ਨਿਊਜ਼ੀਲੈਂਡ ''ਚ ਭਿਆਨਕ ਕਤਲੇਆਮ 2 ਮਸਜਿਦਾਂ ''ਤੇ ਹਮਲੇ ''ਚ ਦਰਜਨਾਂ ਮੌਤਾਂ

03/16/2019 6:53:11 AM

ਅੱਜ ਲੱਗਭਗ ਸਾਰੀ ਦੁਨੀਆ ਅੱਤਵਾਦ ਦੀ ਲਪੇਟ 'ਚ ਆਈ ਹੋਈ ਹੈ ਅਤੇ ਅੱਤਵਾਦੀਆਂ ਵਲੋਂ ਕੀਤੀ ਜਾ ਰਹੀ ਹਿੰਸਾ ਦੇ ਸਿੱਟੇ ਵਜੋਂ ਇਕ-ਦੂਜੇ ਦੇ ਵਿਰੁੱਧ ਜਨ-ਭਾਵਨਾਵਾਂ ਨਫਰਤ ਦਾ ਰੂਪ ਅਖਤਿਆਰ ਕਰ ਰਹੀਆਂ ਹਨ। 
ਇਸ ਦਾ ਤਾਜ਼ਾ ਸਬੂਤ 15 ਮਾਰਚ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਸਾਹਮਣੇ ਆਇਆ, ਜਦੋਂ ਉਥੋਂ ਦੀਆਂ 2 ਮਸਜਿਦਾਂ 'ਤੇ ਅੱਤਵਾਦੀ ਹਮਲਾ ਹੋਇਆ।
ਅਲ ਨੂਰ ਅਤੇ ਲਿਨਵੁਡ ਅਬੇ ਮਸਜਿਦਾਂ 'ਚ ਅੰਨ੍ਹੇਵਾਹ ਗੋਲੀਬਾਰੀ ਦੇ ਸਿੱਟੇ ਵਜੋਂ ਘੱਟੋ-ਘੱਟ 49 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਤੋਂ ਜ਼ਿਆਦਾ ਗੰਭੀਰ ਜ਼ਖ਼ਮੀ ਹੋ ਗਏ, 9 ਭਾਰਤੀ ਲਾਪਤਾ ਦੱਸੇ ਜਾਂਦੇ ਹਨ। 
ਇਹ ਹਮਲਾ ਉਦੋਂ ਹੋਇਆ, ਜਦੋਂ ਮਸਜਿਦਾਂ ਸ਼ਰਧਾਲੂਆਂ ਨਾਲ ਭਰੀਆਂ ਹੋਈਆਂ ਸਨ। ਇਸ ਹਮਲੇ 'ਚ ਮਾਰੇ ਗਏ ਲੋਕ ਜਾਂ ਤਾਂ ਪ੍ਰਵਾਸੀ ਸਨ ਜਾਂ ਫਿਰ ਸ਼ਰਨਾਰਥੀ। ਅੱਖੀਂ ਦੇਖਣ ਵਾਲਿਆਂ ਅਨੁਸਾਰ ਚਾਰੇ ਪਾਸੇ ਲਾਸ਼ਾਂ ਖਿੱਲਰੀਆਂ ਹੋਈਆਂ ਸਨ ਤੇ ਖੂਨ ਨਾਲ ਲਿੱਬੜੇ ਲੋਕ ਇਧਰ-ਉਧਰ ਭੱਜ ਰਹੇ ਸਨ। 
ਇਸ ਹਮਲੇ 'ਚ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵਾਲ-ਵਾਲ ਬਚ ਗਈ, ਜੋ ਇਥੇ 16 ਮਾਰਚ ਤੋਂ ਨਿਊਜ਼ੀਲੈਂਡ ਵਿਰੁੱਧ ਤੀਜਾ ਤੇ ਆਖਰੀ ਟੈਸਟ ਮੈਚ ਖੇਡਣ ਵਾਲੀ ਸੀ ਤੇ ਜੁੰਮੇ ਦੀ ਨਮਾਜ਼ ਲਈ ਅਲ ਨੂਰ ਮਸਜਿਦ 'ਚ ਦਾਖਲ ਹੋਣ ਹੀ ਵਾਲੀ ਸੀ। 
ਇਸ ਹਮਲੇ ਤੋਂ ਬਾਅਦ ਕ੍ਰਾਈਸਟਚਰਚ ਸ਼ਹਿਰ 'ਚ ਕਿਸੇ ਦੇ ਆਉਣ ਅਤੇ ਸ਼ਹਿਰ ਤੋਂ ਬਾਹਰ ਜਾਣ 'ਤੇ ਰੋਕ ਲਾ ਦਿੱਤੀ ਗਈ ਅਤੇ ਸ਼ਹਿਰ ਦੇ ਸਾਰੇ ਸਕੂਲਾਂ, ਮਸਜਿਦਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। 
ਇਹ ਕਿਸੇ ਪੱਛਮੀ ਦੇਸ਼ 'ਚ ਮੁਸਲਮਾਨਾਂ ਵਿਰੁੱਧ ਸਭ ਤੋਂ ਭਿਆਨਕ ਹਮਲਾ ਦੱਸਿਆ ਜਾਂਦਾ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਨੂੰ ਨਿਊਜ਼ੀਲੈਂਡ ਦਾ ਸਭ ਤੋਂ ਕਾਲਾ ਦਿਨ ਕਰਾਰ ਦਿੰਦਿਆਂ ਕਿਹਾ ਕਿ ''ਇਸ ਨੂੰ ਸਿਰਫ ਅੱਤਵਾਦੀ ਹਮਲਾ ਹੀ ਕਰਾਰ ਦਿੱਤਾ ਜਾ ਸਕਦਾ ਹੈ ਅਤੇ ਲੱਗਦਾ ਹੈ ਕਿ ਇਹ ਯੋਜਨਾਬੱਧ ਹਮਲਾ ਸੀ।''
ਪੁਲਸ ਨੇ ਦੇਸ਼ ਭਰ ਦੇ ਮੁਸਲਮਾਨਾਂ ਨੂੰ ਅਲਰਟ ਕੀਤਾ ਹੈ ਕਿ ਉਹ ਨਿਊਜ਼ੀਲੈਂਡ 'ਚ ਕਿਤੇ ਵੀ ਕਿਸੇ ਮਸਜਿਦ 'ਚ ਨਾ ਜਾਣ। ਪੁਲਸ ਨੇ ਇਸ ਘਟਨਾ ਦੇ ਸਬੰਧ 'ਚ 4 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਇਕ ਬੰਦੂਕਧਾਰੀ ਦੀ ਪਛਾਣ ਬ੍ਰਿਟਿਸ਼ ਮੂਲ ਦੇ 28 ਸਾਲਾ ਆਸਟ੍ਰੇਲੀਅਨ ਕੱਟੜਪੰਥੀ ਬ੍ਰੈਂਟਨ ਟੈਰੇਂਟ ਵਜੋਂ ਹੋਈ ਹੈ, ਜਿਸ ਨੇ ਹਮਲੇ ਦੀ ਸਪੱਸ਼ਟ ਤੌਰ 'ਤੇ ਆਨਲਾਈਨ ਲਾਈਵ ਸਟ੍ਰੀਮਿੰਗ ਕੀਤੀ। 
ਹਮਲਾਵਰ ਨੇ ਇਸ ਹਮਲੇ ਤੋਂ ਪਹਿਲਾਂ ਇਕ ਸਨਸਨੀਖੇਜ਼ ਮੈਨੀਫੈਸਟੋ ਲਿਖਿਆ, ਜਿਸ 'ਚ ਉਸ ਨੇ ਹਜ਼ਾਰਾਂ ਯੂਰਪੀਅਨ ਨਾਗਰਿਕਾਂ ਦੀ ਅੱਤਵਾਦੀ ਹਮਲਿਆਂ 'ਚ ਹੋਈ ਮੌਤ ਦਾ ਬਦਲਾ ਲੈਣ ਤੇ ਗੋਰਿਆਂ ਦਾ ਗਲਬਾ ਕਾਇਮ ਕਰਨ ਲਈ ਪ੍ਰਵਾਸੀਆਂ ਨੂੰ ਦੇਸ਼ 'ਚੋਂ ਬਾਹਰ ਕੱਢਣ ਦੀ ਗੱਲ ਕਹੀ ਸੀ। 
ਹਮਲਾਵਰ ਨੇ ਲਿਖਿਆ ਕਿ ''ਇਸ ਕਤਲੇਆਮ ਨੂੰ ਅੰਜਾਮ ਦੇਣ ਦਾ ਮਕਸਦ ਹਮਲਾਵਰਾਂ ਨੂੰ ਦਿਖਾਉਣਾ ਹੈ ਕਿ ਸਾਡੀ ਧਰਤੀ ਕਦੇ ਵੀ ਉਨ੍ਹਾਂ ਦੀ ਨਹੀਂ ਹੋਵੇਗੀ ਅਤੇ ਜਦੋਂ ਤਕ ਇਕ ਵੀ ਗੋਰਾ ਰਹੇਗਾ, ਉਦੋਂ ਤਕ ਉਹ ਕਦੇ ਜਿੱਤ ਨਹੀਂ ਸਕਣਗੇ।''
ਹਮਲਾਵਰ ਦਾ ਕਹਿਣਾ ਹੈ ਕਿ ''ਯੂਰਪੀਅਨ ਲੋਕਾਂ ਦੀ ਗਿਣਤੀ ਦਿਨੋ-ਦਿਨ ਘਟਣ ਦੇ ਨਾਲ ਹੀ ਉਹ ਬੁੱਢੇ ਤੇ ਕਮਜ਼ੋਰ ਹੋ ਰਹੇ ਹਨ। ਸਾਡੀ ਫਰਟਿਲਟੀ ਰੇਟ ਘੱਟ ਹੈ ਪਰ ਬਾਹਰੋਂ ਆਏ ਪ੍ਰਵਾਸੀਆਂ ਦੀ ਫਰਟਿਲਟੀ ਰੇਟ ਜ਼ਿਆਦਾ ਹੈ। ਲਿਹਾਜ਼ਾ ਇਕ ਦਿਨ ਇਹ ਲੋਕ ਗੋਰਿਆਂ ਤੋਂ ਉਨ੍ਹਾਂ ਦੀ ਧਰਤੀ ਖੋਹ ਲੈਣਗੇ।''
ਹਾਲ ਹੀ ਦੇ ਦਿਨਾਂ 'ਚ ਯੂਰਪੀ ਦੇਸ਼ਾਂ 'ਚ ਇਸ ਗੱਲ ਨੂੰ ਲੈ ਕੇ ਚਿੰਤਾ ਹੋਣ ਲੱਗੀ ਹੈ ਕਿ ਜਿਸ ਰਫਤਾਰ ਨਾਲ ਦੁਨੀਆ ਭਰ ਤੋਂ ਪ੍ਰਵਾਸੀ ਉਥੇ ਆ ਕੇ ਵਸ ਰਹੇ ਹਨ, ਕੁਝ ਦਿਨਾਂ 'ਚ ਅਜਿਹੀ ਨੌਬਤ ਆ ਜਾਵੇਗੀ ਕਿ ਇਥੋਂ ਦੇ ਮੂਲ ਵਾਸੀ ਕਿਤੇ ਆਪਣੀ ਹੀ ਧਰਤੀ 'ਤੇ ਘੱਟਗਿਣਤੀ ਨਾ ਬਣ ਜਾਣ ਅਤੇ ਪ੍ਰਵਾਸੀ ਲੋਕ ਬਹੁਗਿਣਤੀ ਬਣ ਜਾਣ।
ਦੁਨੀਆ ਭਰ ਦੇ ਸਿਆਸੀ ਤੇ ਇਸਲਾਮਿਕ ਆਗੂਆਂ ਨੇ ਇਨ੍ਹਾਂ ਹੱਤਿਆਵਾਂ ਦੀ ਨਿੰਦਾ ਕੀਤੀ ਹੈ। ਅਲ ਅਜ਼ਹਰ ਯੂਨੀਵਰਸਿਟੀ, ਮਿਸਰ ਦੇ ਵਿਦਵਾਨਾਂ ਦਾ ਕਹਿਣਾ ਹੈ ਕਿ ''ਇਨ੍ਹਾਂ ਹਮਲਿਆਂ ਨੇ ਅੱਲ੍ਹਾ ਦੇ ਘਰ ਦੀ ਪਵਿੱਤਰਤਾ ਨੂੰ ਭੰਗ ਕਰ ਦਿੱਤਾ ਹੈ। ਇਹ ਹਮਲਾ ਵਧ ਰਹੀ ਹੇਟ ਸਪੀਚ, ਜੈਨੋਫੋਬੀਆ ਅਤੇ ਇਸਲਾਮੋਫੋਬੀਆ ਦੇ ਫੈਲਣ ਦਾ ਨਤੀਜਾ ਹੈ।''
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਿਹਾ ਹੈ ਕਿ ''ਮੈਂ ਇਨ੍ਹਾਂ ਵਧ ਰਹੇ ਅੱਤਵਾਦੀ ਹਮਲਿਆਂ ਲਈ 9/11 ਤੋਂ ਬਾਅਦ ਫੈਲ ਰਹੇ ਮੌਜੂਦਾ ਇਸਲਾਮੋਫੋਬੀਆ ਨੂੰ ਜ਼ਿੰਮੇਵਾਰ ਠਹਿਰਾਉਂਦਾ ਹਾਂ।''
ਇਮਰਾਨ ਖਾਨ ਦੀ ਟਿੱਪਣੀ ਤੋਂ ਬਾਅਦ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ। ਇਸੇ ਤੋਂ ਸਪੱਸ਼ਟ ਹੈ ਕਿ ਕੁਝ ਮੁੱਠੀ ਭਰ ਅੱਤਵਾਦੀਆਂ ਵਲੋਂ ਕੀਤੀ ਜਾ ਰਹੀ ਹਿੰਸਾ ਦੇ ਸਿੱਟੇ ਵਜੋਂ ਅੱਜ ਦੁਨੀਆ 'ਚ ਮੁਸਲਿਮ ਭਾਈਚਾਰਾ ਕਿਸ ਤਰ੍ਹਾਂ  ਬਦਨਾਮ ਹੋ ਕੇ ਅਣਸੁਖਾਵੀਆਂ ਘਟਨਾਵਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਿਹਾ ਹੈ।            –ਵਿਜੇ ਕੁਮਾਰ

Bharat Thapa

This news is Content Editor Bharat Thapa