ਤੇ ਆਪਣੇ ਭਾਸ਼ਣ ’ਚ ਊਧਵ ਠਾਕਰੇ ਭੁੱਲ ਗਏ ਕਿ ਦੇਸ਼ ਨੂੰ ਆਜ਼ਾਦ ਹੋਏ ਕਿੰਨੇ ਸਾਲ ਹੋਏ ਹਨ। ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਤਾ। ਭਾਸ਼ਣ ਦੇ ਦੌਰਾਨ ਉਹ ਪਿੱਛੇ ਮੁੜ ਕੇ ਇਸ ਬਾਰੇ ’ਚ ਪੁੱਛਦੇ ਨਜ਼ਰ ਆਏ। ਜੇਕਰ ਮੈਂ ਉੱਥੇ ਹੁੰਦਾ ਤਾਂ ਉਨ੍ਹਾਂ ਨੂੰ ਇਕ ਜ਼ੋਰਦਾਰ ਥੱਪੜ ਮਾਰਦਾ।’’

ਇਸ ’ਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸੂਬੇ ’ਚ ਰੋਸ ਵਿਖਾਵੇ ਸ਼ੁਰੂ ਹੋ ਗਏ। 23 ਅਗਸਤ ਦੇਰ ਰਾਤ ਰਾਣੇ ਦੀ ਰਿਹਾਇਸ਼ ਦੇ ਬਾਹਰ ਸ਼ਿਵ ਸੈਨਾ ਵਰਕਰਾਂ ਨੇ ਰੋਸ ਵਿਖਾਵਾ ਕੀਤਾ ਅਤੇ ਉਨ੍ਹਾਂ ਦੇ ਵਿਰੁੱਧ ਮੁੰਬਈ ਦੇ ਦਾਦਰ ਇਲਾਕੇ ’ਚ ਪੋਸਟਰ ਲਗਾ ਦਿੱਤੇ ਜਿਨ੍ਹਾਂ ’ਤੇ ਨਾਰਾਇਣ ਰਾਣੇ ਦੀ ਤਸਵੀਰ ਦੇ ਨਾਲ ‘ਕੋਬੰਡੀ ਚੋਰ’ ਭਾਵ ‘ਮੁਰਗੀ ਚੋਰ’ ਲਿਖਿਆ ਹੋਇਆ ਸੀ।

ਇਸੇ ਦਰਮਿਆਨ ਨਾਰਾਇਣ ਰਾਣੇ ਦੇ ਪੁੱਤਰ ਸਤੀਸ਼ ਰਾਣੇ ਨੇ ਸੋਸ਼ਲ ਮੀਡੀਆ ’ਚ ਲਿਖਿਆ, ‘‘ਸ਼ੇਰ ਦੀ ਗੁਫਾ ’ਚ ਜਾਣ ਦੀ ਹਿੰਮਤ ਨਾ ਕਰੋ। ਅਸੀਂ ਉਡੀਕ ਕਰ ਰਹੇ ਹੋਵਾਂਗੇ।’’

24 ਅਗਸਤ ਨੂੰ ਰਾਣੇ ਦੀ ਰਿਹਾਇਸ਼ ਦੇ ਨੇੜੇ ਸ਼ਿਵ ਸੈਨਾ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਦੇ ਦੌਰਾਨ ਦੋਵਾਂ ਧਿਰਾਂ ਨੇ ਇਕ-ਦੂਸਰੇ ’ਤੇ ਪਥਰਾਅ ਕੀਤਾ ਜਿਸ ਦੇ ਬਾਅਦ ਭੀੜ ਨੂੰ ਭਜਾਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।

ਇਸੇ ਦੌਰਾਨ ਨਾਰਾਇਣ ਰਾਣੇ ਨੂੰ 24 ਅਗਸਤ ਨੂੰ ਰਤਨਾਗਿਰੀ ਪੁਲਸ ਨੇ ਹਿਰਾਸਤ ’ਚ ਲੈ ਲਿਆ। ਆਪਣੇ ਬਿਆਨ ’ਤੇ ਮਚੇ ਬਵਾਲ ’ਤੇ ਸਫਾਈ ਦਿੰਦੇ ਹੋਏ ਰਾਣੇ ਨੇ ਕਿਹਾ :

‘‘ਊਧਵ ਠਾਕਰੇ ਨੇ ਭਾਜਪਾ ਵਿਧਾਇਕ ਪ੍ਰਸਾਦ ਲਾਡ ਦੇ ਲਈ ਕਿਹਾ ਸੀ ਕਿ ਅਸੀਂ ਉਨ੍ਹਾਂ ਨੂੰ ਅਜਿਹਾ ਥੱਪੜ ਮਾਰਾਂਗੇ ਕਿ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਾਇਕ ਨਹੀਂ ਰਹਿਣਗੇ। ਮੈਂ ਇਸੇ ਦੇ ਜਵਾਬ ’ਚ ਉਨ੍ਹਾਂ ਦੇ ਕੰਨ ਦੇ ਹੇਠਾਂ ਵਜਾਉਣ ਦੀ ਗੱਲ ਕਹੀ ਸੀ। ਜੇਕਰ ਮੇਰੇ ਵਿਰੁੱਧ ਐੱਫ. ਆਈ. ਆਰ. ਹੋਈ ਹੈ ਤਾਂ ਮੁੱਖ ਮੰਤਰੀ ਦੇ ਵਿਰੁੱਧ ਕੇਸ ਕਿਉਂ ਨਹੀਂ ਕੀਤਾ ਗਿਆ ਸੀ?’’ ਯਾਦ ਰਹੇ ਕਿ ਪ੍ਰਸਾਦ ਲਾਡ ਨੇ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਭਵਨ ਤੋੜਨ ਦੀ ਗੱਲ ਕਹੀ ਸੀ।

ਕੁਲ ਮਿਲਾ ਕੇ ਇਸ ਘਟਨਾਕ੍ਰਮ ਨਾਲ ਇਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਹੈ ਅਤੇ ਇਸ ਨਾਲ ਭਾਜਪਾ ਦੀ ‘ਆਸ਼ੀਰਵਾਦ ਯਾਤਰਾ’ ਦਾ ਮਕਸਦ ਖਤਮ ਹੋ ਗਿਆ ਅਤੇ ਉਹ ਗ੍ਰਿਫਤਾਰ ਹੋਣ ਦੇ ਇਲਾਵਾ ਦੇਸ਼ ਭਰ ’ਚ ਮਜ਼ਾਕ ਦੇ ਪਾਤਰ ਬਣੇ, ਸੋ ਵੱਖਰੇ।

-ਵਿਜੇ ਕੁਮਾਰ

Bharat Thapa

This news is Content Editor Bharat Thapa