ਉੱਨਾਵ ਕਾਂਡ : ਔਰਤਾਂ ’ਤੇ ਅੱਤਿਆਚਾਰ ਜਾਰੀ

08/05/2019 6:54:34 AM

ਉੱਨਾਵ ਬਲਾਤਕਾਰ ਕਾਂਡ ਦੀ ਸ਼ਿਕਾਰ ਲੜਕੀ ਦੀਆਂ 2 ਰਿਸ਼ਤੇਦਾਰ ਔਰਤਾਂ ਦੀ ਕਾਰ ਹਾਦਸੇ ’ਚ ਮੌਤ ਹੋ ਗਈ ਅਤੇ ਪੀੜਤਾ ਗੰਭੀਰ ਜ਼ਖ਼ਮੀ ਹੋ ਕੇ ਵੈਂਟੀਲੇਟਰ ’ਤੇ ਪਹੁੰਚ ਗਈ। ਇਸ ਨਾਲ ਹੋਏ ਹੰਗਾਮੇ ਵਿਚਾਲੇ ਸੁਪਰੀਮ ਕੋਰਟ ਸਰਗਰਮ ਹੋਈ।

ਅਦਾਲਤ ਨੇ ਪੀੜਤਾ ਨੂੰ ਸੁਰੱਖਿਆ ਅਤੇ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਵੀ ਉੱਤਰ ਪ੍ਰਦੇਸ਼ ਸਰਕਾਰ ਨੂੰ ਦੇਣ ਤੋਂ ਇਲਾਵਾ ਇਸ ਬਲਾਤਕਾਰ ਕਾਂਡ ਨਾਲ ਸਬੰਧਤ ਸਾਰੇ 5 ਮਾਮਲੇ ਉੱਤਰ ਪ੍ਰਦੇਸ਼ ਦੀ ਅਦਾਲਤ ਤੋਂ ਬਾਹਰ ਦਿੱਲੀ ਦੀ ਅਦਾਲਤ ਵਿਚ ਤਬਦੀਲ ਕਰਨ ਅਤੇ ਮੁੱਖ ਮੁਕੱਦਮੇ ਦੀ ਸੁਣਵਾਈ 45 ਦਿਨਾਂ ਦੇ ਅੰਦਰ ਪੂਰੀ ਕਰਨ ਦਾ ਹੁਕਮ ਦਿੱਤਾ ਹੈ।

ਉੱਨਾਵ ਕਾਂਡ ਨੂੰ ਲੈ ਕੇ ਪੂਰੇ ਦੇਸ਼ ’ਚ ਹੋਏ ਹੰਗਾਮੇ ਦੇ ਬਾਵਜੂਦ ਉੱਤਰ ਪ੍ਰਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਸਥਿਤੀ ਵਿਚ ਕੋਈ ਬਦਲਾਅ ਆਉਂਦਾ ਦਿਖਾਈ ਨਹੀਂ ਦਿੰਦਾ।

ਇਸ ਦਾ ਪ੍ਰਮਾਣ ਉੱਤਰ ਪ੍ਰਦੇਸ਼ ਵਿਚ ਹੀ ਦੇਖਣ ਨੂੰ ਮਿਲਿਆ, ਜਦੋਂ ਇਨ੍ਹੀਂ ਦਿਨੀਂ ਸੂਬੇ ਦੇ ਜੌਨਪੁਰ ਜ਼ਿਲੇ ਵਿਚ ਜੂਏ ਅਤੇ ਸ਼ਰਾਬ ਦੇ ਆਦੀ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਹੀ ਜੂਏ ਵਿਚ ਦਾਅ ’ਤੇ ਲਾ ਦਿੱਤਾ ਅਤੇ ਹਾਰਨ ਤੋਂ ਬਾਅਦ ਆਪਣੇ ਦੋਸਤ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਆਪਣੀ ਪਤਨੀ ਨਾਲ ਗੈਂਗਰੇਪ ਕਰਨ ਦੀ ਇਜਾਜ਼ਤ ਦੇ ਦਿੱਤੀ।

ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਪਰ ਉਸ ਨੇ ਐੱਫ. ਆਈ. ਆਰ. ਦਰਜ ਤਕ ਨਹੀਂ ਕੀਤੀ। ਜਦੋਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਫਿਰ ਕਿਤੇ ਜਾ ਕੇ ਜ਼ਿਲੇ ਦੇ ਜਫਰਾਬਾਦ ਥਾਣੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ।

ਘਟਨਾ ਤੋਂ ਬਾਅਦ ਪੀੜਤਾ ਆਪਣੇ ਇਕ ਰਿਸ਼ਤੇਦਾਰ ਦੇ ਘਰ ਚਲੀ ਗਈ ਤਾਂ ਉਸ ਦਾ ਪਤੀ ਉਥੇ ਵੀ ਪਹੁੰਚ ਗਿਆ ਅਤੇ ਮੁਆਫੀ ਮੰਗ ਕੇ ਉਸ ਨੂੰ ਆਪਣੇ ਨਾਲ ਲੈ ਗਿਆ ਪਰ ਰਸਤੇ ਵਿਚ ਹੀ ਕਾਰ ਰੋਕ ਕੇ ਇਕ ਵਾਰ ਫਿਰ ਆਪਣੀ ਪਤਨੀ ਨੂੰ ਗੈਂਗਰੇਪ ਲਈ ਆਪਣੇ ਦੋਸਤਾਂ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਪੀੜਤਾ ਦੁਬਾਰਾ ਸਥਾਨਕ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਗਈ ਤਾਂ ਇਸ ਵਾਰ ਵੀ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੀੜਤਾ ਵਲੋਂ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਹੀ ਪੁਲਸ ਨੇ ਮਾਮਲਾ ਦਰਜ ਕੀਤਾ।

ਉੱਨਾਵ ਕਾਂਡ ’ਤੇ ਹੋਏ ਹੰਗਾਮੇ ਵਿਚਾਲੇ ਉੱਤਰ ਪ੍ਰਦੇਸ਼ ਵਿਚ ਹੀ ਇਸ ਕਿਸਮ ਦੀ ਘਟਨਾ ਨੂੰ ਦੁਹਰਾਇਆ ਜਾਣਾ ਇਸ ਤੱਥ ਦਾ ਗਵਾਹ ਹੈ ਕਿ ਸੂਬੇ ਵਿਚ ਸਮਾਜ ਵਿਰੋਧੀ ਅਨਸਰਾਂ ਅਤੇ ਪੁਲਸ ਦੇ ਰਵੱਈਏ ’ਚ ਕੋਈ ਬਦਲਾਅ ਨਹੀਂ ਆਇਆ ਹੈ। ਅਜਿਹੇ ਹਾਲਾਤ ’ਚ ਅਹਿਮਦ ਫਰਾਜ਼ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ :

ਜਬ ਕਤਲ ਹੂਆ ਸੁਰ ਸਾਜ਼ੋਂ ਕਾ, ਜਬ ਕਾਲ ਪੜਾ ਆਵਾਜ਼ੋਂ ਕਾ,

ਜਬ ਸ਼ਹਿਰ ਖੰਡਰ ਬਨ ਜਾਏਗਾ, ਫਿਰ ਕਿਸ ਪਰ ਸੰਘ ਉਠਾਓਗੇ,

ਅਪਨੇ ਚੇਹਰੇ ਆਈਨੋਂ ਮੇਂ, ਜਬ ਦੇਖੋਗੇ ਡਰ ਜਾਓਗੇ।

 

Bharat Thapa

This news is Content Editor Bharat Thapa